Sun, 24 September 2017
Your Visitor Number :-   1088358
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਨੋਟਬੰਦੀ : ਨਵੇਂ ਸਾਲ ਦੀ ਆਮਦ ਸਮੁੱਚੇ ਭਾਰਤੀਆਂ ਲਈ ਲੱਕ ਤੋੜਵੀਂ - ਗੁਰਪ੍ਰੀਤ ਰੰਗੀਲਪੁਰ

Posted on:- 31-12-2016

suhisaver

ਸਮੁੱਚਾ ਭਾਰਤ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਾਲ ਮਜ਼ਦੂਰੀ, ਭਰੂਣ ਹੱਤਿਆ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ । ਇਹੋ-ਜਿਹੇ ਦੁਖਾਂਤ ਵਿੱਚੋਂ ਗੁਜ਼ਰ ਰਹੇ ਲੋਕਾਂ ਤੇ 08 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੋਟਬੰਦੀ ਦੇ ਐਲਾਨ ਨੇ ਸਮੁੱਚੇ ਭਾਰਤ ਦੇ ਲੋਕਾਂ ਉੱਤੇ ਇੱਕ ਅਸਮਾਨੀ ਗੋਲਾ ਸੁੱਟਿਆ । ਇਸ ਅਸਮਾਨੀ ਗੋਲੇ ਨੇ ਲੋਕਾਂ ਦੀ ਹਾਲਤ ਬਦ ਨਾਲੋਂ ਵੀ ਬਦਤਰ ਕਰ ਦਿੱਤੀ ਹੈ । ਹੁਣ ਤੱਕ ਇਸ ਨੋਟ ਬੰਦੀ ਦਾ ਕੋਈ ਸਾਰਥਿਕ ਸਿੱਟਾ ਸਾਹਮਣੇ ਨਹੀਂ ਆਇਆ ਹੈ ।

" ਨੋਟਬੰਦੀ ਹੈ ਸਾਬਤ ਹੋਈ ਉਸਤਰਿਆਂ ਦੀ ਮਾਲਾ,
ਪੀਰਾਂ ਦਾ ਵੀ ਪੀਰ ਨਿਕਲਿਆ ਮੋਮ ਜਿਹੇ ਨੱਕ ਵਾਲਾ । "


ਅਚਾਨਕ ਪੰਜ ਸੋ ਅਤੇ ਹਜ਼ਾਰ ਦੇ ਬੰਦ ਕੀਤੇ ਨੋਟਾਂ ਨੇ ਲੋਕਾਂ ਵਿੱਚ ਹਲਚਲ ਮਚਾ ਦਿੱਤੀ । ਜ਼ਾਰੀ ਕੀਤਾ ਦੋ ਹਜ਼ਾਰ ਦਾ ਨੋਟ ਵੀ ਲੋਕਾਂ ਦੇ ਬਹੁਤਾ ਕੰਮ ਨਾ ਆ ਸਕਿਆ । ਉੱਪਰੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਪੰਜਾਹ ਦਿਨਾਂ ਵਿੱਚ ਇਸ ਹਾਲਾਤ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਜਾਵੇਗਾ । ਉਹਨਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨੋਟਬੰਦੀ ਨਾਲ ਭ੍ਰਿਸ਼ਟਾਚਾਰੀਆਂ ਕੋਲੋਂ ਕਾਲਾ ਧੰਨ ਕਢਾਇਆ ਜਾ ਸਕੇਗਾ । ਪਰ ਵੱਡਾ ਦੁਖਾਂਤ ਹੈ ਕਿ ਪੰਜਾਹ ਤੋਂ ਵੱਧ ਦਿਨ ਗੁਜ਼ਰ ਗਏ ਹਨ ਪਰ ਪ੍ਰਧਾਨ ਮੰਤਰੀ ਜੀ ਇਸ ਬਦਤਰ ਹਾਲਾਤ ਤੇ ਕਾਬੂ ਨਹੀਂ ਪਾ ਸਕੇ ਹਨ । ਨਾ ਹੀ ਉਹ ਭ੍ਰਿਸ਼ਟਾਚਾਰੀਆਂ ਦੇ ਕੋਲੋਂ ਕਾਲਾ ਧੰਨ ਕਢਵਾ ਸਕੇ ਹਨ ।

ਦਰਅਸਲ ਵਿੱਚ ਕਾਲਾ ਧੰਨ ਨੋਟਾਂ ਦੇ ਰੂਪ ਵਿੱਚ 2-3 % ਤੋਂ ਵੱਧ ਨਹੀਂ ਹੈ । ਬਾਕੀ 97-98 % ਕਾਲਾ ਧੰਨ ਬੇਨਾਮੀ ਜਾਇਦਾਦਾਂ, ਬੇਨਾਮੀ ਕਾਰੋਬਾਰਾਂ, ਰੀਅਲ ਅਸਟੇਟ, ਸੋਨਾ, ਸਭ ਤੋਂ ਵੱਧ ਵਿਦੇਸ਼ੀ ਬੈਂਕਾਂ ਵਿੱਚ ਹੈ, ਜੋ ਪ੍ਰਧਾਨ ਮੰਤਰੀ ਜੀ ਲਿਆਉਣ ਵਿੱਚ ਬਿਲਕੁਲ ਨਾਕਾਮ ਰਹੇ ਹਨ । ਉਲਟਾ ਫਿਫਟੀ-ਫਿਫਟੀ ਵਰਗੀਆਂ ਸਕੀਮਾਂ ਰਾਹੀਂ ਉਹ ਭ੍ਰਿਸ਼ਟਾਚਾਰੀਆਂ ਨੂੰ ਖੁੱਲ੍ਹ ਦੇ ਰਹੇ ਹਨ ।

ਬਿਨਾਂ ਕਿਸੇ ਖਾਸ ਤਿਆਰੀ ਦੇ ਅਤੇ ਖੇਤੀ-ਮੁਖੀ ਦੇਸ਼ ਵਿੱਚ ਕਣਕ ਦੀ ਬਿਜਾਈ ਵੇਲੇ ਗਲਤ ਸਮੇਂ ਲਿਆ ਗਿਆ ਇਹ ਫੈਸਲਾ ਸਾਰਥਿਕ ਨਹੀਂ ਹੋ ਸਕਿਆ ਹੈ । ਉੱਪਰੋਂ ਸ਼ੋਸ਼ਲ ਮੀਡੀਏ ਤੇ ਪ੍ਰਚਲਿੱਤ ਤਸਵੀਰਾਂ ਅਤੇ ਅੰਕੜੇ ਦੱਸਦੇ ਹਨ ਕਿ ਨੋਟਬੰਦੀ ਤੋਂ ਪਹਿਲਾਂ ਕੁਝ ਰਾਜਸੀ ਨੇਤਾਵਾਂ ਕੋਲ ਦੋ-ਦੋ ਹਜ਼ਾਰ ਦੇ ਨੋਟ ਪਹੁੰਚ ਚੁੱਕੇ ਸਨ । ਦੋ ਹਜ਼ਾਰ ਦੇ ਨੋਟ ਤੇ ਜਿਸ ਗਵਰਨਰ ਦੇ ਹਸਤਾਖਰ ਹਨ ਦਰਅਸਲ ਉਹ ਗਵਰਨਰ ਹੀ ਬਾਦ ਵਿੱਚ ਬਣੇ ਹਨ । ਵੱਡੇ ਉਦਯੋਗਪਤੀਆਂ ਦੇ ਅਰਬਾਂ-ਖਰਬਾਂ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ । ਕਈਆਂ ਕਰੋੜਪਤੀਆਂ ਨੂੰ ਹੋਰ ਕਰਜ਼ੇ ਦਿੱਤੇ ਜਾ ਰਹੇ ਹਨ । ਇਹ ਸਾਰਾ ਕੁਝ ਬਹੁਤ ਸਾਰੇ ਸਵਾਲ ਖੜ੍ਹੇ ਕਰ ਰਹੇ ਹਨ । ਪਰ ਹੈਰਾਨੀਜਨਕ ਗੱਲ ਇਹ ਹੈ ਕਿ ਹਕੀਕਤ ਲੋਕਾਂ ਦੇ ਸਾਹਮਣੇ ਹੈ ਪਰ ਫਿਰ ਵੀ ਸਿਰ ਮੁੰਨਾਂ ਕੇ ਪ੍ਰਧਾਨ ਮੰਤਰੀ ਜੀ ਭੱਦਰਾਂ ਪੁੱਛਦੇ-ਫਿਰਦੇ ਹਨ । ਕਹਿਣ ਦਾ ਭਾਵ ਹੈ ਕਿ ਪ੍ਰਧਾਨ ਮੰਤਰੀ ਜੀ ਹਾਲਾਤਾਂ ਨਾਲ ਨਜਿੱਠਣ ਦੀ ਥਾਂ ਤੇ ਲੋਕਾਂ ਨੂੰ ਨਵੀਆਂ-ਨਵੀਆਂ ਸਕੀਮਾਂ ਦੱਸ ਕੇ ਭਰਮਾ ਰਹੇ ਹਨ । ਇੱਥੋਂ ਤੱਕ ਕਿ ਹੁਣ ਬੈਂਕਾਂ ਅਤੇ ਬੈਂਕ ਮੁਲਾਜ਼ਮਾਂ ਤੇ ਝੂਠੇ ਦੋਸ਼ ਲਾ ਕੇ ਆਪਣੀ ਨਾਕਾਮੀ ਨੂੰ ਛੁਪਾ ਰਹੇ ਹਨ । ਕੈਸ਼ਲੈੱਸ, ਆਨਲਾਈਨ ਆਦਿ ਸਭ ਯੋਜਨਾਵਾਂ ਬਾਰੇ ਰੋਲਾ ਪਾਇਆ ਜਾ ਰਿਹਾ ਹੈ । ਜਦ ਕਿ 75% ਦੇ ਲਗਭਗ ਭਾਰਤੀ ਲੋਕ ਨੈੱਟ ਦੀ ਵਰਤੋਂ ਵੀ ਨਹੀਂ ਕਰ ਸਕਦੇ ।

ਨੋਟਬੰਦੀ ਕਰਕੇ ਹਾਲਾਤ ਇਹ ਹਨ ਕਿ ਲੋਕ ਸੱਚ-ਮੁੱਚ ਕੈਸ਼ਲੈੱਸ ਹੋ ਗਏ ਹਨ । ਤਿੰਨ-ਤਿੰਨ, ਚਾਰ-ਚਾਰ ਦਿਨ ਬੈਂਕਾਂ ਅੱਗੇ ਲੰਬੀਆਂ ਲਾਈਨਾਂ ਲਗਾਉਣ ਤੋਂ ਬਾਅਦ ਆਪਣੇ ਹੀ ਪੈਸੇ ਵਿੱਚੋਂ ਸਿਰਫ ਦੋ ਹਜ਼ਾਰ ਰੁਪਏ ਹਾਂਸਲ ਹੁੰਦੇ ਹਨ ।ਉਸ ਦੋ ਹਜ਼ਾਰ ਦੇ ਨੋਟ ਦਾ ਵੀ ਪਰਚੀਆਂ ਨਾ ਹੋਣ ਕਰਕੇ ਕੋਈ ਮੁੱਲ ਨਹੀਂਂ ਹੈ । ਵਿਆਹਾਂ ਅਤੇ ਮੌਤਾਂ ਵਰਗੇ ਖਰਚੇ ਕਰਨੇ ਪੈਸੇ ਬਿਨਾਂ ਔਖੇ ਹੋਏ ਪਏ ਹਨ । ਸਾਰਿਆਂ ਕੋਲ ਸਵਾਈਪ ਮਸ਼ੀਨਾਂ ਤਾਂ ਕੀ ਏ.ਟੀ.ਐੱਮ. ਵੀ ਨਹੀਂ ਹਨ । ਰੌਜ਼ਾਨਾਂ ਵਰਤੋਂ ਦੀਆਂ ਵਸਤੂਆਂ, ਸਬਜ਼ੀਆਂ, ਦੁੱਧ ਆਦਿ ਨਾ ਖਰੀਦ ਸਕਣ ਕਰਕੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਕਈ ਦਿਨਾਂ ਤੋਂ ਠੰਢੇ ਪਏ ਹਨ । ਸੱਚ ਇਹ ਹੈ ਛੋਟੇ ਦੁਕਾਨਦਾਰ, ਮਿਸਤਰੀ-ਮਜ਼ਦੂਰ ਅਤੇ ਰੇਹੜੀਆਂ ਵਾਲੇ ਤਬਾਹ ਹੋ ਗਏ ਹਨ । ਭਾਰਤ ਵਿੱਚ ਸਾਰੇ ਹੀ ਕੰਮ ਠੱਪ ਹੋ ਚੁੱਕੇ ਹਨ । ਅਰਥਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਦੇਸ਼ ਲੰਮਾ ਸਮਾਂ ਪਿੱਛੇ ਚਲਾ ਜਾਵੇਗਾ । ਸਾਫ ਹੈ ਕਿ ਇਸ ਨੋਟਬੰਦੀ ਦੇ ਫੈਸਲੇ ਨਾਲ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਮਿਲਿਆ ਹੈ ਅਤੇ ਅੱਗੇ ਵੀ ਮਿਲੇਗਾ ।

ਅੱਜ ਨਵਾਂ ਸਾਲ ਵੀ ਸ਼ੁਰੂ ਹੋਇਆ ਹੈ ਪਰ ਸੱਚ ਹੈ ਕਿ ਨੋਟਬੰਦੀ ਰੂਪੀ ਅਸਮਾਨੀ ਗੋਲੇ ਨੇ ਨਵੇਂ ਸਾਲ ਦੀ ਆਮਦ ਸਮੇਂ ਹੀ ਸਮੁੱਚੇ ਭਾਰਤ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਲੋਕ ਪੱਖੀ ਮਨੁੱਖਾਂ, ਸਮੂਹਾਂ, ਜੱਥੇਬੰਦੀਆਂ ਨਾਲ ਰਲ ਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਨ ਕਿ " ਕਾਲੇ ਧੰਨ ਵਾਲੇ ਲੋਕ ਭਾਰਤ ਵਿੱਚ ਸਿਰਫ ਵੱਧ ਤੋਂ ਵੱਧ 5 % ਹੀ ਹਨ । ਕੀ ਉਹ ਉਹਨਾਂ 5% ਲੋਕਾਂ ਤੋਂ ਜਾਣੂ ਨਹੀਂ ਹਨ ? ਕੀ 5% ਦੀ ਗਲਤੀ ਦੀ ਸਜਾ 95% ਨੂੰ ਦੇਣੀ ਠੀਕ ਹੈ ?" ਇਹ ਸਵਾਲ ਕਰਨ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਆਮ ਲੋਕਾਂ ਨੂੰ ਖੱਜਲ-ਖੁਆਰ ਕਰਨ ਦਾ ਵਿਰੋਧ ਵੀ ਕਰਨਾ ਬਣਦਾ ਹੈ । ਸਾਡਾ ਏਕਾ ਹੀ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਦੇ ਹੀ ਗਲਤ ਫੈਸਲੇ ਨੂੰ ਰੱਦ ਕਰਨ ਲਈ ਮਜ਼ਬੂਰ ਕਰੇਗਾ ਅਤੇ ਏਕੇ ਰਾਹੀਂ ਕੀਤਾ ਸੰਘਰਸ਼ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਮੁਕਤ ਕਰੇਗਾ ।

ਸੰਪਰਕ: +91  98552 07071

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ