Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਨਵੇਂ ਬਜਟ ਦੇ ਆਉਣ ਤੋਂ ਕੁਝ ਦਿਨ ਪਹਿਲਾਂ -ਸੁਕੀਰਤ

Posted on:- 28-01-2018

suhisaver

ਸਾਲ ਦੇ ਪਹਿਲੇ ਮਹੀਨੇ ਦੇ ਦੂਜੇ ਅੱਧ, ਅਤੇ ਸਾਲਾਨਾ ਬਜਟ ਦੇ ਐੇਲਾਨੇ ਜਾਣ ਤੋਂ ਕੁਝ ਦਿਨ ਪਹਿਲਾਂ ਦੀਆਂ ਸੁਰਖੀਆਂ ਕਈ ਨਵੇਂ ਅੰਕੜੇ ਉਛਾਲਦੀਆਂ ਲਭਦੀਆਂ ਹਨ। ਸ਼ੇਅਰ ਬਾਜ਼ਾਰ ਦੀ ਰਫ਼ਤਾਰ ਦੇ ਸੂਚਕ ਅੰਕ ਸੈਂਸੈਕਸ ਨੇ ਪਹਿਲੀ ਵਾਰ 36,000 ਨੂੰ ਜਾ ਛੋਹਿਆ ਹੈ। ਪੈਟਰੋਲ ਦੀਆਂ ਪਿਛਲੇ ਦੋ-ਢਾਈ ਸਾਲਾਂ ਤੋਂ ਨਰਮ ਤੁਰੀਆਂ ਆਂਦੀਆਂ ਕੀਮਤਾਂ ਇਕੇਰਾਂ ਫੇਰ 80 ਰੁਪਏ ਨੂੰ ਪਾਰ ਕਰ ਰਹੀਆਂ ਹਨ।ਅਤੇ ਕੌਮਾਂਤਰੀ ਸੰਸਥਾ ਔਕਸਫ਼ੈਮ ਨੇ ਇੰਕਸ਼ਾਫ਼ ਕੀਤਾ ਹੈ ਕਿ ਲੰਘੇ ਵਰ੍ਹੇ, 2017 ਵਿਚ ਭਾਰਤ ਦੀ ਕੌਮੀ ਆਮਦਨ ਵਿਚ ਜਿਹੜਾ ਵਾਧਾ ਹੋਇਆ ਉਸਦਾ 73 ਪ੍ਰਤੀਸ਼ਤ ਸਭ ਤੋਂ ਉਤਲੇ 1% ਧਨਾਢਤਰ ਤਬਕੇ ਦੇ ਖਜ਼ਾਨਿਆਂ ਵਿਚ ਗਿਆ ਜਦਕਿ ਆਰਥਕ ਪੱਖੋਂ ਸਭ ਤੋਂ ਊਣੇ 67 ਕਰੋੜ ਲੋਕਾਂ ਦੇ ਹਿਸੇ ਉਸ ਦਾ ਸਿਰਫ਼ 1% ਹਿਸਾ ਹੀ ਆਇਆ।

ਦੂਜੇ ਪਾਸੇ , ਦੇਸ ਦੇ ਵਿਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਮਰ ਚੁਕੇ ਵਪਾਰਕ ਕਰਜ਼ਿਆਂ ਦੇ ਭਾਰ ਹੇਠ ਥਿੜਕਦੇ ਜਾਂਦੇ ਬੈਂਕਾਂ ਨੂੰ ਪੱਕੇ ਪੈਰੀਂ ਕਰਨ ਲਈ 88,000 ਕਰੋੜ ਦੀ ਧਨ ਰਾਸ਼ੀ ਮੁਹੱਈਆ ਕਰਾਈ ਜਾਵੇਗੀ। ਅਤੇ ਇਨ੍ਹਾਂ ਹੀ ਦਿਨਾਂ ਵਿਚ ਸਾਡੇ ਦੇਸ ਦੇ ਪਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਵਿਟਜ਼ਰਲੈਂਡ ਦੇ ਸੈਲਾਨੀ ਸ਼ਹਿਰ ਦਾਵੋਸ ਵਿਚ ਹਰ ਸਾਲ ਜੁੜਨ ਵਾਲੀ ਸੰਸਾਰ ਆਰਥਕ ਫੋਰਮ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਕੇ ਭਾਰਤ ਵਿਚ ਨਿਵੇਸ਼ ਦਾ ਸੱਦਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਿਤਾ ਹੈ। ਅਜਿਹਾ ਸੱਦਾ ਦੇਣ ਤੋਂ ਦੋ ਕੁ ਸਾਤੇ ਪਹਿਲਾਂ ਹੀ ਅਜੋਕੀ ਸਰਕਾਰ ਨੇ ਸਿੱਧੀ ਪਰਚੂਨ ਵਿਕਰੀ ਅਤੇ ਫ਼ਨਬਸਪ;ਉਸਾਰੀ ਦੇ ਖੇਤਰਾਂ ਵਿਚ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸੀਮਾ 49 ਤੋਂ ਵਧਾ ਕੇ 100 ਪ੍ਰਤੀਸ਼ਤ ਕੀਤੀ ਸੀ ਅਤੇ ਇਸ ਫੈਸਲੇ ਰਾਹੀਂ ਦੇਸ ਦੀ ਆਰਥਕਤਾ ਦੇ ਹੁਣ ਤਕ ਅਧ-ਭੀੜੇ ਭਿੱਤ ਅਜਿਹੇ ਨਿਵੇਸ਼ ਦੀ ਆਮਦ ਲਈ ਚੌੜ-ਚਪੱਟ ਖੋਲ ਦਿਤੇ ਸਨ।

ਪਰ ਇਨ੍ਹਾਂ ਹੀ ਉਛਾਲੇ ਮਾਰਦੇ ਅੰਕੜਿਆਂ ਦੀ ਸੱਚਾਈ ਦਾ ਇਕ ਦੂਜਾ ਪਾਸਾ ਵੀ ਹੈ। ਅਜੇ ਕੁਝ ਹੀ ਚਿਰ ਪਹਿਲਾਂ ਭਾਰਤ ਸਰਕਾਰ ਨੇ 2017-18 ਲਈ ਵਿਕਾਸ ਦਰ ਦੇ ਆਪਣੇ ਪਹਿਲੋਂ ਪੇਸ਼ ਕੀਤੇ ਅੰਦਾਜ਼ਿਆਂ ਨੂੰਫ਼ਨਬਸਪ; ਆਪ ਹੀ ਘਟਾ ਕੇ 6.5 ਪ੍ਰਤੀਸ਼ਤ ਉਤੇ ਲੈ ਆਂਦਾ ਸੀ। ਇਹ ਵਿਕਾਸ ਦਰ ਪਿਛਲੇ 30 ਸਾਲਾਂ ਦੀ ਔਸਤ ਵਿਕਾਸ ਦਰ ਤੋਂ ਵੀ ਹੇਠਾਂ ਚਲੀ ਗਈ ਹੈ। ਦੂਜੇ ਸ਼ਬਦਾਂ ਵਿਚ ਸਾਡੀ ਆਰਥਕਤਾ ਵਿਚ ਖੜੋਤ ਦੇ ਚਿਨ੍ਹ ਸਪਸ਼ਟ ਹੀ ਨਹੀਂ ਹਨ, ਸਗੋਂ ਹੁਣ ਤਾਂ ਮੱਥੇ ਵਿਚ ਵਜਦੇ ਦਿਸਦੇ ਹਨ। ਅਤੇ ਕੁਝ ਖਤਰੇ ਦੀਆਂ ਘੰਟੀਆਂ ਵੀ ਉਚੀ ਉਚੀ ਟਣਟਣਾ ਰਹੀਆਂ ਹਨ।

ਪਿਛਲੇ ਤਿੰਨ ਸਾਲਾਂ ਤੋਂ ਤੇਲ ਦੀਆਂ ਕੀਮਤਾਂ ਬਹੁਤ ਸੁੰਗੜੀਆਂ ਤੁਰੀਆਂ ਆ ਰਹੀਆਂ ਸਨ। ਤੇਲ ਨੂੰ ਬਾਹਰੋਂ ਮੰਗਾਉਣ ਲਈ ਮਜਬੂਰ ਸਾਡੇ ਦੇਸ ਵਰਗੇ ਅਰਥਚਾਰਿਆਂ ਲਈ ਇਹ ਸਥਿਤੀ ਬਹੁਤ ਸੁਖਾਵੀਂ ਸੀ। ਇਕ ਤਾਂ ਵਿਦੇਸ਼ੀ ਮੁਦਰਾ ਦੀ ਬਚਤ ਹੁੰਦੀ ਹੈ ਅਤੇ ਦੂਜੇ ਵਸਤਾਂ ਦੀਆਂ ਅੰਦਰੂਨੀ ਕੀਮਤਾਂ ਉਤੇ ਇਸਦਾ ਘਟ ਭਾਰ ਪੈਂਦਾ ਹੈ। ਜਦੋਂ ਹੀ ਤੇਲ ਦੀਆਂ ਕੀਮਤਾਂ ਵਧਦੀਆਂ ਹਨ, ਸਧਾਰਨ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਉਛਾਲਾ ਆਦਾ ਹੈ ਕਿਉਂਕਿ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਪੁਚਾਣਾ ਮਹਿੰਗਾ ਹੋ ਜਾਂਦਾ ਹੈ। ਹੁਣ ਜਿਸ ਤੇਜ਼ੀ ਨਾਲ ਸੰਸਾਰ ਮੰਡੀ ਵਿਚ ਤੇਲ ਕੀਮਤਾਂ ਵਧ ਰਹੀਆਂ ਹਨ, ਸਾਡੇ ਦੇਸ ਦੇ ਅਰਥਚਾਰੇ ਉਤੇ ਇਸਦਾ ਪਰਭਾਵ ਪੈਣਾ ਸੁਭਾਵਕ ਹੈ। ਇਨ੍ਹਾਂ ਹਾਲਤਾਂ ਵਿਚ ਪੈਸੇ ਦੀ ਕੀਮਤ ਦਾ ਘਟਣਾ (ਮੁਦਰਾ ਦਾ ਫੈਲਾਅ)ਫ਼ਨਬਸਪ; ਲਾਜ਼ਮੀ ਹੈ, ਜੋ ਖਤਰੇ ਦੀ ਪਹਿਲੀ ਘੰਟੀ ਹੈ।

ਦੂਜੇ ਪਾਸੇ, ਸ਼ੇਅਰ ਬਾਜ਼ਾਰ ਵਿਚ ਤੇਜ਼ੀ, ਅਤੇ ਉਹ ਵੀ ਤਾਬੜਤੋੜ ਤੇਜ਼ੀ, ਇਕ ਅਜਿਹੇ ਸਮੇਂ ਵਿਚ ਆ ਰਹੀ ਹੈ ਜਦੋਂਫ਼ਨਬਸਪ; ਖੁਦ ਸਰਕਾਰ ਮੰਨਦੀ ਹੈ ਕਿ ਵਿਕਾਸ ਦਰ ਘਟੀ ਹੈ ਅਤੇ ਬੈਂਕਿੰਗ ਵਿਵਸਥਾ ਨੂੰ ਵੀ ਨਵਿਆਉਣ ਅਤੇ ਸੁਰਜੀਤ ਰਖਣ ਦੀ ਲੋੜ ਹੈ। ਫ਼ਨਬਸਪ; ਇਸ ਸਮੇਂ ਸ਼ੇਅਰ ਬਾਜ਼ਾਰ ਦੀ ਹਾਲਤ ਇਕ ਅਜਿਹੇ ਫੁਲੇ ਹੋਏ ਭੁਕਾਨੇ ਵਰਗੀ ਹੈ ਜੋ ਕਿਸੇ ਸਮੇਂ ਵੀ ਫੁਸ ਹੋ ਸਕਦਾ ਹੈ: ਬਸ ਇਕ ਮਾੜੀ ਜਿਹੀ ਚੋਭ ਦੀ ਦੇਰ ਹੈ। ਸ਼ੇਅਰ ਬਾਜ਼ਾਰ ਵਿਚ ਲਾਈ ਜਾਣ ਵਾਲੀ ਪੂੰਜੀ ਦਾ ਇਕ ਅਹਿਮ ਹਿਸਾ ਵਿਦੇਸ਼ੀ ਵਿਤੀ ਪੂੰਜੀ ਦਾ ਹੈ ਜੋ ਨਿਰੋਲ ਮੁਨਾਫ਼ੇ ਦੀ ਭਾਲ ਵਿਚ ਵਿਕਾਸਸ਼ੀਲ ਅਰਥਚਾਰਿਆਂ ਵਲ ਮੂੰਹ ਕਰਦੀ ਹੈ, ਅਤੇ ਰਤਾ ਜਿੰਨੀ ਕਸਰ ਦਿਸਣ ‘ਤੇ ਆਪਣਾ ਹਥ ਝਟ ਖਿਚਣ ਵਿਚ ਪਲ ਦੀ ਦੇਰਫ਼ਨਬਸਪ; ਵੀ ਨਹੀਂ ਕਰਦੀ। ਇਹ ਵਰਤਾਰਾ ਏਨੀ ਵਾਰ ਦੇਖਿਆ ਜਾ ਚੁਕਾ ਹੈ (ਅਤੇ ਵੱਖੋ-ਵਖ ਮੁਲਕਾਂ ਵਿਚ ਸ਼ੇਅਰ ਬਾਜ਼ਾਰ ਏਨੀ ਵਾਰ ਠੁਸ ਹੋਇਆ ਹੈ) ਕਿ ਇਸਦੀ ਪੇਸ਼ੀਨਗੋਈ ਕਰਨ ਲਈ ਕੋਈ ਬਹੁਤਾ ਵਿਸ਼ਲੇਸ਼ਕ ਦਿਮਾਗ ਵੀ ਨਹੀਂ ਲੋੜੀਂਦਾ। ਇਸੇ ਆਸਾਰ ਹੁਣ ਏਨੇ ਸਪਸ਼ਟ ਦਿਸਣ ਲਗ ਪਏ ਹਨ ਕਿ ਭਾਰਤੀ ਬੈਂਕਾਂ ਅਤੇ ਵਿਤੀ ਕੰਪਨੀਆਂ ਦੇ ਸਰਗਣੇ (ਜਿਨ੍ਹਾਂ ਦਾ ਕੰਮ ਆਮ ਤੌਰ ਤੇ ਲੋਕਾਂ ਨੂੰ ਨਿਵੇਸ਼ ਵਲ ਧਕਣਾ ਹੁੰਦਾ ਹੈ, ਹੋੜਨਾ ਨਹੀਂ) ਵੀ ਚੇਤਾਵਨੀ ਦੇਣ ਲਗ ਪਏ ਹਨ ਕਿ ਬਾਜ਼ਾਰ ਹੁਣ ਲੋੜ ਤੋਂ ਵਧ ‘ਭਖਿਆ’ ਹੋਇਆ ਹੈ ਅਤੇ ਕਿਸੇ ਵੀ ਸਮੇਂ ‘ਪੰਘਰ’ ਸਕਦਾ ਹੈ। ਉਨ੍ਹਾਂ ਦੀ ਇਹ ਚੇਤਾਵਨੀ ਦਰਅਸਲ ਮੱਧ ਵਰਗੀ ਭਾਰਤੀ ਨਿਵੇਸ਼ਕਾਂ ਲਈ ਹੈ, ਜੋ ਅਜਿਹੇ ‘ਪੰਘਰਾਅ’ ਦੀ ਸੂਰਤ ਵਿਚ ਸਭ ਤੋਂ ਵਧ ਮਾਰੇ ਜਾਣਗੇ।ਭਾਰਤੀ ਵਿਤੀ ਕੰਪਨੀਆਂ ਦੇ ਸਰਗਣੇ ਨਿਵੇਸ਼ਕਾਂ ਨੂੰ ਚੇਤੰਨ ਕਰਨ, ਅਤੇ ਹਥ ਰਤਾ ਖਿਚ ਕੇ ਰਖਣ ਦੀਆਂ ਨਸੀਹਤਾਂ ਦੇਣ ਵਲ ਕਿਉਂ ਮਜਬੂਰ ਹੋਏ ਹਨ? ਕਿਉਂਕਿ ਉਨ੍ਹਾਂ ਨੂੰ ਖਤਰੇ ਦੀ ਘੰਟੀ ਕਿਤੇ ਉਚੇਰੀ ਸੁਣ ਰਹੀ ਹੈ। ਜਿੰਨੀ ਉਚੀ ਟੀਸੀ ਉਤੇ ਸ਼ੇਅਰ ਬਾਜ਼ਾਰ ਜਾ ਚੜHyਗਾ, ਓਨੀ ਹੀ ਭਿਅੰਕਰ ਇਸਦੇ ਢਹਿਣ ਤੋਂ ਮਿਲਣ ਵਾਲੀ ਪਟਕਣੀ ਵੀ ਹੋਵੇਗੀ। ਏਸੇ ਲਈ ਬਹੁਤੇ ਵਿਤੀ ਮਾਹਰ ਸਲਾਹਕਾਰਾਂ ਨੇ ਨਿਵੇਸ਼ਕਾਂ ਨੂੰ ਇਹ ਨਸੀਹਤ ਦੇਣੀ ਸ਼ੁਰੂ ਕਰ ਦਿਤੀ ਹੈ ਕਿ ਉਹ ਆਪਣੇ ਲਾਭ ਦੇ ਕੁਝ ਹਿਸੇ ਨੂੰ ਵੇਚ ਕੇ ਨਗਦ ਵਿਚ ਤਬਦੀਲ ਕਰਾ ਲੈਣ।

ਪਰ ਤੀਜੀ ਅਤੇ ਸਭ ਤੋਂ ਵੱਡੀ ਖਤਰੇ ਦੀ ਘੰਟੀ ਉਹ ਹੈ ਜਿਸ ਵੱਲ ਨਾ ਸ਼ੇਅਰ ਮਾਰਕੀਟ ਦੇ ਮਾਹਰ, ਤੇ ਨਾ ਹੀ ਸਾਡੀ ਸਰਕਾਰ ਇਸ ਵੇਲੇ ਕੋਈ ਕੰਨ ਕਰ ਰਹੇ ਦਿਸਦੇ ਹਨ। ਇਸ ਘੰਟੀ ਵਲ ਥੋੜਾ ਜਿਹਾ ਇਸ਼ਾਰਾ ਔਕਸਫੈਮ ਦੀ ਰਿਪੋਰਟ ਜ਼ਰੂਰ ਕਰਦੀ ਹੈ, ਪਰ ਜੇ ਇਸਨੂੰ ਸਮਝਣ ਲਈ ਕੋਈ ਰਾਜ਼ੀ ਹੋਵੇ। ਸਾਡੇ ਦੇਸ ਅਤੇ ਇਸਦੇ ਅਰਥਚਾਰੇ ਲਈ ਸਭ ਤੋਂ ਵੱਡੀ ਸਮੱਸਿਆ ਇਹ ਨਹੀਂ ਕਿ ਵਿਕਾਸ ਦਰ ਵਧਣ ਦੀ ਬਜਾਏ ਘਟ ਰਹੀ ਹੈ, ਸਗੋਂ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਲੋਕਾਂ ਵਿਚਲਾ ਆਰਥਕ ਪਾੜਾ ਲਗਾਤਾਰ ਵਧ ਰਿਹਾ ਹੈ। ਵਿਕਾਸ ਦੀ ਦਰ ਭਾਂਵੇਂ ਘਟੀ ਹੋਵੇ , ਪਰ ਸਰਮਾਏ ਦੀ ਸਿਰਫ਼ ਕੁਝ ਕੁ ਹੱਥਾਂ ਵਿਚ ਸੀਮਤ ਹੋਈ ਜਾਣ ਦੀ ਦਰ ਲਗਾਤਾਰ ਵਧ ਰਹੀ ਹੈ। ਮਿਸਾਲ ਦੇ ਤੌਰ ‘ਤੇ 2017 ਤੋਂ ਪਹਿਲਾਂ ਦੇਸ ਦੇ ਉਤਲੇ 1 % ਧਨਾਢਤਰ ਤਬਕੇ ਕੋਲ ਦੇਸ ਦੇ ਸਮੁਚੇ ਸਰਮਾਏ ਦਾ 58% ਕੇਂਦਰਤ ਸੀ, ਪਰ ਲੰਘੇ ਸਾਲ ਇਹ ਵਧ ਕੇ 73% ਹੋ ਗਿਆ। ਸੋ ਵਿਕਾਸ ਦਰ ਘਟੇ ਜਾਂ ਵਧੇ, ਨਾਬਰਾਬਰੀ ਦੀ ਇਹ ਖਾਈ ਲਗਾਤਾਰ ਵਧ ਹੀ ਨਹੀਂ, ਸਗੋਂ ਭਿਅੰਕਰ ਰੂਪ ਧਾਰਨ ਕਰ ਰਹੀ ਹੈ। ਇਸ ਨਾਬਰਾਬਰੀ ਨੂੰ ਸਮਝਣ ਲਈ ਇਕ ਮਿਸਾਲ ਹੀ ਕਾਫ਼ੀ ਹੈ: ਸਭ ਤੋਂ ਹੇਠਲੀ ਪੱਧਰ ਤੇ ਕੰਮ ਕਰ ਰਹੇ ਖੇਤ ਮਜ਼ਦੂਰ ਨੂੰ ਸਭ ਤੋਂ ਉਤਲੀ ਪੱਧਰ ਉਤੇ ਬੈਠੇ ਵਪਾਰਕ ਅਫ਼ੳਮਪ;ਸਰ ਜਿੰਨੀ ਸਾਲਾਨਾ ਆਮਦਨ ਪ੍ਰਾਪਤ ਕਰਨ ਲਈ 941 ਸਾਲ ਲਗ ਜਾਣਗੇ।

ਖਤਰੇ ਦੀ ਚੌਥੀ, ਅਤੇ ਗੂੰਜਵੀਂ ਘੰਟੀ ਰੁਜ਼ਗਾਰ ਦੀ ਘਾਟ ਹੀ ਨਹੀਂ ਤਕਰੀਬਨ ਅਣਹੋਂਦ ਹੈ। ਪਿਛਲੇ ਦਸ ਬਾਰਾਂ ਸਾਲਾਂ ਵਿਚ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਕਿਤਿਆਂ ਵਿਚ ਲਗਾਤਾਰ ਸੁੰਗੜਾਅ ਆਇਆ ਹੈ। ਸਨ 2004 ਵਿਚ ਦੇਸ ਦੇ 56.7 ਪ੍ਰਤੀਸ਼ਤ ਕਾਮੇ ਰੁਜ਼ਗਾਰ ਲਈਫ਼ਨਬਸਪ; ਜ਼ਰਾਇਤੀ ਅਰਥਚਾਰੇ ਉਤੇ ਨਿਰਭਰ ਸਨ। 2014 ਤਕ ਇਕ ਸੰਖਿਆ ਘਟ ਕੇ 43.7 ਪ੍ਰਤੀਸ਼ਤ ਰਹਿ ਗਈ। ਦੂਜੇ ਸ਼ਬਦਾਂ ਵਿਚ ਹੁਣ ਦੇਸ ਦੇ ਅੱਧੇ ਤੋਂ ਵਧ ਕਾਮੇ ਹੁਣ ਰੁਜ਼ਗਾਰ ਲਈ ਸਨਅਤ ਨਾਲ ਜੁੜੇ ਧੰਦਿਆਂ ਉਤੇ ਨਿਰਭਰ ਹਨ। ਪਰ ਸਨਅਤੀ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਹੋ ਹੀ ਨਹੀਂ ਰਹੇ। ਇਸਲਈ ਹੇੜਾਂ ਦੀਆਂ ਹੇੜਾਂ ਬੇਰੁਜ਼ਗਾਰਾਂ ਦੀਆਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਹੇੜਾਂ ਵਿਚੋਂ ਹੀ ਲੁੰਪਨ ਅਨਸਰ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਹਰ ਝੂਠੀ-ਸੱਚੀ ਅਫ਼ਵਾਹ ਰਾਹੀਂ ਭੜਕਾਇਆ ਜਾ ਸਕਦਾ ਹੈ, ਰਤਾ ਜਿੰਨੇ ਆਰਥਕ ਲੋਭ ਰਾਹੀਂ ਵਰਗਲਾ ਕੇ ਹਿੰਸਾ ਤੇ ਉਤਾਰੂ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ‘ਪਦਮਾਵਤ’ ਫਿਲਮ ਦੇ ਪ੍ਰਦਰਸ਼ਨ ਕਾਰਨ ਦੇਸ ਦੇ ਕਈ ਹਿਸਿਆਂ ਵਿਚ ਹੋਈ ਹਿੰਸਾ ਇਸ ਦੀ ਤਾਜ਼ਾ ਉਦਾਹਰਣ ਹੈ, ਪਰ ਇਹ ਵਰਤਾਰਾ ਹੁਣ ਏਨਾ ਆਮ ਹੋ ਗਿਆ ਹੈ ਕਿ ਇਸਦੀਆਂ ਰੋਜ਼ਾਨਾ ਮਿਸਾਲਾਂ ਚੇਤੇ ਰਖਣੀਆਂ ਵੀ ਔਖੀਆਂ ਹੋ ਗਈਆਂ ਹਨ।

ਏਸ ਲਈ ਸਰਕਾਰ ਦੇ ਨਾਅਰੇਬਾਜ਼ ਦਮਗਜਿਆਂ ਦੇ ਸ਼ੋਰ ਅਤੇ ਧੁੰਦਲਕੇ ਤੋਂ ਰਤਾ ਪਰੇ ਜਾਕੇ ਦਿਸਣ ਵਾਲੀ ਸਚਾਈ ਬਹੁਤ ਫਿਕਰਮੰਦ ਕਰਨ ਵਾਲੀ ਹੈ। ਇਨ੍ਹਾਂ ਹਾਲਤਾਂ ਵਿਚ ਨਵੇਂ ਰੁਜ਼ਗਾਰ ਪੈਦਾ ਕਰਨਾ ਅਤੇ ਲੋਕਾਂ ਵਿਚਲੇ ਬੇਰਹਿਮ ਆਰਥਕ ਪਾੜੇ ਨੂੰ ਘਟ ਕਰਨ ਦੇ ਠੋਸ ਉਪਰਾਲੇ ਕਰਨਾ ਸਮੇਂ ਦੀ ਫੌਰੀ ਮੰਗ ਹੈ। ਇਸ ਵਲ ਧਿਆਨ ਨਾ ਦੇਣ ਦੇ ਨਤੀਜੇ ਬਹੁਤ ਗੰਭੀਰ ਸਾਬਤ ਹੋਣਗੇ।

Comments

Name (required)

Leave a comment... (required)

Security Code (required)



ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ