Thu, 18 April 2024
Your Visitor Number :-   6981596
SuhisaverSuhisaver Suhisaver

ਗ਼ਲਤ ਬਿਆਨੀਆਂ ਨਾਲ ਪਰੁੰਨ੍ਹੀ ਹੋਈ ਸੀ ਸਿਖਸ ਫਾਰ ਜਸਟਿਸ ਦੀ ਪਟੀਸ਼ਨ - ਹਜ਼ਾਰਾ ਸਿੰਘ

Posted on:- 17-02-2015

ਦਸਤਖਤ ਕਰਨ ਵਾਲੇ ਬਣੇ ਹਨ ਝੂਠੇ ਹਲਫਨਾਮੇ ਦੇਣ ਦੇ ਦੋਸ਼ੀ

ਪਿਛਲੇ ਦਿਨੀਂ ਸਿਖਸ ਫਾਰ ਜਸਟਿਸ ਵੱਲੋਂ ਰਾਸ਼ਟਰਪਤੀ ਸ੍ਰੀ ਓਬਾਮਾ ਨੂੰ ਦੇਣ ਵਾਸਤੇ ਇੱਕ ਪਟੀਸ਼ਨ ਤੇ ਲੋਕਾਂ ਤੇ ਦਸਤਖਤ ਕਰਵਾਏ ਗਏ। ਇਸ ਪਟੀਸ਼ਨ ਰਾਹੀ ਰਾਸ਼ਟਰਪਤੀ ਓਬਾਮਾ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਭਾਰਤ ਫੇਰੀ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਪੁੱਛੇ ਕਿ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਕਿਉਂ ਲਿਖਿਆ ਗਿਆ ਹੈ? ਪਟੀਸ਼ਨ ਪਾਉਣਾ ਜਾਂ ਕੋਈ ਮੁੱਦਾ ਉਠਾਉਣ ਦੇ ਯਤਨ ਕਰਨ ਵਿੱਚ ਕੋਈ ਬੁਰਾਈ ਨਹੀਂ। ਪਰ ਇੱਕ ਤਾਂ ਮੁੱਦਾ ਵਾਜ਼ਿਬ ਹੋਣਾ ਚਾਹੀਦਾ ਅਤੇ ਦੂਸਰਾ ਪੇਸ਼ ਕੀਤੇ ਗਏ ਤੱਥ ਸਹੀ ਹੋਣੇ ਚਾਹੀਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਪਟੀਸ਼ਨ ਵਿੱਚ ਪੇਸ਼ ਕੀਤੇ ਗਏ ਤੱਥ ਇਤਿਹਾਸਕ ਹਕੀਕਤ ਤੋਂ ਕੋਹਾਂ ਦੂਰ ਸਨ ਅਤੇ ਉਠਾਇਆ ਗਿਆ ਮੁੱਦਾ ਵੀ ਪੂਰੀ ਤਰਾਂ ਸਹੀ ਨਹੀਂ ਸੀ।

ਪਟੀਸ਼ਨ ਵਿੱਚ ਜੋ ਗਲਤ ਬਿਆਨੀਆਂ ਕੀਤੀਆਂ ਗਈਆਂ, ਉਨ੍ਹਾਂ ਵਿੱਚ ਪਹਿਲੀ ਸੀ ਸਿੱਖਾਂ ਵੱਲੋਂ ਭਾਰਤੀ ਸੰਵਿਧਾਨ ਤੇ ਦਸਤਖਤ ਨਾ ਕਰਨ ਦੀ ਗਲਤ ਬਿਆਨੀ। ਪਟੀਸ਼ਨ ਵਿੱਚ ਕਿਹਾ ਗਿਆ, " 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਨੂੰ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਲਾਗੂ ਕਰ ਦਿੱਤਾ ਗਿਆ ਸੀ, ਜਿਨ੍ਹਾਂ ਇਸ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਸੰਵਿਧਾਨ ਦੀ ਧਾਰਾ 25(ਬੀ) ਦੀ ਵਿਆਖਿਆ 2 ਵਿੱਚ ਸਿੱਖਾਂ ਨੂੰ ਹਿੰਦੂ ਦਰਸਾਇਆ ਗਿਆ ਹੈ।" ਇਹ ਗੱਲ ਇਤਹਾਸਕ ਤੌਰ ਤੇ ਗਲਤ ਹੈ ਕਿ ਸਿੱਖਾਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਸਨ ਕੀਤੇ। ਸਰਦਾਰ ਬਲਦੇਵ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਰ (ਜੋ ਅਕਾਲ ਤਖਤ ਦੇ ਜਥੇਵਾਰ ਵੀ ਰਹੇ ਸਨ), ਸਰਦਾਰ ਸੁਚੇਤ ਸਿੰਘ, ਸਰਦਾਰ ਬਹਾਦਰ ਰਣਜੀਤ ਸਿੰਘ ਸਮੇਤ ਹੋਰ ਕਈ ਸਿੱਖ ਮੈਬਰਾਂ ਨੇ ਦਸਤਖਤ ਕਰ ਦਿੱਤੇ ਸਨ। ਹਾਂ, ਦੋ ਅਕਾਲੀ ਮੈਬਰਾਂ ,ਸਰਦਾਰ ਹੁਕਮ ਸਿੰਘ ਅਰੋੜਾ ਅਤੇ ਸਰਦਾਰ ਭੋਪਿੰਦਰ ਸਿੰਘ ਮਾਨ ਨੇ ਦਸਤਖਤ ਨਹੀਂ ਕੀਤੇ ਸਨ।

ਦਸਤਖਤ ਨਾ ਕਰਨ ਦੀ ਵਜ੍ਹਾ ਵੀ ਧਾਰਾ 25 ਬਿਲਕੁਲ ਨਹੀਂ ਸੀ। ਇਹ ਮੈਂਬਰ ਸਿੱਖਾਂ ਵਾਸਤੇ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਸੀਟਾਂ ਅਤੇ ਕੁੱਝ ਮੰਤਰੀ ਪਦ ਰਾਖਵੇਂ ਕਰਵਾਉਣਾ ਚਾਹੰਦੇ ਸਨ। ਜਿਸਦੇ ਨਾਂ ਮੰਨੇ ਜਾਣ ਕਾਰਨ ਇਨ੍ਹਾਂ ਮੈਬਰਾਂ ਨੇ ਦਸਤਖਤ ਕਰਨੋ ਗੁਰੇਜ਼ ਕੀਤਾ। ਪਰ ਬਾਅਦ ਵਿੱਚ ਹੋਰਨਾਂ ਸਿੱਖ ਆਗੂਆਂ ਵਾਂਗ ਇਹ ਦੋਨੋਂ ਮੈਂਬਰ ਵੀ ਉਸੇ ਸੰਵਿਧਾਨ ਦੀ ਸਹੁੰ ਖਾਕੇ ਸੰਵਿਧਾਨਕ ਪਦਵੀਆਂ ਮਾਣਦੇ ਰਹੇ। ਯਾਦ ਰਹੇ ਸੰਵਿਧਾਨ ਘੜਨੀ ਸਭਾ ਦੇ ਕੁੱਲ 299 ਮੈਬਰਾਂ ਵਿੱਚੋਂ ਦਸਤਖਤ ਕਰਨ ਵਾਲਿਆਂ ਦੀ ਗਿਣਤੀ 284 ਸੀ। ਇਸ ਤਰਾਂ ਦੋ ਅਕਾਲੀ ਮੈਂਬਰਾਂ ਤੋਂ ਬਿਨਾਂ 13 ਹੋਰ ਮੈਂਬਰ ਵੀ ਸਨ ਜਿਨ੍ਹਾਂ ਸੰਵਿਧਾਨ ਉੱਪਰ ਦਸਤਖਤ ਨਹੀਂ ਕੀਤੇ ਸਨ।

 

ਇਸ ਤੋਂ ਅੱਗੇ ਪਟੀਸ਼ਨ ਵਿੱਚ ਕਿਹਾ ਗਿਆ ," 26 ਜਨਵਰੀ, 2015 ਨੂੰ ਖੁਦਮੁਖਤਿਆਰੀ ਦੇ ਅਧਿਕਾਰ ਲਈ ਸਿੱਖੀ ਸੰਘਰਸ਼ ਦੀ 65ਵੀਂ ਵਰ੍ਹੇ ਗੰਢ ਹੈ।" ਇਹ ਤਾਂ ਨਿਰੀ ਗੱਪ ਹੈ। ਸਿੱਖ ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਜ਼ਰੂਰ ਕਰਦੇ ਆਏ ਹਨ। ਪਰ ਇਹ ਸੰਘਰਸ਼ ਖੁਦਮਖੁਤਿਆਰੀ ਦੇ ਮੁੱਦੇ ਨਾਲ ਸੰਬੰਧਿਤ ਕਦੇ ਵੀ ਨਹੀਂ ਰਿਹਾ। 1982 ਤੋਂ ਜੂਨ 1984 ਤੱਕ ਦਾ ਮੋਰਚਾ ਸਿੱਖਾਂ ਦੀ ਖੁਦਮੁਖਤਿਆਰੀ ਲਈ ਨਹੀਂ ਸੀ। ਇਸ ਲਈ ਇਹ ਕਹਿਣਾ ਕਿ 26 ਜਨਵਰੀ, 2015 ਨੂੰ ਖੁਦਮੁਖਤਿਆਰੀ ਦੇ ਅਧਿਕਾਰ ਲਈ ਸਿੱਖੀ ਸੰਘਰਸ਼ ਦੀ 65ਵੀਂ ਵਰ੍ਹੇ ਗੰਢ ਹੈ, ਤੱਥਾਂ ਤੋਂ ਕੋਰੀ ਗਲਤ ਬਿਆਨੀ ਹੈ।

 

ਹੈਰਾਨੀ ਦੀ ਗੱਲ ਹੈ ਕਿ ਗਲਤ ਬਿਆਨੀਆਂ ਨਾਲ ਭਰਪੂਰ ਇਹ ਪਟੀਸ਼ਨ ਅਮਰੀਕਾ ਦੇ ਰਾਸ਼ਟਰਪਤੀ ਨੂੰ ਸੌਂਪੀ ਗਈ ਜਿਸ ਤੇ ਲੱਖਾਂ ਸਿੱਖਾਂ ਦੇ ਦਸਤਖਤ ਕਰਵਾਏ ਗਏ। ਇਸ ਤਰ੍ਹਾਂ ਸਿਖਸ ਫਾਰ ਜਸਟਿਸ ਨੇ ਪਟੀਸ਼ਨ ਤੇ ਸਾਈਨ ਕਰਨ ਵਾਲੇ ਸਿੱਖਾਂ ਨੂੰ ਝੂਠੇ ਹਲਫਨਾਮੇ ਦਾਖਲ ਕਰਨ ਵਾਲੇ ਦੋਸ਼ੀ ਬਣਾ ਧਰਿਆ ਹੈ।

 

ਇਸ ਤੋਂ ਅੱਗੇ ਜੋ ਸਵਾਲ ਪੁੱਛਣ ਲਈ ਕਿਹਾ ਗਿਆ ਸੀ ਕਿ ਧਾਰਾ 25 ਵਿੱਚ ਸਿੱਖਾਂ ਨੂੰ ਹਿੰਦੂ ਕਿਉਂ ਬਣਾਇਆ ਗਿਆ ਹੈ। ਇਹ ਕਥਨ ਵੀ ਠੀਕ ਨਹੀਂ। ਧਾਰਾ 25 ਰਾਹੀ ਸਿੱਖਾਂ ਉੱਪਰ ਕੋਈ ਹਿੰਦੂ ਰਹੁ ਰੀਤ ਨਾਂ ਤਾਂ ਠੋਸੀ ਗਈ ਹੈ ਅਤੇ ਨਾਂ ਹੀ ਕਿਸੇ ਸਿੱਖ ਰੀਤ ਤੇ ਪਾਬੰਦੀ ਲਗਾਈ ਗਈ ਹੈ। ਧਾਰਾ 25 ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵੀ ਨਹੀਂ ਲਿਖਿਆ ਗਿਆ। ਇਸ ਧਾਰਾ ਰਾਹੀ ਤਾਂ ਸਿੱਖਾਂ ਨੂੰ ਕਿਰਪਾਨਾਂ ਰੱਖਣ ਅਤੇ ਪਹਿਨਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਸਿੱਖਾਂ ਲਈ ਐਸਾ ਅਧਿਕਾਰ ਦੁਨੀਆਂ ਦੇ ਕਿਸੇ ਵੀ ਸੰਵਿਧਾਨ ਵਿੱਚ ਦਰਜ਼ ਨਹੀਂ ਹੈ। ਇਸੇ ਧਾਰਾ ਕਾਰਨ ਭਾਰਤ ਅੰਦਰ ਘਰੇਲੂ ਹਵਾਈ ਉਡਾਨਾਂ ਦੌਰਾਨ ਸਿੱਖਾਂ ਨੂੰ 9 ਇੰਚ ਲੰਬੀ ਕਿਰਪਾਨ ਪਾ ਕੇ ਸਫਰ ਕਰਨ ਦੀ ਆਗਿਆ ਹੈ। ਜੋ ਕਿ ਰਾਸ਼ਟਰਪਤੀ ਓਬਾਮਾ ਦੇ ਦੇਸ਼ ਅਮਰੀਕਾ ਵਿੱਚ ਬਿਲਕੁਲ ਨਹੀਂ ਹੈ। ਨਾਂ ਹੀ ਅਮਰੀਕਾ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਕਿਰਪਾਨ ਦਾ ਅਧਿਕਾਰ ਦਰਜ਼ ਹੈ। ਸ੍ਰੀ ਓਬਾਮਾ ਦੇ ਦੇਸ਼ ਵਿੱਚ ਕਮੀਜ਼ ਹੇਠ ਦੀ ਕਿਰਪਾਨ ਪਾਉਣ ਵਾਲੇ ਕਈ ਸਿੱਖਾਂ ਤੇ ਕੇਸ ਦਰਜ਼ ਹੋ ਚੁੱਕੇ ਹਨ। ਕਿਉਂਕਿ ਉਹ ਕਮੀਜ਼ ਹੇਠ ਪਹਿਨੀ ਕਿਰਪਾਨ ਨੂੰ ਛੁਪਾਇਆ ਹੋਇਆ ਹਥਿਆਰ (ਕੰਨਸੀਲਡ ਵੈੱਪਨ) ਮੰਨਦੇ ਰਹੇ ਹਨ। ਅਸਲੀਅਤ ਇਹ ਹੈ ਕਿ ਇਕੱਲੀ ਧਾਰਾ 25 ਵਿੱਚ ਹੀ ਸਿੱਖਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਸਿੱਖ ਮੰਨਿਆ ਗਿਆ ਹੈ। ਇਸੇ ਤਰਾਂ ਬਾਕੀ ਹੋਰ ਐਕਟਾਂ ਵਿੱਚ ਵੀ ਸਿੱਖਾਂ ਦਾ ਜ਼ਿਕਰ ਵੱਖਰੇ ਤੌਰ ਤੇ ਹੈ। ਪਰ ਅਸੀ ਆਪੋ ਆਪਣੀ ਰਾਜਨੀਤੀ ਕਾਰਨ ਗਲਤ ਬਿਆਨੀਆਂ ਕਰਨੋ ਰੁਕਦੇ ਨਹੀਂ।

 

ਇਸ ਪਟੀਸ਼ਨ ਵਿੱਚ ਜਿੱਥੇ ਗਲਤ ਬਿਆਨੀਆਂ ਕਰਕੇ ਸਾਈਨ ਕਰਨ ਵਾਲਿਆਂ ਨੂੰ ਗਲਤ ਹਲਫਨਾਮੇ ਦੇਣ ਦੇ ਦੋਸ਼ੀ ਬਣਾਇਆ ਗਿਆ ਹੈ ਉੱਥੇ ਇਹ ਪਟੀਸ਼ਨ ਲਿਖਣ ਲੱਗਿਆ ਵੀ ਫਾਹਾ ਵੱਢਣ ਵਾਲੀ ਗੱਲ ਹੀ ਕੀਤੀ ਗਈ ਸੀ। ਸਿੱਖਾਂ ਦੀ ਆਬਾਦੀ ਵੀ ਅਟ ਸਟੇ ਨਾਲ ਹੀ ਤਕਰੀਬਨ 3 ਕਰੋੜ ਲਿਖ ਦਿੱਤੀ ਗਈ। ਰਾਸ਼ਟਰਪਤੀ ਓਬਾਮਾ ਵਾਸਤੇ ਕੋਈ ਸਤਿਕਾਰਤ ਸ਼ਬਦ ਕਿਧਰੇ ਵੀ ਨਹੀਂ ਵਰਤਿਆ ਗਿਆ। ਇੱਥੋਂ ਤੱਕ ਕਿ ਨਾਮ ਨਾਲ ਰਾਸ਼ਟਰਪਤੀ ਲਫਜ਼ ਦੀ ਵਰਤੋਂ ਵੀ ਨਹੀਂ ਕੀਤੀ ਗਈ। ਪੰਜਾਬੀ 'ਚ ਲਿਖੀ ਪਟੀਸ਼ਨ ਵਿੱਚ ਤਾਂ ਹੱਦ ਹੀ ਕਰ ਦਿੱਤੀ ਗਈ। ਉਸ ਵਿੱਚ ਓਬਾਮਾ ਨੂੰ ' ਓਵਾਮਾ' ਲਿਖਿਆ ਗਿਆ। ਸੰਵਿਧਾਨ ਨੂੰ ਵਾਰ ਵਾਰ 'ਸਵਿਧਾਨ' ਲਿਖਆ ਗਿਆ। ਪੰਜਾਬ ਵਿੱਚ ਪਟੀਸ਼ਨ ਤੇ ਸਾਈਨ ਕਰਵਾਉਣ ਦੇ ਮੋਹਰੀ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੇਕਰ ਐਨੀਆ ਗਲਤੀਆਂ ਵਾਲੀ ਅਰਜ਼ੀ ਅੱਠਵੀਂ ਜਮਾਤ ਦੇ ਪੰਜਾਬੀ ਅਧਿਆਪਕ ਨੂੰ ਲਿਖੀ ਹੁੰਦੀ ਤਾਂ ਅਧਿਆਪਕ ਨੇ ਫੇਲ੍ਹ ਕਰਨ ਦੇ ਨਾਲ ਨਾਲ ਝਾੜ ਝੰਬ ਵੀ ਕਰਨੀ ਸੀ। ਇਹ ਹਾਲ ਹੈ ਸਿੱਖਾਂ ਦੇ 'ਪਟੀਸ਼ਨ' ਸੰਘਰਸ਼ ਦਾ ਅਤੇ ਇਹ ਗਤਿ ਹੈ 'ਪਟੀਸ਼ਨ' ਸੰਘਰਸ਼ ਚਲਾਉਣ ਵਾਲੇ ਜਰਨੈਲਾਂ ਦੀ। ਐਸੇ ਦਸਤਾਵੇਜ਼ਾਂ ਦੀ ਭਾਸ਼ਾ ਸਰਲ ਅਤੇ ਪਰਭਾਵਸ਼ਾਲੀ ਹੋਣੀ ਚਾਹੀਦੀ ਹੈ ਅਤੇ ਬਿਆਨ ਕੀਤੇ ਗਏ ਤੱਥ ਬਿਲਕੁਲ ਸਹੀ ਹੋਣੇ ਅਤਿ ਜ਼ਰੂਰੀ ਹਨ। ਨਹੀਂ ਤਾਂ ਗੱਲ, ' ਐਵੇਂ ਝੱਖਣਾ ਝਾਖ' ਵਾਲੀ ਹੀ ਹੋਏਗੀ। ਧੰਨਵਾਦ।

Comments

Harjinder Gulpur

Kafi time ho Gia ih lekh fes book te c . Thnx u for notice it

Kheewaa brar

baldev singh ne te bedian ch vatte paye

Joginder singh batth

ਹਜ਼ਾਰਾ ਸਿੰਘ ਦੇ ਸਾਰੇ ਲੇਖ ਤੱਥ ਭਰਪੂਰ ਅਕਾਲੀ ਲੀਡਰਾਂ ਤੇ ਤੱਤ ਤਸੀਰੇ ਖਾਲਸਤਾਨੀਆਂ ਵਲੋਂ ਲੋਕਾ ਨਾਲ ਮਾਰੇ ਝੂਠ ਦੇ ਪਰਖਚੇ ਉਡਾਉਣ ਵਾਲੇ ਹੂੰਦੇ ਹਨ. ਅਕਾਲੀਆਂ ਤੇ ਖਾਲਸਤਾਨੀਆਂ ਦੇ ਅਨਪ੍ਹੜ ਲੀਡਰਾਂ ਦੇ ਮਾਰੇ ਝੂਠਾ ਨੇ ਹੀ ਪੰਜਾਬ ਅੰਨੀ ਗਲੀ ਵੱਲ ਧੱਕਿਆ ਸੀ.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ