Fri, 19 April 2024
Your Visitor Number :-   6985287
SuhisaverSuhisaver Suhisaver

ਵਿਸ਼ਵੀਕਰਨ ਦਾ ਵਰਤਾਰਾ ਅਤੇ ਮਨੁੱਖੀ ਰਿਸ਼ਤਿਆਂ ਦੀ ਤ੍ਰਾਸਦੀ –ਡਾ. ਲਕਸ਼ਮੀ ਨਰਾਇਣ ਭੀਖੀ

Posted on:- 13-06-2015

suhisaver

ਵਿਸ਼ਵੀਕਰਨ ਦੇ ਦੌਰ ਵਿੱਚ ਮਨੁੱਖੀ ਰਿਸ਼ਤਾ-ਨਾਤਾ ਪ੍ਰਬੰਧ ਦੀ ਟੁੱਟ-ਭੱਜ ਦੇ ਮਸਲੇ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿਹੜੇ ਕਾਰਨ ਹਨ ਜਿਸ ਕਰਕੇ ਵਰਤਮਾਨ ਦੌਰ ਦਾ ਮਨੁੱਖ ਕੁਦਰਤ, ਸਮਾਜ, ਆਲੇ-ਦੁਆਲੇ ਅਤੇ ਪਰਿਵਾਰ ਤੋਂ ਟੁੱਟਦਾ ਜਾ ਰਿਹਾ ਹੈ। ਤ੍ਰਾਸਦੀ ਤਾਂ ਇਹ ਹੈ ਕਿ ਮਨੁੱਖ ਆਪਣੇ ਆਪ ਨਾਲੋਂ ਵੀ ਟੁੱਟ ਕੇ ਇਕੱਲਤਾ ਦਾ ਸ਼ਿਕਾਰ ਹੋ ਰਿਹਾ ਹੈ, ਇਸ ਕਰਕੇ ਮਨੁੱਖ ਉਦਾਸੀ ਅਤੇ ਨਿਰਾਸ਼ਤਾ ਦੇ ਆਲਮ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਕੁਝ ਚਿੰਤਕਾਂ ਨੇ ਤਾਂ ਬਹੁਤ ਸਮਾਂ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਸਰਮਾਏਦਾਰੀ ਜਿੱਥੇ ਵੀ ਹੋਂਦ ਵਿੱਚ ਆਈ ਹੈ ਉÎੱਥੇ ਹੀ ਇਸ ਨੇ ਮਨੁੱਖੀ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਕੁਦਰਤੀ ਸਰੋਤਾਂ ਅਤੇ ਰਿਸ਼ਤੇ-ਨਾਤਿਆਂ ਦੀਆਂ ਤੰਦਾਂ ਨਾਲੋਂ ਤੋੜ ਕੇ ਤਾਰ-ਤਾਰ ਕਰ ਦਿੱਤਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਕਾਰਪੋਰੇਟ ਸੈਕਟਰ ਸਮਾਜ ਦਾ ਇੱਕ-ਪਾਸੜ ਵਿਕਾਸ ਕਰ ਰਿਹਾ ਹੈ। ਇਹ ਵਿਕਾਸ ਆਮ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤਾ ਜਾਂਦਾ, ਬਲਕਿ ਸਮਾਜ ਦੇ ਕੁਝ ਕੁ ਵਰਗਾਂ ਨੂੰ ਲਾਭ ਦੇਣ ਲਈ ਕੀਤਾ ਜਾ ਰਿਹਾ ਹੈ। ਇਹੋ ਜਿਹੇ ਵਿਕਾਸ ਨੂੰ ਚਿੰਤਨਸ਼ੀਲ ਲੋਕਾਂ ਨੇ ਇੱਕ ਪਾਸੜ, ਲੰਗੜਾ ਅਤੇ ਅਸਾਵਾਂ ਹੀ ਕਿਹਾ ਹੈ।

ਜਿਉਂ ਜਿਉਂ ਸਮਾਜ ਦਾ ਤਕਨਾਲੋਜੀ ਦੇ ਪੱਖ ਤੋਂ ਵਿਕਾਸ ਹੋ ਰਿਹਾ ਹੈ ਤਿਉਂ ਤਿਉਂ ਮਨੁੱਖੀ ਰਿਸ਼ਤਿਆਂ ਦਾ ਨਿਘਾਰ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਮਨੁੱਖ ਅੰਦਰੋਂ ਆਦਰਸ਼ਕ, ਨੈਤਿਕ, ਸਦਾਚਾਰਕ ਕਦਰਾਂ ਕੀਮਤਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਮਨੁੱਖੀ ਚਿਹਰਿਆਂ ਤੋਂ ਖ਼ੁਸ਼ਹਾਲੀ ਅਤੇ ਖੇਤਾਂ ’ਚੋਂ ਹਰਿਆਲੀ ਵੀ ਖ਼ਤਮ ਹੋ ਰਹੀ ਹੈ। ਇਹ ਵਰਤਾਰਾ ਇਸ ਕਦਰ ਮਾਰੂ ਹੈ ਕਿ ਇਸ ਨਾਲ ਜੀਵ ਜੰਤੂ ਅਤੇ ਅਨੇਕਾਂ ਪੌਦਿਆਂ ਦੀਆਂ ਕਿਸਮਾਂ ਵੀ ਸਮਾਪਤ ਹੋ ਰਹੀਆਂ ਹਨ। ਇਸ ਨੇ ਕੁਦਰਤੀ ਦਾਤੇ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ ਜਿਸ ਕਰਕੇ ਲੋਕ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਅੱਜ ਲੋਕਾਂ ਅੰਦਰੋਂ ਹਾਸਾ ਅਤੇ ਆਨੰਦ ਗੁਆਚ ਰਿਹਾ ਹੈ।

ਮਨੁੱਖ ਦੀਆਂ ਪਦਾਰਥਕ ਰੁਚੀਆਂ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਇਸ ਲਈ ਸੁਆਲ ਪੈਦਾ ਹੁੰਦਾ ਹੈ ਕਿ ਆਦਰਸ਼ ਸਮਾਜ ਦੀ ਸਿਰਜਣਾ ਕੌਣ ਕਰੇਗਾ ਅਤੇ ਆਦਰਸ਼ਕ ਮਨੁੱਖ ਕਦੋਂ ਅਤੇ ਕਿਵੇਂ ਪੈਦਾ ਹੋਵੇਗਾ। ਮਨੁੱਖ, ਮਨੁੱਖਤਾ ਪ੍ਰਤੀ ਸਮਰਪਿਤ ਕਦੋਂ ਹੋਵੇਗਾ, ਆਪਣੀ ਦੂਰਦ੍ਰਿਸ਼ਟੀ ਵਾਲੀ ਸਮਝ ਤੋਂ ਕਿਹੜੇ ਵੇਲੇ ਕੰਮ ਲਵੇਗਾ। ਖ਼ਪਤਵਾਦ ਮਨੁੱਖ ਦੀਆਂ ਘੁੰਮਣ ਘੇਰੀਆਂ ’ਚੋਂ ਸਾਵਧਾਨੀ ਨਾਲ ਪਾਰ ਕਿਵੇਂ ਲੰਘੇਗਾ। ਮਨੁੱਖ ਅੰਦਰਲੇ ਹਨੇਰਿਆਂ ਨੂੰ ਦੂਰ ਕਰ ਕੇ ਰੌਸ਼ਨ ਦਿਮਾਗ ਕਦੋਂ ਹੋਵੇਗਾ, ਝੂਠ ਦੇ ਖ਼ਿਲਾਫ਼ ਆਵਾਜ਼ ਕਦੋਂ ਬੁਲੰਦ ਕਰੇਗਾ। ਸੱਚ ਬੋਲਣ ਦੀ ਹਿੰਮਤ ਕਦੋਂ ਕਰੇਗਾ। ਦੇਸ ਦਾ ਨਾਗਰਿਕ ਹੋਣ ਦੇ ਨਾਤੇ ਕੀਤੇ ਹੋਏ ਵਾਅਦੇ ਕਦੋਂ ਪੂਰੇ ਕਰੇਗਾ। ਪੱਖਪਾਤ ਤਿਆਗ ਕੇ ਨਿਰਲੇਪਤਾ ਦੀ ਮੰਜ਼ਿਲ ਵੱਲ ਕਿਸ ਤਰ੍ਹਾਂ ਵਧੇਗਾ। ਇਸ ਤਰ੍ਹਾਂ ਦੇ ਸਵਾਲ ਨਿਰੰਤਰ ਬਹਿਸ ਦੀ ਮੰਗ ਕਰਦੇ ਹਨ ਪਰ ਮੁਨਾਫ਼ਾ ਆਧਾਰਿਤ ਸਮਾਜਿਕ ਪ੍ਰਬੰਧ ਨੇ ਮਨੁੱਖੀ ਰਿਸ਼ਤੇ ਨੂੰ ਸੁਆਰਥ ਅਤੇ ਪੈਸੇ ਨਾਲ ਜੋੜ ਦਿੱਤਾ ਹੈ। ਮਨੁੱਖ ਜੋ ਚੀਜ਼ਾਂ ਵਸਤਾਂ ਆਪ ਘੜਦਾ ਤੇ ਸਿਰਜਦਾ ਹੈ, ਉਸ ਨਾਲ ਲੋੜੋਂ ਵਧੇਰੇ ਜੁੜ ਗਿਆ ਹੈ, ਜਦੋਂ ਕਿ ਜਿਸ ਕੁਦਰਤ ਨੇ ਮਨੁੱਖ ਨੂੰ ਸਿਰਜਿਆ, ਘੜਿਆ ਤੇ ਵਿਕਸਿਤ ਕੀਤਾ ਹੈ ਉਸ ਨੂੰ ਭੁਲਾਉਂਦਾ ਜਾ ਰਿਹਾ ਹੈ। ਮਨੁੱਖ ਕੋਲੋਂ ਜੀਵਨ ਦੀ ਕਸਵੱਟੀ ਗੁਆਚ ਰਹੀ ਹੈ। ਉਸ ਅੰਦਰੋਂ ਵਿਵੇਕ, ਸੰਵੇਦਨਾ ਅਤੇ ਅਹਿਸਾਸ ਖ਼ਤਮ ਹੋ ਰਹੇ ਹਨ। ਕਮਿਊਨਿਸਟ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਪੂੰਜੀਵਾਦੀ ਵਰਤਾਰੇ ਨੇ, ਮਨੁੱਖ ਦੀ ਨੇਕ ਲਗਨ, ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਸੀਤ ਪਾਣੀਆਂ ਵਿੱਚ ਡੋਬ ਦਿੱਤਾ ਹੈ।

ਮਨੁੱਖ ਆਪਣੀ ਸਮਾਜਿਕ ਭੂਮਿਕਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪੁਸ਼ਟੀ ਵਜੋਂ ਅਧਿਆਪਕ, ਡਾਕਟਰ, ਵਕੀਲ ਅਤੇ ਧਾਰਮਿਕ ਕਹਾਉਣ ਵਾਲੇ ਮਨੁੱਖ ਆਪਣਾ ਸਮਾਜ ਸੇਵੀ ਕਰਤੱਵ ਭੁਲਦੇ ਜਾ ਰਹੇ ਹਨ। ਇਸ ਨਾਲ ਮਨੁੱਖ ਦੀਆਂ ਪ੍ਰੰਪਰਕ ਅਤੇ ਭਾਈਚਾਰਕ ਸਾਂਝਾਂ ਟੁੱਟਦੀਆਂ ਜਾ ਰਹੀਆਂ ਹਨ। ਵਿਕਾਸ ਦੇ ਭਰਮ ਵਿੱਚ ਮਨੁੱਖ ਅੱਧੀ ਅਧੂਰੀ ਅਤੇ ਅਤ੍ਰਿਪਤ ਜ਼ਿੰਦਗੀ ਜਿਉਂ ਰਿਹਾ ਹੈ। ਹਰ ਤਰ੍ਹਾਂ ਦੇ ਰਿਸ਼ਤਿਆਂ ਵਿੱਚੋਂ ਵਿਸ਼ਵਾਸ ਦੀ ਥਾਂ ਸ਼ੱਕ ਵੱਧਣ ਲੱਗ ਪਏ ਹਨ। ਮਨੁੱਖ ਸਮਾਜਿਕ ਤੌਰ ’ਤੇ ਜੱਥੇਬੰਦ ਹੋਣ ਦੀ ਥਾਂ ਟੁੱਟ-ਭੱਜ ਦੀ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੈ। ਸਮਾਜ ਦੇ ਸੰਚਾਲਕਾਂ ਨੇ ਮਨੁੱਖੀ ਮਾਨਸਿਕਤਾ ਨੂੰ ਤਣਾਓਗ੍ਰਸਤ ਬਣਾ ਦਿੱਤਾ ਹੈ। ਹਰ ਖ਼ੇਤਰ ਵਿੱਚ ਮੁਨਾਫ਼ਾਪ੍ਰਸਤੀ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ। ਹੋਰ ਤਾਂ ਹੋਰ ਟੀ.ਵੀ. ਅਤੇ ਮੋਬਾਈਲ ਕਲਚਰ ਨੇ ਮਨੁੱਖ ਤੋਂ ਬੋਲਣ, ਸੋਚਣ, ਦੇਖਣ ਅਤੇ ਸੁਣਨ ਦੀ ਸ਼ਕਤੀ ਖੋਹ ਲਈ ਹੈ। ਸਥਾਨਕ ਸੱਭਿਆਚਾਰ ਦੀਆਂ ਬੁਨਿਆਦਾਂ ਤਿੜਕ ਤੇ ਥਿੜਕ ਰਹੀਆਂ ਹਨ। ਮਨੁੱਖ ਦਾ ਸਵੈਮਾਣ ਖ਼ਤਮ ਹੁੰਦਾ ਜਾ ਰਿਹਾ ਹੈ। ਅਨੇਕਾਂ ਕਿੱਤਿਆਂ ਅਤੇ ਰਿਸ਼ਤਿਆਂ ਅੰਦਰੋਂ ਪਵਿੱਤਰਤਾ ਖ਼ਤਮ ਹੋ ਰਹੀ ਹੈ। ਸਮਾਜ ਸੇਵੀ ਸੰਸਥਾਵਾਂ ਅੰਦਰੋਂ ਚੰਗਿਆਈਆਂ ਹੌਲੀ-ਹੌਲੀ ਘਟਦੀਆਂ ਜਾ ਰਹੀਆਂ ਹਨ। ਸਮਾਜਿਕ ਸੰਸਥਾਵਾਂ ਦਿਖਾਵਾ ਅਤੇ ਬਾਹਰਮੁੱਖਤਾ ਵੱਲ ਉਲਾਰ ਹਨ। ਉਹ ਆਪਣੀ ਵਿਰਾਸਤੀ ਮਹਾਨਤਾ ਅਤੇ ਭਵਿੱਖਮੁੱਖੀ ਮਹੱਤਤਾ ਨੂੰ ਭੁੱਲ ਗਈਆਂ ਹਨ।

ਗਿਆਨਵਾਨ ਲੋਕ ਸੱਚੇ-ਸੁੱਚੇ ਹੋਣ ਦੇ ਭਰਮ ਵਿੱਚ ਜਿਉਂ ਰਹੇ ਹਨ। ਆਮ ਲੋਕ ਏਕਤਾ ਵਿੱਚ ਪਰੋਏ ਹੋਏ ਨਹੀਂ ਹਨ, ਜਦੋਂਕਿ ਅਜੋਕਾ ਸਮਾਜ ਮੰਗ ਕਰਦਾ ਹੈ ਕਿ ਮਨੁੱਖ ਨੂੰ ਬਾਹਰੀ ਅਤੇ ਆਂਤਰਿਕ ਏਕਤਾ ਦੀ ਵਧੇਰੇ ਜ਼ਰੂਰਤ ਹੈ। ਜੇ ਮਨੁੱਖ ਮਾਨਸਿਕ ਤੌਰ ’ਤੇ ਸੰਗਠਿਤ ਹੋਵੇਗਾ ਅਤੇ ਸਮਾਜਿਕ ਤੌਰ ’ਤੇ ਜੱਥੇਬੰਦ ਨਹੀਂ ਹੋਵੇਗਾ ਤਾਂ ਉਸ ਦੇ ਬੁਨਿਆਦੀ ਹੱਕ ਖੁਰਦੇ ਵੀ ਰਹਿਣਗੇ। ਜੇ ਮਨੁੱਖ ਸਮਾਜਿਕ ਤੌਰ ’ਤੇ ਜੱਥੇਬੰਦ ਹੋਵੇਗਾ ਅਤੇ ਮਾਨਸਿਕ ਤੌਰ ’ਤੇ ਵਖਰਾਓ ਵਿੱਚ ਹੋਵੇਗਾ ਤਾਂ ਵੀ ਸਮਾਜਿਕ ਤੌਰ ’ਤੇ ਵਧੀਆ ਭੂਮਿਕਾ ਨਹੀਂ ਨਿਭਾ ਸਕੇਗਾ। ਇਸ ਲਈ ਮਨੁੱਖ ਦੀ ਅੰਦਰੂਨੀ ਅਤੇ ਬਾਹਰੀ ਏਕਤਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਵਰਤਮਾਨ ਦੌਰ ਵਿੱਚ ਸਮਾਜ ਨੂੰ  ਅਜਿਹੇ ਆਗੂਆਂ ਦੀ ਜ਼ਰੂਰਤ ਹੈ ਜੋ ਲੋਕਾਈ ਦੇ ਦਰਦ ਨੂੰ ਸਮਝਦੇ ਹੋਣ, ਮਨੁੱਖਤਾ ਨੂੰ ਸੰਤਾਪ ਵਿੱਚੋਂ ਕੱਢਣ ਲਈ ਪ੍ਰਤੀਬੱਧ ਤੇ ਬਚਨਬੱਧ ਹੋਣ।

ਹਕੀਕਤ ਇਹ ਹੈ ਕਿ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਖ਼ੁਦ ਭੰਬਲਭੂਸੇ ਵਿੱਚ ਫਸੇ ਹੋਏ ਹਨ। ਵਿਚਾਰਾਂ ਦੀ ਕਠੋਰਤਾ ਅਤੇ ਸਿਧਾਂਤਾਂ ਦੀ ਕੱਟੜਤਾ ’ਚ ਨਵੇਂ ਮਾਰਗ ਤਲਾਸ਼ਣੇ ਮੁਸ਼ਕਲ ਹੋ ਰਹੇ ਹਨ। ਲੋਕ ਸਮੱਸਿਆਵਾਂ ਕਾਰਨ ਬੇਚੈਨ ਹਨ ਅਤੇ ਨਵੇਂ ਸੂਰਜਾਂ ਦੀ ਉਡੀਕ ਕਰ ਰਹੇ ਹਨ। ਲੋਕ ਆਗੂ ਕਹਾਉਣ ਵਾਲੇ ਅਜੇ ਰੁੱਖਾਂ ਵਰਗੇ ਵਿਸ਼ਾਲ ਨਹੀਂ ਹੋਏ ਜਿੱਥੋਂ ਛਾਂ ਮਿਲ ਸਕਦੀ ਹੋਵੇ, ਰੌਸ਼ਨੀ ਨਜ਼ਰ ਆ ਸਕਦੀ ਹੋਵੇ ਤੇ ਨਵੀਂ ਦ੍ਰਿਸ਼ਟੀ ਪ੍ਰਾਪਤ ਹੋ ਸਕਦੀ ਹੋਵੇ। ਚਿੰਤਕਾਂ ਦੀਆਂ ਕਹਾਵਤਾਂ ਸੱਚ ਜਾਪਦੀਆਂ ਹਨ ਕਿ ਪੁਜਾਰੀ, ਕਵੀ, ਸਾਇੰਸਦਾਨ, ਡਾਕਟਰ ਅਤੇ ਵਕੀਲ ਆਦਿ ਧਨ ਕਮਾਉਣ ਵਾਲੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਪਰਿਵਾਰਕ ਰਿਸ਼ਤਿਆਂ ਨੂੰ ਸਿਰਫ਼ ਤੇ ਸਿਰਫ਼ ਪੂੰਜੀਵਾਦੀ ਰਿਸ਼ਤਿਆਂ ਤਕ ਸੀਮਤ ਕਰ ਦਿੱਤਾ ਹੈ।

ਸਮਾਜਿਕ ਢਾਂਚੇ ਤੋਂ ਵਿਆਕੁਲ ਹੋਇਆ ਮਨੁੱਖ ਦਵੰਦਮਈ ਦੀ ਹਾਲਤ ਵਿੱਚ ਜਿਉਂ ਰਿਹਾ ਹੈ। ਉਸ ਦੇ ਵਿਸ਼ਵਾਸ ਟੁੱਟ ਰਹੇ ਹਨ। ਇਸ ਸਥਿਤੀ ’ਚ ਮਨੁੱਖ ਮਾਨਸਿਕ ਰਾਹਤ ਵੀ ਚਾਹੁੰਦਾ ਹੈ ਤੇ ਆਪਣੀਆਂ ਚਾਹਤਾਂ ਵੀ ਪੂਰੀਆਂ ਕਰਨੀਆਂ ਲੋਚਦਾ ਹੈ। ਲੋਕਾਂ ਲਈ ਤਲਾਸ਼ ਕਰਨੀ ਬੜੀ ਮੁਸ਼ਕਲ ਹੋ ਗਈ ਹੈ ਕਿਉਂਕਿ ਕਹਿਣੀ ਤੇ ਕਥਨੀ ਦਾ ਪੂਰਾ ਸੂਰਾ ਵਿਅਕਤੀ ਕੋਈ ਟਾਵਾਂ-ਟਾਵਾਂ ਹੀ ਮਿਲਦਾ ਹੈ। ਕੋਈ ਵਿਰਲਾ ਮਨੁੱਖ ਹੀ ਹੈ ਜੋ ਜੁਗਨੂੰਆਂ ਦੀ ਡਾਰ ’ਚ ਸ਼ਾਮਲ ਹੁੰਦਾ ਹੈ। ਸਮਾਜ ਨਾਲ ਪ੍ਰਤੀਬੱਧਤਾ ਅਤੇ ਇਸ਼ਕ ਦਾ ਰਾਹ ਸੁਖਾਲਾ ਨਹੀਂ ਹੈ। ਇਸੇ ਲਈ ਸ਼ਾਹ ਹੁਸੈਨ ਨੂੰ ਕਹਿਣਾ ਪਿਆ ਸੀ ਕਿ ਰਾਹ ਇਸ਼ਕ ਦਾ ਸੂਈ ਦਾ ਨੱਕਾ, ਤਾਗਾ ਹੋਵੇਂ ਤਾਂ ਜਾਵੀਂ। ਸਮਾਜ ਨੂੰ ਅੱਜ ਵੀ ਅਜਿਹੇ ਆਗੂਆਂ, ਲੀਡਰਾਂ ਤੇ ਨੇਤਾਵਾਂ ਦੀ ਜ਼ਰੂਰਤ ਹੈ ਜੋ ਲੋਕਾਂ ਨੂੰ ਨਵੀਂ ਦਿਸ਼ਾ ਦੇ ਸਕਦੇ ਹੋਣ, ਉਸਾਰੂ ਪੁਲਾਘਾਂ ਪੁੱਟ ਸਕਦੇ ਹੋਣ, ਸਮਾਜ ਦਾ ਮਾਰਗ ਦਰਸ਼ਨ ਕਰ ਸਕਦੇ ਹੋਣ, ਵਿਸ਼ਵੀਕਰਨ ਦੇ ਦੌਰ ਵਿੱਚ ਟੁੱਟ-ਭੱਜ ਰਹੇ ਰਿਸ਼ਤਿਆਂ ਨੂੰ ਬਚਾ ਸਕਦੇ ਹੋਣ ਅਤੇ ਕੁਦਰਤੀ ਸਰੋਤਾਂ ਨੂੰ ਪਿਆਰ ਕਰਦੇ ਹੋਏ ਉਨ੍ਹਾਂ ਦੀ ਰਾਖ਼ੀ ਵੀ ਕਰ ਸਕਦੇ ਹੋਣ।

(ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ)


 ਸੰਪਰਕ: +91 96461 99530

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ