Sat, 23 September 2017
Your Visitor Number :-   1088084
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਪੁਲਿਸ ਮੁਲਾਜ਼ਮਾਂ ਨਾਲ ਹੁੰਦਾ ਧੱਕਾ -ਗੁਰਤੇਜ ਸਿੰਘ

Posted on:- 15-12-2016

suhisaver

ਸੂਬੇ ਦੇ ਬਠਿੰਡਾ ਜ਼ਿਲ੍ਹੇ 'ਚ ਕੁਝ ਦਿਨ ਪਹਿਲਾਂ ਸੱਤਾ ਧਿਰ ਦੇ ਇੱਕ ਮੰਤਰੀ ਨੇ ਡਿਉਟੀ 'ਤੇ ਤਾਇਨਾਤ ਇੱਕ ਪੁਲਸ ਮੁਲਾਜ਼ਮ ਨਾਲ ਬਦਤਮੀਜੀ ਕੀਤੀ ਸੀ।ਉਸ ਮੁਲਾਜ਼ਮ ਨੇ ਉਕਤ ਮੰਤਰੀ ਨੂੰ ਗਲਤ ਪਾਰਕਿੰਗ ਤੋਂ ਵਰਜਿਆ ਸੀ ਜੋ ਉਸਦਾ ਫਰਜ਼ ਸੀ ਪਰ ਸੱਤਾ ਦੇ ਨਸ਼ੇ 'ਚ ਚੂਰ ਉਸ ਮੰਤਰੀ ਨੇ ਉਸ ਪੁਲਿਸ ਮੁਲਾਜ਼ਮ ਨੂੰ ਸ਼ਰੇਆਮ ਗਾਲ੍ਹਾਂ ਤੱਕ ਕੱਢੀਆਂ ਸਨ।ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਵਿਭਾਗ 'ਚੋਂ ਕੋਈ ਇਸ ਵਧੀਕੀ ਖਿਲਾਫ ਕੁਸਕਿਆ ਤੱਕ ਨਹੀਂ।ਇਸ ਮੰਦਭਾਗੀ ਅਤੇ ਸ਼ਰਮਨਾਕ ਖਬਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਬੀਤੀ 11 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਵਿਰਕ ਕਲਾਂ ਪਿੰਡ 'ਚ ਪੁਲਿਸ ਹੌਲਦਾਰ ਨਾਲ ਪਿੰਡ ਦੇ ਸਰਪੰਚ ਅਤੇ ਉਸਦੇ ਲੜਕਿਆਂ ਵੱਲੋਂ ਜ਼ਬਰਦਸਤੀ ਕੁੱਟਮਾਰ ਕੀਤੀ।ਉਕਤ ਪੁਲਿਸ ਮੁਲਾਜ਼ਮ ਨੂੰ ਪਿੰਡ 'ਚ ਨਿਰਵਸਤਰ ਕਰਕੇ ਸ਼ਰੇਆਮ ਘੁਮਾਉਣਾ ਅਤੇ ਲੋਕਾਂ ਦਾ ਉਕਤ ਸਰਪੰਚ ਖਿਲਾਫ ਮੂੰਹ ਨਾਂ ਖੋਲਣਾ ਇਸ ਪੂਰੇ ਘਟਨਾਕ੍ਰਮ ਨੇ ਰਾਜਨੀਤਕ ਸ਼ਹਿ ਨੂੰ ਬੇਪਰਦਾ ਕੀਤਾ ਹੈ।ਇਸ ਰਾਜਨੀਤਕ ਪਹੁੰਚ ਨੇ ਲੋਕਾਂ ਦੇ ਮਨਾਂ 'ਚੋਂ ਕਾਨੂੰਨ ਦੇ ਸਤਿਕਾਰ ਨੂੰ ਰਫੂ ਚੱਕਰ ਕੀਤਾ ਹੈ।

ਸੰਨ 2012 ਵਿੱਚ ਛੇਹਰਟਾ 'ਚ ਇੱਕ ਪੁਲਿਸ ਏਐੱਸਆਈ ਦੀ ਹੱਤਿਆ ਰਾਜਨੀਤਕ ਪਹੁੰਚ ਵਾਲੇ ਗੁੰਡਿਆਂ ਨੇ ਇਸ ਕਰਕੇ ਕਰ ਦਿੱਤੀ ਸੀ ਉਕਤ ਮੁਲਾਜ਼ਮ ਆਪਣੀ ਧੀ ਨਾਲ ਹੁੰਦੀ ਛੇੜਖਾਨੀ ਦਾ ਵਿਰੋਧ ਕਰ ਰਿਹਾ ਸੀ ਜਿਸਦੇ ਜਵਾਬ 'ਚ ਉਨ੍ਹਾਂ ਗੁੰਡਿਆਂ ਨੇ ਸ਼ਰੇਆਮ ਪੁਲਿਸ ਚੌਂਕੀ ਦੇ ਨਜਦੀਕ ਉਸ ਪੁਲਿਸ ਅਫਸਰ ਨੂੰ ਗੋਲੀ ਮਾਰ ਦਿੱਤੀ ਸੀ।ਇਨਸਾਫ ਲਈ ਉਸਦਾ ਪਰਿਵਾਰ ਦਰ ਬ ਦਰ ਭਟਕੇ ਪਰ ਰਾਜਨੀਤਕ ਸ਼ਹਿ ਕਾਰਨ ਇਨਸਾਫ ਉਨ੍ਹਾਂ ਤੋਂ ਦੂਰ ਹੁੰਦਾ ਚਲਾ ਗਿਆ।

ਅਮਨ ਸ਼ਾਂਤੀ ਦੀ ਸਥਾਪਤੀ ਅਤੇ ਵੀਆਈਪੀਜ ਦੀ ਖਿਦਮਤ ਦੌਰਾਨ ਅਕਸਰ ਹੀ ਪੁਲਿਸ ਮੁਲਾਜ਼ਮ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਜਾਦੇ ਹਨ।2012 ਵਿੱਚ ਦਿੱਲੀ 'ਚ ਦਾਮਿਨੀ ਦੁਰਾਚਾਰ ਦੇ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕੀਤੀ ਕਾਰਵਾਈ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਸੀ।ਇਸੇ ਤਹਿਤ ਤਰਨਤਾਰਨ ਵਿੱਚ ਕਿਸਾਨ ਆਗੂਆਂ ਖਿਲਾਫ ਕੀਤੀ ਕਾਰਵਾਈ ਦੌਰਾਨ ਇੱਕ ਏਐਸਆਈ ਦੀ ਮੌਤ ਹੋ ਗਈ ਸੀ।ਇਸੇ ਸਾਲ ਕੁਝ ਮਹੀਨੇ ਪਹਿਲਾਂ ਜ਼ੀਰਕਪੁਰ ਵਿੱਚ ਗਸ਼ਤ ਕਰ ਰਹੀ ਪੁਲਿਸ ਪਾਰਟੀ 'ਤੇ ਕੁਝ ਲੋਕਾਂ ਵੱਲੋਂ ਫਾਇਰੰਗ ਕੀਤੀ ਗਈ ਸੀ ਤੇ ਜਵਾਬੀ ਕਾਰਵਾਈ 'ਚ ਪੁਲਿਸ ਦੇ ਹਥਿਆਰਾਂ ਨੇ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ।ਅੱਜ ਵੀ ਪੁਲਿਸ ਮੁਲਾਜ਼ਮ ਸਿਰਫ ਸੋਟੀਆਂ ਨਾਲ ਹੀ ਵੇਲਾ ਪੂਰਾ ਕਰ ਰਹੇ ਹਨ।ਸੋਟੀ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਅਪਰਾਧੀ ਨਾਲ ਕਿਸ ਤਰਾਂ ਮੁਕਾਬਲਾ ਕੀਤਾ ਜਾ ਸਕਦਾ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਖੁਦ ਅਸੁਰੱਖਿਤ ਮਹਿਸੂਸ ਕਰਦੇ ਹਨ ਤੇ ਅਪਰਾਧੀ ਉਨ੍ਹਾਂ ਉੱਤੇ ਹਾਵੀ ਹੋ ਜਾਦੇ ਹਨ।

ਪੁਲਿਸ ਨਾਲ ਜਿਆਦਤੀ ਦਾ ਅਹਿਮ ਕਾਰਨ ਰਾਜਨੀਤਕ ਹੈ ਅਤੇ ਹਮੇਸ਼ਾਂ ਤੋਂ ਹੀ ਪੁਲਿਸ ਰਾਜਨੀਤਕ ਦਬਾਅ ਦਾ ਸ਼ਿਕਾਰ ਰਹੀ ਹੈ ਇਸ ਗੱਲ ਨੂੰ ਪੁਲਿਸ ਦੇ ਉੱਚ ਅਧਿਕਾਰੀ ਵੀ ਮੰਨਦੇ ਹਨ।ਜਦੋਂ ਤੱਕ ਪੁਲਿਸ 'ਤੇ ਰਾਜਨੀਤਕ ਦਬਾਅ ਰਹੇਗਾ ਉਦੋਂ ਤੱਕ ਇਸਦਾ ਨਿੱਡਰ ਤੇ ਨਿਰਪੱਖ ਹੋਣਾ ਮੁਸ਼ਕਿਲ ਹੈ।ਪੁਲਿਸ ਨੂੰ ਸਿੱਧਾ ਗਵਰਨਰ ਦੀ ਦੇਖਰੇਖ 'ਚ ਤਬਦੀਲ ਕਰਨ ਨਾਲ ਰਾਜਨੀਤਕ ਗਲਬਾ ਘਟਣ ਦੀ ਉਮੀਦ ਹੈ ਕਿਉਂਕਿ ਹਾਕਮ ਧਿਰ ਪੁਲਿਸ ਅਤੇ ਸੀਬੀਆਈ ਨੂੰ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਵਰਤਦੀ ਹੈ।ਜਿਸ ਕਰਕੇ ਪੁਲਿਸ ਪੱਖਪਾਤ ਦੇ ਦੋਸ਼ਾਂ ਦਾ ਅਕਸਰ ਸਾਹਮਣਾ ਕਰਦੀ ਹੈ।ਜਣੇ ਖਣੇ ਨੂੰ ਸੁਰੱਖਿਆ ਦੇਣ ਦੇ ਨਾਂਅ 'ਤੇ ਪੁਲਿਸ ਜਵਾਨਾਂ ਦੀ ਤਾਇਨਾਤੀ ਹਰ ਰਾਜਨੀਤਕ ਨੇਤਾ ਨਾਲ ਹੈ।ਦਿੱਲੀ ਪੁਲਿਸ ਦੇ 70 ਫੀਸਦੀ ਪੁਲਿਸ ਜਵਾਨ ਵੀਆਈਪੀਜ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਤਾਇਨਾਤ ਹਨ।ਇਹੀ ਹਾਲ ਪੂਰੇ ਦੇਸ਼ ਦੀ ਪੁਲਿਸ ਦਾ ਹੈ।ਸਾਰੇ ਪੁਲਿਸ ਜਵਾਨ ਵੀਆਈਪੀ ਡਿਉਟੀ ਤੋਂ ਬਹੁਤ ਔਖੇ ਹਨ।ਧੁੱਪ ਧੂੜ 'ਚ ਖਪਦੇ ਪੁਲਿਸ ਜਵਾਨ ਕਈ ਵਾਰ ਭੁੱਖਣ ਭਾਣੇ ਸੜਕਾਂ 'ਤੇ ਖੜੇ ਕੀਤੇ ਜਾਦੇ ਹਨ।ਨੇਤਾਵਾਂ ਦੀ ਆਮਦ ਪੁਲਿਸ ਨੂੰ ਸੂਲੀ 'ਤੇ ਟੰਗ ਦਿੰਦੀ ਹੈ ਤੇ ਪੁਲਿਸ ਦੇ ਸਾਰੇ ਅਫਸਰ ਆਪਣੇ ਕੰਮਕਾਰ ਛੱਡ ਕੇ ਨੇਤਾਵਾਂ ਦੀ ਖਿਦਮਤ 'ਚ ਹਾਜ਼ਰ ਹੁੰਦੇ ਹਨ ਜੋ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਹੈ।ਇਸ ਤਰਾਂ ਆਮ ਲੋਕ ਵੀ ਡਾਹਢੇ ਪ੍ਰੇਸ਼ਾਨ ਹੁੰਦੇ ਹਨ।ਇਸ ਵੀਆਈਪੀ ਸੱਭਿਆਚਾਰ ਅਤੇ ਫੋਕੀ ਸ਼ਾਨ ਲਈ ਪੁਲਿਸ ਜਵਾਨਾਂ ਦਾ ਕਾਫਿਲਾ ਲੈਕੇ ਨਾਲ ਚੱਲਣ ਨੂੰ ਹੁਣ ਹਰ ਹੀਲੇ ਬੰਦ ਕਰਨਾ ਪਵੇਗਾ।ਇਹ ਪਹਿਲ ਪੁਲਿਸ ਨੂੰ ਹੀ ਕਰਨੀ ਪਵੇਗੀ।ਅਗਰ ਕਿਸੇ ਨੂੰ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਖਰਚੇ 'ਤੇ ਅਜਿਹੇ ਸ਼ੌਂਕ ਪੂਰੇ।

ਇਸ ਪੱਖ ਨੂੰ ਵੀ ਪੁਲਿਸ ਮੁਲਾਜ਼ਮਾਂ ਨਾਲ ਹੁੰਦੀ ਜਿਆਦਤੀ ਨਾਲ ਹੀ ਜੋੜਿਆ ਜਾ ਸਕਦਾ ਹੈ ਕਿ ਹੋਰ ਵਿਭਾਗਾਂ ਦਾ ਕੰਮਕਾਰ ਨਿਯਤ ਸਮੇਂ 'ਚ ਹੁੰਦਾ ਹੈ ਪਰ ਪੁਲਿਸ ਵਿਭਾਗ ਦਾ ਕੰਮਕਾਰ ਸਮਾਂ ਸੀਮਾ ਤੋਂ ਬਾਹਰ ਹੈ।ਇਸ ਕਰਕੇ ਪੁਲਿਸ ਮੁਲਾਜ਼ਮਾਂ ਦਾ ਘਰੇਲੂ ਅਤੇ ਸਮਾਂਜਿਕ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ।ਜ਼ਿਆਦਾ ਦੇਰ ਤੱਕ ਡਿਉਟੀ ਕਰਨਾ ਅਤੇ ਅਫਸ਼ਰਸ਼ਾਹੀ ਦੇ ਦਬਾਅ ਨੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਦਿਲ,ਸ਼ੱਕਰ,ਹਾਈਪਰਟੈਂਸ਼ਨ, ਚਿੜਚਿੜਾਪਨ ਆਦਿ ਰੋਗਾਂ ਦੇ ਮਰੀਜ ਬਣਾਇਆ ਹੈ, ਇਸ ਕਰਕੇ ਪੁਲਿਸ ਮੁਲਾਜ਼ਮ ਖਿਝੇ ਰਹਿੰਦੇ ਹਨ ਤੇ ਲੋਕਾਂ ਨਾਲ ਸਾਂਝ ਪੀਢੀ ਨਹੀਂ ਹੋ ਪਾਉਦੀ।ਆਰਥਿਕ ਸੁਧਾਰਾਂ ਦਾ ਮੁੱਦਾ ਵੀ ਇੱਥੇ ਵਿਚਾਰਨਯੋਗ ਹੈ ਕਿ ਸੰਨ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਂਸ਼ਨ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ।ਪੁਲਿਸ ਮੁਲਾਜ਼ਮਾਂ ਦੀ ਡਿਉਟੀ ਮੁਤਾਬਕ ਉਨ੍ਹਾਂ ਨਾਲ ਇਹ ਜਿਆਦਤੀ ਹੀ ਹੈ।

ਇਸ ਪੂਰੇ ਵਰਤਾਰੇ ਨੇ ਸੋਚਣ 'ਤੇ ਮਜਬੂਰ ਕੀਤਾ ਹੈ ਕਿ ਅਗਰ ਅਮਨ ਕਾਨੂੰਨ ਦੀ ਸੰਸਥਾਪਕ ਖੁਦ ਪੁਲਿਸ ਹੀ ਇੰਨੇ ਵੱਡੇ ਪੱਧਰ 'ਤੇ ਜਿਆਦਤੀਆਂ ਦਾ ਸ਼ਿਕਾਰ ਹੈ ਤਾਂ ਅਪਰਾਧੀ ਅਨਸਰਾਂ ਵੱਲੋਂ ਆਮ ਲੋਕਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦਾ ਵਿਰੋਧ ਕਰੂ ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਆਤੰਕ ਤੋਂ ਅਜਾਂਦੀ ਕੌਣ ਦਿਵਾਏਗਾ।ਪੁਲਿਸ ਵਿਭਾਗ ਅਜੇ ਆਪਣੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਯਕੀਨੀ ਨਹੀਂ ਬਣਾ ਸਕਿਆ ਤੇ ਉਨ੍ਹਾਂ ਖਿਲਾਫ ਹੁੰਦੀ ਧੱਕੇਸ਼ਾਹੀ ਦੇ ਖਿਲਾਫ ਬੋਲਣ ਤੋਂ ਅਸਮਰੱਥ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਤਾਂ ਫਿਰ ਰੱਬ ਆਸਰੇ ਹੀ ਹੈ।ਸੰਨ 1979 ਵਿੱਚ ਪੁਲਿਸ ਨੇ ਆਪਣੇ ਖਿਲਾਫ ਹੁੰਦੀ ਧੱਕੇਸ਼ਾਹੀ ਦੇ ਵਿਰੋਧ 'ਚ ਹੜਤਾਲ ਕੀਤੀ ਸੀ ਜਿਸ ਤੋਂ ਸਾਫ ਹੈ ਕਿ ਪੁਲਿਸ ਨਾਲ ਜਿਆਦਤੀ ਅੱਜ ਦੀ ਹੀ ਨਹੀਂ ਪੁਰਾਣੀ ਰੀਤ ਹੈ।ਇਸ ਰੀਤ ਨੂੰ ਹਰ ਹੀਲੇ ਤੋੜਨਾ ਹੋਵੇਗਾ,ਪੁਲਿਸ ਦੀ ਸ਼ਕਤੀ ਅਪਰਾਧੀ ਅਨਸਰਾਂ ਨੂੰ ਸਮਝਾਉਣੀ ਪਵੇਗੀ।ਰਾਜਨੀਤਕ ਗਲਬੇ ਦੇ ਜਾਲ ਤੋਂ ਬਾਹਰ ਆਉਣ ਲਈ ਸਮੁੱਚੀ ਪੁਲਿਸ ਨੂੰ ਇਕੱਠੇ ਹੋਕੇ ਹੰਭਲਾ ਮਾਰਨਾ ਹੀ ਪਵੇਗਾ ਨਹੀਂ ਤਾਂ ਇਸਦਾ ਖਾਮਿਆਜ਼ਾ ਉਹ ਸਦਾ ਭੁਗਤਦੇ ਰਹਿਣਗੇ।

ਸੰਪਰਕ: 94641-72783

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ