Sun, 24 September 2017
Your Visitor Number :-   1088360
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਅਸੀਂ ਸਾਰੇ ਗੁਰਮੇਹਰ ਹਾਂ... -ਪਰਮ ਪੜਤੇਵਾਲਾ

Posted on:- 03-03-2017

suhisaver

ਪਹਿਲਾਂ ਉਹ ਕਮਿਊਨਿਸਟਾਂ ਲਈ ਆਏ,
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ।
ਫਿਰ ਉਹ ਟਰੇਡ ਯੂਨਿਅਨਾਂ ਵਾਲਿਆਂ ਲਈ ਆਏ,
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨ ਨਹੀਂ ਸਾਂ।
ਫਿਰ ਉਹ ਯਹੂਦਿਆਂ ਲਈ ਆਏ,
ਅਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਯਹੂਦੀ ਨਹੀ ਸਾਂ।
ਫਿਰ ਉਹ ਮੇਰੇ ਲਈ ਆਏ,
ਅਤੇ ਉਦੋਂ ਤੱਕ ਕੋਈ ਨਹੀਂ ਸੀ ਬਚਿਆ,
ਜੋ ਮੇਰੇ ਲਈ ਬੋਲਦਾ।


ਜੇ ਗੱਲ ਵਿਵਾਦਾਂ ਤੋਂ ਸ਼ੁਰੂ ਕਰੀ ਜਾਵੇ ਤਾਂ ਭਾਰਤ 'ਚ ਹਰ ਘੰਟੇ ਵਿਵਾਦ ਜੰਮਦਾ ਹੈ। ਸਾਡਾ ਦੇਸ਼ ਹੀ ਨਹੀਂ ਪੂਰੀ ਦੁਨੀਆਂ ਗੁਲਾਮਦਾਰੀ ਦੌਰ ਤੋਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਮਨੁੱਖੀ ਕਦਰਾਂ ਕੀਮਤਾਂ ਨੂੰ ਕੁਝ ਕੁ ਬੰਦੇ ਹੀ ਤਬਾਹ ਕਰਨ ਲੱਗੇ ਹੋਏ ਹਨ। ਇਨ੍ਹਾਂ ਦੇ ਵਿਰੋਧ 'ਚ ਕਈ ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਆਜ਼ਾਦ, ਬੋਸ, ਗਦਰੀ ਬਾਬਿਆਂ ਨੇ ਇਨ੍ਹਾਂ ਵਿਵਾਦਾਂ ਤੋਂ ਆਵਾਮ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੀ ਕੁਰਬਾਨੀਆਂ ਕਰ ਦਿੱਤੀਆਂ। ਵਿਵਾਦ ਹਰ ਰੋਜ਼ ਨਵੇਂ ਸਿਖਰ ਨੂੰ ਚੜਦੇ ਜਾਂਦੇ ਹਨ ਤੇ ਵਿਵਾਦਾਂ ਨਾਲ ਮੱਥਾ ਲੈਣ ਲਈ ਸਮਾਂ ਲੋਕਾਂ ਵਿੱਚੋਂ ਹੀ ਲੋਕਾਂ ਦੀ ਅਗਵਾਈ ਕਰਨ ਲਈ ਜਰਨੈਲ ਬਣਾਉਂਦਾ ਹੈ।
                 
ਪਿਛਲੇ ਦੋ ਤਿੰਨ ਸਾਲਾਂ ਤੋਂ ਦੇਸ਼ ਅੰਦਰ ਅਜਿਹੀਆਂ ਗਤੀਵਿਧੀਆਂ ਪੈਦਾ ਹੋ ਰਹੀਆਂ ਹਨ, ਜਿੰਨ੍ਹਾਂ ਦਾ ਸਾਰੇ ਸਮਾਜ ਉੱਤੇ ਹੀ ਬੁਰਾ ਪ੍ਰਭਾਵ ਪੈ ਰਿਹਾ ਹੈ। ਦੇਸ਼ ਨੇ ਹੁਣ ਤੱਕ ਜਿੰਨੀ ਕੁ ਵੀ ਤੱਰਕੀ ਕਰੀ ਹੈ, ਉਸ 'ਚ ਹਰ ਉਸ ਮਜਦੂਰ ਕਿਸਾਨ ਦੀ ਮਿਹਨਤ ਝਾਤੀਆਂ ਮਾਰਦੀ ਹੈ, ਜਿਸ ਨੇ ਆਪਣੇ ਚੰਗੇ ਭਵਿੱਖ ਲਈ ਸਾਲਾਂ ਬੱਧੀ ਨਿਰੰਤਰ ਕੰਮ ਕੀਤਾ।ਆਜ਼ਾਦੀ ਤੋਂ ਬਾਅਦ ਅੱਜ ਅਸੀਂ ਚੌਥੀ ਪੀੜੀ 'ਚ ਪਹੁੰਚ ਗਏ ਹਾਂ, ਪਰ ਨੀਤੀਆਂ ਨਿਰੰਤਰ ਨਿਘਾਰ ਵੱਲ ਨੂੰ ਜਾ ਰਹੀਆਂ ਹਨ। ਰਾਸ਼ਟਰਵਾਦ ਹਰ ਦੇਸ਼ ਦਾ ਮੁੱਖ ਮੁਦਾ ਬਣਦਾ ਜਾ ਰਿਹਾ ਹੈ। ਦੇਸ਼ਾਂ 'ਚ ਦੇਸ਼ ਭਗਤੀ ਦੇ ਨਾਂ 'ਤੇ ਲੋਕਾਂ ਨੂੰ ਦੋ ਧੜਿਆਂ 'ਚ ਵੰਡਣ ਦਾ ਪੈਂਤੜਾ ਖੇਡਿਆ ਜਾ ਰਿਹਾ। ਭਾਰਤ ਦੀ ਮੌਜੂਦਾ ਹਕੂਮਤ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀ ਆੜ ਹੇਠ ਦੇਸ਼ ਦੀਆਂ ਸਿੱਖਿਆਂ ਸੰਸਥਾਵਾਂ ਉੱਪਰ ਦੋ ਤਰਫੀ ਹਮਲਾ ਕਰ ਰਹੀ ਹੈ। ਪੁਣੇ ਦੇ FTII ਦੇ ਵਿਦਿਆਰਥੀ, ਹੈਦਰਾਬਾਦ ਯੂਨਵਿਰਸਿਟੀ ਵਿੱਚ ਰੋਹਿਤ ਵੈਮੂਲਾ ਦੀ ਆਤਮ ਹੱਤਿਆ, ਜੇ.ਐਨ.ਯੂ. ਵਿੱਚ ਕਨ੍ਹਈਆ ਕੁਮਾਰ, ਉਮਰ ਖਾਲਿਦ ਦੀ ਗ੍ਰਿਫਤਾਰੀ ਤੇ ਹੁਣ ਗੁਰਮੇਹਰ ਕੌਰ ਨੂੰ ਬਲਾਤਕਾਰ ਦੀਆਂ ਧਮਕੀਆਂ, ਫਾਸੀਵਾਦੀ ਰੰਗਤ ਦੇ ਤਾਜ਼ਾ ਸ਼ਿਕਾਰ ਹਨ। ਇਸ ਤੋਂ ਪਹਿਲਾਂ ਦੇਸ਼ ਭਰ 'ਚ ਇਸੇ ਫਿਰਕੂ ਫਾਸੀਵਾਦੀ ਏਜੰਡੇ ਥੱਲੇ ਗੋਬਿੰਦ ਪਨਸਾਰੇ, ਦਬੋਲਕਰ, ਡਾ. ਕੁਲਬਰਗੀ ਵਰਗੇ ਸਾਹਿਤਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ।       

ਤਾਜ਼ੇ ਵਿਵਾਦ 'ਚ ਗੁਰਮੇਹਰ ਕੌਰ ਦੇਸ਼ ਦੇ ਨੌਜਵਾਨਾਂ ਲਈ ਜਰਨੈਲ ਹੈ। ਜਿਵੇਂ ਪਿਛਲੇ ਸਾਲ ਜੇ.ਐਨ.ਯੂ ਦਾ ਵਿਵਾਦ ਪੈਦਾ ਕਰਕੇ ਹਰ ਆਜ਼ਾਦ ਸੋਚ ਦੇ ਮਾਲਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ। ਸੱਤਾ ਧਿਰ ਦੀ ਇੱਕ ਵਿਦਿਆਰਥੀ ਜਥੇਬੰਦੀ ਨੇ ਸਾਰੇ ਦੇਸ਼ 'ਚ ਮੁੜ ਤੋਂ ਪਿਛਾਂਹਖਿੱਚੂ ਮਾਨਸਿਕਤਾ ਦੇ ਜੋਰ ਨੂੰ ਵਧਾਉਣ ਲਈ ਗੁਰਮੇਹਰ ਕੌਰ ਨੂੰ ਨਿਸ਼ਾਨਾ ਬਣਾਇਆ ਹੈ। ਇਤਿਹਾਸ ਗਵਾਹੀ ਦਿੰਦਾ ਹੈ ਕਿ ਇਨ੍ਹਾਂ ਦੇ ਵਡੇਰਿਆਂ ਨੇ ਸਾਲਾਂ ਬੱਧੀ ਅੰਗਰੇਜਾਂ ਦੀ ਗੁਲਾਮੀ ਕੀਤੀ, ਹੁਣ ਇਨ੍ਹਾਂ ਦੇ ਪਾਲੇ ਹੋਏ ਕਰਿੰਦੇ ਅੱਜ ਕਲ੍ਹ ਦੇਸ਼ਭਗਤੀ ਦਾ ਪ੍ਰਮਾਣ ਪੱਤਰ ਥੋਕ 'ਚ ਵੰਡਣ ਲਈ ਦੇਸ਼ ਦੀਆਂ ਯੂਨੀਵਰਸਿਟੀਆਂ ਕਾਲਜਾਂ 'ਚ ਦੁਕਾਨਾਂ ਲਾ ਕੇ ਹੋਕੇ ਦੇ ਰਹੇ ਹਨ।  ਇਹ ਲੋਕ ਦੇਸ਼ਭਗਤੀ ਦੀਆਂ ਪੁੜੀਆਂ ਬਣਾ ਕੇ ਹਰ ਇੱਕ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ਅੱਜ ਇਨ੍ਹਾਂ ਦੀ ਵਿਚਾਰਧਾਰਾ ਦੀ ਇੰਨੀ ਕੁ ਔਕਾਤ ਹੀ ਰਹਿ ਗਈ ਹੈ ਕਿ ਇਹ ਧਿਰਾਂ ਵਿਚਾਰਧਾਰਕ ਯੁੱਧ 'ਚ ਤਰਕ ਨੂੰ ਭੁੱਲ ਭੁਲਾ ਕੇ, ਸਰਕਾਰੀ ਮਸ਼ੀਨਰੀ ਨੂੰ ਦਬਾ ਕੇ ਆਪਣੇ ਪੱਖ 'ਚ ਵਰਤਣ ਜੋਗੀਆਂ ਹੀ ਰਹਿ ਗਈਆਂ ਹਨ।

ਅੱਜਕਲ੍ਹ ਸਾਡੇ ਦੇਸ਼ 'ਚ ਨਵਾਂ ਹੀ ਰੁਝਾਨ ਸਿਰ ਚੁੱਕ ਰਿਹਾ ਹੈ। ਇਸ ਦੀ ਦਿੱਖ ਸਮਾਜਿਕ ਰਾਸ਼ਟਰਵਾਦੀ ਹੈ, ਪਰ ਇਹ ਅਸਲ 'ਚ ਫਿਰਕੂ ਰਾਜਨੀਤੀ ਨਾਲ ਰੰਗਿਆ ਹੋਇਆ ਹੈ। ਦੇਸ਼ ਦੇ ਵਿਕੇ ਹੋਏ ਜਿਆਦਾਤਰ ਮੀਡੀਆ ਚੈਨਲਾਂ ਤੇ ਉਨ੍ਹਾਂ ਉੱਤੇ ਕੰਮ ਕਰਦੇ ਰਿਪੋਰਟਰਾਂ ਵੱਲੋਂ ਪਾਕਿਸਤਾਨ ਜਾਂ ਸਰਹੱਦ ਦੇ ਨਾਲ ਲੱਗਦੇ ਹੋਰ ਦੇਸ਼ਾਂ ਨਾਲ ਜੰਗੀ ਅਫਵਾਹਾਂ ਦਾ ਪੁਲੰਦਾ ਬਣਾ ਕੇ ਆਮ ਲੋਕਾਂ ਦੇ ਦਰਾਂ ਮੂਹਰੇ ਸੁੱਟਿਆ ਜਾਂਦਾ ਹੈ। ਇਸ ਵਿੱਚੋਂ ਉਹ ਝੂਠਾ ਪ੍ਰਚਾਰ ਕਰ ਕੇ ਅਸਲ 'ਚ ਦੇਸ਼ ਦੇ ਲੋਕਾਂ ਦਾ ਸਮਰਥਨ ਜਿੱਤਣਾ ਚਾਹੁੰਦੇ ਹਨ। ਇਸ ਦੇ ਲਈ ਥਾਂ-ਥਾਂ ਉੱਤੇ ਕਿਰਾਏ 'ਤੇ ਜਾਂ ਫਿਰਕੂ ਰੰਗਤ ਦੇ ਕੇ ਵਿਦਿਆਰਥੀਆਂ ਜਾਂ ਕਰਿੰਦਿਆਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ। ਹੈ।

ਦਿੱਲ਼ੀ, ਦੇਸ਼ ਦੀ ਰਾਜਧਾਨੀ 'ਚ ਖਾਸ ਤੌਰ ਉੱਤੇ ਕੇਂਦਰ 'ਚ ਬੀ.ਜੇ.ਪੀ. ਦਾ ਸ਼ਕਤੀ ਅੰਦਰ ਆਉਂਦੇ ਹੀ ਰਾਜਧਾਨੀ ਦਾ ਕੇਂਦਰੀ ਪ੍ਰਬੰਦਕੀ ਪ੍ਰਸ਼ਾਸ਼ਨ, ਨੌਕਰਸ਼ਾਹੀ ਤੇ ਪੁਲਿਸ ਅੰਨ੍ਹੇ, ਗੂੰਗੇ ਤੇ ਬੌਲੇ ਬਣਕੇ ਆਪਣੇ ਸੰਵਿਧਾਨਿਕ ਫਰਜ ਭੁੱਲ ਗਈਆਂ ਪ੍ਰਤੀਤ ਹੁੰਦੀਆਂ ਹਨ। ਇਹ ਔਜਾਰ ਮਾਲਕ ਦੇ ਕਹਿ ਭੌਂਕਣ ਤੇ ਵੱਡਣ ਦਾ ਕੰਮ ਕਰ ਰਹੇ ਹਨ। ਦੇਸ਼ ਦੇ ਵਿੱਦਿਅਕ ਸੰਸਥਾਵਾਂ ਦੇ ਹਾਲਾਤ ਇੰਨੇ ਬੁਰੇ ਹਨ ਕਿ ਦੇਸ਼ 'ਚ ਹਰ ਰੋਜ ਹੀ ਕਿਸੇ ਨਾ ਕਿਸੇ ਕਾਲਜ ਯੂਨੀਵਰਸਿਟੀ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ। ਤਾਜਾ ਉਦਾਹਰਣ ਗੁਰਮੇਹਰ ਕੋਰ  ਦਾ ਹੈ ਜਿਸ ਦੇ ਨਾਲ ਤਾਜਾ ਵਿਵਾਦ ਸਾਹਮਣੇ ਆਇਆ ਹੈ। 20 ਸਾਲਾ ਇਹ ਵਿਦਿਆਰਥਣ, ਦਿੱਲੀ ਯੂਨੀਵਰਸਿਟੀ ਚ ਪੜਦੀ ਹੈ। ਘਰ ਬਾਰ ਜਲੰਧਰ ਦਾ ਹੈ। ਪਿਤਾ ਸ਼ਹੀਦ ਕੈਪਟਨ ਮਨਦੀਪ ਸਿੰਘ ਫੌਜੀ ਸੀ ਤੇ ਦੇਸ਼ ਦੇ ਲਈ 1999 ਦੇ ਕਰਗਿੱਲ ਯੁੱਧ 'ਚ ਸ਼ਹੀਦੀ ਦੇ ਗਿਆ ਸੀ। ਸਮਾਜ 'ਚ ਗਲਤੀ ਦਰ ਗਲਤੀ ਕਰਨ ਵਾਲੇ ਫਿਰਕੂ ਵਿਦਿਆਰਥੀ ਵਿੰਗ ਦੇ ਰਾਮਜਸ ਕਾਲਜ 'ਚ ਕੀਤੇ ਹਿੰਸਾ ਦਾ ਉਸ ਨੇ ਜੰਮਕੇ ਵਿਰੋਧ ਕੀਤਾ। ਇਸ ਵਿਦਰੋਹ ਦੀ ਆਵਾਜ਼ ਨੂੰ ਦਬਾਉਣ ਲਈ ਉਸਨੂੰ ਨਪੁੰਸਕਾਂ ਦੀ ਫੌਜ ਵੱਲੋਂ ਬਲਾਤਕਾਰ ਕਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਤੇ ਸਾਰੇ ਦੇਸ਼ 'ਚੋਂ ਸਮਰਥਨ ਇਸ ਦਲੇਰ ਕੁੜੀ ਨੂੰ ਮਿਲਣ ਲੱਗਾ। ਅੱਜ ਇਹ ਨੌਜਵਾਨਾਂ ਦੀ ਆਵਾਜ਼ ਬਣਾ ਕੇ ਸਾਰੇ ਦੇਸ਼ 'ਚ ਫੈਲ ਚੁੱਕੀ ਹੈ।

ਇਹ ਘਟਨਾ ਵਾਕਈ ਸਮਾਜ ਦੇ ਚੇਤਨ ਵਰਗ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਦੇਸ਼ ਦਾ ਸੰਵਿਧਾਨ ਜਦ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਤਾਂ ਫਿਰ ਇੱਕ ਦਮ ਅਜਿਹਾ ਕੀ ਵਾਪਰ ਜਾਂਦਾ ਹੈ ਕਿ ਹਰ ਥਾਂ ਦੇ ਉੱਤੇ ਆਜ਼ਾਦ ਮਾਨਸਿਕਤਾ ਸਰਕਾਰ ਨੂੰ ਚੁੱਬਣ ਲੱਗ ਪੈਂਦੀ ਹੈ। ਅੱਜ ਸਮਾਜ ਦੀ ਸਥਿਤੀ ਉਹ ਜਿਹੀ ਨਹੀਂ  ਰਹੀ ਜੋ ਇੱਕ ਦੋ ਦਹਾਕੇ ਪਹਿਲਾਂ ਹੋਇਆ ਕਰਦੀ ਸੀ। ਸਮਾਜ ਇਸ ਦੇ ਇਤਿਹਾਸ ਤੋਂ ਹੀ ਵਿਰੋਧੀ ਸ਼੍ਰੇਣੀਆਂ ਦੇ ਹਿੱਤਾਂ ਦੇ ਘੋਲ ਦਾ ਅਖਾੜਾ ਰਿਹਾ ਹੈ। ਅੱਜ ਆਵਾਜ਼ਾਂ ਨੂੰ ਬੰਦ ਕਰਨ ਦਾ ਜ਼ੋਰ ਜ਼ੋਰ ਮਾਰ ਰਿਹਾ ਹੈ। ਅੱਜ ਸੰਕਟ ਮਜ਼ਦੂਰਾਂ, ਕਿਸਾਨਾਂ, ਛੋਟੇ ਵਪਾਰੀਆਂ ਨੂੰ ਛੱਡਕੇ, ਉਨ੍ਹਾਂ ਦੀਆਂ ਔਲਾਂਦਾ ਤੱਕ ਪਹੁੰਚ ਚੁੱਕਾ ਹੈ। ਉਸ ਆਧੁਨਿਕ ਬਹੁਗਿਣਤੀ ਬੇਰੁਜ਼ਗਾਰੀ (ਆਧੁਨਿਕ ਪ੍ਰੋਲੇਤਾਰੀ) ਦੇ ਉੱਤੇ ਜਿਸਨੂੰ ਸਿੱਧਾ ਸਿੱਧਾ ਪ੍ਰਬੰਧ ਵੱਲੋਂ ਕੰਮ ਤੋਂ ਜਵਾਬ ਹੈ। ਇਹਨਾਂ ਨੂੰ ਵੰਡਣ ਦੇ ਲਈ ਕਦੇ ਇੱਕ ਕਦੇ ਦੂਜੀ ਧਿਰ ਨੂੰ ਨਿਸ਼ਨੇ 'ਤੇ ਲਿਆ ਜਾਂਦਾ ਹੈ ਤਾਂ ਜੋ ਇਹ ਆਪਸ 'ਚ ਇੱਕਠੇ ਨਾ ਰਹਿ ਸਕਣ ਤੇ ਦੇਸ਼ 'ਚ ਫਿਰਕੂ ਵਾਤਾਵਰਣ ਸਿਰਜਿਆ ਜਾਵੇ।

ਨੌਜਵਾਨੀ ਸਿੱਧੇ ਤੌਰ ਉੱਤੇ ਇਸ ਲਈ ਨਿਸ਼ਾਨੇ 'ਤੇ ਹੈ ਕਿਉਂਕਿ ਭਾਰਤ ਦੁਨੀਆਂ ਦਾ ਸਭ ਤੋਂ ਜਵਾਨ ਦੇਸ਼ ਹੈ। ਜਿੰਨ੍ਹਾਂ ਬਹੁ ਅਮੀਰ ਧਿਰਾਂ ਵੱਲੋਂ ਇਨ੍ਹਾਂ ਰਾਜ ਕਰਦੀਆਂ ਪਾਰਟੀਆਂ ਨੂੰ ਆਪਣੇ ਪੱਖ 'ਚ ਨੀਤੀਆਂ ਬਣਾਉਣ ਲਈ ਸੱਤਾ ਦੀ ਕੁਰਸੀ ਤੱਕ ਪਹੁੰਚਾਉਣ ਦੇ ਸਹਿਯੋਗ ਬਦਲੇ ਬੇਅੰਤ ਧਨ ਦਿੱਤਾ ਜਾਂਦਾ ਹੈ, ਉਹ ਸਿੱਧੇ ਤੌਰ 'ਤੇ ਸਮੁੱਚੇ ਲੋਕ ਭਲਾਈ ਪ੍ਰਬੰਧਾਂ ਦੇ ਵਿਰੁੱਧ ਹਨ। ਉਹ ਸਿਰਫ ਆਪਣਾ ਨਿੱਜੀ ਮੁਨਾਫਾ ਵਧਾਉਣ ਲਈ ਹੀ ਸਰਕਾਰਾਂ ਦੀ ਸਰਪ੍ਰਸਤੀ ਲੈਂਦੇ ਹਨ। ਸਰਕਾਰ ਲੋਕਾਂ ਦਾ ਢਿੱਡ ਵੱਡ ਕੇ ਆਪਣੇ ਮਾਲਕਾਂ ਦੇ ਪੱਖ 'ਚ ਭੁਗਤਦੀਆਂ ਹਨ। ਅੱਜ ਅਮੀਰ ਗਰੀਬ ਦਾ ਪਾੜਾ ਭਿਅੰਕਰ ਰੂਪ 'ਚ ਹੈ ਕਿ ਸਾਰੀ ਸਥਿਤੀ ਵਿਸਫੋਟਜਨਕ ਹੈ। ਪਿਛਲੇ ਮਹੀਨੇ ਆਕਸਫੌਮ ਦੀ ਰਿਪੋਰਟ ਪ੍ਰਕਾਸ਼ਿਤ ਹੋਈ। ਜਿਸ 'ਚ ਦੱਸਿਆ ਗਿਆ ਹੈ ਕਿ ਸੰਸਾਰ ਦੇ ਉਪਰਲੇ 8 ਕਿਰਤ ਦਾ ਲਹੂ ਪੀਣ ਵਾਲੇ ਬੰਦਿਆਂ ਕੋਲ ਉਨ੍ਹਾਂ ਤੋਂ ਹੇਠਲੀ ਅੱਧੀ ਆਬਾਦੀ ਜਿੰਨੀ ਦੌਲਤ ਹੈ । 2010 'ਚ ਇਨ੍ਹਾਂ ਕਿਰਤ ਦੇ ਲਹੂ ਪੀਣਿਆਂ ਦੀ ਗਿਣਤੀ 388 ਸੀ, 2014 'ਚ 85, 2015 'ਚ 80 ਤੇ 2016 'ਚ 62 ਵਿਅਕਤੀ ਸੀ। ਹੇਠਲੀ ਆਬਾਦੀ ਦੀ ਇਸ ਰੁਝਾਨ ਕਾਰਨ 2010 ਤੋਂ 2015 ਤੱਕ 38% ਜਾਇਦਾਦ ਘਟੀ, ਜੋ ਕਿ 10 ਖਰਬ ਡਾਲਰ ਬਣਦੀ ਹੈ ਤੇ ਇਨ੍ਹਾਂ ਸਾਲਾਂ 'ਚ ਹੀ ਸਿਰਫ 62 ਬੰਦਿਆਂ ਕੋਲ 12.5 ਖਰਬ ਜਾਇਦਾਦ ਵੱਧ ਗਈ। ਇਸ ਨੂੰ ਥੋੜਾ ਹੋਰ ਸੌਖਾ ਸਮਝਣ ਦਾ ਯਤਨ ਕਰਦੇ ਹਾਂ ਜੋ ਹੋਰ ਵੀ ਭਿਅੰਕਰ ਰੂਪ ਪੇਸ਼ ਕਰਦੀ ਹੈ। ਉਪਰਲੇ 1% ਲੋਕਾਂ ਕੋਲ ਕੁੱਲ 48% ਜਾਇਦਾਦ ਹੈ। ਅਗਲੇ 19% ਕੋਲ 46%। ਮਤਲਬ ਕੁੱਲ ਦੁਨੀਆਂ ਦੀ ਉਪਰਲੀ 20% ਆਬਾਦੀ ਕੋਲ 94% ਤੋਂ ਵੱਧ ਦੀ ਦੌਲਤ ਹੈ। ਅਤੇ ਹੇਠਲੀ 80% ਆਵਾਮ ਕੋਲ ਸਿਰਫ 6% ਤੋਂ ਘੱਟ ਦੌਲਤ ਹੈ। ਜੇ ਇਹ ਹੀ ਨਜਰ ਭਾਰਤ 'ਤੇ ਮਾਰੀਏ ਤਾਂ ਉਪਰਲੇ 1% ਭਾਵ 133 ਕਰੋੜ ਲੋਕਾਂ 'ਚੋਂ ਸਿਰਫ 1 ਕਰੋੜ 33 ਲੱਖ  ਕੋਲ 58% ਜਾਇਦਾਦ ਭਾਵ 122 ਲੱਖ 26 ਹਜਾਰ 400 ਕਰੋੜ ਰੁਪਏ ਦੀ ਜਾਇਦਾਦ ਹੈ। ਬਾਕੀ ਬਚੇ 131 ਕਰੋੜ 67 ਲੱਖ ਲੋਕਾਂ ਕਿਰਤੀਆਂ ਮਿਹਨਤੀਆਂ ਕੋਲ ਸਿਰਫ 88 ਲੱਖ 53 ਹਜਾਰ 600 ਕਰੋੜ ਰੁਪਏ ਦੀ ਜਾਇਦਾਦ ਹੈ। ਇਹ ਸਾਰੇ ਦੇ ਸਾਰੇ ਹਾਲਾਤ ਸਾਰੇ ਵਿਸ਼ਵ 'ਚ ਵਸਦੇ ਲੋਕਾਂ ਦੇ ਲਈ ਵੰਗਾਰ ਹਨ। ਸੋਚੀ ਸਮਝੀ ਸਾਜਿਸ਼ ਦੇ ਤਹਿਤ ਦੇਸ਼ਾਂ 'ਚ ਰਾਸ਼ਟਰਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ। ਰਾਸ਼ਟਰਵਾਦ ਨੂੰ ਸੰਸਕ੍ਰਿਤੀ ਤੇ ਸੱਭਿਆਚਾਰ ਨਾਲ ਲਬੇੜ ਕੇ ਸਮਾਜ ਤੇ ਖਾਸ ਤੌਰ 'ਤੇ ਵਿਦਿਆਰਥੀਆਂ 'ਤੇ ਸੁੱਟਿਆ ਜਾ ਰਿਹਾ ਹੈ। ਰਾਸ਼ਟਰਵਾਦ ਨੂੰ ਮਨੂਸਮਰਿਤੀ ਦੇ ਨਾਲ ਰਲਗੱਢ ਕਰਕੇ ਹਿੰਦੂਤਵ ਨੂੰ ਸਰਵਉਤੱਮ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤਾਂ ਨੂੰ ਚੁੱਲੇ ਚੌਕਿਆਂ ਤੱਕ ਸੀਮਤ ਕਰਨ ਦੇ ਸੱਤਾਧਾਰੀ ਨੇਤਾਵਾਂ ਦੇ ਬਿਆਨ ਸ਼ਰੇਆਮ ਸਰਮਾਏ ਦੇ ਪੱਖ ਦੀਆਂ ਨੀਤੀਆਂ ਦਾ ਸਾਥ ਦੇਣਾ ਹੈ।

ਸਾਰੀ ਦੁਨੀਆਂ 'ਚ ਫਾਸੀਵਾਦ ਤਾਕਤਾਂ ਰਾਹੀਂ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਰਾਹ ਚੁਣਿਆ ਹੋਇਆ ਹੈ। ਦੁਨੀਆਂ 'ਚ ਸਰਮਾਏਦਾਰੀ ਦੇ ਰਾਜ ਨੂੰ ਮਜਬੂਤ ਕਰਨ ਲਈ ਦੁਨੀਆ ਦੇ ਕਿਰਤੀਆਂ ਤੇ ਬੇਰੁਜਗਾਰਾਂ ਨੌਜਵਾਨਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਵੱਲ਼ ਧੱਕਿਆ ਜਾ ਰਿਹਾ ਹੈ ਤਾਂ ਜੋ ਉਹ ਰੁਜ਼ਗਾਰ ਦੀ ਮੰਗ ਨਾ ਕਰਨ ਤੇ ਇਸ ਗਾਂਧੀਗੇੜ 'ਚ ਹੀ ਘੁੰਮਦੇ ਰਹਿਣ। ਵਿਸ਼ਵ ਸਰਮਾਏਦਾਰੀ ਕ੍ਰਿਸ਼ਚੈਨਿਟੀ ਦੇ ਝੰਡੇ ਥੱਲੇ, ਇਸਲਾਮਿਕ ਸਰਮਾਏਦਾਰੀ ਆਈ.ਐਸ.ਆਈ ਐਸ, ਅਲਕਾਈਦਾ, ਤਾਲੀਬਾਨ ਦੇ ਨਾਮ ਹੇਠ, ਆਰ. ਐਸ. ਐਸ ਹਿੰਦੂਤਵ ਦਾ ਏਜੰਡਾ ਪ੍ਰਚੰਡ ਕਰਨ 'ਚ ਲੱਗੀ ਹੋਈ ਤੇ ਖਾਲਿਸਥਾਨੀ ਸਿੱਖੀ ਨੂੰ ਹਥਿਆਰ ਬਣਾ ਕੇ ਵਰਤ ਰਹੇ ਹਨ।

ਅੱਜ ਜਿਸ ਤਰ੍ਹਾਂ ਦੀਆਂ ਵੀ ਘਟਨਾਵਾਂ ਸਾਡੇ ਦੇਸ਼ 'ਚ ਹੋ ਰਹੀਆਂ ਹਨ, ਇਹ ਵਾਕਈ ਸਾਨੂੰ ਸਾਡੇ ਅਤੀਤ 'ਚੋਂ ਕੁਝ ਸਿਖਣ ਦੀ ਸਲਾਹ ਦਿੰਦੀਆਂ ਹਨ। ਫਾਸੀਵਾਦੀ ਫਿਰਕੂਵਾਦ ਸਾਰੀ ਦੁਨੀਆਂ 'ਚ ਆਪਣੀਆਂ ਜੜ੍ਹਾਂ ਫੈਲਾ ਰਿਹਾ ਹੈ। ਕਿਤਾਬਾਂ ਨੂੰ ਪੜਨਾ ਸ਼ੁਰੂ ਕਰਨਾ ਹੀ ਫਾਸੀਵਾਦ ਦੇ ਉਭਾਰ ਦਾ ਅੰਤ ਹੈ। ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਦੇ ਕਹਿਣ ਮੁਤਾਬਿਕ,"ਭਗਤ ਸਿੰਘ ਕਿਤਾਬਾਂ ਨੂੰ ਪੜਦਾ ਨਹੀਂ, ਸਗੋਂ ਨਿਗਲਦਾ ਸੀ।" ਸਾਨੂੰ ਪੜਨਾ ਪਵੇਗਾ ਤਾਂ ਜੋ ਅਸੀਂ ਬੌਧਿਕ ਪੱਖ ਤੋਂ ਮਜਬੂਤ ਹੋ ਸਕੀਏੈ। ਭਗਤ ਸਿੰਘ ਦੇ ਵਾਂਗ ਬੌਧਿਕ ਪੱਖ ਮਜਬੂਤ ਕਰਕੇ ਆਧੁਨਿਕ ਪ੍ਰੋਲੇਤਾਰੀ (ਬੇਰੁਜ਼ਗਾਰਾਂ) ਨੂੰ ਇੱਕਠਾਂ ਕਰਨ  ਦੀ ਜਰੂਰਤ ਹੈ। 'ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ' ਬਣਾਉਣ ਲਈ ਇੱਕਠੇ ਹੋ ਸਰਮਾਏਦਾਰੀ ਦੀ ਜੜ੍ਹ 'ਤੇ ਸੱਟ ਮਾਰਨੀ ਪਵੇਗੀ। ਜਦ ਹਰ ਇੱਕ ਵਿਅਕਤੀ ਨੂੰ ਇਹ ਗਾਰੰਟੀ ਕਾਨੂੰਨ ਦੁਆਰਾ ਦਿੱਤੀ ਜਾਵੇਗੀ ਕਿ ਉਸ ਨੂੰ ਤੈਅ ਉਮਰ ਸੀਮਾ 'ਚ ਰੁਜ਼ਗਾਰ ਮਿਲ ਜਾਵੇਗਾ ਤਾਂ ਫਿਰ ਉਹ ਗੁਰਮੇਹਰ ਨੂੰ ਚੰਦ ਪੈਸਿਆਂ ਲਈ ਧਮਕੀਆਂ ਨਹੀਂ ਦੇਣਗੇ। ਹਰ ਇੱਕ ਨੌਜਵਾਨ ਦੇਸ਼ ਦੀ ਤੱਰਕੀ ਲਈ ਕੰਮ ਕਰੇਗਾ ਤੇ ਵਿਹਲੇ ਹੋਣ ਦੇ ਮਿਹਣੇ ਤੋਂ ਮੁਕਤ ਹੋਵੇਗਾ। ਅੱਜ ਹਰ ਇੱਕ ਘਰ 'ਚ ਅਸੀਂ ਸਿੱਧੇ ਜਾਂ ਅਸਿੱਧੇ ਰੂਪ 'ਚ ਕਰਜ ਦੇ ਜਾਲ 'ਚ ਫਸੇ ਹੋਏ ਹਾਂ। ਸਾਨੂੰ ਹਰ ਜ਼ਰੂਰੀ ਚੀਜ਼ ਦੇ ਲਈ ਪੈਸਾ ਉਧਾਰ ਲੈਣਾ ਪੈਂਦਾ ਹੈ ਤੇ ਸਾਡੇ ਧੀਆਂ ਪੁੱਤਾਂ ਨੂੰ ਨਾ ਮਿਲਦਾ ਰੁਜਗਾਰ ਇਸ ਬਲਦੀ 'ਤੇ ਤੇਲ ਵਾਲਾ ਕੰਮ ਕਰਦਾ ਹੈ। ਚੋਰੀਆਂ, ਠੱਗੀਆਂ, ਨਿਰਾਸ਼ਤਾ ਨਸ਼ੇ ਸਭ ਇਸ ਵਰਤਾਰੇ ਦਾ ਹੀ ਫਲ ਹੈ ਤੇ ਜਿਥੇ ਫਿਰ ਗੁਰਮੇਹਰ ਕੌਰ ਵਰਗੇ ਬੋਲਣ ਵਾਲਿਆਂ 'ਤੇ ਥੁੜਾਂ ਮਾਰੇ ਅਗਿਆਨੀ ਹਮਲੇ ਕਰਦੇ ਹਨ। ਵਿੱਤੀ ਸਰਮਾਇਆ ਅੱਜ ਰਾਜਨੀਤਿਕ ਧਿਰਾਂ ਦਾ ਬਾਪ ਹੈ। ਵਿੱਤੀ ਸਰਮਾਏ ਦੇ ਜਾਲ ਨੂੰ ਵਿਛਾਉਣ ਲਈ ਰਾਜਨੀਤਿਕ ਦਲ ਦੀ ਮੱਕੜੀ ਨੀਤੀਆਂ ਘੜਦੀ  ਹੈ। ਜਿਸ ਅੰਨ੍ਹੇ ਢੰਗ ਨਾਲ ਵਿੱਤੀ ਸਰਮਾਇਆ ਸਾਡੇ ਘਰਾਂ ਦੇ ਬੂਹਿਆਂ 'ਤੇ ਨੱਚਦਾ ਹੈ, ਉਸਨੂੰ ਵੰਗਾਰਣ ਤੇ ਖਤਮ ਕਰਨ ਲਈ ਆਧੁਨਿਕ ਪ੍ਰੋਲੇਤਾਰੀ ਨੂੰ ਆਪਣੀ ਛਾਤੀ ਆਪਣੀ ਏਕਤਾ ਦੇ ਮੇਲ ਨਾਲ ਤਾਨਣੀ ਪਵੇਗੀ। ਅਸਲ 'ਚ ਸੰਸਦ ਉਹ ਜਗ੍ਹਾਂ ਜਿੱਥੇ ਕਾਨੂੰਨ ਬਣਦੇ ਹਨ ਤੇ ਸਾਨੂੰ ਰਾਜਨੀਤਿਕ ਸੱਤਾ 'ਤੇ ਕਬਜ਼ਾ ਕਰਨਾ ਪੈਣਾ ਹੈ। ਸਾਡੇ ਰੁਜ਼ਗਾਰ ਦੀ ਗਾਰੰਟੀ ਲਈ ਕੋਈ ਨੀਤੀ, ਪ੍ਰੋਗਰਾਮ, ਕਾਨੂੰਨ, ਦਾਅਵਾ ਕਰਨ ਵਾਲੀਆਂ ਪਾਰਟੀਆਂ ਕੋਲ ਹੈ ਹੀ ਨਹੀਂ। ਉਹ ਸਰਮਾਏ ਦੀ ਕੁੱਛੜ ਬੈਠ ਕੇ ਸਾਡੀਆਂ ਦਾੜੀਆਂ ਮੁਨਦੀਆਂ ਹਨ।

ਦੋਸਤੋ ਜੇ ਚਾਹੁੰਦੇ ਹਾਂ ਕਿ ਫਿਰਕਾਪ੍ਰਸਤੀ ਦੀ ਬਜਾਏ ਪਿਆਰ ਮੁਹੱਬਤ ਦਾ ਵਾਤਾਵਰਨ ਹੋਵੇ ਤੇ ਅੱਗੇ ਤੋਂ ਦੇਸ਼ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਕੋਈ ਹੋਰ ਗੁਰਮੇਹਰ 'ਤੇ ਸ਼ਬਦੀ ਹਮਲੇ ਨਾ ਹੋਣ ਤਾਂ ਸਾਰਿਆਂ ਦੇ ਲਈ ਰੁਜ਼ਗਾਰ ਦੀ ਗਾਰੰਟੀ ਕਰਵਾਉਣੀ ਹੀ ਪਵੇਗੀ। ਭਗਤ ਸਿੰਘ ਦੇ ਨਾਂਅ 'ਤੇ  ਸਾਰੇ ਬੇਰੁਜ਼ਗਾਰ ਵੀਰਾਂ ਭੈਣਾਂ ਲਈ ਰੁਝਗਾਰ ਦੀ ਗਾਰੰਟੀ ਦਿੰਦਾ ਕਾਨੂੰਨ 'ਭਗਤ ਸਿੰਘ ਕੌਮੀ ਰੁਜਗਾਰ ਗਾਰੰਟੀ ਕਾਨੂੰਨ' ਨੂੰ ਸੰਸਦ ਤੇ ਵਿਧਾਨ ਸਭਾਵਾਂ 'ਚੋਂ ਪਾਸ ਕਰਵਾਉਣ ਲਈ ਸਾਰੇ ਦੇਸ਼ 'ਚ ਆਵਾਜ਼ ਬੁਲੰਦ ਕਰਨੀ ਪਵੇਗੀ। ਕੰਮ ਦੀ ਕਾਨੂੰਨੀ ਸੀਮਾ ਨੂੰ 8 ਘੰਟਿਆਂ ਤੋਂ ਘਟਾ ਕੇ 6, 4, 3 ਘੰਟੇ ਜਦ ਤੱਕ ਹਰ ਇੱਕ ਨੂੰ ਰੁਜ਼ਗਾਰ ਨਹੀਂ ਮਿਲ ਜਾਂਦਾ, ਕਰਨ ਦਾ ਮਾਰਕਸਵਾਦੀ ਹੱਲ ਸਾਰੇ ਵਿਸ਼ਵ ਨੂਮ ਦੇਣ ਪਵੇਗਾ। ਜਿਥੇ ਅੱਜ ਸਾਰੇ ਦੇਸ਼ 'ਚ ਕਾਨੂੰਨੀ ਕੰਮ ਸੀਮਾਂ 8 ਘੰਟੇ ਹੈ ਪਰ ਅਸਲ 'ਚ ਕੰਮ ਕਰਨ ਵਾਲਿਆਂ ਕੋਲੋਂ 9 ਤੋਂ 14 ਘੰਟਿਆਂ ਤੱਕ ਕੰਮ ਲਿਆ ਜਾਂਦਾ ਹੈ। ਇਸ ਨੂੰ ਸੰਸਦ 'ਚੌਂ ਕਾਨੂੰਨ ਦੁਆਰਾ 6 ਜਾਂ ਇਸ ਤੋਂ ਵੀ ਛੋਟਾ ਕਰਵਾਉਣ ਲਈ ਲੜਨਾ ਪਵੇਗਾ। ਜੇ ਇਹ ਕੰਮ ਦੇ ਘੰਟੇ 8 ਤੋਂ 6 ਵੀ ਹੋ ਜਾਣ ਤਾਂ ਫਿਰ ਜਿੱਥੇ ਅੱਜ 3 ਸ਼ਿਫਟਾਂ 'ਚ ਕੰਮ ਹੁੰਦਾ ਹੈ, ਉਥੇ ਜਦੋਂ ਸ਼ਿਫਟਾਂ ਦਿਨ ਰਾਤ 'ਚ 6 ਘੰਟਿਆਂ ਦੇ ਹਿਸਾਬ ਨਾਲ 4 ਹੋ ਗਈਆਂ ਤਾਂ ਸ਼ੜਕਾਂ 'ਤੇ ਸਰਕਾਰੀ ਡੰਡੇ ਖਾਣ ਦੀ ਬਜਾਏ ਲੋਕ ਦਫਤਰਾਂ 'ਚ ਕੰਮ ਕਰਣਗੇ। ਥੁੜਾਂ ਮਾਰਿਆਂ ਨੂੰ ਕੰਮ ਮਿਲੇਗਾ ਤੇ ਵਾਧੂ ਕੰਮ ਵਾਲਾ ਵਿਹਲ ਪ੍ਰਾਪਤ ਕਰੇਗਾ। ਇਸ ਦੀ ਸ਼ੁਰੂਆਤ ਕਰਨ ਲਈ ਬਹੁਤ ਹੋਰ ਗੁਰਮੇਹਰ ਕੌਰਾਂ ਦੀ ਲੋੜ ਹੈ ਜੋ ਫਾਸੀਵਾਦੀ ਗਾਲਾਂ ਦੇਣ ਵਾਲਿਆਂ ਨੂੰ ਵੀ ਕੰਮ ਦੀ ਗਾਰੰਟੀ ਦਿਵਾਉਣਗੀਆਂ। ਨੌਜਵਾਨਾਂ ਦੀ ਏਕਤਾ ਪੂੰਜੀਵਾਦ ਦੇ ਖਾਤਮ ਦਾ ਬਿਗਲ ਹੈ ਜੋ ਫਾਸੀਵਾਦ ਦੀ ਕਬਰ ਪੁੱਟੇਗਾ ਤੇ ਦੁਨੀਆਂ ਰਾਸ਼ਟਰਾਂ ਦੀ ਵੰਡ ਤੋਂ ਭਰਾਤਰੀ ਭਾਵਨਾ ਵੱਲ ਨੂੰ ਜਾਂਦੇ ਹੋਏ ਰਾਜਾਂ ਦਾ ਅੰਤ ਕਰੇਗੀ ਜੋ ਫਾਸੀਵਾਦ ਤਾਕਤਾਂ ਦਾ ਗਲਾ ਘੁਟੇਗੀ ਤੇ ਲੋਕ ਵੱਖ-ਵੱਖ ਰਾਸ਼ਟਰਾਂ ਦੀ ਥਾਂ ਸਾਰੀ ਦੁਨੀਆਂ ਦੇ ਕਿਰਤੀਆਂ ਦੀ ਜੈ ਕਰਨਗੇ। ਵਿਦਿਆਰਥੀਆਂ ਦਾ ਮਾਣ ਵਧੇਗਾ ਤੇ ਫਿਰ ਸਾਰੇ ਹੀ ਗੁਰਮੇਹਰ ਕੌਰ, ਕਨਹਈਆ, ਉਮਰ ਖਾਲਿਦ ਬਣ ਜਾਣਗੇ।

ਸੰਪਰਕ: +91 75080 53857

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ