Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਕਾਂਗਰਸੀਆਂ ਦੀ ਜ਼ਿੱਦ ਆ ਬੈਲ ਮੈਨੂੰ ਮਾਰ! - ਜਸਪ੍ਰੀਤ ਸਿੰਘ

Posted on:- 01-05-2017

suhisaver

ਇੱਕ ਵੱਡੇ ਬਹੁਮਤ ਨਾਲ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਤੋਂ ਬਾਅਦ ਛੇਤੀ ਹੀ ਆਪਣਾ ਰੰਗ ਬਦਲਣ ਵਾਲੇ ਕਾਂਗਰਸੀਆਂ ਲਈ ਜੇਕਰ ਇਹ ਗੱਲ ਕਹੀ ਜਾਵੇ ਤਾਂ ਇੰਝ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਤਾਜੁਬ ਹੋ ਰਿਹਾ ਹੋਵੇਗਾ ਜਾਂ ਹੋਈ ਹੋਵੇਗੀ ਕੋਈ ਹੈਰਾਨਗੀ । ਇੱਕ ਮੰਤਰੀ ਵੱਲੋ ਨੀਂਹ ਪੱਥਰ'ਤੇ ਆਵਦਾ ਨਾਮ ਤੀਜੇ ਨੰਬਰ'ਤੇ ਰਹਿਣ ਉੱਪਰ ਇਤਰਾਜ਼ ਜਤਾ ਕੇ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਧਮਕੀ, ਇੱਕ ਵਿਧਾਇਕ ਵੱਲੋ ਪੱਤਰਕਾਰ ਨੁੰ ਧਮਕੀ ਅਤੇ ਇੱਕ ਹੋਰ ਵੱਲੋ ਪੁਲਸ ਥਾਣਾ ਕਰਮਚਾਰੀਆਂ ਨਾਲ ਆਹੀ ਕੁਝ ।ਲਿਸਟ ਬੇਹੱਦ ਲੰਮੀ ਹੈ ਸੋ ਅਸੀ ਇੱਕ-ਇੱਕ ਕਰਕੇ ਕਾਂਗਰਸੀ ਆਗੂਆਂ ਦੀਆਂ ਵਧੀਕੀਆਂ ਜਾਂ ਗਲਤੀਆਂ ਗਿਣਨ ਦੀ ਬਜਾਏ ਅਸਲ ਮੁੱਦੇ ਅਤੇ ਕਾਰਨਾਂ ਦੀ ਗੱਲ ਕਰੀਏ ਤਾਂ ਬਿਹਤਰ ਹੋਵੇਗਾ ।

ਪੂਰੇ ਦੇਸ਼ ਵਿੱਚੋ ਕਾਂਗਰਸ ਦਾ ਸਫਾਇਆ ਹੋ ਰਿਹਾ ਸੀ, ਅਜਿਹੇ ਵਿੱਚ ਪੰਜਾਬ'ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਬਣਨੀ ਜਿਸਨੂੰ ਕੈਪਟਨ ਦੀ ਵਧੇਰੇ ਜਿੱਤ ਮੰਨਿਆ ਜਾ ਰਿਹਾ ਸੀ ਨਾਲ ਆਸ ਬੱਝੀ ਸੀ ਕਿ ਸੂਬਾ ਸਰਕਾਰ ਫੂਕ-ਫੂਕ ਕੇ ਕਦਮ ਰੱਖੇਗੀ ।ਵਿਸ਼ੇਸ਼ ਤੌਰ'ਤੇ ਕੈਪਟਨ ਖੁਦ ਬਹੁਤ ਸੰਜਮ ਅਤੇ ਹੁਸ਼ਿਆਰੀ ਨਾਲ ਚੱਲਦੇ ਹੋਏ ਸਭ ਦਾ ਦਿੱਲ ਜਿੱਤਣ ਦੀ ਕੋਸ਼ਿਸ਼ ਕਰਨਗੇ ਤਾਂ ਕਿ 2019 ਵਿੱਚ ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਚਿਹਰੇ ਦੇ ਰੂਪ ਵਿੱਚ ਵੇਖਿਆ ਜਾ ਸਕੇ ਪਰ ਅਜਿਹਾ ਤਾਂ ਕੁਝ ਹੋ ਹੀ ਨਹੀਂ ਰਿਹਾ ਉਲਟਾ ਕੈਪਟਨ ਸਾਬ ਤਾਂ ਹੁਣ ਪਹਿਲਾਂ ਨਾਲੋ ਵੀ ਵਧੇਰੇ ਬੇਲੋੜੀਦਾ ਬੋਲ ਰਹੇ ਹਨ, ਕਿਤੇ ਇਹੋ ਜ਼ਿੱਦ ਆ ਬੈਲ ਮੈਨੁੰ ਮਾਰ ਦਾ ਰੂਪ ਧਾਰ ਕੇ ਕੈਪਟਨ ਸਰਕਾਰ ਲਈ ਖੁਦਕੁਸ਼ੀ ਨਾ ਬਣ ਜਾਵੇ ।

ਕਾਂਗਰਸੀ ਸਰਕਾਰ ਜਾਂ ਵਿਸ਼ੇਸ਼ ਕਰਕੇ ਕੈਪਟਨ ਸਰਕਾਰ ਦੀਆਂ ਸਮੱਸਿਆਵਾਂ ਤਾਂ ਸਹੁੰ ਚੁੱਕ ਸਮਾਗਮਾਂ ਦੌਰਾਨ ਹੀ ਪੰਜਾਬੀ ਭਾਸ਼ਾ ਨਾਲ ਹੋਈ ਨਾ ਇਨਸਾਫੀ ਤੋ ਹੀ ਸ਼ੁਰੂ ਹੋ ਗਈਆਂ ਸਨ ਪਰ ਇਹਨਾਂ ਸਮੱਸਿਆਵਾਂ ਦਾ ਜ਼ਿਆਦਾ ਵੱਡਾ ਕਾਰਨ ਬਾਰ-ਬਾਰ ਗਲਤੀਆਂ ਕਰਨਾ ਨਹੀਂ ਬਲਕਿ ਕੈਪਟਨ ਸਰਕਾਰ ਵੱਲੋ ਵੱਖ=ਵੱਖ ਮੁੱਦਿਆਂ ਉੱਪਰ ਖੁੱਲਕੇ ਆਪਣੇ ਵਿਚਾਰ ਨਾ ਰੱਖਣਾ ਅਤੇ ਉੱਚੇਚੇ ਤੌਰ ਉੱਪਰ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੈਰ-ਜ਼ਿੰਮੇਦਾਰਾਨਾ ਰਵੱਈਆ ਅਤੇ ਮੁੜ ਤੋ ਪਹਿਲਾਂ ਦੀ ਤਰਾਂ ਸੰਜੀਦਾ ਬੋਲਣ ਦੀ ਬਜਾਏ ਬੇਲੋੜੀਦੀ ਬਿਆਨਬਾਜ਼ੀ ਹੈ ।

ਕੈਪਟਨ ਸਰਕਾਰ ਨੇ 16 ਮਾਰਚ ਨੂੰ ਚਾਰਜ ਸੰਭਾਲਦੇ ਹੀ ਅਗਲੇ ਦਿਨ 17 ਮਾਰਚ ਨੂੰ ਕੈਬਨਿਟ ਦੀ ਮੀਟਿੰਗ ਸੱਦ ਕੇ ਧੜਾਧੜ ਵੱਡੇ ਫੈਸਲਿਆਂ ਦੀ ਹਨੇਰੀ ਲਿਆਤੀ ।100 ਤੋ ਉੱਪਰ ਵੱਡੇ ਅਹਿਮ ਫੈਸਲੇ ਲੈ ਲਏ ਪਰ ਉਹਨਾਂ ਦੀ ਨੋਟੀਫਿਕੇਸ਼ਨ ਤਾਂ ਕੱਢਣੀ ਭੁੱਲ ਹੀ ਗਏ ।ਇੱਕਾ ਦੁੱਕਾ ਫੈਸਲਿਆਂ ਤੋਂ ਇਲਾਵਾ ਕਿਸੇ ਫੈਸਲੇ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਉਸ ਨਾਲ ਨਾ ਤਾ ਮੀਡੀਆ ਕਰਮਚਾਰੀਆਂ ਦਾ ਟੋਲ-ਟੈਕਸ ਮੁਆਫ ਹੋਇਆ ਨਾ ਹੀ ਵੀਆਈਪੀ ਕਲਚਰ ਜਾਂ ਨੀਂਹ ਪੱਥਰਾਂ ਸਬੰਧੀ ਸਰਕਾਰ ਦੀ ਸਥਿੱਤੀ ਸਪੱਸ਼ਟ ਹੋਈ ।

ਕੈਪਟਨ ਸਰਕਾਰ ਵਿੱਚ ਦੂਸਰੇ ਨੰਬਰ'ਤੇ ਚੱਲ ਰਹੇ ਅਤੇ ਇਸ ਵੇਲੇ ਦੇ ਪੰਜਾਬ ਦੇ ਸਭ ਤੋਂ ਚੁਸਤ ਲੀਡਰ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਵੱਲੋ ਕਈ ਮਸਲਿਆਂ ਉੱਪਰ ਓਨੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਜਿੰਨੀ ਕਿ ਆਸ ਸੀ ।ਹਾਲ ਹੀ ਵਿੱਚ ਵਿਸਾਖੀ 'ਤੇ ਸ਼੍ਰੀ ਤਲਵੰਡੀ ਸਾਬੋ ਵਿਖੇ ਹੋਈ ਕਾਂਗਰਸੀ ਰੈਲੀ ਨੂੰ ਸ਼ਕਤੀ ਪ੍ਰਦਰਸ਼ਣ ਕਹਿਣ ਦੀ ਪਹਿਲ ਕਰਕੇ ਮਨਪ੍ਰੀਤ ਬਾਦਲ ਵੱਲੋ ਇੱਕ ਵੱਖਰੀ ਵਿਚਾਰ ਚਰਚਾ ਛੇੜ ਦਿੱਤੀ ਗਈ ਕਿਉਂਕਿ ਉਂਝ ਉਹ ਇਦਾ ਦੇ ਮੇਲਿਆਂ ਵਿੱਚ ਸਿਆਸੀਕਰਨ ਅਤੇ ਫਜ਼ੂਲ ਖਰਚੀ ਤੋ ਮੂੰਹ ਵੱਟਦੇ ਹਨ ਪਰ ਫੇਰ ਵੀ ਸਰਕਾਰ ਆਉਣ'ਤੇ ਉੱਥੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਸੋਚ ਅਪਨਾਉਣੀ ਉਹ ਵੀ ਉਸ ਵੇਲੇ ਜਦੋਂ ਸੂਬਾ ਗਲ ਤੱਕ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਤਾਂ ਸ਼ੱਕ ਜਿਹੇ ਉੱਠਦੇ ਹਨ ।ਇਸੇ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਭਾਵੇਂ ਪੈਰ'ਤੇ ਲੱਗੀ ਸੱਟ ਦੇ ਕਾਰਨ ਰੈਲੀ ਵਿੱਚ ਨਹੀਂ ਪਹੁੰਚ ਸਕੇ ਪਰ ਤਾਂ ਵੀ ਉਹਨਾਂ ਵੱਲੋ ਕਿਸੇ ਹੋਰ ਢੰਗ ਜਿਵੇਂ ਕਿ ਸੋਸ਼ਲ ਮੀਡੀਆ ਆਦਿ ਰਾਹੀ ਵੀ ਵਿਸਾਖੀ ਉੱਪਰ ਪੰਜਾਬ ਦੀ ਆਵਾਮ, ਅਪਣੇ ਵੋਟਰ ਅਤੇ ਕਿਸਾਨਾਂ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਂਝ ਨਹੀਂ ਪਾਈ ਗਈ, ਜੋ ਕਿ ਬੇਹੱਦ ਜ਼ਰੂਰੀ ਸੀ ।

ਇੱਕ ਵੱਡੀ ਗਲਤੀ ਮਨਪ੍ਰੀਤ ਬਾਦਲ ਤੋ ਇਹ ਹੋਈ ਕਿ ਭਾਵੇਂ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਵੱਲੋ ਵੱਡੇ ਵੱਡੇ ਵਾਇਦੇ ਵੀਆਈਪੀ ਕਲਚਰ ਨੁੰ ਖਤਮ ਕਰਨ ਦੇ ਕੀਤੇ, ਪਾਰਟੀ ਮੈਨੀਫੈਸਟੋ ਦਾ ਇਹੀ ਕੇਂਦਰ ਬਿੰਦੂ ਰਿਹਾ । ਉਸਦੇ ਬਾਵਜੂਦ ਨਾ ਉਹ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਕੈਬਨਿਟ ਨੁੰ ਸਮੇਂ ਸਿਰ ਇਸ ਮੁੱਦੇ 'ਤੇ ਇੱਕ-ਜੁੱਟ ਕਰ ਸਕੇ ਅਤੇ ਨਾ ਹੀ ਖੁੱਦ ਉਸ ਫੁਰਤੀ ਨਾਲ ਇਸ ਫਜ਼ੂਲ-ਖਰਚੀ ਤੋ ਛੁਟਕਾਰਾ ਪਾ ਸਕੇ ।ਇਹੀ ਕਾਰਨ ਹੈ ਕਿ ਲਾਲ-ਬੱਤੀ ਦੇ ਮੁੱਦੇ'ਤੇ ਵੀ ਸਰਕਾਰ ਵਿੱਚ ਤਰਲੋ-ਮੱਛੀ ਹੋਣ ਤੋਂ ਬਾਅਦ ਹੀ ਸਹਿਮਤੀ ਬਣਾ ਸਕੀ ਹੈ । ਸਰਕਾਰ ਤੋ ਪਹਿਲਾ ਫਟੇ ਕੱਪੜੇ ਪਾ ਕੇ ਗੁਜ਼ਾਰਾ ਕਰਨ ਦਾ ਦਾਅਵਾ ਕਰਨ ਵਾਲੇ ਮਨਪ੍ਰੀਤ ਬਾਦਲ ਖੁੱਦ ਵੀ ਹਵਾਈ ਜਹਾਜ਼ਾਂ ਦੇ ਝੂਟੇ ਲੈਂਦੇ ਪਾਏ ਗਏ ਨਾਲ ਹੀ ਕੈਪਟਨ ਅਮਰਿੰਦਰ ਵੀ ।ਇਸਤੋ ਇਲਾਵਾ ਮਨਪ੍ਰੀਤ ਬਾਦਲ ਦੇ ਪਿਤਾ ਨੂੰ ਪਿਛਲੀ ਸਰਕਾਰ ਦੇ ਵੇਲੇ ਤੋ ਮਿਲੀ ਸਕਿਊਰਟੀ ਅਤੇ ਸਰਕਾਰੀ ਗੱਡੀ ਵੀ ਬਹੁਤ ਦੇਰੀ ਨਾਲ ਵਾਪਿਸ ਕੀਤੀ ਗਈ ਜਦਕਿ ਇਹ ਕੰਮ ਪਹਿਲੀ ਸੱਟੇ ਹੋ ਜਾਣਾ ਚਾਹੀਦਾ ਸੀ ।

ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਭਾਵੇਂ ਸਰਕਾਰ ਦੇ ਨੁਮਾਇੰਦੇ ਆਪਣੇ ਮੁੱਖ-ਮੰਤਰੀ ਨਾਲ ਉਸ ਵਕਤ ਮੁੰਬਈ ਵਿਖੇ ਗਏ ਹੋਏ ਸਨ; ਪਰ ਉਹਨਾਂ ਵੱਲੋਂ ਫਿਰ ਵੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਮੌਤ ਨੁੰ ਵਾਜਾਂ ਮਾਰਨ ਬਰਾਬਰ ਹੀ ਸੀ ਕਿਉਂਕਿ ਉਹਨਾਂ ਵੱਲੋਂ ਦਖ਼ਲ-ਅੰਦਾਜ਼ੀ ਕਰਕੇ ਮੁੱਦੇ ਨੂੰ ਬਿਨਾਂ ਕੋਰਟ ਕਚਹਿਰੀਆਂ ਦੇ ਮੁਕਾਉਣਾ ਜ਼ਰੂਰੀ ਸੀ ਜਦਕਿ ਸਰਕਾਰੀ ਕਬੂਤਰ ਤਾਂ ਹਾਲ-ਚਾਲ ਪੁੱਛਣ ਹਸਪਤਾਲ ਤੱਕ ਵੀ ਨਹੀਂ ਗਏ; ਗਲਤ ਗੱਲ ਹੈ ।

ਸਭ ਤੋ ਵੱਡੀ ਗਲਤੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋ ਖੁੱਦ ਕੋਲੋ ਹੋਈ ਜਿਸ ਨਾਲ ਉਹਨਾਂ ਲਈ ਸੋਸ਼ਲ ਮੀਡੀਆ ਉੱਪਰ ਤਾਂ ਆ ਬੈਲ ਮੈਨੂੰ ਮਾਰ ਹੀ ਨਹੀਂ ਬਲਕਿ ਆ ਬੈਲ ਮੈਨੂੰ ਦਰੜਦੇ ਵਾਲੇ ਹਾਲਾਤ ਹੀ ਬਣ ਗਏ ਉਹ ਹੈ ਕਨੇਡਾ ਦੇ ਰੱਖਿਆ ਮੰਤਰੀ ਦੇ ਖਾਲਿਸਤਾਨੀ ਸੋਚ ਦਾ ਹੋਣ ਦਾ ਵੇਰਵਾ ਦੇ ਕੇ ਮਿਲਣ ਤੋਂ ਸਾਫ ਇਨਕਾਰ ਕਰ ਦੇਣਾ ।ਭਾਵੇਂ ਇਸ ਪਿੱਛੇ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਦੀ ਇੱਛਾ ਹੋਏ ਜਾਂ ਕਨੇਡਾ ਫੇਰੀ'ਤੇ ਹੋਈ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਪਰ ਅਜਿਹਾ ਕਰਨ ਨਾਲ ਇਹਨਾਂ ਦੋਨਾਂ ਵਿੱਚੋਂ ਕੁਝ ਵੀ ਨਹੀਂ ਹੋਇਆ ਉਲਟਾ ਅੰਤਰ-ਰਾਸ਼ਟਰੀ ਪੱਧਰ'ਤੇ ਕੈਪਟਨ ਦੀ ਥੂਹ ਥੂਹ ਹੋਈ ਹੈ ਜਿਸਦੇ ਅੰਜਾਮ ਉਸਨੂੰ 2019 ਵਿੱਚ ਭੁਗਤਣੇ ਪੈਣਗੇ ।ਕੈਪਟਨ ਕੋਈ ਨਵਾ ਵੋਟ ਬੈਂਕ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਤਾਂ ਕੀ ਹੋਣੇ ਸੀ ਸਗੋਂ ਪੁਰਾਣੇ ਨੂੰ ਹੀ ਖੋਰਾ ਲਗਵਾ ਬੈਠੇ ਹਨ ।ਵੈਸੇ ਵੀ ਦੇਖਿਆ ਜਾਵੇ ਤਾਂ ਇਹ ਸਹੀ ਗਲਤ ਹੋਣ ਤੋ ਵੀ ਜ਼ਿਆਦਾ ਬੇਲੋੜੀ ਜਾਪਦੀ ਹੈ ਜਿਸਦੀ ਬਿਲਕੁਲ ਵੀ ਜ਼ਰੂਰਤ ਹੀ ਨਹੀਂ ਸੀ ।

ਸੰਪਰਕ: +91 99886 46091

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ