Sat, 22 September 2018
Your Visitor Number :-   1486213
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਚੱਲ ਪਰਤ ਚਲੀਏ -ਡਾ. ਅਮਰਜੀਤ ਟਾਂਡਾ

Posted on:- 11-06-2016

suhisaver

ਚੱਲ ਪਰਤ ਚਲੀਏ ਘਰਾਂ ਨੂੰ
ਆਪਾਂ ਕੀ ਲੈਣਾ ਏਸ ਰਾਹ ਤੋਂ
ਉਦਾਸੀ ਵਾਲੇ ਨੇ
ਇਹ ਸਾਰੇ ਚੁਰਾਹੇ ਤੇ ਪੱਗ -ਡੰਡੀਆਂ
ਰਹਿਣ ਦੇ ਦਰਦਾਂ ਭਰੇ ਸੀਨੇ ਨੂੰ ਏਥੇ
ਜਿੱਧਰ ਵੀ ਦੇਖਦਾ ਹਾਂ-
ਉਜਾੜ੍ਹ ਹੀ ਦਿਸਦਾ ਹੈ ਅਸਮਾਨ-
ਕੋਈ ਘਰ ਨਹੀਂ ਹੱਸਦਾ-

ਕਿਸੇ ਛੱਤ ਤੇ ਵੀ ਸੂਰਜ ਨਹੀਂ ਦੇਖਿਆ ਬੈਠਾ -
ਕਿਸੇ ਰਾਤ ਚ ਨਹੀਂ ਚੰਦ ਦਾ ਟੁਕੜਾ
ਮਾਵਾਂ ਲੋਰੀਆਂ ਦੇਣ- ਤਾਂ ਕਿਹਨੂੰ
ਕਿਹੜੇ ਬੁਰਜ਼ ਚ ਸਾਂਭ ਲਵਾਂ
ਟੋਟੇ ਜਿਗਰ ਹਿਜ਼ਰ ਦੇ-

ਮੇਰੇ ਕੋਲੋਂ ਨਹੀਂ ਰੱਖ ਹੁੰਦਾ ਹੁਣ ਸਿਰ ਤਲੀ ਤੇ
ਲੜਾਂ ਤਾਂ ਕਿਹਦੇ ਲਈ-
ਬਹੁਤ ਦੂਰ ਹੈ ਹਰੀਮੰਦਰ
ਓਥੇ ਜੇ ਪਹੁੰਚ ਵੀ ਗਿਆ ਤਾਂ
ਕਿਸੇ ਨਹੀਂ ਪਛਾਨਣਾ-

ਬਾਹਰ ਕੱਢ ਦੇਣਗੇ ਧੱਕਾ ਦੇ, ਖੰਡਾ ਖੋਹ ਕੇ
ਬਹੁਤ ਵਾਰ ਸੋਚਦਾ ਹਾਂ-
ਦੇਖਾਂ ਦੂਰੋਂ ਸਿਰ ਸੁੱਟ ਕੇ
ਨਹੀਂ ,ਇਹਨਾਂ ਦੇ ਕੰਬ ਜਾਣਗੇ ਹੱਥ ਪੈਰ
ਦਿੱਲ ਤਾਂ ਇਹਨਾਂ ਦੇ ਪਹਿਲਾਂ ਹੀ ਨਾ ਚੱਲਣ
ਖੜ੍ਹੇ ਨੇ-ਬਰਛਿਆਂ ਸਹਾਰੇ-

ਜੇਬਾਂ 'ਚ ਪਾ ਕੇ ਫ਼ਰਿਸ਼ਤਾਂ ਸੁਰਗ ਦੀਆਂ -
ਛੱਡ ਪਰੇ ਇਹਨਾਂ ਸਾਹਮਣੇ
ਸੀਸ ਦੇਣ ਦਾ
ਸ਼ਹੀਦੀ ਪਾਉਣ ਦਾ ਕੀ ਫ਼ਾਇਦਾ
ਡਰ ਜਾਣਗੇ ਖ਼ੂਨ ਦੇਖ ਕੇ ਭੱਜ ਜਾਣਗੇ ਘਰਾਂ ਨੂੰ -
ਬੇਦਾਵੇ ਲਿਖ ਕੇ-

ਜੀਅ ਕਰਦਾ ਹੈ
ਪਰਕਰਮਾਂ ਚੋਂ ਹੀ ਮੁੜ ਜਾਂ
ਧੁਰ ਸੱਚਦੁਆਰ ਤਾਂ ਸੱਤਾ ਖਿੱਲਰੀ-
ਬਿਨ ਗੋਢਿਓਂ ਮੋਢਿਓਂ -
ਰੁੱਖ ਆਉਣ ਤਾਂ ਤਾਜ਼ ਮੰਗਣ-
ਅਰਸ਼ ਜਿੱਡੀਆਂ ਅਰਜ਼ੋਈਆਂ ਹੱਥੀਂ-
ਕੁਫ਼ਰ ਜੇਬਾਂ ਚੋਂ ਡੁੱਲਣ-

ਬਹੁਤ ਨੇ ਮੇਰੇ ਕੋਲ ਸਿਤਾਰੇ
ਕਦੇ ਧੜ੍ਹ ਤੇ ਸਿਰ ਲੈ ਕੇ ਆਵੀਂ
ਪਰੋਅ ਪਰੋਅ ਪਹਿਨਾ ਦਿਆਂਗਾ-

ਮੱਥੇ 'ਚ ਕਦੇ ਰਿਸ਼ਮ ਉਗਾਵੀਂ ਜਗਦੀ
ਸੂਰਜ ਵੀ ਨਾਂ ਲਾ ਦਿਆਂਗਾ-
ਕਦੇ 'ਕੱਲਾ ਰੂਹ ਲੈ ਕੇ ਪਰਤੀਂ
ਤੇਰੀ ਕੁਲ ਦੀ ਪਿਆਸ ਮਿਟਾ ਦਿਆਂਗਾ-
ਧਰਤ ਤਾਂ ਬਹੁਤ ਛੋਟੀ
ਤੇਰੀ ਖਾਹਿਸ਼ ਉਮੰਗ ਲਈ
ਅੰਬਰ ਵੀ ਨਾਂ ਕਰਵਾ ਦਿਆਂਗਾ-
ਕਦੇ ਆਪਣੇ ਪੈਰਾਂ ਤੇ ਚੱਲ ਕੇ ਆਵੀਂ
ਤੇਰਾ ਵੀ ਕੋਈ ਨਾਂ ਰੱਖਵਾ ਦਿਆਂਗਾ-
ਤੇਰੇ ਮੱਥੇ ਚੰਦ ਟਿਕਾ ਦਿਆਂਗਾ-

ਸੁਰਖ਼ ਤਵੀ ਤੇ ਬੈਠਣ ਲਈ ਆਵੀਂ
ਹੁਣ ਜਦ ਵੀ ਆਇਆ
ਸਿਰ ਘਰ ਨਾ ਛੱਡ ਕੇ ਆਵੀਂ
ਅਸੀਂ ਪਰਖ਼ਣਾ ਹੈ ਐਤਕੀਂ-
ਬਹੁਤ ਵੱਡਾ ਦਾਨੀ ਹਾਂ ਮੈਂ
ਤੇਰੀ ਸੱਖਣੀ ਰੂਹ ਸਜਾਵਾਂਗਾ-

ਚੱਕ ਨਹੀਂ ਹੋਣੇ ਤੈਥੋਂ ਬੋਲਾਂ ਦੇ ਅੱਥਰੂ
ਇੱਕ ਸੁੱਤੀ ਚਿਖ਼ਾ ਜਗਾਵਾਂਗਾ-
ਮੁੜ ਜਾ ਨਾ ਲੰਘ ਹਿੱਕ ਸੁੱਤੀ ਤੋਂ-
ਸਾਗਰ ਸੁੱਤੇ ਰਹਿਣ ਦੇ
ਤੇਰੀ ਭੁੱਖ ਅਜੇ ਵੀ ਨਿੱਕੀ
ਫੁੱਲ ਖਿੜ੍ਹੇ ਹੱਸ ਲੈਣ ਦੇ
ਮਸਾਂ ਮਸਾਂ ਹੈ ਸੂਰਜ ਉਠਿਆ
ਸੁਬਾ੍ਹ ਠਰੀ ਨਿੱਘ ਪੈਣ ਦੇ
ਬਹੁਤ ਖੜ੍ਹੇ ਫ਼ਰਿਆਦੀ ਬਾਹਰ
ਉਹਨਾਂ ਨੂੰ ਵੀ ਕੁਝ ਕਹਿਣ ਦੇ-

Comments

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ