Sat, 20 April 2024
Your Visitor Number :-   6986076
SuhisaverSuhisaver Suhisaver

ਅਜੋਕੀ ਗਾਇਕੀ ਸੱਭਿਆਚਾਰ ਜਾਂ ਨਿਘਾਰ - ਪਰਮਿੰਦਰ ਕੌਰ ਸਵੈਚ

Posted on:- 01-09-2012

suhisaver

ਸਾਹਿਤ ਸਾਡੀ ਸੱਭਿਅਤਾ ਦੀ ਪ੍ਰਤੀਨਿੱਧਤਾ ਕਰਦਾ ਹੈ। ਇਹ ਉਹ ਸ਼ੀਸ਼ਾ ਹੈ, ਜਿਸ ਵਿਚੋਂ ਦੀ ਤੱਕਿਆਂ ਸਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬਹੂ ਝਲਕਾਰਾ ਪੈਂਦਾ ਹੈ। ਸਾਹਿਤ ਵਿੱਚ ਕਵਿਤਾ ਜਾਂ ਗੀਤ ਦੀ ਵਿਸ਼ੇਸ਼ ਥਾਂ ਇਸ ਲਈ ਹੈ ਕਿ ਸਾਹਿਤ ਦੇ ਰੂਪਾਂ ਵਿਚੋਂ ਸਭ ਤੋਂ ਪਹਿਲਾਂ ਕਵਿਤਾ ਦਾ ਜਨਮ ਹੋਇਆ। ਜਦੋਂ ਅਜੇ ਆਦਿ ਮਨੁੱਖ ਦੀ ਦਿਮਾਗੀ ਸੂਝ ਦਾ ਵਿਕਾਸ ਨਹੀਂ ਸੀ ਹੋਇਆ ਤਾਂ ਉਸਨੇ ਦਿਲ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਦੇ ਲਈ ਕਵਿਤਾ ਦੇ ਰੂਪ ਨੂੰ ਹੋਂਦ ਵਿੱਚ ਲਿਆਂਦਾ। ਇਸ ਲਈ ਮੁੱਢੋਂ-ਸੁੱਢੋਂ ਹੀ ਕਵਿਤਾ ਅਤੇ ਲੋਕਾਈ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।ਕਵਿਤਾ ਲੋਕਾਂ ਦੇ ਭਾਵਾਂ ਵਿੱਚੋਂ ਹੀ ਉਪਜਦੀ ਹੈ। ਕਵਿਤਾ ਜਾਂ ਗੀਤ ਦਾ ਅਕਾਰ ਛੋਟਾ ਹੋਣ ਕਰਕੇ ਇਹ ਲੋਕਾਂ ਦੇ ਬਹੁਤ ਨੇੜੇ ਹੈ।ਜਨ-ਸਾਧਾਰਣ ਵੀ ਇਹਦੇ ਨੇੜੇ ਰਹਿ ਕੇ ਸੁਣ ਤੇ ਗਾ ਸਕਦੇ ਹਨ।



ਕਿਸੇ ਵੀ ਵਸਤੂ ਦਾ ਕੋਈ ਵੀ ਰੂਪ ਦੋ ਤਰ੍ਹਾਂ ਲੋਕਾਂ ਸਾਹਵੇਂ ਪੇਸ਼ ਹੁੰਦਾ ਹੈ। ਇੱਕ ਚੰਗਾ ਪੱਖ ਤੇ ਦੂਸਰਾ ਮਾੜਾ।ਸੋ ਲੋਕਾਂ ਵਿੱਚ ਆਉਣ ਵਾਲਾ ਸਾਹਿਤ ਵੀ ਦੋ ਤਰ੍ਹਾਂ ਦਾ ਹੁੰਦਾ ਹੈ-ਲੋਕ ਪੱਖੀ ਸਾਹਿਤ ਤੇ ਲੋਕ ਵਿਰੋਧੀ ਸਾਹਿਤ। ਇਸੇ ਤਰ੍ਹਾਂ ਕਵਿਤਾ ਜਾਂ ਗੀਤ ਦੇ ਵੀ ਦੋ ਰੂਪ ਹੁੰਦੇ ਹਨ- ਲੋਕ ਪੱਖੀ ਗੀਤ ਤੇ ਲੱਚਰ ਗੀਤ।ਲੋਕ ਪੱਖੀ ਗੀਤ, ਉਹ ਗੀਤ ਹਨ ਜਿਨ੍ਹਾਂ ਵਿੱਚ ਕਵੀ ਆਪਣੀਆਂ ਕਿਰਤਾਂ ਦੁਆਰਾ ਲੋਕਾਂ ਦੀ ਸੋਚ ਨੂੰ ਸਮਾਜਕ, ਆਰਥਕ, ਸਭਿਆਚਾਰਕ ਅਤੇ ਕਿਰਿਆਤਮਕ ਵਿਕਾਸ ਦੀ ਦਿਸ਼ਾ ਵਿੱਚ ਸੇਧਤ ਕਰਨ ਲਈ ਕਰਮਸ਼ੀਲ ਹੁੰਦਾ ਹੈ।

ਦੂਸਰਾ ਪੱਖ ਉਹਨਾਂ ਗੀਤਾਂ ਦਾ ਹੈ ਜੋ ਅਸੀਂ ਵਿਆਹ ਆਦਿ ਦੇ ਮੌਕੇ ਤੇ ਪਾਰਟੀਆਂ ਵਿੱਚ, ਹਾਲਾਂ ਵਿੱਚ ਟੀ. ਵੀ., ਕੰਮਪਿਊਟਰਾਂ ਤੇ ਘਰਾਂ ਵਿੱਚ ਆਮ ਸੁਣਦੇ ਹਾਂ।ਇਹ ਸਮਾਜ ਵਿੱਚ ਅਜ਼ਾਦ ਟਪੂਸੀਆਂ ਮਾਰਨ ਵਾਲੇ ਸਾਹਿਤਕਾਰ ਘਟੀਆ ਤੇ ਲੱਚਰ ਸਾਹਿਤ ਦੇ ਪਹਿਲੇ ਲੇਖਕ ਹਨ ਜਿਹੜੇ ਕਿ ਜਮਾਤੀ ਪੱਖੋਂ ਸਮਾਜ ਦੀਆਂ ਲਹੂ ਪੀਣੀਆਂ ਜੋਕਾਂ ਦੀ ਸੇਵਾ ਵਿੱਚ ਲਿਖਦੇ ਹਨ ਤੇ ਇਹ ਲੁਟੇਰੀਆਂ ਜਮਾਤਾਂ ਦੀ ਪੁਰਾਤਨ ਵਿਚਾਰਧਾਰਾ ਨੂੰ ਕਾਇਮ ਰੱਖਦੇ ਹਨ। ਇਹ ਗੀਤ ਲੋਕਾਂ ਦੇ ਯਥਾਰਥ ਨੂੰ ਛੱਡ ਕੇ ਕਾਮ ਉਕਸਾਊ ਜਜ਼ਬਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਪੂਰਣ ਰੂਪ ਵਿੱਚ ਸਮਾਜ ਦੇ ਉਲਟ ਭੁਗਤਦੇ ਹਨ।ਕਾਵਿ ਟੋਟੇ ਵਿੱਚ ਦੇਖੋ, ਕਵੀ ਕਹਿੰਦਾ ਹੈ:-
 
ਫੁੱਲਾਂ ਦੇ ਗੁਲਦਸਤੇ ਵਰਗੀ ਨਾਰ ਤੇਰੀ ਦਾ ਚਾਅ ਵੇ,
 ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆ ਵੇ।
ਜਾਂ ਜੇ ਮੈਨੂੰ ਮੇਰਾ ਯਾਰ ਬੁਲਾਵੇ
ਅੱਧੀ ਰਾਤ ਨਹਿਰੋਂ ਪਾਰ ਬੁਲਾਵੇ
***
ਪੈਰ ਜੁੱਤੀ ਨਾ ਪਾਵਾਂ।
ਜਾਂ ਆ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
 ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ।


ਉਪਰੋਕਤ ਕਾਵਿ ਟੋਟੇ ਦੱਸਦੇ ਹਨ ਕਿ ਔਰਤਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕਿ ਉਹ ਝੂਠ ਬੋਲ ਕੇ, ਚੋਰੀ ਬਹਾਨੇ ਲਾ ਕੇ, ਆਪਣੇ ਮਾਪਿਆਂ ਦੀ ਇੱਜ਼ਤ ਦਾਓ ਤੇ ਲਾ ਕੇ ਘਟੀਆ ਤੋਂ ਘਟੀਆ ਕੰਮ ਕਰਨ ਲਈ ਰਾਜ਼ੀ ਹਨ ਅਤੇ ਉਹ ਨਸ਼ਈ ਪਤੀ ਜਾਂ ਪ੍ਰੇਮੀ ਨੂੰ ਨਸ਼ੇ ਦੀਆਂ ਹਾਲਤਾਂ ਵਿੱਚ ਦੇਖਣ ਲਈ ਉਤਸੁਕ ਹਨ।ਜਦਕਿ ਇਹੋ ਜਿਹੀਆਂ ਕੁੱਝ ਕੁ ਉਂਗਲਾਂ ਤੇ ਗਿਣੀਆਂ ਜਾਣ ਵਾਲੀਆਂ ਲਵੀ ਉਮਰ ਦੀਆਂ, ਅਨਪੜ੍ਹ, ਗੁੰਮਰਾਹ, ਨਾਬਾਲਗ ਕੁੜੀਆਂ ਤਾਂ ਹੋ ਸਕਦਾ ਹੈ ਕਿ ਆਪਣੇ ਰਾਹੋਂ ਕੁੱਝ ਸਮੇਂ ਲਈ ਭਟਕ ਜਾਣ ਜਾਂ ਭਟਕਾਈਆਂ ਜਾਣ ਪਰ ਅਸਲੀਅਤ ਵਿੱਚ ਕੋਈ ਵੀ ਕੁੜੀ ਅਜਿਹਾ ਕਰਨ ਲਈ ਜਾਂ ਸ਼ਰਾਬੀ ਪਤੀ ਦੀਆਂ ਜਿਆਦਤੀਆਂ ਸਹਿਣ ਲਈ ਤਿਆਰ ਨਹੀਂ ਹੁੰਦੀ। ਉਂਝ ਹਕੀਕਤ ਵਿੱਚ ਦੇਖਿਆ ਜਾਂਦੈ ਕਿ ਜਦੋਂ ਬੇਚੈਨ ਪਤੀ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਭੁਲਾਉਣ ਲਈ ਸ਼ਰਾਬ ਪੀ ਲੈਂਦਾ ਹੈ ਅਤੇ ਅੱਕ ਕੇ ਕਈ ਵਾਰ ਪਤਨੀ ਤੇ ਕੁੱਟ ਮਾਰ ਕਰਦਾ ਹੈ ਇਸ ਲਈ ਪਤਨੀ ਦੀ ਹਮੇਸ਼ਾਂ ਦੁਆ ਹੁੰਦੀ ਹੈ ਕਿ ਅਜਿਹੀ ਘੜੀ ਕਦੀ ਨਾ ਆਵੇ।

  ਵੇਖ ਹਾਣਦੀ ਘਰ ਵਿੱਚ ਫਿਰਦੀ ਆਪਾਂ ਲਈ ਬੁਸ਼ਕਾਰ,
  ਕਹਿੰਦੀ ਸੀ ਜਿਹੜੀ ਜੀਜਾ ਗਈ ਬਣ ਜੀਜੇ ਦੀ ਨਾਰ।


ਇਹਨਾਂ ਗੀਤਾਂ ਵਿੱਚ ਜੀਜੇ-ਸਾਲੀ, ਦਿਉਰ-ਭਰਜਾਈ, ਜੇਠ-ਭਰਜਾਈ ਆਦਿ  ਦੇ ਰਿਸ਼ਤਿਆਂ ਨੂੰੰ ਕਿੰਨਾ ਗਲਤ ਰੂਪ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਸਾਰੇ ਰਿਸ਼ਤਿਆਂ ਵਿੱਚ ਕਿੰਨੀ ਨੇੜਲੀ ਸਾਂਝ ਹੁੰਦੀ ਹੈ ਪਰ ਇਸ ਲੱਚਰ ਸਾਹਿਤ ਦੇ ਰਾਹੀਂ ਆਮ ਆਦਮੀ ਤੇ ਇਨ੍ਹਾਂ ਬੋਲਾਂ ਦਾ ਕੀ ਅਸਰ ਹੁੰਦਾ ਹੋਵੇਗਾ।ਉਹ ਔਰਤ ਜਿਹੜੀ ਅਜੇ ਤੱਕ ਗੁਲਾਮੀ ਦੀਆਂ ਬਰੂਹਾਂ ਪਾਰ ਨਹੀਂ ਕਰ ਸਕੀ ਗੀਤਾਂ ਵਿੱਚ ਸ਼ਰੇਆਮ ਲਲਕਾਰਦੀ ਨਜ਼ਰ ਆਉਂਦੀ ਹੈ।ਆਲ਼ੇ ਦੁਆਲੇ ਨਜ਼ਰ ਜਰੂਰ ਮਾਰੋ ਕਿ ਇਹ ਔਰਤ ਕਿੱਥੇ ਵਸਦੀ ਹੈ? ਜਾਂ ਫਿਰ ਇੱਥੇ ਅਸੀਂ ਕਿੰਨੀਆਂ ਕੁ ਅਜਿਹੀਆਂ ਔਰਤਾਂ ਦੇਖਦੇ ਹਾਂ ਕਿ ਜੋ ਆਪਣੇ ਪਤੀ ਦੀਆਂ ਅਜਿਹੀਆਂ ਹਰਕਤਾਂ ਨੂੰ ਚੰਗਾ ਸਮਝਦੀਆਂ ਹਨ।
 
  ਇੱਕ ਛੜਾ ਲੈ ਗਿਆ ਫੜਕੇ
  ਦੱਸਾਂ ਕੀ ਗੱਲਾਂ ਗੂਹੜੀਆਂ।


ਇਹੋ ਜਿਹੀਆਂ ਕਿੰਨੀਆਂ ਕੁ ਕੁੜੀਆਂ ਹਨ ਜਿਹਨਾਂਂ ਨੂੰ ਛੜੇ ਫੜ੍ਹ ਕੇ ਲੈ ਜਾਂਦੇ ਹਨ ਅਤੇ ਉਹ ਸਟੇਜ ਤੋਂ ਐਲਾਨ ਕਰਦੀਆਂ ਹਨ। ਇਸਤਰੀ ਜਾਤੀ ਲਈ ਕਿੰਨੀ ਸ਼ਰਮਨਾਕ ਗੱਲ ਹੈ ਜਦ ਕਿ ਭਾਰਤ ਵਰਗੇ ਦੇਸ਼ ਵਿੱਚ ਇਸਤਰੀ ਨੂੰ ਚਾਰ ਦਿਵਾਰੀ ਵਿੱਚ ਕੈਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਇਹੀ ਦਸ ਵੀਹ ਸਟੇਜ ਤੋਂ ਕਹਿਣ ਵਾਲੀਆਂ ਕੁੜੀਆਂ ਤਾਂ ਹੋ ਸਕਦੀਆਂ ਹਨ ਪਰ ਆਮ ਸਾਧਾਰਣ ਕੁੜੀਆਂ ਨਹੀਂ।

  ਨਸ਼ੇ ਦੀਏ ਬੰਦ ਬੋਤਲੇ,
  ਤੇਰੇ ਝੂਲ਼ਦੇ ਕੰਨਾਂ ਦੇ ਬਾਲ਼ੇ
  ਤੈਨੂੰ ਪੀਣਗੇ ਨਸੀਬਾਂ ਵਾਲੇ
ਜਾਂ
ਮੈਂ ਸ਼ਰਬਤ ਦੀ ਬੋਤਲ
ਮੈਨੂੰ ਗੱਟ ਗੱਟ ਕਰਕੇ ਪੀ ਮਿੱਤਰਾ।
ਜਾਂ ਨੀ ਇੱਕੋ ਪੈੱਗ ਲਾ ਲੈਣਦੇ
ਸੌਖੀ ਜਾਨ ਨਿਕਲੂ ਮੁਟਿਆਰੇ।


ਅੱਜ ਦੇ ਜ਼ਮਾਨੇ ਵਿੱਚ ਜਿੱਥੇ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ।ਇਸਤੋਂ ਇਲਾਵਾ ਘਰੇਲੂ ਕੰਮ ਤੇ ਬੱਚੇ ਪਾਲਣਾ ਵੀ ਉਸਦੀ ਜੁੰਮੇਵਾਰੀ ਹੈ ਉਸ ਸਮੇਂ ਔਰਤ ਨੂੰ ਸਿਰਫ ਬੇਜਾਨ ਸ਼ਰਾਬ ਦੀ ਬੋਤਲ ਵਰਗੇ ਅਲੰਕਾਰ ਵਰਤਣੇ ਯੋਗ ਹਨ? ਜੇ ਉਹ ਇੱਕ ਸ਼ਰਾਬ ਦੀ ਬੋਤਲ ਹੈ ਤਾਂ ਫਿਰ ਗ੍ਰਹਿਸਤ ਦੀ ਗੱਡੀ ਦੇ ਇੱਕ ਪਹੀਏ ਦੀ ਕੀਮਤ ਸਿਰਫ ਤੇ ਸਿਰਫ 25 ਤੋਂ 100 ਡਾਲਰ ਹੀ ਤਾਂ ਹੈ? ਚਾਹੁੰਦੇ ਅਸੀਂ ਇਹ ਹਾਂ ਕਿ ਔਰਤ ਨੂੰ ਮਰਦ ਦੇ ਬਰਾਬਰ ਹੱਕ ਮਿਲਣ ਪਰ ਇੱਥੇ ਇਸਨੂੰ ਮਰਦ ਨਾਲੋਂ ਨਿਖੇੜ ਕੇ ਪਹਿਲੇ ਰੀਤੀ-ਰਿਵਾਜਾਂ ਅਨੁਸਾਰ ਮਰਦ ਦੀ ਜੁੱਤੀ, ਬੱਚੇ ਜੰਮਣ ਦੀ ਮਸ਼ੀਨ ਜਾਂ ਮਨੋਰੰਜਨ ਦਾ ਸਾਧਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

  ਦੋਨੋਂ ਪਾਸੇ ਮੈਂ ਫਸ ਗਈ
  ਤੈਨੂੰ ਕੀ ਕਹਿ ਕੇ ਛੁੱਟ ਜਾਵਾਂ।
 ਜਾਂ ਆਟੇ ਵਾਂਗੂੰ ਗੁੰਨਤੀ
  ਬਿਗਾਨੇ ਪੁੱਤ ਨੇ।
 ਜਾਂ  
ਵੇਖੀ ਕੁੜੀ ਸਾਹਮਣੇ ਖੜੋਤੀ ਹਾਣ ਦੀ
  ਸਿੱਖਦੀ ਸੀ ਜਾਚ ਅੱਖੀਆਂ ਲੜਾਣ ਦੀ
  ਸਾਡੇ ਭਾ ਦੀ ਟਿੱਬਿਆਂ ਤੇ ਘਟਾ ਵਰ੍ਹ ਗਈ
  ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ----।
 ਜਾਂ ਕਦੇ ਕੋਲ ਬੁਲਾਵੇ, ਮੈਨੂੰ ਸੀਨੇ ਲਾਵੇ
  ਕਰਦਾ ਸੀ ਮੈਂ ਵੇਟ ਕੁੜੀ ਦਾ
  ਲੱਕ ਟਵੰਟੀ ਏਟ ਕੁੜੀ ਦਾ
  ਫੋਰਟੀ ਸੈਵਨ ਵੇਟ ਕੁੜੀ ਦਾ


ਕਿੰਨੀਆਂ ਅਸ਼ਲੀਲ ਗੱਲਾਂ ਹਨ।ਜਦੋਂ ਗਾਣੇ ਟੀਵੀ, ਵੀਡਿਓ ਤੇ ਚਲਦੇ ਹਨ ਤਾਂ ਪਰਿਵਾਰ ਇਕੱਠੇ  ਬੈਠ ਕੇ ਨਹੀਂ ਦੇਖ ਸਕਦੇ। ਕੁੜੀਆਂ ਨੂੰ ਇੱਕ ਬਾਰਬੀ ਡੌਲ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਗੀਤਾਂ ਵਿੱਚ ਉਹ ਦੇਖਣ ਨੂੰ ਕਿਹੋ ਜਿਹੀ ਲਗਦੀ ਹੈ ਨਾ ਕਿ ਉਸਦੇ ਗੁਣ ਤੇ ਸਮਾਜ ਪ੍ਰਤੀ ਸੂਝ ਕੀ ਹੈ। ਇੰਨਾ ਕਾਮ ਉਕਸਾਊ ਗੱਲਾਂ ਨਾਲ ਲੋਕਾਂ ਨੂੰ ਅਤਿਅੰਤ ਗੁੰਮਰਾਹ  ਕੀਤਾ ਜਾਂਦਾ ਹੈ।ਚੜ੍ਹਦੀਆਂ ਜਵਾਨੀਆਂ ਨੂੰ ਵਰਗਲਾਉਣ ਦੇ ਲਈ ਇਹ ਸੋਹਣਾ ਰੂਪ ਪੇਸ਼ ਕਰਦੇ ਹਨ ਕਿ ਜਿਹੜੇ ਜਵਾਨ ਦਿਲਾਂ ਵਿੱਚ ਕੁੱਝ ਕਰਨ ਦੀ ਸਮਰੱਥਾ ਹੈ ਉਹ ਇਨ੍ਹਾਂ ਲੱਚਰ ਗੀਤਾਂ ਵਿੱਚ ਉਲਝ ਕੇ ਰਹਿ ਜਾਣ ਅਰਥਾਤ ਉਹ ਆਪਣੀ ਮੰਜ਼ਲ ਬਾਰੇ ਤੇ ਲੋਕਾਂ ਬਾਰੇ ਬਿਲਕੁਲ ਵੀ ਨਾ ਸੋਚ ਸਕਣ।

  ਤੇਰੇ ਭਾਈਆਂ ਨਾਲ ਪੈ ਗਿਆ ਏ ਵੈਰ ਨੀ
  ਮੈਨੂੰ ਲੱਗਦੈ ਹੁਣ ਸਾਲ਼ਿਆਂ ਦੀ ਖੈਰ ਨੀ
ਉਹ ਵੀ ਜੇ ਗੰਡਾਸੇ ਬਿੱਲੋ ਚੰਡੀ ਫਿਰਦੇ
ਗੱਡੀ ਮੇਰੀ ਵਿੱਚ ਗੰਨ ਵੀ ਪੁਰਾਣੀ ਰਹਿੰਦੀ ਆ
ਊਂ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ
ਵੈਲੀਆਂ ਦੀ ਢਾਹਣੀ ਰਹਿੰਦੀ ਆ।


ਗੀਤ ਸਪੱਸ਼ਟ ਕਰਦਾ ਹੈ ਕਿ ਮੁੰਡੇ ਹੱਥਾਂ ਵਿੱਚ ਹਥਿਆਰ ਲੈ ਕੇ ਸਿਰਫ ਸ਼ੁਦਾਈ ਜਾਂ ਹਿੰਸਕ ਹੋਏ ਫਿਰਦੇ ਹਨ, ਉਹਨਾਂ ਨੂੰ ਕਿਸੇ ਰਿਸ਼ਤੇ ਨਾਤਿਆਂ ਦੀ ਕੋਈ ਪ੍ਰਵਾਹ ਨਹੀਂ।

  ਮਾਪੇ ਸੋਚਦੇ ਕਿ ਸਾਡਾ ਮੁੰਡਾ ਕਰਦਾ ਪੜ੍ਹਾਈਆਂ
ਮੁੰਡਾ ਐਤਕੀਂ  ਵੀ ਬੀ. ਏ. ਵਿੱਚੋਂ ਫੇਲ੍ਹ ਹੋ ਗਿਆ।
 ਜਾਂ
ਦਸਵੀਂ ਦੇ ਵਿੱਚ ਬਦਮਾਸ਼ੀ ਸ਼ੁਰੂ ਕਰ ਲਈ
  ਮੈਥ ਵਾਲੀ ਮੈਡਮ ਸੀ ਯਾਰੋ ਬਾਹੋਂ ਫੜ ਲਈ
ਕਹਿੰਦੀ ਕਾਕਾ ਤੈਨੂੰ ਕੁਸ਼ ਪੜ੍ਹਨਾ ਨੀ ਆਉਂਦਾ
ਤੇਰੇ ਹੱਥਾਂ ‘ਚੋਂ ਪੜ੍ਹਾਈ ਦੀ ਲਕੀਰ ਮਰਗੀ
ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ।


ਅੱਜ ਦੀ ਪੀੜ੍ਹੀ ਨੂੰ ਸਾਇੰਸ ਦੇ ਇਸ ਯੁੱਗ ਵਿੱਚ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਕੇ ਮਨੁੱਖੀ ਜੀਵਨ ਨੂੰ ਉਚੇਰਾ ਤੇ ਸੁਹਿਰਦ ਬਣਾਉਣ ਲਈ ਉਪਰਾਲਿਆਂ ਦੀ ਲੋੜ ਹੈ ਉ¥ਥੇ ਇਹਨਾਂ ਗੀਤਾਂ ਵਿੱਚ ਮੁੰਡੇ ਆਪਣਾ ਸਮਾਂ ਕੁੜੀਆਂ ਦੇ ਮਗਰ ਫਿਰਕੇ, ਜਾਂ ਬਦਮਾਸ਼ੀਆਂ ਕਰਕੇ ਜਾਇਆ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਦਕਿਆਨੂਸੀ ਗੱਲਾਂ ਨੂੰ ਨਕਾਰਨ ਦੀ ਬਜਾਇ ਉਹਨਾਂ ਦੀ ਪੜ੍ਹਾਈ ਦੀਆਂ ਲਕੀਰਾਂ ਹੱਥਾਂ ਵਿੱਚ ਲਿਖੀਆਂ ਹਨ ਦੱਸਿਆਂ ਜਾਂਦਾ ਹੈ ਮਿਹਨਤ ਜਾਂ ਜੀਵਨ ਦੇ ਅਸਲੀ ਅਦਰਸ਼ਾਂ ਨੂੰ ਅੱਖੋਂ ਪਰੋਖੋ ਕਰਨ ਦੀ ਇਜ਼ਾਜਤ ਹੈ।‘ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ' ਗੀਤਕਾਰ ਕੀ ਕਹਿਣਾ ਚਾਹੁੰਦਾ ਹੈ, ਸਮਝ ਤੋਂ ਬਾਹਰ ਹੈ।
 
ਗੇੜਾ ਪਿੰਡ ਤੋਂ ਵੱਡੇ ਵੈਲੀ ਲਾ ਗਏ
  ਗੈਰਹਾਜ਼ਰੀ ਦਾ ਫਾਇਦਾ ਹੀ ਉਠਾ ਗਏ
  ਬਈ ਚੌਂਕ ‘ਚ ਕਰਾਂਗੇ ਡੱਕਰੇ। ਜਦੋਂ ਜਿੱਥੇ ਟੱਕਰੇ।ਬਈ ਟੱਕਰੇ।
 ਜਾਂ
ਡੱਬ ‘ਚ ਰਿਵਾਲਵਰ ਰੱਖਦਾ
  ਹਾਏ ਨੀ ਮੁੰਡਾ ਭਰ ਕੇ, ਹਾਏ ਨੀ ਮੁੰਡਾ ਭਰਕੇ।
 ਜਾਂ 
ਕੋਈ ਖੜ੍ਹਾ ਦੁਨਾਲੀ ਲੈ ਕੇ, ਕੋਈ ਜਿਪਸੀ ਕਾਲੀ ਲੈ ਕੇ
ਗੰਨ ਗੋਲ਼ੀਆਂ ਦੇ ਨਾਲ ਫੁੱਲ, ਮੇਰੇ ਹੱਥਾਂ ਦੇ ਵਿੱਚ ਫੁੱਲ
ਉਹਨਾਂ ਕੋਲ ਹਥਿਆਰ ਬੜੇ ਨੇ, ਫੱਤੋ ਦੇ ਯਾਰ ਬੜੇ ਨੇ।


ਇਹੋ ਜਿਹੇ ਅਨੇਕਾਂ ਹੀ ਗੀਤ ਜਿਹਨਾਂ ਵਿੱਚ ਵੈਲੀ ਹੋਣਾ, ਬੱਕਰੇ ਬੁਲਾਉਣਾ ਡਾਲਰਾਂ ਨਾਲ ਜੇਬਾਂ ਭਰ ਕੇ ਦਿਖਾਵਾ ਕਰਨਾ, ਰਿਵਾਲਵਰ, ਦੁਨਾਲੀਆਂ ਲੈ ਕੇ ਗੁੰਡਿਆਂ ਦੀ ਦਿੱਖ ਬਣਾ ਕੇ, ਕਾਲੀਆਂ ਜਿਪਸੀਆਂ ਉ¥ਤੇ, ਕੁੰਢੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ, ਕੇਸ ਕਚਹਿਰੀਆਂ ਕੁੜੀਆਂ ਪਿੱਛੇ ਸ਼ੁਦਾਈ ਉਹਨਾਂ ਨੂੰ ਘਰੋਂ ਕੱਢਣ ਦੀ ਜੁਗਤ ਹੀ ਦੱਸਦੇ ਹਨ। ਉੰਜ ਤਾਂ ਕਈ ਵਾਰ ਮਾੜਚੂ ਜਿਹਾ ਮੁੰਡਾ ਸਟੇਜ ਤੋਂ ਇਹੋ ਜਿਹੇ ਗੀਤ ਗਾ ਰਿਹਾ ਹੁੰਦਾ ਹੈ ਪਰ ਇਹ ਭਾਰੇ ਭਾਰੇ ਸ਼ਬਦ ਬੋਲ ਕੇ ਲਵੀ ਉਮਰੇ ਨੌਜਵਾਨ ਮੁੰਡੇ ਆਪਣੇ ਆਪ ਨੂੰ ਵੈਲੀ ਸਮਝਣ ਲਗਦੇ ਹਨ। ਕਿਉਂਕਿ ਮਨੁੱਖੀ ਫਿਤਰਤ ਇਹੋ ਜਿਹੀ ਹੈ ਕਿ ਅਸੀਂ ਜੋ ਕੁੱਝ ਦੇਖਦੇ  ਤੇ ਸੁਣਦੇ ਹਾਂ ਉਹ ਸਾਰਾ ਕੁਝ ਅਸੀਂ ਆਪਣੇ ਤੇ ਲਾਗੂ ਕਰਦੇ ਹੋਏ ਆਪਣੇ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਉਸ ਵਿੱਚ ਗਹਿਗੱਚ ਕਰ ਲੈਣਾ ਚਾਹੁੰਦੇ ਹਾਂ।
 
 ਕਾਲੀ ਨਾਗਣੀ, ਕਾਲੀ ਨਾਗਣੀ
  ਜੇ ਮਿਲੇ ਭੋਰਾ ਜੱਟ ਨੂੰ
ਦੁਨੀਆਂ ਈ ਮੋਢੇ ਉੱਤੇ ਚੱਕ ਲਈਦੀ।
 ਜਾਂ ਅਜ਼ਮਾ ਕੇ ਦੇਖ ਲੈ ਨਸ਼ੇ ਸਾਰੇ
  ਐਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ।
 ਜਾਂ
ਜੱਟ ਪੀ ਕੇ ਪੀ ਪੀ ਹੋ ਗਿਆ।

 ਜਾਂ 
ਜਦੋਂ ਮੂੰਹ ਨੂੰ ਘੁੱਟ ਲਾਈ ਹੋਵੇ ਜੱਟ ਦੀ

  ਉਸ ਵੇਲੇ ਹੁੰਦੀਆ ਚੜ੍ਹਾਈ ਜੱਟ ਦੀ।


ਜਦੋਂ ਅਸੀਂ ਉੱਪਰ ਦਿੱਤੀ ਵੰਨਗੀ ਨੂੰ ਸੁਣਦੇ ਹਾਂ ਜਾਂ ਟੀ. ਵੀ., ਇੰਟਰਨੈ¥ਟ, ਯੂ ਟਿਊਬ ਆਦਿ ਤੇ ਦੇਖਦੇ ਹਾਂ ਕਿ ਕੁੜੀਆਂ ਜਾਂ ਮੁੰਡੇ ਕਿਵੇਂ ਨਸ਼ਿਆਂ ਦੇ ਵਿੱਚ ਗੜੁੱਚ, ਅੱਧਨੰਗੇ ਕਿੰਨਾ ਭੱਦਾ ਨਾਚ ਨੱਚਦੇ ਹਨ ਤੇ ਇਨ੍ਹਾਂ ਗਾਣਿਆ ਵਿੱਚ ਕੋਈ ਵੀ ਅਜਿਹਾ ਨਸ਼ਾ ਨਹੀਂ ਜਿਸਦਾ ਵਰਨਣ ਨਾ ਕੀਤਾ ਜਾਂਦਾ ਹੋਵੇ। ਜਿਨ੍ਹਾਂ ਲੋਕਾਂ ਨੂੰ ਇਹਨਾਂ ਬਾਰੇ ਪਤਾ ਵੀ ਨਹੀਂ, ਉਹਨਾਂ ਨੂੰ ਵੀ ਇਹਨਾਂ ਦੀ ਭਰਭੂਰ ਜਾਣਕਾਰੀ ਇਸ ਅਸ਼ਲੀਲ ਸਾਹਿਤ ਤੋਂ ਮਿਲ ਸਕਦੀ ਹੈ।

  ਤੈਨੂੰ ਘੇਰ ਕੇ ਗਲ਼ੀ ਦੇ ਵਿੱਚ ਵੱਢਣਾ
  ਕਹਿੰਦੇ ਮੇਰੇ ਵੀਰ ਮਿੱਤਰਾ
  ***
  ਤੇਰੇ ਵੀਰਾਂ ਦਾ ਜਲੂਸ ਜੇ ਨਾ ਕੱਢਿਆ
  ਮਜ਼ਬੀ ਦਾ ਪੁੱਤ ਨਾ ਕਹੀਂ।
 ਜਾਂ
ਅੱਜ ਨੱਚਣਾ ਚਮਾਰਾਂ ਨੇ ਐ ਨੱਚਣਾ
 ਜਾਂ  
ਹੱਥ ਲੈ ਕੇ ਹਥਿਆਰ, ਜਦ ਨਿਕਲੇ ਚਮਾਰ
ਫਿਰ ਦੇਖਿਓ ਪਟਾਕਾ ਕਿਵੇਂ ਪਊ ਮਿੱਤਰੋ
ਅੱਜ ਵੇਖਦੇ ਆਂ ਪੰਗਾ ਕੌਣ ਲਊ ਮਿੱਤਰੋ


ਇਹੋ ਜਿਹਾ ਸਾਹਿਤ ਅੱਤ ਦਰਜੇ ਦਾ ਘਟੀਆ ਸਾਬਤ ਹੁੰਦਾ ਹੈ ਜੋ ਜੱਟਵਾਦ, ਚਮਾਰ ਜਾਂ ਹੋਰ ਜਾਤਾਂ ਦੀਆਂ ਗੱਲਾਂ ਕਰਦਾ ਹੈ। ਉਹ ਲੋਕਾਂ ਨੂੰ ਜਾਤਾਂ-ਗੋਤਾਂ ਵਿੱਚ ਵੰਡ ਕੇ, ਪਾੜ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਲੋਕਾਂ ਦੇ ਅਸਲੀ ਮਕਸਦ ਤੋਂ ਦੂਰ ਲਿਜਾਣਾ ਚਾਹੁੰਦਾ ਹੈ। ਐਹੋ ਜਿਹੇ ਲ਼ੇਖਕ ਲੋਕਾਂ ਨੂੰ ਇਹ ਦੱਸਣ ਦੀ ਬਜਾਇ ਕਿ ਜਾਤ ਗੋਤ ਕੁਝ ਨਹੀਂ ਹੁੰਦੇ ਸਗੋਂ ਜਾਤਾਂ ਤਾਂ ਦੋ ਹਨ ਇੱਕ ਅਮੀਰ ਜਾਤ ਤੇ ਦੂਸਰੀ ਗ਼ਰੀਬ ਜਾਤ ਜਾਂ ਕਹਿ ਲਉ ਇੱਕ ਅਮੀਰ ਜਮਾਤ ਤੇ ਦੂਜੀ ਗ਼ਰੀਬ ਜਮਾਤ। ਲੜਾਈ ਤਾਂ ਗ਼ਰੀਬ ਜਮਾਤ ਨੂੰ ਅਮੀਰ ਜਮਾਤ ਨਾਲ ਵਿੱਢਣੀ ਚਾਹੀਦੀ ਹੈ ਜਿਹੜੇ ਉਸਦੀ ਕਿਰਤ ਕਮਾਈ ਨੂੰ ਆਪਣੀ ਐਸ਼ੋਇਸ਼ਰਤ ਰਾਹੀਂ ਉਸਦੀ ਜ਼ਿੰਦਗੀ ਨੂੰ ਹਾਲੋਂ ਬੇਹਾਲ ਕਰ ਰਹੇ ਹਨ। ਇਹੋ ਜਿਹੇ ਸਾਹਿਤਕਾਰ ਗਾਹੇ ਵਗਾਹੇ ਪੂੰਜੀਵਾਦ ਦੀ ਸੇਵਾ ਵਿੱਚ ਲੱਗੇ ਹੋਏ ਹਨ।
 
ਸੁਣ ਨੀ ਚੁੜੇਲੇ ਰੱਤ ਪੀਣ ਵਾਲੀਏ
  ਨਰਕਾਂ ਨੂੰ ਜਾਵੇਂ ਜਮਾਂ ਦੀਏ ਸਾਲੀਏ
  ਨੀ ਤੂੰ ਲੈਲਾ ਵਾਂਗੂੰ ਮਾਸ ਸਾਡਾ ਨੋਚਿਆ
ਭੋਰਾ ਨਾ ਕਸਰ ਛੱਡ ਗਈ
ਕੀੜੇ ਪੈਣਗੇ ਮਰੇਗੀਂ ਸੱਪ ਲੜ ਕੇ
ਜੇ ਮਿੱਤਰਾਂ ਦੀ ਹਾ ਲੱਗ ਗਈ।
 ਜਾਂ
ਰੰਨ ਮਿੱਤ ਕਿਸੇ ਦੀ ਨਾ
  ਭਾਵੇਂ ਵੇਖ ਲਉ ਅਜ਼ਮਾ ਕੇ।


ਪਤਾ ਨਹੀਂ ਗੀਤਕਾਰ ਨੇ ਇਹ ਲਿਖਣ ਲੱਗਿਆਂ ਆਪਣੀ ਮਾਂ, ਭੈਣ, ਧੀ ਜਾਂ ਪਤਨੀ ਬਾਰੇ ਬਿਲਕੁਲ ਨਹੀਂ ਸੋਚਿਆ ਹੋਵੇਗਾ? ਕੀ ਇੱਕ ਔਰਤ ਰੱਤ ਪੀਣੀ ਚੁੜੇਲ ਹੈ? ਜਾਂ ਜਮਾਂ ਦੀ ਸਾਲੀ ਹੈ? ਜਾਂ ਉਹ ਮਰਦ ਦਾ ਮਾਸ ਨੋਚਦੀ ਹੈ? ਉਸਦੇ ਕੀੜੇ ਪੈਣੇ ਚਾਹੀਦੇ ਹਨ? ਜਾਂ ਸੱਪ ਲੜ ਜਾਣੇ ਚਾਹੀਦੇ ਹਨ? ਕੀ ਉਸਨੇ ਔਰਤ ਦੀ ਸੰਵੇਦਨਸ਼ੀਲਤਾ, ਸਹਿਣਸ਼ੀਲਤਾ, ਪਿਆਰ ਦੀ ਰੂਹਾਨੀਅਤ ਬਾਰੇ ਕਦੇ ਵੀ ਨਹੀਂ ਸੋਚਿਆ? ਕੀ ਉਸਨੇ ਔਰਤ ਦੇ ਹਲਾਤਾਂ, ਸਮਾਜਕ ਬੰਧਨਾਂ, ਮਜ਼ਬੂਰੀਆਂ ਬਾਰੇ ਸੋਚ ਕੇ ਇਹ ਸਭ ਲਿਖਿਆ ਹੈ? ਜਾਂ ਔਰਤ ਨੂੰ ਸਦੀਆਂ ਤੋਂ ਦੱਬੀ ਕੁਚਲੀ ਸਮਝ ਕੇ ਉਸਤੇ ਇਸ ਤਰ੍ਹਾਂ ਦੀ ਚਿੱਕੜ ਉਛਾਲੀ ਕੀਤੀ ਹੈ? ਕੀ ਇਹ ਸਹੀ ਹੈ ? ਕੀ ਬਿਲਕੁਲ ਇਹੋ ਜਿਹੀਆਂ ਔਰਤਾਂ ਹੁੰਦੀਆਂ ਹਨ ? ਇਹ ਲੇਖਕ ਅਸਲੀਅਤ ਤੋਂ ਲਾਂਭੇ ਹਨ। ਕੀ ਜੰਗ ਵਿੱਚ ਲੜਨ ਵਾਲੀ ਰਾਣੀ ਝਾਂਸੀ ਲਕਸ਼ਮੀ ਬਾਈ, ਮਾਤਾ ਸਾਹਿਬ ਕੌਰ, ਮਾਈ ਭਾਗੋ, ਭਗਵਤੀ ਚਰਨ ਦੀ ਪਤਨੀ ਦੁਰਗਾ ਦੇਵੀ ਜਿਸਨੇ ਭਗਤ ਸਿੰਘ ਦਾ ਸਾਥ ਦਿੱਤਾ ਸੀ, ਕੀ ਉਹ ਔਰਤਾਂ ਨਹੀਂ ਸਨ ? ਕੀ ਇਹ ਲੇਖਕ ਉਹਨਾਂ ਬਹਾਦਰ ਔਰਤਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਰਹੇ ? ਕੀ ਉਹ ਔਰਤਾਂ ਨਹੀਂ ਸਨ ਜੋ ਆਪਣੇ ਪ੍ਰੇਮੀਆਂ ਲਈ (ਹੀਰ, ਸੋਹਣੀ, ਸੱਸੀ ਆਦਿ) ਆਪਣੇ ਪਿਆਰ ਤੋਂ ਜਾਨ ਕੁਰਬਾਨ ਕਰ ਗਈਆਂ ? ਇਹਨਾਂ ਔਰਤਾਂ ਨੂੰ ਭੁਲਾਉਣਾ ਸਾਡੀ ਇੱਕ ਵੱਡੀ ਭੁੱਲ ਹੈ।

ਸਵਾਲ ਇਹ ਉਠਦਾ ਹੈ ਕਿ ਇਹੋ ਜਿਹਾ ਸਾਹਿਤ ਲਿਖਿਆ ਕਿਉਂ ਜਾਂਦਾ ਹੈ? ਇਸਦਾ ਕਾਰਣ ਇਹ ਹੈ ਕਿ ਜਿਹੜੀ ਧਿਰ ਸਮਾਜਕ ਪ੍ਰਬੰਧ ਤੇ ਕਾਬਜ਼ ਹੁੰਦੀ ਹੈ ਉਹ ਜਿਹੋ ਜਿਹਾ ਸਭਿਆਚਾਰ ਚਾਹੁੰਦੀ ਹੈ, ਉਸ ਨੂੰ ਪੈਦਾ ਕਰਕੇ ਆਪਣੇ ਪੱਖ ਵਿੱਚ ਖੜ੍ਹਾ ਕਰਨ ਲਈ ਹਰ ਤਰ੍ਹਾਂ ਦੇ ਸਾਧਨਾਂ ਨਾਲ ਪ੍ਰਚਾਰ ਕਰਕੇ ਪੈਸੇ ਦੇ ਜ਼ੋਰ ਤੇ ਉਹ ਉਹਨਾਂ ਲੇਖਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੱਦਦ ਕਰਦੀ ਰਹਿੰਦੀ ਹੈ।ਬਾਹਰਲੇ ਦੇਸ਼ਾਂ ਵਿੱਚ ਵੀ ਹਜ਼ਾਰਾਂ ਹੀ ਸਭਿਆਚਾਰ ਦੇ ਨਾਂ ਤੇ ਨੱਚਣ ਗਾਉਣ ਦੇ ਸਕੂਲ ਖੋਲ੍ਹੇ ਜਾ ਰਹੇ ਹਨ ਜਦਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਹੋ ਜਿਹੇ ਸ਼ਬਦਾਂ ਤੇ ਨੱਚ ਰਹੇ ਹਨ, ਉਹ ਤਾਂ ਸਿਰਫ ਤਾਲ ਤੇ ਨੱਚ ਰਹੇ ਹਨ।

ਸ਼ਹੀਦ ਭਗਤ ਸਿੰਘ ਨੇ ਆਪਣੇ ਲੇਖ “ਸਾਹਿਤ ਤੇ ਲੋਕ ਚੇਤੰਨਤਾ„ ਵਿੱਚ ਕਿਹਾ ਹੈ ਕਿ, “ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵੱਧ ਰਿਹਾ ਹੁੰਦਾ ਹੈ।ਕਿਸੇ ਵੀ ਜਾਤੀ ਦੀ ਉ¥ਨਤੀ ਲਈ, ਉ¥ਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ ਜਿਉਂ ਦੇਸ਼ ਦਾ ਸਾਹਿਤ ਉ¥ਚਾ ਉਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ।„

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਸਾਹਿਤ ਦਾ ਵਹਾਅ ਨਸ਼ਿਆਂ, ਹਥਿਆਰਾਂ, ਅਸ਼ਲੀਲਤਾ, ਜਾਤੀਵਾਦ, ਕਾਮ ਉਕਸਾਊ ਜਜ਼ਬਿਆਂ, ਰਿਸ਼ਤਿਆਂ ਪ੍ਰਤੀ ਜਾਲ਼ਸਾਜ਼ੀ, ਬੇਹੁਰਮਤੀ, ਅੰਧਵਿਸ਼ਵਾਸੀ, ਲੋਕ ਵਿਰੋਧੀ, ਬਿਮਾਰ ਮਾਨਸਿਕਤਾ, ਨੰਗੇਜ਼ ਤੇ ਵਿਸ਼ਵਮੰਡੀ ਦੀ ਦੌੜ ਵਿੱਚ ਰੁੜਿਆ ਜਾ ਰਿਹਾ ਹੈ।ਇਹ ਨਹੀਂ ਹੈ ਕਿ ਵਧੀਆ ਗੀਤ ਲਿਖੇ ਨਹੀਂ ਗਏ ਜਾਂ ਜਾ ਰਹੇ। ਇਹ ਤਾਂ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਹਮੇਸ਼ਾਂ ਗਰੀਬ ਤੇ ਮਜ਼ਲੂਮ ਮਨੁੱਖਤਾ ਦਾ ਸਾਥ ਦਿੱਤਾ ਹੈ ਚਾਹੇ ਉਹ ਭਗਤੀ ਲਹਿਰ ਦੇ ਕਵੀ ਕਬੀਰ, ਰਵੀਦਾਸ, ਗੁਰੁ ਨਾਨਕ ਜਾਂ ਗੁਰੁ ਗੋਬਿੰਦ ਸਿੰਘ ਜਿਨ੍ਹਾਂ ਨੇ ਹਮੇਸ਼ਾਂ ਭਾਈ ਲਾਲੋਆਂ ਦਾ ਸਾਥ ਦਿੱਤਾ ਤੇ ਮਲਕ ਭਾਗੋਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਸਤੋਂ ਬਾਅਦ ਗਦਰ ਲਹਿਰ ਦੇ ਗਦਰੀ ਬਾਬਿਆਂ ਵਲੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਬਹੁਤ ਹੀ ਜੋਸ਼ੀਲੇ ਤੇ ਅਰਥ ਭਰਭੁਰ ਗੀਤ ਜੋ ਲੋਕਾਂ ਦੀ ਅਜ਼ਾਦੀ ਤੇ ਅਗਾਂਹਵਧੂ ਜ਼ਜਬਿਆਂ ਨੂੰ ਉਤਸਾਹਤ ਕਰਦੇ ਸਨ ਲਿਖੇ ਗਏ। ਉਸ ਵੇਲੇ ਲੋਕਾਂ ਦਾ ਵਹਾਅ ਅਜ਼ਾਦੀ ਦਾ ਸੁਫਨਾ ਸੀ, ਅੱਜ ਵੀ ਇਹ ਸਤਰਾਂ ਭੁੱਲਣੀਆਂ ਮੁਸ਼ਕਲ ਹਨ:-
 
 ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
  ਕਿਤੇ ਦਿਲੋਂ ਨਾ ਕਦੇ ਭੁਲਾ ਦੇਣਾ।
 ਜਾਂ
 ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
  ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
  ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
  ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।


ਉਸ ਤੋਂ ਬਾਅਦ ਪ੍ਰੋ. ਮੋਹਣ ਸਿੰਘ, ਬਾਵਾ ਬਲਵੰਤ, ਧਨੀ ਰਾਮ ਚਾਤ੍ਰਿਕ ਆਦਿ ਵਰਗੇ ਕਵੀਆਂ ਨੇ ਲੋਕ ਪੱਖੀ ਸਾਹਿਤ ਲਿਖ ਕੇ ਰਹਿੰਦੀ ਦੁਨੀਆਂ ਤੱਕ ਆਪਣੀ ਜਗ੍ਹਾ ਬਣਾਈ ਹੈ।60-80ਵਿਆਂ ਦੇ ਦੌਰ ਵਿੱਚ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਬਹੁਤ ਸਾਰਾ ਸਾਹਿਤ ਰਚਿਆ ਗਿਆ। ਉਹਨਾਂ ਵਿੱਚੋਂ ਵਰਨਣਯੋਗ ਸੰਤ ਰਾਮ ਉਦਾਸੀ ਦੇ ਲਿਖੇ ਬੋਲ ਅੱਜ ਵੀ ਲੋਕਾਂ ਦੀਆਂ ਜ਼ੁਬਾਨਾਂ ਤੇ ਉਵੇਂ ਦੇ ਉਵੇਂ ਉਕਰੇ ਪਏ ਹਨ। ਜਿਵੇਂ:-
 
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
  ਬੋਹਲਾਂ ਵਿੱਚੋਂ ਨੀਰ ਵਗਿਆ।
  ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
  ਤੂੜੀ ਵਿੱਚੋਂ ਪੁੱਤ ਜੱਗਿਆ।


ਇਸ ਗੀਤ ਵਿੱਚ ਜੱਟ ਤੇ ਸੀਰੀ ਦੇ ਦੁੱਖਾਂ ਸੁੱਖਾਂ ਦੀ ਸਾਂਝ ਨੂੰ ਦਰਸਾਇਆ ਗਿਆ ਹੈ ਅੱਜ ਦੇ ਵਿਪਰੀਤ ਆਹਮੋ ਸਾਹਮਣੇ ਚਮਾਰ ਜਾਂ ਜੱਟ ਦੁਨਾਲੀਆਂ ਲੈ ਕੇ ਨਹੀਂ ਖੜ੍ਹੇ।

  ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ
  ਬੀਜਣੇ ਨੇ ਅਸੀਂ ਹਥਿਆਰ
  ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ
  ਪਵੇ ਨਾ ਚੁਮਾਸਿਆ ਦੀ ਮਾਰ।
 ਜਾਂ
ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ,
  ਬੜੇ ਹੀ ਅਸੀਂ ਦੁੱਖੜੇ ਜਰੇ।
  ਆਖਣਾ ਸਮੇਂ  ਦੀ ਸਰਕਾਰ ਨੂੰ,
  ਉਹ ਗਹਿਣੇ ਸਾਡਾ ਦੇਸ਼ ਨਾ ਧਰੇ।


ਗੱਲ ਤਾਂ ਇੱਥੇ ਵੀ ਹਥਿਆਰਾਂ ਦੀ ਕੀਤੀ ਗਈ ਹੈ ਪਰ ਇਹ ਹਥਿਆਰ ਲੋਕਾਂ ਨੂੰ ਵੱਢਣ ਟੁੱਕਣ ਲਈ ਨਹੀਂ ਸਗੋਂ ਮਾੜੇ ਪ੍ਰਬੰਧ ਦੇ ਖਿਲਾਫ ਲਾਮਬੰਦੀ ਦਾ ਸੁਨੇਹਾ ਹੈ ਅਤੇ ਸਮੇਂ ਦੀ ਸਰਕਾਰ ਨੂੰ ਘੁਰਕੀ ਵੀ ਹੈ।

  ਹੱਸ ਹੱਸ ਤੋਰਦੇ ਤੂੰ ਡੋਲੀ ਮੇਰੀ ਬਾਬਲਾ ਵੇ
  ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
  ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ
  ਮਾਂਗ ਮੇਰੀ ਮੰਗਦੀ ਸੰਧੂਰ।
 ਜਾਂ
ਜੰਮੀਂ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ,
  ਜਿੱਥੇ ਸੱਧਰਾਂ ਤੇ ਸੰਗਲ ਰਵੇ।
  ਜਿੱਥੇ ਮੇਰੇ ਵੀਰ ਦੀਆਂ ਕੱਚੀਆਂ ਤਰੇਲ੍ਹੀਆਂ ਦਾ
  ਚੱਪਾ ਟੁੱਕ ਮੁੱਲ ਨਾ ਪਵੇ।
 ਜਾਂ
 ਪੁੱਤ ਬਣਕੇ ਕਮਾਊਂ ਘਰ ਤੇਰੇ,
  ਚਿੱਤ ਨਾ ਡੁਲਾਈਂ ਬਾਬਲਾ
  ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
  ਚਿੱਤ ਨਾ ਡੁਲਾਈਂ ਬਾਬਲਾ।

ਇਨ੍ਹਾਂ ਗੀਤਾਂ ਵਿੱਚ ਜਿੱਥੇ ਆਮ ਮਨੁੱਖ ਦੀਆਂ ਜ਼ਿੰਦਗੀ ਦਾ ਲੋੜਾਂ ਥੋੜਾਂ ਅਤੇ ਅਮੀਰ ਜਮਾਤ ਦੀਆਂ ਵਧੀਕੀਆਂ ਰਾਹੀਂ ਕੀਤੀ ਜਾਂਦੀ ਲੁੱਟ ਚੋਂਘ ਨੂੰ ਦਰਸਾਇਆ ਹੈ ਉੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਇੱਕ ਦੂਜੇ ਦਾ ਸਾਥ ਤੇ ਪਿਆਰ ਦੀ ਭਾਵਨਾ ਇੱਕ ਮੂੰਹ ਬੋਲਦੀ ਤਸਵੀਰ ਹੈ।

ਇਸੇ ਹੀ ਦੌਰ ਦੇ ਕਵੀ ਪਾਸ਼ ਨੇ ਕੁਝ ਕੁ ਗੀਤ ਹੀ ਲਿਖੇ ਪਰ ਉਹ ਕਦੇ ਵੀ ਲੋਕਾਂ ਨੂੰ ਭੁੱਲੇ ਨਹੀਂ ਹਨ।
 
ਪੈਰਾਂ ਦੀਏ ਮਿੱਟੀਏ, ਪਹਾੜ ਬਣ ਜਾਈਂ
  ਕੱਖਾਂ ਦੀਏ ਕੁੱਲੀਏ, ਮਿਨਾਰ ਬਣ ਜਾਈਂ
  ਆਪਣੀ ਕਮਾਈ ਸਾਂਭ ਰੱਖ ਨੀ
  ਕਿਰਤੀ ਦੀਏ ਕੁੱਲੀਏ
  ਲੱਖ ਲੱਖ ਦਾ ਏ ਤੇਰਾ ਕੱਖ ਨੀ
  ਕਿਰਤੀ ਦੀਏ ਕੁੱਲੀਏ।
 ਜਾਂ ਸੋਨੇ ਦੀ ਸਵੇਰ ਜਦੋਂ ਆਊ ਹਾਣੀਆ,
  ਨੱਚੇਗਾ ਅੰਬਰ ਭੂਮੀ ਗਾਊ ਹਾਣੀਆ।

ਪਰ ਇਹ ਗੀਤਕਾਰਾਂ ਨੂੰ ਜਿਨ੍ਹਾਂ ਨੇ ਲੋਕਪੱਖੀ ਸਾਹਿਤ ਲਿਖਿਆ ਉਹਨਾਂ ਦੀ ਕਲਮ ਰੂਪੀ ਅਵਾਜ਼ ਨੂੰ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਰਥਾਤ ਉਹਨਾਂ ਦੇ ਸਾਹਿਤਕ ਪਿੜ ਵਿੱਚ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਜਿਵੇਂ ਜੇਲ੍ਹਾਂ ਵਿੱਚ ਡੱਕਿਆ ਜਾਣਾ, ਜ਼ਿੰਦਗੀ ਤੋਂ ਵਾਂਝੇ ਕੀਤਾ ਜਾਣਾ ਜਾਂ ਫਿਰਕੂ ਤਾਕਤਾਂ ਤੋਂ ਕਤਲ ਕਰਵਾਉਣਾ(ਜਿਵੇਂ ਪਾਸ਼ ਅਤੇ ਜੈਮਲ ਪੱਡਾ ਆਦਿ ਨੂੰ)। ਅੱਖਾਂ ਵਿੱਚ ਤੇਜ਼ ਰੌਸ਼ਨੀ ਪਾ ਕੇ ਅੱਖਾਂ ਦੀ ਜੋਤ ਗਵਾ ਦੇਣਾ।(ਜਿਵੇਂ ਸੰਤ ਰਾਮ ਉਦਾਸੀ ਦੀ) ਉਹਨਾਂ ਦੇ ਦਿਮਾਗ ਤੇ ਸੱਟਾਂ ਮਾਰੀਆਂ ਜਾਂਦੀਆਂ ਹਨ ਕਿ ਉਹ ਲੋਕ ਪੱਖੀ ਸਾਹਿਤ ਲਿਖਣ ਦੀ ਜ਼ੁਅਰਤ ਨਾ ਕਰਨ।ਪਰ ਫਿਰ ਵੀ ਬਹੁਤ ਵਧੀਆ ਸਾਹਿਤ ਲਿਖਿਆ ਵੀ ਜਾ ਰਿਹਾ ਹੈ ਪਰ ਸਾਡੇ ਲੋਕਾਂ ਦੇ ਹੱਥ ਹੈ ਕਿ ਅਸੀਂ ਉਸ ਨੂੰ ਸਮਾਜ ਦੇ ਰੂ ਬਰੂ ਕਿਵੇਂ ਕਰਨਾ ਹੈ।

ਅਸੀਂ ਦੋਨੋਂ ਤਰ੍ਹਾਂ ਦੇ ਗੀਤਾਂ ਨੂੰ ਸਾਹਮਣੇ ਰੱਖ ਕੇ ਸੋਚਣਾ ਹੈ ਕਿ ਸਾਨੂੰ ਜ਼ਿੰਦਗੀ ‘ਚ ਅੱਗੇ ਵਧਣ ਲਈ ਕਿਹੋ ਜਿਹੇ ਗੀਤਾਂ ਦੀ ਲੋੜ ਹੋਣੀ ਚਾਹੀਦੀ ਹੈ। ਜਦੋਂ ਇਹੋ ਜਿਹੇ ਗਾਉਣ ਵਾਲੇ ਗਾਉਣਾ ਸ਼ੁਰੂ ਕਰਦੇ ਹਨ ਤਾਂ ਰੱਬ ਦੇ ਨਾਂ ਤੇ ਇੱਕ ਗੀਤ ਗਾ ਕੇ ਉਸਤੋਂ ਖੁਲਦਿਲੀ ਨਾਲ ਲੱਚਰ ਗੀਤ ਗਾਉਣ ਦੀ ਆਗਿਆ ਲੈ ਲੈਂਦੇ ਹਨ।ਜਦੋਂ ਰੱਬ ਨੇ ਪ੍ਰਵਾਨਗੀ ਦੇ ਦਿੱਤੀ ਤਾਂ ਆਪਾਂ ਉਸਦਾ ਵਿਰੋਧ ਕਿਵੇਂ ਕਰ ਸਕਦੇ ਹਾਂ? ਬੇਸ਼ੱਕ ਇਹ ਗੀਤ ਘਟੀਆ ਹਨ ਪਰ ਇਹਨਾਂ ਨੂੰ ਸੁਣਨ ਵੇਲੇ ਲੋਕਾਂ ਦੀ ਗਿਣਤੀ ਦੁੱਗਣੀ ਤਿੱਗਣੀ ਹੁੰਦੀ ਹੈ ਤੇ ਲੋਕ ਹਜ਼ਾਰਾਂ ਰੁਪਿਆ ਇਹਨਾਂ ਗਾਉਣ ਵਾਲਿਆਂ ਦੇ ਉ¥ਤੋਂ ਵਾਰ ਸੁੱਟਦੇ ਹਨ। ਇਹ ਕਿਉਂ ? ਤੇ ਇਸਦੇ ਪਿੱਛੇ ਕੀ ਹੈ ? ਇਹ ਕੁਝ ਜਮਾਤਾਂ ਦੀ ਗਿਣੀ ਮਿੱਥੀ ਸਾਜ਼ਸ਼ ਜਾਪਦੀ ਹੈ ਜਿਨ੍ਹਾਂ ਵਲੋਂ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੁੱਟਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ ਜਿਵੇਂ ਜਵਾਨ ਦਿਲਾਂ ਦੀ ਸੋਚ ਨੂੰ ਦਬਾਉਣ ਲਈ ਇਹ ਲੱਚਰਪੁਣੇ ਦਾ ਸ਼ਿਕਾਰ ਬਣਾਉਣਾ ਕਿਉਂਕਿ ਨੌਜਵਾਨ ਪੀੜ੍ਹੀ ਉਹਨਾਂ ਦੀਆਂ ਹਰਕਤਾਂ ਵੱਲ ਉਂਗਲ ਨਾ ਕਰ ਸਕਣ। ਸਮਾਜ ਦੀਆਂ ਲੁਟੇਰੀਆਂ ਜਮਾਤਾਂ ਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਜ਼ਿੱਲਤ ਭਰੇ ਭਰਿਸ਼ਟ ਲੱਚਰ ਸਾਹਿਤ ਰਾਹੀਂ ਖੱਸੀ ਤੇ ਨਿਰਾਸ਼ਾ ਭਰੇ ਮਾਹੌਲ ਵਿੱਚ ਧੱਕਣ ਦਾ ਜੋਰ ਲਾਇਆ ਜਾ ਰਿਹਾ ਹੈ।ਕੈਸਟ ਕਲਚਰ ਪੈਦਾ ਕੀਤਾ ਜਾ ਰਿਹਾ ਹੈ। ਇਹੀ ਕਾਰਣ ਹੈ ਕਿ ਲੁਟੇਰੀਆਂ ਜਮਾਤਾਂ ਵਲੋਂ ਗੀਤਾਂ ਦੇ ਅਜਿਹੇ ਲੇਖਕਾਂ ਨੂੰ ਵਿਸ਼ੇਸ਼ ਸਰਟੀਫਿਕੇਟਾਂ ਅਤੇ ਇਨਾਮਾਂ ਰਾਹੀਂ ਇਨ੍ਹਾਂ ਦੀਆਂ ਝੋਲ਼ੀਆਂ ਭਰੀਆਂ ਜਾਂਦੀਆਂ ਹਨ।ਇਹਨਾਂ ਦੇ ਘਟੀਆ ਤੋਂ ਘਟੀਆ ਗੀਤਾਂ ਨੂੰ ਰਿਕਾਰਡ ਕਰਵਾਇਆ ਜਾਂਦਾ ਹੈ। ਇਹਨਾਂ ਨੂੰ ਧੰਨ ਦੇ ਨਾਲ ਮਾਲੋਮਾਲ ਕੀਤਾ ਜਾਂਦਾ ਹੈ, ਹਰ ਪਾਸਿਉਂ ਮਾਨਤਾ ਦਿੱਤੀ ਜਾਂਦੀ ਹੈ।ਅੱਜ ਕੱਲ ਸਰਕਾਰਾਂ ਨੇ ਅਗਰ ਕੋਈ ਰਾਜਨੀਤਿਕ ਇਕੱਠ ਕਰਨਾ ਹੈ ਜਾਂ ਕੋਈ ਟੂਰਨਾਮੈਂਟ ਕਰਵਾਉਣਾ ਹੈ ਤਾਂ ਸਰਕਾਰਾਂ ਆਪਣੇ ਇਕੱਠ ਨੂੰ ਵਧਾਉਣ ਲਈ ਇਹਨਾਂ ਲੱਚਰ ਗੀਤਾਂ ਦੇ ਗਾਇਕਾਂ ਨੂੰ ਸਟੇਜ ਤੋਂ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਦੇ ਹੱਥਕੰਡੇ ਵਰਤ ਦੀਆਂ ਹੈ।ਅਸੀਂ ਲੋਕ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਸਮਝ ਕੇ ਚੁੱਪ ਬੈਠੇ ਰਹਿੰਦੇ ਹਾਂ ਇਹ ਨਹੀਂ ਸੋਚਦੇ ਕਿ ਇਸਦਾ ਸਾਡੀ ਨੌਜਵਾਨ ਪੀੜ੍ਹੀ ਤੇ ਕਿੰਨਾ ਗਲਤ ਅਸਰ ਪੈ ਰਿਹਾ ਹੈ।ਕਈ ਵਾਰ ਤਾਂ ਇਹ ਲੱਗਦਾ ਹੈ ਭਾਰਤ ਤਾਂ ਸਿਰਫ ਨੱਚਣ ਗਾਉਣ ਦੇ ਰਾਹ ਹੀ ਤੁਰ ਪਿਆ ਹੈ, ਇੱਕ ਇੱਕ ਪਿੰਡ ਵਿੱਚ ਪਤਾ ਨਹੀਂ ਕਿੰਨੇ ਗਾਉਣ ਵਾਲੇ ਤੁਰੇ ਫਿਰਦੇ ਹਨ ਅਤੇ ਨਾਲ ਥੋੜ੍ਹੇ ਥੋੜ੍ਹੇ ਪੈਸਿਆਂ ਤੇ ਅਨੇਕਾਂ ਹੀ ਕੁੜੀਆਂ ਬਕਿਨੀਆਂ  ਪਾ ਕੇ ਨੱਚਣ ਲਈ ਤਿਆਰ ਹਨ।ਪਿੰਡਾਂ ਵਿੱਚ ਬਹੁਤੇ ਮੁੰਡੇ ਜ਼ਮੀਨਾਂ ਵੇਚ ਕੇ ਕੈਸਟ ਰਿਕਾਰਡ ਕਰਾਉਣ ਦੇ ਚੱਕਰ ਵਿੱਚ ਸਾਰੀ ਜ਼ਮੀਨ ਗਿਰਵੀ ਰੱਖ ਕੇ ਘਰਾਂ ਦੇ ਘਰ ਉਜਾੜ ਰਹੇ ਹਨ।

ਅੱਜ ਦੇ ਲੇਖਕ ਕੋਲ ਸਿਰਫ ਦੋ ਹੀ ਰਸਤੇ ਹਨ ਜਾਂ ਤਾਂ ਉਹ ਆਮ ਜਨਤਾ ਨਾਲ ਮਿਲ ਕੇ ਸਮਾਜ ਦੀ ਪ੍ਰਗਤੀ ਦਾ ਦੂਤ ਬਣ ਸਕਦਾ ਹੈ ਅਤੇ ਆਪਣੇ ਗੌਰਵਮਈ ਇਤਿਹਾਸ ਦੀ ਪ੍ਰੰਪਰਾ ਨੂੰ ਕਾਇਮ ਰੱਖ ਸਕਦਾ ਹੈ ਜਾਂ ਫਿਰ ਪੂੰਜੀਵਾਦੀ ਵਿਚਾਰਧਾਰਾ ਨਾਲ ਮਿਲ ਕੇ, ਨਿੱਜਵਾਦ ਦੀ ਪੌੜੀ ਤੇ ਖੜ੍ਹ ਕੇ ਮਨੁੱਖਤਾ ਦੇ ਸਰਬਨਾਸ਼ ਦਾ ਪੈਗੰਬਰ ਵੀ ਬਣ ਸਕਦਾ ਹੈ।ਇਹ ਤਾਂ ਲੇਖਕ ਨੇ ਆਪ ਚੁਣਨਾ ਹੈ ਕਿ ਉਸ ਨੇ ਕਿਹੜਾ ਰਾਹ ਅਪਣਾਉਣਾ ਹੈ ਕਿਉਂਕਿ ਲੇਖਕ ਵੀ ਸਮਾਜ ਦਾ ਹਿੱਸਾ ਹੈ ਉਹ ਆਪਣੇ ਆਪ ਨੂੰ ਇਸ ਤੋਂ ਅਲੱਗ ਕਰਕੇ ਨਹੀਂ ਰੱਖ ਸਕਦਾ ਸੋ ਉਸਨੂੰ ਕਿਸੇ ਇੱਕ ਧਿਰ ਨਾਲ ਤਾਂ ਖੜ੍ਹਨਾ ਹੀ ਪਵੇਗਾ।

ਅੰਤ ਇਸ ਵਿਆਖਿਆ ਤੋਂ ਸਾਡਾ ਇੱਥੇ ਸਮੁੱਚਾ ਫਰਜ਼ ਬਣਦਾ ਹੈ ਕਿ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ, ਸਾਡੇ ਭਵਿੱਖ ਦੇ ਵਾਰਸਾਂ ਨੂੰ ਇਨ੍ਹਾਂ ਘਟੀਆ ਅਲਾਮਤਾਂ ਤੋਂ ਦੂਰ ਰੱਖਣਾ ਹੈ ਤਾਂ ਅਸੀਂ ਲੱਚਰ ਸਾਹਿਤ ਜੋ ਸਾਨੂੰ ਜ਼ਲੀਲ ਕਰ ਰਿਹਾ ਹੈ, ਉਸਦਾ ਵਿਰੋਧ ਕਰੀਏ ਅਤੇ ਸਾਡੇ ਲੋਕ ਗੀਤਾਂ ਅਤੇ ਲੋਕ ਪੱਖੀ ਕਵੀਆਂ ਜਾਂ ਗੀਤਕਾਰਾਂ  ਦੇ ਗੀਤਾਂ ਨੂੰ ਸਟੇਜਾਂ ਤੇ ਬਹੁਤਾਤ ਵਿੱਚ ਲਿਆਈਏ ਅਤੇ ਉਹਨਾਂ ਨੂੰ ਸਾਰੇ ਪੱਖਾਂ ਤੋਂ ਉਤਸਾਹਤ ਕਰੀਏ। ਅਸਲੀਅਤ ਵਿੱਚ ਲੋਕਾਂ ਨਾਲ ਜੁੜਿਆ ਸਾਹਿਤਕਾਰ ਉਹ ਹੈ ਜੋ ਕਿ ਆਪਣੀ ਧਰਤੀ ਦੀ ਗੱਲ ਕਰਦੈ, ਆਪਣੇ ਲੋਕਾਂ ਦੀ ਮੁਕਤੀ ਦੀ ਗੱਲ ਕਰਦੈ, ਲੋਕਾਂ ਦੀ ਮੰਦਹਾਲੀ, ਸਮਾਜ ਵਿੱਚ ਫੈਲਾਈ ਜਾ ਰਹੀ ਅੰਧਵਿਸ਼ਵਾਸੀ ਅਤੇ ਪਿੱਛੇ ਖਿੱਚੂ ਰੀਤੀ ਰਿਵਾਜਾਂ ਦਾ ਪਰਦਾ ਫਾਸ਼ ਕਰਦੈ, ਜਗੀਰੂ ਤੇ ਭਰਿਸ਼ਟ ਲੱਚਰ ਸਾਹਿਤ ਵਿਰੁੱਧ ਅਵਾਜ਼ ਉ¥ਚੀ ਕਰਦੈ।ਆਉ ਅਜਿਹੇ ਲੇਖਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਅਤੇ ਲੱਚਰ ਸਾਹਿਤ ਦੇ ਲੇਖਕਾਂ ਦਾ ਹੁੱਕਾ ਪਾਣੀ ਬੰਦ ਕਰੀਏ ਤੇ ਆਪਣੀ ਗੁੰਮਰਾਹ ਹੋਈ ਨੌਜਵਾਨ ਪੀੜ੍ਹੀ ਨੂੰ ਆਪਣਾ ਅਮੀਰ ਵਿਰਸਾ ਸੰਭਾਲਣ ਲਈ ਆਪਣਾ ਬਣਦਾ ਹਿੱਸਾ ਪਾਈਏ ਤਾਂ ਕਿ ਉਹ ਅਣਖ ਤੇ ਗੈਰਤ ਦੀ ਜ਼ਿੰਦਗੀ ਨੂੰ ਅਪਣਾਉਣ ਨਾਕਿ ਸਿਰਫ ਇਨ੍ਹਾਂ ਦੀ ਅਸ਼ਲੀਲਤਾ ਤੇ ਅੱਖਾਂ ਤੇ ਕੰਨ ਬੰਦ ਕਰਕੇ ਨੱਚੀ ਜਾਣ।

                                                               ਸੰਪਰਕ:    604 760 4794

Comments

ਵਧੀਆ ਤੇ ੳੁਸਾਰੂ ਲੇਖ ਹੈ। ਅੱਜ ਕੱਲ੍ਹ ਿੲਹੋ ਹੀ ਵਰਤਾਰਾ ਚੱਲ ਿਰਹਾ ਹੈ। ਲੇਿਖਕਾ ਵਧਾਈ ਦੀ ਪਾਤਰ ਹੈ।

Kulvir Manguwal

Parminder behan Ji hora te saanu bhout proud hai.... Ohna da eh Lekh gande culture da kupaarh kholda hai....kuj fukre singer te lekhak foki balle balle layi eh Gand pa rahe aa....Parminder behan Ji ne bhout mehnat keeti hai Es Lekh nu likhan te....oh apne saare pariwar samet Es smaaj diya kadra keemta layi Madaan e jang ch kuddi hoi hai....sarea nu eh Gand saaf karn layi jogdaan paouna chahida hai...

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ