Tue, 17 October 2017
Your Visitor Number :-   1096458
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਕਦੋਂ ਯਕੀਨੀ ਹੋਵੇਗੀ ਔਰਤਾਂ ਦੀ ਸੁਰੱਖਿਆ - ਗੁਰਤੇਜ ਸਿੱਧੂ

Posted on:- 23-02-2016

suhisaver

ਸਾਡੇ ਦੇਸ਼ ਵਿੱਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਹੈ ਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।ਰੱਖੜੀ ਦਾ ਤਿਉਹਾਰ ਅਤੇ ਹੋਰ ਰੀਤੀ ਰਿਵਾਜ ਸਾਨੂੰ ਔਰਤਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਅਹਿਸਾਸ ਦਿਵਾਉਦੇ ਹਨ।ਅਜਿਹੀਆਂ ਮਾਣ ਮਰਿਆਦਾਵਾਂ ਹੋਣ ਦੇ ਬਾਵਜੂਦ ਸਦੀਆਂ ਤੋਂ ਔਰਤ ਦੀ ਦਸ਼ਾ ਨਿੱਘਰੀ ਹੋਈ ਹੈ, ਜੋ ਮਰਦ ਪ੍ਰਧਾਨ ਸਮਾਜ ਦਾ ਮੂੰਹ ਚਿੜਾਉਂਦੀਆਂ ਹਨ।ਅਜੋਕੇ ਅਗਾਂਹਵਧੂ ਯੁੱਗ ਅੰਦਰ ਔਰਤਾਂ ਦੀ ਸੁਰੱਖਿਆ ਅੱਜ ਵੀ ਸ਼ੱਕ ਦੇ ਘੇਰੇ ਹੇਠ ਹੈ ਜਿਸਦੀ ਸ਼ੁਰੂਆਤ ਉਸਦੇ ਜਨਮ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਤੇ ਪੂਰੀ ਉਮਰ ਅਸੁਰੱਖਿਅਤਾ ਦੇ ਆਲਮ ‘ਚ ਗੁਜ਼ਰਦੀ ਹੈ।

ਜਨਮ ਤੋਂ ਬਾਅਦ ਜਵਾਨੀ ‘ਚ ਪੈਰ ਧਰਦੇ ਹੀ ਸਮਾਜ ਦੇ ਖੁਦਗਰਜ਼ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਅਤੇ ਹਰਕਤਾਂ ਦੀ ਸ਼ਿਕਾਰ ਹੁੰਦੀ ਹੈ, ਜੋ ਔਰਤ ਨੂੰ ਸਰੀਰਕ ਮਾਨਸਿਕ ਰੂਪ ‘ਚ ਜ਼ਖਮੀ ਕਰਦੀਆਂ ਹਨ।ਛੇੜਖਾਨੀ ਦਾ ਵਿਰੋਧ ਕਰਨ ‘ਤੇ ਦਰਿੰਦੇ ਤੇਜ਼ਾਬ ਦੀ ਵਰਤੋਂ ਕਰਕੇ ਔਰਤਾਂ ਦੇ ਚਿਹਰੇ ਨੂੰ ਕਰ ਦਿੰਦੇ ਹਨ।ਤੇਜ਼ਾਬ ਦੇ ਫਲਸਰੂਪ ਚਿਹਰੇ ਦੇ ਨਾਲ ਅੱਖਾਂ ਦੀ ਰੋਸ਼ਨੀ ਤੱਕ ਚਲੀ ਜਾਂਦੀ ਹੈ ਤੇ ਪੂਰੀ ਉਮਰ ਹਨੇਰੇ ‘ਚ ਕੱਟਣ ਲਈ ਮਜਬੂਰ ਹੋਣਾ ਪੈਦਾ ਹੈ।

ਇੱਕ ਅਨੁਮਾਨ ਅਨੁਸਾਰ ਸੰਸਾਰ ਅੰਦਰ ਔਸਤਨ ਤੇਜ਼ਾਬ ਸੁੱਟਣ ਦੇ 1500 ਕੇਸ ਹਰ ਸਾਲ ਰਿਕਾਰਡ ਹੁੰਦੇ ਹਨ।ਭਾਰਤ ਵਿੱਚ ਸੰਨ 2002-10 ਤੱਕ 174 ਤੇਜ਼ਾਬ ਕੱਟਣ ਦੇ ਕੇਸ ਸਾਹਮਣੇ ਆਏ ਜੋ ਸਰਕਾਰੀ ਫਾਈਲਾਂ ਦੇ ਨਾਲ ਸਮਾਜਿਕ ਚਿਹਰੇ ਮੋਹਰੇ ਨੂੰ ਕਰੂਪ ਕਰਦੇ ਹਨ।

ਦਿੱਲੀ ਵਿੱਚ 16 ਦਸੰਬਰ 2012 ਨੂੰ ਦਾਮਿਨੀ ਨਾਲ ਚੱਲਦੀ ਬੱਸ ਵਿੱਚ ਬੱਸ ਅਮਲੇ ਵੱਲੋਂ ਜੋ ਦਰਿੰਦਗੀ ਕੀਤੀ ਗਈ ਸੀ ਜਿਸ ‘ਚ ਇੱਕ ਨਾਬਾਲਿਗ ਵੀ ਸ਼ਾਮਿਲ ਸੀ, ਉਸ ਤੋਂ ਪੂਰਾ ਦੇਸ਼ ਵਾਕਿਫ ਹੈ।ਤੇਰਾਂ ਦਿਨ ਦੀ ਜੱਦੋ ਜਹਿਦ ਮਗਰੋਂ ਉਸਨੇ ਦਮ ਤੋੜਿਆ ਸੀ ਪਰ ਦੁਰਾਚਾਰ ਦੀਆਂ ਸ਼ਿਕਾਰ ਔਰਤਾਂ ਲਈ ਇਨਸਾਫ ਦੀ ਜੰਗ ਛੇੜ ਗਈ ਸੀ।ਰੋਸ ਪ੍ਰਦਰਸ਼ਨ ਹੋਏ ਸਰਕਾਰ ਹਰਕਤ ‘ਚ ਆਈ,ਕਨੂੰਨ ‘ਚ ਤਬਦੀਲੀ ਹੋਈ ਅਤੇ ਫਾਸਟ ਟ੍ਰੈਕ ਕੋਰਟਾਂ ਦੀ ਸਥਾਪਨਾ ਹੋਈ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ।ਉਦੋਂ ਜਾਪਦਾ ਸੀ ਕਿ ਹੁਣ ਦੇਸ਼ ਅੰਦਰ ਔਰਤਾਂ ਸੁਰੱਖਿਅਤ ਹੋ ਜਾਣਗੀਆਂ ਪਰ ਅਜਿਹਾ ਹੋਇਆ ਨਹੀਂ।ਇਸ ਘਟਨਾ ਤੋਂ ਕੁਝ ਸਮੇ ਬਾਅਦ ਹੀ ਦਿੱਲੀ ਫਿਰ ਸ਼ਰਮਸਾਰ ਹੋਈ ਇੱਕ ਬੱਸ ਡਰਾਈਵਰ ਵੱਲੋਂ ਬੱਸ ‘ਚ ਪੰਜ ਸਾਲਾ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ।ਪੰਜਾਬ ਵਿੱਚ ਮੋਗਾ ਬੱਸ ਕਾਂਡ, ਜਿਸ ਵਿੱਚ ਇੱਕ ਨਿੱਜੀ ਬੱਸ ਦੇ ਅਮਲੇ ਵੱਲੋਂ ਇੱਕ ਔਰਤ ਅਤੇ ਉਸਦੀ ਲੜਕੀ ਨਾਲ ਛੇੜਖਾਨੀ ਕੀਤੀ ਗਈ ਤੇ ਵਿਰੋਧ ਕਰਨ ਤੇ ਧੱਕਾ ਮੁੱਕੀ ਕਰਕੇ ਚਲਦੀ ਬੱਸ ‘ਚੋਂ ਹੇਠਾਂ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਸੀ।ਇਸ ਮੰਦਭਾਗੀ ਘਟਨਾ ਦੇ ਜ਼ਖਮ ਅਜੇ ਵੀ ਹਰੇ ਹਨ ਕਿ ਬੀਤੇ ਦਿਨੀ ਜਲੰਧਰ ਨੇੜੇ ਸਰਕਾਰੀ ਬੱਸ ਅਮਲੇ ਨੇ ਇੱਕ ਔਰਤ ਨਾਲ ਕਥਿਤ ਵਧੀਕੀ ਕੀਤੀ।

ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪ੍ਰਸ਼ਾਸ਼ਨ ਸੁੱਤਾ ਪਿਆ ਹੈ।ਬੱਸਾਂ ‘ਚ ਅਜੇ ਵੀ ਬੇਨਿਯਮੀਆਂ ਹੋ ਰਹੀਆਂ ਹਨ।ਬੱਸਾਂ ਵਿੱਚ ਸੀਸੀਟੀਵੀ ਕੈਮਰੇ ਅਜੇ ਤੱਕ ਨਹੀਂ ਲੱਗ ਸਕੇ ਅਤੇ ਬੱਸ ਅਮਲੇ ਦੀ ਵਰਦੀ ਨਾਮ ਪਲੇਟ ਵਾਲੀ ਨਹੀਂ ਹੋ ਸਕੀ।ਕਾਲੇ ਸ਼ੀਸ਼ਿਆਂ ਦੀ ਜਗ੍ਹਾ ਪਾਰਦਰਸ਼ੀ ਸ਼ੀਸ਼ੇ ਅਜੇ ਵੀ ਬੱਸਾਂ ‘ਚੋਂ ਗਾਇਬ ਹਨ।ਔਰਤਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜ਼ਿਆਦਾਤਰ ਬੱਸਾਂ ਵਿੱਚ ਮੌਜੂਦ ਨਹੀਂ ਹੈ।ਅਸ਼ਲੀਲ ਗੀਤ ਤੇ ਫਿਲਮਾਂ ਦਾ ਰੌਲਾ ਪ੍ਰਸ਼ਾਸ਼ਨ ਅਜੇ ਤੱਕ ਚੁੱਪ ਨਹੀਂ ਕਰਵਾ ਸਕਿਆ।ਹਮਾਤੜ ਲੋਕਾਂ ਦੀ ਉਹ ਸੁਣਦੇ ਨਹੀਂ ਜਿਸਦਾ ਕਾਰਨ ਉਨ੍ਹਾਂ ਦੇ ਅਸਰ ਰਸੂਖ ਵਾਲੇ ਆਕਾ ਹਨ ਜਿਨ੍ਹਾਂ ਦੀ ਸ਼ਹਿ ‘ਤੇ ਇਹ ਸਾਰੇ ਕੰਮਾਂ ਨੂੰ ਅੰਜਾਮ ਦਿੰਦੇ ਹਨ।ਖੁਦਗਰਜ ਲੋਕਾਂ ਦੀ ਕਰਨੀ ਦਾ ਫਲ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਸਭ ਤੋਂ ਵੱਡੀ ਗੱਲ ਲੋਕ ਤਮਾਸ਼ਬੀਨ ਬਣ ਗਏ ਹਨ ਕਿਸੇ ਨਾਲ ਹੁੰਦੀ ਵਧੀਕੀ ਦੇਖ ਕੇ ਚੁੱਪ ਚਾਪ ਬੈਠੇ ਰਹਿੰਦੇ ਹਨ ਅਤੇ ਇੱਕ ਅੱਧੇ ਇਨਸਾਨ ਦੀ ਅਗਰ ਜ਼ਮੀਰ ਜਾਗਦੀ ਹੈ ਉਸ ‘ਤੇ ਦਰਿੰਦੇ ਹਾਵੀ ਹੋ ਜਾਦੇ ਹਨ।ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਹਾਦਸੇ ਉਨ੍ਹਾਂ ਦੀ ਧੀ ਭੈਣ ਨਾਲ ਵੀ ਹੋ ਸਕਦੇ ਹਨ।“ਅਸੀਂ ਕੀ ਲੈਣਾ” ਇਹ ਮਾਨਸਿਕਤਾ ਤਿਆਗਣੀ ਚਾਹੀਦੀ ਹੈ।

ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2013 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ 24923 ਦੁਸ਼ਕਰਮ ਦੇ ਕੇਸ ਸਾਹਮਣੇ ਆਏ ਹਨ,ਇਨ੍ਹਾਂ ‘ਚੋਂ 24470 ਕੇਸਾਂ ਦਾ ਹੈਰਾਨੀਜਨਕ ਸੱਚ ਇਹ ਹੈ ਕਿ ਦੁਸ਼ਕਰਮ ਜਾਣਕਾਰਾਂ ਦੁਆਰਾ ਕੀਤਾ ਗਿਆ।ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਦੁਰਾਚਾਰ ਹੋਏ।ਸੰਨ 2002-11 ਤੱਕ ਸਾਲਾਨਾ ਔਸਤਨ 22 ਹਜਾਰ ਦੁਸ਼ਕਰਮ ਹੋਏ।ਪਿਛਲੇ ਦੋ ਦਹਾਕਿਆਂ ਦੌਰਾਨ ਦੁਸ਼ਕਰਮ ਦੇ ਕੇਸਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ।ਦੇਸ਼ ਵਿੱਚ ਹਰ ਰੋਜ ਔਸਤਨ 92 ਦੁਸ਼ਕਰਮ ਦੇ ਕੇਸ ਦਰਜ ਹੁੰਦੇ ਹਨ ਜਦਕਿ ਦਿੱਲੀ ‘ਚ ਹਰ ਰੋਜ 4 ਦੁਸ਼ਕਰਮ ਕੇਸ ਦਰਜ ਹੁੰਦੇ ਹਨ।ਦੁਨੀਆਂ ਦੇ ਦਸ ਦੇਸ਼ ਜਿੱਥੇ ਦੁਸ਼ਕਰਮ ਜ਼ਿਆਦਾ ਹੁੰਦੇ ਹਨ ਭਾਰਤ ਦਾ ਉਸ ਵਿੱਚ ਤੀਜਾ ਸਥਾਨ ਹੈ।ਕੌਮਾਂਤਰੀ ਪੱਧਰ ‘ਤੇ 33 ਫੀਸਦੀ ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਰ ਹਨ ਜਦਕਿ ਸਾਡੇ ਦੇਸ਼ ਵਿੱਚ 43 ਫੀਸਦੀ ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਰ ਹਨ,ਜਿਸ ਵਿੱਚ ਪੜੇ੍ਹ ਲਿਖੇ ਅਤੇ ਸੱਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਵੀ ਸ਼ਾਮਿਲ ਹਨ।

ਇਸ ਵਰਤਾਰੇ ਦੇ ਕਾਰਨ ਬਹੁਤ ਜ਼ਿਆਦਾ ਹਨ ਜਿਸ ‘ਚ ਮੁੱਖ ਤੌਰ ਤੇ ਨਸ਼ੇ,ਬੇਰੁਜ਼ਗਾਰੀ ,ਮਾਪਿਆਂ ਦੀ ਅਣਗਹਿਲੀ,ਇੰਟਰਨੈੱਟ ਦੀ ਦੁਰਵਰਤੋਂ ਅਤੇ ਕਈ ਸਮਾਜਿਕ ਕਾਰਨ ਹਨ ਜੋ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਘਿਨੌਣੇ ਕੰਮ ਲਈ ਪ੍ਰੇਰਦੇ ਹਨ।ਮਨੋਰੰਜਨ ਇੰਡਸਟਰੀ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ।ਅਜੋਕਾ ਸਿਨੇਮਾ ਆਪਣੀ ਜ਼ਿੰਮੇਵਾਰੀ ਭੁੱਲ ਚੁੱਕਾ ਹੈ ਤੇ ਮੁਨਾਫੇ ਲਈ ਅਸ਼ਲੀਲਤਾ ਪਰੋਸ ਰਿਹਾ ਹੈ।ਸੈਂਸਰ ਬੋਰਡ ਦੇ ਲੋਕ ਸੁੱਤੇ ਹੋਏ ਹਨ ਜਾਂ ਫਿਰ ਚੰਦ ਨੋਟਾਂ ਦੀ ਖਾਤਿਰ ਵਿਕੇ ਹੋਏ ਹਨ।ਟੀਵੀ ਸੀਰੀਅਲਾਂ ਤੇ ਇਸ਼ਤਿਹਾਰਾਂ ਵਿੱਚ ਵੀ ਅਸ਼ਲੀਲਤਾ ਦੀ ਭਰਮਾਰ ਹੈ।ਇਸ ਲਈ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜੋ ਅਜਿਹੇ ਮਨੋਰੰਜਨ ਨੂੰ ਕਬੂਲਦੇ ਹਨ।

ਦੁਸ਼ਕਰਮ ਦੇ ਬਹੁਤੇ ਕੇਸ ਪਿਛਲੇ ਵੀਹ ਸਾਲਾਂ ਤੋਂ ਲਟਕੇ ਹੋਏ ਹਨ ਅਤੇ ਕਨੂੰਨ ਨਾਲ ਸਬੰਧਿਤ ਲੋਕ ਅਜੇ ਵੀ ਕਨੂੰਨ ਦੀਆਂ ਬਰੀਕੀਆਂ ਦਾ ਲਾਹਾ ਦੋਸ਼ੀਆਂ ਨੂੰ ਦਿਵਾ ਰਹੇ ਹਨ।ਦੁਰਾਚਾਰ ਦੇ ਕੇਸਾਂ ‘ਚ ਕਨੂੰਨ ਸਖਤ ਕੀਤਾ ਗਿਆ ਹੈ ਪਰ ਜਦ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਕਨੂੰਨ ਦੀ ਸਖਤੀ ਸਾਰਥਿਕ ਸਿੱਧ ਨਹੀਂ ਹੋ ਸਕਦੀ।ਸਖਤ ਕਨੂੰਨ ਦੀ ਆੜ ਹੇਠ ਸ਼ੱਕੀ ਔਰਤਾਂ ਅਤੇ ਖੁਦਗਰਜ ਲੋਕਾਂ ਨੇ ਆਪਣੇ ਸੌੜੇ ਹਿਤ ਪੂਰੇ ਹਨ।ਦੋਵਾਂ ਧਿਰਾਂ ਦੀ ਗਲਤੀ ਹੋਣ ਦੇ ਬਾਵਜੂਦ ਆਦਮੀ ਨੂੰ ਹੀ ਸਜ਼ਾ ਦਾ ਹੱਕਦਾਰ ਬਣਾਇਆ ਜਾ ਰਿਹਾ ਹੈ।ਇਸ ਪਹਿਲੂ ‘ਤੇ ਵੀ ਕਨੂੰਨਸਾਜ ਜ਼ਰੂਰ ਧਿਆਨ ਦੇਣ।

ਅਜੋਕੇ ਸਮੇ ਅੰਦਰ ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਦੀ ਆਬਰੂ ਤਾਰ ਤਾਰ ਨਾ ਹੋਵੇ।ਸ਼ੱਕੀ ਔਰਤਾਂ ‘ਤੇ ਲਗਾਮ ਕਸੀ ਜਾਵੇ ਬੇਕਸੂਰਾਂ ਦੀ ਜਗ੍ਹਾ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।ਬਹੁਤੇ ਦੇਸ਼ਾਂ ‘ਚ ਸਜ਼ਾ ਦੇ ਤੌਰ ਤੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ।ਕਈ ਦੇਸ਼ਾਂ ਵਿੱਚ ਕੈਮੀਕਲ ਤੇ ਸਰਜੀਕਲ ਵਿਧੀਆਂ ਦੀ ਵਰਤੋ ਕੀਤੀ ਜਾਂਦੀ ਹੈ।ਸਜ਼ਾ ਦੇ ਨਾਲ ਨੈਤਿਕ ਸਿੱਖਿਆ ਵੀ ਸਿੱਖਿਆ ਪ੍ਰਣਾਲੀ ‘ਚ ਸ਼ਾਮਿਲ ਕੀਤਾ ਜਾਵੇ ਅਤੇ ਇਸਦੀ ਜਗ੍ਹਾ ਲੋਕਾਂ ਦੇ ਦਿਲ ਦਿਮਾਗ ‘ਚ ਬਣਾਈ ਜਾਵੇ।ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ਅਹਿਮਦ ਸ਼ਾਹ ਅਬਦਾਲੀ ਅੱਗੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਲਈ ਅੜ ਸਕਦੇ ਸਨ ਤਾਂ ਸਾਨੂੰ ਵੀ ਉਹ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ।ਔਰਤਾਂ ਵੀ ਆਪਣੇ ਗਿਆਨ,ਚਰਿੱਤਰ ਨੂੰ ਉੱਚਾ ਰੱਖਣ ਤੇ ਹਰ ਚੁਣੌਤੀ ਦਾ ਡਟਵਾਂ ਮੁਕਾਬਲਾ ਕਰਨ ਲਈ ਲਾਮਬੰਦ ਹੋਣ ਫਿਰ ਹੀ ਵਧੀਕੀਆਂ ਦਾ ਅੰਤ ਹੋ ਸਕਦਾ ਹੈ।

ਸੰਪਰਕ: +91 94641 72783
**ਲੇਖਕ ਮੈਡੀਕਲ ਵਿਦਿਆਰਥੀ ਹਨ।


Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ