Sun, 24 September 2017
Your Visitor Number :-   1088358
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

'ਕਾਲੇ ਧਨ' ਤੋਂ ਸਿਰਜੇ 'ਸਫ਼ੇਦ ਸਰੋਵਰ' ਵਿੱਚੋਂ ਚੁੱਲੀਆਂ ਭਰਨ ਦੀ ਉਡੀਕ ਵਿੱਚ -ਸੁਕੀਰਤ

Posted on:- 20-11-2016

suhisaver

8 ਨਵੰਬਰ ਰਾਤ ਸਾਢੇ ਅੱਠ ਵਜੇ ਜਦੋਂ ਪੱਤਰਕਾਰਾਂ ਦੇ ਇਕ ਵਟਸਐੱਪ ਗਰੁੱਪ ਵਿੱਚ ਕਿਸੇ ਨੇ ਇਹ ਸੁਨੇਹਾ ਭੇਜਿਆ ਕਿ ਰਾਤ 12 ਵਜੇ ਤੋਂ ਬਾਅਦ 500 ਅਤੇ 1000 ਦੇ ਸਾਰੇ ਨੋਟ ਰੱਦ ਕੀਤੇ ਜਾ ਰਹੇ ਸਨ, ਤਾਂ ਮੈਂ ਝਟ ਫਿਟਕਾਰਨੁਮਾ ਫਿਕਰਾ ਲਿਖ ਦਿੱਤਾ, " ਇਹੋ ਜਿਹੀ ਸਨਸਨੀਖੇਜ਼ ਜਾਣਕਾਰੀ ਦੇਣ ਸਮੇਂ ਸਰੋਤ ਬਾਰੇ ਵੀ ਦੱਸਿਆ ਕਰੋ" । ਮੈਨੂੰ ਪੂਰਾ ਯਕੀਨ ਸੀ ਕਿ ਸੋਸ਼ਲ ਮੀਡੀਆ ਰਾਹੀਂ ਮੁੜ ਕੋਈ ਬੇਤੁਕੀ ਅਫ਼ਵਾਹ ਫੈਲਾਈ ਜਾ ਰਹੀ ਹੈ। ਪਰ ਫੌਰਨ ਮੋੜਵੀਂ ਫਿਟਕਾਰ ਆਈ, " ਸਰੋਤ ਪੁਛਦੇ ਓਂ? ਪਰਧਾਨ ਮੰਤਰੀ ਐਲਾਨ ਕਰ ਰਿਹਾ ਹੈ। ਆਪਣਾ ਟੀ ਵੀ ਚਾਲੂ ਕਰੋ"।  ਬੇਯਕੀਨੀ ਜਿਹੀ ਵਿੱਚ  ਟੀ ਵੀ ਚਾਲੂ ਕਰਦਿਆਂ ਕਰਦਿਆਂ ਵੀ ਮੈਂ ਆਪਣਾ ਜੁਮਲਾ ਜੜਨੋਂ ਨਾ ਰਹਿ ਸਕਿਆ,  " ਜੇ ਇਹ ਗੱਲ ਸੱਚ ਹੈ ਤਾਂ ਸੱਚਮੁੱਚ ਉਸਦਾ ਸਿਰ ਫਿਰ ਗਿਆ ਹੈ"।

ਮੈਂ ਅਜੇ ਪਰਧਾਨ ਮੰਤਰੀ ਦੀਆਂ ਦਲੀਲਾਂ ਸੁਣੀਆਂ ਵੀ ਨਹੀਂ ਸਨ, ਕਿਸੇ ਕਿਸਮ ਦੇ ਆਰਥਕ ਆਂਕੜੇ ਮੇਰੇ ਜ਼ਿਹਨ ਵਿੱਚ ਵੀ ਨਹੀਂ ਸਨ, ਕੋਈ ਸਿਧਾਂਤਕ ਸਵਾਲ ਮੇਰੇ ਮਨ ਵਿੱਚ ਉਭਰਿਆ ਵੀ ਨਹੀਂ ਸੀ, ਪਰ ਅਜਿਹਾ ਆਪਮੁਹਾਰਾ ਪ੍ਰਤੀਕਰਮ ਸਿਰਫ਼ ਇਸ ਲਈ ਹੋਇਆ ਕਿਉਂਕਿ ਇਸ ਫੈਸਲੇ ਤੋਂ ਮੁਲਕ ਵਿੱਚ ਮੱਚਣ ਵਾਲੀ ਤਰਥੱਲੀ, ਲੋਕਾਂ ਵਿੱਚ ਫੈਲਣ ਵਾਲੀ ਹਫ਼ੜਾ-ਦਫ਼ੜੀ ਨੂੰ ਕਿਆਸ ਸਕਣਾ ਔਖਾ ਨਹੀਂ ਸੀ। ਕੀ ਪਰਧਾਨ ਮੰਤਰੀ ਨੂੰ ਇਸ ਦਾ ਕੋਈ ਅੰਦੇਸ਼ਾ ਨਹੀਂ ਸੀ? ਉਸਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਸੀ? ਟੀ ਵੀ ਉਤੇ ਮੋਦੀ ਦਾ ਭਾਸ਼ਣ ਖਤਮ ਹੋਇਆ ਅਤੇ ਪਿੜ ਮੱਲ ਲਿਆ ਵਿੱਤੀ ਅਫ਼ਸਰਸ਼ਾਹਾਂ ਨੇ। 2000  ਅਤੇ 500 ਦੇ ਨਵੇਂ ਨੋਟ ਦਿਖਾਏ ਗਏ। ਇਹ ਵੀ ਦੱਸਿਆ ਗਿਆ ਕਿ ਕੁਝ ਹੀ ਦਿਨਾਂ ਵਿੱਚ 2000 ਦਾ ਨੋਟ ਬਾਜ਼ਾਰ ਵਿੱਚ ਆ ਜਾਵੇਗਾ।

2000 ਦਾ? ਤੇ 1000 ਦਾ ਕਿੱਥੇ ਗਿਆ? ਪਹਿਲੋਂ 500 ਦਾ ਨੋਟ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ? 2000 ਦੇ ਨੋਟਾਂ ਨੂੰ ਤੁੜਾਉਣ ਲਈ ਭਾਨ ਕਿੱਥੋਂ ਆਵੇਗੀ? 200/300 ਦਾ ਸੌਦਾ ਲੈਣਾ ਹੋਵੇ ਤਾਂ ਅੱਵਲ ਤਾਂ ਕੋਈ 1000 ਦਾ ਨੋਟ ਲੈਂਦਾ ਨਹੀਂ, ਤੇ ਜੇ ਲੈ ਵੀ ਲਵੇ ਤਾਂ ਮੋੜਵੀਂ ਰਕਮ ਵਿੱਚ ਅਮੂਮਨ ਇੱਕ 500 ਦਾ ਨੋਟ ਵੀ ਹੁੰਦਾ ਹੈ, ਕਿਸ ਦੇ ਕੋਲ ਹੁੰਦੇ ਹਨ ਸੌ-ਸੌ ਦੇ ਸੱਤ -ਅੱਠ ਨੋਟ!। ਬਿਨਾ 500 ਦੇ ਨੋਟਾਂ ਦੇ ਲੋਕ 2000 ਦਾ ਨੋਟ ਤੁੜਾਉਣਗੇ ਕਿਵੇਂ ? ਕੀ ਇਹਨਾਂ ਸਾਰੇ ਮਾਹਰਾਂ ਨੇ ਇਸ ਗੱਲ ਵਲ ਧਿਆਨ ਹੀ ਨਹੀਂ ਦਿੱਤਾ? ਸਮਝ ਨਹੀਂ ਸੀ ਆ ਰਹੀ ਕਿ ਇਨ੍ਹਾਂ 'ਸਿਆਣਿਆਂ' ਨੂੰ ਮੂਰਖ ਕਿਉਂ ਨਾ ਕਿਹਾ ਜਾਵੇ? ਅਤੇ 2000 ਦੇ ਨੋਟ ਨਾਲ ਭ੍ਰਿਸ਼ਟਾਚਾਰ ਖਤਮ ਹੋਵੇਗਾ, ਕਿ ਸੌਖਾ ਹੋ ਜਾਵੇਗਾ? ਹੁਣ ਤਾਂ ਟੈਕਸ ਚੋਰਾਂ ਲਈ ਆਪਣਾ ਧਨ ਸਾਂਭਣਾ, ਲਿਜਾਣਾ ਹੋਰ ਸੌਖਾ ਹੋ ਜਾਵੇਗਾ। ਜੇ ਵੱਡੇ ਨੋਟ ਸਿਰਫ਼ ਇਹ ਮੰਨ ਕੇ ਰੱਦ ਕੀਤੇ ਜਾ ਰਹੇ ਹਨ ਕਿ ਕਾਲਾ ਧਨ ਵੱਡੇ ਨੋਟਾਂ ਵਿੱਚ ਤਬਦੀਲ ਕਰਕੇ ਲੁਕਾਇਆ ਜਾਂਦਾ ਹੈ , ਤਾਂ ਫੇਰ 2000 ਦੇ ਨੋਟ ਨਾਲ ਇਨ੍ਹਾਂ ਜ਼ਖੀਰੇਬਾਜ਼ਾਂ ਦਾ ਰਾਹ ਤਾਂ ਹੋਰ ਸੁਖਾਲਾ ਹੋ ਜਾਵੇਗਾ। ਜਿਸ ਪੱਖੋਂ ਵੀ ਪਰਖਾਂ, ਮੈਨੂੰ ਇਹ ਨਾਟਕੀ ਫੈਸਲਾ ਬੇਤੁਕਾ, ਸਨਸਨੀਖੇਜ਼ ਅਤੇ ਤਰਥੱਲੀ ਮਚਾਊ ਜਾਪ ਰਿਹਾ ਸੀ।

ਇਹ ਸੀ ਮੁਢਲਾ ਪ੍ਰਤੀਕਰਮ। ਪਰ ਅਗਲੇ ਹੀ ਦਿਨ ਮਨ ਵਿੱਚੋਂ ਲੰਘਿਆ ਕਿ ਕੁਝ ਸੂਬਿਆਂ ਦੀਆਂ ਚੋਣਾਂ ਸਿਰ 'ਤੇ ਹਨ। ਇਨ੍ਹਾਂ ਵਿੱਚੋਂ ਇੱਕ, ਉਤਰ ਪ੍ਰਦੇਸ਼, ਨੂੰ ਜਿਤਣਾ ਭਾਜਪਾ ਲਈ ਨਿਹਾਇਤ ਅਹਿਮ ਹੈ। ਅਜੋਕੀ ਲੋਕ ਸਭਾ ਵਿੱਚ ਭਾਜਪਾ ਦੀ ਬਹੁਗਿਣਤੀ ਏਸੇ ਸੂਬੇ ਦੇ ਆਧਾਰ ਉਤੇ ਹੈ। ਇਸ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਭਾਜਪਾ ਪਿਛਲੇ ਦੋ ਸਾਲ ਤੋਂ ਹਰ ਹਰਬਾ ਵਰਤ ਰਹੀ ਹੈ। ਇਹ ਤੱਥ ਕਿਸੇ ਕੋਲੋਂ ਵੀ ਗੁਝਾ ਨਹੀਂ ਕਿ ਚੋਣਾਂ ਸਮੇਂ ਹਰ ਦਲ 'ਕੈਸ਼' ਵਰਤ ਕੇ ਵੋਟਰਾਂ ਨੂੰ ਲੁਭਾਉਣ-ਖਰੀਦਣ ਦਾ ਕੰਮ ਕਰਦਾ ਹੈ। ਭਾਰਤ ਵਿੱਚ ਕਾਲੇ ਧਨ ਦੀ ਸਭ ਤੋਂ ਵੱਧ ਅਤੇ ਨੰਗੀ-ਚਿੱਟੀ ਵਰਤੋਂ ਚੋਣਾਂ ਸਮੇਂ ਹੀ ਹੁੰਦੀ ਹੈ। ਪੁਰਾਣੇ ਨੋਟਾਂ ਦੇ ਰੱਦੀਕਰਣ ਦਾ ਫੈਸਲਾ ਏਸੇ ਘੜੀ ਕਿਉਂ ਲਿਆ ਗਿਆ?  ਇਸ ਰੱਦੀਕਰਣ ਨਾਲ ਸਭ ਤੋਂ ਵਧ ਨੁਕਸਾਨ ਬਸਪਾ ਅਤੇ ਸਮਾਜਵਾਦੀ ਪਾਰਟੀ ਨੂੰ ਹੋਵੇਗਾ। ਹੋਵੇ ਨਾ ਹੋਵੇ ਭਾਜਪਾ ਨੇ ਆਪਣਾ 'ਖਜ਼ਾਨਾ'ਤਾਂ ਪਹਿਲੋਂ ਹੀ ਟਿਕਾਣੇ ਲਾ ਲਿਆ ਹੋਵੇਗਾ। ਪਰ ਇਹ ਸਿਰਫ਼ ਸ਼ੱਕ ਸੀ, ਜਿਸਦਾ ਮੇਰੇ ਕੋਲ ਆਧਾਰ ਕੋਈ ਨਹੀਂ ਸੀ। ਦੋ ਦਿਨ ਮਗਰੋਂ ਪਹਿਲਾ ਸਬੂਤ ਵੀ ਸਾਹਮਣੇ ਆ ਗਿਆ। ਬੰਗਾਲ ਦੇ ਭਾਜਪਾ ਯੁਨਿਟ ਦੇ ਖਾਤੇ ਵਿੱਚ 1 ਤੋਂ 8 ਨਵੰਬਰ ਦੌਰਾਨ 4 ਕਰੋੜ ਦੀ ਨਕਦੀ ਜਮਾਂ ਹੋਈ ; ਇੱਕ ਕਰੋੜ ਤਾਂ 8 ਨਵੰਬਰ ਨੂੰ ਹੀ ਜਮਾਂ ਹੋਇਆ, ਜਿਸ ਵਿੱਚੋਂ ਆਖਰੀ 40 ਲੱਖ ਕੈਸ਼ ਰਾਤ 8 ਵਜੇ ਜਮਾਂ ਕਰਾਇਆ ਗਿਆ, ਉਦੋਂ ਜਦੋਂ  ਪਰਧਾਨ ਮੰਤਰੀ ਦਾ ਐਲਾਨੀਆ ਭਾਸ਼ਣ ਚਾਲੂ ਸੀ। ਭਾਜਪਾ ਦਾ ਬੰਗਾਲ ਵਿੱਚ ਨਿਗੂਣਾ ਜਿਹਾ ਵਜੂਦ ਹੈ ( ਇਸ ਤੋਂ ਵਧ ਵਜੂਦ ਤਾਂ ਇਸਦਾ ਪੰਜਾਬ ਵਿੱਚ ਹੈ ) ਪਰ ਇਸਦੇ ਬਾਵਜੂਦ ਉਸਦੇ ਖਾਤੇ ਵਿੱਚ ਕਾਹਲੀ ਕਾਹਲੀ ਚਾਰ ਕਰੋੜ ਜਮ੍ਹਾਂ ਕੀਤੇ ਗਏ। ਇਸ ਖਾਤੇ ਦੀ ਖਬਰ ਤਾਂ 'ਲੀਕ' ਹੋ ਗਈ , ਬਾਕੀ ਸੂਬਿਆਂ ਦੇ ਭਾਜਪਾ ਖਾਤਿਆਂ ਵਿੱਚ ਕਿੰਨਾ ਕਿੰਨਾ ਕੈਸ਼ ਜਮ੍ਹਾਂ ਹੋਇਆ ਇਸਦਾ ਸਿਰਫ਼ ਕਿਆਸ ਹੀ ਲਾਇਆ ਜਾ ਸਕਦਾ ਹੈ। ਜਾਂ ਫੇਰ ਮੰਗ ਕੀਤੀ ਜਾ ਸਕਦੀ ਹੈ ਕਿ ਪਿਛਲੀ ਤਿਮਾਹੀ ਵਿੱਚ ਹਰ ਪਾਰਟੀ ਦੇ  ਬੈਂਕ ਖਾਤੇ ਵਿੱਚ ਕਿੰਨੀ ਕਿੰਨੀ ਰਕਮ ਜਮ੍ਹਾਂ ਹੋਈ, 'ਰਾਸ਼ਟਰ ਹਿਤ' ਵਿੱਚ ਇਸਨੂੰ ਨਸ਼ਰ ਕੀਤਾ ਜਾਵੇ। ਤਸਵੀਰ ਆਪੇ ਸਾਫ਼ ਹੋ ਜਾਵੇਗੀ।

'ਰਾਸ਼ਟਰ-ਹਿੱਤ' ਦੇ ਨਾਂਅ ਉਤੇ ਕਾਲੇ ਧਨ ਵਿਰੁਧ ਚਲਾਈ ਗਈ ਇਸ ਮੁਹਿਮ ਨੇ ਆਮ ਲੋਕਾਂ ਦਾ ਦਾ ਕਿੰਨਾ ਘਾਣ ਕੀਤਾ ਹੈ, ਉਹ ਪਿਛਲੇ 12 ਦਿਨਾਂ ਤੋਂ ਸਭ ਦੇ ਸਾਹਮਣੇ ਹੈ। ਉਸ ਨੂੰ ਦੁਹਰਾਉਣ ਦੀ ਲੋੜ ਨਹੀਂ , ਪਰ ਇਹ ਸਮਝਣ ਦੀ ਲੋੜ ਹੈ ਕਿ ਕਾਲਾ ਧਨ ਹੁੰਦਾ ਕੀ ਹੈ।

ਇਹ ਤਾਂ ਸਭ ਜਾਣਦੇ ਹਨ ਕਿ ਕਾਲੇ ਧਨ ਦੇ ਨੋਟ ਕੋਈ ਵੱਖਰੇ ਨਹੀਂ ਹੁੰਦੇ, ਪਰ ਇਸ ਗੱਲ ਵੱਲ ਕਿਸੇ ਦਾ ਧਿਆਨ ਘੱਟ ਹੀ ਜਾਂਦਾ ਹੈ ਕਿ ਕਾਲਾ ਧਨ ਇਕ ਵਹਿਣ ਵਾਂਗ ਹੁੰਦਾ ਹੈ ਜੋ ਇਕ ਤੋਂ ਦੂਜੇ ਹੱਥ ਜਾ ਕੇ ਕਦੇ ਚਿੱਟਾ ਅਤੇ ਕਦੇ ਕਾਲਾ ਹੁੰਦਾ ਰਹਿੰਦਾ ਹੈ। ਦਰਅਸਲ ਕਾਲਾ ਧਨ ਉਹ ਪੈਸਾ ਹੈ ਜਿਸ ਉਤੇ ਟੈਕਸ ਨਹੀਂ ਤਾਰਿਆ ਜਾਂਦਾ। ਮਿਸਾਲ ਦੇ ਤੌਰ ਉਤੇ, ਫ਼ਰਜ਼ ਕਰ ਲਈਏ ਕਿ ਕਿਸੇ ਨੇ ਪ੍ਰਾਈਵੇਟ ਸਕੂਲ ਖੋਲਿਆ ਹੋਇਆ ਜਿਸ ਵਿੱਚ ਦਾਖਲੇ ਲਈ ਮਾਪਿਆਂ ਕੋਲੋਂ ਕੁਝ ਹਜ਼ਾਰ ਰੁਪਏ ਨਕਦ ਲਏ ਜਾਂਦੇ ਹਨ ( ਉਨ੍ਹਾਂ ਫ਼ੀਸਾਂ ਤੋਂ ਇਲਾਵਾ ਜੋ ਸਕੂਲ ਆਪਣੇ ਖਾਤੇ ਵਿੱਚ ਦਿਖਾਂਦਾ ਅਤੇ ਸਰਕਾਰ ਨੂੰ ਬਣਦਾ ਟੈਕਸ ਤਾਰਦਾ ਹੈ) ਅਤੇ ਇਹ ਸਕੂਲ ਦਾ ਮਾਲਕ ਇਸ ਰਕਮ ਨਾਲ ਆਪਣਾ ਆਲੀਸ਼ਾਨ ਮਕਾਨ ਉਸਾਰਦਾ ਹੈ, ਤਾਂ ਉਹ ਆਪਣਾ ਕਾਲਾ ਧਨ ਵਰਤ ਰਿਹਾ ਹੈ। ਪਰ ਇਸ ਧਨ ਨਾਲ ਜਦੋਂ ਉਹ ਦਿਹਾੜੀਦਾਰ ਮਜ਼ਦੂਰ ਨੂੰ ਉਸਦਾ ਮਿਹਨਤਾਨਾ ਦੇਂਦਾ ਹੈ ਤਾਂ ਮਜ਼ਦੂਰ ਦੇ ਹੱਥਾਂ ਵਿੱਚ ਪਹੁੰਚ ਕੇ ਇਹ ਧਨ ਕਾਲਾ ਨਹੀਂ ਰਹਿੰਦਾ, ਕਿਉਂਕਿ ਮਜ਼ਦੂਰ ਦੀ ਆਮਦਨ ਉਤੇ ਟੈਕਸ ਬਣਦਾ ਹੀ ਨਹੀਂ। ਜਦੋਂ ਇਹ ਮਜ਼ਦੂਰ ਸੌਦਾ ਪੱਤਾ ਖਰੀਦਦਾ ਹੈ ਤਾਂ ਇਹ ਧਨ ਚਿਟਾ ਹੀ ਰਹਿੰਦਾ ਹੈ ਕਿਉਂਕਿ ਹਰ ਵਸਤ ਦੀ ਕੀਮਤ ਵਿੱਚ ਵਿਕਰੀ ਕਰ ਸ਼ਾਮਲ ਹੁੰਦਾ ਹੈ । ਪਰ ਜਦੋਂ ਇਹ ਮਜ਼ਦੂਰ ਕਿਸੇ ਅਜਿਹੇ ਡਾਕਟਰ ਕੋਲੋਂ ਇਲਾਜ ਕਰਾਉਂਦਾ ਹੈ ਜੋ ਹਰ ਆਪ੍ਰੇਸ਼ਨ ਲਈ ਨਕਦ ਪੈਸੇ ਲੈ ਸਰਕਾਰ ਨੂੰ ਆਪਣੀ ਆਮਦਨ ਘਟਾ ਕੇ ਦੱਸਦਾ ਹੈ, ਤਾਂ ਇਹ ਧਨ ਫੇਰ ਕਾਲਾ ਹੋ ਜਾਂਦਾ ਹੈ। ਇਹੋ ਜਿਹੇ ਜਮ੍ਹਾਂ ਧਨ ਨਾਲ ਡਾਕਟਰ ਜਦੋਂ ਆਪਣੇ ਹਸਪਤਾਲ ਲਈ ਪਲਾਟ ਖਰੀਦਦਾ ਹੈ, ਤਾਂ ਉਸਦਾ ਉਹ ਹਿੱਸਾ ( ਜੋ ਚੈਕ ਰਾਹੀਂ ਤਾਰਿਆ ਅਤੇ ਰਜਿਸਟਰੀ ਵਿੱਚ ਦਰਜ ਹੁੰਦਾ ਹੈ) ਚਿੱਟਾ ਹੁੰਦਾ ਹੈ, ਬਾਕੀ ਨਕਦ ਹਿੱਸਾ ਕਾਲਾ।  ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕਾਲਾ ਧਨ ਕੋਈ ਘੜੇ ਵਿੱਚ ਦੱਬੀਆਂ ਮੋਹਰਾਂ ਦਾ ਜ਼ਖੀਰਾ ਨਹੀਂ, ਮੁਨਾਫ਼ੇ ਦਾ ਉਹ ਹਿਸਾ ਹੈ ਜਿਸਨੂੰ ਧਨਾਢ ਵਪਾਰੀ ਜਾਂ ਰਿਸ਼ਵਤਖੋਰ ਅਫ਼ਸਰ ਆਪਣੀ ਆਮਦਨ ਵਜੋਂ ਜ਼ਾਹਰ ਨਹੀਂ ਕਰਦਾ, ਅਤੇ ਬਿਨਾ ਟੈਕਸ ਤਾਰੇ ਵਰਤਦਾ ਹੈ। ਅਸਲ ਵਿਹਾਰ ਵਿੱਚ ਬਹੁਤ ਥੋੜੀ, ਅਤੇ ਛੇਤੀ ਲੋੜੀਂਦੀ ਰਕਮ ਹੀ ਨਕਦੀ ਦੇ ਰੂਪ ਵਿੱਚ ਦੱਬ ਕੇ ਰੱਖੀ ਜਾਂਦੀ ਹੈ, ਕਿਉਂਕਿ ਹਰ ਧਨਾਢ ਜਾਣਦਾ ਹੈ ਕਿ ਅਣਵਰਤੇ ਧਨ ਨੇ 'ਸੂਣਾ' ਨਹੀਂ ਹੁੰਦਾ , ਸਗੋਂ ਕੀਮਤਾਂ ਦੇ ਵਧਣ ਨਾਲ 'ਖੁਰਨਾ' ਹੀ ਹੁੰਦਾ ਹੈ। ਏਸੇ ਲਈ, ਕਾਲੇ ਧਨ ਦਾ ਵਡੇਰਾ ਹਿੱਸਾ ਨਾਲੋ ਨਾਲ ਜਾਇਦਾਦ, ਸੋਨੇ ਅਤੇ ਬਦੇਸ਼ੀ ਬੈਂਕਾਂ/ਕਰੰਸੀਆਂ ਵਿੱਚ ਤਬਦੀਲ ਹੁੰਦਾ ਜਾਂਦਾ ਹੈ। ਲੱਖਾਂ ਦੀ ਨਗਦੀ ਨੂੰ ਦੱਬ ਕੇ ਭੁੱਲ ਜਾਣ ਵਾਲਾ ਵਿਰਲਾ ਮੂਰਖ 'ਸੂਮ' ਕਹਾਉਂਦਾ ਹੈ, ਧਨਾਢ ਨਹੀਂ। ਅਰਥ-ਸ਼ਾਸਤ੍ਰੀਆਂ ਦਾ ਅੰਦਾਜ਼ਾ ਹੈ ਕਿ ਕਾਲੇ ਧਨ ਦਾ ਸਿਰਫ਼ 5 ਕੁ ਫ਼ੀਸਦੀ ਹਿੱਸਾ ਨਗਦ ਨੋਟਾਂ ਦੇ ਰੂਪ ਵਿੱਚ ਰੱਖਿਆ ਹੁੰਦਾ ਹੈ। ਇਸ ਪੱਖੋਂ ਦੇਖਿਆ ਜਾਵੇ ਤਾਂ ਸਰਕਾਰ ਦਾ ਇਹ ਫੈਸਲਾ ਬਿਲਕੁਲ ਵੀ ਕਾਰਗਰ ਨਹੀਂ। ਨਗਦੀ ਤਾਂ ਬਾਹਰ ਆ ਜਾਵੇਗੀ, ਉਸ 95 ਪ੍ਰਤੀਸ਼ਤ ਕਾਲੇ ਧਨ ਦਾ ਕੀ ਬਣੇਗਾ ਜੋ  ਜਾਇਦਾਦਾਂ, ਸੋਨੇ ਅਤੇ ਬਦੇਸ਼ੀ ਬੈਂਕਾਂ ਵਿੱਚ ਸੁਰੱਖਿਅਤ ਹੈ। ਦਰਅਸਲ ਚੋਣਾਂ ਸਮੇਂ 100 ਦਿਨਾਂ ਦੇ ਅੰਦਰ ਅੰਦਰ ਬਾਹਰਲੇ ਮੁਲਕਾਂ ਵਿੱਚ ਪਿਆ ਸਾਰਾ ਕਾਲਾ ਧਨ ਵਾਪਸ ਲਿਆ ਕੇ ਹਰ ਕਿਸੇ ਦੇ ਖਾਤੇ ਵਿੱਚ 15-15 ਲੱਖ ਪੁਆ ਦੇਣ ਦਾ ਵਾਇਦਾ ਕਰਨ ਵਾਲੇ ਮੋਦੀ ਕੋਲੋਂ ਆਪਣੀ ਸਰਕਾਰ ਬਣਾ ਲੈਣ ਮਗਰੋਂ 4000 ਕਰੋੜ ਵੀ ਵਾਪਸ ਨਾ ਲਿਆਂਦੇ ਜਾ ਸਕੇ, ਪਰ ਇਸ ਨੋਟਬੰਦੀ ਨਾਲ ਹਰ ਰੋਜ਼ 10,000 ਕਰੋੜ ਬੈਂਕਾਂ ਵਿੱਚ ਜਮ੍ਹਾਂ ਹੋ ਰਹੇ ਹਨ।

ਅਕਤੂਬਰ ਵਿੱਚ ਭਾਰਤ ਵਿੱਚ ਕੁਲ 17,700 ਲੱਖ ਕਰੋੜ ਦੇ ਨੋਟ ਚੱਲ ਰਹੇ ਸਨ, ਜਿਨ੍ਹਾਂ ਦਾ 85 ਪ੍ਰਤੀਸ਼ਤ ( ਤਕਰੀਬਨ 15 ਲੱਖ ਕਰੋੜ) ਉਨ੍ਹਾਂ ਨੋਟਾਂ ਦਾ ਹੈ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸੋ ਹਰ ਸ਼ਹਿਰੀ ਇਨ੍ਹਾਂ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਲਈ ਮਜਬੂਰ ਹੈ। ਉਹ ਧਨਾਢ ਵੀ ਜਿਸ ਨੇ 25 -30 ਲੱਖ ਦੇ ਨੋਟ ਦੱਬ ਕੇ ਰੱਖੇ ਹੋਏ ਹਨ (ਅਤੇ ਅਜਿਹੇ ਧਨਾਢ ਨੂੰ  ਆਪਣੀ ਦੱਬੀ ਰਕਮ ਢਾਈ ਢਾਈ ਲੱਖ ਵਿੱਚ ਵੰਡ ਕੇ ਦਸ ਖਾਤਿਆਂ ਵਿੱਚ ਜਮ੍ਹਾਂ ਕਰਾ ਲੈਣ, ਜਾਂ ਆਪਣੇ ਹਜ਼ਾਰਾਂ ਵਰਕਰਾਂ ਨੂੰ ਰੋਜ਼ ਬੈਂਕਾਂ ਵਿੱਚ ਭੇਜ ਕੇ ਨਕਦ ਨੋਟ ਵਟਾਉਣ ਦਾ ਗੁਰ ਵੀ ਪਤਾ ਹੈ, ਹੋਰ ਕਈ ਅਜਿਹੇ ਗੁਰਾਂ ਸਮੇਤ ਜੋ ਆਮ ਪਾਠਕ ਲਈ ਗੁੰਝਲਦਾਰ ਹਨ, ਪਰ ਧਨਾਢਾਂ ਦੇ ਚਾਰਟਰਡ ਅਕਾਊਂਟੈਂਟਾਂ ਲਈ ਨਹੀਂ) , ਅਤੇ ਉਹ ਮਜ਼ਦੂਰ ਵੀ ਜਿਸ ਨੇ ਕਿਰਸ ਕਰ ਕਰ ਕੇ ਆਪਣੀ ਨਿਗੂਣੀ ਪੂੰਜੀ ਨੂੰ ਸ਼ਾਇਦ ਪੰਜ ਪੰਜ ਸੌ ਦੇ ਨੋਟਾਂ ਵਿੱਚ ਤਬਦੀਲ ਕਰ ਕੇ ਇਸ ਲਈ ਸਾਂਭਿਆ ਹੁੰਦਾ ਹੈ ਕਿਉਂਕਿ ਉਸ ਕੋਲ ਤਾਂ ਬੈਂਕ ਵਿੱਚ ਖਾਤਾ ਵੀ ਨਹੀਂ ਹੁੰਦਾ। ਇਨ੍ਹਾਂ ਨੋਟਾਂ ਵਿੱਚ ਕਿਸੇ ਘਰੇਲੂ ਅੋਰਤ ਦੇ ਵੇਲੇ-ਕੁਵੇਲੇ ਆਪਣੀ ਵਰਤੋਂ ਲਈ ਲਾਂਭੇ ਰਖੇ ਨੋਟ ਵੀ ਹਨ, ਅਤੇ ਕਿਸੇ ਕਿਸਾਨ ਦੇ ਪਿਛਲੀ ਫਸਲ ਤੋਂ ਬਚਾ ਕੇ ਅਗਲੀ ਫਸਲ ਦੇ ਬੀਆਂ ਲਈ ਬਚਾ ਕੇ ਰਖੇ ਨੋਟ ਵੀ। ਭਾਂਵੇਂ ਇਸ ਨੋਟਬੰਦੀ ਕਾਰਨ ਆਮ ਆਦਮੀ ਬਹੁਤ ਪਰੇਸ਼ਾਨ ਵੀ ਹੋ ਰਿਹਾ ਹੈ, ਪਰ ਕੁਝ ਹਿਸਾ ਤਸੱਲੀ ਵੀ ਜਤਾ ਰਿਹਾ ਹੈ ਕਿ ਚਲੋ ਅਮੀਰਾਂ ਦਾ ਕਾਲਾ ਧਨ ਬਾਹਰ ਆਇਆ ਹੈ ਅਤੇ ਪਰਧਾਨ ਮੰਤਰੀ ਦੇ ਇਸ ਕਦਮ ਨਾਲ ਸਾਡਾ ਫਾਇਦਾ ਹੋ ਜਾਊ। ਭਾਂਵੇਂ ਕੁਝ ਚਿਰ ਪੱਛੜ ਕੇ ਹੀ ਸਹੀ।

ਆਓ ਦੇਖੀਏ, ਅਸਲ ਅਤੇ ਫੌਰੀ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ। ਇਸ ਨੋਟਬੰਦੀ ਨਾਲ ਬੈਂਕਾਂ ਦੇ ਸ਼ੇਅਰ ਤੇਜ਼ੀ ਨਾਲ ਚੜ੍ਹੇ ਹਨ। ਬੈਂਕਾਂ ਦੀ ਹਾਲਤ ਕੁਝ ਚਿਰ ਤੋਂ ਕਾਫ਼ੀ ਪਤਲੀ ਹੁੰਦੀ ਜਾਂਦੀ ਸੀ। ਏਸੇ ਸਾਲ ਅਪ੍ਰੈਲ ਵਿੱਚ ਰਿਜ਼ਰਵ ਬੈਂਕ ਨੇ ਹਾਰ ਕੇ ਉਨ੍ਹਾਂ ਕੁਝ ਕਾਰਪੋਰੇਟ ਕਰਜ਼ਾਈਆਂ ਦੀ ਸੂਚੀ ਜਾਰੀ ਕੀਤੀ ਸੀ ਜਿਨ੍ਹਾਂ ਸਿਰ 76,000 ਕਰੋੜ ਦਾ ਕਰਜ਼ਾ ਸੀ, ਪਰ ਜਿਸਦੇ ਮੁੜਨ ਦੀ ਕੋਈ ਉਮੀਦ ਨਹੀਂ ਸੀ। ( ਹਾਰ ਕੇ  ਮੈਂ ਇਸਲਈ ਲਿਖਿਆ ਹੈ ਕਿ ਬੈਂਕ ਛੇਤੀ ਕੀਤੇ ਕਾਰਪੋਰੇਟ ਕਰਜ਼ਾਈਆਂ ਦੀ ਸੂਚੀ ਜਾਰੀ ਨਹੀਂ ਕਰਦੇ ਹੁੰਦੇ) । ਇਹ ਸੂਚੀ ਵੀ ਪੂਰੀ ਤਸਵੀਰ ਨਹੀਂ ਸੀ ਪੇਸ਼ ਕਰਦੀ ਕਿਉਂਕਿ ਉਸ ਵਿੱਚ ਵਿਜੈ ਮਲਿਆ ਦੀ ਸਟੇਟ ਬੈਂਕ ਵਲ ਦੇਣਦਾਰੀ ਸਿਰਫ਼ 1201 ਕਰੋੜ ਦੱਸੀ ਗਈ ਸੀ, ਪਰ ਜਦੋਂ ਉਹ ਭਜਿਆ ਤਾਂ ਕੁਲ ਦੇਣਦਾਰੀ 9000 ਕਰੋੜ ਦੇ ਕਰੀਬ ਨਿਕਲੀ। ਇਹ ਤਾਂ ਗੱਲ ਹੈ ਉਨ੍ਹਾਂ ਰਕਮਾਂ ਦੀ ਜੋ ਡੁਬ ਗਈਆਂ । ਪਰ ਜੇ ਚਾਲੂ ਕਾਰਪੋਰੇਟ ਕਰਜ਼ਿਆਂ ਦੀ ਮਿਸਾਲ ਦੇਖਣੀ ਹੋਵੇ ਰਿਲਾਇੰਸ ( ਜੀ ਹਾਂ, ਮੁਫ਼ਤ ਜੀਓ ਵੰਡਣ ਵਾਲਾ ਰਿਲਾਇੰਸ) ਭਾਰਤ ਦੀ ਸਭ ਤੋਂ ਵਧ ਕਰਜ਼ਾਈ ਕੰਪਨੀ ਹੈ ਜਿਸਨੇ ਬੈਂਕਾਂ ਦਾ 1,87,000 ਕਰੋੜ ਦੇਣਾ ਹੈ। ਨਿੱਕੇ ਵੀਰ ਅਨਿਲ ਦੀ ਕੰਪਨੀ ਸਿਰ 1,21,000 ਕਰੋੜ ਦਾ ਕਰਜ਼ਾ ਹੈ। ਮੋਦੀ ਨੂੰ ਚੋਣਾਂ ਸਮੇਂ ਹੈਲੀਕਾਪਟਰ ਅਤੇ ਜਹਾਜ਼ ਮੁਹੱਈਆ ਕਰਨ ਵਾਲੇ ਅਡਾਨੀ ਗਰੁਪ ਨੇ 72,000 ਕਰੋੜ ਕਰਜ਼ਾ ਲਿਆ ਹੋਇਆ ਹੈ। ਰਿਜ਼ਰਵ ਬੈਂਕ ਦੀ ਏਸੇ ਸਾਲ ਪੜਤਾਲ ਮੁਤਾਬਕ ਭਾਰਤੀ ਸਰਕਾਰੀ ਬੈਂਕਾਂ ਨੇ 5 ਲੱਖ ਕਰੋੜ ਦਾ ਕਰਜ਼ਾ ਅਜਿਹੇ ਕਾਰਪੋਰੇਟਾਂ ਨੂੰ ਦਿੱਤਾ ਹੋਇਆ ਸੀ ਜਿਸਦੇ ਮੁੜਨ ਦੀ ਕੋਈ ਉਮੀਦ ਨਹੀਂ ਸੀ।

ਪਰ ਹੁਣ, ਨੋਟਬੰਦੀ ਦੇ ਇਸ ਫਰਮਾਨ ਨਾਲ ਰਾਤੋ ਰਾਤ ਬੈਂਕ ਮਾਲਾਮਾਲ ਹੋ ਗਏ ਹਨ। ਹੁਣ ਬੈਂਕਾਂ ਦੀ ਸਿਹਤ ਅਚਾਨਕ ਏਨੀ ਵਧੀਆ ਹੋ ਗਈ ਹੈ ਕਿ ਉਨ੍ਹਾਂ ਨੇ ਵਿਆਜ ਦਰਾਂ ਘਟਾਣ ਦਾ ਫੈਸਲਾ ਲੈ ਲਿਆ ਹੈ।ਇਸ ਫੈਸਲੇ ਕਾਰਨ ਦੇਸ ਦੇ ਅਰਥਚਾਰੇ ਵਿਚੋਂ 85 % ਕਰੰਸੀ ਨੇ 30 ਦਸੰਬਰ ਤਕ ਬੈਂਕਾਂ ਕੋਲ ਪਹੁੰਚ ਜਾਣਾ ਹੈ, ਪਰ ਬੈਂਕ ਤੁਹਾਨੂੰ ਮੋੜਨਗੇ ਥੋੜਾ ਥੋੜਾ ਕਰ ਕੇ। ਅਜ ਹਾਲਤ ਇਹ ਹੈ ਕਿ ਤੁਹਾਡੇ ਕੋਲ ਸਾਲਾਂ ਦੀ ਮਿਹਨਤ ਨਾਲ 5-10 ਲੱਖ ਦੀ ਜੁੜੀ ਰਕਮ ਹੋਵੇ ਵੀ, ਤੁਸੀ ਬਿਮਾਰੀ-ਸ਼ਮਾਰੀ, ਮਕਾਨ ਉਸਾਰੀ , ਜਾਂ ਕਿਸੇ ਵੀ ਹੋਰ ਨਿਜੀ ਮਕਸਦ ਲਈ ਵੀ ਕਢਾ ਸਿਰਫ਼ 24,000 ਪ੍ਰਤੀ ਹਫ਼ਤਾ ਸਕੋਗੇ। ਯਾਨੀ ਪੈਸੇ ਤੁਹਾਡੇ, ਕੰਟਰੋਲ ਸਰਕਾਰ ਦਾ। ਕਰੰਸੀ ਦੀ ਕਿੱਲਤ ਕਿੰਨੇ ਦਿਨ /ਮਹੀਨੇ ਜਾਰੀ ਰਹੇਗੀ ਅਤੇ ਇਹੋ ਜਿਹੇ ਕੰਟਰੋਲ ਵੀ, ਇਸਦਾ ਪਤਾ ਆਣ ਵਾਲੇ ਦਿਨਾਂ ਵਿੱਚ ਸਭ ਨੂੰ ਲਗ ਜਾਵੇਗਾ।

ਪਰ ਇਸ ਜਬਰੀ ਫਰਮਾਨ ਨੇ ਸਭ ਤੋਂ ਵੱਡਾ ਨੁਕਸਾਨ ਗੈਰ-ਸੰਗਠਿਤ ਖੇਤਰ ਦੇ ਕਾਮਿਆਂ ਦਾ ਕੀਤਾ ਹੈ ਜਿਨ੍ਹਾਂ ਵਿੱਚ ਦਿਹਾੜੀਦਾਰ ਮਜ਼ਦੂਰ ਤੋਂ ਲੈ ਕੇ ਰੇੜ੍ਹੀ /ਛਾਬੜੀ ਵਾਲਾ ਅਤੇ ਨਿਕਾ ਕਿਸਾਨ ਤਕ ਸ਼ਾਮਲ ਹਨ। ਭਾਰਤੀ ਕਾਮਾ ਜਮਾਤ ਦਾ 80 ਤੋਂ ਵਧ ਪ੍ਰਤੀਸ਼ਤ ਏਸੇ ਖੇਤਰ ਦੇ ਦਾਇਰੇ ਵਿੱਚ ਆਉਂਦਾ ਹੈ। ਨਾ ਸਿਰਫ਼ ਇਹ ਲੋਕ ਇਸ ਜਬਰੀ ਲਿਆਂਦੀ ਗਈ ਮੰਦਹਾਲੀ ਕਾਰਨ (ਕੰਮ/ਬਾਜ਼ਾਰ/ਉਸਾਰੀ ਆਦਿ ਪਿਛਲੇ 10 ਦਿਨਾਂ ਤੋਂ ਤਕਰੀਬਨ ਠੱਪ ਹਨ ਅਤੇ ਇਹ ਲੋਕ ਭਟਕ ਰਹੇ ਹਨ) ਰੋਟੀ ਤੋਂ ਆਤਰ ਹਨ, ਉਨ੍ਹਾਂ ਦੀ ਨਗੂਣੀ ਜਿਹੀ ਜਮਾਂ ਪੂੰਜੀ ਵੀ ਕਿਸੇ ਕੰਮ ਨਹੀਂ ਆ ਸਕਦੀ। ਫਰਜ਼ ਕਰੋ ਕਿਸੇ ਕਾਮੇ ਨੇ 5000 ਰੁਪਏ ਜੋੜੇ ਵੀ ਹੋਏ ਹੋਣ, ਭਲਾ 30 ਦਸੰਬਰ ਤਕ ਸਿਰਫ਼ ਇਕੋ ਵਾਰ 2000 ਰੁਪਏ ਹੀ ਬਦਲਾ ਸਕਣ ਦੇ ਇਸ ਨਵੇਂ ਫੈਸਲੇ ਨਾਲ ਉਹ ਕਿੰਨੇ ਕੁ ਦਿਨ ਗੁਜ਼ਾਰਾ ਕਰ ਲਵੇਗਾ। ਇਨ੍ਹਾਂ ਕਾਮਿਆਂ ਕੋਲ ਨਾ ਕੋਈ ਖਾਤਾ ਹੁੰਦਾ ਹੈ, ਨਾ ਅਮੀਰਾਂ ਵਾਂਗ ਆਪਣੇ 500/1000 ਬਦਲਾ ਸਕਣ ਦੇ ਕੋਈ ਹੋਰ ਢੰਗ-ਤਰੀਕੇ।

ਸਰਕਾਰ ਨੇ ਰਾਤੋ ਰਾਤ ਨੋਟਬੰਦੀ ਦਾ  ਫਰਮਾਨ ਤਾਂ ਜਾਰੀ ਕਰ ਦਿੱਤਾ ਪਰ ਹੁਣ ਨਿਤ ਨਵੇਂ ਫੈਸਲੇ ਜਾਰੀ ਕਰ ਰਹੀ ਹੈ। ਕਦੇ 4000, ਕਦੇ 4500 ਅਤੇ ਹੁਣ ਸਿਰਫ਼ 2000 ਰੁਪਏ ਬਦਲਾ ਸਕਣ ਜਾਂ ਕਦੇ ਖਾਤਿਆਂ ਵਿਚੋਂ 20 ਅਤੇ ਕਦੇ 24 ਹਜ਼ਾਰ ਕਢਾ ਸਕਣ ਦੇ ਨਿਰਦੇਸ਼, ਉਂਗਲਾਂ ਉਤੇ ਕਾਲੇ ਨਿਸ਼ਾਨ ਲਾਉਣ ਦੀ ਪਿੱਛੋਂ-ਸੁਝੀ, ਵਿਆਹਾਂ ਲਈ ਢਾਈ ਲੱਖ ਦੇਣ ਦੇ ਵਾਇਦੇ...ਰੋਜ਼ ਰੋਜ਼ ਬਦਲਦੇ ਫੈਸਲੇ ਸਿਰਫ਼ ਇਕੋ ਗੱਲ ਵਲ ਇਸ਼ਾਰਾ ਕਰਦੇ ਹਨ ਕਿ ਇਕ ਨਾਸਮਝ ਫੈਸਲਾ ਲੈ ਤਾਂ ਲਿਆ ਗਿਆ, ਹੁਣ ਉਸਨੂੰ ਸਿਰੇ ਚਾੜ੍ਹਨ ਲਈ ਅੱਕੀ-ਪਲਾਹੀਂ ਹਥ ਮਾਰੇ ਜਾ ਰਹੇ ਹਨ। ਮੋਦੀ ਦਾ ਆਪਣੇ ਗਰਜਵੇਂ ਭਾਸ਼ਣ ਦੌਰਾਨ ਨਾਟਕੀ ਗੀਅਰ ਬਦਲ ਕੇ ਅਚਾਨਕ ਫਿਸ ਪੈਣਾ, ਅਤੇ ਫੇਰ 50 ਦਿਨ ਦੀ ਮੋਹਲਤ ਮੰਗਣਾ ਸਭ ਏਸੇ ਮੂਰਖਤਾ ਅਤੇ ਜੋਖਮ ਭਰਪੂਰ ਫੈਸਲੇ ਦਾ ਅੱਕ ਚਬਣ-ਚਬਵਾਉਣ ਦੀਆਂ ਕੋਸ਼ਿਸ਼ਾਂ ਦੀਆਂ ਨਿਸ਼ਾਨੀਆਂ ਹਨ। ਮਾਰਕਸਵਾਦੀ ਪ੍ਰੋਫ਼ੈਸਰਾਂ ਤੋਂ ਲੈ ਕੇ ਵਿਸ਼ਵ-ਬੈਂਕ / ਰਿਜ਼ਰਵ ਬੈਂਕ ਦੇ ਰਹਿ ਚੁਕੇ ਉਚ ਅਧਿਕਾਰੀਆਂ ਵਿਚੋਂ ਇਕ ਵੀ ਆਰਥਕ ਮਾਹਰ ਅਜਿਹਾ ਨਹੀਂ ਲਭਦਾ ਜਿਸਨੇ ਇਸ ਨੋਟਬੰਦੀ ਨੂੰ ਆਰਥਕ ਪੱਖੋਂ ਸਿਆਣਾ ਫੈਸਲਾ ਮੰਨਿਆ ਹੋਵੇ। ਸਭ ਤੋਂ ਵਧ ਤਿਖਾ ਹਮਲਾ ਤਾਂ ਮੋਦੀ-ਮੁਕਤ ਭਾਜਪਾ ਦੇ ਸਮਿਆਂ ਦੇ ਸਭ ਤੋਂ ਵਡੇ ਸਿਧਾਂਤਕਾਰ ਅਤੇ ਆਰਥਸ਼ਾਸਤਰੀ ਅਰੁਣ ਸ਼ੋਰੀ ਨੇ ਹੀ ਕੀਤਾ ਜਿਸਨੇ ਇਸ ਨੋਟਬੰਦੀ ਦੀ ਚੀਰ ਫਾੜ ਕਰਦਿਆਂ ਕਿਹਾਂ: " ਜਦੋਂ ਦੇਸ ਕਿਸੇ ਮੂਰਖ ਨੂੰ ਪਰਧਾਨ ਮੰਤਰੀ ਚੁਣ ਲਵੇ , ਤਾਂ ਇਹੋ ਹਾਲ ਹੋਣਾ ਹੁੰਦਾ ਹੈ"।

ਮੋਦੀ ਨੇ 50 ਦਿਨ ਮੰਗੇ ਹਨ। ਬਹੁਤ ਸਾਰੇ ਸਧਾਰਨ ਲੋਕ ਅਜੇ ਵੀ ਇਹ ਆਸ ਲਾਈ ਬੈਠੇ ਹਨ ਕਿ ਸਾਰਾ ' ਕਾਲਾ ਧਨ' ਬਾਹਰ ਆ ਜਾਣ ਮਗਰੋਂ ਸ਼ਾਇਦ ਲਹਿਰਾਂ ਬਹਿਰਾਂ ਹੋ ਹੀ ਜਾਣ। ਪਰ ਕੀ 30 ਦਸੰਬਰ ਤੋਂ ਮਗਰੋਂ ਕਾਲੇ ਤੋਂ ਚਿਟੇ ਹੋਏ ਇਸ ਧਨ ਦਾ ਕੋਈ ਅਜਿਹਾ ਸਰੋਵਰ ਬਣ ਕੇ ਤਿਆਰ ਹੋ ਜਾਵੇਗਾ ਜਿਸ ਵਿਚੋਂ ਅਸੀ ਬੁੱਕਾਂ ਭਰ ਭਰ ਕੇ ਆਪੋ ਆਪਣੇ ਘਰ ਲਿਜਾ ਸਕਾਂਗੇ?

ਲ਼ੋਕ ਇਹ ਵੀ ਕਹਿੰਦੇ ਹਨ ਕਿ ਇਸ ਨਾਲ ਦਹਿਸ਼ਤਗਰਦਾਂ ਵੱਲੋਂ ਵਰਤਿਆ ਜਾਂਦਾ ਪੈਸਾ ਜ਼ੀਰੋ ਹੋ ਗਿਆ ਹੈ। ਪਰ ਜੇ ਪਿਛਲੇ ਨੋਟਾਂ ਦੇ ਜਾਅਲੀ ਰੂਪ ਮਾਰਕੀਟ ਵਿੱਚ ਆ ਗਏ ਸਨ, ਤਾਂ ਕੀ ਨਵੇਂ ਨੋਟਾਂ ਦੀ ਨਕਲ ਨਹੀਂ ਹੋ ਸਕਦੀ ! ਸਗੋਂ ਹੁਣ ਤਾਂ 2000 ਦਾ ਨੋਟ ਲਿਆ ਕੇ ਅਸੀ ਸ਼ਾਇਦ ਜਾਅਲੀ ਨੋਟ ਛਾਪਣ ਵਾਲਿਆਂ ਦਾ ਖਰਚਾ  ਵੀ ਘਟਾ ਦਿੱਤਾ ਹੈ। ਓਨੇ ਹੀ ਖਰਚੇ ਵਿੱਚ ਉਹ ਦੁਗਣੀ ਰਕਮ ਦਾ ਜਾਅਲੀ ਨੋਟ ਬਣਾ ਸਕਣਗੇ।

ਅਤੇ ਕੀ ਮਾਰਕੀਟ ਵਿੱਚ ਨਵੇਂ ਨੋਟ ਆ ਜਾਣ ਨਾਲ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ? ਕੀ ਹਰ ਸਰਕਾਰੀ ਅਫ਼ਸਰ ਹੁਣ ਰਿਸ਼ਵਤ ਲੈਣੀ ਬੰਦ ਕਰ ਦੇਵੇਗਾ? ਕੀ ਪ੍ਰਾਈਵੇਟ ਕਾਲਜਾਂ ਵਾਲੇ ਲੱਖਾਂ ਦੀ ਦਾਖਲਾ-ਫੀਸ ਤੋਂ ਬਿਨਾ ਹੀ ਵਿਦਿਆਰਥੀ ਭਰਤੀ ਕਰ ਲਿਆ ਕਰਨਗੇ?  ਅਤੇ ਕੀ ਤੁਸੀ ਆਪਣੇ ਉਲਟੇ-ਸਿਧੇ ਕੰਮ ਕਰਾਉਣ ਲਈ ਨਵੀਂ ਕਰੰਸੀ ਨਾਲ ਰਸੂਖ ਵਾਲੇ ਬੰਦਿਆਂ ਦੀਆਂ ਹਥੇਲੀਆਂ ਗਰਮ ਕਰਨੀਆਂ ਬੰਦ ਕਰ ਦਿਉਗੇ?

ਇਹ ਸਭ ਤਾਂ ਬੰਦ ਨਹੀਂ ਹੋਣ ਵਾਲਾ ਪਰ ਇਸ ਨੋਟਬੰਦੀ ਕਾਰਨ ਤਬਾਹੀ ਵਲ ਧਕੇ ਜਾਣ ਵਾਲੇ ਛੋਟੇ ਕਿਰਤੀਆਂ ਨੂੰ ਮੁੜ ਲੀਹੇ ਕੌਣ ਪਾਵੇਗਾ ? ਇਸ ਜਬਰੀ ਠੋਸੀ ਗਈ ਮੰਦਹਾਲੀ ਕਾਰਨ ਰੋਜ਼ ਅਰਥਚਾਰੇ ਨੂੰ ਹੋਣ ਵਾਲੇ ਨੁਕਸਾਨ ਨੂੰ ਕੌਣ ਭਰੇਗਾ? ਜਿਹੜੀਆਂ 40 ਮੌਤਾਂ ਹੋ ਚੁਕੀਆਂ ਹਨ , ਉਨ੍ਹਾਂ ਲਈ ਕੌਣ ਜਵਾਬਦੇਹ ਹੈ? ਹੋਰ ਤਾਂ ਹੋਰ, ਏਨਾ ਹੀ ਦਸ ਦਿਉ ਕਿ 15 ਲੱਖ ਕਰੋੜ ਦੀ ਕਰੰਸੀ ਨੂੰ ਜ਼ਾਇਆ ਕਰਨ , ਅਤੇ ਮੁੜ ਛਾਪਣ ਲਈ ਕਿੰਨੇ ਹਜ਼ਾਰ ਕਰੋੜ ਰੁਪਏ ਖਰਚਣੇ ਪਏ ਹਨ?

ਲੋਕ ਹੌਲੀ ਹੌਲੀ ਇਸ ਫੈਸਲੇ ਦੀ  ਅਸਲੀਅਤ ਪਛਾਣਨ ਲੱਗ ਪਏ ਹਨ। ਅਤੇ ਜਿਹੜੇ ਅਜੇ ਵੀ ਕਿਸੇ ਭੁਲੇਖੇ ਵਿੱਚ ਹਨ, ਛੇਤੀ ਹੀ ਪਛਾਣ ਲੈਣਗੇ।

Comments

Harjeet singh Grewal

ਫਿਰਗਰੀਬਾਂ ਦੀ ਸਾਰ ਕੀਹਨੇ ਲੈਣੀ ਆ ਪੈ ਜੇ ਪਲੇਗ ਮੋਦੀ ਰੁੜ ਜਾਣੇ ਨੂੰ

vaishno D sharma

Leader tyLANDER EK SIKEY DY DOO PASSY

Parminder pal

Golden words

ਮਨਜਿੰਦਰ ਸਿੰਘ ਗਰੇ

pinda wali bholi janta hale vi kehndi aa ki modi babe ne acha kya ... ohna nu ki pta ...modi game la gya .ji modi game la gya

baljit jawaddi

ki bnu duniya da

Gurmander Singh Sidhu

ਕੰਮਲਿਓ ਧੰਨ ਕਦੇ ਕਾਲਾ ਨੀਂ ਹੁੰਦਾ ਇਹਦੀ ਰੌਸ਼ਨੀ ਤਾਂ ਇਨਸਾਨ ਦੀਆਂ ਅੱਖਾਂ ਨੂੰ ਚੁੰਧਿਆ ਜਾਂਦੀ ਐ

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ