Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਭਾਜਪਾ ਬਨਾਮ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ - ਹਰਜਿੰਦਰ ਸਿੰਘ ਗੁਲਪੁਰ

Posted on:- 28-10-2016

suhisaver

ਭਾਰਤੀ ਜਨਤਾ ਪਾਰਟੀ (1977 ਤੋਂ ਪਹਿਲਾਂ ਜੰਨ ਸੰਘ) , ਦੋ ਰਾਜਨੀਤਕ ਪਾਰਟੀਆਂ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਕੇਂਦਰ ਸਮੇਤ ਮਹਾਂਰਾਸ਼ਟਰ ਅਤੇ ਪੰਜਾਬ ਅੰਦਰ ਦਹਾਕਿਆਂ ਤੋਂ ਸਰਕਾਰਾਂ ਦਾ ਗਠਨ ਕਰਦੀ ਆ ਰਹੀ ਹੈ।ਇਸ ਅਰਸੇ ਦੌਰਾਨ ਭਾਵੇਂ ਭਾਜਪਾ ਦੇ ਦੋ ਰਾਜਾਂ ਤੱਕ ਸੀਮਤ ਪਾਰਟੀਆਂ ਨਾਲ ਸਬੰਧ ਉਤਰਾ ਚੜਾਅ ਵਾਲੇ ਤਾਂ ਰਹੇ ਹਨ ਪਰ ਇੱਕ ਅੱਧ ਵਾਰ ਨੂੰ ਛੱਡ ਕੇ ਗੱਠਜੋੜ ਟੁੱਟਣ ਦੀ ਨੌਬਤ ਨਹੀਂ ਆਈ। ਹਾਂ 1970 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਜਨਸੰਘ ਵਲੋਂ ਸਾਂਝੀ ਸਰਕਾਰ ਤੋਂ ਹਮਾਇਤ ਵਾਪਸ ਜ਼ਰੂਰ ਲੈ ਲੈਣ ਸਦਕਾ ਅਕਾਲੀ ਘੱਟ ਗਿਣਤੀ ਵਿੱਚ ਰਹਿ ਗਏ ਸਨ ਜਿਸ ਦੇ ਫਲਸਰੂਪ ਸਰਕਾਰ ਟੁੱਟ ਗਈ ਸੀ।ਜਿੱਥੇ ਭਾਜਪਾ-ਸ਼ਿਵਸੈਨਾ ਗੱਠ ਜੋੜ ਦਾ ਅਧਾਰ ਸਿਧਾਂਤਕ ਹੈ ਉੱਥੇ ਭਾਜਪਾ-ਅਕਾਲੀ ਦਲ ਗੱਠ ਜੋੜ ਪੂਰੀ ਤਰ੍ਹਾਂ ਗੈਰ ਸਿਧਾਂਤਕ ਹੈ।ਦੋਹਾਂ ਦਾ ਸਿਰ ਨਰੜ ਮਹਿਜ ਸਤਾ ਦਾ ਅਨੰਦ ਮਾਨਣ ਦੇ ਰੱਸੇ ਨਾਲ ਬੱਝਿਆ ਹੋਇਆ ਹੈ।ਬਾਲ ਠਾਕਰੇ ਦੀ ਮੌਤ ਤੋਂ ਬਾਅਦ ਅੱਜ ਤੱਕ ਸ਼ਿਵ ਸੈਨਾ ਦੀ ਵਾਗਡੋਰ ਉਸਦੇ ਪੁੱਤਰ ਊਧਵ ਠਾਕਰੇ ਦੇ ਹੱਥ ਵਿੱਚ ਹੈ।

ਕੁਝ ਕਾਰਨਾਂ ਕਰਕੇ 25 ਸਾਲ ਪੁਰਾਣਾ ਭਾਜਪਾ-ਸ਼ਿਵ ਸੈਨਾ ਗੱਠਜੋੜ ਟੁੱਟਣ ਦੀ ਕਗਾਰ ਉੱਤੇ ਹੈ।ਦੋਹਾਂ ਪਾਰਟੀਆਂ ਦਰਮਿਆਨ ਮੱਤਭੇਦ ਇੰਨੇ ਤਿੱਖੇ ਹੋ ਗਏ ਹਨ ਕਿ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਮੁੰਬਈ ਮਿਉਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਸ਼ਿਵ ਸੈਨਾ ਭਾਜਪਾ ਨਾਲ ਮਿਲ ਕੇ ਨਹੀਂ ਲੜਨਾ ਚਾਹੁੰਦੀ।

ਹੈਰਾਨੀ ਦੀ ਗੱਲ ਹੈ ਕਿ ਸਿਧਾਂਤ ਅਧਾਰਤ ਗੱਠ ਜੋੜ ਦੇ ਤਾਂ ਟੁੱਟਣ ਦੇ ਆਸਾਰ ਬਣ ਰਹੇ ਹਨ ਜਦੋਂ ਕਿ ਗੈਰ ਸਿਧਾਂਤਕ ਗੱਠਜੋੜ ਉੱਤੇ ਬਦਲੇ ਹਾਲਾਤਾਂ ਦਾ ਵੀ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ।ਉਂਝ ਦੋਹਾਂ ਰਾਜਾਂ ਵਿੱਚ ਭਾਜਪਾ ਦੀ ਸਥਿਤੀ ਉਪਰੋਕਤ ਮਿੱਤਰ ਦਲਾਂ ਤੇ ਨਿਰਭਰ ਹੈ।ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਮਿਲਣ ਦੀ ਸੰਭਾਵਨਾਂ ਨਾਂਹ ਦੇ ਬਰਾਬਰ ਹੈ।ਹੁਣ ਤੱਕ ਆਏ ਚੋਣ ਸਰਵੇਖਣਾਂ ਅਨੁਸਾਰ ਅਕਾਲੀ-ਭਾਜਪਾ ਗੱਠਜੋੜ ਦਾ ਬਿਸਤਰਾ ਗੋਲ !ਹੋਣਾ ਤਹਿ ਮੰਨਿਆ ਜਾ ਰਿਹਾ ਹੈ।ਇਸ ਦਾ ਕਾਰਨ ਮੌਜੂਦਾ ਸਰਕਾਰ ਦੇ ਭਰਿਸ਼ਟ ਤੰਤਰ ਤੋਂ ਅਵਾਜਾਰ ਹੋ ਚੁੱਕੀ ਉਹੀ ਜਨਤਾ ਹੈ ਜਿਸ ਨੇ ਇਸ ਸਰਕਾਰ ਨੂੰ ਲਗਾਤਾਰ 10 ਸਾਲ ਰਾਜ ਭਾਗ ਚਲਾਉਣ ਦਾ ਮਾਣ ਬਖਸ਼ਿਆ ਸੀ।ਅਕਾਲੀ-ਭਾਜਪਾ ਰਾਜ ਵਿੱਚ ਨਸ਼ਿਆਂ ਦੀ ਭਰਮਾਰ,ਕਿਸਾਨਾਂ ਦੀ ਮੰਦਹਾਲੀ,ਚਾਰੇ ਤਰਫ ਮਾਫੀਆ ਦਾ ਬੋਲ ਬਾਲਾ,ਅਮਨ ਕਨੂੰਨ ਦੀ ਬਦਤਰ ਸਥਿਤੀ ਅਤੇ ਉਦਯੋਗਾਂ ਦਾ ਬੰਦ ਹੋ ਜਾਣਾ, ਆਦਿ ਮੁੱਖ ਕਾਰਨ ਹਨ ਜਿਹਨਾਂ ਕਰਕੇ ਸਰਕਾਰ ਦੀ ਸਾਖ ਵਿਗੜੀ ਹੈ।ਇਸ ਤੋਂ ਇਲਾਵਾ ਪੰਜਾਬ ਦਾ ਵਿਦੇਸ਼ ਵਸਦਾ ਭਾਈਚਾਰਾ ਨਿਵੇਸ਼ ਦੀ ਗੁੰਝਲਦਾਰ ਪਰੀਕਿਰਿਆ ਅਤੇ ਹੋਰ ਵੱਖ ਵੱਖ ਕਾਰਨਾਂ ਸਦਕਾ ਰਾਜ ਸਰਕਾਰ ਤੋਂ ਨਾ ਖੁਸ਼ ਹੈ।ਇਸ ਵਰਗ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਦੀ ਮਦਦ ਕਰ ਰਿਹਾ ਹੈ।ਇਸ ਦੇ ਬਾਵਯੂਦ ਭਾਜਪਾ,ਅਕਾਲੀ ਦਲ ਨਾਲ ਗਠਜੋੜ ਕਾਇਮ ਰੱਖਣ ਲਈ ਦਰਿੜ ਸੰਕਲਪ ਹੈ।

ਆਖਰ ਕੀ ਰਾਜ਼ ਹੈ ਇਸ ਦੋਸਤੀ ਦਾ ?ਭਾਜਪਾ ਦਾ ਜਨ ਅਧਾਰ ਦੋਆਬਾ ਖੇਤਰ ਤੱਕ ਸੀਮਤ ਹੈ।ਪੰਜਾਬ ਦੀ ਰਾਜਨੀਤੀ ਵਿੱਚ ਮਾਲਵੇ ਦਾ ਅਹਿਮ ਸਥਾਨ ਹੈ।ਤਕਰੀਬਨ ਅੱਧੇ ਵਿਧਾਨ ਸਭਾਈ ਹਲਕੇ ਇਸੇ ਖੇਤਰ ਅੰਦਰ ਪੈਂਦੇ ਹਨ।ਮਾਲਵੇ ਵਿੱਚ ਭਾਜਪਾ ਦੀ ਹਾਲਤ ਬਹੁਤ ਪਤਲੀ ਹੈ,ਜਦੋਂ ਕਿ ਇਸ ਖਿੱਤੇ ਨੂੰ ਅਕਾਲੀਆਂ ਦਾ ਗੜ ਸਮਝਿਆ ਜਾਂਦਾ ਹੈ।2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਬੜੀ ਤੇਜੀ ਨਾਲ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਜਿਸ ਸਦਕਾ ਰਵਾਇਤੀ ਰਾਜਨੀਤਕ ਸਮੀਕਰਣ ਬੁਰੀ ਤਰ੍ਹਾਂ ਗੜ ਬੜਾ ਗਏ।ਕੁਝ ਚਿੰਤਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਹੈ ਤਾਂ ਹਮੇਸ਼ਾ ਗਰਮਦਲੀਆਂ ਨੂੰ ਉਤਸ਼ਾਹਤ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਯਤਨਸ਼ੀਲ ਰਹਿੰਦਾ ਹੈ।ਉਹਨਾਂ ਅਨੁਸਾਰ ਅਗਰ ਕੱਲ ਕਲੋਤਰ ਨੂੰ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਹੈ ਤਾਂ ਇਹ ਵਰਤਾਰਾ ਫਿਰ ਤੋਂ ਦੁਹਰਾਇਆ ਜਾ ਸਕਦਾ ਹੈ।ਨਸ਼ੇ ਦੇ ਕਾਰੋਬਾਰ ਨੇ ਪੰਜਾਬ ਦੀ ਸਥਿਤੀ ਬਹੁਤ ਖਰਾਬ ਕਰ ਦਿੱਤੀ ਹੈ।ਖੇਤੀ ਘਾਟੇ ਦਾ ਧੰਦਾ ਬਣ ਚੁੱਕੀ ਹੈ।ਰੁਜ਼ਗਾਰ ਦੇ ਮੌਕੇ ਨਦਾਰਦ ਹਨ।ਕਿਸੇ ਸਮੇਂ ਮੁਫਤ ਵਿੱਚ ਮਿਲਣ ਵਾਲੀ ਰੇਤ ਸੋਨੇ ਦੇ ਭਾਅ ਮਿਲ ਰਹੀ ਹੈ।ਇਸ ਸਥਿਤੀ ਵਿੱਚ ਅਕਾਲੀ-ਭਾਜਪਾ ਗੱਠ ਜੋੜ ਦਾ ਵਾਪਸ ਸਤਾ 'ਚ ਪਰਤਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।ਪੰਜਾਬ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਭਾਜਪਾ ਸੀਟਾਂ ਦੀ ਅਦਲਾ ਬਦਲੀ ਕਰਨਾ ਚਾਹੁੰਦੀ ਹੈ।ਨਾ ਚਾਹੁੰਦੇ ਹੋਏ ਵੀ ਅਕਾਲੀ ਦਲ ਭਾਜਪਾ ਦੀ ਇਸ ਇੱਛਾ ਤੇ ਵਿਚਾਰ ਕਰਨ ਲਈ ਮਜਬੂਰ ਹੈ ਕਿਉਂਕਿ ਅਜੋਕੀ ਨਾਸਾਜ਼ ਸਥਿਤੀ ਵਿੱਚ ਇੱਕ ਦੂਜੇ ਦੇ ਸਾਥ ਰਹਿਣਾ ਦੋਹਾਂ ਦੀ ਮਜਬੂਰੀ ਹੈ।ਪਰਾਪਤ ਜਾਣਕਾਰੀ ਅਨੁਸਾਰ ਭਾਜਪਾ ਨੇ ਅਕਾਲੀ ਦਲ ਨੂੰ 5 ਸੀਟਾਂ ਬਦਲਣ ਵਾਸਤੇ ਕਿਹਾ ਹੈ।ਇਹਨਾਂ ਵਿੱਚ ਬਰਨਾਲਾ,ਮਾਨਸਾ,ਬਠਿੰਡਾ,ਬਟਾਲਾ ਅਤੇ ਗੜ ਸ਼ੰਕਰ ਸੀਟਾਂ ਦੱਸੀਆਂ ਜਾ ਰਹੀਆਂ ਹਨ।ਮੁਕੇਰੀਆਂ ਅਤੇ ਸ਼ਾਮ ਚੁਰਾਸੀ ਸੀਟਾਂ ਵੀ ਵਿਚਾਰ ਅਧੀਨ ਹਨ।ਭਾਜਪਾ ਸੂਤਰ੍ਹਾਂ ਅਨੁਸਾਰ ਬਰਨਾਲਾ ਤੋਂ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ,ਮਾਨਸਾ ਤੋਂ ਨੀਰਜ ਤਯਾਲ,ਬਠਿੰਡਾ ਤੋਂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਪੁਲਸ ਦੇ ਸੇਵਾ ਮੁਕਤ ਏ ਡੀ ਜੀ ਪੀ,ਆਰ ਪੀ ਮਿੱਤਲ ਅਤੇ ਗੜਸ਼ੰਕਰ ਤੋਂ ਅਵਿਨਾਸ਼ ਰਾਏ ਖੰਨਾ ਚੋਣ ਲੜਨੀ ਚਾਹੁੰਦੇ ਹਨ।ਬਟਾਲਾ ਸੀਟ ਭਾਜਪਾ ਇਸ ਲਈ ਚਾਹੁੰਦੀ ਹੈ ਕਿ ਉਹ ਇਸ ਨੂੰ ਹਿੰਦੂ ਸੀਟ ਮੰਨ ਰਹੀ ਹੈ।ਇਸ ਅਦਲਾ ਬਦਲੀ ਦੌਰਾਨ ਹੁਸ਼ਿਆਪੁਰ ਜ਼ਿਲ੍ਹੇ 'ਚ ਪੈਂਦੀ ਮੁਕੇਰੀਆਂ ਸੀਟ ਨੂੰ ਬਦਲਣ ਦੀ ਚਰਚਾ ਹੈ।ਮਹਿੰਦਰ ਕੌਰ ਜੋਸ਼ ਦੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਅਕਾਲੀ ਦਲ ਸ਼ਾਮ ਚੁਰਾਸੀ ਸੀਟ ਛੱਡਣ ਲਈ ਵੀ ਰਾਜੀ ਹੋ ਸਕਦਾ ਹੈ।ਉੱਥੇ ਬੀਬੀ ਜੋਸ਼ ਦੇ ਬਦਲ ਵਜੋਂ ਅਕਾਲੀ ਦਲ ਕੋਲ ਕੋਈ ਢੁੱਕਵਾਂ ਉਮੀਦਵਾਰ ਵੀ ਨਹੀਂ ਹੈ।ਜਿੱਥੇ ਪੰਜਾਬ ਵਿੱਚ ਦੋਵੇਂ ਪਾਰਟੀਆਂ ਇਕੱਠੇ ਜਿਉਣ ਮਰਨ ਦੀਆਂ ਕਸਮਾੰ ਖਾ ਰਹੀਆਂ ਹਨ ਉੱਥੇ ਮਹਾਂ ਰਾਸ਼ਟਰ ਵਿੱਚ ਸਥਿਤੀ ਕੁਝ ਕੁਝ ਵੱਖਰੀ  ਹੈ।ਬੀ ਐਮ ਸੀ (ਬੰਬਈ ਮਿਉਂਸਿਪਲ ਕਾਰਪੋਰੇਸ਼ਨ)ਦੇ ਚੁਣਾਅ ਜਿਉਂ ਜਿਉਂ ਨੇੜੇ ਆ ਰਹੇ ਹਨ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਦੂਰੀ ਵਧ ਰਹੀ ਹੈ।ਲੱਗ ਭੱਗ ਦੋ ਦਹਾਕਿਆਂ ਤੋਂ ਸ਼ਿਵ ਸੈਨਾ ਬੀ ਐਮ ਸੀ ਤੇ ਕਾਬਜ ਹੈ।

ਆਪਸੀ ਖਿੱਚੋਤਾਣ ਦਾ ਮੁੱਖ ਕਾਰਨ ਬੀ ਐਮ ਸੀ ਦਾ ਬਜਟ ਹੈ।ਇਹ ਦੇਸ਼ ਦਾ ਸਭ ਤੋਂ ਅਮੀਰ ਸਥਾਨਕ ਅਦਾਰਾ ਹੈ।ਸੰਨ 2016-17 ਦੇ ਚਾਲੂ ਵਿਤੀ ਵਰੇ ਦਾ ਬਜਟ 37052 ਕਰੋੜ ਰੁਪਏ ਦਾ ਹੈ।ਭਾਵੇਂ ਸ਼ਿਵ ਸੈਨਾ ਨਾਲ ਤੋੜ ਵਿਛੋੜੇ ਦਾ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋਵਗਾ ਪਰੰਤੂ ਜਿਹੜੀ ਸ਼ਿਵ ਸੈਨਾ ਸਰਕਾਰ ਵਿੱਚ ਰਹਿੰਦੇ ਹੋਏ ਵੀ ਭਾਜਪਾ ਖਿਲਾਫ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਉਹ ਵੱਖ ਹੋਕੇ ਹੋਰ ਵੀ ਸ਼ਿੱਦਤ ਨਾਲ ਭਾਜਪਾ ਦਾ ਤਵਾ ਲਾਵੇਗੀ।ਇਸ ਨਾਲ ਭਾਜਪਾ ਨੂੰ ਦਿੱਕਤ ਤਾਂ ਹੋਵੇਗੀ ਹੀ। ਭਾਜਪਾ ਖਿਲਾਫ ਅਕਸਰ ਬੋਲਣ ਵਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦਾ ਕਹਿਣਾ ਹੈ ਕਿ," ਅਸੀਂ 25 ਸਾਲਾਂ ਤੋਂ ਭਾਜਪਾ ਨਾਲ ਦੋਸਤੀ ਨਿਭਾਈ ਹੈ।ਕੇਂਦਰ ਵਿੱਚ ਜਦੋਂ ਐਨ ਡੀ ਏ ਦੀ ਸਰਕਾਰ ਸੀ ਅਸੀ ਸਤਾ ਦੀ ਪਰਵਾਹ ਨਾ ਕਰਕੇ ਭਾਜਪਾ ਦੇ ਨਾਲ ਰਹੇ।ਉਸ ਸਮੇਂ ਸਭ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਸੀ ਪਰ ਸ਼ਿਵ ਸੈਨਾ ਨੇ ਨਹੀਂ ਛੱਡਿਆ ਸੀ"।ਰਾਉਤ ਅਨੁਸਾਰ ਹੁਣ ਉਹਨਾਂ ਦਾ ਭਾਜਪਾ ਨਾਲ ਭਾਵਕ ਰਿਸ਼ਤਾ ਨਹੀਂ ਰਿਹਾ।ਊਧਵ ਠਾਕਰੇ ਦੀ ਅਗਵਾਈ ਹੇਠ ਉੱਤਰ ਪਰਦੇਸ਼ ਵਿੱਚ ਸ਼ਿਵ ਸੈਨਾ ਸਾਰੀਆਂ ਸੀਟਾਂ ਤੇ ਚੋਣ ਲੜੇਗੀ।ਜਲਦੀ ਹੀ ਊਧਵ ਠਾਕਰੇ ਬਨਾਰਸ ਵਿਖੇ ਗੰਗਾ ਆਰਤੀ ਕਰਨਗੇ।ਸ਼ਿਵ ਸੈਨਾ ਦੀ ਭਾਜਪਾ ਨਾਲ ਜ਼ਬਾਨੀ ਜੰਗ ਹਮੇਸ਼ਾ ਜਾਰੀ ਰਹਿੰਦੀ ਹੈ।ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਊਧਵ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਬੰਬਈਕਰੋੰ ਦੀ ਹੈ।ਅਗਰ ਭਾਜਪਾ ਵਿੱਚ ਦਮ ਹੈ ਤਾਂ ਗੱਠਜੋੜ ਤੋੜ ਕੇ ਦਿਖਾਏ।ਉਹਨਾਂ ਇਹ ਵੀ ਕਿਹਾ ਕਿ ਜੇਕਰ ਭਾਜਪਾ ਗੱਠਜੋੜ ਤੋੜੇਗੀ ਤਾਂ ਸ਼ਿਵ ਸੈਨਾ ਆਪਣਾ 'ਸਰਜੀਕਲ ਸਟਰਾਈਕ' ਦਿਖਾਏਗੀ।ਜ਼ਾਹਰ ਹੈ ਕਿ ਇਸ ਤਰ੍ਹਾਂ ਦੀ ਨਿਰ ਅਧਾਰ ਬਿਆਨਬਾਜ਼ੀ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਹੋ ਰਿਹਾ ਹੈ।

ਦੋਹਾਂ ਪਾਰਟੀਆਂ ਦੀ ਸਾਂਝ ਕਾਫੀ ਪੁਰਾਣੀ ਹੈ।ਸਿਧਾਂਤਕ ਪੱਧਰ ਉੱਤੇ ਵੀ ਜਿਆਦਾ ਵਖਰੇੰਵਾ ਨਹੀਂ ਹੈ।ਇਸੇ ਕਰਕੇ ਮਹਾਂਰਾਸ਼ਟਰ ਵਿੱਚ ਦੋਹਾਂ ਦੀ ਸਾਂਝੀ ਸਰਕਾਰ ਹੈ ਅਤੇ ਹਰ ਤਰ੍ਹਾਂ ਦੇ ਆਪਸੀ ਤਕਰਾਰ ਦੇ ਬਾਵਯੂਦ ਦੇਵੇਂਦਰ ਫੜਨਵੀਸ ਸਰਕਾਰ ਚਲਾ ਰਹੇ ਹਨ।ਸ਼ਿਵਸੈਨਾ ਭਾਵੇਂ ਭਾਜਪਾ ਦੀ ਅਲੋਚਨਾ ਕਰਨ ਦੇ ਮਾਮਲੇ ਵਿੱਚ ਕੋਈ ਮੌਕਾ ਹੱਥੋੰ ਨਹੀਂ ਜਾਣ ਦਿੰਦੀ ਲੇਕਿਨ ਭਾਜਪਾ ਸ਼ਿਵ ਸੈਨਾ ਨਾਲ ਸਿੱਧੇ ਟਕਰਾਅ ਤੋਂ ਬਚ ਰਹੀ ਹੈ।ਰਾਉਤ ਦਾ ਕਹਿਣਾ ਹੈ ਕਿ ਉਹ ਤਾਂ ਵਿਧਾਨ ਸਭਾ ਚੋਣਾਂ ਵੀ ਭਾਜਪਾ ਨਾਲ ਮਿਲ ਕੇ ਲੜਨਾ ਚਾਹੁੰਦੇ ਸਨ ਪਰ ਭਾਜਪਾ ਨੇ ਹੀ ਇਕੱਲੇ ਲੜਨ ਦਾ ਨਿਰਣਾ ਲਿਆ ਕਿਉਂ ਕਿ ਉਹਨਾਂ ਨੂੰ ਲਗਦਾ ਸੀ ਕਿ ਮੋਦੀ ਜੀ ਦੀ ਹਵਾ ਚੱਲ ਰਹੀ ਹੈ।ਭਾਜਪਾ ਅਜਿਹਾ ਨਿਰਣਾ ਲੈਣ ਸਮੇਂ ਭੁੱਲ ਗਈ ਸੀ ਕਿ ਹਵਾ ਸਦਾ ਨਹੀਂ ਚੱਲਦੀ।ਉੱਤਰ ਪਰਦੇਸ਼ ਤੋਂ ਇਲਾਵਾ ਸ਼ਿਵ ਸੈਨਾ ਗੋਆ ਵਿੱਚ ਵੀ ਆਰ ਐਸ ਐਸ ਤੋਂ ਬਾਗੀ ਹੋਏ  ਧੜੇ ਨਾਲ ਮਿਲ ਕੇ ਚੋਣਾਂ ਲੜਨ ਦਾ ਸੰਕੇਤ ਦੇ ਚੁੱਕੀ ਹੈ।ਇਹ ਕਹਿਣਾ ਮੁਸ਼ਕਿਲ ਹੈ ਕਿ ਸ਼ਿਵ ਸੈਨਾ ਸੱਚ ਮੁੱਚ ਹੀ ਭਾਜਪਾ ਨਾਲੋਂ ਵੱਖ ਹੋਣ ਲਈ ਬਹਾਨੇ ਤਲਾਸ਼ ਰਹੀ ਹੈ ਜਾ ਮਹਾਂ ਰਾਸ਼ਟਰ ਤੋਂ ਬਾਹਰਲੇ ਰਾਜਾਂ ਵਿੱਚ ਕੁਝ ਸੀਟਾਂ  ਭਾਜਪਾ ਤੋਂ ਹਾਸਲ ਕਰਨ ਲਈ ਦਬਾਅ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ।

ਸੰਪਰਕ: 0061 470 605 255

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ