Sat, 20 April 2024
Your Visitor Number :-   6988008
SuhisaverSuhisaver Suhisaver

ਪਾਕਿਸਤਾਨ ਨੂੰ ਖ਼ੁਦ ਬਰਬਾਦ ਕਰ ਰਹੇ ਹਨ ਸਿਆਸੀ ਆਗੂ – ਡਾ. ਤਾਹਿਰ ਮਹਿਮੂਦ

Posted on:- 01-09-2014

suhisaver

ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਬਣਾ ਕੇ ਤਾਂ ਦੇ ਗਏ ਪਰ 68 ਸਾਲ ਬਾਅਦ ਵੀ ਇਸ ਮੁਲਕ ਦੀ ਲੀਡਰਸ਼ਿਪ ਦੀ ਸਮਝ 'ਚ ਇਹ ਗੱਲ ਨਹੀਂ ਆ ਰਹੀ ਕਿ ਇਸ ਮੁਲਕ ਦਾ ਕੀ ਕੀਤਾ ਜਾਵੇ? ਦੁਨੀਆ 'ਚ ਲਗਭਗ 193 ਮੁਲਕ ਹਨ। ਪਰ ਮੁਸਲਿਮ ਤੇ ਗ਼ੈਰ-ਮੁਸਲਿਮ ਦੀ ਵੰਡ ਦੀ ਬੁਨਿਆਦ 'ਤੇ ਬਣਨ ਵਾਲਾ ਕੇਵਲ ਇਕੋ ਮੁਲਕ ਪਾਕਿਸਤਾਨ ਹੈ। ਇਸ ਮੁਲਕ 'ਚ 90 ਫ਼ੀਸਦੀ ਤੋਂ ਵੱਧ ਮੁਸਲਮਾਨ ਹਨ ਪਰ ਇਸ ਮੁਲਕ 'ਚ ਨਾ ਕੇਵਲ ਆਮ ਲੋਕ ਸਗੋਂ ਲੀਡਰ ਵੀ ਧਾਰਮਿਕ ਫਿਰਕਿਆਂ, ਜ਼ਬਾਨਾਂ ਤੇ ਇਲਾਕਿਆਂ ਦੀ ਬੁਨਿਆਦ 'ਤੇ ਵੰਡੇ ਹੋਏ ਹਨ। ਪਾਕਿਸਤਾਨ 'ਚ ਅਨੇਕਾਂ ਸਰਕਾਰਾਂ ਟੁੱਟੀਆਂ ਤੇ ਬਣੀਆਂ ਹਨ, ਆਮ ਪੜ੍ਹਿਆ-ਲਿਖਿਆ ਪਾਕਿਸਤਾਨੀ ਵੀ ਇਨ੍ਹਾਂ ਬਣੀਆਂ ਤੇ ਟੁੱਟੀਆਂ ਸਰਕਾਰਾਂ ਦੀ ਗਿਣਤੀ ਨਹੀਂ ਦਸ ਸਕਦਾ। ਬਣਨ-ਟੁੱਟਣ ਦੇ ਇਸ ਅਮਲ ਨੇ 1971 ਵਿਚ ਇਸ ਮੁਲਕ ਨੂੰ ਹੀ ਤੋੜ ਕੇ ਰੱਖ ਦਿੱਤਾ। ਪਰ ਮੁਲਕ ਦੇ ਹੋਏ ਦੋ ਟੁਕੜੇ ਵੀ ਨਾ ਇਸ ਮੁਲਕ ਦੇ ਲੀਡਰਾਂ ਨੂੰ ਤੇ ਨਾ ਹੀ ਜਨਤਾ ਨੂੰ ਕੋਈ ਸਬਕ ਸਿਖਾ ਸਕੇ। ਬਚਿਆ-ਖੁਚਿਆ ਮੁਲਕ ਵੀ ਇਸ ਦੇ ਲੀਡਰਾਂ ਨੂੰ ਹਜ਼ਮ ਨਹੀਂ ਹੋ ਰਿਹਾ। ਪਾਕਿਸਤਾਨ ਅੰਦਰ ਜਮਹੂਰੀਅਤ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਇਹ ਮੁਲਕ ਹੀ ਨਹੀਂ ਚਲ ਰਿਹਾ। ਪਾਕਿਸਤਾਨ ਅੰਦਰ ਹਰ ਅਮੀਰ ਤੇ ਗ਼ਰੀਬ ਬੰਦੇ ਦੀਆਂ ਅੱਖਾਂ 'ਚੋਂ ਇਹ ਸਵਾਲ ਪੜ੍ਹਿਆ ਜਾ ਸਕਦਾ ਹੈ ਕਿ, ਕੀ ਪਾਕਿਸਤਾਨ ਅੰਦਰ ਸਰਕਾਰ ਚਲਾਉਣ ਦਾ ਹਰ ਢੰਗ-ਤਰੀਕਾ ਨਾਕਾਮ ਹੋ ਚੁੱਕਿਆ ਹੈ? ਜਾਂ ਫਿਰ ਇਹ ਮੁਲਕ ਹੀ ਨਾਕਾਮ ਰਿਆਸਤ ਬਣ ਚੁੱਕਿਆ ਹੈ?

ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਅਤੇ ਤਾਹਿਰ-ਉਲ-ਕਾਦਰੀ ਦਾ ਪਾਕਿਸਤਾਨ ਅਵਾਮੀ ਤਹਿਰੀਕ ਸੰਗਠਨ 14 ਅਗਸਤ ਤੋਂ ਇਸਲਾਮਾਬਾਦ ਵਿਚ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਅਸਤੀਫਿਆਂ ਸਮੇਤ ਆਪਣੀਆਂ ਹੋਰ ਮੰਗਾਂ ਦੀ ਪੂਰਤੀ ਲਈ ਧਰਨਾ ਮਾਰੀ ਬੈਠੇ ਹਨ। ਪਹਿਲਾਂ ਇਹ ਰੈੱਡ ਜ਼ੋਨ ਤੋਂ ਬਾਹਰ ਸਨ ਪਰ 18 ਅਗਸਤ ਨੂੰ ਰੈੱਡ ਜ਼ੋਨ ਵਿਚ ਦਾਖਲ ਹੋ ਗਏ ਹਨ ਤੇ 30 ਅਗਸਤ ਦੀ ਰਾਤ ਨੂੰ ਪਾਰਲੀਮੈਂਟ ਵਿਚ ਦਾਖਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਹਾਊਸ ਵੱਲ ਵਧਣ ਲੱਗ ਪਏ, ਜਿਸ ਦੇ ਸਿੱਟੇ ਵਜੋਂ ਪੁਲਿਸ ਨੂੰ ਲਾਠੀਚਾਰਜ, ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਇਕ ਪਾਕਿਸਤਾਨ 1947 'ਚ ਬਣਿਆ ਸੀ, ਜੋ ਪਾਕਿਸਤਾਨ ਦੀ ਜਗੀਰਦਾਰ ਲੀਡਰਸ਼ਿਪ ਤੇ ਸਿਵਲ ਤੇ ਫ਼ੌਜੀ ਨੌਕਰਸ਼ਾਹੀ ਦੀਆਂ ਮੁਜਰਮਾਨਾ ਗ਼ਲਤੀਆਂ ਨਾਲ 1971 'ਚ ਟੁੱਟ ਗਿਆ ਸੀ।

ਮੁਜੀਬ-ਉਰ-ਰਹਿਮਾਨ ਨੂੰ ਚੋਣਾਂ 'ਚ ਭਾਰੀ ਗਿਣਤੀ 'ਚ ਵੋਟਾਂ ਪਈਆਂ ਸਨ। ਪਰ ਪੱਛਮੀ ਪਾਕਿਸਤਾਨ ਦੀ ਸਿਆਸੀ ਲੀਡਰੀਸ਼ਿਪ ਤੇ ਮਿਲਟਰੀ ਤੇ ਸਿਵਲ ਬਿਊਰੋਕਰੇਸੀ ਨੇ ਮੁਜੀਬ-ਉਰ-ਰਹਿਮਾਨ ਨੂੰ ਸਰਕਾਰ ਬਣਾਉਣ ਨਹੀਂ ਦਿੱਤੀ, ਜੋ ਉਸ ਦਾ ਹੱਕ ਬਣਦਾ ਸੀ। ਪਾਕਿਸਤਾਨ ਦੇ ਜਗੀਰਦਾਰ ਸਿਆਸੀ ਲੀਡਰ ਤੇ ਪੀਪਲਜ਼ ਪਾਰਟੀ ਦੇ ਚੇਅਰਮੈਨ ਸ੍ਰੀ ਜ਼ੁਲਫ਼ਕਾਰ ਅਲੀ ਭੁੱਟੋ ਨੇ 'ਉਧਰ ਤੁਮ-ਇਧਰ ਹਮ' ਦਾ ਨਾਅਰਾ ਲਾ ਦਿੱਤਾ। ਪੂਰਬੀ ਪਾਕਿਸਤਾਨ ਦੇ ਮੁਸਲਮਾਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਪੱਛਮੀ ਪਾਕਿਸਤਾਨ ਦੇ ਜਗੀਰਦਾਰਾਂ, ਵਡੇਰਿਆਂ ਤੇ ਸਿਵਲ ਤੇ ਮਿਲਟਰੀ ਬਿਊਰੋਕਰੇਸੀ ਨਾਲ ਨਹੀਂ ਚਲ ਸਕਦੇ। ਪੂਰਬੀ ਪਾਕਿਸਤਾਨ 'ਚ ਇਕ ਜਨਤਕ ਜੰਗ ਸ਼ੁਰੂ ਹੋਈ। ਉਦੋਂ ਬਲਦੀ ਅੱਗ 'ਤੇ ਤੇਲ ਉਸ ਸਮੇਂ ਦੀ ਹਿੰਦੁਸਤਾਨੀ ਸਰਕਾਰ ਨੇ ਵੀ ਪਾਇਆ। ਇੰਜ ਪਾਕਿਸਤਾਨ ਜਵਾਨ ਹੋਣ ਤੋਂ ਪਹਿਲਾਂ ਹੀ ਆਪਣੀ ਇਕ ਬਾਂਹ ਕਟਵਾ ਬੈਠਾ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਹੁਣ ਇਸ ਮੁਲਕ ਦੇ ਪੜ੍ਹੇ-ਲਿਖੇ ਜਾਹਿਲ ਲੀਡਰ 'ਪਾਕਿਸਤਾਨ ਦੀ ਦੂਜੀ ਬਾਂਹ' ਅੱਗੇ ਕਰਕੇ ਪੂਰੀ ਦੁਨੀਆ ਦੀਆਂ ਪਾਕਿਸਤਾਨ ਦੁਸ਼ਮਣ ਤਾਕਤਾਂ ਨੂੰ ਆਵਾਜ਼ਾਂ ਮਾਰ ਰਹੇ ਹਨ ਕਿ ਵੇਖਦੇ ਕੀ ਹੋ? ਅੱਗੇ ਵਧੋ ਤੇ ਸਾਡੀ ਦੂਜੀ ਬਾਂਹ ਵੀ ਭੰਨ ਦਿਓ। ਜੋ ਆਪ ਮਰਨ ਲਈ ਤਿਆਰ ਹੋ ਜਾਣ, ਉਨ੍ਹਾਂ ਨੂੰ ਭਲਾ ਕੌਣ ਬਚਾ ਸਕਦਾ ਹੈ?

ਪਾਕਿਸਤਾਨ 'ਚ ਹੋਈਆਂ ਚੋਣਾਂ ਤੋਂ ਬਾਅਦ ਕੇਵਲ ਇਕ ਸਾਲ ਤੋਂ ਕੁਝ ਵੱਧ ਸਮਾਂ ਹੀ ਬੀਤਿਆ ਹੈ, ਕੇਂਦਰ 'ਚ ਨਵਾਜ਼ ਸ਼ਰੀਫ਼ ਪਾਰਟੀ ਦੀ ਸਰਕਾਰ ਬਣੀ ਨੂੰ।

ਹੁਣ ਇਮਰਾਨ ਖ਼ਾਨ ਤੇ ਉਸ ਦੇ ਹਾਮੀਆਂ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ ਕਿ ਚੋਣਾਂ ਵਿਚ ਧਾਂਦਲੀ ਹੋਈ ਸੀ, ਸਾਨੂੰ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਕਬੂਲ ਨਹੀਂ ਹੈ। ਪਾਕਿਸਤਾਨ 'ਚ ਜਮਹੂਰੀਅਤ ਨੂੰ ਹਾਲੇ ਪਟੜੀ 'ਤੇ ਚੜ੍ਹਿਆਂ ਬਹੁਤਾ ਸਮਾਂ ਨਹੀਂ ਬੀਤਿਆ। ਪਰ ਇਸ ਮੁਲਕ ਦੇ ਸਿਆਸੀ ਲੀਡਰਾਂ ਨੇ ਜੁੱਤੀਆਂ 'ਚ ਦਾਲ ਵੰਡਣੀ ਸ਼ੁਰੂ ਕਰ ਦਿੱਤੀ ਹੈ।

ਤਾਹਿਰ-ਉਲ-ਕਾਦਰੀ ਮੁਲਕ 'ਚ ਇਨਕਲਾਬ ਦੀ ਗੱਲ ਕਰਦੇ ਹਨ। ਰੱਬ ਜਾਣਦਾ ਹੈ ਕਿ ਜਾਂ ਫਿਰ 'ਕਾਦਰੀ ਕਿ ਉਹ ਇਨਕਲਾਬ ਕਿਹੜਾ ਹੋਵੇਗਾ ਤੇ ਕਿਵੇਂ ਦਾ ਹੋਵੇਗਾ? ਇਮਰਾਨ ਖ਼ਾਨ ਆਜ਼ਾਦੀ ਮਾਰਚ ਦਾ ਨਾਅਰਾ ਲਾ ਕੇ 'ਪਾਰਲੀਮੈਂਟ' 'ਤੇ ਹਮਲਾ ਕਰਨ ਲਈ ਇਸਲਾਮਾਬਾਦ ਪਹੁੰਚੇ ਹੋਏ ਨੇ।

ਪਰ ਇਮਰਾਨ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਗਲੀਆਂ ਦਾ ਗੁੰਡਾ ਲਗਦਾ ਹੈ। ਉਸ ਨੂੰ ਸਟੇਜ 'ਤੇ ਖੜ੍ਹੇ ਹੋ ਕੇ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੈ।

'ਓਏ ਨਵਾਜ਼ ਸ਼ਰੀਫ਼ ਅਸਤੀਫ਼ਾ ਦੇ' , 'ਓਏ ਨਵਾਜ਼ ਸ਼ਰੀਫ਼ ਤੇਰੀਆਂ ਲੱਤਾਂ ਕਿਉਂ ਥਰ-ਥਰ ਕੰਬ ਰਹੀਆਂ ਹਨ', 'ਓਏ ਨਵਾਜ਼ ਸ਼ਰੀਫ਼ 'ਆ' ਤੂੰ ਤੇ ਮੈਂ ਲੜ ਕੇ ਦੇਖ ਲੈਂਦੇ ਹਾਂ। ਜੋ ਜਿੱਤੇਗਾ ਉਹ ਹੀ ਪਾਕਿਸਤਾਨ ਦਾ ਹੁਕਮਰਾਨ ਹੋਵੇਗਾ', ਵਰਗੀਆਂ ਗੱਲਾਂ ਕਹੀਆਂ ਗਈਆਂ। ਇਥੋਂ ਤੱਕ ਕਿ ਇਮਰਾਨ ਖ਼ਾਨ ਨੇ ਨਵਾਜ਼ ਸ਼ਰੀਫ਼ ਤੇ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ 'ਤੇ ਵੀ ਤੁਹਮਤਾਂ ਤੇ ਗੰਭੀਰ ਦੋਸ਼ਾਂ ਦੀ ਭਰਮਾਰ ਕਰ ਦਿੱਤੀ।
ਉਹ ਪਾਰਲੀਮੈਂਟ ਸਾਹਮਣੇ ਸਟੇਜ 'ਤੇ ਖੜ੍ਹਾ ਹੋ ਕੇ ਬੜੇ ਧੜੱਲੇ ਨਾਲ 'ਸਿਵਲ ਨਾਫ਼ਰਮਾਨੀ' ਸ਼ੁਰੂ ਕਰਨ ਦਾ ਐਲਾਨ ਕਰਦਾ ਹੈ। ਪਾਕਿਸਤਾਨ ਦੇ ਸਿਆਸੀ ਲੀਡਰ ਇਕ-ਦੂਜੇ ਨੂੰ ਮਾਰਨ ਦੀਆਂ ਨੀਤੀਆਂ ਬਣਾ ਕੇ ਮੈਦਾਨ 'ਚ ਖੜ੍ਹੇ ਹਨ। ਇਕ ਪਾਸੇ ਇਮਰਾਨ ਖਾਨ, ਤਾਹਿਰ-ਉਲ-ਕਾਦਰੀ, ਸ਼ੇਖ਼ ਰਸ਼ੀਦ, ਚੌਧਰੀ ਸੁਜਾਤ ਹੁਸੈਨ, ਚੌਧਰੀ ਪ੍ਰਵੇਜ਼ ਇਲਾਹੀ ਤੇ ਇਨ੍ਹਾਂ ਦੇ ਦੂਜੇ ਸਾਥੀ ਹਨ ਤੇ ਦੂਜੇ ਪਾਸੇ ਨਵਾਜ਼ ਲੀਗ। ਉਨ੍ਹਾਂ ਦੇ ਨਾਲ ਮਜ਼ਹਬੀ ਜਮਾਤਾਂ ਹੀ ਨਹੀਂ ਬਲਕਿ ਪਾਕਿਸਤਾਨ ਦੀਆਂ ਸਾਰੀਆਂ ਸਿਆਸੀ ਜਮਾਤਾਂ ਜੋ ਪਾਰਲੀਮੈਂਟ ਅੰਦਰ ਬੈਠੀਆਂ ਹਨ, ਇਹ ਸਭ ਨਵਾਜ਼ ਸ਼ਰੀਫ਼ ਸਰਕਾਰ ਦੀਆਂ ਹਮਾਇਤੀ ਹਨ।

ਭਵਿੱਖ 'ਚ ਕੀ ਹੋਵੇਗਾ? ਇਹ ਸਿਆਸੀ ਲੀਡਰ ਜਾਣਦੇ ਹਨ ਤੇ ਜਾਂ ਫਿਰ ਇਨ੍ਹਾਂ ਦਾ ਰੱਬ ਜਾਣਦਾ ਹੈ। ਮੁਲਕ ਤੇਜ਼ੀ ਨਾਲ ਖਾਨਾਜੰਗੀ ਵੱਲ ਵਧ ਰਿਹਾ ਹੈ।
 
ਪਾਕਿਸਤਾਨ ਇਕ ਖ਼ਾਬ ਦੀ ਬੁਨਿਆਦ 'ਤੇ ਬਣਿਆ ਸੀ। ਇਹ ਖ਼ਾਬ ਹਿੰਦੁਸਤਾਨ ਦੇ ਪ੍ਰਸਿੱਧ ਕਵੀ ਸਰ ਅਲਾਮਾ ਇਕਬਾਲ ਨੇ ਦੇਖਿਆ ਸੀ ਕਿ ਹਿੰਦੁਸਤਾਨ ਦੇ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਨੂੰ ਮਿਲਾ ਕੇ ਇਕ ਨਵੀਂ ਆਜ਼ਾਦ ਮੁਸਲਿਮ ਰਿਆਸਤ ਦੀ ਉਸਾਰੀ ਕੀਤੀ ਜਾਵੇ।

ਸੁਪਨੇ ਦੀ ਬੁਨਿਆਦ 'ਤੇ ਬਣਨ ਵਾਲੇ ਇਸ ਮੁਲਕ ਦੇ ਲੀਡਰਾਂ ਨੇ ਪਿਛਲੇ 68 ਸਾਲਾਂ ਤੋਂ ਇਸ ਮੁਲਕ ਦੀ ਗਰੀਬ ਜਨਤਾ ਨੂੰ ਕੇਵਲ ਸੁਪਨੇ ਹੀ ਦਿਖਾਏ ਹਨ। ਡਰ ਹੈ ਕਿ ਖ਼ਾਬ ਦੀ ਬੁਨਿਆਦ 'ਤੇ ਬਣਨ ਵਾਲਾ 'ਇਹ ਮੁਲਕ ਪਾਕਿਸਤਾਨ' ਕਿਤੇ ਖ਼ਾਬ-ਓ-ਖ਼ਿਆਲ' ਨਾ ਹੋ ਜਾਏ।

ਇਮਰਾਨ ਖ਼ਾਨ ਤੇ ਤਾਹਿਰ-ਉਲ-ਕਾਦਰੀ ਨੇ ਇਸਲਾਮਾਬਾਦ ਦੇ ਰੈੱਡ ਜ਼ੋਨ ਅੰਦਰ ਤੇ ਪਾਰਲੀਮੈਂਟ ਦੇ ਸਾਹਮਣੇ ਆਪਣੇ ਹਾਮੀਆਂ ਦਾ ਇਕ ਲਸ਼ਕਰ ਖੜ੍ਹਾ ਕੀਤਾ ਹੋਇਆ ਹੈ। ਕਾਦਰੀ ਤੇ ਉਸ ਦੇ ਸਾਥੀ ਤਾਂ ਆਪਣੇ ਨਾਲ ਕਫ਼ਨ ਵੀ ਲੈ ਕੇ ਆਏ ਹੋਏ ਹਨ। ਕਾਦਰੀ ਦਾ ਕਹਿਣਾ ਹੈ ਕਿ ਜਾਂ ਤਾਂ ਇਹ ਕਫ਼ਨ ਮੈਂ ਤਾਂ ਮੇਰੇ ਸਾਥੀ ਪਾਉਣਗੇ ਤੇ ਜਾਂ ਫਿਰ ਇਹ ਕਫ਼ਨ ਜਮਹੂਰੀਅਤ ਤੇ ਪਾਰਲੀਮੈਂਟ 'ਚ ਬੈਠੇ ਮੈਂਬਰਾਂ ਨੂੰ ਪੁਆ ਦਿੱਤੇ ਜਾਣਗੇ। ਦਰਅਸਲ ਇਹ ਕਫ਼ਨ ਪਾਕਿਸਤਾਨ ਨੂੰ ਪੁਆ ਕੇ ਦਫ਼ਨਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਕਾਦਰੀ ਦੇ ਹਾਮੀ ਪਾਰਲੀਮੈਂਟ ਸਾਹਮਣੇ ਕਬਰਾਂ ਵੀ ਪੁੱਟ ਰਹੇ ਹਨ। ਸਿਆਣੇ ਕਹਿੰਦੇ ਹਨ ਕਿ ਜਦ ਕੁੱਤੇ ਹਲਕਦੇ ਨੇ ਤਾਂ ਉਹ ਸ਼ਹਿਰਾਂ ਵੱਲ ਭੱਜ ਤੁਰਦੇ ਹਨ।

ਪਾਕਿਸਤਾਨ ਅੰਦਰ ਕਦੀ ਪਖਤੂਨਿਸਤਾਨ, ਕਦੀ ਗਰੇਟਰ ਬਲੋਚਿਸਤਾਨ, ਸਿੰਧੂ ਦੇਸ਼ ਤੇ ਕਦੀ ਜਨਾਹਪੁਰ (ਕਰਾਚੀ) ਨਾਂਅ ਦੀਆਂ ਵੱਖਰੀਆਂ-ਵੱਖਰੀਆਂ ਰਿਆਸਤਾਂ ਬਣਾਉਣ ਦੀ ਗੱਲ ਚਲਦੀ ਹੈ।

ਇਹ ਕਫ਼ਨ ਪਾਈ ਪਾਰਲੀਮੈਂਟ ਸਾਹਮਣੇ ਬੈਠੇ ਲਸ਼ਕਰ (ਜਥੇ) ਇਨਸਾਨੀ ਲਹੂ ਦੀ ਖੇਡ ਖੇਡਣਾ ਚਾਹੁੰਦੇ ਹਨ। ਇਨ੍ਹਾਂ ਨੂੰ ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਇਸਲਾਮਾਬਾਦ ਤੱਕ ਕਿਸੇ ਨੇ ਨਹੀਂ ਰੋਕਿਆ। ਦਰਅਸਲ ਨਵਾਜ਼ ਹਕੂਮਤ ਇਨ੍ਹਾਂ ਨੂੰ ਸੁਰੱਖਿਆ ਬਲਾਂ ਰਾਹੀਂ ਰੋਕ ਕੇ 'ਖੂਨ ਖਰਾਬਾ' ਨਹੀਂ ਸੀ ਕਰਨਾ ਚਾਹੁੰਦੀ। ਦਰਅਸਲ ਦੋਵਾਂ ਲੀਡਰਾਂ (ਇਮਰਾਨ, ਕਾਦਰੀ) ਦੀ ਯੋਜਨਾ ਪਾਕਿਸਤਾਨ ਵਿਚ ਜਮਹੂਰੀਅਤ ਨੂੰ ਦੇਸ਼ ਨਿਕਾਲਾ ਦੇਣ ਦੀ ਹੀ ਹੈ।

ਇਮਰਾਨ ਖ਼ਾਨ, ਪਾਕਿਸਤਾਨ ਦੇ ਹਰ ਸਿਆਸੀ ਤੇ ਕੌਮੀ ਅਦਾਰੇ ਨੂੰ ਬੁਰਾ-ਭਲਾ ਕਹਿ ਰਹੇ ਹਨ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸਲਾਮਾਬਾਦ ਦੇ ਰੈੱਡ ਜ਼ੋਨ ਤੇ ਸ਼ਾਹਰਾਅ-ਏ-ਦਸਤੂਰ ਨੂੰ ਇਮਰਾਨ ਤੇ ਕਾਦਰੀ ਦੇ ਜਥਿਆਂ ਤੋਂ ਖਾਲੀ ਕਰਵਾਇਆ ਜਾਵੇ। ਪਰ ਇਨ੍ਹਾਂ ਦੋਵਾਂ ਲੀਡਰਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਮਰਾਨ ਖ਼ਾਨ ਆਪਣੇ ਆਜ਼ਾਦੀ ਮਾਰਚ ਦੀ ਜਲਦ ਤੋਂ ਜਲਦ ਸਫ਼ਲਤਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਜ਼ਾਦੀ ਮਾਰਚ ਦੀ ਕਾਮਯਾਬੀ ਤੋਂ ਬਾਅਦ ਉਹ ਛੇਤੀ ਤੋਂ ਛੇਤੀ ਸ਼ਾਦੀ ਕਰਵਾਉਣਾ ਚਾਹੁੰਦੇ ਹਨ।

ਦਰਅਸਲ ਇਮਰਾਨ ਖ਼ਾਨ ਆਪਣੇ ਕਿਸੇ ਵੀ ਦਾਅਵੇ 'ਚ ਸੰਜੀਦਾ ਨਹੀਂ। ਇਸ ਲੀਡਰ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਚਾਹੁੰਦਾ ਕੀ ਹੈ? ਕਦੀ ਲੰਮਾ ਮਾਰਚ, ਫੇਰ ਆਜ਼ਾਦੀ ਮਾਰਚ ਤੇ ਕਦੀ ਸੁਨਾਮੀ। ਇਹ ਉਹ ਸਾਰੇ ਤਬਾਹੀ ਦੇ ਰਸਤੇ ਹਨ, ਜਿਨ੍ਹਾਂ 'ਤੇ ਇਮਰਾਨ ਖ਼ਾਨ ਚਲ ਰਿਹਾ ਹੈ।

ਤਾਹਿਰ-ਉਲ-ਕਾਦਰੀ ਸਾਲ ਵਿਚ ਇਕ ਵਾਰ ਕੈਨੇਡਾ ਤੋਂ ਆਉਂਦਾ ਹੈ ਤੇ ਪੂਰੇ ਮੁਲਕ 'ਚ ਹਫੜਾ-ਦਫੜੀ ਮਚਾ ਦਿੰਦਾ ਹੈ। ਦਰਅਸਲ ਇਮਰਾਨ ਖ਼ਾਨ ਤੇ ਕਾਦਰੀ ਪਾਕਿਸਤਾਨ 'ਤੇ ਝੁੱਲਣ ਵਾਲੀਆਂ ਉਹ ਤਬਾਹੀਆਂ ਹਨ, ਜੋ ਇਸ ਮੁਲਕ ਨੂੰ ਲੈ ਡੁੱਬਣਗੀਆਂ।

ਪਾਕਿਸਤਾਨ ਦੀ ਕਿਸੇ ਵੀ ਲੀਡਰੀਸ਼ਿਪ ਨੇ ਇਸ ਮੁਲਕ ਦੀ ਜਨਤਾ ਨੂੰ ਕੁਝ ਵੀ ਨਹੀਂ ਦੇਣਾ ਬਲਕਿ ਇਹ ਲੁਟੇਰੇ ਲੀਡਰ ਤਾਂ ਮੁਲਕ ਨੂੰ ਲੁੱਟ ਕੇ ਸਾਰੀ ਦੌਲਤ ਮੁਲਕ ਤੋਂ ਬਾਹਰ ਲਿਜਾ ਚੁੱਕੇ ਹਨ। ਭੁੱਖ-ਨੰਗ, ਅੱਤਵਾਦ ਤੇ ਉਮਰਾਂ ਦਾ ਰੋਣਾ, ਇਨ੍ਹਾਂ ਲੀਡਰਾਂ ਨੇ ਪਾਕਿਸਤਾਨ ਦੀ ਜਨਤਾ ਦਾ ਮੁਕੱਦਰ ਬਣਾ ਦਿੱਤਾ ਹੈ। ਇਸ ਵਿਚ ਕਸੂਰ ਪਾਕਿਸਤਾਨੀ ਜਨਤਾ ਦਾ ਵੀ ਹੈ ਜੋ ਘਰ ਢਾਹੁਣ ਵਾਲਿਆਂ ਤੋਂ ਘਰ ਦੀ ਉਸਾਰੀ ਦੀ ਆਸ ਲਾ ਕੇ ਬਹਿ ਜਾਂਦੀ ਹੈ।

ਕੁਝ ਉਂਜ ਵੀ ਰਾਹਾਂ ਔਖੀਆਂ ਸਨ,

ਕੁਝ ਗਲ ਵਿਚ ਗ਼ਮ ਦਾ ਤੱਕ (ਫਾਹਾ) ਵੀ ਸੀ

ਕੁਝ ਸ਼ੈਹਰ ਦੇ ਲੋਕ ਵੀ ਜ਼ਾਲਮ ਸਨ,

ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ।

(ਰੱਬ ਰਾਖਾ)।

ਸੰਪਰਕ: 0092-300-7607983

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ