Sun, 18 February 2018
Your Visitor Number :-   1142584
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਗ਼ਦਰੀ ਬਾਬੇ ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰੇ -ਰਣਦੀਪ ਸੰਗਤਪੁਰਾ

Posted on:- 01-11-2017

suhisaver

ਹਰ ਸਮਾਜਕ ਲਹਿਰ ਦੇ ਕੁਝ ਹਾਂ-ਪੱਖੀ ਤੇ ਕੁਝ ਨਾ-ਪੱਖੀ ਪਹਿਲੂ ਹੁੰਦੇ ਹਨ।ਸਮੇਂ ਦੀ ਇਤਿਹਾਸਕ ਗਤੀਸ਼ੀਲ ਪ੍ਰਕਿਰਿਆ ਮੁਤਾਬਕ ਵੱਖ-ਵੱਖ ਸਮਾਜਿਕ ਲਹਿਰਾਂ ਦੀ ਵੱਖ-ਵੱਖ ਸਮੇਂ ਰਹੀ ਭੂਮਿਕਾ ਦੇ ਕੁਝ ਪੰਨੇ ਦੱਬੇ/ਅਣਗੌਲੇ ਰਹਿ ਜਾਂਦੇ ਹਨ,ਕੁਝ ਨਿਰਾਰਥਕ ਹੋ ਜਾਂਦੇ ਹਨ ਅਤੇ ਕੁਝ ਲੱਖਾਂ ਕਿਸਮ ਦੀਆਂ ਰੋਕਾਂ/ਅੜਚਣਾਂ ਤੋੜ ਕੇ ਆਪਣੀ ਮਹੱਹਤਾ ਤੇ ਮਹਾਨਤਾ ਦੀ ਨਾ ਰੱਦ ਸਕੀ ਜਾਣ ਵਾਲੀ ਅਮਿੱਟ ਛਾਪ ਬਰਕਰਾਰ ਰੱਖਦੇ ਹਨ। ਇਨ੍ਹਾਂ ਲਹਿਰਾਂ ਦੇ ਦੱਬੇ/ਅਣਗੌਲੇ ਰਹਿ ਗਏ ਪੰਨੇ ਖੋਜੇ-ਪੜਤਾਲੇ ਜਾਣੇ ਹੁੰਦੇ ਹਨ, ਨਿਰਾਰਥਕ ਹੋ ਚੁੱਕਿਆਂ ਦੇ ਰੋਣੇ ਨਹੀਂ ਰੋਏ ਜਾਂਦੇ ਤੇ ਉਹ ਸਮਝਦਾਰੀ ਨਾਲ ਛੱਡ ਦਿੱਤੇ ਜਾਂਦੇ ਹਨ ਅਤੇ ਆਪਣੀ ਮਹੱਹਤਾ ਤੇ ਮਹਾਨਤਾ ਦੀ ਨਾ ਰੱਦ ਸਕੀ ਜਾਣ ਵਾਲੀ ਅਮਿੱਟ ਛਾਪ ਪਾਉਣ ਵਾਲੇ ਪੰਨਿਆਂ ਨੂੰ ਨਵਿਆਉਂਦੇ/ਉਚਿਆਉਂਦੇ ਰਹਿਣਾ ਹੁੰਦਾ ਹੈ ਅਤੇ ਜ਼ਬਰੀ ਦਬਾਈ ਗਈ ਪਰ ਖਤਮ ਨਾ ਕੀਤੀ ਜਾ ਸਕਣ ਵਾਲੀ ਸਮਾਜ ਦੀ ਬੇਮਿਸਾਲ ਗ਼ਦਰ ਪਾਰਟੀ ਲਹਿਰ ਦੇ ਬੀਤੇ ਤੇ ਨਜ਼ਰ ਮਾਰਦਿਆਂ ਇਹੀ ਵਰਤਾਰਾ ਵੇਖਣ ਨੂੰ ਮਿਲਦਾ ਹੈ।
 
ਮਹਾਨ ਗ਼ਦਰ ਪਾਰਟੀ ਲਹਿਰ ਦੇ ਦੱਬੇ/ਅਣਗੋਲੇ ਰਹਿ ਗਏ ਤੱਥਾਂ ਨੂੰ ਪਿਛਲੀ ਇਕ ਸਦੀ ਦੇ ਅਰਸੇ ਤੋਂ ਵੱਖ-ਵੱਖ ਖੋਜਾਰਥੀਆਂ ਵੱਲੋਂ ਖੋਜਿਆ-ਪੜਤਾਲਿਆ ਜਾ ਰਿਹਾ ਹੈ।ਇਸ ਵਿਸ਼ਾਲ ਲਹਿਰ ਦੀਆਂ ਬਹੁ-ਪਰਤੀ,ਵਿਭਿੰਨ ਕਿਸਮ ਦੀਆਂ ਸੱਚਾਈਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਮਹਾਨ ਪਾਰਟੀ ਲਹਿਰ ਦੇ ਦੱਬੇ/ਅਣਗੌਲੇ ਰਹੇ ਇਹ ਤੱਥ ਸਮਾਜਿਕ ਤਬਦੀਲੀ ਦੀ ਜੱਦੋ-ਜਹਿਦ 'ਚ ਲੱਗਿਆਂ ਵੱਖ-ਵੱਖ ਕਿਸਮ ਦੀਆਂ ਲੋਕ-ਪੱਖੀ ਸ਼ਕਤੀਆਂ ਲਈ; ਬੇਹਤਰ ਸਮਾਜ ਲਈ ਵਰਤਮਾਨ ਸਮੇਂ 'ਚ ਘੜੇ ਜਾ ਰਹੇ ਵਿਚਾਰਧਾਰਕ ਸਿਆਸੀ ਨੀਤੀ-ਨਿਰਣੇ ਤੇ ਯੁੱਧਨੀਤਿਕ ਦਾਅ-ਪੇਚ ਤਹਿ ਕਰਨ ਲਈ 'ਕੱਚਾ ਮਾਲ' (Raw Matrial) ਮੁਹੱਇਆ ਕਰਦੇ ਹਨ।

ਸਮਾਜ ਦੀਆਂ ਇਹ ਅਗਾਂਹਵਧੂ ਸ਼ਕਤੀਆਂ ਇਹਨਾਂ ਤੱਥਾਂ ਦਾ ਆਲੋਚਨਾਤਮਿਕ ਮੁਲਾਂਕਣ ਕਰਦਿਆਂ ਸਮਾਜਿਕ ਤਬਦੀਲੀ ਦੀ ਦਰੁਸਤ ਸਮਝ ਪੇਸ਼ ਕਰਨ ਤੇ ਉਸ ਸਮਝ ਨੂੰ ਅਮਲੀਜਾਮਾ ਪਹਿਨਾਉਣਾ ਅਮਲ 'ਚ ਹਨ।ਦੂਸਰਾ,ਲਹਿਰ ਦੇ ਸਮਾਂ ਵਿਹਾਅ ਚੁੱਕੇ/ਨਿਰਾਰਥਕ ਪੱਖਾਂ ਜਾਂ ਲਹਿਰ ਦੀਆਂ ਜਾਣੇ -ਅਣਜਾਣੇ ਰਹੀਆਂ ਘਾਟਾਂ,ਕਮਜ਼ੋਰੀਆਂ ਤੇ ਸੀਮਤਾਈਆਂ ਨੂੰ ਵੱਖ-ਵੱਖ ਕੋਣਾਂ ਤੋਂ ਵੇਖਿਆ ਜਾ ਰਿਹਾ ਹੈ।ਇਸ ਸਬੰਧੀ ਮੁੱਖ ਤੌਰ ਤੇ ਦੋ ਰੁਝਾਨ ਸਾਹਮਣੇ ਹਨ।ਇਕ ਮੱਧਯੁਗੀ ਸੋਚ ਦੀਆਂ ਧਾਰਨੀ ਪਿਛਾਖੜੀ ਤਾਕਤਾਂ ਦਾ ਹੈ ਜ਼ੋ ਗ਼ਦਰ ਲਹਿਰ ਨੂੰ ਧਾਰਮਿਕ ਵਲਗਣਾਂ 'ਚ ਬੰਨਣ ਦੀ ਨਿਰਾਰਥਕ, ਅਸਮਾਜਿਕ ਤੇ ਗੈਰ-ਹਕੀਕੀ ਕਸਰਤ ਕਰ ਰਹੀਆਂ ਹਨ।ਜਦਕਿ ਇਨ੍ਹਾਂ "ਮੂੜਮੱਤੀਆਂ " ਦੇ ਮੱਤ ਦਾ ਖੰਡਨ ਕਰਨ ਲਈ ਗ਼ਦਰ ਪਾਰਟੀ ਦੇ ਪ੍ਰੋਗਰਾਮ 'ਚ ਸ਼ਾਮਲ 'ਧਰਮ-ਨਿਰਪੱਖਤਾ'ਦੀ ਮੱਹਤਵਪੂਰਨ ਧਾਰਾ ਹੀ ਕਾਫ਼ੀ ਹੈ।ਇਹ ਬੀਤੇ ਤੇ ਜ਼ੋਰ-ਜ਼ੋਰ ਦੀ ਹ਼ੰਝੂ ਕੇਰ ਰਿਹਾ ਹੈ।

ਜਿਹੜੇ ਵਿਰਸੇ ਨੂੰ ਤਿਆਗਣ ਦਾ ਦੋਸ਼ ਇਹ ਪਿਛਾਖੜ ਤਾਕਤਾਂ ਅੱਜ ਲੋਕਾਂ ਦੇ ਜਿਸ ਹਿੱਸੇ ਸਿਰ ਮੜ੍ਹ ਰਹੀਆਂ ਹਨ ਉਹ ਕਿਰਤੀ ਲੋਕ ਬਦਲਵੇਂ ਸਮਾਜਕ ਸੰਦਰਭ 'ਚ ਲੋਕ ਦੁਸ਼ਮਣ ਤਾਕਤਾਂ ਖਿਲਾਫ ਵੱਖ-ਵੱਖ ਢੰਗਾਂ ਨਾਲ ਲੜ੍ਹ-ਮਰ ਰਹੇ ਹਨ ਤੇ ਲਗਾਤਾਰ ਸਾਂਝੀਵਾਲਤਾ ਦੇ ਸਮਾਜ ਦੀ ਸਥਾਪਤੀ ਵੱਲ ਰਹੇ ਹਨ।ਜਦਕਿ ਆਪ ਖੁਦ ਉਸ ਵਿਰਸੇ(ਜਿਸਦੀ ਗੱਲ ਕਰਦੇ ਹਨ) ਦੇ ਅਗਾਂਹਵਧੂ ਤੱਤ ਨੂੰ ਨਾਕਾਰ ਚੁੱਕੇ ਇਹ ਲਫਾਜੀਬਾਜ਼ ਲੋਕਦੋਖੀ ਤਾਕਤਾਂ ਦੀ ਬੁੱਕਲ ਦਾ ਨਿੱਘ ਮਾਣ ਰਹੇ ਹਨ।ਦੂਜਾ ਰੁਝਾਨ ਲੋਕਪੱਖੀ ਤਾਕਤਾਂ ਦਾ ਹੈ ਜੋ ਲਹਿਰ ਦੇ ਸਮਾਂ ਵਿਹਾਅ ਚੁੱਕੇ/ਨਿਰਾਰਥਕ ਪੱਖਾਂ ਜਾਂ ਲਹਿਰ ਦੀਆਂ ਜਾਣੇ-ਅਣਜਾਣੇ ਰਹੀਆਂ ਘਾਟਾਂ, ਕੰਮਜ਼ੋਰੀਆਂ ਤੇ ਸੀਮਤਾਈਆਂ ਨੂੰ ਪੜਚੋਲਦਿਆਂ ਜਮਾਤੀ ਜੱਦੋਜਹਿਦ ਨੂੰ ਵੱਖ-ਵੱਖ ਢੰਗਾਂ ਨਾਲ ਅੱਗੇ ਵਧਾਉਣ ਚ ਅਸਫ਼ਲ ਰਹਿ ਰਿਹਾ ਹੈ।ਤੀਸਰਾ,ਗ਼ਦਰ ਲਹਿਰ ਦੇ ਉਹ ਪੱਖ ਜਿੰਨ੍ਹਾਂ ਨੇ ਆਪਣੀ ਮਹੱਹਤਾ ਤੇ ਮਹਾਨਤਾ ਦੀ ਨਾ ਰੱਦ ਸਕੀ ਜਾਣ ਵਾਲੀ ਅਮਿੱਟ ਛਾਪ ਪਾਈ ਹੈ,ਨੂੰ ਪੂਰੇ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ,ਨਵਿਆਇਆ ਜਾ ਰਿਹਾ ਹੈ।

ਦੇਸ਼ ਦੀਆਂ ਰੰਗ-ਬਰੰਗੀਆਂ ਵੋਟ -ਬਟੋਰੂ ਪਾਰਟੀਆਂ ਦੇ ਭ੍ਰਿਸ਼ਟ,ਅਪਰਾਧੀ ਤੇ ਫਿਰਕਾਪ੍ਰਸਤ ਨੇਤਾਵਾਂ ਦੀ ਜੁਬਾਨ ਨੂੰ ਤੰਦੂਆ ਪਿਆ ਹੋਇਆ ਹੈ ਤੇ ਉਹ ਗ਼ਦਰ ਪਾਰਟੀ ਲਹਿਰ ਦਾ ਜ਼ਿਕਰ ਤੱਕ ਕਰਨ ਤੋਂ ਤ੍ਰਹਿਕ ਰਹੇ ਹਨ।ਲੋਕਤੰਤਰ ਦੇ ਲਬਾਦੇ ਹੇਠ ਅਮੀਰ ਵਰਗ ਦੀ ਤਾਨਾਸ਼ਾਹੀ ਲਾਗੂ ਕਰਨ ਤੇ ਹਿਟਲਰਸ਼ਾਹੀ ਤਾਕਤਾਂ ਨੂੰ ਬੜਾਵਾ ਦੇ ਰਹੇ ਹਨ।ਉਨ੍ਹਾਂ ਗ਼ਦਰ ਲਹਿਰ ਦੇ ਸੂਰਵੀਰਾਂ ਦੀਆਂ ਕੁਰਬਾਨੀਆਂ ਨੂੰ ਤਾਂ ਕੀ ਉਭਾਰਨਾ ਤੇ ਨਵੀਂ ਪੀੜ੍ਹੀ ਦੇ ਸਨਮੁੱਖ ਕਰਨਾ ਹੈ ਬਲਕਿ ਉਲਟਾ ਅੱਜ ਨਵੀਂ ਪੀੜ੍ਹੀ ਦੇ ਦਿਲੋਂ-ਦਿਮਾਗ 'ਚੋਂ ਉੱਚੇ-ਸੁੱਚੇ ਤੇ ਦ੍ਰਿੜ ਇਖਲਾਕ ਵਾਲੇ ਸ਼ਹੀਦਾਂ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਮੂਲੋਂ ਖਾਰਜ ਕਰਨ ਲਈ ਸੱਭਿਆਚਾਰ ਦੇ ਨਾਂ ਹੇਠ ਅਸ਼ਲੀਲਤਾ,ਸਨਕੀਪੁਣਾ,ਨਸ਼ੇ ਆਦਿ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਹੈ।ਮਿਹਨਤਕਸ਼ ਲੋਕਾਂ ਤੇ ਨੋਜਵਾਨ ਨੂੰ ਅਜਿਹੇ ਕੁਰਾਹਿਆਂ ਤੋਂ ਸੁਚੇਤ ਰਹਿਣ ਚਾਹੀਦਾ ਹੈ।

ਗ਼ਦਰ ਲਹਿਰ ਨੂੰ ਤਾਜ਼ਗੀ ਤੇ ਹੁਲਾਰਾ ਦੇਣ ਵਿਚ ਨੌਜਵਾਨ ਗ਼ਦਰੀ ਇਨਕਲਾਬੀਆਂ ਦਾ ਵਿਸ਼਼ੇਸ਼ ਯੋਗਦਾਨ ਰਿਹਾ। ਗ਼ਦਰ ਪਾਰਟੀ ਦੀ ਜ਼ਿੰਦ-ਜਾਨ,ਚੜ੍ਹਦੀ ਜਵਾਨੀ ਵੇਲੇ ਫਾਂਸੀ ਦੇ ਫੰਦੇ ਨੂੰ ਗਲ 'ਚ ਪਾਉਣ ਵਾਲਾ ਕਰਤਾਰ ਸਿੰਘ ਸਰਾਭਾ ਉਨ੍ਹੀ ਵਰ੍ਹਿਆਂ ਦਾ ਮੁੱਛ-ਫੁੱਟ ਨੌਜਵਾਨ ਸੀ।ਗ਼ਦਰ ਅਖਬਾਰ ਕੱਢਣ, ਕਾਮਾਗਾਟਾਮਾਰੂ ਦੇ ਯਾਤਰੀਆਂ ਨਾਲ ਸੰਪਰਕ ਕਰਨ,ਫ਼ੌਜੀ ਛਾਉਣੀਆਂ 'ਚ ਬਗਾਵਤ ਦੇ ਸੁਨੇਹੇ ਦੇਣ ਤੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਲ ਵਿੱਚ ਉਸਦੀ ਬੇਜੋੜ ਭੂਮਿਕਾ ਰਹੀ। ਕੇਵਲ ਸਰਾਭਾ ਹੀ ਨਹੀ ਵਿਸ਼ਣੂ ਗਣੇਸ਼ ਪਿੰਗਲੇ,ਸੰਤੋਖ ਸਿੰਘ ਕਿਰਤੀ, ਰਤਨ ਸਿੰਘ ਰਾਏਪੁਰ ਡੱਬਾ, ਰਹਿਮਤ ਅਲੀ ਵਜੀਦਕੇ,ਕਾਸੀ਼ ਰਾਮ ਮੜੌਲੀ ਆਦਿ ਨੌਜਵਾਨ-ਵਿਦਿਆਰਥੀ ਗ਼ਦਰ ਪਾਰਟੀ ਦੇ ਜ਼ੋਸ਼ੀਲੇ ਤੇ ਚੇਤੰਨ ਯੋਧੇ ਸਨ, ਜਿੰਨਾਂ ਦੇ ਗ਼ਦਰ ਪਾਰਟੀ ਲਹਿਰ 'ਚ ਨਵੀਂ-ਨਰੋਈ ਤੇ ਇਨਕਲਾਬੀ ਸਪਿਰਟ ਪੈਦਾ ਕੀਤੀ। ਅੱਜ ਵੀ ਉਨ੍ਹਾਂ ਗ਼ਦਰੀ ਇਨਕਲਾਬੀ ਨੌਜਵਾਨ ਯੋਧਿਆਂ ਵਰਗੇ ਸਵੈ-ਕੁਰਬਾਨੀ ਦੇ ਜਜ਼ਬੇ ਦੇ ਧਾਰਨੀ ਹੋਣ ਦੇ ਪਏ ਖਲਾਅ ਨੂੰ ਪੂਰਾ ਕਰਨ ਦੀ ਲੋੜ ਸਾਡੀ ਨੌਜਵਾਨ ਪੀੜ੍ਹੀ ਦੇ ਅਗੇ ਖੜੀ ਹੈ।ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਦਲਵੀਆਂ ਹਾਲਤਾਂ 'ਚ ਗ਼ਦਰੀ ਸੂਰਬੀਰਾਂ ਦੀ ਵਚਨਬੱਧਤਾ, ਕੁਰਬਾਨੀ,ਸਾਦਗੀ ਤੇ ਲਗਾਤਾਰ ਵਿਕਸਿਤ ਹੁੰਦੀ ਰਹੀ ਤੇ ਹੋਰ ਵੱਧ ਨਿਖਰ ਰਹੀ ਲੋਕਪੱਖੀ ਵਿਚਾਰਧਾਰਾ ਤੇ ਸਿਆਸਤ ਨੂੰ ਆਪਣੇ ਮਨਾਂ ਅੰਦਰ ਆਤਮਸ਼ਾਤ ਕਰਨਾ ਚਾਹੀਦਾ ਹੈ।ਇਕੀਵੀਂ ਸਦੀ ਦੇ ਨਿਡਰ ਤੇ ਚੇਤੰਨ ਨੌਜਵਾਨਾਂ ਨੂੰ ਮੁਲਕ ਦੇ ਮਿਹਨਤਕਸ਼ ਲੋਕਾਂ ਨੂੰ ਲੁੱਟਣ-ਲਤਾੜਣ ਵਾਲੀਆਂ ਦੁਸ਼ਮਣ ਤਾਕਤਾਂ ਖਿਲਾਫ਼ ਗ਼ਦਰੀ ਸੂਰਵੀਰਾਂ ਵਰਗੀ ਸਵੈ-ਕੁਰਬਾਨੀ ਦੀ ਭਾਵਨਾ ਨੂੰ ਸੱਜਰਾ ਕਰਨਾ ਚਾਹੀਦਾ ਹੈ।ਗ਼ਦਰੀ ਸੂਰਵੀਰਾਂ ਦੀ ਅਮੀਰ ਵਿਰਾਸਤ ਦੇ ਵਾਰਿਸ ਕਹਾਉਣ ਵਾਲਿਆਂ ਨੂੰ ਲੋਕ ਮੁਕਤੀ ਦੀ ਹਕੀਕੀ ਜੱਦੋਜਹਿਦ ਦੇ ਕਹਿਣੀ ਤੇ ਕਰਨੀ 'ਚ ਸੰਗੀ ਬਣਨਾ ਹੀ ਗ਼ਦਰ ਲਹਿਰ ਪ੍ਰਤੀ ਇਮਾਨਦਾਰ ਹੋਣਾ ਹੈ।ਊਸਨੂੰ ਹੋਰ ਅੱਗੇ ਲਿਜਾਣ ਲਈ ਸਵੈ-ਕੁਰਬਾਨੀ ਦੀ ਭਾਵਨਾ ਨਾਲ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਵਾਲੇ ਨੌਜਵਾਨਾਂ ਦੀ ਬੇਹੱਦ ਜਿਆਦਾ ਲੋੜ ਹੈ।ਕੀ ਤੁਸੀਂ ਮਹਾਨ ਗ਼ਦਰ ਲਹਿਰ ਵਿਰਾਸਤ ਦੇ ਵਾਰਸ ਚੇਤੰਨ-ਜੁਝਾਰੂ ਧੀਆਂ-ਪੁੱਤ ਬਣਨਾ ਲੋਚਦੇ ਹੋ? ਤਾਂ ਫਿਰ ਦੇਰ ਕਿਸ ਗੱਲ ਦੀ! ਸਮੇਂ ਨੂੰ ਤਾਂ ਅੱਜ ਹੀ ਤੁਹਾਡੀ ਲੋੜ ਹੈ!

ਸੰਪਰਕ :+91 98556 95905

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ