ਸੁਭਾਅ ਤਬਦੀਲੀ ਵਿੱਚ ਓਪੀਨੀਅਨ ਲੀਡਰ ਦੀ ਭੂਮਿਕਾ -ਵਿਕਰਮ ਸਿੰਘ ਸੰਗਰੂਰ
Posted on:- 02-09-2014
ਪਹਿਲੀ ਵਿਸ਼ਵ ਜੰਗ ਦੌਰਾਨ ਹੋਏ ਆਰਥਿਕ ਨੁਕਸਾਨ ਦੇ ਖੌਫ਼ ਦਾ ਰੰਗ ਹਾਲੇ ਲੋਕਾਂ ਦੇ ਮਨਾਂ ਤੋਂ ਉੱਤਰਿਆ ਨਹੀਂ ਸੀ ਕਿ ਅਜਿਹੇ ਹਾਲਾਤ ਵਿੱਚ ਸਾਲ 1920 ਦੇ ਲਾਗੇ ਯੂ.ਐੱਸ. ਦੀ ਇਓਵਾ (IOWA) ਸਟੇਟ ਯੂਨੀਵਰਸਿਟੀ ਵੱਲੋਂ ਮੱਕੀ ਦੇ ਬੀਜਾਂ ਦੀ ਹਾਈਬ੍ਰਿਡ ਕਿਸਮ ਵਿਕਸਿਤ ਕੀਤੀ ਗਈ।ਇਸ ਨਿਵੇਕਲੀ ਕਿਸਮ ਦੇ ਬੀਜਾਂ ਦੀ ਜਾਣਕਾਰੀ ਦਾ ਸੁਨੇਹਾ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਸਾਨਾਂ ਤੱਕ ਪ੍ਰਸਾਰਤ ਕਰਨਾ ਯੂਨੀਵਰਸਿਟੀ ਵਿਗਿਆਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਸੀ।ਇਨ੍ਹਾਂ ਬੀਜਾਂ ਦੀ ਫ਼ਸਲ ਤੋਂ ਹੋਰ ਬੀਜ ਨਾ ਤਿਆਰ ਹੋ ਸਕਣ ਦਾ ਡਰ ਅਤੇ ਕਿਸੇ ਨਵੀਂ ਕਾਢ ਨੂੰ ਇਸਤੇਮਾਲ ਕਰਨ ਦਾ ਰਿਸਕ, ਕਿਸਾਨਾਂ ਦੇ ਸੁਭਾਅ ਨੂੰ ਇਨ੍ਹਾਂ ਹਾਈਬ੍ਰਿਡ ਮੱਕੀ ਦੇ ਬੀਜਾਂ ਵੱਲ ਖਿੱਚਣ ਵਾਲੇ ਸੁਨੇਹੇ ਦੇ ਰਾਹ ਵਿਚਲਾ ਸਭ ਤੋਂ ਵੱਡਾ ਰੋੜ੍ਹਾ ਬਣਿਆ ਹੋਇਆ ਸੀ।

ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਯੂਨੀਵਰਸਿਟੀ ਵੱਲੋਂ ਇੱਕ ਅਜਿਹਾ ਅਧਿਐਨ ਕੀਤਾ ਗਿਆ, ਜਿਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਖਿੱਤੇ ਖ਼ਾਸ ਵਿੱਚ ਨਵੀਂ ਕਾਢ, ਵਿਚਾਰ, ਤਕਨੀਕ ਆਦਿ ਸਬੰਧੀ ਜਾਣਕਾਰੀ ਨੂੰ ਪ੍ਰਸਾਰਤ ਕਰਨ ਦਾ ਕਿਹੜਾ ਢੰਗ-ਤਰੀਕਾ ਵਧੇਰੇ ਕਾਰਗਰ ਸਿੱਧ ਹੋ ਸਕਦਾ ਹੈ।ਇਸ ਅਧਿਐਨ ਤਹਿਤ ਯੂਨੀਵਰਸਿਟੀ ਨੇ ਲਾਗਲੇ ਇਲਾਕਿਆਂ ਦੇ ਕਿਸਾਨਾਂ ਤੋਂ ਵੱਖ-ਵੱਖ ਮਾਧਿਅਮਾਂ ਜ਼ਰੀਏ ਨਵੇਂ ਮੱਕੀ ਦੇ ਬੀਜਾਂ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਬਾਰੇ ਅੰਕੜੇ ਇਕੱਤਰ ਕੀਤੇ ਗਏ।ਅਧਿਐਨ ਦੇ ਸਿੱਟਿਆਂ ਵਿੱਚ ਇਹ ਗੱਲ ਨਿੱਤਰ ਕੇ ਸਾਹਮਣੇ ਆਈ ਕਿ ਕਿਸਾਨਾਂ ਨੂੰ ਮੱਕੀ ਦੇ ਬੀਜਾਂ ਸਬੰਧੀ ਜਾਣਕਾਰੀ ਦੂਜੇ ਮਾਧਿਅਮਾਂ ਦੀ ਬਜਾਏ ਪ੍ਰਮੁੱਖ ਰੂਪ ਨਾਲ ਆਪਣੇ ਗੁਆਂਢੀਆਂ ਤੋਂ ਪ੍ਰਾਪਤ ਹੋਈ ਹੈ।ਇਸ ਪਿੱਛੋਂ ਵਿਕਰੇਤਾ, ਖੇਤੀ ਸਬੰਧੀ ਰਸਾਲੇ ਅਤੇ ਰੇਡੀਓ ਵਿਗਿਆਪਨਾਂ ਆਦਿ ਦਾ ਸਥਾਨ ਆਇਆ।
ਇਓਵਾ ਸਟੇਟ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਅਧਿਐਨ ਨੇ ਸੰਚਾਰ ਦੀ ਦੁਨੀਆਂ ਵਿੱਚ ਦੂਹਰਾ ਸੰਚਾਰ ਪ੍ਰਵਾਹ ਦੇ ਸਿਧਾਂਤ (Two Step Flow Theory) ਨੂੰ ਜਨਮ ਦਿੱਤਾ।ਰਸਮੀ ਤੌਰ ’ਤੇ ਇਸ ਸਿਧਾਂਤ ਦੀ ਨੀਂਹ ਪਾਲ ਲੈਜ਼ਰਜ਼ਫੈਲਡ (Paul Lazarsfeld) ਵੱਲੋਂ ਅਮਰੀਕਾ ਵਿੱਚ ਹੋਈਆਂ ਸਾਲ 1940 ਦੀਆਂ ਰਾਸ਼ਟਰਪਤੀ ਚੌਣਾਂ ਸਮੇਂ ਏਰੀ ਕਾਉਂਟੀ ਨਾਂਅ ਦੇ ਇਲਾਕੇ ਵਿੱਚ ਵੋਟਰਾਂ ਦੇ ਸੁਭਾਅ ਨੂੰ ਜਾਣਨ ਲਈ ਕੀਤੇ ਇੱਕ ਅਧਿਐਨ ਨਾਲ ਰੱਖੀ ਗਈ ਸੀ।ਇਓਵਾ ਸਟੇਟ ਯੂਨੀਵਰਸਿਟੀ ਦੇ ਅਧਿਐਨ ਵਾਂਗ ਇਸ ਅਧਿਐਨ ਦੇ ਸਿੱਟੇ ਵੀ ਹੈਰਾਨੀਜਨਕ ਸਨ।ਇਸ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਜਨ-ਮੀਡੀਆ ਰਾਹੀਂ ਚਲਾਈ ਗਈ ਚੋਣ ਮੁਹਿੰਮ ਦਾ ਲੋਕਾਂ ਦੇ ਵੋਟ ਦੇਣ ਦੇ ਫ਼ੈਸਲੇ ’ਤੇ ਬਹੁਤ ਘੱਟ ਪ੍ਰਭਾਵ ਪਿਆ ਸੀ।ਲੋਕਾਂ ਨੇ ਮੀਡੀਆ ਰਾਹੀਂ ਮਿਲੇ ਜਾਗਰੂਕ ਸੁਨੇਹਿਆਂ ਦੀ ਬਜਾਏ ਆਪਣੇ ਪਰਿਵਾਰ, ਗੁਆਂਢ, ਸਮਾਜਕ ਸਮੂਹ ਆਦਿ ਦੀ ਰਾਏ ਨਾਲ ਜ਼ਿਆਦਾ ਵੋਟ ਦਿੱਤੇ ਸਨ।ਲੋਕਾਂ ਦੇ ਸੁਭਾਅ ਮੀਡੀਆ ਦੇ ਆਧੁਨਿਕ ਸੰਚਾਰ ਮਾਧਿਅਮਾਂ ਦੀ ਬਜਾਏ ਲੋਕਾਂ ਦੀ ਆਪਸੀ ਗੱਲਬਾਤ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਸਨ।
ਸੰਚਾਰ ਦੇ ਦੂਹਰੇ ਪ੍ਰਵਾਹ ਸਬੰਧੀ ਸਿਧਾਂਤ ਨੇ ਇਹ ਦੱਸਿਆ ਕਿ ਜਨ-ਸੰਚਾਰ ਦੇ ਮਾਧਿਅਮਾਂ ਤੋਂ ਸੂਚਨਾ ‘ਓਪੀਨੀਅਨ ਲੀਡਰ’ (ਜਨਮਤ ਨਿਰਮਾਤਾ) ਤੱਕ ਜਾਂਦੀ ਹੈ ਅਤੇ ਓਪੀਨੀਅਨ ਲੀਡਰ ਇਸ ਸੂਚਨਾ ਨੂੰ ਆਪਣੇ ਢੰਗ ਨਾਲ ਤਰਾਸ਼ ਕੇ ਬਾਕੀ ਲੋਕਾਂ ਤੱਕ ਪਹੁੰਚਾਉਂਦੇ ਹਨ। ਇਸ ਸਿਧਾਂਤ ਨੇ ਬੇੱਸ਼ਕ ਮੀਡੀਆ ਦੇ ਪ੍ਰਤੱਖ ਪ੍ਰਭਾਵ ਤੋਂ ਕਿਨਾਰਾ ਵੱਟਿਆ, ਪਰ ਇਸ ਨੇ ਜਿਹੜੀ ਸਭ ਤੋਂ ਅਹਿਮ ਗੱਲ ਕੀਤੀ ਉਹ ਨਿੱਜੀ ਪ੍ਰਭਾਵ ਦੀ ਗੱਲ ਸੀ।ਜਿਹੜੇ ਲੋਕੀਂ ਸਮਾਜ ਵਿੱਚ ਆਪਣੇ ਵਿਸ਼ਵਾਸ, ਆਰਥਿਕ, ਸਮਾਜਕ ਸਥਿਤੀ ਆਦਿ ਪੱਖੋਂ ਅਹਿਮ ਸਥਾਨ ਰੱਖਦੇ ਹਨ, ਉਨ੍ਹਾਂ ਦੀ ਗੱਲਬਾਤ ਮਨੁੱਖੀ ਸੁਭਾਅ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ।ਇਸ ਤੋਂ ਉਲਟ ਜਿਹੜੇ ਲੋਕ ਸੰਚਾਰ ਸ਼ੈਲੀ, ਆਰਥਿਕ ਅਤੇ ਸਮਾਜਕ ਆਦਿ ਪੱਖੋਂ ਕਮਜ਼ੋਰ ਹੁੰਦੇ ਹਨ, ਉਨ੍ਹਾਂ ਰਾਹੀਂ ਪ੍ਰਸਾਰਤ ਕੀਤੇ ਗਏ ਸੁਨੇਹੇ ਦਾ ਪ੍ਰਭਾਵ ਵੀ ਕਮਜ਼ੋਰ ਹੋ ਜਾਂਦਾ ਹੈ।
ਅਕਸਰ ਆਖਿਆ ਜਾਂਦਾ ਹੈ ਕਿ ‘ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਸੇ ਸੁਭਾਅ ਨਹੀਂ ਬਦਲਦੇ’। ਮਨੁੱਖੀ ਸੁਭਾਅ ਜਾਂ ਵਤੀਰਾ ਜਾਂ ਉਸ ਦੇ ਫ਼ੈਸਲੇ ਵਿੱਚ ਬਦਲਾਓ ਲਿਆਉਣਾ ਇੱਕ ਔਖੀ ਅਤੇ ਬਹੁਤ ਹੌਲੀ ਪ੍ਰੀਕਿਰਿਆ ਹੈ, ਕਿਉਂਕਿ ਮਨੁੱਖੀ ਵਤੀਰਾ ਗਿਆਨ, ਆਦਤਾਂ, ਚੁਗਿਰਦਾ ਆਦਿ ਦੇ ਗੁੰਝਲਦਾਰ ਸਬੰਧਾਂ ਤੋਂ ਉਤਪੰਨ ਹੁੰਦਾ ਹੈ, ਇਸ ਲਈ ਇਸ ਨੂੰ ਸਮਝਣਾ ਜ਼ਰਾ ਔਖਾ ਹੈ।ਇਸ ਦੀ ਤਬਦੀਲੀ ਵਿੱਚ ਆਪਸੀ ਗੱਲਬਾਤ ਸਭ ਤੋਂ ਅਹਿਮ ਕਿਰਦਾਰ ਨਿਭਾਅ ਸਕਦੀ ਹੈ।ਮਿਸਾਲ ਦੇ ਤੌਰ ’ਤੇ ਜਦੋਂ ਕੋਈ ਨਵੀਂ ਖਾਦ, ਬੀਜ, ਦਵਾਈ ਜਾਂ ਕੋਈ ਹੋਰ ਤਕਨੀਕ ਬਜ਼ਾਰ ਵਿੱਚ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਮੀਡੀਆ ਤੋਂ ਪ੍ਰਾਪਤ ਕਰਨ ਤੋਂ ਬਾਅਦ, ਜੇਕਰ ਕਿਸੇ ਦੀ ਇਸ ਨੂੰ ਖਰੀਦਨ ਦੀ ਇੱਛਾ ਪੈਦਾ ਹੁੰਦੀ ਹੈ ਤਾਂ ਉਹ ਪਹਿਲਾਂ ਇਸ ਸਬੰਧੀ ਆਪਣੇ ਉਨ੍ਹਾਂ ਮਿੱਤਰਾਂ, ਰਿਸ਼ਤੇਦਾਰਾਂ ਆਦਿ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ ,ਜਿਨ੍ਹਾਂ ਨੇ ਇਹ ਵਸਤੂਆਂ ਪਹਿਲਾਂ ਤੋਂ ਖਰੀਦੀਆਂ ਹੋਣ ਜਾਂ ਫਿਰ ਇਨ੍ਹਾਂ ਦੀ ਜਾਣਕਾਰੀ ਰੱਖਦੇ ਹੋਣ।ਇਸੇ ਤਰ੍ਹਾਂ ਦੇ ਹੀ ਹਾਲਾਤ ਰਾਜਨੀਤੀ ਦੇ ਖੇਤਰ ਵਿੱਚ ਵੀ ਦੇਖਣ ਨੂੰ ਮਿਲਦੇ ਹਨ।ਸੱਤਾ ਨਾਲ ਜੁੜੇ ਵਿਅਕਤੀਆਂ ਦੇ ਭਾਸ਼ਨ ਜਾਂ ਉਨ੍ਹਾਂ ਰਾਹੀਂ ਲਿਖੇ ਗਏ ਲੇਖ ਲੋਕਾਂ ਦਾ ਸੁਭਾਅ ਤਬਦੀਲ ਕਰਨ ਲਈ ਪੂਰੀ ਤਰ੍ਹਾਂ ਸਹਾਇਕ ਸਿੱਧ ਨਹੀਂ ਹੋ ਸਕਦੇ।ਇਸੇ ਕਾਰਨ ਰਾਜਨੀਤਕ ਪਾਰਟੀਆਂ ਨੇ ਆਪਣਾ ਜਾਲ ਸੂਬਾ, ਜ਼ਿਲ੍ਹਾ, ਪਿੰਡ, ਮੁਹੱਲੇ ਤੱਕ ਫੈਲਾਇਆ ਹੋਇਆ ਹੈ।ਇਸ ਤਹਿਤ ਪਾਰਟੀਆਂ ਵੱਲੋਂ ਅਜਿਹੇ ਨੁਮਾਇੰਦੇ ਰੱਖੇ ਗਏ ਹਨ, ਜਿਨ੍ਹਾਂ ਦੀ ਸਮਾਜ ਵਿੱਚ ਇੱਕ ਅਹਿਮ ਸਥਾਨ ਜਾਂ ਪਛਾਣ ਹੁੰਦੀ ਹੈ ਤਾਂ ਕਿ ਉਨ੍ਹਾਂ ਦੀ ਪਾਰਟੀ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚ ਸਕੇ।
ਸੰਚਾਰ ਦਾ ਇਹ ਗੁਰ ਸਿਰਫ਼ ਵਸਤੂਆਂ ਦੀ ਵਿਕਰੀ ਜਾਂ ਉਨ੍ਹਾਂ ਦੀ ਜਾਣਕਾਰੀ ਨੂੰ ਲੋਕਾਂ ਵਿੱਚ ਪ੍ਰਸਾਰਤ ਕਰਨ ਵਿੱਚ ਹੀ ਲਾਗੂ ਨਹੀਂ ਹੁੰਦਾ, ਸਗੋਂ ਵਿਚਾਰਾਂ ਅਤੇ ਹੋਰ ਸਰਕਾਰੀ ਸਹੂਲਤਾਂ/ਯੋਜਨਾਵਾਂ ਦੇ ਪ੍ਰਸਾਰ ਅਤੇ ਉਨ੍ਹਾਂ ਨੂੰ ਹੋਰ ਤਕੜਾ ਕਰਨ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ। ਜਿਸ ਤਰ੍ਹਾਂ ਕਿ ਪਿਛਲੇ ਸਾਲ ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤਾ ਗਿਆ।ਦੂਹਰੇ ਸੰਚਾਰ ਪ੍ਰਵਾਹ ਦੀ ਮਹੱਤਤਾ ਨੂੰ ਪਛਾਣਦਿਆਂ ਇਸ ਵਿਭਾਗ ਨੇ ‘ਅਹਿੰਸਾ ਮੈਸੇਂਜਰ’ ਨਾਂਅ ਦੀ ਇੱਕ ਅਜਿਹੀ ਯੋਜਨਾ ਚਲਾਈ, ਜਿਸ ਦਾ ਮੰਤਵ ਅਜਿਹੇ ਮੈਸੈਂਜਰ ਜਾਂ ਦੂਤ ਰੱਖਣਾ ਸੀ, ਜੋ ਕਿ ਆਪਣੇ ਇਲਾਕੇ ਵਿੱਚ ਔਰਤਾਂ ’ਤੇ ਹੋਣ ਵਾਲੀ ਘਰੇਲੂ ਹਿੰਸਾ ਨੂੰ ਸ਼ਾਂਤੀ ਨਾਲ ਨਜਿੱਠ ਸਕਣ।ਇਨ੍ਹਾਂ ਮੈਸੈਂਜਰ ਦੀ ਚੋਣ ਸਮੇਂ ਇਹ ਧਿਆਨ ਰੱਖਿਆ ਗਿਆ ਕਿ ਸਿਰਫ਼ ਉਨ੍ਹਾਂ ਸ਼ਖ਼ਸੀਅਤ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਵੇ, ਜੋ ਸਰਗਰਮ ਹੋਣ ਦੇ ਨਾਲ-ਨਾਲ ਸਬੰਧਤ ਇਲਾਕੇ ਦੇ ਵਸਨੀਕ ਅਤੇ ਆਪਣੇ ਇਲਾਕੇ ਵਿੱਚ ਚੰਗੀ ਪੈਠ ਵੀ ਰੱਖਦੇ ਹੋਵੇ।
ਸੰਚਾਰ ਦਾ ਇਹੋ ਤਰੀਕਾ ਖ਼ਾਸ ਕਰ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਵਿੱਚ ਜੇਕਰ ਸਿੱਖਿਆ ਅਤੇ ਸਿਹਤ ਸਬੰਧੀ ਸਰਕਾਰੀ/ਗ਼ੈਰ-ਸਰਕਾਰੀ ਯੋਜਨਾਵਾਂ ਦੇ ਮਾਮਲੇ ਵਿੱਚ ਸੁਹਿਰਦਤਾ ਨਾਲ ਵਰਤਿਆ ਜਾਵੇ ਤਾਂ ਇਸ ਦੇ ਸਿੱਟੇ ਵਧੇਰੇ ਸਾਰਥਕ ਸਿੱਧ ਹੋ ਸਕਦੇ ਹਨ।ਸਿੱਖਿਆ ਅਤੇ ਸਿਹਤ ਸੰਬੰਧੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੇ ਰਾਹ ਵਿੱਚ ਜੋ ਰੁਕਾਵਟਾਂ ਹਨ, ਉਨ੍ਹਾਂ ਨੂੰ ਦੂਹਰੇ ਸੰਚਾਰ ਪ੍ਰਵਾਹ ਦੇ ਸਿਧਾਂਤ ਸਦਕਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।ਇਹੀ ਕਾਰਨ ਹੈ ਕਿ ਸਿਹਤ ਵਿਭਾਗ ਵੱਲੋਂ ਜਦੋਂ ਆਸ਼ਾ ਕਰਮਚਾਰੀ ਰੱਖੀ ਜਾਂਦੀ ਹੈ ਤਾਂ ਉਸ ਲਈ ਇਹ ਸ਼ਰਤ ਲਗਾਈ ਗਈ ਹੈ ਕਿ ਆਸ਼ਾ ਸਬੰਧਤ ਪਿੰਡ ਦੀ ਧੀ ਜਾਂ ਨੂੰਹ ਹੋਵੇ।ਅਜਿਹੀ ਚੋਣ ਵਿਧੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਸੰਬੰਧਤ ਖਿਤੇ ਦਾ ਵਿਅਕਤੀ ਆਪਣੇ ਖਿੱਤੇ ਦੇ ਸੱਭਿਆਚਾਰ ਅਤੇ ਲੋਕਾਂ ਨੂੰ ਤੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ, ਜਿਸ ਕਾਰਨ ਆਸ਼ਾ ਨੂੰ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਸਮੇਂ ਕਿਸੇ ਵੱਡੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਇੱਥੇ ਪਿੰਡਾਂ ਦੀਆਂ ਸੱਥਾਂ ਦਾ ਮਨੁੱਖੀ ਸੁਭਾਅ ਦੀ ਤਬਦੀਲੀ ਕਰਨ ਵਿੱਚ ਵਿਸ਼ੇਸ਼ ਚਰਚਾ ਕਰਨਾ ਬਣਦਾ ਹੈ।ਇਹ ਸੱਥਾਂ ਕਿਸੇ ਪਿੰਡ/ਮੁਹੱਲੇ ਆਦਿ ਦਾ ਲੋਕ ਸੰਪਰਕ ਦਫ਼ਤਰ ਹੁੰਦਾ ਹੈ।ਇਹ ਉਹ ਥਾਂ ਹੁੰਦੀ ਹੈ, ਜਿੱਥੇ ਕੌਮਾਂਤਰੀ ਮੁੱਦਿਆਂ ਤੋਂ ਲੈ ਕੇ ਪਿੰਡ ਤੱਕ ਦੇ ਮੁੱਦਿਆਂ ’ਤੇ ਭਖਵੀਂ ਵਿਚਾਰ ਚਰਚਾ ਹੁੰਦੀ ਹੈ।ਸਿੱਖਿਆ ਜਾਂ ਸਿਹਤ ਕਰਮੀ ਆਪਣੀ ਸੂਝ ਅਨੁਸਾਰ ਜੇਕਰ ਇਨ੍ਹਾਂ ਸੱਥਾਂ ਦੀ ਮਦਦ ਲਵੇ ਤਾਂ ਲੋਕ-ਪੱਖੀ ਯੋਜਨਾਵਾਂ/ਸਹੂਲਤਾਂ ਆਦਿ ਸਬੰਧੀ ਸੁਨੇਹਾ ਆਸਾਨੀ , ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਘਰ-ਘਰ ਵਿੱਚ ਪਹੁੰਚ ਸਕਦਾ ਹੈ।
ਸੁਨੇਹਾ ਕਿਸੇ ਕਿਸਮ ਦਾ ਵੀ ਹੋਵੇ, ਉਸ ਨੂੰ ਪ੍ਰਸਾਰਤ ਕਰਨ ਲਈ ਜ਼ਰੂਰੀ ਹੈ ਕਿ ਉਸ ਸੁਨੇਹੇ ਨੂੰ ਪਹੁੰਚਾਉਣ ਵਾਲਾ ‘ਓਪੀਨੀਅਨ ਲੀਡਰ’ ਕੁਝ ਵਿਸ਼ੇਸ਼ ਗੁਣ ਰੱਖਦਾ ਹੋਵੇ।ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਓਪੀਨੀਅਨ ਲੀਡਰ ਆਪਣੀ ਭਰੋਸੇਯੋਗਤਾ ਲੋਕਾਂ ਵਿੱਚ ਵਿਕਸਿਤ ਕਰੇ।ਉਸ ਵੱਲੋਂ ਦਿੱਤੇ ਸੁਨੇਹਾ ’ਤੇ ਦੂਜੇ ਤਾਂ ਹੀ ਵਿਸ਼ਵਾਸ ਕਰਨਗੇ ਜੇਕਰ ਸੁਨੇਹਾ ਦੇਣ ਵਾਲਾ ਖ਼ੁਦ ਲੋਕਾਂ ਦੇ ਵਿਸ਼ਵਾਸ ਦਾ ਪਾਤਰ ਹੋਵੇਗਾ।ਦੂਜਾ, ਓਪੀਅਨ ਲੀਡਰ ਨੂੰ ਆਪਣੇ ਇਲਾਕੇ ਦੇ ਸੱਭਿਆਚਾਰ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖ ਜਿਸ ਸੱਭਿਆਚਾਰ ਵਿੱਚ ਜੰਮਿਆ ਤੇ ਪਲਿਆ ਹੋਵੇ ਉਸ ਦੇ ਸੁਭਾਅ, ਭਾਸ਼ਾ, ਰਹਿਣ-ਸਹਿਣ, ਖਾਣ-ਪੀਣ ਆਦਿ ਉੱਤੇ ਉਹੋ ਜੇਹਾ ਹੀ ਪ੍ਰਭਾਵ ਪੈਂਦਾ ਹੈ।ਓਪੀਅਨ ਲੀਡਰ ਦੀ ਆਪਣੇ ਲੋਕਾਂ ਵਿੱਚ ਸੱਭਿਆਚਾਰਕ ਸਾਂਝ ਅਤੇ ਸੱਭਿਆਚਾਰ ਦੇ ਪਿਛੋਕੜ ਨੂੰ ਸਮਝਣ ਦੀ ਸਿਆਣਪ, ਉਸ ਦੀ ਸੰਚਾਰ ਸ਼ੈਲੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਸਕਦੀ ਹੈ।ਧਰਮ, ਜ਼ਾਤ ਆਦਿ ਅਜਿਹੇ ਮਸਲੇ ਹਨ, ਜੋ ਵਿਅਕਤੀ ਦੇ ਸੁਭਾਅ ਨੂੰ ਸੁਚੇਤ ਅਤੇ ਅਚੇਤ ਦੋਹਾਂ ਰੂਪ ਨਾਲ ਪ੍ਰਭਾਵਿਤ ਕਰਨ ਕਰਕੇ ਸੰਚਾਰ ਪ੍ਰਕਿਰਿਆ ਦੇ ਰਾਹ ਵਿੱਚ ਕਈ ਵਾਰ ਰੁਕਾਵਟ ਦੀ ਸ਼ਕਲ ਅਖ਼ਤਿਆਰ ਕਰ ਲੈਂਦੇ ਹਨ।ਇਸ ਪੇਚੀਦਾ ਹਾਲਾਤ ਵਿੱਚ ਓਪੀਅਨ ਲੀਡਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਦਿਆਂ ਲੋਕਾਂ ਦੀਆਂ ਧਾਰਮਿਕ ਪ੍ਰਵਿਰਤੀਆਂ ਨੂੰ ਪਛਾਣੇ/ਸਮਝੇ ਅਤੇ ਉਨ੍ਹਾਂ ਅਨੁਸਾਰ ਆਪਣੇ ਸੰਚਾਰ ਨੂੰ ਢਾਲੇ।ਓਪੀਅਨ ਲੀਡਰ ਨੂੰ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਉਮਰ ਅਤੇ ਲਿੰਗ ਵੀ ਅਹਿਮ ਕਿਰਦਾਰ ਨਿਭਾਉਂਦੇ ਹਨ।ਹਮ ਉਮਰ ਅਤੇ ਇਕੋ ਲਿੰਗ ਦੇ ਵਿਅਕਤੀਆਂ ਵਿੱਚ ਸੰਚਾਰ ਦੀ ਪ੍ਰਕਿਰਿਆ ਆਮ ਤੋਰ ’ਤੇ ਵਧੇਰੇ ਸੁਖਾਵੀਂ ਤੇ ਅਸਰਦਾਰ ਹੁੰਦੀ ਹੈ।ਇਸ ਲਈ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਸ ਉਮਰ ਜਾਂ ਲਿੰਗ ਦੇ ਵਰਗ ਨੂੰ ਸੁਨੇਹਾ ਦੇਣਾ ਹੈ, ਉਸੇ ਉਮਰ ਦੇ ਵਰਗ ਅਤੇ ਲਿੰਗ ਵਾਲਾ ਹੀ ਓਪੀਅਨ ਲੀਡਰ ਨਿਯੁਕਤ ਕੀਤਾ ਜਾਵੇ। ਮਿਸਾਲ ਦੇ ਤੌਰ ’ਤੇ ਕਿਸ਼ੋਰ ਉਮਰ ਦੇ ਲੜਕੇ-ਲੜਕੀਆਂ ਨੂੰ ਜੇਕਰ ਗੁਪਤ ਰੋਗਾਂ ਸਬੰਧੀ ਜਾਣਕਾਰੀ ਦੇਣੀ ਹੈ ਤਾਂ ਇਸ ਵਿੱਚ ਕਿਸ਼ੋਰ ਉਮਰ ਦੇ ਵਿਅਕਤੀਆਂ ਨੂੰ ਹੀ ਜੇਕਰ ਗੁਪਤ ਰੋਗਾਂ ਸਬੰਧੀ ਸਿਖਲਾਈ ਦੇ ਕੇ ਉਨ੍ਹਾਂ ਤੋਂ ਇਸ ਸਬੰਧੀ ਜਾਗਰੂਕਤਾ ਦਾ ਸੁਨੇਹਾ ਜੇਕਰ ਕਿਸ਼ੋਰ ਲੜਕੇ-ਲੜਕੀਆਂ ਵਿੱਚ ਪ੍ਰਸਾਰਤ ਕੀਤਾ ਜਾਵੇ, ਤਾਂ ਉਸ ਦੇ ਸਿੱਟੇ ਵਧੇਰੇ ਸਾਰਥਕ ਸਿੱਧ ਹੋ ਸਕਦੇ ਹਨ।
ਵਿਕਸਿਤ ਮੁਲਕਾਂ, ਜਿਨ੍ਹਾਂ ਵਿੱਚ ਤਕਨੀਕੀ ਪ੍ਰਭਾਵ ਕਾਫ਼ੀ ਜ਼ੋਰ ਫੜ੍ਹ ਚੁੱਕਾ ਹੈ, ਉੱਥੇ ਦੂਹਰੇ ਸੰਚਾਰ ਪ੍ਰਵਾਹ ਦੇ ਸਿਧਾਂਤ ਦਾ ਪ੍ਰਭਾਵ ਬੇਸ਼ੱਕ ਕੁਝ ਮੱਠਾ ਪੈ ਗਿਆ ਹੈ, ਪਰ ਵਿਕਾਸਸ਼ੀਲ ਮੁਲਕ, ਖ਼ਾਸ ਕਰ ਉੱਥੋਂ ਦੇ ਪਿੰਡ ਜਿਨ੍ਹਾਂ ਵਿੱਚ ਹਾਲੇ ਵੀ ਮਨੁੱਖੀ ਰਿਸ਼ਤੇ, ਕਦਰਾਂ-ਕੀਮਤਾਂ ਜਿਉਂਦੀਆਂ ਨੇ ਉੱਥੇ ਸੰਚਾਰ ਦਾ ਇਹ ਸਿਧਾਂਤ ਬਹੁਤ ਕਾਰਗਰ ਸਿੱਧ ਹੋ ਸਕਦਾ ਹੈ।ਭਾਵੇਂ ਕਿ ਸੰਚਾਰ ਦਾ ਇਹ ਸਿਧਾਂਤ ਮੀਡੀਆ ਦੇ ਦੂਜੇ ਮਾਧਿਅਮਾਂ ਦੇ ਸਿੱਧੇ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਦਾ ਹੈ, ਪਰ ਜਨ-ਸੰਚਾਰ ਦੇ ਸਮੁੱਚੇ ਮਾਧਿਅਮ ਹਾਲੇ ਵੀ ਇੰਨੇ ਲਚਕੀਲੇ ਨਹੀਂ ਹੋਏ ਕਿ ਉਹ ਇਕੱਲੇ-ਇਕੱਲੇ ਵਿਅਕਤੀ ਦੇ ਸੁਭਾਅ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ।ਇੱਥੇ ਲੋੜ ਹੈ, ਉਨ੍ਹਾਂ ਵਿਕਾਸਸ਼ੀਲ ਮੁਲਕਾਂ ਨੂੰ ਦੇ ਦੂਹਰੇ ਸੰਚਾਰ ਪ੍ਰਵਾਹ ਦੇ ਸਿਧਾਂਤ ਦੀ ਮਹੱਤਤਾ ਨੂੰ ਪਛਾਣਨ ਅਤੇ ਲਾਗੂ ਕਰਨ ਦੀ ਤਾਂ ਕਿ ਉਹ ਉਨ੍ਹਾਂ ਸਹੂਲਤਾਂ/ਯੋਜਨਾਵਾਂ ਆਦਿ ਜੋ ਉੱਤੇ ਤੋਂ ਥੱਲੇ ਆਉਂਦਿਆਂ, ਰਾਹ ਵਿੱਚ ਹੀ ਕਿਧਰੇ ਗੁਆਚ ਜਾਂਦੀਆਂ ਹਨ, ਦਾ ਲਾਹਾ ਆਮ ਲੋਕਾਂ ਨੂੰ ਨਸੀਬ ਹੋ ਸਕੇ।
ਰਾਜਪਾਲ ਸਿੰਘ
ਚੰਗੀ ਜਾਣਕਾਰੀ ਦੇਣ ਵਾਲਾ ਲੇਖ ਹੈ। ਅਜਿਹੀ ਖੋਜ ਸਾਡੇ ਵੱਲ ਬਹੁਤ ਘੱਟ ਹੋਈ ਹੈ। ਅਜਿਹੀਆਂ ਮਨੋਵਿਗਿਆਨਕ ਜਾਣਕਾਰੀਆਂ ਨੂੰ ਚੰਗੇ ਕਾਰਜਾਂ ਲਈ ਵਰਤਣ ਦੀ ਲੋੜ ਹੈ।