Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਯੂ.ਪੀ ਚੋਣਾਂ ਦੇ ਮੱਦੇ ਨਜ਼ਰ ਬਸਪਾ ਦੀ ਸਥਿਤੀ - ਹਰਜਿੰਦਰ ਸਿੰਘ ਗੁਲਪੁਰ

Posted on:- 18-10-2016

suhisaver

ਭਾਜਪਾ ਨੇ ਯੂ ਪੀ ਦੀਆਂ ਵਿਧਾਨ ਸਭਾਈ ਚੋਣਾਂ ਦੇ ਮੱਦੇ ਨਜ਼ਰ ਸਰਜੀਕਲ ਸਟਰਾਈਕ ਦਾ ਪੱਤਾ ਖੁੱਲ ਕੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਦੁਸ਼ਮਣ ਦੇਸ਼ ਇੱਕ ਦੂਜੇ ਖਿਲਾਫ ਕੂਟਨੀਤਕ ਅਤੇ ਜੰਗੀ ਚਾਲਾਂ ਚਲਦੇ ਰਹਿੰਦੇ ਹਨ। ਹਾਲ ਹੀ ਵਿੱਚ ਭਾਰਤ ਵਲੋਂ ਪਾਕਿਸਤਾਨ ਖਿਲਾਫ ਕੀਤਾ ਗਿਆ ਸਰਜੀਕਲ ਸਟਰਾਈਕ ਅਪਰੇਸ਼ਨ ਵੀ ਇਸੇ ਕੜੀ ਦਾ ਹਿੱਸਾ ਹੈ। ਮਨਮੋਹਣ ਸਿੰਘ ਦੇ ਕਾਜ ਕਾਲ ਦੌਰਾਨ ਵੀ ਅਿਜਹੇ ਅਪਰੇਸ਼ਨਜ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਸੀ।ਇਹ ਵਖਰੀ ਗੱਲ ਹੈ ਕਿ ਮੀਆਂ ਮਾਰ ਖਿਲਾਫ ਕੀਤੇ ਸਰਜੀਕਲ ਸਟਰਾਈਕ ਸਮੇਂ ਭਾਰਤ ਸਰਕਾਰ ਦੀ ਕਾਫੀ ਕਿਰਕਰੀ ਹੋਈ ਸੀ। ਆਮ ਤੌਰ ’ਤੇ ਫੌਜ ਨਾਲ ਸਬੰਧਤ ਮਾਮਲਿਆਂ ਨੂੰ ਗੁਪਤ ਹੀ ਰੱਖਿਆ ਜਾਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੁਣੀ ਹੋਈ ਹਰ ਸਰਕਾਰ ਫੌਜ ਦੇ ਕੀਤੇ ਕੰਮਾਂ ਨਾਲ ਆਪਣੀ ਹਰਮਨ ਪਿਆਰਤਾ ਨੂੰ ਵਧਾਉਣ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਪਰ ਇਸ ਦੀਆਂ ਵੀ ਕੁਝ ਸੀਮਤਾਈਆਂ ਹਨ।ਅਜਾਦ ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਵਲੋਂ ਸਿੱਧੇ ਤੌਰ ਤੇ ਅਜਿਹੀ ਸੈਨਿਕ ਕਾਰਵਾਈ ਦਾ ਰਾਜਨੀਤਕ ਲਾਹਾ ਲੈਣ ਦੇ ਯਤਨ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ।

ਹੋਰ ਤਾਂ ਹੋਰ ਪੰਜਾਬ ਦੀ ਬਾਦਲ ਸਰਕਾਰ ਨੇ ਤਾਂ ਪੰਜਾਬ ਨਾਲ ਲੱਗਦੀ ਸਰਹੱਦ ਤੋਂ ਦਸ ਕਿਲੋਮੀਟਰ ਦੀ ਹਦੂਦ ਵਿੱਚ ਆਉਂਦੇ ਪਿੰਡਾਂ ਨੂੰ ਖਾਲੀ ਵੀ ਕਰਵਾ ਲਿਆ ਸੀ ਜਿਸ ਦਾ ਆਮ ਲੋਕਾਂ ਵਲੋਂ ਜਬਰਦਸਤ ਵਿਰੋਧ ਕੀਤਾ ਗਿਆ। ਇਹੀ ਕਾਰਨ ਹੈ ਕਿ ਪਾਕਿਸਤਾਨ ਖਿਲਾਫ ਕੀਤੇ ਸਰਜੀਕਲ ਸਟਰਾਈਕ ਸਦਕਾ ਬਣਾਏ ਜੰਗੀ ਮਹੌਲ ਨੂੰ ਪੰਜਾਬ,ਯੂ ਪੀ,ਗੋਆ ਅਤੇ ਗੁਜਰਾਤ ਦੀਆਂ ਵਿਧਾਨ ਸਭਾਈ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


ਭਾਵੇਂ 'ਰਾਸ਼ਟਰਵਾਦ' ਦੀ ਆੜ ਹੇਠ ਕੇਂਦਰ ਸਰਕਾਰ ਇਸ ਕਾਰਵਾਈ ਦਾ ਰਾਜਨੀਤੀ ਕਰਨ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੀ ਆਈ ਹੈ ਪਰ ਯੂ ਪੀ ਅੰਦਰ ਜਿਸ ਤਰ੍ਹਾਂ ਇਸ ਮਾਮਲੇ ਦਾ ਸਿਹਰਾ ਭਾਜਪਾ ਵਲੋਂ ਆਪਣੇ ਸਿਰ ਬੰਨਿਆ ਜਾ ਰਿਹਾ ਹੈ ਉਸ ਨਾਲ ਬਿੱਲੀ ਥੈਲਿਉਂ ਬਾਹਰ ਆ ਗਈ ਹੈ।ਆਗਾਮੀ ਚੋਣਾਂ ਅੰਦਰ ਸਤਾ ਦੀ ਵੱਡੀ ਦਾਅਵੇਦਾਰ ਪਾਰਟੀ ਬਸਪਾ ਨੇ ਮਾਇਆਵਤੀ ਦੀ ਅਗਵਾਈ ਹੇਠ ਆਪਣੀ ਚੋਣ ਰਣਨੀਤੀ ਨੂੰ ਤਿੱਖਾ ਮੋੜ ਦਿੰਦਿਆਂ ਦਲਿਤ-ਬਰਾਹਮਣ ਗੱਠ ਜੋੜ ਦੀ ਥਾਂ ਦਲਿਤ-ਮੁਸਲਿਮ ਗੱਠਜੋੜ ਨੂੰ ਮਜਬੂਤ ਕਰਨ ਵਲ ਰੁੱਖ ਕਰ ਲਿਆ ਹੈ।


ਇਹ ਭਾਰਤੀ ਰਾਜਨੀਤੀ ਦੀ ਤਰਾਸਦੀ ਹੀ ਹੈ ਕਿ ਇੱਥੇ ਹਰ ਚੋਣ ਜਾਤੀਗਤ ਰੰਗਾੰ ਵਿੱਚ ਰੰਗੀ ਜਾਂਦੀ ਹੈ ਜਾ ਰੰਗ ਦਿੱਤੀ ਜਾਂਦੀ ਹੈ।ਮਾਇਆਵਤੀ ਵਲੋਂ ਕਾਂਸ਼ੀ ਰਾਮ ਦੇ ਪਰੀ ਨਿਰਮਾਣ ਦਿਵਸ ਤੇ ਕੀਤੀ ਰੈਲੀ ਸਮੇਂ ਬਸਪਾ ਸੁਪਰੀਮੋ ਮਾਇਆਵਤੀ ਵਲੋ ਕੀਤੀ ਰੈਲੀ ਵਿੱਚ ਪੱਛਮੀ ਉੱਤਰ ਪਰਦੇਸ਼ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਔਰਤਾਂ ਨੂੰ ਲਿਆਂਦਾ ਗਿਆ।ਮਾਇਆਵਤੀ ਨੇ ਆਪਣੇ ਲੰਬੇ ਚੌੜੇ ਭਾਸ਼ਣ ਦੌਰਾਨ ਜਿੱਥੇ ਮੁਸਲਿਮ ਸਮਾਜ ਨੂੰ ਆਪਣੇ ਖੇਮੇ ਵਿੱਚ ਲਿਆਉਣ ਲਈ ਉਹਨਾਂ ਨਾਲ ਹੇਜ ਪਰਗਟਾਇਆ  ਉੱਥੇ ਉਹਨਾਂ ਨੂੰ ਹਿੰਦੂਤਵਤਾ ਦੇ ਨਾਮ ਹੇਠ ਡਰਾਇਆ ਵੀ ਗਿਆ।ਅਸਲ ਵਿੱਚ ਜਿਸ ਤਰ੍ਹਾਂ ਆਰੰਭਿਕ ਦੌਰ ਵਿੱਚ ਭਾਜਪਾ ਨੂੰ ਸਰਜੀਕਲ ਸਟਰਾਈਕ ਦੇ ਮਾਮਲੇ ਵਿੱਚ ਲੋਕਾਂ ਦਾ ਸਮਰਥਨ ਮਿਲਿਆ ਉਸ ਨੇ ਭਾਜਪਾ ਨੂੰ ਉਤਸ਼ਾਹਤ ਕੀਤਾ ਹੈ।ਇਸ ਲਈ ਭਾਜਪਾ ਨੇ 'ਮੋਦੀ ਕਾ ਨਾਮ ਔਰ ਸੈਨਾ ਕਾ ਕਾਮ' ਯੋਜਨਾ ਨੂੰ ਅੱਗੇ ਵਧਾਉਣ ਦਾ ਨਿਰਣਾ ਲਿਆ ਹੈ।ਯੂ ਪੀ ਅੰਦਰ ਜਿਸ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਪੋਸਟਰ ਬਾਜੀ ਕੀਤੀ ਜਾ ਰਹੀ ਹੈ ਅਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਸਨਮਾਨਿਤ ਕਰਨ ਲਈ ਵੱਡਾ ਸਮਾਗਮ ਕੀਤਾ ਗਿਆ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਇਸ ਫੌਜੀ ਕਾਰਵਾਈ ਦਾ ਸਿਆਸੀਕਰਨ ਕਰ ਰਹੀ ਹੈ।


ਭਾਜਪਾ ਦੀ ਇਸ ਰਣਨੀਤੀ ਦੇ ਜਵਾਬ ਵਿੱਚ ਮਾਇਆਵਤੀ ਨੇ ਦਲਿਤ ਮੁਸਲਿਮ ਗੱਠਜੋੜ ਨੂੰ ਮਜਬੂਤ ਬਣਾਉਣ ਵਾਲੇ ਨੁਕਤੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਮਾਇਆਵਤੀ ਦਾ ਮੰਨਣਾ ਹੈ ਕਿ ਦਲਿਤਾਂ ਅਤੇ ਮੁਸਲਮਾਨਾਂ ਨੂੰ ਮਿਲਾ ਕੇ ਉਹਨਾਂ ਦਾ ਵੋਟ ਬੈੰਕ 40% ਤੋਂ ਉਪਰ ਹੈ ਜਿਸ ਦੇ ਸਹਾਰੇ ਵਿਧਾਨ ਸਭਾਈ ਚੋਣਾਂ ਦੀ ਟੇਢੀ ਜੰਗ ਜਿੱਤੀ ਜਾ ਸਕਦੀ ਹੈ।ਅੰਕੜਿਆਂ ਦੇ ਹਿਸਾਬ ਨਾਲ ਮਾਇਆਵਤੀ ਦੀ ਗੱਲ ਸਹੀ ਹੋ ਸਕਦੀ ਹੈ ਪਰ ਹਕੀਕੀ ਤੌਰ ਤੇ ਇਸ ਦਲੀਲ ਵਿੱਚ ਵਜਨ ਨਹੀਂ ਹੈ।ਇਹ ਇੱਕ ਸਚਾਈ ਹੈ ਕਿ ਹੁਣ ਪਹਿਲਾਂ ਵਾੰਗ ਬਹੁ ਜਨ ਸਮਾਜ ਇੱਕ ਜੁਟਤਾ ਨਾਲ ਮਾਇਆਵਤੀ ਦੇ ਨਾਲ ਨਹੀਂ ਰਿਹਾ।ਬਹੁਤ ਸਾਰੀਆਂ ਜਾਤੀਆਂ ਬਸਪਾ ਤੋਂ ਕਿਨਾਰਾ ਕਰ ਚੁੱਕੀਆਂ ਹਨ।ਭਾਵੇਂ ਲੰਬੇ ਸਮੇਂ ਤੋਂ ਦੇਸ਼ ਅੰਦਰ ਵਿਸ਼ੇਸ਼ ਕਰਕੇ ਯੂ ਪੀ ਅੰਦਰ ਜਾਤਾਂ ਅਤੇ ਧਰਮਾਂ ਦੀ ਗੋਲਬੰਦੀ ਕਰਕੇ ਰਾਜਨੀਤੀ ਕੀਤੀ ਜਾਂਦੀ ਰਹੀ ਹੈ ਪਰ ਹੌਲ ਹੌਲੀ ਲੋਕ ਇਸ ਵਾਰੇ ਜਾਗਰੂਕ ਹੋ ਰਹੇ ਹਨ ।ਜਿਸ ਤਰ੍ਹਾਂ ਹਿੰਦੂ ਵੋਟ ਬੈੰਕ ਨੂੰ ਇੱਕ ਧਿਰ ਪਿੱਛੇ ਲਾਮ ਬੰਦ ਕਰਨਾ ਹੁਣ ਔਖਾ ਹੋ ਗਿਆ ਹੈ ਉਸੇ ਤਰ੍ਹਾਂ ਦਲਿਤਾਂ ਦਾ ਧਰੁਵੀਕਰਨ ਕਰਨਾ ਵੀ ਹੁਣ ਸੁਖਾਲਾ ਨਹੀਂ ਹੈ।ਬਦਲ ਰਹੇ ਸਮਾਜਿਕ ਹਾਲਾਤ ਵਿੱਚ ਮੁਸਲਿਮ ਵੀ ਮਾਇਆਵਤੀ ਉੱਤੇ ਅੱਖਾ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ।ਦਲਿਤ ਜਾਤੀਆਂ ਨਾਲ ਸਬੰਧਤ ਬਹੁਤ ਸਾਰੇ ਲੋਕ ਹੁਣ ਪੁਰਾਣੀ ਸੋਚ ਤੋਂ ਬਾਹਰ ਆ ਚੁੱਕੇ ਹਨ।


ਉਹ ਹਿੰਦੂ ਰੀਤੀ ਰਿਵਾਜਾਂ ਅਤੇ ਪਖੰਡਵਾਦ ਨੂੰ ਅਪਣਾ ਚੁੱਕੇ ਹਨ।ਜੇ ਕਹਿ ਲਿਆ ਜਾਵੇ ਕਿ ਉਹਨਾਂ 'ਚੋ ਬਹੁਤਿਆਂ ਦਾ ਹਿੰਦੂਕਰਨ ਹੋ ਗਿਆ ਹੈ ਤਾਂ ਕੋਈ ਅਤਿ ਕਥਨੀ ਨਹੀਂ ਹੈ।ਨਵੇਂ ਉਭਰ ਰਹੇ ਸਮਾਜਿਕ ਸਮੀਕਰਣਾਂ ਦੀ ਰੌਸ਼ਨੀ ਵਿੱਚ ਉਹਨਾਂ ਦਾ ਹਿੰਦੂ-ਮੁਸਲਿਮ ਗੱਠਜੋੜ ਦੇ ਮੁੱਦੇ ਉੱਤੇ ਬਸਪਾ ਨਾਲ ਖੜੇ ਹੋਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।ਇਹ ਗੱਲ ਸਹੀ ਹੈ ਕਿ ਮੁਸਲਮਾਨਾਂ ਨੂੰ ਭਾਜਪਾ ਉੱਤੇ ਭਰੋਸਾ ਨਹੀਂ ਹੈ ਪਰ ਉਹ ਬਸਪਾ ਦੀ ਥਾਂ ਸਪਾ ਅਤੇ ਕਾਂਗਰਸ ਨੂੰ ਵੱਧ ਤਰਜੀਹ ਦਿੰਦੇ ਹਨ।ਇਸ ਦੇ ਬਾਵਯੂਦ ਮਾਇਆਵਤੀ ਨੂੰ ਆਸ ਹੈ ਕਿ ਸਪਾ ਦੇ ਘਰੇਲੂ ਕਲੇਸ਼ ਅਤੇ ਕਾਂਗਰਸ ਦੇ ਕੰਮਜ਼ੋਰ ਸੰਗਠਨ ਦੀ ਬਦੌਲਤ ਬਸਪਾ ਮੁਸਲਿਮ ਵੋਟਾਂ ਨੂੰ ਆਪਣੀ ਤਰਫ ਖਿੱਚਣ ਵਿੱਚ ਕਾਮਯਾਬ ਰਹੇਗੀ।ਘੱਟ ਗਿਣਤੀ ਹੋਣ ਕਾਰਨ ਮੁਸਲਿਮ ਵੋਟ ਉਸ ਧਿਰ ਨਾਲ ਜਾਣ ਨੂੰ ਤਰਜੀਹ ਦੇਣਗੇ ਜੋ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿੱਚ ਹੋਵੇਗੀ।


ਬਸਪਾ ਅਤੀਤ ਵਿੱਚ ਅਜਿਹਾ ਕਰਿਸ਼ਮਾ ਕਰ ਚੁੱਕੀ ਹੈ।ਇਸ ਲਈ ਉਹ ਇਸ ਨੁਕਤੇ ਤੋਂ ਬਸਪਾ ਦਾ ਸਾਥ ਦੇ ਸਕਦੇ ਹਨ।ਇੱਥੇ ਇੱਕ ਹੋਰ ਪੇਚ ਇਹ ਹੈ ਕਿ ਜਦੋੰ ਮਸਲਾ ਧਰਮ ਦਾ ਖੜਾ ਹੁੰਦਾ ਹੈ ਤਾਂ ਦਲਿਤ ਸਮਾਜ ਉਸ ਦਾ ਸਾਥ ਨਹੀਂ ਦਿੰਦਾ। ਮੁਸਲਿਮ ਜਮਾਤ ਨੂੰ ਲਗਦਾ ਹੈ ਕਿ ਭਾਜਪਾ ਆਪਣਾ ਏਜੰਡਾ ਲਾਗੂ ਕਰ ਰਹੀ ਹੈ। ਮੁਸਲਿਮ ਸਮਾਜ ਫੇਰ ਤੋਂ ਆਪਣੀ ਹੋਣੀ ਨੂੰ ਕਾਂਗਰਸ  ਨਾਲ ਜੋੜਨ ਦੇ ਰਾਹ ਲੱਭ ਰਿਹਾ ਹੈ।ਭਾਜਪਾ ਨੇਤਾ ਦਇਆਸ਼ੰਕਰ ਸਿੰਘ ਵਲੋਂ ਮਾਇਆਵਤੀ ਖਿਲਾਫ ਜਿਸ ਤਰ੍ਹਾਂ ਦੀ ਘਟੀਆ ਸ਼ਬਦਾਬਲੀ ਦਾ ਪਰਯੋਗ ਕੀਤਾ ਉਸ ਨੇ ਵੀ ਮਾਇਆਵਤੀ ਨੂੰ ਉੱਚ ਜਾਤੀਆਂ ਵਲੋਂ ਨਿਰਾਸ਼ ਹੀ ਕੀਤਾ ਹੈ।ਇਹਨਾਂ ਹਾਲਤਾਂ ਦੇ ਮੱਦੇਨਜ਼ਰ ਮਾਇਆਵਤੀ ਬਸਪਾ-ਮੁਸਲਿਮ ਗੱਠ ਜੋੜ ਨੂੰ ਮਜਬੂਤ ਕਰਨਾ ਚਾਹੰਦੀ ਹੈ।ਕੁਝ ਰਾਜਨੀਤਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗੱਠ ਜੋੜ ਦੋ ਧਾਰੀ ਤਲਵਾਰ ਵਾਂਗ ਹੈ ਕਿਉਂਕਿ ਮੁਸਲਿਮ ਸਮਾਜ ਨੂੰ ਜ਼ਿਆਦਾ ਅਹਿਮੀਅਤ ਦੇਣ ਕਾਰਨ ਦਲਿਤ ਵੋਟ ਮਾਇਆਵਤੀ ਤੋਂ ਦੂਰ ਵੀ ਜਾ ਸਕਦਾ ਹੈ।


ਬਦਲ ਰਹੇ ਸਮਾਜਿਕ ਸਮੀਕਰਨਾਂ ਦੇ ਚਲਦਿਆਂ ਅੱਜ ਦਾ ਦਲਿਤ ਉੱਚ ਜਾਤੀਆਂ ਦੀ ਰੀਸੋ ਰੀਸ ਉਹਨਾਂ ਨਾਲੋਂ ਵੀ ਵੱਧ ਕਰਮਕਾਂਡੀ ਬਣ ਗਿਆ ਹੈ।ਉਸ ਨੂੰ ਲਗਦਾ ਹੈ ਕਿ ਸਮਾਜ ਵਿੱਚ ਅੱਗੇ ਰਹਿਣ ਲਈ ਕਰਮਕਾਂਡਾਂ ਵਿੱਚ ਸ਼ਮੂਲੀਅਤ ਕਰਨੀ ਜ਼ਰੂਰੀ ਹੈ।ਦਲਿਤਾਂ ਦੀ ਬਦਲ ਰਹੀ ਇਹ ਸੋਚ ਮਾਇਆਵਤੀ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ।ਪਹਿਲੇ ਸਮਿਆਂ ਵਿੱਚ ਸਮਾਜ ਸੁਧਾਰਕ ਦਲਿਤਾਂ ਨੂੰ ਪਖੰਡਵਾਦ ਖਿਲਾਫ ਜਾਗਰੂਕ ਕਰਦੇ ਰਹਿੰਦੇ ਸਨ। ਮਾਇਆਵਤੀ ਨੇ ਨਾ ਤਾਂ ਅਜਿਹੇ ਸਮਾਜਿਕ ਸੰਗਠਨਾਂ ਦਾ ਸਾਥ ਦਿੱਤਾ ਅਤੇ ਨਾ ਹੀ ਉਹਨਾਂ ਨੂੰ ਜਾਗਰੂਕ ਕਰਨ ਲਈ ਆਪ ਕੋਈ ਯਤਨ ਕੀਤਾ।ਉਸ ਨੇ ਦਲਿਤਾਂ ਨੂੰ ਵੋਟ ਬੈੰਕ ਤੋਂ ਵੱਧ ਕੋਈ ਮਹੱਤਵ ਨਹੀਂ ਦਿੱਤਾ।ਨਤੀਜੇ ਵਲੋਂ ਦਲਿਤ ਚੇਤਨਾ ਦਾ ਕੰਮ ਖੜੋਤ ਵਿੱਚ ਹੈ।ਦਲਿਤ ਚੇਤਨਾ ਦਾ ਵਿਕਾਸ ਨਾ ਹੋਣ ਕਾਰਨ ਅੱਜ ਦਲਿਤ ਸਮਾਜ ਖਿਲਾਫ ਜੋਰ ਜਬਰ ਦੀਆਂ ਘਟਨਾਵਾੰ ਵਧ ਰਹੀਆਂ ਹਨ। ਯੂ ਪੀ ਦੀਆਂ ਵਿਧਾਨ ਸਭਾਈ ਚੋਣਾਂ ਮਾਇਆਵਤੀ ਲਈ ਕਰੋ ਜਾ ਮਰੋ ਦੇ ਸਮਾਨ ਹਨ।ਉਸ ਦੇ ਰਾਜਨੀਤਕ ਭਵਿੱਖ ਦਾ ਸਾਰਾ ਦਾਰੋਮਦਾਰ ਇਹਨਾਂ ਚੋਣਾਂ ਵਿੱਚ ਹੋਣ ਵਾਲੀ ਹਾਰ ਜਿੱਤ ਤੇ ਨਿਰਭਰ ਕਰਦਾ ਹੈ।

ਸੰਪਰਕ: 00470605255

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ