Sat, 20 April 2024
Your Visitor Number :-   6988343
SuhisaverSuhisaver Suhisaver

.. ਤਾਂ ਅੱਗੇ ਥੋੜ੍ਹੇ ਚੰਦ ਚੜ੍ਹਾਏ ਨੇ ਪੰਜਾਬੀਆਂ ਨੇ ! - ਕਰਨ ਬਰਾੜ

Posted on:- 14-04-2014

suhisaver

ਪਰਥ 'ਚ 27 ਵੀਆਂ ਸਿੱਖ ਖੇਡਾਂ ਵਿਚ 20 ਅਪ੍ਰੈਲ ਨੂੰ ਹੋ ਰਹੇ ਇੱਕ ਲੱਚਰ ਪ੍ਰੋਗਰਾਮ ਵਿਚ ਸ਼ਰਾਬ ਮੀਟ ਅਤੇ ਸ਼ਬਾਬ ਵਰਤਾਈ ਜਾ ਰਹੀ ਹੈ, ਜਿਸ ਦੀਆਂ ਟਿਕਟਾਂ ਵੀ ਗੁਰਦੁਆਰਾ ਸਾਹਿਬ ਵਿਖੇ ਵੇਚੀਆਂ ਜਾ ਰਹੀਆਂ। ਜਿੱਥੇ ਇਸ ਲੱਚਰ ਪ੍ਰੋਗਰਾਮ ਦਾ ਸੂਝਵਾਨ ਸੱਜਣਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਇਸ ਲੱਚਰ ਪ੍ਰੋਗਰਾਮ ਨੂੰ ਕਰਵਾਉਣ ਲਈ ਪਰਥ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਖੇਡਾਂ ਦੇ ਛੋਟੇ ਵੱਡੇ ਅਹੁਦੇਦਾਰ ਅਤੇ ਪ੍ਰਬੰਧਕ ਇਸ ਨੂੰ ਕਰਵਾਉਣ ਲਈ ਬਜਿੱਦ ਹਨ। ਇਹਨਾਂ ਸਾਰੇ ਰਲੇ ਮਿਲੇ ਪ੍ਰਬੰਧਕਾਂ ਦਾ ਕਹਿਣਾ ਕਿ ਇਹ ਪ੍ਰੋਗਰਾਮ ਤਾਂ ਸਿੱਖ ਖੇਡਾਂ ਦਾ ਹਿੱਸਾ ਹਨ ਇਹ ਤਾਂ ਹੋ ਕੇ ਹੀ ਰਹੇਗਾ।


ਹਾਲਾਂਕਿ ਪਰਥ ਦੀ ਸਿੱਖ ਸੰਗਤ ਅਤੇ ਪੂਰੇ ਆਸਟ੍ਰੇਲੀਆ ਵਿਚ ਇਸਦਾ ਵਿਰੋਧ ਹੋ ਰਿਹਾ ਹੈ। ਇਸਦੇ ਚੱਲਦਿਆਂ ਅੱਜ ਪਰਥ ਦੇ ਗੁਰਦੁਆਰਾ ਸਾਹਿਬ ਵਿਚ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਇਕੱਠੀ ਹੋਈ ਸੰਗਤ ਨੂੰ ਜ਼ਲੀਲ ਕੀਤਾ ਅਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿਚ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੀ ਸਿੱਖ ਸੰਗਤ ਤੇ ਪੁਲਿਸ ਸੱਦੀ ਗਈ ਅਤੇ ਕਿਹਾ ਗਿਆ ਕਿ ਇਹ ਬਦਸੂਰਤ ਸਿੱਖ ਉੱਤੋਂ ਦੀ ਕਿਰਪਾਨਾਂ ਦੇ ਹਥਿਆਰ ਪਾ ਕੇ ਸਾਡੇ ਤੇ ਰੋਹਬ ਪਾਉਂਦੇ ਨੇ, ਸਾਨੂੰ ਪਾਰਟੀਆਂ ਕਰਨ ਤੋਂ ਰੋਕਦੇ ਹਨ।

ਰੋਣਾ ਤਾਂ ਓਥੇ ਆਉਂਦਾ ਕਿ ਹੋਰ ਕੋਈ ਸਿੱਖੀ ਬਾਰੇ ਗੰਦੇ ਕਮੈਂਟ ਕਰੇ ਪੁਲਿਸ ਸੱਦੇ ਪਰ ਜਦੋਂ ਇਹ ਸਭ ਕੁਝ ਗੁਰੂ ਘਰ ਦੇ ਨੁਮਾਇੰਦੇ ਅਜਿਹੀਆਂ ਹਰਕਤਾਂ ਕਰਦੇ ਨੇ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੋਰ ਕੀ ਰਹਿ ਗਿਆ ਕਹਿਣ ਸੁਣਨ ਨੂੰ। ਜਿਨ੍ਹਾਂ ਗੁਰੂ ਘਰਾਂ ਨੇ ਸਾਨੂੰ ਸਿੱਖਿਆ ਦੇਣੀ ਹੈ ਉਲਟਾ ਉਹ ਆਪ ਮੀਟ ਸ਼ਰਾਬ ਦੀਆਂ ਪਾਰਟੀਆਂ ਕਰ ਰਹੇ ਹਨ ਅਤੇ ਸਿੱਖ ਸੰਗਤ ਨੂੰ ਇਸਦਾ ਵਿਰੋਧ ਕਰਨਾ ਪੈ ਰਿਹਾ। ਸੋਚਣਾ ਬਣਦਾ ਕਿ ਇੱਕ ਪਾਸੇ ਤਾਂ ਇਹ ਪ੍ਰਬੰਧਕ ਸਿੱਖ ਖੇਡਾਂ ਦੇ ਨਾਮ ਤੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ, ਉਨ੍ਹਾਂ ਦਾ ਸਹਿਯੋਗ ਮੰਗਦੇ ਹਨ ਅਤੇ ਸਾਰੇ ਆਸਟ੍ਰੇਲੀਆ ਦੀਆਂ ਖੇਡ ਟੀਮਾਂ ਇਕੱਠੀਆਂ ਕਰਦੇ ਹਨ ਆਪਣਾ ਨਾਮ ਚਮਕਾਉਂਦੇ ਹਨ ਦੂਜੇ ਪਾਸੇ ਕੁਝ ਸਰਮਾਏਦਾਰਾਂ ਦੇ ਮਨੋਰੰਜਨ ਵਾਸਤੇ ਸਿੱਖ ਖੇਡਾਂ ਜ਼ਰੀਏ ਲੱਚਰ ਗਾਉਣ ਵਜਾਉਣ ਦਾ ਪ੍ਰੋਗਰਾਮ ਰੱਖਦੇ ਹਨ ਲੋਕਾਂ ਦੇ ਪੈਸੇ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ।


ਆਪਣੀ ਧੌਣ ਵਿੱਚ ਆਕੜ ਦੇ ਕਿਲ੍ਹੇ ਫਸਾ ਫਸਾ ਤੁਰਦੇ ਹਨ। ਜੇ ਪ੍ਰਬੰਧਕਾਂ ਦਾ ਇਹ ਕਹਿਣਾ ਕਿ ਇਹ ਪ੍ਰੋਗਰਾਮ ਇਹਨਾਂ ਖੇਡਾਂ ਦਾ ਹਿੱਸਾ ਹਨ ਅਤੇ ਲਗਾਤਾਰ ਹੋ ਰਹੇ ਹਨ ਤਾਂ ਉਹ ਭਲਿਓ ਮਾਨਸੋ ਜੇ ਪਹਿਲਾਂ ਕਿਸੇ ਨੇ ਨਾ ਪੁੱਛਿਆ ਤਾਂ ਨਾ ਸਹੀ ਪਰ ਹੁਣ ਤਾਂ ਲੋਕ ਜਾਗਰੂਕ ਹੋ ਗਏ ਹਨ। ਹੁਣ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਤਾਂ ਸਭ ਸਟੂਡੈਂਟ ਹਨ ਦੋ ਚਾਰ ਸਾਲ ਦਿਹਾੜੀਆਂ ਲਗਾ ਕੇ ਮੁੜ ਜਾਣਗੇ ਪਰ ਦਸ ਦੇਵਾਂ ਪਤੰਦਰੋ ਅੱਧਿਓਂ ਬਾਹਲ਼ਿਆਂ ਨੇ ਤਾਂ ਆਹ ਪੱਕਿਆਂ ਵਾਲਾ ਮੋਰਚਾ ਮਾਰ ਲਿਆ ਹੈ ਅੱਧੇ ਤਿਆਰੀ ਚ ਨੇ, ਪੜ੍ਹੇ ਲਿਖੇ ਸੂਝਵਾਨ ਨੌਜਵਾਨ ਹੁਣ ਉਠ ਖੜ੍ਹੇ ਨੇ ਜਰਵਾਣਿਆਂ ਦੇ ਹੁੰਦੇ ਗੰਦੇ ਕੰਮਾਂ ਖ਼ਿਲਾਫ਼। ਹੁਣ ਸਵਾਲ ਪੈਦਾ ਹੁੰਦਾ ਕਿ ਜਦੋਂ ਸਾਡੇ ਸਾਹਮਣੇ ਸਥਿਤੀ ਸਾਫ਼ ਹੈ ਤਾਂ ਅਸੀਂ ਆਸਟ੍ਰੇਲੀਆ ਚ ਰਹਿਣ ਵਾਲੇ ਕੀ ਕਰ ਸਕਦੇ ਹਾਂ। ਨੰਬਰ ਇੱਕ ਚੁੱਪ ਚਾਪ ਘਰੇ ਬੈਠ ਕੇ ਦੋਸਤਾਂ ਨਾਲ ਵੀਕ ਇੰਡ ਮਨਾਈਏ, ਐਤਵਾਰ ਨੂੰ ਗੁਰਦੁਆਰੇ ਕਿਸੇ ਦੇ ਲੰਗਰ ਚ ਸ਼ਾਮਿਲ ਹੋਈਏ, ਅੱਜ ਦੀ ਦਿਹਾੜੀ ਦੇ ਇੰਡੀਆ ਚ ਕਿੰਨੇ ਪੈਸੇ ਬਣ ਗਏ ਹਿਸਾਬ ਲਾਈਏ, ਜਾਂ ਫਿਰ ਸੀਮਤ ਸਾਧਨਾ ਅਤੇ ਘੱਟ ਤਜਰਬੇ ਦੇ ਬਾਵਜੂਦ ਇਹਨਾਂ ਪੈਸੇ ਵਾਲਿਆਂ ਨੂੰ ਸਮਝਾਈਏ ਅਤੇ ਇਹਨਾਂ ਤੋਂ ਪੁੱਛੀਏ ਕਿ ਕੀ ਲੱਛਣ ਫੜਿਆ ਹੁਣ ਸਾਡੇ ਗੁਰਦੁਆਰੇ, ਸਿੱਖ ਖੇਡਾਂ ਇਹਨਾਂ ਕੰਜਰ ਕਿੱਤਿਆਂ ਲਈ ਰਹਿ ਗਈਆਂ ਹਨ, ਜਿੱਥੇ ਤੁਸੀਂ ਸਾਡੀਆਂ ਹੀ ਧੀਆਂ ਭੈਣਾ ਦੇ ਲੱਕ ਮਿਣੋਗੇ।

ਲੋਕੋ ਤੁਸੀਂ ਉਨ੍ਹਾਂ ਤੋਂ ਪੁੱਛੋ ਕਿ ਖ਼ਬਰਦਾਰ ਭਾਈ ਜੇ ਅਜਿਹਾ ਗੰਦ ਪਾਇਆ ਤਾਂ ਅਜਿਹੀਆਂ ਚੀਜ਼ਾਂ ਸਾਡੇ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦੀਆਂ। ਅੱਗੇ ਥੋੜ੍ਹੇ ਚੰਦ ਚੜ੍ਹਾਏ ਨੇ ਪੰਜਾਬੀਆਂ ਨੇ ਆਸਟ੍ਰੇਲੀਆ ਵਿਚ। ਇਹਨਾਂ ਖੇਡਾਂ ਵਿਚ ਭਾਗ ਲੈ ਰਹੀਆਂ ਟੀਮਾਂ ਨੇ ਇਸ ਪ੍ਰੋਗਰਾਮ ਦੇ ਵਿਰੋਧ ਵਿਚ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੈ ਪਰਥ ਦੀ ਗਤਕਾ ਟੀਮ ਨੇ ਅਜਿਹੇ ਖੇਡਾਂ ਵਿਚ ਆਪਣੀ ਟੀਮ ਲੈ ਕੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਇਹਨਾਂ ਖੇਡਾਂ ਵਿਚ ਭਾਗ ਲੈ ਰਹੀਆਂ ਬਾਕੀ ਟੀਮਾਂ, ਮੀਡੀਆ, ਦੂਰੋਂ ਨੇੜਿਉਂ ਪਹੁੰਚ ਰਹੇ ਦਰਸ਼ਕਾਂ ਅਤੇ ਖੇਡ ਮੇਲੇ ਦੇ ਸਪੋਨਸਰਜ਼ ਦਾ ਕੀ ਰੁਖ ਰਹੇਗਾ।

ਉਨ੍ਹਾਂ ਦਾ ਕੀ ਸਟੈਂਡ ਰਹੇਗਾ ਸਾਡੇ ਪੰਜਾਬੀ ਭਾਈਚਾਰੇ ਵਾਸਤੇ, ਆਪਣੀਆਂ ਖੇਡਾਂ ਵਾਸਤੇ, ਆਪਣੇ ਅਮੀਰ ਸਭਿਆਚਾਰ ਅਤੇ ਵਿਰਸੇ ਵਾਸਤੇ। ਕੀ ਬਾਕੀ ਟੀਮਾਂ ਵਾਲੇ ਇਹਨਾਂ ਲੱਚਰ ਪ੍ਰੋਗਰਾਮਾਂ ਵਿਚ ਹੋ ਰਹੀਆਂ ਖੇਡਾਂ ਵਿਚ ਭਾਗ ਲੈਣਗੇ ਮੀਡੀਆ ਵਾਲੇ ਇਸਦੀ ਕਵਰੇਜ਼ ਕਰਨਗੇ ਦਰਸ਼ਕ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਡਾਲਰ ਲਾ ਕੇ ਆਉਣਗੇ। ਜਦੋਂ ਇਸ ਲੱਚਰ ਪ੍ਰੋਗਰਾਮ ਦੇ ਸਾਰੇ ਵਿਰੋਧ ਦੇ ਬਾਵਜੂਦ ਪ੍ਰਬੰਧਕ ਆਪਣੇ ਸਟੈਂਡ ਤੇ ਅੜੇ ਹੋਏ ਹਨ ਤਾਂ ਕੀ ਅਸੀਂ ਇੱਕ ਵਾਰ ਸਾਰੇ ਵੈਰ ਵਿਰੋਧ ਭੁਲਾ ਕੇ ਇਕੱਠੇ ਹੋ ਕੇ ਇਸਦਾ ਵਿਰੋਧ ਨਹੀਂ ਕਰ ਸਕਦੇ ਕਿਵੇਂ ਇਹ ਸਾਰੇ ਪ੍ਰਬੰਧਕ ਤੁਹਾਡੀ ਆਮਦ ਤੋਂ ਬਿਨਾਂ ਅਜਿਹੇ ਪ੍ਰੋਗਰਾਮ ਕਰਵਾ ਲੈਣਗੇ । ਆਓ ਸਾਰੇ ਇਕੱਠੇ ਹੋ ਕੇ ਕੋਈ ਹੱਲ ਕੱਢੀਏ ਪ੍ਰਬੰਧਕਾਂ ਨੂੰ ਸਮਝਾਈਏ ਕਿ ਭਾਈ ਕਿਉਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਖ਼ਰਾਬ ਕਰਦੇ ਹੋ ਵਿਦੇਸ਼ਾਂ ਵਿਚ ਕਦੇ ਕਿਸੇ ਹੋਰ ਭਾਰਤੀ ਰਾਜਾਂ ਦੇ ਲੋਕਾਂ ਦੇ ਅਜਿਹੇ ਰੌਲ਼ੇ ਸੁਣੇ ਨੇ ਆਏ ਦਿਨ ਸਾਡੇ ਹੀ ਕਿਉਂ ਗੁਰਦੁਆਰੇ ਵਿਚ ਡਾਂਗਾਂ ਚੱਲਦੀਆਂ, ਅਜਿਹੇ ਕਾਰਨਾਮੇ ਸਾਹਮਣੇ ਆਉਂਦੇ ਨੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਹਨ। ਤੁਸੀਂ ਇਹ ਕੰਜਰ ਕਿੱਤਾ ਦੋ ਚਾਰ ਦਿਨ ਬਾਅਦ ਰੱਖ ਲਓ ਸਾਰੇ ਆਸਟ੍ਰੇਲੀਆ ਚੋਂ ਪੈਸੇ ਇਕੱਠੇ ਕਰਕੇ ਅਸੀਂ ਦੇ ਦੇਵਾਂਗੇ। ਜਾਂ ਤਾਂ ਇਹ ਕੰਜਰ ਕਿੱਤਾ ਬੰਦ ਕਰ ਲਓ ਨਹੀਂ ਤਾਂ ਤੁਹਾਨੂੰ ਆਮ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪਊ ਸਾਡੇ ਸਤਿਕਾਰਯੋਗ ਵੱਡਿਓ ਸਾਡੀ ਥੋੜ੍ਹੀ ਬਹੁਤ ਇੱਜ਼ਤ ਬਚੀ ਰਹਿਣ ਦਿਓ ਜੋ ਗੰਦ ਪੈ ਗਿਆ ਸੋ ਪੈ ਗਿਆ ਅੱਗੇ ਤੋਂ ਤਾਂ ਬਚੀਏ ਹਾਂ ਜੇ ਪੈਸਿਆਂ ਤੇ ਚੌਧਰ ਲਈ ਜ਼ਮੀਰ ਵੇਚ ਦਿੱਤੀ ਹੈ ਤਾਂ ਕੋਈ ਗੱਲ ਨਹੀਂ।


ਅਖੀਰ ਵਿਚ ਪੰਜਾਬੀਆਂ ਵਾਲੀ ਸਾਫ਼ ਅਤੇ ਸਪਸ਼ਟ ਗੱਲ ਜਾਂ ਤਾਂ ਸਿੱਖ ਗੇਮਾਂ ਵਿੱਚ ਹੋ ਰਹੇ ਇਹ ਕੰਜਰ ਕਿੱਤੇ ਬੰਦ ਕਰਵਾਓ ਜਾਂ ਫਿਰ ਕੰਜਰ ਹੋਊ ਜਿਹੜਾ ਇਹਨਾਂ ਗੇਮਾਂ ਵਿੱਚ ਟੀਮਾਂ ਜਾਂ ਪਰਿਵਾਰ ਲੈ ਕੇ ਜਾਊ ਨਾਲ਼ੇ ਜਿਹੜੇ ਪ੍ਰਬੰਧਕ ਇਸ ਨਾਜ਼ੁਕ ਮੌਕੇ ਮੂਕ ਦਰਸ਼ਕ ਬਣਕੇ ਆਪਣਾ ਫ਼ੋਨ ਬੰਦ ਕਰਕੇ ਬੈਠੇ ਹਨ ਕਦੇ ਤਾਂ ਇਹਨਾਂ ਸਵਾਲਾਂ ਦੇ ਸਨਮੁੱਖ ਹੋਣਾ ਹੀ ਪਵੇਗਾ। ਇਹਨਾਂ ਲੱਚਰ ਪ੍ਰੋਗਰਾਮਾਂ ਵਿਚ ਜਿਹੜੀਆਂ ਟੀਮਾਂ ਭਾਗ ਲੈਣਗੀਆਂ ਮੀਡੀਆ ਵਾਲੇ ਖ਼ਬਰਾਂ ਲਾਉਣਗੇ, ਜੋ ਦਰਸ਼ਕ ਓਥੇ ਜਾਣਗੇ ਉਨ੍ਹਾਂ ਨੂੰ ਸਭ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਬਾਕੀ ਸਾਰੀ ਤਸਵੀਰ ਤੁਹਾਡੇ ਸਾਹਮਣੇ ਹੈ ਫ਼ੈਸਲਾ ਤੁਸੀਂ ਆਪ ਕਰਨਾ ਹੈ।

ਸੰਪਰਕ: +61 43085 0045

Comments

sunny

wah

sohn singh

ghait

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ