Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਵਜ਼ੀਫ਼ਾ ਸਕੀਮ ਦੀ ਸਾਰਥਿਕਤਾ ਦਾ ਸਵਾਲ -ਗੁਰਤੇਜ ਸਿੰਘ

Posted on:- 15-11-2016

suhisaver

ਸਰਕਾਰ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਗਰੀਬ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ 'ਚ ਮਦਦ ਕਰਨ ਲਈ ਵਚਨਬੱਧ ਹੈ।ਸਰਕਾਰੀ ਅਤੇ ਨਿੱਜੀ ਕਾਲਜਾਂ, ਯੂਨੀਵਰਸਿਟੀਆਂ 'ਚ ਕਿੱਤਾਮੁਖੀ ਸਿੱਖਿਆ ਤੇ ਹੋਰ ਵਿਸ਼ਿਆਂ ਦੀ ਪੜਾਈ ਲਈ ਬਣਦੀ ਫੀਸ ਵਜੀਫੇ ਦੇ ਰੂਪ 'ਚ ਦੇਣ ਲਈ ਸਰਕਾਰ ਨੇ ਅਹਿਦ ਲਿਆ ਹੋਇਆ ਹੈ।ਪਿਛਲੇ ਕਈ ਸਾਲਾਂ ਤੋਂ ਇਹ ਯੋਜਨਾ ਗਰੀਬ ਬੱਚਿਆਂ ਲਈ ਵਰਦਾਨ ਹੋ ਨਿੱਬੜੀ ਹੈ।ਮਹਿੰਗੀ ਹੋ ਰਹੀ ਸਿੱਖਿਆ ਨੂੰ ਗਰੀਬ ਆਦਮੀ ਦੇ ਅਧਿਕਾਰ ਖੇਤਰ ਹੇਠ ਲਿਆਉਣ ਲਈ ਇਹ ਸਕੀਮ ਸਾਰਥਿਕ ਰੋਲ ਨਿਭਾ ਸਕਦੀ ਹੈ।ਸਾਲ 2015 ਵਿੱਚ ਪੰਜਾਬ ਵਿੱਚ ਵਜ਼ੀਫ਼ਾ ਰਾਸ਼ੀ ਵਿੱਚ 20 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ ਜਿਸਨੇ ਗਰੀਬ ਬੱਚਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।ਇਸ ਸਾਲ ਵੀ ਘਪਲੇ ਦੀਆਂ ਖਬਰਾਂ ਦਾ ਬਾਜ਼ਾਰ ਗਰਮ ਹੈ।

ਸੂਬੇ ਦੇ ਜਿਆਦਾਤਰ ਨਿੱਜੀ ਬਹੁਤਕਨੀਕੀ ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਨੇ ਇਸ 'ਚ ਵੱਡੀਆਂ ਤੇ ਨਾ ਬਖਸ਼ਣਯੋਗ ਧਾਂਦਲੀਆਂ ਕੀਤੀਆਂ ਹਨ।ਇੱਕ ਵਿਦਿਆਰਥੀ ਦੇ ਦਾਖਿਲੇ ਨੂੰ ਤਿੰਨ-ਚਾਰ ਜਗ੍ਹਾ ਦਿਖਾ ਕੇ ਉਸਨੂੰ ਮਿਲਦੀ ਵਜ਼ੀਫ਼ਾ ਰਾਸ਼ੀ ਨੂੰ ਕਥਿਤ ਤੌਰ 'ਤੇ ਦੱਬਿਆ ਗਿਆ।ਸੂਬੇ ਦੇ 1700 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਦਾਖਿਲਾ ਇੱਕੋ ਸਮੇਂ ਦੋ ਸਿੱਖਿਆ ਸੰਸਥਾਵਾਂ 'ਚ ਦਿਖਾਇਆ ਗਿਆ ਸੀ।966 ਬੱਚਿਆਂ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਵਜ਼ੀਫ਼ਾ ਸਕੀਮ ਦਾ ਲਾਹਾ ਦੋਵਾਂ ਪਾਸਿਉਂ ਲਿਆ ਸੀ।

ਨਿੱਜੀ ਸਿੱਖਿਆ ਸੰਸਥਾਵਾਂ ਨੇ 6000 ਵਿਦਿਆਰਥੀਆਂ ਬਾਰੇ ਇਹ ਸਬੰਧਿਤ ਵਿਭਾਗ ਨੂੰ ਇਹ ਸੂਚਨਾ ਦਿੱਤੀ ਸੀ ਕਿ ਉਨ੍ਹਾਂ 'ਚੋਂ 80 ਫੀਸਦੀ ਬੱਚੇ ਵਜ਼ੀਫ਼ਾ ਰਾਸ਼ੀ ਮਿਲਣ ਤੋਂ ਬਾਅਦ ਕਾਲਜ ਛੱਡ ਗਏ।ਸੂਬੇ ਦੀ ਇੱਕ ਨਿੱਜੀ ਯੂਨੀਵਰਸਿਟੀ ਨੇ 3200 ਵਿਦਿਆਰਥੀ ਡਿਸਟੈਂਸ ਐਜੂਕੇਸ਼ਨ ਤਹਿਤ ਫਰਜ਼ੀ ਰਿਕਾਰਡ ਦਿਖਾ ਕੇ ਧਾਂਦਲੀ ਕੀਤੀ।ਇਸੇ ਕਰਕੇ ਪਿਛਲੇ ਅਕਾਦਮਿਕ ਸਾਲ 2015-16 ਦੀ ਵਜ਼ੀਫ਼ਾ ਰਾਸ਼ੀ ਯੋਗ ਵਿਦਿਆਰਥੀਆਂ ਨੂੰ ਅਜੇ ਤੱਕ ਨਹੀਂ ਦਿੱਤੀ ਗਈ ਜਿਸ ਕਾਰਨ ਬੱਚਿਆਂ 'ਚ ਅਸੰਤੋਸ਼ ਪੈਦਾ ਹੋਣਾ ਲਾਜ਼ਮੀ ਹੈ ਕਿਉਂਕਿ ਗਰੀਬ ਘਰਾਂ ਦੇ ਬੱਚੇ ਅਕਾਦਮਿਕ ਸਾਲ 2016-17 ਦੀ ਫੀਸ ਭਰਨ ਤੋਂ ਅਸਮਰੱਥ ਹਨ।

ਪੰਜਾਬ ਤੋਂ ਇਲਾਵਾ ਦੇਸ ਦੇ ਹੋਰ ਸੂਬਿਆਂ 'ਚ ਵੀ ਵਜ਼ੀਫ਼ਾ ਸਕੀਮ ਤਹਿਤ ਜਾਰੀ ਹੋਈ ਰਾਸ਼ੀ 'ਚ ਵੱਡੇ ਪੱਧਰ 'ਤੇ ਘਪਲੇ ਦੇ ਮਾਮਲੇ ਸਾਹਮਣੇ ਆਏ ਹਨ।ਸੰਨ 2011 ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਅਤੇ ਸੂਬੇ 'ਚ ਰੁਜਗਾਰਮੁਖੀ ਸਿੱਖਿਆ ਦੇ ਪ੍ਰਸਾਰ ਹਿਤ 1200 ਕਰੋੜ ਰੁਪਏ ਜਾਰੀ ਕੀਤੇ ਸਨ ਪਰ ਭ੍ਰਿਸਟਾਚਾਰ ਦੇ ਚੱਲਦਿਆਂ ਇਹ ਪੈਸਾ ਲੋੜਵੰਦਾਂ ਕੋਲ ਪੁੱਜਣ ਦੀ ਜਗ੍ਹਾ ਕਾਲਾ ਧਨ ਬਣ ਗਿਆ ਸੀ ਜਿਸਦੀ ਜਾਂਚ ਚੱਲ ਰਹੀ ਹੈ।2013 'ਚ ਮੱਧ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਮਿਲਣ ਵਾਲੇ 1.5 ਕਰੋੜ ਦਾ ਘਪਲਾ ਜੱਗ ਜਾਹਿਰ ਹੋਇਆ ਸੀ।ਸੰਨ 2016 'ਚ ਬਿਹਾਰ 'ਚ ਵਜ਼ੀਫ਼ਾ ਸਕੀਮ ਤਹਿਤ 206  ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ।ਗੌਰਤਲਬ ਹੈ ਕਿ ਪਹਿਲਾਂ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਕੋਲੋਂ ਦਾਖਿਲਾ ਫੀਸ ਨਾ ਵਸੂਲੀ ਜਾਵੇ।ਸਿੱਖਿਆ ਸੰਸਥਾਵਾਂ ਕੇਸ ਬਣਾਕੇ ਭੇਜਣਗੀਆਂ ਅਤੇ ਸਰਕਾਰ ਫੀਸ ਦੀ ਅਦਾਇਗੀ ਸਿੱਧੀ ਸਿੱਖਿਆ ਸੰਸਥਾਵਾਂ ਨੂੰ ਕਰੇਗੀ ਜੋ ਇੱਕ ਸਾਰਥਿਕ ਕਦਮ ਸੀ।ਇਸੇ ਕਰਕੇ ਉਸ ਸਮੇਂ ਜਿਆਦਾਤਰ ਬੱਚਿਆਂ ਨੇ ਅਲੱਗ ਅਲੱਗ ਕੋਰਸਾਂ 'ਚ ਇਹ ਸੋਚ ਕੇ ਦਾਖਿਲੇ ਲਏ ਕਿ ਪੂਰੀ ਕੋਰਸ ਫੀਸ ਸਰਕਾਰ ਸਿੱਖਿਆ ਸੰਸਥਾਵਾਂ ਨੂੰ ਦੇਵੇਗੀ ਪਰ ਪਿਛਲੇ ਸਾਲ ਘਪਲੇ ਤੋਂ ਬਾਅਦ ਸਰਕਾਰ ਨੇ ਇਹ ਆਦੇਸ਼ ਜਾਰੀ ਕਰ ਦਿੱਤਾ ਕਿ ਨਿੱਜੀ ਸੰਸਥਾਵਾਂ 'ਚ ਪੜ੍ਹਾਈ ਕਰ ਰਹੇ ਬੱਚੇ ਇੱਕ ਵਾਰ ਫੀਸ ਆਪਣੇ ਕਾਲਜ ਨੂੰ ਦੇਣਗੇ ਬਾਅਦ 'ਚ ਸਰਕਾਰ ਫੀਸ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਕਰ ਦੇਵੇਗੀ।ਪਿਛਲੇ ਸਾਲ ਬੱਚਿਆਂ ਨੇ ਕਾਲਜਾਂ ਨੂੰ ਫੀਸ ਤਾਂ ਜਰੂਰ ਦਿੱਤੀ ਪਰ ਵਜ਼ੀਫ਼ਾ ਰਾਸ਼ੀ ਨਾ ਆਉਣ ਕਰਕੇ ਅਗਲੇ ਸਾਲ ਦੀ ਫੀਸ ਤਾਰਨੀ ਮੁਸ਼ਕਿਲ ਹੋ ਗਈ ਹੈ।ਇਸੇ ਕਰਕੇ ਤਾਂ ਬੱਚਿਆਂ ਦੇ ਨਾਲ ਨਾਲ ਸਿੱਖਿਆ ਸੰਸਥਾਵਾਂ ਵੀ ਰੋਸ ਮੁਜਾਹਰੇ ਕਰਨ ਲਈ ਮਜਬੂਰ ਹਨ।

ਇਸ ਵਰਤਾਰੇ ਨੇ ਵਿਦਿਆਰਥੀਆਂ ਦੇ ਨਾਲ ਨਾਲ ਸਿੱਖਿਆ ਸੰਸਥਾਵਾਂ ਨੂੰ ਚਿੰਤਾ ਦੇ ਬੋਝ ਨਾਲ ਲੱਦ ਦਿੱਤਾ ਹੈ।ਫੀਸ ਜੁਗਾੜ ਦੇ ਚੱਕਰ 'ਚ ਹੁੰਦੀ ਭੱਜਨੱਠ ਅਤੇ ਚਿੰਤਾ ਨੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਕੀਤਾ ਹੈ।ਗਰੀਬ ਮਾਪਿਆਂ ਦੀਆਂ ਮੁਸ਼ਕਿਲਾਂ 'ਚ ਅਥਾਹ ਵਾਧਾ ਕੀਤਾ ਹੈ।ਇਸ ਪੂਰੇ ਘਟਨਾਕ੍ਰਮ ਨੇ ਸਰਕਾਰ ਦੀ ਵਜ਼ੀਫ਼ਾ ਸਕੀਮ ਦੀ ਸਾਰਥਿਕਤਾ ਨੂੰ ਸ਼ੱਕ ਦੇ ਘੇਰੇ ਹੇਠ ਲਿਆ ਖੜਾ ਕੀਤਾ ਹੈ।ਬਲਕਿ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਜਿਸ ਨਾਲ ਸਰਕਾਰੀ ਪੈਸੇ ਦੀ ਦੁਰਵਰਤੋ ਵੀ ਨਾ ਹੋਵੇ ਅਤੇ ਯੋਗ ਲੋੜਵੰਦਾਂ ਤੱਕ ਸਮੇਂ ਸਿਰ ਮਦਦ ਪੁੱਜਦੀ ਰਹੇ।ਗਰੀਬ ਲੋਕ ਖਾਸ ਕਰਕੇ ਮਜਦੂਰਾਂ ਦੇ ਬੱਚੇ ਕਿੱਤਾਮੁਖੀ ਸਿੱਖਿਆ 'ਚ ਅੱਗੇ ਆ ਸਕਣ।ਦਲਿਤਾਂ,ਗਰੀਬਾਂ ਦੇ ਉੱਥਾਨ ਲਈ ਸਿੱਖਿਆ ਤੋਂ ਵੱਡਾ ਰਾਹ ਹੋਰ ਕੋਈ ਹੋ ਹੀ ਨਹੀਂ ਸਕਦਾ।ਇਸੇ ਕਰਕੇ ਤਾਂ ਇਨ੍ਹਾਂ ਪਹਿਲੂਆਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਅਹਿਮ ਲੋੜ ਹੈ।

ਸੁੰਗੜਦੇ ਅਰਥਚਾਰੇ ਨੇ ਸਾਡੇ ਮੁਲਕ ਦੀ ਵੱਡੀ ਅਬਾਦੀ ਨੂੰ ਗੁਰਬਤ ਦੀ ਗਹਿਰੀ ਦਲਦਲ 'ਚ ਧਕੇਲਿਆ ਹੈ ਜਿਸਨੇ ਆਮ ਲੋਕਾਂ ਤੋਂ ਲਾਜ਼ਮੀ ਸਹੂਲਤਾਂ ਨੂੰ ਕੋਹਾਂ ਦੂਰ ਜਾਣ ਮਜਬੂਰ ਕੀਤਾ ਹੈ।ਵਿਕਾਸਸ਼ੀਲ ਦੇਸ਼ਾਂ 'ਚ ਲੋਕ ਗਰੀਬੀ ਦੇ ਚੱਲਦਿਆਂ ਸਿੱਖਿਆ,ਸਿਹਤ ਅਤੇ ਦੋ ਵਕਤ ਦੀ ਰੋਟੀ ਵਿਹੂਣੇ ਹਨ।ਅਜਿਹੇ ਹਾਲਾਤ 'ਚ ਸਿੱਖਿਆ ਤਾਂ ਆਮ ਲੋਕਾਂ ਲਈ ਸੁਪਨਾ ਹੋ ਨਿੱਬੜੀ ਹੈ ਤੇ ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ ਕਾਰਨ ਇਸਨੂੰ ਕਾਰਪੋਰੇਟ ਹੱਥਾਂ 'ਚ ਸੌਪਿਆ ਜਾ ਰਿਹਾ ਹੈ।ਵਪਾਰੀਕਰਨ ਦੇ ਰਾਹ ਪਈ ਸਾਡੀ ਸਿੱਖਿਆ ਪ੍ਰਣਾਲੀ ਨੇ ਚੰਗੇ ਡਾਕਟਰ,ਅਧਿਆਪਕ,ਇੰਜੀਨੀਅਰ ਪੈਦਾ ਕਰਨ ਦੀ ਜਗ੍ਹਾ ਵਪਾਰੀ ਵਰਗ ਪੈਦਾ ਕੀਤਾ ਹੈ ਜੋ ਸਮਾਜ ਹਿਤ 'ਚ ਕਤਈ ਨਹੀਂ ਹੋ ਸਕਦਾ।ਅਜਿਹੇ ਹਾਲਾਤਾਂ ਵਿੱਚ ਗੁਰਬਤ ਦੀ ਮਾਰ ਝੱਲ ਰਹੇ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਾਰੇ ਰਾਹ ਬੰਦ ਹੋ ਜਾਦੇ ਹਨ ਪਰ ਆਸ ਦੀ ਕਿਰਨ ਵਜ਼ੀਫ਼ਾ ਹੋ ਨਿੱਬੜਦੀ ਹੈ ਜਿਸ ਕਾਰਨ ਉਹ ਆਪਣੇ ਸੁਪਨਿਆਂ ਦੀ ਉੜਾਨ ਨੂੰ ਅੰਬਰ ਵਾਂਗ ਅਥਾਹ ਪੰਧ 'ਤੇ ਲਿਜਾ ਸਕਦਾ ਹੈ ਪਰ ਇਸ ਹੁੰਦੀਆਂ ਧਾਂਦਲੀਆਂ ਨੇ ਬੱਚਿਆਂ ਦਾ ਭਵਿੱਖ ਧੁੰਦਲਾ ਕੀਤਾ ਹੈ।

ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸਿਹਤ ਤੇ ਸਿੱਖਿਆ ਖੇਤਰ ਦੇ ਵਿਸਥਾਰ ਲਈ ਵਿਸਤ੍ਰਿਤ ਯੋਜਨਾਵਾਂ ਉਲੀਕ ਕੇ ਅਮਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ।ਵਜ਼ੀਫ਼ਾ ਸਕੀਮ ਦੇ ਦਾਇਰੇ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਪਾਰਦਰਸ਼ੀ ਢੰਗ ਅਪਣਾਉਣ ਦੀ ਬਹੁਤ ਜ਼ਰੂਰਤ ਹੈ।ਪਹਿਲਾਂ ਦੀ ਤਰਾਂ ਫੀਸ ਅਦਾਇਗੀ ਸਿੱਖਿਆ ਸੰਸਥਾਵਾਂ ਨੂੰ ਸਿੱਧੀ ਕਰਨ ਦੇ ਫੈਸਲੇ 'ਤੇ ਦੁਬਾਰਾ ਗੌਰ ਕਰਨ ਦੀ ਲੋੜ ਹੈ।ਇਸ ਕਾਰਜ ਲਈ ਵਿਸ਼ੇਸ਼ ਜਾਂਚ ਪੜਤਾਲ ਦੀਆਂ ਟੀਮਾਂ ਦਾ ਗਠਨ ਕੀਤਾ ਜਾਵੇ ਜੋ ਆਪ ਜਾਕੇ ਸਿੱਖਿਆ ਸੰਸਥਾਵਾਂ 'ਚ ਵਜ਼ੀਫ਼ਾ ਪ੍ਰਾਪਤ ਬੱਚਿਆਂ ਸਬੰਧੀ ਛਾਣਬੀਣ ਕਰਨ ਅਤੇ ਕਾਲਜਾਂ ਦੇ ਰਿਕਾਰਡ ਦੀ ਜਾਂਚ ਪਰਖ ਕਰਕੇ ਇਹ ਨਿਸ਼ਚਿਤ ਕਰਨ ਕਿ ਇਹ ਵਿਦਿਆਰਥੀ ਯੋਗ ਹੈ ਜਾਂ ਨਹੀਂ ਜਾਂ ਫਿਰ ਕਾਲਜ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਢਕਵੰਜ ਰਚ ਰਿਹਾ ਹੈ।ਅਗਰ ਸਰਕਾਰ ਵਜ਼ੀਫ਼ਾ ਰਾਸ਼ੀ ਸਿੱਧੇ ਤੌਰ 'ਤੇ ਵਿਦਿਆਰਥੀ ਦੇ ਬੈਂਕ ਖਾਤੇ 'ਚ ਜਮਾਂ ਕਰਵਾਉਣ ਦੇ ਹੱਕ ਵਿੱਚ ਹੈ ਤਾਂ ਇਹ ਹਰ ਹਾਲਤ 'ਚ ਯਕੀਨੀ ਬਣਾਇਆ ਜਾਵੇ ਕਿ ਇਹ ਅਦਾਇਗੀ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮਦਦ ਦਾ ਸਹੀ ਰੂਪ 'ਚ ਉਪਯੋਗ ਹੋ ਸਕੇ।

ਇਸ ਦੇ ਨਾਲ ਹੀ ਇੱਕ ਪਹਿਲੂ ਵੀ ਵਿਚਾਰਨਯੋਗ ਹੈ ਅਗਰ ਕੋਈ ਵਿਦਿਆਰਥੀ ਕਿਸੇ ਕਾਰਨ ਕਰਕੇ ਇੱਕ ਵਿਸ਼ੇ 'ਚੋਂ ਫੇਲ ਹੋ ਜਾਦਾ ਹੈ ਤਾਂ ਉਸ ਸਾਲ ਉਸਨੂੰ ਵਜ਼ੀਫ਼ਾ ਅਪਲਾਈ ਕਰਨ ਦਾ ਹੱਕ ਨਹੀਂ ਰਹਿ ਜਾਦਾ।ਫਿਰ ਉਹੀ ਸਵਾਲ ਮੂੰਹ ਅੱਡ ਕੇ ਸਾਹਮਣੇ ਖਲੋ ਜਾਦਾ ਹੈ ਕਿ ਅਗਲੇ ਸਾਲ ਦੀ ਫੀਸ ਦਾ ਹੁਣ ਕੀ ਬਣੂ।ਸਾਡੀ ਸਿੱਖਿਆ ਪ੍ਰਣਾਲੀ 'ਚ ਫੇਲ ਪਾਸ ਦੇ ਹਊਏ ਨੇ ਵਿਦਿਆਰਥੀਆਂ ਨੂੰ ਮਾਨਸਿਕ ਰੋਗੀ ਬਣਾਇਆ ਹੈ।ਇਸ ਪਹਿਲੂ 'ਤੇ ਵਿਚਾਰਨ ਦੀ ਲੋੜ ਹੈ ਅਤੇ ਇਸ ਪ੍ਰਬੰਧ ਨੂੰ ਖਾਸ ਕਰਕੇ ਬਦਲਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਯੋਗ ਵਿਦਿਆਰਥੀ ਦਾ ਨੁਕਸਾਨ ਨਾ ਹੋਵੇ।ਦੂਜਾ ਵਜ਼ੀਫ਼ਾ ਸਕੀਮ ਨਾਲ ਸਬੰਧਿਤ ਕਾਰਵਾਈ ਨੂੰ ਸੌਖਾ ਕਰਨ ਦੀ ਲੋੜ ਹੈ ਤਾਂ ਜੋ ਸਾਰੇ ਇਸਦਾ ਲਾਹਾ ਲੈ ਸਕਣ।ਸਰਕਾਰ ਵੀ ਇਸਨੂੰ ਨਿਯਮਿਤ ਕਰੇ ਅਤੇ ਬਜਟ 'ਚ ਸਿੱਖਿਆ ਤੇ ਸਿਹਤ ਦਾ ਦਾਇਰਾ ਵਿਸਾਲ ਕਰੇ।ਸਰਕਾਰ ਆਪਣੇ ਮੰਤਰੀਆਂ ਸੰਤਰੀਆਂ ਦੇ ਫਾਲਤੂ ਖਰਚੇ ਬੰਦ ਕਰੇ ਅਤੇ ਇਸ ਪੈਸੇ ਦਾ ਸਦਉਪਯੋਗ ਕਰਕੇ ਲੋਕ ਭਲਾਈ ਸਕੀਮਾਂ ਨੂੰ ਲੋਕਾਂ 'ਚ ਸਥਾਪਿਤ ਕਰੇ।ਵਜ਼ੀਫ਼ਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੇ ਨਾਲ ਇਸਦੀ ਸਾਰਥਿਕ ਪਹੁੰਚ ਯੋਗ ਲੋਕਾਂ ਤੱਕ ਕਰਨ ਲਈ ਹਰ ਸੰਭਵ ਉਪਰਾਲੇ ਕਰਨ ਦੀ ਲੋੜ ਹੈ।

ਸੰਪਰਕ: +91 94641 72783

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ