Sun, 24 September 2017
Your Visitor Number :-   1088360
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਤੰਬਾਕੂ ਸਬੰਧੀ ਇਸ਼ਤਿਹਾਰਬਾਜ਼ੀ ਦੀਆਂ ਚਾਲਾਂ ਅਤੇ ਮੀਡੀਆ

Posted on:- 06-06-2016

suhisaver

-ਵਿਕਰਮ ਸਿੰਘ ਸੰਗਰੂਰ

‘ਇਸ਼ਤਿਹਾਰ’ ਸ਼ਬਦ ਵਿਚਲੇ ਬਹੁ-ਅਰਥਾਂ ਵਿੱਚ ਇਸਦਾ ਇੱਕ ਅਰਥ ‘ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣਾ’ ਵੀ ਹੈ।ਅੱਜ ਦੇ ਭੱਜ-ਨੱਠ ਅਤੇ ਮੁਕਾਬਲੇਬਾਜ਼ੀ ਵਾਲੇ ਸਮੇਂ ਵਿੱਚ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣਾ ਕਿਸੇ ਪਹਾੜੀ ਦੀ ਟੀਸੀ ’ਤੇ ਚੜ੍ਹਨ ਬਰਾਬਰ ਹੈ।ਇਹੀ ਕਾਰਨ ਹੈ ਕਿ ਸੌਖਿਆਂ ਹੀ ਉਚਾਰਿਆ ਜਾਣ ਵਾਲਾ ‘ਇਸ਼ਤਿਹਾਰ’ ਸ਼ਬਦ ਅੱਜ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਵਪਾਰ ਬਣ ਚੁੱਕਾ ਹੈ।ਵਪਾਰ ਦਾ ਪ੍ਰਭਾਵ ਵੇਖੋ; ਜਿਸ ਮੀਡੀਆ ਲਈ ਖ਼ਬਰ ਉਸਦੀ ਪਛਾਣ, ਉਸਦੀ ਰੂਹ ਹੁੰਦੀ ਹੈ, ਹੁਣ ਉਸੇ ਮੀਡੀਆ ਦਾ ਬਹੁਤਾ ਹਿੱਸਾ ਖ਼ਬਰ ਦੀ ਜਗ੍ਹਾ ਇਸ਼ਤਿਹਾਰ ਨੂੰ ਤਰਜੀਹ ਦੇਣ ਲੱਗਾ ਹੈ।ਖ਼ਬਰ ਰੋਕੀ ਜਾ ਸਕਦੀ ਹੈ, ਕੱਟੀ ਜਾ ਸਕਦੀ ਹੈ, ਪਰ ਇਸ਼ਤਿਹਾਰ ਨਹੀਂ।ਮੀਡੀਆ ਇਸ਼ਤਿਹਾਰ ਨੂੰ ਤਰਜੀਹ ਦੇਵੇ ਵੀ ਕਿਉਂ ਨਾ? ਮੀਡੀਆ ਦੇ ਬਹੁਤੇ ਹਿੱਸੇ ਦੇ ਤੋਰੀ-ਫੁਲਕੇ ਦਾ ਜ਼ਰੀਆ ਇਸ਼ਤਿਹਾਰ ਹੀ ਤਾਂ ਹਨ।ਪਰ ਮੀਡੀਆ ਇੱਕ ਨਿਰੋਲ ਵਪਾਰਕ ਅਦਾਰਾ ਨਹੀਂ, ਸਗੋਂ ਇਸ ਦੀ ਆਪਣੇ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ, ਕਿਉਂ ਿਕ ਇਸ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੀਤਾ ਸਾਕਾਰਾਤਮਕ ਜਾਂ ਨਾਕਾਰਾਤਮਕ ਕਾਰਜ ਸਮਾਜ ਨੂੰ ਸਰਵਪੱਖੀ ਤੌਰ ’ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ।ਇਹੀ ਕਾਰਨ ਹੈ ਕਿ ਭਾਰਤੀ ਕਾਨੂੰਨ ਵਿਵਸਥਾ ਅਤੇ ਮੀਡੀਆ ’ਤੇ ਨਜ਼ਰ ਰੱਖਣ ਵਾਲੇ ਅਦਾਰਿਆਂ ਵੱਲੋਂ ਜਿੱਥੇ ਮੀਡੀਆ ਵਿੱਚ ਪ੍ਰਕਾਸ਼ਿਤ/ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਲਈ ਦਿਸ਼ਾ-ਨਿਰਦੇਸ਼ ਘੜ੍ਹੇ ਗਏ ਹਨ, ਉੱਥੇ ਖ਼ਾਸ ਕਰ ਇਸ਼ਤਿਹਾਰਾਂ ਲਈ ਵੀ ਵਿਸ਼ੇਸ਼ ਕਾਨੂੰਨ ਵਿਵਸਥਾ ਕੀਤੀ ਗਈ ਹੈ।

ਮੌਜੂਦਾ ਸਮੇਂ ਭਾਰਤ ਵਿੱਚ ਇਸ਼ਤਿਹਾਰਬਾਜ਼ੀ ਸਬੰਧੀ ਕਈ ਕਾਨੂੰਨ ਅਤੇ ਦਿਸ਼ਾ-ਨਿਰਦੇਸ਼ ਹਨ, ਪਰ ਇਸ਼ਤਿਹਾਰਬਾਜ਼ੀ ਦੀਆਂ ਕੰਪਨੀਆਂ ਜੋ ਕਿ ਮਿੱਟੀ ਨੂੰ ਸੋਨਾ ਬਣਾ ਕੇ ਵੇਚਣ ਤੱਕ ਦੀ ਕਲਾ ਰੱਖਦੀਆਂ ਹਨ, ਉਨ੍ਹਾਂ ਲਈ ਕਾਨੂੰਨ ਅਤੇ ਦਿਸ਼ਾ-ਨਿਰਦੇਸ਼ਾਂ ਦੀਆਂ ਸੰਘਣੀਆਂ ਸਲਾਖ਼ਾਂ ਨੂੰ ਬਿਨਾਂ ਤੋੜਿਆਂ ਬਾਹਰ ਆਉਣਾ ਜ਼ਰਾ ਵੀ ਔਖਾ ਨਹੀਂ ਹੈ।


ਇਸ ਮਾਮਲੇ ਵਿੱਚ ਖ਼ਾਸ ਕਰਕੇ ਤੰਬਾਕੂ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਵਿਸ਼ੇਸ਼ ਜ਼ਿਕਰਯੋਗ ਹੈ।ਵਿਸ਼ੇਸ਼ ਜ਼ਿਕਰਯੋਗ ਇਸ ਕਰਕੇ ਕਿਉਂਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਵਿੱਚ ਜਿੱਥੇ ਭਾਰਤ ਦੁਨੀਆਂ ਭਰ ਵਿੱਚ ਦੂਜੇ ਸਥਾਨ ’ਤੇ ਹੈ, ਉੱਥੇ ਤੰਬਾਕੂ ਪੈਦਾ ਕਰਨ ਵਿੱਚ ਇਸਦਾ ਤੀਜਾ ਸਥਾਨ ਹੈ।ਇਹੀ ਕਾਰਨ ਹੈ ਕਿ ਕੁਝ ਸਮਾਂ ਪਹਿਲਾਂ ਤੰਬਾਕੂ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੇ ਹਿਦਾਇਤ ਕੀਤੀ ਸੀ ਕਿ ਉਹ ਆਪਣੀ ਵਸਤੂ ਦੇ 85 ਫ਼ੀਸਦ ਹਿੱਸੇ ’ਤੇ ‘ਚਿਤਾਵਨੀ: ਤੰਬਾਕੂ ਕੈਂਸਰ ਦਾ ਕਾਰਨ ਹੈ’ ਲਿਖ ਕੇ ਇਸ ਨਾਲ ਸਬੰਧਤ ਤਸਵੀਰ ਵੀ ਲਗਾਉਣ।ਤੰਬਾਕੂ ਵਿੱਚ ਪ੍ਰਮੁੱਖ ਰੂਪ ਨਾਲ ਪਾਨ ਮਸਾਲਾ, ਗੁਟਕਾ, ਹੁੱਕਾ, ਸਿਗਰਟ, ਈ-ਸਿਗਰੇਟ, ਬੀੜੀਆਂ, ਖੈਣੀ, ਜ਼ਰਦਾ, ਸਿਗਾਰ, ਮਾਵਾ ਨਸਵਾਰ, ਕਰੀਮ ਵਾਲੀ ਨਸਵਾਰ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ।ਤੰਬਾਕੂ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੀਆਂ ਚਾਲਾਂ ਦੀ ਗੱਲ ਕਰਨ ਤੋਂ ਪਹਿਲਾਂ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਇਸ਼ਤਿਹਾਰਬਾਜ਼ੀ ਲਈ ਬਣੇ ਸਿਧਾਂਤ ਅਤੇ ਕਾਨੂੰਨ ਬਾਰੇ ਜਾਣਨਾ ਲਾਜ਼ਮੀ ਹੈ।

ਜੇਕਰ ਪ੍ਰਿੰਟ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ ਭਾਰਤੀ ਪ੍ਰੈੱਸ ਕੌਂਸਲ ਦੇ ਇਸ਼ਤਿਹਾਰਾਂ ਤਹਿਤ ਦਿੱਤੇ ਗਏ ਪੱਤਰਕਾਰੀ ਸਬੰਧੀ ਨੈਤਿਕ ਸਿਧਾਂਤਾਂ ਅਨੁਸਾਰ, ਅਜਿਹਾ ਕੋਈ ਵਿਗਿਆਪਨ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ, ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸਿਗਰੇਟ, ਤੰਬਾਕੂ, ਸ਼ਰਾਬ, ਅਲਕੋਹਲ ਅਤੇ ਹੋਰ ਨਸ਼ੀਲੇ ਤਰਲ ਪਦਾਰਥ ਦੇ ਉਤਪਾਦਨ, ਵਿਕਰੀ ਜਾਂ ਉਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਾ ਹੋਵੇ।ਭਾਰਤੀ ਪ੍ਰੈੱਸ ਕੌਂਸਲ ਵੱਲੋਂ ਪੱਤਰਕਾਰੀ ਸਬੰਧੀ ਨਿਰਧਾਰਿਤ ਕੀਤੇ ਜ਼ਿਆਦਾਤਰ ਸਿਧਾਂਤ ਭਾਰਤੀ ਕਾਨੂੰਨ ਵਿਵਸਥਾ ਅਨੁਸਾਰ ਘੜ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇਸ਼ਤਿਹਾਰਾਂ ਦੇ ਸਿਧਾਂਤ ਵੀ ਕਾਫ਼ੀ ਮੇਲ ਖਾਂਦੇ ਹਨ।ਇਸ ਪੱਖੋਂ ਭਾਰਤੀ ਪ੍ਰੈੱਸ ਕੌਂਸਲ ਦੇ ਤੰਬਾਕੂ ਪਦਾਰਥਾਂ ਸਬੰਧੀ ਨਿਰਧਾਰਤ ਕੀਤੇ ਸਿਧਾਂਤ, ਤੰਬਾਕੂ ਸਬੰਧੀ ਪ੍ਰਚਾਰ ਨੂੰ ਰੋਕਣ ਲਈ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰ ਦੀ ਮਨਾਹੀ ਅਤੇ ਵਪਾਰ ਜਾਂ ਉਤਪਾਦਨ, ਅਪੂਰਤੀ ਅਤੇ ਵੰਡਣ ਦਾ ਵਿਨਿਯਮ) ਐਕਟ 2003 (Cigarettes and Other Tobacco Products (Prohibition of Advertisement and Regulation of Trade and Commerce, Production, Supply and Distribution) Act, 2003  ) ਤਹਿਤ ਧਾਰਾ 5 ਦੀ ਪਾਲਣਾ ਦੀ ਗੱਲ ਕਰਦੇ ਹਨ।ਇਹ ਕਾਨੂੰਨ ਸਿਰਫ਼ ਪ੍ਰਿੰਟ ਮੀਡੀਆ ਨਹੀਂ, ਸਗੋਂ ਮੀਡੀਆ ਦੀ ਹਰ ਕਿਸਮ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਕੋਟਪਾ 2003 ਯਾਨੀ ‘ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟ ਐਕਟ 2003’ ਦੀ ਧਾਰਾ 5 ਅਨੁਸਾਰ ਕੋਈ ਵਿਅਕਤੀ ਤੰਬਾਕੂ ਦੀ ਅਜਿਹੀ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦਾ ਅਤੇ ਕਿਸੇ ਅਜਿਹੇ ਇਸ਼ਤਿਹਾਰ ਵਿੱਚ ਭਾਗ ਨਹੀਂ ਲੈ ਸਕਦਾ ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਤੰਬਾਕੂ ਨੂੰ ਵਰਤਣ ਸਬੰਧੀ ਹੱਲਾਸ਼ੇਰੀ ਦਿੰਦਾ ਹੋਵੇ।ਇਸ ਧਾਰਾ ਤਹਿਤ ਤੰਬਾਕੂ ਪਦਾਰਥਾਂ ਦੀ ਹਰ ਕਿਸਮ ਦੀ ਇਸ਼ਤਿਹਾਰਬਾਜ਼ੀ ਦੀ ਮਨਾਹੀ ਹੈ; ਕਿਸੇ ਹੋਰ ਤਰੀਕੇ ਨਾਲ ਪੇਸ਼ਕਾਰੀ, ਪੁਰਾਣੇ ਬਰਾਂਡ ਥੱਲੇ ਨਵੇਂ ਪਦਾਰਥ ਦੀ ਮਾਰਕੀਟਿੰਗ, ਲੁਭਾਊ ਸਕੀਮਾਂ, ਸਪਾਂਸਰਸ਼ਿੱਪ, ਮੁਫ਼ਤ ਸੈਂਪਲ ਆਦਿ।ਇਸ ਤਹਿਤ ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਤੰਬਾਕੂ ਪਦਾਰਥਾਂ ਦਾ ਨਾਂ ਦਿਖਾਉਣ ਤੱਕ ਦੀ ਵੀ ਮਨਾਹੀ ਕੀਤੀ ਗਈ ਹੈ।ਇਸ ਤੋਂ ਬਿਨਾਂ ਤੰਬਾਕੂ ਉਦਪਾਦ ਦੀ ਬੋਰਡ, ਪੈਂਫਲੈਟ ਜਾਂ ਹੋਰਡਿੰਗ ਆਦਿ ਰਾਹੀਂ ਮਸ਼ਹੂਰੀ ਕਰਨਾ ਵੀ ਕਾਨੂੰਨੀ ਅਪਰਾਧ ਹੈ।ਇਸ ਕਾਨੂੰਨ ਦੀ ਪਹਿਲੀ ਵਾਰ ਉਲੰਘਣਾ ਕਰਨ ’ਤੇ 2 ਸਾਲ ਦੀ ਕੈਦ ਅਤੇ/ਜਾਂ 1000 ਰੁਪਏ ਤੱਕ ਜ਼ੁਰਮਾਨਾ ਅਤੇ ਦੂਜੀ ਵਾਰ ਉਲੰਘਣਾ ਕਰਨ ’ਤੇ 5 ਸਾਲ ਦੀ ਕੈਦ ਅਤੇ/ਜਾਂ 5000 ਰੁਪਏ ਤੱਕ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਮੀਡੀਆ ਦੀ ਮਦਦ ਨਾਲ ਕੋਟਪਾ 2003 ਦੀ ਧਾਰਾ 5 ਦੀ ਬੜੀ ਚਲਾਕੀ ਨਾਲ ਉਲੰਘਣਾ ਕੀਤੀ ਜਾ ਚੁੱਕੀ ਹੈ ਅਤੇ ਕੀਤੀ ਜਾ ਰਹੀ ਹੈ।ਪਹਿਲਾਂ, ਮੀਡੀਆ ਵੱਲੋਂ ਸਿੱਧੇ ਰੂਪ ਨਾਲ ਕੀਤੀ ਗਈ ਇਸ ਕਾਨੂੰਨ ਦੀ ਉਲੰਘਣਾ ਨੂੰ ਕੁਝ ਉਦਾਹਰਣਾਂ ਨਾਲ ਸਮਝਣਾ ਬਣਦਾ ਹੈ।ਅੱਜ ਤੋਂ ਕਈ ਦਹਾਕੇ ਪਹਿਲਾਂ ਟੈਲੀਵਿਜ਼ਨ ’ਤੇ ਇੱਕ ਪਾਨ ਪਰਾਗ ਦਾ ਪ੍ਰਚਾਰ ਕਰਦਾ ਇਸ਼ਤਿਹਾਰ ਦਿਖਾਈ ਦਿੱਤਾ ਸੀ।ਇਹ ਇਸ਼ਤਿਹਾਰ ਨਾਮਵਰ ਫ਼ਿਲਮੀ ਹਸਤੀਆਂ ਅਸ਼ੋਕ ਕੁਮਾਰ ਅਤੇ ਸ਼ੰਮੀ ਕਪੂਰ ’ਤੇ ਫ਼ਿਲਮਾਇਆ ਗਿਆ ਸੀ, ਜਿਸ ਵਿੱਚ ਬਰਾਤੀਆਂ ਦਾ ਸਵਾਗਤ ਪਾਨ ਪਰਾਗ ਨਾਲ ਕਰਨ ਦੀ ਗੱਲ ਕੀਤੀ ਗਈ ਸੀ।ਕਾਨੂੰਨ ਦੀ ਨਜ਼ਰ ਨਾਲ ਜੇਕਰ ਇਸ ਇਸ਼ਤਿਹਾਰ ਨੂੰ ਦੇਖਿਆ ਜਾਵੇ ਤਾਂ ਇਹ ਕੋਟਪਾ-2003 ਦੀ ਧਾਰਾ 5 ਦਾ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ। ਖ਼ੈਰ ਇਹ ਉਦਾਹਰਣ ਕਈ ਦਹਾਕੇ ਪੁਰਾਣੀ ਹੈ, ਜਦੋਂ ਕੋਟਪਾ-2003 ਹੋਂਦ ਵਿੱਚ ਨਹੀਂ ਸੀ ਆਇਆ, ਪਰ ਇਸ ਐਕਟ ਦੇ ਹੋਂਦ ਵਿੱਚ ਆਉਣ ਪਿੱਛੋਂ ਵੀ ਪਾਨ ਪਰਾਗ ਵਾਂਗ ਹੋਰ ਤੰਬਾਕੂ ਪਦਾਰਥਾਂ ਦਾ ਪ੍ਰਚਾਰ ਵੀ ਕਈ ਉੱਘੀਆਂ ਸ਼ਖ਼ਸੀਅਤਾਂ ਕਰ ਰਹੀਆਂ ਹਨ।ਚੈਨੀ ਚੈਨੀ ‘ਚੈਨ ਸੇ ਮਜ਼ਾ ਲੋ’, ‘ਗੋਵਾ 1000’, ਰਜਨੀਗੰਧਾ, ਰੋਏਲ ਸਟੈਗ, ਸ਼ੁੱਧ ਪਲੱਸ ਪਾਨ ਮਸਾਲਾ ਆਦਿ ਕਈ ਅਜਿਹੇ ਤੰਬਾਕੂ ਪਦਾਰਥਾਂ ਦੇ ਇਸ਼ਤਿਹਾਰ ਹਨ, ਜਿਨ੍ਹਾਂ ਦਾ ਪ੍ਰਚਾਰ ਟੀ.ਵੀ. ਉੱਤੇ ‘ਖ਼ਾਸ’ ਵਿਅਕਤੀਆਂ ਦੁਆਰਾ ਖ਼ਾਸ ਅੰਦਾਜ਼ ਵਿੱਚ ਕੀਤਾ ਜਾ ਚੁੱਕਾ ਹੈ।ਇਨ੍ਹਾਂ ਖ਼ਾਸ ਵਿਅਕਤੀਆਂ ਵਿੱਚੋਂ ਇੱਕ ਤਾਂ ਕੁਝ ਸਮਾਂ ਪਹਿਲਾਂ ਹੀ ਪੂਨੇ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਆਇਆ ਹੈ, ਇਹ ਗੱਲ ਵੱਖਰੀ ਹੈ ਕਿ ਉਸ ਨੂੰ ਜੇਲ੍ਹ ਤੰਬਾਕੂ ਪਦਾਰਥ ਦਾ ਇਸ਼ਤਿਹਾਰ ਕਰਨ ’ਤੇ ਨਹੀਂ, ਸਗੋਂ ਕਿਸੇ ਹੋਰ ਕਾਰਨ ਕਰਕੇ ਹੋਈ ਸੀ।ਖ਼ਾਸ ਵਿਅਕਤੀਆਂ ਵੱਲੋਂ ਇਸ਼ਤਿਹਾਰਾਂ ਰਾਹੀਂ ਤੰਬਾਕੂ ਪਦਾਰਥਾਂ ਦੇ ਗਾਏ ਜਾਂਦੇ ਸੋਹਲਿਆਂ ਦੀ ਜੇਕਰ ਗੱਲ਼ ਕਰੀਏ ਤਾਂ ਕੁਝ ਸਮਾਂ ਪਹਿਲਾਂ ਦਿੱਲੀ ਸਰਕਾਰ ਨੇ ਅਜਿਹੇ ਕੁਝ ਖ਼ਾਸ ਵਿਅਕਤੀਆਂ, ਜਿਨ੍ਹਾਂ ਵਿੱਚ ਸਲਮਾਨ ਖ਼ਾਨ, ਅਜੇ ਦੇਵਗਨ, ਸ਼ਾਹਰੁਖ ਖ਼ਾਨ, ਅਰਬਾਜ਼ ਖ਼ਾਨ, ਸੈਫ਼ ਅਲੀ ਖ਼ਾਨ, ਗੋਬਿੰਦਾ, ਸਨੀ ਲਿਓਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਤੰਬਾਕੂ ਪਦਾਰਥਾਂ ਦਾ ਇਸ਼ਤਿਹਾਰ ਨਾ ਕਰਨ, ਕਿਉਂਕਿ ਇਨ੍ਹਾਂ ਪਦਾਰਥਾਂ ਦੀ ਵਰਤੋਂ ਕੈਂਸਰ ਦਾ ਕਾਰਨ ਬਣਦੀ ਹੈ।

ਤੰਬਾਕੂ ਜਾਂ ਨਸ਼ੀਲੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਲਈ ਉਨ੍ਹਾਂ ਦੇ ਨਾਮ ਤੋਂ ਬਿਨਾਂ ਖ਼ਾਸਕਰ ਉਨ੍ਹਾਂ ਦਾ ‘ਲੋਗੋ’ ਜਾਦੂ ਦੀ ਛੜੀ ਤੋਂ ਘੱਟ ਨਹੀਂ ਹੈ।ਦੂਜਾ, ਤੰਬਾਕੂ ਪਦਾਰਥਾਂ ਵਿਚਲੇ ਕੁਝ ਇਸ਼ਤਿਹਾਰਾਂ ਵਿੱਚ ਜਿਹੜੀ ਆਮ ਚਲਾਕੀ ਵਰਤੀ ਜਾਂਦੀ ਹੈ, ਉਹ ਇਹ ਹੁੰਦੀ ਹੈ ਕਿ ਇਸ਼ਤਿਹਾਰ ਨਾਲ ਇਹ ਲਿਖ ਦਿੱਤਾ ਜਾਂਦਾ ਹੈ ਕਿ ਇਸ ਪਦਾਰਥ ਵਿੱਚ 0 ਫ਼ੀਸਦ ਨਿਕੋਟੀਨ ਹੈ ਅਤੇ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ।ਜ਼ਿਆਦਾਤਰ ਤੰਬਾਕੂ ਸਬੰਧੀ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਕਈ ਦੂਜੇ ਪਦਾਰਥ ਜਿਵੇਂ ਸੋਡਾ ਆਦਿ ਵੀ ਬਣਾਉਂਦੀਆਂ ਹਨ, ਪਰ ਉਨ੍ਹਾਂ ਦਾ ਲੋਗੋ ਦੋਵੇਂ ਪਦਾਰਥਾਂ ਲਈ ਇੱਕ ਹੀ ਹੁੰਦਾ ਹੈ, ਜੋ ਕੰਪਨੀ ਦੀ ਪਛਾਣ ਬਣਦਾ ਹੈ।ਭਾਵ ਤੰਬਾਕੂ ਬਣਾਉਣ ਵਾਲੀ ਕੰਪਨੀ ਕੋਈ ਹੋਰ ਵਸਤੂ ਬਣਾਕੇ, ਉਸ ’ਤੇ ਆਪਣਾ ਤੰਬਾਕੂ ਕੰਪਨੀ ਵਾਲਾ ਲੋਗੋ ਲਗਾ ਕੇ, ਅਸਿੱਧੇ ਰੂਪ ਨਾਲ ਆਪਣੀਆਂ ਤੰਬਾਕੂ ਵਾਲੀਆਂ ਵਸਤੂਆਂ ਦਾ ਪ੍ਰਚਾਰ ਵੀ ਕਰ ਰਹੀ ਹੁੰਦੀ ਹੈ।ਇਸ ਨਾਲ ਇਨ੍ਹਾਂ ਵਸਤੂਆਂ ਦੇ ਇਸ਼ਤਿਹਾਰ ਦੇਖਣ ਵਾਲੇ ਦੇ ਮਨ ਵਿੱਚ ਕੰਪਨੀ ਦਾ ਲੋਗੋ ਬੈਠ ਜਾਂਦਾ ਹੈ।ਖੇਡਾਂ ਦੇ ਮੈਦਾਨ, ਟੀ.ਵੀ. ਰਿਐਲਟੀ ਸ਼ੋਅ ਆਦਿ ਨਾਲ ਤੰਬਾਕੂ ਕੰਪਨੀਆਂ ਹੱਥ ਮਿਲਾ ਕੇ ਆਪਣੇ ਲੋਗੋ ਜਾਂ ਫਿਰ ਨਾਮ ਦੀ ਮਦਦ ਨਾਲ ਅਸਿੱਧੇ ਰੂਪ ਵਿੱਚ ਆਪਣੀਆਂ ਵਸਤੂਆਂ ਦਾ ਪ੍ਰਚਾਰ ਕਰਦੀਆਂ ਹਨ।ਇਸ਼ਤਿਹਾਰਬਾਜ਼ੀ ਦੀ ਇਸ ਚਾਲ ਨੂੰ ਯੂ-ਟਿਊਬ ਦੀ ਉਦਾਹਰਣ ਨਾਲ ਸੋਖਿਆਂ ਸਮਝਿਆ ਜਾ ਸਕਦਾ ਹੈ, ਕਿਉਂਕਿ ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਯੂ-ਟਿਊਬ ’ਤੇ ਇੱਕ ਵੀਡੀਓ ਦੀ ਖੋਜ ਕਰਨ ਨਾਲ ਉਸ ਸਬੰਧੀ ਹੋਰ ਵੀਡੀਓਜ਼ ਵੀ ਆਪਣੇ ਆਪ ਸਾਹਮਣੇ ਆ ਜਾਂਦੀਆਂ ਹਨ ਅਤੇ ਵੀਡੀਓ ਦੇਖਣ ਵਾਲਾ ਮੱਲੋ-ਮੱਲੀ ਉਨ੍ਹਾਂ ਵੀਡੀਓ ਨੂੰ ਦੇਖਦਾ ਹੈ।ਅਜਿਹਾ ਰੁਝਾਣ ਜ਼ਿਆਦਾਤਰ ਬਿਜਲਈ ਮੀਡੀਆ ਤਹਿਤ ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਤਹਿਤ ਅਖ਼ਬਾਰਾਂ ਅਤੇ ਮੈਗਜ਼ੀਨ ਆਦਿ ਵਿੱਚ ਦੇਖਣ ਨੂੰ ਮਿਲਦਾ ਹੈ।


ਬੇਸ਼ੱਕ ਕੋਟਪਾ-2003 ਤਹਿਤ ਹੀ ਸਾਲ 2005 ਵਿੱਚ ਸਿਨੇਮਾ, ਟੀ.ਵੀ. ਵਿੱਚ ਤੰਬਾਕੂ ਨੂੰ ਕਾਬੂ ਕਰਨ ਲਈ ਸਿਹਤ ਚੇਤਾਵਨੀ, ਬਰਾਂਡ ਦੇ ਨਾਮ ਲੁਕੋਣ ਦੀ ਹਿਦਾਇਤ ਕੀਤੀ ਗਈ ਸੀ।ਸਿਨੇਮਾ, ਟੀ.ਵੀ. ਨੇ ਇਹ ਹਿਦਾਇਤ ਤਾਂ ਮੰਨ ਲਈ ਪਰ ਇਸ਼ਤਿਹਾਰਬਾਜ਼ੀ ਦੀ ਚਲਾਕੀ ਵੇਖੋ; ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੱਧ ਵਿੱਚ ਤੰਬਾਕੂ ਤੋਂ ਵਰਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਫ਼ਿਲਮ ਰਾਹੀਂ ਕਿਸੇ ਅਦਾਕਾਰ/ਅਦਾਕਾਰਾ ਵੱਲੋਂ ਤੰਬਾਕੂ ਦਾ ਅਸਿੱਧੇ ਰੂਪ ਨਾਲ ਪ੍ਰਚਾਰ ਕਰਵਾਇਆ ਜਾਂਦਾ ਹੈ, ਜਿਸ ਤੋਂ ਕਾਨੂੰਨੀ ਪੱਲਾ ਸਿਰਫ਼ ‘ਸਿਗਰੇਟ ਪੀਣਾ ਸਿਹਤ ਲਈ ਹਾਨੀਕਾਰਕ ਹੈ’ ਲਿਖ ਕੇ ਛੁਡਵਾ ਲਿਆ ਜਾਂਦਾ ਹੈ।ਕਿਸੇ ਨਾਮਵਰ ਸ਼ਖ਼ਸੀਅਤ ਵੱਲੋਂ ਜਦੋਂ ਅਜਿਹੇ ਪਦਾਰਥਾਂ ਦਾ ਗੁਣ-ਗਾਨ ਕੀਤਾ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਹੋਰ ਵੀ ਮੰਦਾ ਹੁੰਦਾ ਹੈ।ਇੱਥੇ ਇਸ ਸਬੰਧੀ ਗਲੋਬਲ ਅਡਲਟ ਤੰਬਾਕੂ ਸਰਵੇਅ (GATS) ਦੀ ਸਾਲ 2009-10 ਦੀ ਰਿਪੋਰਟ ਦਾ ਜ਼ਿਕਰ ਕਰਨਾ ਬਣਦਾ ਹੈ।ਇਸ ਰਿਪੋਰਟ ਅਨੁਸਾਰ 13 ਤੋਂ 17 ਸਾਲ ਦੇ ਕਰੀਬ 9 ਹਜ਼ਾਰ ਵਿਦਿਆਰਥੀਆਂ ’ਤੇ ਇੱਕ ਅਧਿਐਨ ਕੀਤਾ ਗਿਆ, ਜਿਸ ਤੋਂ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ ਕਿ 13 ਫ਼ੀਸਦ ਵਿਦਿਆਰਥੀਆਂ ਨੂੰ Wills World Cup Cricket Series ਦੇਖਣ ਤੋਂ ਬਾਅਦ ਸਿਗਰੇਟ ਪੀਣ ਦੀ ਇੱਛਾ ਹੋਈ ਸੀ।

ਤੰਬਾਕੂ ਸਬੰਧੀ ਇਸ਼ਤਿਹਾਰਬਾਜ਼ੀ ਦਾ ਜਿਹੜਾ ਇੱਖ ਹੋਰ ਸਭ ਤੋਂ ਅਹਿਮ ਸਥਾਨ ਹੈ, ਉਹ ਹਨ ਇਸ ਦੇ ਹੋਰਡਿੰਗ, ਬੋਰਡ ਆਦਿ।ਇਹ ਪ੍ਰਚਾਰ ਸਮੱਗਰੀ ਜ਼ਿਆਤਾਦਰ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਖੋਖਿਆਂ ਅਤੇ ਟਰਾਂਸਪੋਰਟ ਸਾਧਨਾਂ ’ਤੇ ਆਮ ਮਿਲ ਜਾਂਦੀ ਹੈ।ਤੰਬਾਕੂ ਐਕਟ ਅਨੁਸਾਰ ਤੰਬਾਕੂ ਪਦਾਰਥਾਂ ਨੂੰ ਦੁਕਾਨ ਦੇ ਸਾਹਮਣੇ ਰੱਖ ਕੇ ਨਹੀਂ ਵੇਚਿਆ ਜਾ ਸਕਦਾ ਅਤੇ ਨਾ ਹੀ ਇਸ ਦਾ ਪ੍ਰਚਾਰ ਕਰਦੇ ਕਿਸੇ ਵੀ ਕਿਸਮ ਦੇ ਬੋਰਡ, ਪੋਸਟਰ ਆਦਿ ਲਗਾਉਣ ਦੀ ਇਜਾਜ਼ਤ ਹੈ।ਤੰਬਾਕੂ ਕੰਟਰੋਲ ’ਤੇ ਕੰਮ ਕਰਦੇ ਮਾਹਿਰਾਂ ਦਾ ਕਹਿਣਾ ਹੈ ਕਿ ਤੰਬਾਕੂ ਦਾ ਪ੍ਰਚਾਰ ਕਰਨ ਵਾਲੀਆਂ ਕੰਪਨੀਆਂ ਇੰਨੀਆਂ ਚਲਾਕ ਹਨ ਕਿ ਉਹ ਵੱਡੇ ਸ਼ਹਿਰਾਂ ਵਿੱਚ ਤੰਬਾਕੂ ਵੇਚਣ ਵਾਲੇ ਖੋਖਿਆਂ ਅਤੇ ਦੁਕਾਨਾਂ ਨੂੰ ਮਹੀਨੇਵਾਰ ਵਿਸ਼ੇਸ਼ ਮਾਣਭੱਤਾ ਦੇ ਕੇ ਆਪਣੀਆਂ ਵਸਤੂਆਂ ਦੇ ਇਸ਼ਤਿਹਾਰ ਲਗਾਉਣ ਲਈ ਉਕਸਾਉਂਦੀਆਂ ਹਨ।ਇਹ ਮਾਣਭੱਤਾ ਜ਼ਿਆਦਾਤਰ ਪੈਸਿਆਂ ਜਾਂ ਫਿਰ ਟੌਫ਼ੀਆਂ ਆਦਿ ਦੇ ਡੱਬਿਆਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਕਿਉਂਕਿ ਵਿਅਕਤੀ ਸਿਗਰੇਟ ਆਦਿ ਪੀਣ ਤੋਂ ਬਾਅਦ ਟੌਫ਼ੀਆਂ ਖਾਣਾ ਪਸੰਦ ਕਰਦਾ ਹੈ ਤਾਂ ਜੋ ਉਸ ਦੇ ਮੂੰਹ ਵਿੱਚੋਂ ਸਿਗਰੇਟ ਦੀ ਬਦਬੂ ਨਾ ਆਵੇ।ਇਹ ਸਾਰਾ ਕਾਰਜ ਤੰਬਾਕੂ ਕੰਪਨੀਆਂ ਬਿਨਾਂ ਕਿਸੇ ਸਬੂਤ ਛੱਡਿਆਂ ਕਰਦੀਆਂ ਹਨ।

ਪ੍ਰਿੰਟ ਮੀਡੀਆ ਤਹਿਤ ਜੇਕਰ ਪੰਜਾਬੀ ਪੱਤਰਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ‘ਚੋਂ ਇੱਕ ਅਖ਼ਬਾਰ ਅਜਿਹਾ ਪ੍ਰਾਪਤ ਹੋਇਆ ਹੈ, ਜਿਸ ਨੇ ਆਪਣੇ ਪਾਠਕਾਂ ਦਾ ਨਵੇਂ ਸਾਲ 2016 ਦੇ ਪਹਿਲੇ ਦਿਨ ਦਾ ਸੁਆਗਤ, ਆਪਣੇ ਪਹਿਲੇ ਪੰਨੇ ’ਤੇ ‘ਮਧੂ ਪਾਨ ਮਸਾਲਾ’ ਦੇ ਇਸ਼ਤਿਹਾਰ ਨਾਲ ਕੀਤਾ।ਭਾਵੇਂ ਕਿ ‘ਮਧੂ ਪਾਨ ਮਸਾਲਾ’ ਨੇ ਇਸ ਇਸ਼ਤਿਹਾਰ ਵਿਚਲੀ ਵਸਤੂ ਉੇੱਤੇ ‘ਨੋ ਨਿਕੋਟੀਨ ਨੋ ਤੰਬਾਕੂ’ ਲਿਖਿਆ ਹੈ, ਪਰ ਇਸ ਥੱਲੇ ਬਹੁਤ ਹੀ ਬਾਰੀਕ ਅੱਖ਼ਰਾਂ, ਜੋ ਐਨਕ ਲਗਾ ਕੇ ਹੀ ਦਿਖ ਸਕਦੇ ਹਨ, ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ‘ਚਿਊਂਗਿਮ ਅਤੇ ਪਾਨ ਮਸਾਲਾ ਸਿਹਤ ਲਈ ਨੁਕਸਾਨਦੇਹ ਹੈ’।ਇਸ਼ਤਿਹਾਰਬਾਜ਼ੀ ਵਿੱਚ ਇਸਤੇਮਾਲ ਕੀਤੀ ਇਸ ਕਿਸਮ ਦੀ ਚਾਲਬਾਜ਼ੀ ਪਾਠਕ ਲਈ ‘ਨਿਕੋਟੀਨ’ ਤੋਂ ਵੀ ਘਾਤਕ ਸਿੱਧ ਹੋ ਸਕਦੀ ਹੈ।ਇੱਥੇ ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ‘ਮਧੂ’ ਦੇ ਨਾਮ ਅਤੇ ‘ਲੋਗੋ’ ’ਤੇ ਕੰਪਨੀ ਗੁਟਕਾ ਆਦਿ ਹੋਰ ਤੰਬਾਕੂ ਪਦਾਰਥ ਵੀ ਬਣਾਉਂਦੀ ਹੈ।ਭਾਵ ਇਹ ਕਿ ਅਜਿਹੀ ਇਸ਼ਤਿਹਾਰਬਾਜ਼ੀ ਨਾਲ ਕੰਪਨੀ ਇੱਕ ਤੀਰ ਨਾਲ ਦੋ ਨਹੀਂ, ਸਗੋਂ ਇੱਕੋ ਸਮੇਂ ਕਈ ਨਿਸ਼ਾਨੇ ਲਗਾ ਰਹੀ ਹੁੰਦੀ ਹੈ।ਤੰਬਾਕੂ ਸਬੰਧੀ ਇਸ਼ਤਿਹਾਰਬਾਜ਼ੀ ਦੇ ਮਾਮਲੇ ਵਿੱਚ ਭਾਰਤ ਦੇ ਕੁਝ ਕੌਮੀ ਵੱਡਿਆਂ ਅਖ਼ਬਾਰਾਂ ਨੇ ਵੀ ਬਾਜ਼ੀ ਮਾਰੀ ਹੈ।ਮਿਸਾਲ ਲਈ ‘ਦੈਨਿਕ ਹਿੰਦੁਸਤਾਨ’ ਅਖ਼ਬਾਰ ਦੇ 06 ਅਪਰੈਲ, 2009 ਦੇ ਅੰਕ ਵਿੱਚ ‘ਪਾਨ ਮਸਾਲਾ ਸ਼ਿਖ਼ਰ’ ਦਾ ਇਸ਼ਤਿਹਾਰ ਅਤੇ ਦੈਨਿਕ ਭਾਸਕਰ ਨੇ ਆਪਣੇ 09 ਅਕਤੂਬਰ, 2008 ਦੇ ਅੰਕ ਵਿੱਚ ਦੁਸ਼ਹਿਰੇ ਦੀਆਂ ਮੁਬਾਰਕਾਂ ‘ਸ਼ਿਮਲਾ ਪਾਨ ਮਸਾਲਾ’ ਦੇ ਇਸ਼ਤਿਹਾਰ ਨਾਲ ਦਿੱਤੀਆਂ ਹਨ।

ਰਿਪੋਰਟ ਆਨ ਤੰਬਾਕੂ ਕੰਟਰੋਲ ਇੰਨ ਇੰਡੀਆ ਅਨੁਸਾਰ ਤੰਬਾਕੂ ਨਾਲ ਭਾਰਤ ਵਿੱਚ ਰੋਜ਼ਾਨਾ 2200 ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ।ਤੰਬਾਕੂ ਦੀ ਵਰਤੋਂ ਕਾਰਨ ਭਾਰਤ ਵਿੱਚ ਸਿਰ, ਗਰਦਨ ਅਤੇ ਫੇਫੜਿਆਂ ਦੇ ਸਭ ਤੋਂ ਵੱਧ ਕੈਂਸਰ ਹੁੰਦੇ ਹਨ।ਕੈਂਸਰ ਦੇ ਸਮੁੱਚੇ ਕੇਸਾਂ ਵਿੱਚੋਂ 40 ਫ਼ੀਸਦ ਤੰਬਾਕੂ ਕਾਰਨ ਹੁੰਦੇ ਹਨ।ਇਸ ਸਭ ਕਾਸੇ ਦੇ ਬਾਵਜੂਦ ਵੀ ਤੰਬਾਕੂ ਪ੍ਰਚਾਰ ਦਾ ਕਾਰੋਬਾਰ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।ਤੰਬਾਕੂ ਸਬੰਧੀ ਇਸ਼ਤਿਹਾਰਬਾਜ਼ੀ ਦੇ ਜਿੱਥੋਂ ਤੱਕ ਅੰਕੜਿਆਂ ਦਾ ਸਵਾਲ ਹੈ ਤਾਂ GATS ਦੀ ਸਾਲ 2009-10 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 28 ਫ਼ੀਸਦ ਸਿਗਰੇਟ, 47 ਫ਼ੀਸਦ ਬੀੜੀ ਅਤੇ 55 ਫ਼ੀਸਦ ਧੂੰਆਂ ਰਹਿਤ ਤੰਬਾਕੂ ਪਦਾਰਥਾਂ ਦੀ ਇਸ਼ਤਿਹਾਰਬਾਜ਼ੀ ਪਾਈ ਗਈ ਸੀ।

ਇਹ ਨਹੀਂ ਕਿ ਤੰਬਾਕੂ ਦੀ ਵੱਧ ਰਹੀ ਵਰਤੋਂ ਨਿਰੋਲ ਇਸ਼ਤਿਹਾਰਬਾਜ਼ੀ ਸਦਕਾ ਹੈ, ਪਰ ਇਹ ਜ਼ਰੂਰ ਹੈ ਕਿ ਤੰਬਾਕੂ ਦੀ ਇਸ਼ਤਿਹਾਰਬਾਜ਼ੀ ਲੋਕਾਂ ਦੇ ਵੱਡੇ ਹਿੱਸੇ ਨੂੰ ਤੰਬਾਕੂ ਦੀ ਵਰਤੋਂ ਕਰਨ ਲਈ ਉਕਸਾ ਸਕਦੀ ਹੈ।ਮੀਡੀਆ ਦਾ ਕੁਝ ਹਿੱਸਾ ਜਿੱਥੇ ਆਪਣੀ ਇਸ਼ਤਿਹਾਰਬਾਜ਼ੀ ਨਾਲ ਤੰਬਾਕੂ ਇਸਤੇਮਾਲ ਕਰਨ ਲਈ ਉਕਸਾ ਰਿਹਾ ਹੈ, ਉੱਥੇ ਇਸੇ ਮੀਡੀਆ ਦਾ ਕੁਝ ਹਿੱਸਾ ਤੰਬਾਕੂ ਛੱਡੋ ਦਾ ਨਾਅਰਾ ਵੀ ਲਗਾ ਰਿਹਾ ਹੈ।ਇਹ ਸਾਡੇ ਹੱਥਾਂ ਵਿੱਚ ਹੈ ਕਿ ਅਸੀਂ ਮੀਡੀਆ ਦੇ ਤੰਬਾਕੂ ਸਬੰਧੀ ਕਿਹੜੇ ਸੁਨੇਹੇ ਨੂੰ ਅਪਨਾਉਣਾ ਹੈ ਜਾਂ ਫਿਰ ਛੱਡਣਾ। ਬਿਹਤਰ ਇਹੀ ਹੋਵੇਗਾ ਕਿ ਅਸੀਂ ਜ਼ਿੰਦਗੀ ਚੁਣੀਏ, ਤੰਬਾਕੂ ਨਹੀਂ।

Comments

Jagsir

Bhoot khoob

Ashish phull

Well said👍

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ