Sun, 14 April 2024
Your Visitor Number :-   6972227
SuhisaverSuhisaver Suhisaver

ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ - ਹਰਜਿੰਦਰ ਸਿੰਘ ਗੁਲਪੁਰ

Posted on:- 01-06-2016

suhisaver

ਵੱਖ ਹਲਕਿਆਂ ਵਲੋਂ ਨਰਿੰਦਰ ਮੋਦੀ ਸਰਕਾਰ ਦੇ ਦੋ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਜਾਣ ਲੱਗ ਪਿਆ ਹੈ।ਮੋਦੀ ਸਰਕਾਰ ਦੇ ਸਮੁੱਚੇ ਕਾਰਜਾਂ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ ਜੋ ਇੱਕ ਲੇਖ ਵਿੱਚ ਨਹੀਂ ਸਮੇਟਿਆ ਜਾ ਸਕਦਾ।ਇਸ ਲਈ ਅਸੀਂ ਇੱਥੇ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਚਰਚਾ ਕਰਾਂਗੇ।ਇਹ ਇਸ ਲਈ ਵੀ ਜਰੂਰੀ ਹੈ ਕਿ ਨਰਿੰਦਰ ਮੋਦੀ ਨੇ ਇਸ ਵੱਲ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਚੇਚਾ ਧਿਆਨ ਦੇਣਾ ਅਰੰਭ ਕਰ ਦਿੱਤਾ ਸੀ।ਜਿਸ ਤਰ੍ਹਾਂ ਸ਼ਿਰੀ ਮੋਦੀ ਨੇ ਬਤੌਰ ਪੀ ਐਮ ਸਹੁੰ ਚੁੱਕਣ ਸਮੇਂ ਤਮਾਮ ਗੁਆਂਢੀ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜ ਕੇ ਬੁਲਾਇਆ ਉਸ ਨੇ ਦੇਸ਼ ਵਾਸੀਆਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਕੁਝ ਨਾਂ ਕੁਝ ਚਮਤਕਾਰ ਜ਼ਰੂਰ ਹੋਵੇਗਾ।ਵਿਰੋਧੀ ਧਿਰ ਵਿੱਚ ਰਹਿੰਦਿਆਂ, ਪਾਕਿਸਤਾਨ ਦੀ ਅਲੋਚਨਾ ਕਰਨ ਦਾ ਕੋਈ ਮੌਕਾ ਨਾ ਗੁਆਉਣ ਵਾਲੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਨਵਾਜ ਸ਼ਰੀਫ ਦੀ ਮੌਜੂਦਗੀ ਨੇ ਇਸ ਧਾਰਨਾ ਨੂੰ ਹੋਰ ਬਲ ਦਿੱਤਾ ਕਿ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਗਾਜ ਅੱਛਾ ਹੋਣ ਜਾ ਰਿਹਾ ਹੈ।

ਉਸ ਸਮੇਂ ਹੋ ਰਹੇ ਆਗਾਜ ਦੇ ਅੰਜਾਮ ਦਾ ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਹੋਵਗਾ ? ਪੀ ਐਮ ਦਫਤਰ ਦਾ ਕਾਰਜ ਭਾਰ ਸੰਭਾਲਦਿਆਂ ਹੀ ਮੋਦੀ ਜੀ ਨੇ ਵਿਸ਼ਵ ਯਾਤਰਾ ਅਰੰਭ ਕਰ ਦਿੱਤੀ।ਇੱਥੋਂ ਤੱਕ ਕਿ ਇੱਕ ਇੱਕ ਸਫਰ ਦੌਰਾਨ 3-3, 4-4 ਦੇਸ਼ਾਂ ਵਿੱਚ ਹਾਜ਼ਰੀ ਲਵਾਉਂਦੇ ਰਹੇ ।ਮੋਦੀ ਜੀ ਉੱਥੇ ਵੀ ਗਏ ਜਿੱਥੇ ਪਹਿਲਾਂ ਕੋਈ ਭਾਰਤੀ ਪੀ ਐਮ ਨਹੀਂ ਗਿਆ ਸੀ।ਪੀ ਐਮ ਦੇ ਵਿਦੇਸ਼ ਦੌਰੇ ਨੂੰ ਲੈ ਕੇ ਭਾਰਤੀ ਮੀਡੀਆ ਆਪਣੀ ਆਦਤ ਅਨੁਸਾਰ ਲੋੜੋਂ ਵੱਧ ਸਰਗਰਮ ਹੋ ਗਿਆ।

ਮੀਡੀਆ ਦੀ ਇਸ ਸਰਗਰਮੀ ਨੇ ਲੋਕਾਂ ਦੀ ਵਿਦੇਸ਼ ਨੀਤੀ ਪਰਤੀ ਜਗਿਆਸਾ ਹੋਰ ਵਧਾ ਦਿੱਤੀ।ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵਲੋਂ ਮੋਦੀ ਦੇ ਕਸੀਦੇ ਪੜਨ ਦੇ ਬਾਵਯੂਦ ਜਦੋੰ ਵਿਦੇਸ਼ੀ ਮੀਡੀਆ ਨੇ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਤਾਂ ਚਿੰਤਕ ਹਲਕੇ ਤਾਂ ਸੁਚੇਤ ਹੋ ਗਏ ਸਨ ਪਰ ਦੇਸ਼ ਨੂੰ ਅਜੇ ਨਰਿੰਦਰ ਮੋਦੀ ਤੋਂ ਢੇਰ ਸਾਰੀਆਂ ਆਸਾਂ ਬਰਕਰਾਰ ਸਨ।ਜਿਸ ਦੇਸ਼ ਵਿੱਚ ਵੀ ਮੋਦੀ ਗਏ ਉਹਨਾਂ ਨੇ ਉੱਥੇ ਵਸਦੇ ਭਾਰਤੀਆਂ ਦੀਆਂ ਵੱਡੀਆਂ ਵਡੀਆਂ ਸਭਾਵਾਂ ਨੂੰ ਸੰਬੋਧਨ ਕੀਤਾ।ਇਹਨਾਂ ਸਭਾਵਾਂ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ।ਇਸ ਤੋਂ ਪਹਿਲਾਂ ਨਾ ਤਾਂ ਕਿਸੇ ਭਾਰਤੀ ਪਰਧਾਨ ਮੰਤਰੀ ਨੇ ਆਪੋ ਆਪਣੇ ਸਹੁੰ ਚੁੱਕ ਸਮਾਗਮਾਂ ਵਿੱਚ ਹੋਰ ਦੇਸ਼ਾਂ ਦੇ ਮੁਖੀਆਂ ਨੂੰ ਬੁਲਾਇਆ ਸੀ ਅਤੇ ਨਾ ਹੀ ਵਿਦੇਸ਼ਾਂ ਅੰਦਰ ਜਾ ਕੇ ਖੁੱਲੇ ਆਮ ਸਭਾਵਾਂ ਨੂੰ ਸੰਬੋਧਨ ਕੀਤਾ ਸੀ।ਪਹਿਲੇ ਪ੍ਰਧਾਨ ਮੰਤਰੀ ਭਾਰਤੀਆਂ ਨੂੰ ਮਿਲਦੇ ਜ਼ਰੂਰ ਸਨ ਪਰ ਵੱਖ ਵੱਖ ਵਫਦਾਂ ਦੇ ਰੂਪ ਵਿੱਚ।ਮੋਦੀ ਨੇ ਵਿਦੇਸ਼ਾਂ ਵਿੱਚ ਜਾ ਕੇ ਭਾਰਤ ਦੇ ਪੂਰਬ ਪਰਧਾਨ ਮੰਤਰੀਆਂ ਦੀ ਸ਼ਾਨ ਦੇ ਖਿਲਾਫ ਅਜਿਹੇ ਬਿਆਨ ਵੀ ਦਿੱਤੇ ਜਿਹਨਾਂ ਕਾਰਨ ਉਹਨਾਂ ਦੀ ਜੰਮ ਕੇ ਅਲੋਚਨਾ ਹੋਈ।ਇਸ ਬਿਅਨਬਾਜੀ ਨਾਲ ਲਾਭ ਤਾਂ ਕੋਈ ਨਾ ਹੋਇਆ, ਪੀ ਐਮ ਦੇ ਅਹੁਦੇ ਦੀ ਪਰਤਿਸ਼ਠਾ ਨੂੰ ਠੇਸ ਜ਼ਰੂਰ ਪਹੁੰਚੀ।

ਹੌਲੀ ਹੌਲੀ ਅਜਿਹਾ ਮਹਿਸੂਸ ਹੋਣ ਲੱਗਾ ਕਿ ਇਹ ਵਿਦੇਸ਼ੀ ਦੌਰਿਆਂ ਦਾ ਤਾਮ ਝਾਮ ਮਹਿਜ ਵਿਖਾਵਾ ਮਾਤਰ ਹੈ,ਜਿਸ ਵਿੱਚੋਂ ਤੱਤ ਰੂਪ ਗਾਇਬ ਹੈ।ਜਦੋੰ ਮੋਦੀ ਮਾਰਕਾ ਵਿਦੇਸ਼ ਨੀਤੀ ਦਾ ਸੱਚ ਸਾਹਮਣੇ ਆਉਣ ਲੱਗਾ ਤਾਂ ਉਹਨਾਂ ਲੋਕਾਂ ਨੂੰ ਘੋਰ ਨਿਰਾਸ਼ਾ ਹੋਣ ਲੱਗੀ ਜਿਹਨਾਂ ਨੂੰ ਮੋਦੀ ਦੀ ਵਿਦੇਸ਼ੀ ਨੀਤੀ ਤੋਂ ਕਾਫੀ ਆਸਾਂ ਸਨ। ਕਿਸੇ ਸਮੇਂ ਨੇਪਾਲ ਭਾਰਤ ਦੇ ਸਭ ਤੋਂ ਨੇੜੇ ਸੀ।ਹਰ ਔਖੀ ਘੜੀ ਵਿੱਚ ਭਾਰਤ ਵਲੋਂ ਇਸ ਦੇਸ਼ ਦੀ ਵਧ ਚੜ ਕੇ ਮਦਦ ਕੀਤੀ ਜਾਂਦੀ ਰਹੀ ਹੈ।ਕੁਝ ਸਮਾਂ ਪਹਿਲਾਂ ਉੱਥੇ ਆਏ ਭੂ-ਚਾਲ ਸਮੇ ਭਾਰਤ ਨੇ ਸਹਾਇਤਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਫੇਰ ਕੀ ਕਾਰਨ ਹੈ ਕਿ ਨੇਪਾਲ ਨੇ ਆਪਣੇ ਦੂਤ ਨੂੰ ਭਾਰਤ ਵਿੱਚੋਂ ਵਾਪਸ ਬੁਲਾ ਲਿਆ ਹੈ।ਉਥੋਂ ਦੀ ਸਤਾਧਾਰੀ ਪਾਰਟੀ ਦੇ ਆਗੂ ਲਗਾਤਾਰ ਭਾਰਤ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।ਨੇਪਾਲੀ ਕਾਗਰਸ ਨਾਲ ਵੀ ਸਾਡੇ ਸਬੰਧ ਅਜਿਹੇ ਨਹੀਂ ਰਹੇ ਕਿ ਅਸੀਂ ਮਧੇਸ਼ੀਆਂ ਦੇ ਮਾਮਲੇ ਵਿੱਚ ਆਪਣੀ ਗੱਲ ਮਨਵਾ ਸਕੀਏ।ਅੱਜ ਪਰਸਥਿਤੀਆਂ ਅਜਿਹੀਆਂ ਬਣ ਗਈਆਂ ਹਨ ਕਿ ਸਭ ਤੋਂ ਨਜ਼ਦੀਕੀ ਸਾਥੀ ਦੇਸ਼ ਸਾਥੋਂ ਦੂਰ ਜਾ ਰਿਹਾ ਹੈ।

ਸ੍ਰੀ ਲੰਕਾ ਅਤੇ ਮਾਲਦੀਵ ਨਾਲ ਵੀ ਸਥਿਤੀ ਲੱਗ ਭੱਗ ਅਜਿਹੀ ਹੀ ਹੈ।ਕਿਸੇ ਦੇਸ਼ ਨਾਲ ਕੋਈ ਖਾਸ ਗੱਲ ਬਾਤ ਚੱਲ ਰਹੀ ਹੋਵੇ ਅਜਿਹਾ ਵੀ ਪਰਤੀਤ ਨਹੀਂ ਹੋ ਰਿਹਾ।ਪਾਕਿਸਤਾਨ ਨਾਲ ਤਾਂ ਸਾਡੀ ਨੀਤੀ ਪੂਰੀ ਤਰ੍ਹਾਂ ਅਸਫਲ ਹੈ।ਕੂਟਨੀਤਕ ਪੱਖੋੰ ਅਸੀਂ ਪਾਕਿਸਤਾਨ ਤੋਂ ਵਾਰ ਵਾਰ ਮਾਤ ਖਾ ਰਹੇ ਹਾਂ।ਦੋਹਾਂ ਦੇਸ਼ਾਂ ਦੇ ਸਬੰਧਾੰ ਦੀ ਹਾਲਤ 'ਪਲ ਵਿੱਚ ਤੋਲਾ ਪਲ ਵਿੱਚ ਮਾਸਾ' ਵਾਲੀ ਬਣੀ ਰਹਿੰਦੀ ਹੈ।ਇੱਕ ਮਾਮੂਲੀ ਬਹਾਨੇ ਨੂੰ ਅਧਾਰ ਬਣਾ ਕੇ ਦੋਹਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਜਾ ਹੋ ਰਹੀ ਵਾਰਤਾ ਅਸੀਂ ਰੱਦ ਕਰ ਦਿੰਦੇ ਹਾਂ ਅਤੇ ਇੱਕ ਮਾਮੂਲੀ ਜਿਹੇ ਸੱਦੇ ਤੇ ਬਿਨਾਂ ਦੇਸ਼ ਨੂੰ ਦੱਸੇ ਕਾਬਲ ਤੋਂ ਲਹੌਰ ਪਹੁੰਚ  ਜਾਂਦੇ ਹਾਂ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੀ ਵਿਦੇਸ਼ ਨੀਤੀ ਵਿੱਚ ਦੂਰਦਰਸ਼ਤਾ ਦੀ ਕਮੀ ਹੈ।ਇਸ ਤੋਂ ਇਲਾਵਾ ਮਹਾਂਸ਼ਕਤੀਆਂ ਨਾਲ ਸਬੰਧ ਮਜਬੂਤ ਕਰਨ ਦੇ ਨਾਮ ਹੇਠ ਤਕੜਾ ਅਡੰਬਰ ਰਚਿਆ ਗਿਆ।ਮੋਦੀ ਉਬਾਮਾ ਨੂੰ ਬਰਾਕ ਬਰਾਕ ਕਹਿ ਕੇ ਬੁਲਾ ਰਹੇ ਸਨ,ਚੀਨੀ ਰਾਸ਼ਟਰਪਤੀ ਦੇ ਨਾਲ ਝੂਲਾ ਝੂਲ ਰਹੇ ਸਨ।ਜਪਾਨ ਜਾਣ ਸਮੇਂ 30 ਬਿਲੀਅਨ ਡਾਲਰ,40  ਬਿਲੀਅਨ ਡਾਲਰ ਇੱਥੋਂ ਆਉਣਗੇ,ਉਥੋਂ ਆਉਣਗੇ ਦੀ ਰਟ ਲਗਾ ਰਹੇ ਸਨ ਪਰ ਆ ਕਿੱਥੋਂ ਰਹੇ ਹਨ ? ਕੁਝ ਪਤਾ ਹੀ ਨਹੀਂ।ਅਮਰੀਕਾ ਨਾਲ ਜਿੰਨੇ ਵੀ ਸਮਝੌਤੇ ਮੋਦੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਹਨ ਉਹਨਾਂ 'ਚੋਂ ਕਿਸੇ ਦਾ ਵੀ ਠੋਸ ਰੂਪ ਅਜੇ ਤੱਕ ਸਾਹਮਣੇ ਨਹੀਂ ਆਇਆ।

ਪ੍ਰਸਿੱਧ ਪੱਤਰਕਾਰ ਵੇਦ ਪਰਤਾਪ ਵੈਦਿਕ ਦੇ ਸ਼ਬਦਾਂ ਵਿੱਚ," ਸਭ ਕੁਝ ਅਜੇ ਤੱਕ ਨਿਰਗੁਣ ਅਤੇ ਨਿਰਆਕਾਰ ਹੈ"।ਇਹਨਾਂ ਦੇਸ਼ਾਂ ਨਾਲ ਜਿਸ ਤਰ੍ਹਾਂ ਦੇ ਸਬੰਧ ਹੋਣੇ ਚਾਹੀਦੇ ਸਨ,ਉਹ ਨਹੀਂ ਹਨ।ਅਫਗਾਨਿਸਤਾਨ ਦੇ ਨਾਲ ਵੀ ਸਾਡੀ ਨੀਤੀ ਬੇਹੱਦ ਹਲਕੀ ਫੁਲਕੀ ਹੈ।ਉਥੋਂ ਦੇ ਨਿਰਮਾਣ ਕਾਰਜਾਂ ਉੱਤੇ 2 ਬਿਲੀਅਨ ਡਾਲਰ ਖਰਚਣ ਦੇ ਨਾਲ ਨਾਲ ਅਨੇਕਾਂ ਭਾਰਤੀ ਉੱਥੇ ਆਪਣੀ ਜਾਨ ਦੇ ਚੁੱਕੇ ਹਨ।ਇਸ ਦੇ ਬਾਵਯੂਦ ਭਾਰਤੀ ਹਾਕਮਾਂ ਦਾ ਉਥੋਂ ਦੀ ਸਰਕਾਰ ਅਤੇ ਵਿਰੋਧੀ ਧਿਰ ਉਤੇ ਕੋਈ ਪਰਭਾਵ ਨਹੀਂ ਹੈ।ਕਹਿਣ ਨੂੰ ਭਾਵੇਂ ਸਾਡੇ ਹਾਕਮ ਭਾਰਤ ਨੂੰ ਇਸ ਖਿੱਤੇ ਦੀ ਮਹਾਂ ਸ਼ਕਤੀ ਕਹੀ ਜਾਣ ਪਰ ਹਕੀਕਤ ਕੁਝ ਹੋਰ ਹੀ ਹੈ।ਪਾਕਿਸਤਾਨ ਦਾ ਕੂਟਨੀਤਕ ਹੱਥ ਭਾਰਤ ਨਾਲੋਂ ਉਪਰ ਹੋਣ ਦਾ ਇਸ ਤੋਂ ਵੱਡਾ ਪਰਮਾਣ ਹੋਰ ਕੀ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੀ ਕੂਟਨੀਤਕ ਸਮਝ ਦੇ ਸਹਾਰੇ ਚੀਨ ਅਤੇ ਅਮਰੀਕਾ ਦੇ ਇੱਕੋ ਜਿੰਨਾ ਕਰੀਬ ਹੈ ਜਦੋੰ ਕਿ ਭਾਰਤ ਅਮਰੀਕਾ ਨਾਲ ਦੋਸਤੀ ਵਧਾਉਣ ਦੀ ਕੀਮਤ ਚੀਨ ਨਾਲ ਸਬੰਧ ਖਰਾਬ ਕਰਕੇ ਚੁਕਾ ਰਿਹਾ ਹੈ।ਹਾਲ ਹੀ ਵਿੱਚ ਭਾਰਤ ਨੇ ਅਮਰੀਕੀ ਜੰਗੀ ਜਹਾਜਾਂ ਨੂੰ ਤੇਲ ਭਰਨ ਦੀ ਆਗਿਆ ਦੇ ਕੇ ਭਾਰਤ ਦੀ ਚਿਰਕਾਲੀ ਗੁੱਟ ਨਿਰਲੇਪ ਨੀਤੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ।

ਜ਼ਾਹਰ ਹੈ ਕਿ ਇਹ ਸਮਝੌਤਾ ਅਮਰੀਕਾ ਦੀ ਚੀਨ ਨੂੰ ਘੇਰਨ ਦੀ ਯੋਜਨਾ ਉੱਤੇ ਅਧਾਰਤ ਹੈ।ਇਹ ਸਮਝੌਤਾ ਭਵਿੱਖ ਵਿੱਚ ਚਿੰਤਾ ਦਾ ਕਾਰਨ ਬਣ ਸਕਦਾ ਹੈ।ਪਰਧਾਨ ਮੰਤਰੀ ਵਲੋਂ ਯੂ ਏ ਈ ਦੇ ਕੀਤੇ ਦੌਰੇ ਦਾ ਬੜਾ ਢੋਲ ਪਿੱਟਿਆ ਗਿਆ। ਇਸ ਦੌਰੇ ਚੋਂ ਕੀ ਪਰਾਪਤ ਹੋਇਆ ਅਜੇ ਤੱਕ ਕੁਝ ਵੀ ਪਤਾ ਨਹੀਂ।ਬੜੀਆਂ ਬੜੀਆਂ ਘੋਸ਼ਣਾਵਾਂ ਹੋਈਆਂ ਕਿ ਉਹ ਸਾਨੂੰ ਕਰੋੜਾਂ ਰੁਪਏ ਦੇਣਗੇ।ਜਾਣਕਾਰਾਂ ਦਾ ਕਹਿਣਾ ਹੈ ਕਿ ਰੁਪੈਆ ਆਉਦਾ ਕਿਸ ਨੇ ਦੇਖਿਆ ਹੈ? ਜ਼ਮੀਨ ਉੱਤੇ ਅਮਲੀ ਰੂਪ ਵਿੱਚ ਕੰਮ ਹੁੰਦਾ ਦੇਸ਼ ਵਾਸੀਆਂ ਨੂੰ ਦਿਸਣਾ ਚਾਹੀਦਾ ਹੈ।ਮੇਕ ਇੰਨ ਇੰਡੀਆ,ਸਵੱਛ ਅਭਿਐਨ,ਮਨ ਕੀ ਬਾਤ ਆਦਿ ਵਰਗੀਆਂ ਗੱਲਾਂ ਹੁਣ ਹਜਮ ਨਹੀਂ ਹੋ ਰਹੀਆਂ।ਈਰਾਨ ਨਾਲ ਵਿਉਪਾਰ ਵਧਾਉਣ ਲਈ ਬੰਦਰਗਾਹ ਬਣਾਉਣ ਦੇ ਸਮਝੌਤੇ ਨੂੰ ਜਮੀਨੀ ਪੱਧਰ ਤੇ ਲਾਗੂ ਹੁੰਦਾ ਦੇਖਣ ਵਾਸਤੇ ਵੀ ਵਕਤ ਦੀ ਉਡੀਕ ਕਰਨੀ ਪਵੇਗੀ।ਵੇਦ ਪਰਤਾਪ ਵੈਦਿਕ ਅਨੁਸਾਰ ਸਾਰਾ ਮਾਮਲਾ ਠੀਕ ਰਸਤੇ ਉੱਤੇ ਚਲਦਾ ਦਿਖਾਈ ਨਹੀਂ ਦੇ ਰਿਹਾ।

ਹੁਣ ਤੱਕ ਦੀ ਮੋਦੀ ਕਾਰਜ ਸ਼ੈਲੀ ਨੂੰ ਦੇਖ ਕਿ ਪਤਾ ਲਗਦਾ ਹੈ ਕਿ ਸੁਸ਼ਮਾ ਸਵਰਾਜ ਵਰਗੀ ਤੇਜ ਤਰਾਰ ਵਿਦੇਸ਼ ਮੰਤਰੀ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਵਿਦੇਸ਼ ਨੀਤੀ ਨਾਲ ਸਬੰਧਤ ਮਾਮਲਿਆਂ ਤੇ ਉਹ ਆਪਣੀ ਰਾਇ ਨਹੀਂ ਦੇ ਸਕਦੀ।ਉਸ ਨੂੰ ਮੋਦੀ ਜੀ ਦੇ ਇਸ਼ਾਰੇ ਤੇ ਨੱਚਣਾ ਪੈਂਦਾ ਹੈ ਅਤੇ ਮੋਦੀ ਜੀ ਅਫਸਰਸ਼ਾਹੀ ਦੇ ਇਸ਼ਾਰੇ ਉੱਤੇ ਨੱਚਦੇ ਹਨ।ਮੋਦੀ ਜੀ ਨੂੰ ਵਿਦੇਸ਼ ਨੀਤੀ ਦੀ ਕਿੰਨੀ ਕੁ ਸਮਝ ਹੈ ਇਸ ਵਾਰੇ ਕੋਈ ਕੁਝ ਨਹੀਂ ਜਾਣਦਾ।ਅਜਿਹਾ ਲਗਦਾ ਹੈ ਕਿ ਜਾ ਤਾਂ ਕੋਈ ਵਿਦੇਸ਼ ਨੀਤੀ ਹੈ ਹੀ ਨਹੀਂ ਜੇ ਹੈ ਤਾਂ ਉਹ ਰਾਮ ਭਰੋਸੇ ਹੀ ਕਹੀ ਜਾ ਸਕਦੀ ਹੈ।ਵਿਦੇਸ਼ੀ ਮਾਮਲਿਆਂ ਵਾਰੇ, ਵਿਦੇਸ਼ ਸਕੱਤਰ ਜੈਅ ਸ਼ੰਕਰ ਦੀ ਚਲਦੀ ਹੈ ,ਮੋਦੀ ਦੀ ਚਲਦੀ ਹੈ ਜਾ ਸੁਸ਼ਮਾ ਦੀ ਕੋਈ ਨਹੀਂ ਜਾਣਦਾ। ਉਂਝ ਮਾਹਿਰਾਂ ਦਾ ਮੰਨਣਾ ਹੈ ਕਿ ਵਿਦੇਸ਼ ਨੀਤੀ ਅੰਦਰਲੇ ਰਵਾਇਤੀ ਮੰਨੇ ਜਾਂਦੇ ਅੰਦਰੂਨੀ ਤੱਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।


ਮੋਦੀ ਦੇ ਪੀ ਅੇਮ ਬਣਨ ਨਾਲ ਸਮੱਸਿਆਵਾਂ ਗੁੰਝਲਦਾਰ ਹੋ ਰਹੀਆਂ ਹਨ।ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿੱਚ ਕੋਈ ਸੁਧਾਰ ਨਹੀਂ ਹੋਇਆ।ਭਾਰਤ ਦੇ 80 ਪਰਤੀਸ਼ਤ ਲੋਕ ਅੱਜ ਵੀ ਬਿਨਾਂ ਦਵਾਈ ਲਏ ਜੀਵਨ ਬਤੀਤ ਕਰ ਰਹੇ ਹਨ।ਏਹੀ ਹਾਲ ਸਿੱਖਿਆ ਦਾ ਹੈ ।ਸਾਰੇ ਪਾਸੇ ਅੰਗਰੇਜ਼ੀ ਦਾ ਬੋਲ ਬਾਲਾ ਹੈ।ਪਰ ਪੀ ਐਮ ਨੂੰ ਅੰਗਰੇਜ਼ੀ ਨਹੀਂ ਆਉਂਦੀ।ਇਸ ਦੇ ਬਾਵਯੂਦ ਉਹਨਾਂ ਦੇ ਮਨ ਵਿੱਚ
ਅੰਗਰੇਜ਼ੀ ਲਈ ਮੋਹ ਪੈਦਾ ਹੋ ਰਿਹਾ ਹੈ ਕਿਉਂਕਿ ਉਹ ਅੰਗਰੇਜ਼ੀ ਪਰਸਤ ਅਫਸ਼ਾਹੀ ਦਰਮਿਆਨ ਘਿਰੇ ਹੋਏ ਹਨ। ਇਹ ਅਫਸਰਸ਼ਾਹੀ ਹੀ ਪੀ ਐਮ ਦਫਤਰ ਨੂੰ ਚਲਾ ਰਹੀ ਹੈ।ਇਸ ਸਮੇਂ ਪੂਰੀ ਸਰਕਾਰ ਵਨ ਮੈਨ ਸ਼ੋਅ ਬਣ ਕੇ ਰਹਿ ਗਈ ਹੈ।ਇਸ ਲਈ ਭਾਜਪਾ ਅਤੇ ਕੇਂਦਰ ਸਰਕਾਰ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈ।ਜਿੰਨੀ ਜਲਦੀ ਮੋਦੀ ਇੱਕ ਵਿਅਕਤੀ ਦੀ ਸਰਕਾਰ ਵਾਲੇ ਪਰਭਾਵ ਨੂੰ ਹਟਾਉਣਗੇ ਓਨਾ ਹੀ ਦੇਸ਼ ਦੇ ਹਿਤ ਵਿੱਚ ਹੋਵੇਗਾ।

ਸੰਪਰਕ: 0061 470 605255

Comments

Amande s. Johal

Country run by IAS lobby but show one man Modi, even though H.minister ignore, baaki sabh chhodo Hindutav agenda se awaire ho

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ