Tue, 23 April 2024
Your Visitor Number :-   6994036
SuhisaverSuhisaver Suhisaver

ਭਾਵਨਾਵਾਂ ’ਤੇ ਕਾਬੂ ਪਾਉਣ ਦੀ ਸਿਖਲਾਈ ਵਕਤ ਦੀ ਲੋੜ - ਹਰਜਿੰਦਰ ਸਿੰਘ ਗੁਲਪੁਰ

Posted on:- 15-04-2015

suhisaver

ਸਾਡੇ ਦੇਸ਼ ਵਿਚ ਲਗਭਗ ਸਾਰੇ ਖੇਡ,ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਕੇਂਦਰ ਵਿਚ ਰਖ ਕੇ ਖੇਡੇ ਜਾਂਦੇ ਹਨ।ਇਹ ਵਰਤਾਰਾ ਇਥੇ ਸਦੀਆਂ ਤੋਂ ਬੇ ਰੋਕ ਚਲਦਾ ਆ ਰਿਹਾ ਹੈ।ਜਿਹੜੇ ਲੋਕ ਆਵਾਮ ਦੀਆਂ ਭਾਵਨਾਵਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਕੈਸ਼ ਕਰਨ ਦਾ ਹੁਨਰ ਸਿਖ ਲੈਂਦੇ ਹਨ, ਉਹ ਆਪੋ ਆਪਣੇ ਖੇਤਰ ਵਿਚ ਬੜੀ ਤੇਜ਼ੀ ਨਾਲ ਅੱਗੇ ਵਧਦੇ ਹਨ। ਰਾਜਨੀਤਕ ਅਤੇ ਧਰਮ ਵਿਚ ਹੀ ਨਹੀਂ ਸਗੋਂ ਅੱਜ ਹਰ ਖੇਤਰ ਵਿਚ ਭਾਵਨਾਤਮਿਕ ਬਲੈਕ ਮੇਲਿੰਗ ਦਾ ਬੋਲ ਬਾਲਾ ਹੈ। ਮੇਰੇ ਖਿਆਲ ਅਨੁਸਾਰ ਬਾਕੀ ਖੇਤਰਾਂ ਵਿਚ ਭਾਵਨਾਵਾਂ ਦੀ ਬਲੈਕ ਮੇਲਿੰਗ ਲਈ ਸੂਖਮ ਢੰਗ ਤਰੀਕੇ ਵਰਤੇ ਜਾਂਦੇ ਹਨ ਪ੍ਰੰਤੂ ਧਾਰਮਿਕ ਅਤੇ ਰਾਜਨੀਤਕ ਖੇਤਰਾਂ ਵਿਚ ਤਾਂ ਸ਼ਰੇਆਮ ਮਾਨਵੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ,ਉਹ ਵੀ ਇੱਕ ਅਧ ਵਾਰ ਨਹੀਂ ਵਾਰ ਵਾਰ।ਰਾਜਨੀਤੀ ਅਤੇ ਧਰਮ ਇੱਕ ਦੂਜੇ ਦੇ ਪੂਰਕ ਹਨ।ਇਹਨਾਂ ਦੋਹਾਂ ਪਖਾਂ ਦੇ ਕਰਤਿਆਂ ਧਰਤੀਆਂ ਵਲੋਂ ਦੇਸ਼ ਦੀ ਅਜਾਦੀ ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਹੁਣ ਤੱਕ ਸਦੀਆਂ ਭਾਵਨਾਵਾਂ ਨਾਲ ਰੱਜ ਕੇ ਖਿਲਵਾੜ ਕੀਤਾ ਜਾਂਦਾ ਰਿਹਾ ਹੈ।ਫਲਸਰੂਪ ਧੱਕੇ ਨਾਲ ਬਣੇ ਰਾਜਸੀ ਨੇਤਾਵਾਂ ਅਤੇ ਧਰਮ ਦੇ ਠੇਕੇਦਾਰਾਂ ਦੀ ਬਦੌਲਤ ਦੇਸ਼ ਦੇ ਵਖ ਵਖ ਫਿਰਕਿਆਂ ਨੂੰ ਹਜ਼ਾਰਾਂ ਵਾਰ ਦੰਗਿਆਂ ਵਿਚ ਝੋਕਿਆ ਗਿਆ।ਇੱਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਭਾਵਨਾਵਾਂ ਦੇ ਖੇਡ ਵਿਚ ਜਿਥੇ ਲਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹਥ ਧੋਣੇ ਪਏ ਉਥੇ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨੂੰ ਦਰਿੰਦਿਆਂ ਹਥੋਂ ਬੇਪੱਤ ਹੋਣਾ ਪਿਆ ।ਆਰਥਿਕ ਕਸਾਰੇ ਦਾ ਤਾਂ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ।

ਇਹ ਵਰਤਾਰਾ ਬਾ ਦਸਤੂਰ ਜਾਰੀ ਹੀ ਨਹੀਂ, ਸਗੋਂ ਦਿਨ ਬ ਦਿਨ ਜੋਰ ਫੜਦਾ ਜਾ ਰਿਹਾ ਹੈ।ਸਮੁਚੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਇਸ ਵਰਤਾਰੇ ਦਾ ਅਧਾਰ ਧਰਮ ਹੈ।ਹੈਰਾਨੀ ਦੀ ਗੱਲ ਹੈ ਕਿ ਵਾਰ ਵਾਰ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਦੇ ਬਾਵਯੂਦ ਸਾਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੀ ਜਾਚ ਨਹੀਂ ਆਈ,ਖਾਸ ਕਰਕੇ ਧਾਰਮਿਕ ਭਾਵਨਾਵਾਂ ਉੱਤੇ।ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡੀਆਂ  ਧਾਰਮਿਕ ਭਾਵਨਾਵਾਂ ਐਨੀਆਂ ਕਚੀਆਂ ਪਿਲੀਆਂ ਹਨ ਜੋ ਆਂਡਿਆਂ ਵਾਂਗ ਤਿੜਕਣ ਨੂੰ ਦੇਰ ਨਹੀਂ ਲਾਉਂਦੀਆਂ? ਕੀ ਅਸੀਂ ਇਸ ਮਾਮਲੇ ਵਿਚ ਇੰਨੇ ਲਾਈ ਲੱਗ ਬਣ ਗਏ ਹਾਂ ਕਿ ਸਾਨੂੰ ਕੋਈ ਵੀ ਐਰਾ ਗੈਰਾ ਨਥੂ ਖੈਰਾ ਕਿਸੇ ਵੀ ਧਾਰਮਿਕ ਥੜੇ ਤੇ ਖੜਾ ਹੋ ਕੇ ਮਨ ਮਰਜੀ ਨਾਲ ਬਹਿਕਾ ਸਕਦਾ ਹੈ?ਜੇ ਦੇਖਿਆ ਜਾਵੇ ਤਾਂ ਅਸੀਂ ਮੁਢ ਕਦੀਮ ਤੋਂ ਆਪਣੀ ਹੋਣੀ ਰਾਜਸੀ ਅਤੇ ਧਾਰਮਿਕ  "ਰਹਿਬਰਾਂ"ਕੋਲ ਗਿਰਵੀ ਰਖੀ ਹੋਈ ਹੈ।ਦੂਜੇ ਸ਼ਬਦਾਂ ਵਿਚ ਅਸੀਂ ਉਹਨਾਂ ਦੇ ਹਥਾਂ ਦੀਆਂ ਕਠਪੁਤਲੀਆਂ ਬਣੇ ਹੋਏ ਹਾਂ ਅਤੇ ਉਹ ਸਾਨੂੰ ਆਪਣੀ ਮਨਮਰਜ਼ੀ ਨਾਲ ਉਂਗਲਾਂ ਉੱਤੇ ਨਚਾ ਰਹੇ ਹਨ।ਅਸਲ ਵਿਚ ਭਾਵਨਾਵਾਂ ਜਾਂ ਸੰਵੇਗ(emotions) ਕਿਸ ਬਲਾ ਦਾ ਨਾਮ ਹੈ ?

ਭਾਵਨਾਵਾਂ ਅਜਿਹਾ ਮਨੋ ਸਰੀਰਕ ਵਰਤਾਰਾ ਹੈ ਜਿਸ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ।ਜਿਸ ਤਰਾਂ ਭੁਖ ਪਿਆਸ ,ਦੁਖ ਸੁਖ ਅਤੇ ਖੁਸ਼ੀ ਗਮੀ ਆਦਿ ਦਾ ਸਬੰਧ ਮਹਿਸੂਸਣ ਸ਼ਕਤੀ ਨਾਲ ਹੈ ਉਸੇ ਤਰਾਂ ਇਸ ਭਾਵਨਾ ਰੂਪੀ ਜੀਵ ਵਰਤਾਰੇ ਦਾ ਸਬੰਧ ਕਿਸੇ ਵਿਸੇਸ਼ ਅੰਗ ਨਾਲ ਨਾ ਹੋ ਕੇ ਸਰੀਰ ਦੇ ਪੂਰੇ ਤੰਤੂ ਪ੍ਰਬੰਧ ਨਾਲ ਹੈ।ਭਾਵੇਂ ਮਨੋ ਸਰੀਰਕ ਕਿਰਿਆਵਾਂ ਉੱਤੇ ਦਿਮਾਗ ਦਾ ਕੰਟਰੌਲ ਹੁੰਦਾ ਹੈ ਪ੍ਰੰਤੂ ਹਾਲਤ ਅਨੁਸਾਰ ਕਈ ਵਾਰ ਕੁਝ ਮਨੋ ਭਾਵ ਜਾ ਤਾਂ ਦਿਮਾਗ ਨੂੰ ਬਾਈਪਾਸ ਕਰ ਦਿੰਦੇ ਹਨ ਜਾਂ ਦਿਮਾਗ ਉੱਤੇ ਵਕਤੀ ਤੌਰ ਤੇ ਭਾਰੂ ਹੋ ਜਾਂਦੇ ਹਨ।ਭਾਵਕ ਬੰਦੇ ਦੇ ਸਰੀਰ ਅੰਦਰ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ ਕਿ ਉਹ ਮਨੋ ਸਰੀਰਕ ਤੌਰ ਤੇ ਹੋਸ਼ੋ ਹਵਾਸ ਵਿਚ ਨਹੀਂ ਰਹਿੰਦਾ।ਇਹੀ ਕਾਰਨ ਹੈ ਕਿ ਬਹੁਤੀ ਵਾਰ ਭਾਵਕ ਹੋ ਕੇ ਕੀਤੇ ਕੰਮਾਂ ਦੇ ਫਲਸਰੂਪ ਬੰਦਾ ਸਾਰੀ ਉਮਰ ਪਛਤਾਵੇ ਦੀ ਅੱਗ ਵਿਚ ਸੜਦਾ ਰਹਿੰਦਾ ਹੈ।ਭਾਵਨਾਵਾਂ ਭੜਕ ਕੇ ਜਨੂੰਨ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।ਆਮ ਭਾਸ਼ਾ ਵਿਚ ਇਸ ਹਾਲਤ ਨੂੰ ਸਿਰ ਤੇ ਖੂੰਨ ਸਵਾਰ ਹੋਣਾ ਕਿਹਾ ਜਾਂਦਾ ਹੈ।

ਭਾਵਨਾਵਾਂ ਦੇ ਵੇਗ ਨੂੰ ਸਮਝਣ ਲਈ ਸਾਨੂੰ ਮਨੋਵਿਗਿਆਨ ਦਾ ਸਹਾਰਾ ਲੈਣਾ ਪਵੇਗਾ।ਮਨੋਵਿਗਿਆਨ ਅਜਿਹਾ ਵਿਸ਼ਾ ਹੈ ਜੋ ਮਨੁਖ ਸਮੇਤ ਹਰ ਜੀਵ ਦੇ ਸੂਖਮ ਤੋਂ ਸੂਖਮ ਮਾਨਸਿਕ ਵਰਤਾਰੇ ਨੂੰ ਖੋਹਲਣ ਦੇ ਸਮਰਥ ਹੈ।ਮਨੋ ਵਿਗਿਆਨ ਵਿਚ ਕੁਝ ਸਰੀਰਕ ਕਿਰਿਆਵਾਂ ਜਿਵੇਂ ਅਖਾਂ ਦਾ ਝਪਕਣਾ,ਸਹਿਜ ਸੁਭਾਅ ਆਪਣੇ ਰਸਤੇ ਤੁਰਦੇ ਸਮੇਂ ਅਚਾਨਕ ਸੱਪ ਜਾਂ ਹੋਰ ਕੋਈ ਖਤਰਨਾਕ ਵਸਤੂ ਅੱਗੇ ਆ ਜਾਣ ਤੇ ਇੱਕ ਦਮ ਆਪਣੇ ਆਪ ਨੂੰ ਬਚਾ ਕੇ ਇਧਰ ਉਧਰ ਹੋ ਜਾਣਾ ਜਾ ਉਪਰ ਤੋਂ ਟੱਪ ਜਾਣਾ,ਜਾ ਆਪਣੇ ਧਿਆਨ ਵਿਚ ਮਗਨ ਲੰਮੇ ਪਏ ਵਿਅਕਤੀ ਦਾ ਅਚਾਨਕ ਪੈਰ ਵਿਚ ਕੁਝ ਚੋਭੇ ਜਾਣ ਤੇ ਲੱਤ ਨੂੰ ਇਕਠਿਆਂ ਕਰ ਲੈਣਾ ਆਦਿ ਨੂੰ ਸਾਪੇਖ ਕਿਰਿਆਵਾਂ (Reflex Actions)ਕਿਹਾ ਜਾਂਦਾ ਹੈ।ਇਹਨਾਂ ਸਰੀਰਕ ਕਿਰਿਆਵਾਂ ਨੂੰ ਸਾਡੀ ਸੁਖਮਨਾ ਨਾੜੀ ਦਾ ਉਪਰਲਾ ਹਿਸਾ ਭਾਵ ਸਾਡੀ ਗਿਚੀ ਦਾ ਪਿਛਲਾ ਹਿੱਸਾ ਸੰਚਾਲਿਤ ਕਰਦਾ ਹੈ।ਹਰ ਜੀਵ ਦੇ ਸਬੰਧ ਵਿਚ ਇਹੀ ਨਿਯਮ ਲਾਗੂ ਹੈ।ਕੁਦਰਤ ਨੇ ਜੀਵਾਂ ਦੀ ਸੁਰਖਿਆ ਵਾਸਤੇ ਇਹਨਾਂ ਸਾਪੇਖ ਕਿਰਿਆਵਾਂ ਨੂੰ ਲੰਬੇ ਜੀਵਨ ਸਫਰ ਤੋਂ ਬਾਅਦ ਘੜਿਆ ਹੈ।ਉਦਾਹਰਣ ਵਜੋਂ ਸਾਇਕਲ ਜਾਂ ਸਕੂਟਰ ਆਦਿ ਤੇ ਚਲਦੇ ਵਕਤ ਜਦੋਂ ਅਚਾਨਕ ਮਛਰ ਬਗੈਰਾ ਅਖ ਵਿਚ ਪੈਣ ਦੀ ਕੋਸਿਸ਼ ਕਰਦਾ ਹੈ ਤਾਂ ਸੁਤੇ ਸਿਧ ਅਖ ਮੀਚੀ ਜਾਂਦੀ ਹੈ ਅਤੇ ਅਕਸਰ ਮਛਰ ਤੋਂ ਸਾਡੀ ਅਖ ਦਾ ਬਚਾਅ ਹੋ ਜਾਂਦਾ ਹੈ। ਇਹ ਬਚਾਅ ਤਾਂ ਹੀ ਸੰਭਵ ਹੈ ਜੇ ਇਹ ਕਿਰਿਆ ਸੁਖਮਨਾ ਨਾੜੀ ਦੇ ਉਪਰਲੇ ਹਿੱਸੇ ਦੇ ਕੰਟਰੋਲ ਵਿਚ ਹੈ ਅਤੇ ਸੁਖਮਨਾ ਨਾੜੀ ਦਿਮਾਗ ਨਾਲੋਂ ਨੇੜੇ ਹੈ।ਸਾਪੇਖ ਕਿਰਿਆਵਾਂ ਦੀ ਉਦਾਹਰਣ ਇਥੇ ਦੇਣ ਦਾ ਅਰਥ ਹੈ ਕਿ ਜਿਸ ਤਰਾਂ ਸੂਖਮ ਸਰੀਰਕ ਕਿਰਿਆਵਾਂ ਦਿਮਾਗ ਦੀ ਥਾਂ ਨਾੜੀ ਤੰਤਰ ਤੇ ਕਿਸੇ ਹੋਰ ਹਿੱਸੇ ਦੁਆਰਾ ਸੰਚਾਲਿਤ ਹੁੰਦੀਆਂ ਹਨ ਉਸੇ ਤਰਾਂ ਜੀਵਾਂ ਦੇ ਮਨੋ ਭਾਵ ਵੀ ਕਈ ਵਾਰ ਦਿਮਾਗ ਦੇ ਸਿਧੇ ਕੰਟਰੋਲ ਵਿਚ ਨਹੀਂ ਰਹਿੰਦੇ।ਭਾਵਨਾਵਾਂ ਦੇ ਬੇ ਕਾਬੂ ਹੋਣ ਵਿਚ ਪੂਰੇ ਤੰਤੂ ਪ੍ਰਬੰਧ ਸਮੇਤ ਲਹੂ ਦੇ ਦਬਾਅ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਅਨੁਵੰਸ਼ਕ ਗੁਣ ਔਗੁਣ ਵੀ ਇਸ ਲਈ ਜੁੰਮੇਵਾਰ ਹੁੰਦੇ ਹਨ।ਹੋਰ ਪਤਾ ਨਹੀਂ ਕਿੰਨੇ ਹਾਰਮੋਨ ਅਤੇ ਰਸਾਇਣਕ ਕਿਰਿਆਵਾਂ ਸਾਡੀਆਂ ਭਾਵਨਾਵਾਂ ਤੇ ਅਸਰ ਅੰਦਾਜ ਹੁੰਦੀਆਂ ਹਨ।ਜੇਕਰ ਵਿਸ਼ਵ ਇਤਿਹਾਸ ਉੱਤੇ ਨਜਰ ਮਾਰੀ ਜਾਵੇ ਤਾਂ ਸਾਬਤ ਹੋ ਜਾਂਦਾ ਹੈ ਕਿ ਹਮੇਸ਼ਾ ਸ਼ਾਤਰ ਲੋਕਾਂ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਨਾਪਾਕਿ ਮਨਸੂਬਿਆਂ ਲਈ ਵਰਤਿਆ ਹੈ ਅਤੇ ਵਰਤ ਰਹੇ ਹਨ।

ਅੱਜ ਦੇ ਵਿਗਿਆਨਕ ਯੁੱਗ ਵਿਚ ਭਾਵਨਾਵਾਂ ਦਾ ਵਣਜ ਕਰਨਾ ਬਹੁਤ ਸੌਖਾ ਹੋ ਗਿਆ ਹੈ।ਇਸ ਘਨਾਉਣੇ ਕੰਮ ਲਈ ਸੂਚਨਾ ਅਤੇ ਤਕਨੀਕ ਦੀ ਵਰਤੋਂ ਖੁੱਲ ਕੇ ਕੀਤੀ ਜਾ ਰਹੀ ਹੈ।ਸਮੁਚੇ ਤੌਰ ਤੇ ਦੇਖਿਆ ਜਾਵੇ ਤਾਂ ਸਭ ਤੋਂ ਸੌਖੇ ਢੰਗ ਨਾਲ ਭਾਵਨਾਵਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਇਆ ਜਾਂਦਾ ਰਿਹਾ ਹੈ ਜਿਸ ਦੇ ਫਲਸਰੂਪ ਹਜਾਰਾਂ ਲਖਾਂ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹਥ ਧੋਣੇ ਪਏ ਹਨ ਤੇ ਪੈ ਰਹੇ ਹਨ।ਇਹ ਵੀ ਸਚ ਹੈ ਕਿ ਭਾਵਨਾਵਾਂ ਦੇ ਬਹਿਕਾਵੇ ਵਿਚ ਬਿੱਲਕੁੱਲ ਸਿਧੇ ਸਾਧੇ  ਅਤੇ ਸਾਫ਼ ਦਿਲ  ਲੋਕ ਆਉਂਦੇ ਹਨ।ਜੋਸ਼ ਨਾਲ ਹੋਸ਼ ਰਖ ਕੇ ਚਲਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ।ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਭਾਵਨਾਵਾਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ?ਇਸ ਦਾ ਜਵਾਬ ਹਾਂ ਵਿਚ ਦਿੱਤਾ ਜਾ ਸਕਦਾ ਹੈ ਬਾਸ਼ਰਤ ਸਰਕਾਰਾਂ ਦੀ ਇਹ ਕੰਮ ਕਰਨ ਦੀ ਇਛਾ ਸ਼ਕਤੀ ਹੋਵੇ।ਵਿਦਿਅਕ ਅਦਾਰਿਆਂ ਸਮੇਤ ਹਰ ਪਧਰ ਉੱਤੇ ਇਮਾਨਦਾਰੀ ਨਾਲ ਧਰਮ ਨਿਰਪਖਤਾ ਲਾਗੂ ਕੀਤੀ ਜਾਵੇ।ਵਿਦਿਅਕ ਅਦਾਰਿਆਂ ਦੇ ਸਿਲੇਬਸ ਨਿਰੋਲ ਵਿਗਿਆਨਕ ਅਧਾਰ ਤੇ ਬਣਾਏ ਜਾਣ ਕਿਓਂ ਕਿ ਇਸ ਵਿਸ਼ੇ ਦਾ ਕੇਂਦਰੀ ਭਾਵ ਹੀ "ਭਾਵਨਾਵਾਂ ਦਾ ਸੰਸਾਰ"ਹੈ।ਆਮ ਜਨਤਾ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਰ ਪ੍ਰਕਾਰ ਦੀਆਂ ਧਾਰਮਿਕ ਗਤੀਵਿਧੀਆਂ ਤੇ ਰੋਕ ਲਗਾਈ ਜਾਵੇ।ਸਰਕਾਰ ਆਪੇ ਬਣੇ ਧਾਰਮਿਕ ਠੇਕੇਦਾਰਾਂ ਨਾਲ "ਦੇਵ ਪੁਰਸ਼ਾਂ"ਵਾਲਾ ਵਿਵਹਾਰ ਕਰਨਾ ਬੰਦ ਕਰੇ।ਹਰ ਧਾਰਮਿਕ ਅਦਾਰੇ ਤੋਂ ਨਿਯਮ ਅਨੁਸਾਰ ਬਣਦੇ ਟੈਕਸਾਂ ਦੀ ਵਸੂਲੀ ਕੀਤੀ ਜਾਵੇ।

ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਸਾਧਾਂ ਅਤੇ ਮਹੰਤਾਂ ਸਮੇਤ ਹਰ ਪ੍ਰਕਾਰ ਦੇ ਨੇਤਾਵਾਂ ਨਾਲ ਕਰੜੇ ਹਥੀਂ ਨਜਿਠਿਆ ਜਾਵੇ।ਅੱਜ ਭਾਵੇਂ ਜਿਆਦਾਤਰ ਲੋਕ ਆਪਣੇ ਜੀਵਨ ਦੌਰਾਨ ਮਨੋ ਵਿਗਿਆਨਕ ਢੰਗ ਨਾਲ ਵਿਚਰਦੇ ਹਨ ਪਰੰਤੂ ਉਹਨਾਂ ਨੂੰ ਵਿਧੀਵਤ ਮਨੋ ਵਿਗਿਆਨਕ ਸਿਖਿਆ ਬਹੁਤ ਹੀ ਘੱਟ ਮਿਲਦੀ ਹੈ।ਸਕੂਲਾਂ ਵਿਚ ਵੀ ਵੱਡੀਆਂ ਕਲਾਸਾਂ ਵਿਚ ਜਾ ਕੇ ਇੱਕ ਅਧਾ ਚੈਪਟਰ ਮਨੋਵਿਗਿਆਨ ਦੇ ਵਿਸ਼ੇ ਨਾਲ ਸਬੰਧਿਤ ਹੁੰਦਾ ਹੈ ਜਦੋਂ ਕਿ ਅਧਿਆਪਕਾਂ ਉੱਤੇ ਜੋਰ ਇਹ ਦਿੱਤਾ ਜਾਂਦਾ ਹੈ ਕਿ ਬਚਿਆਂ ਨੂੰ ਮਨੋ ਵਿਗਿਆਨਿਕ ਢੰਗ ਨਾਲ ਸਿਖਿਆ ਦਿਓ।ਭਾਵਨਾਵਾਂ ਉੱਤੇ ਕਾਬੂ ਪਾਉਣਾ ਤਾਂ ਹੁਣ ਖਿਡਾਰੀਆਂ ਨੂੰ ਵੀ ਸਿਖਲਾਈ ਦੌਰਾਨ ਸਿਖਲਾਇਆ ਜਾਣ ਲੱਗ ਪਿਆ ਹੈ ਕਿਓਂ ਕਿ ਖਿਡਾਰੀ ਨੂੰ ਵਿਰੋਧੀ ਧਿਰ ਵਲੋਂ ਭਾਵਕ ਕਰਨਾ ਹੌਲੀ ਹੌਲੀ ਹਰ ਖੇਡ ਦਾ ਹਿੱਸਾ ਬਣਦਾ ਜਾ ਰਿਹਾ ਹੈ।ਜਰਮਨ ਦੇ ਫੁੱਟਬਾਲ ਖਿਡਾਰੀ ਜਡੇਨ ਦੀ ਮਿਸਾਲ ਸਾਹਮਣੇ ਹੈ ਜੋ ਵਿਰੋਧੀ ਖਿਡਾਰੀ ਦੀ ਕਿਸੇ ਟਿਪਣੀ ਤੋਂ ਖਫਾ ਹੋ ਕੇ ਭਾਵੁਕ ਹੋ ਗਿਆ ਸੀ ਅਤੇ ਗਲਤੀ ਕਰਕੇ ਹੀਰੋ ਤੋਂ ਜ਼ੀਰੋ ਬਣ ਗਿਆ ਸੀ।ਧਾਰਮਿਕ ਭਾਵਨਾਵਾਂ ਸਾਡੇ ਸਮਾਜਿਕ ਜੀਵਨ ਨੂੰ ਕਿਸ ਕਦਰ ਤਹਿਸ ਨਹਿਸ ਕਰ ਦਿੰਦਿਆਂ ਹਨ ਇਸ ਦੀ ਜਾਣਕਾਰੀ ਬਚਿਆਂ ਨੂੰ ਸਕੂਲੀ ਪਧਰ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ।ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਵੇਸ਼ ਵਿਚ ਆ ਕੇ ਅਬੋਧ ਬਚਿਆਂ ਨੂੰ ਕਿਸੇ ਧਰਮ ਦੇ ਲੜ ਨਾ ਲਾਉਣ।ਧਰਮ ਵਾਰੇ ਪੂਰਨ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਸਬੰਧਿਤ ਧਰਮ ਦੀ ਦੀਖਿਆ ਦੇਣ ਤਾਂ ਕਿ ਉਹ ਬਚੇ ਸਬੰਧਿਤ ਧਰਮ ਨਾਲ ਪੂਰਾ ਪੂਰਾ ਇਨਸਾਫ਼ ਕਰ ਸਕਣ।ਕੁਦਰਤੀ ਨਿਆਂ ਵੀ ਮੰਗ ਕਰਦਾ ਹੈ ਕਿ ਨਬਾਲਗ ਬਚੇ ਧਰਮ ਵਾਰੇ ਜਾਣਕਾਰੀ ਜਰੂਰ ਹਾਸਲ ਕਰਨ ਪਰ ਉਸ ਧਰਮ ਦੇ ਪੈਰੋਕਾਰ ਉਹ ਬਾਲਗ ਹੋਣ ਤੋਂ ਬਾਅਦ ਹੀ ਬਣਨ।


ਸੰਪਰਕ: 0061 469 976 214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ