Wed, 24 April 2024
Your Visitor Number :-   6997193
SuhisaverSuhisaver Suhisaver

ਬਾਲ ਮਨਾਂ ’ਤੇ ਸੰਘ ਦੀ ਸੋਚਣੀ ਲੱਦਣ ਦੀ ਤਿਆਰੀ -ਆਰ ਅਰੁਣ ਕੁਮਾਰ

Posted on:- 28-08-2014

ਨਵੀਂ ਸੰਸਦ ਦੇ ਪਹਿਲੇ ਸੈਸ਼ਨ ਤੋਂ ਹੀ ਸਾਹਮਣੇ ਆ ਗਿਆ ਹੈ ਕਿ ਭਾਜਪਾ ਸਰਕਾਰ ਦਾ ਆਰਥਿਕ ਰਸਤਾ ਕਾਂਗਰਸ ਤੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ ਹੈ। ਇਸ ਲਈ ਇਕ ਆਮ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਫਿਰ ਦੋਵੇਂ ਸਰਕਾਰਾਂ ਵਿਚ ਫ਼ਰਕ ਕੀ ਹੈ? ਹੁਣ ਤੱਕ ਜੋ ਪ੍ਰਗਟ ਹੋ ਰਿਹਾ ਹੈ, ਉਹ ਇਹ ਕਿ ਭਾਜਪਾ ਸਰਕਾਰ ਆਪਣੀ ਸੱਤਾ ਦੀ ਵਰਤੋਂ ਕਰਦਿਆਂ ਦੇਸ਼ ਵਿਚ ਸੰਪਰਦਾਇਕਤਾ ਦਾ ਜ਼ਹਿਰ ਭਰੇਗੀ।

ਆਰਐਸਐਸ ਨਾਲ ਸਬੰਧਤ ਸਿੱਖਿਆ, ਸੰਸਕ੍ਰਿਤੀ ਉਥਾਨ ਟਰੱਸਟ (ਐਸਐਸਯੂਐਨ) ਦੇ ਰਾਸ਼ਟਰੀ ਪ੍ਰਧਾਨ ਦੀਨਾ ਨਾਥ ਬੱਤਰਾ ਨੇ ਸਪੱਸ਼ਟ ਕਿਹਾ ਹੈ ਕਿ ‘‘ਰਾਜਨੀਤਕ ਬਦਲਾਓ ਹੋ ਚੁੱਕਿਆ ਹੈ, ਹੁਣ ਸਿੱਖਿਆ ਵਿਚ ਪੂਰੀ ਤਰ੍ਹਾਂ ਬਦਲਾਓ ਹੋਣਾ ਚਾਹੀਦੈ।’’ ਸਾਬਕਾ ਭਾਜਪਾ ਪ੍ਰਧਾਨ ਅਤੇ ਹੁਣ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਵੀ ਕਿਹਾ ਸੀ ਕਿ ਜੇਕਰ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਪਾਠ ਪੁਸਤਕਾਂ ਦੇ ਪਾਠਕ੍ਰਮ ਵਿਚ ਤਬਦੀਲੀ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 23 ਜੁਲਾਈ ਨੂੰ ਰਾਜ ਸਭਾ ਵਿਚ ਵੀ ਸੰਕੇਤ ਦਿੱਤਾ ਸੀ। ਉਨ੍ਹਾਂ ਦੇਸ਼ ਵਿਚ ਵਧਦੇ ਅਪਰਾਧਾਂ ’ਤੇ ਬੋਲਦਿਆਂ ਕਿਹਾ ਸੀ ਕਿ ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਤਬਦੀਲੀ ਕੀਤੀ ਜਾਵੇਗੀ।

ਬੱਤਰਾ ਨੇ ਸਿੱਖਿਆ ਵਿਚ ਬਦਲਾਓ ਸਬੰਧੀ ਸਪੱਸ਼ਟ ਕਿਹਾ ਹੈ ਕਿ ‘‘ਭਾਰਤ ਵਿਚ ਸਿੱਖਿਆ ਨਾ ਤਾਂ ਪੂਰੀ ਤਰ੍ਹਾਂ ਭਾਰਤੀ ਹੈ ਨਾ ਹੀ ਇਹ ਵਾਸਤਵਿਕ ਸਿੱਖਿਆ ਹੈ। ਇਸ ਦੇਸ਼ ਦੀ ਜ਼ਮੀਨ ਨਾਲ ਸਿੱਖਿਆ ਦਾ ਕੋਈ ਵਾਸਤਾ ਨਹੀਂ। ਇਹ ਮਾਰਕਸ ਅਤੇ ਮੈਕਾਲੇ ਦੇ ਸ਼ਬਦਾਂ ਨਾਲ ਖਿਲਵਾੜ ਦਾ ਨਤੀਜਾ ਹੈ ਕਿ ਅੱਜ ਨੌਜਵਾਨ ਪੀੜ੍ਰੀ ਦਿਸ਼ਾਹੀਣ, ਹੈਂਕੜਬਾਜ਼ ਅਤੇ ਅੜੀਅਲ ਹੋ ਗਈ ਹੈ ਅਤੇ ਬੇਰੋਜ਼ਗਾਰ ਹੋਣ ਦੀ ਦੌੜ ਵਿਚ ਹੈ। ਜ਼ਰੂਰਤ ਮੁਤਾਬਕ ਰਾਸ਼ਟਰ-ਵਿਆਪੀ ਸਿੱਖਿਆ ਪ੍ਰਣਾਲੀ ਵਿਕਸਤ ਕਰਨੀ ਪਵੇਗੀ ਅਤੇ ਉਸ ਰਾਹੀਂ ਸਾਨੂੰ ਇਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਨੀ ਪਵੇਗੀ, ਜਿਹੜੀ ਹਿੰਦੂਤਵ ਅਤੇ ਰਾਸ਼ਟਰਵਾਦ ਨੂੰ ਸਮਰਪਿਤ ਹੋਵੇ।

ਬੱਤਰਾ ਨੇ ਬੜੇ ਵਿਸ਼ਵਾਸ ਨਾਲ ਕਿਹਾ ਹੈ ਕਿ ਮੈਂ ਜਿਹੜੇ ਸੁਝਾਅ ਦੇ ਰਿਹਾ ਹਾਂ, ਸਰਕਾਰ ਉਨ੍ਹਾਂ ਨੂੰ ਪਹਿਲਾਂ ਹੀ ਸ਼ਾਮਲ ਕਰ ਚੁੱਕੀ ਹੈ। ਬੱਤਰਾ ਨੇ ਇਹ ਬਦਲਾਓ ਕੀ ਸੁਝਾਏ ਹਨ, ਉਨ੍ਹਾਂ ਨੂੰ ਸਮਝਣ ਲਈ ਨੌਂ ਪਾਠ ਪੁਸਤਕਾਂ ’ਤੇ ਸਰਸਰੀ ਜਿਹੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਵਿਚੋਂ ਅੱਠ ਸਿਰਫ਼ ਬੱਤਰਾ ਦੀਆਂ ਲਿਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਗੁਜਰਾਤ ਦੇ 42 ਹਜ਼ਾਰ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਵੰਡਿਆ ਗਿਆ ਹੈ।

ਬੱਤਰਾ ਦਾ ਸੁਝਾਅ ਹੈ ਕਿ ਸਾਰੇ ਵਿਸ਼ਿਆਂ ਵਿਚ ਪਹਿਲਾ ਅਧਿਆਇ ਵਿਸ਼ਵ ਸੱਭਿਅਤਾ ’ਚ ਭਾਰਤ ਦੇ ਯੋਗਦਾਨ ਨੂੰ ਦਿਖਾਉਣ ਵਾਲਾ ਹੋਣਾ ਚਾਹੀਦੈ। ਇਹ ਯੋਗਦਾਨ ਕੀ ਹੈ, ਇਹ ਅਸੀਂ ਦੇਖ ਚੁੱਕੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੂਰੀ ਯੋਜਨਾ ਨੂੰ ਪ੍ਰਸਿੱਧ ਇਤਿਹਾਸਕਾਰਾਂ ਨੇ ਕੂੜਾ ਦੱਸਿਆ ਹੈ। ਪ੍ਰੋ. ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ‘‘ਇਹ ਇਤਿਹਾਸ ਨਹੀਂ ਫੈਂਟੇਸੀ ਹੈ।’’ ਜਦੋਂ ਕਿ ਪ੍ਰੋ. ਇਰਫਾਨ ਹਬੀਬ ਦਾ ਪ੍ਰਤੀਕਰਮ ਸੀ ਕਿ, ‘‘ਵਿਸ਼ਾ-ਵਸਤੂ ਇੰਨਾ ਬੇਹੂਦਾ ਹੈ ਕਿ ਕੋਈ ਵੀ ਪ੍ਰਤੀਕਰਮ ਗੈਰ-ਜ਼ਰੂਰੀ ਹੋਵੇਗੀ। ਮੈਨੂੰ ਨਹੀਂ ਪਤਾ ਕਿ ਜਦੋਂ ਇਹ ਭੂਗੋਲ ਨੂੰ ਫੈਂਟੇਸੀ ਵਿਚ ਬਦਲਣਗੇ ਤਾਂ ਬੱਚਿਆਂ ਨੂੰ ਕੀ ਪੜ੍ਹਾਉਣਗੇ?’’

ਇਨ੍ਹਾਂ ਕਿਤਾਬਾਂ ਵਿਚੋਂ ਸਿਰਫ਼ ਤੇਜੋਮਯ ਭਾਰਤ ਦੇ ਕੁਝ ਅੰਸ਼ ਹੀ ਸਾਡੇ ਲਈ ਕਾਫ਼ੀ ਹਨ :

ਅਮਰੀਕਾ ਸਟੇਮ ਸੇਲ ਰਿਸਰਚ ਦੀ ਇਜ਼ਾਦ ਕਰਨ ਦਾ ਸਿਹਰਾ ਲੈਣਾ ਚਾਹੁੰਦਾ ਹੈ ਪਰ ਸਚਾਈ ਇਹ ਹੈ ਕਿ ਭਾਰਤ ਦੇ ਡਾਕਟਰ ਬਾਲ ਕ੍ਰਿਸ਼ਨ ਗਣਪਤ ਮਾਤਾਪੁਰਕਰ ਨੇ ਸਰੀਰ ਦੇ ਵੱਖਵੱਖ ਹਿੱਸਿਆਂ ਨੂੰ ਫਿਰ ਤੋਂ ਪੈਦਾ ਕਰਨ ਦਾ ਪੇਟੈਂਟ ਪਹਿਲਾਂ ਹੀ ਹਾਸਲ ਕਰ ਲਿਆ ਸੀ...ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਖੋਜ ਕੋਈ ਨਵੀਂ ਨਹੀਂ ਹੈ ਅਤੇ ਡਾਕਟਰ ਮਾਤਾਪੁਰਕਰ ਮਹਾਂਭਾਰਤ ਤੋਂ ਪ੍ਰੇਰਿਤ ਹੋਏ ਸਨ...

ਮਹਾਂਭਾਰਤ ’ਚ ਸੰਜੇ ਨੇ ਹਸਤਿਨਾਪੁਰ ਦੇ ਮਹਿਲ ’ਚ ਬੈਠ ਕੇ ਅਤੇ ਆਪਣੀ ਦਿਵਯ ਸ਼ਕਤੀ ਦੀ ਵਰਤੋਂ ਕਰਦਿਆਂ ਅੰਨ੍ਹੇ ਧਿ੍ਰਤਰਾਸ਼ਟਰ ਲਈ ਮਹਾਂਭਾਰਤ ਦੇ ਯੁੱਧ ਦਾ ਲਾਈਵ ਪ੍ਰਸਾਰਨ ਕੀਤਾ ਸੀ...ਅੱਜ ਅਸੀਂ ਜਿਸ ਨੂੰ ਮੋਟਰਕਾਰ ਦੇ ਰੂਪ ’ਚ ਜਾਣਦੇ ਹਾਂ, ਉਹ ਵੈਦਿਕ ਕਾਲ ’ਚ ਮੌਜੂਦ ਸੀ। ਉਹ ਅਨਸ਼ਵ ਰਥ ਅਖਵਾਉਂਦੀ ਸੀ। ਆਮ ਤੌਰ ’ਤੇ ਰਥ ਘੋੜਿਆਂ ਵੱਲੋਂ ਖਿੱਚਿਆ ਜਾਂਦਾ ਹੈ। ਪਰ ਅਨਸ਼ਵ ਦਾ ਮਤਲਬ ਹੈ ਬਿਨਾਂ ਘੋੜਿਆਂ ਤੋਂ ਚੱਲਣ ਵਾਲਾ ਰਥ ਜਾਂ ਯੰਤਰ ਰਥ, ਜੋ ਅੱਜ ਮੋਟਰਕਾਰ ਹੈ। ਰਿਗਵੇਦ ਵਿਚ ਇਸ ਦਾ ਜ਼ਿਕਰ ਆਉਂਦਾ ਹੈ।

ਗੁਜਰਾਤ ਰਾਜ ਸਕੂਲ ਪਾਠ ਪੁਸਤਕ ਬੋਰਡ (ਜੀਐਸਐਸਟੀਬੀ) ਵੱਲੋਂ ਪ੍ਰਕਾਸ਼ਿਤ ‘ਤੇਜੋਮਯ ਭਾਰਤ’ ਬੱਚਿਆਂ ਨੂੰ ਇਤਿਹਾਸ, ਭੂਗੋਲ, ਧਰਮ ਅਤੇ ਦੂਜੀਆਂ ਬੁਨਿਆਦੀ ਚੀਜ਼ਾਂ ਬਾਰੇ ਤੱਥ ਪੜ੍ਹਾਉਣਾ ਚਾਹੁੰਦਾ ਹੈ। ਬੱਤਰਾ ਚਾਹੁੰਦਾ ਹੈ ਕਿ ਭਾਰਤੀ ਸਿੱਖਿਆ ਇਹ ਦਿਸ਼ਾ ਹਾਸਲ ਕਰੇ। ਜਿੱਥੇ ਉਹ ਸਰਕਾਰ ਲਈ ਕਰਨਯੋਗ ਚੀਜ਼ਾਂ ਸਮਝਾਉਂਦਾ ਹੈ ਉਥੇ ਨਾ ਕਰਨਯੋਗ ਚੀਜ਼ਾਂ ਦੀ ਸੂਚੀ ਵੀ ਪੇਸ਼ ਕਰਦਾ ਹੈ। ਉਸ ਅਨੁਸਾਰ, ‘‘ਮੁਸ਼ਕਿਲ, ਦੋਸਤ, ਗੁੱਸਾ, ਸ਼ਰਾਰਤ, ਖ਼ਬਰਦਾਰ, ਗਾਇਬ, ਮੁਹੱਲਾ, ਮੌਕਾ ਅਤੇ ਅਕਸਰ ਵਰਗੇ ਸ਼ਬਦਾਂ ਦੀ ਵਰਤੋਂ ਸਖ਼ਤੀ ਨਾਲ ਬੰਦ ਕੀਤੀ ਜਾਵੇ, ਕਿਉਂਕਿ ਇਹ ਹਿੰਦੀ ਦੇ ਨਹੀਂ ਉਰਦੂ ਦੇ ਸ਼ਬਦ ਹਨ। ਉਹ ਚਾਹੁੰਦਾ ਹੈ ਕਿ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਵਿਚੋਂ ਐਮਐਫ ਹੁਸੈਨ ਅਤੇ ਕਵੀ ਪਾਸ਼ (ਅਵਤਾਰ ਪਾਸ਼) ਦੇ ਸੰਦਰਭ ਵੀ ਹਟਾ ਦਿੱਤੇ ਜਾਣ। ਕਿਉਂਕਿ ਹੁਸੈਨ ਨੇ ਭਾਰਤ ਮਾਤਾ ਨੂੰ ਨਿਰਵਸਤਰ ਚਿਤ੍ਰਤ ਕੀਤਾ ਹੈ ਅਤੇ ਪਾਸ਼ ਵਰਗ ਸੰਘਰਸ਼, ਛੂਤ-ਛਾਤ ਅਤੇ ਸਮਾਜਿਕ ਨਾਬਰਾਬਰੀ ਦੀ ਗੱਲ ਕਰਦਾ ਹੈ।

ਬੱਤਰਾ ਨੂੰ ਇਨ੍ਹਾਂ ਆਲੋਚਨਾਵਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਭਵਿੱਖ ਨੂੰ ਲੈ ਕੇ ਵੀ ਉਸ ਨੂੰ ਕੋਈ ਚਿੰਤਾ ਨਹੀਂ ਹੈ। ਇੰਨਾ ਹੀ ਨਹੀਂ, ਉਹ ਅਤੇ ਉਸ ਵਰਗੇ ਲੋਕ ਆਪਣੇ ਵਿਚਾਰਧਾਰਕ ਉਦੇਸ਼ ਲਈ ਜਿਹੜੇ ਬਦਲਾਓ ਚਾਹੁੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਲੈ ਕੇ ਆਰਐਸਐਸ ਦੀ ਸਹਿਮਤੀ ਉਨ੍ਹਾਂ ਨੂੰ ਪ੍ਰਾਪਤ ਹੈ।

ਆਰਐਸਐਸ ਦੇ ਬੁਲਾਰੇ ਰਹੇ ਰਾਮ ਮਾਧਵ ਜਿਨ੍ਹਾਂ ਨੂੰ ਹੁਣ ਭਾਜਪਾ ਵਿਚ ਕੰਮ ਕਰਨ ਲਈ ਭੇਜਿਆ ਗਿਆ ਹੈ, ਕਹਿੰਦੇ ਹਨ ਕਿ ਬੱਤਰਾ ਇਕ ਪ੍ਰਤੀਬੱਧ ਸਿੱਖਿਆ ਮਾਹਿਰ ਹਨ, ਜਿਹੜੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਭਾਰਤੀ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਵੇ। ਇਸ ਵਿਚ ਗਲਤ ਕੀ ਹੈ? ਉਹ ਵਧੀਆ ਕੰਮ ਕਰ ਰਹੇ ਹਨ। ਆਪਣੀਆਂ ਪੁਸਤਕਾਂ ਵਿਚੋਂ ਇਕ ਵਿਚ ਬੱਤਰਾ ਲਿਖਦਾ ਹੈ ਕਿ ਚੰਗੇ ਮਿੱਤਰਾਂ ਦਾ ਇਕ ਦਾਇਰਾ ਬਣਾ ਕੇ ਰੱਖਣਾ ਹੀ ਕਾਫ਼ੀ ਨਹੀਂ ਹੈ। ਇਸ ਵਿਚ ਗਲਤੀਆਂ ਨਾ ਹੋਣ ਇਸ ਲਈ ਚੰਗਾ ਸੰਗ-ਸਾਥ ਵੀ ਜ਼ਰੂਰੀ ਹੈ। ਇਸ ਦਾ ਅਰਥ ਹੈ ਸੰਤਾਂ ਅਤੇ ਵਿਦਵਾਨ ਲੋਕਾਂ ਦਾ ਸਾਥ। ਜਿਹੜਾ ਵਿਦਿਆਰਥੀ ਰੋਜ਼ਾਨਾ ਆਰਐਸਐਸ ਸ਼ਾਖਾ ਵਿਚ ਜਾਂਦਾ ਹੈ, ਉਹ ਆਪਣੀ ਜ਼ਿੰਦਗੀ ਵਿਚ ਚਮਤਕਾਰੀ ਬਦਲਾਓ ਮਹਿਸੂਸ ਕਰਦਾ ਹੈ।

ਜ਼ਿੰਦਗੀ ਜਿਉਣ ਦਾ ਆਰਐਸਐਸ ਦਾ ਤਰੀਕਾ ਕੀ ਹੈ? ਇਹ ਅਖੰਡ ਭਾਰਤ ਦੀ ਗੱਲ ਕਰਦਾ ਹੈ, ਜਿਸ ਵਿਚ ਭੂਗੋਲਿਕ ਰੂਪ ਤੋਂ ਸਾਡੇ ਸਾਰੇ ਗਵਾਂਢੀ ਮੁਲਕ ਸਮਾਅ ਜਾਂਦੇ ਹਨ। ਉਹ ਅਧਿਆਤਮਿਕ ਭਾਰਤ ਦੀ ਗੱਲ ਕਰਦਾ ਹੈ, ਜਿਸ ਦੇ ਹਿੰਦੂਤਵ ਵਾਲੇ ਰਸਤੇ ’ਤੇ ਜਾਣ ਦੀ ਹੀ ਪਹਿਚਾਣ ਕੀਤੀ ਗਈ ਹੈ। ਜਿਹੜਾ ਇਹ ਮੰਨਦਾ ਹੈ ਕਿ ਬਾਕੀ ਧਰਮਾਂ ਦੇ ਅਨੁਯਾਈ ਦੂਜੇ ਦਰਜੇ ਦੇ ਨਾਗਰਿਕ ਹਨ। ਉਹ ਹਿੰਦੂਆਂ ਦੇ ਬਰਾਬਰ ਨਹੀਂ ਹਨ।

ਦੀਨਾਨਾਥ ਬੱਤਰਾ ਦਾ ਮੰਨਣਾ ਹੈ ਕਿ ‘‘ਵੱਖਰਾ ਧਰਮ ਦੁੱਖ ਦਾ ਸਰੋਤ ਹੈ।’’ ਇਹ ਵੱਖਰਾ ਧਰਮ ਕੀ ਹੈ? ਇਹ ਇਸਲਾਮ ਤੇ ਇਸਾਈਅਤ ਹੈ। ਇਸ ਅਸਹਿਣਸ਼ੀਲਤਾ ਨੂੰ ਪੱਕਾ ਕਰਨ ਲਈ ਬੱਤਰਾ ਸਾਡੇ ਦੇਸ਼ ਦੀ ਗੰਗਾਜਮੁਨੀ ਤਹਿਜ਼ੀਬ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਅਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਹੋ ਖੁਰਾਕ ਦੇਣਾ ਚਾਹੁੰਦਾ ਹੈ।

ਬੱਤਰਾ ਵੱਲੋਂ ਲਿਖੀਆਂ ਗਈਆਂ ਪੁਸਤਕਾਂ ਵਿਚ ਕਿਹਾ ਗਿਆ ਹੈ ਕਿ ਇੰਡੀਆ ਇਕ ਛੋਟਾ (ਸ਼ੂਦਰ) ਨਾਂ ਹੈ, ਜਿਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਆਰਐਸਐਸ ਅਤੇ ਉਸ ਦੇ ਸੰਗੀ-ਸਾਥੀ ਜਿਸ ਅਸਹਿਣਸ਼ੀਲਤਾ ਦਾ ਪਾਠ ਪੜ੍ਹਾਉਂਦੇ ਹਨ, ਉਹ ਇਸ ਲਈ ‘ਹੋਰ’ ਨਸਲਾਂ, ‘ਹੋਰ’ ਕ੍ਰਿਗ ਅਤੇ ਹਰ ਉਸ ‘ਹੋਰ’ ਤੱਕ ਜਾਂਦੀ ਹੈ, ਜਿਹੜੇ ਉਹ ਖੁਦ, ਯਾਨੀ ਸਵਰਨ ਹਿੰਦੂ, ਹਿੰਦੂ ਸਰਵੋ-ਸਰਵਾ ਅਤੇ ਪਿਤਾ ਪੁਰਖੀ ਨਹੀਂ ਹਨ। ਉਹ ਠੀਕ ਉਹੀ ਕਰ ਰਹੇ ਹਨ ਜੋ ਜਰਮਨੀ ਵਿਚ ਹਿਟਲਰ ਦੀ ਅਗਵਾਈ ਵਿਚ ਨਾਜ਼ੀਆਂ ਨੇ ਕੀਤਾ ਸੀ।

ਸ਼ਾਸਕ ਵਰਗ ਨੇ ਸਿੱਖਿਆ ਨੂੰ ਹਮੇਸ਼ਾ ਹੀ ਇਕ ਅਜਿਹੀ ਸਿੱਖਿਆ ਦੇਣ ਦਾ ਤਰੀਕਾ ਮੰਨਿਆ ਹੈ, ਜਿਹੜੀ ਇਹ ਪੱਕਾ ਕਰੇ ਕਿ ਜਨਤਾ ਮੌਜੂਦਾ ਸਮਾਜਿਕ ਵਿਵਸਥਾ ਨੂੰ ਚੁਣੌਤੀ ਨਾ ਦੇਵੇ। ਆਰਐਸਐਸ ਅਤੇ ਭਾਜਪਾ ਨੌਜਵਾਨਾਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੁੰਦੇ ਹਨ ਜਿਸ ਨਾਲ ਉਹ ਇਕੋ ਜਿਹੇ ਬਣ ਜਾਣ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦੇ ਉਨ੍ਹਾਂ ਦੇ ਨਿਸ਼ਾਨੇ ਨੂੰ ਪੂਰਾ ਕਰਨ।

ਆਰਐਸਐਸ ਅਤੇ ਭਾਜਪਾ ਦੀ ਆਜ਼ਾਦੀ ਦੇ ਸੰਘਰਸ਼ ਵਿਚ ਕੋਈ ਗੌਰਵਸ਼ਾਲੀ ਭੂਮਿਕਾ ਨਹੀਂ ਰਹੀ ਅਤੇ ਬਸਤੀਵਾਦੀਆਂ ਨਾਲ ਉਨ੍ਹਾਂ ਦਾ ਸਮਝੌਤਾ ਰਿਹਾ ਹੈ, ਇਸ ਲਈ ਆਪਣੇ ਆਪ ਨੂੰ ਮੂੰਹ ਦਿਖਾਉਣ ਯੋਗ ਬਣਾਉਣ ਲਈ ਇਤਿਹਾਸ ਨੂੰ ਵਿਗਾੜਨਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ। ਪਰ ਉਹ ਸਾਰੇ ਲੋਕ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ ਜਿਹੜੇ ਜਾਣਦੇ ਹਨ ਕਿ ਦੇਸ਼ ਦੇ ਭਵਿੱਖ ਦੀ ਰੱਖਿਆ ਲਈ ਕਿੰਨੇ ਯਤਨ ਕਰਨੇ ਪੈਣਗੇ, ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ ਅਤੇ ਉਹ ਸਾਰੇ ਲੋਕ ਵੀ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ, ਜਿਹੜੇ ਇਹ ਮੰਨਦੇ ਹਨ ਕਿ ਮੌਜੂਦਾ ਦੁਨੀਆ ਅਤੀਤ ਅਤੇ ਅਤੀਤ ਦੀਆਂ ਪੀੜ੍ਹੀਆਂ ਦਾ ਨਿਚੋੜ ਅਤੇ ਇਕ ਅਜਿਹਾ ਨਿਚੋੜ ਹੈ, ਜੋ ਆਪਣੇ ਆਪ ਨੂੰ ਭਵਿੱਖ ਵਿਚ ਦੇਖਦਾ ਹੈ। ਅਜਿਹੇ ਸਾਰੇ ਲੋਕਾਂ ਨੂੰ ਇਤਿਹਾਸ ਨੂੰ ਗੰਧਲਾ ਕਰਨ ਅਤੇ ਵਰਤਮਾਨ ਨੂੰ ਗਲਤ ਪਾਠ ਪੜ੍ਹਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਸੰਘਰਸ਼ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਸੰਘਰਸ਼ ਸਿਰਫ਼ ਪਾਠ-ਪੁਸਤਕਾਂ ਤੱਕ ਸੀਮਤ ਨਹੀਂ ਹੈ। ਇਹ ਸਾਡੇ ਵਰਤਮਾਨ ਅਤੇ ਭਵਿੱਖ ਤੱਕ ਫੈਲਿਆ ਹੋਇਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ