Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? - ਰਾਮ ਪੁਨਿਆਨੀ

Posted on:- 10-08-2017

suhisaver

ਸੱਭਿਆਚਾਰ ਸਾਡੇ ਜੀਵਨ ਦਾ ਅਹਿਮ  ਹਿੱਸਾ ਹੈ । ਇਸਨੂੰ ਸਮਝਣ ਲਈ ਸਾਨੂੰ ਲੋਕਾਂ ਦੇ ਜੀਉਣ ਦੇ ਤਰੀਕੇ , ਖਾਣ-ਪੀਣ , ਪਹਿਰਾਵਾ ,ਸੰਗੀਤ ,ਭਾਸ਼ਾ , ਸਾਹਿਤ , ਕਲਾ ਤੇ ਧਰਮ ਸਮਝਣਾ ਹੋਵੇਗਾ । ਭਾਰਤੀ ਸੱਭਿਅਤਾ ਦੇ ਨਿਰਮਾਣ `ਚ ਵੱਖ -ਵੱਖ ਧਰਮਾਂ ਦੀ ਅਹਿਮ ਭੂਮਿਕਾ ਰਹੀ ਹੈ । ਭਾਰਤੀ ਸੱਭਿਅਤਾ  ਕੀ ਹੈ ? ਭਾਰਤੀ ਲੋਕਾਂ ਦਾ  ਸੱਭਿਆਚਾਰ  ਅਸਲ `ਚ ਬਹੁਲਵਾਦੀ ਹੈ । ਭਾਰਤੀ ਰਾਸ਼ਟਰਵਾਦੀ ਵੀ ਮੁਲਕ ਦੇ ਇਸ ਸਰੂਪ ਨੂੰ ਮਾਨਤਾ ਦਿੰਦੇ ਸਨ । ਪਿਛਲੇ ਕੁਝ ਸਾਲਾਂ ਤੋਂ ਹਿੰਦੂ ਰਾਸ਼ਟਰਵਾਦੀਆਂ ਦੇ   ਉਦੈ ਦੇ ਨਾਲ ਖਾਸਕਰ ਪਿਛਲੇ ੩ ਸਾਲਾਂ `ਚ  ਸੰਸਕ੍ਰਿਤੀ ਦੀ ਸਾਡੀ ਸਮਝ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ । ਸੰਸਕ੍ਰਿਤੀ ਦੇ ਜੋ ਪੱਖ ਗੈਰ -ਬਰਾਹਮਣਵਾਦੀ ਹਨ ਉਹਨਾਂ ਨੂੰ ਦਰਕਿਨਾਰ ਕੀਤਾ ਜਾਣ ਲੱਗਾ ਹੈ । ਇਸਦੀ ਤਾਜ਼ਾ ਮਿਸਾਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ  ਅਦਿੱਤਆ ਨਾਥ ਦਾ ਉਹ ਬਿਆਨ ਹੈ ਜਿਸ `ਚ ਉਸਨੇ ਕਿਹਾ ਹੈ ਕਿ ਤਾਜ ਮਹਿਲ ਭਾਰਤੀ ਸਭਿਅਤਾ ਦਾ ਹਿੱਸਾ ਨਹੀਂ ਇਸ ਲਈ ਵਿਦੇਸ਼ੀ ਸੈਲਾਨੀਆਂ ਨੂੰ ਤਾਜ ਮਹਿਲ ਦੀ ਤਸਵੀਰ ਨਾ ਭੇਟ ਕੀਤੀ ਜਾਵੇ । ਉਹਨਾਂ ਨਰਿੰਦਰ ਮੋਦੀ ਵਾਂਗ` ਗੀਤਾ` ਭੇਟ ਕਰਨ ਦੀ ਪਿਰਤ  ਨੂੰ ਉਤਸ਼ਾਹਿਤ ਕਰਨ ਲਈ ਕਿਹਾ ।
               
ਤਾਜ ਮਹਿਲ ਨੂੰ ਯੂਨੈਸਕੋ ਦੁਆਰਾ ਦੁਨੀਆ ਦੇ ਸੱਤ ਅਜੂਬਿਆਂ `ਚੋਂ ਇੱਕ ਮੰਨਿਆ ਗਿਆ ਹੈ । ਇਹ ਵਿਦੇਸ਼ੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਤਾਂ ਹੈ ਹੀ ਸਗੋਂ ਭਾਰਤ ਦੀ ਵਸਤੂ ਕਲਾ ਦਾ ਉੱਤਮ ਨਮੂਨਾ ਵੀ ਹੈ । ਇਸਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਦੀ ਯਾਦ `ਚ ਕਰਵਾਇਆ ਸੀ । ਇਸ ਇਮਾਰਤ ਬਾਰੇ ਹੁਣ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ  ਕਿ ਇਥੇ ਪਹਿਲਾਂ ਸ਼ਿਵ ਮੰਦਰ ਹੁੰਦਾ ਸੀ , ਉਸਨੂੰ ਮਕਬਰੇ `ਚ ਤਬਦੀਲ ਕਰ ਦਿੱਤਾ ਗਿਆ ਸੀ ।

ਇਤਿਹਾਸਕ ਤੱਥ ਇਸ ਦਾਅਵੇ ਨੂੰ ਝੁਠਲਾਉਂਦੇ ਹਨ । ਸ਼ਾਹਜਹਾਂ ਦੇ` ਬਾਦਸ਼ਾਹਨਾਮਾ` `ਚ ਇਹ ਸਾਫ ਲਿਖਿਆ ਹੈ ਕਿ ਤਾਜ ਮਹਿਲ ਦਾ ਨਿਰਮਾਣ ਸ਼ਾਹਜਹਾਂ ਨੇ ਹੀ ਕਰਵਾਇਆ ਸੀ । ਉਸ ਸਮੇਂ ਦੇ ਇੱਕ   ਯੂਰਪੀ ਪਰਵਾਸੀ ਪੀਟਰ ਮੁੰਡੀ ਲਿਖਦਾ ਹੈ ਕਿ ਆਪਣੀ ਸਭ ਤੋਂ ਪਿਆਰੀ ਪਤਨੀ ਦੀ ਮੌਤ ਕਾਰਨ ਬਾਦਸ਼ਾਹ ਗਹਿਰੇ ਸਦਮੇ` ਚ ਹਨ ਤੇ ਉਸਦੀ ਯਾਦ `ਚ ਇੱਕ ਸ਼ਾਨਦਾਰ ਮਕਬਰਾ ਬਣਾ ਰਹੇ ਹਨ । ਇੱਕ ਫਰਾਂਸਿਸ ਜੌਹਰੀ ਟੇਵਰਨਿਅਰ ਜੋ ਉਸ ਸਮੇਂ ਭਾਰਤ `ਚ ਸਨ ਨੇ ਵੀ ਇਸਦਾ ਜ਼ਿਕਰ ਕੀਤਾ ਹੈ । ਸ਼ਾਹਜਹਾਂ ਦੇ ਰੋਜ਼ਾਨਾ ਖ਼ਰਚ ਦੀਆਂ ਕਿਤਾਬਾਂ` ਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸੰਗਮਰਮਰ ਅਤੇ ਕਿਰਤੀਆਂ ਤੇ ਕਿੰਨਾ ਧਨ ਖ਼ਰਚ ਹੋਇਆ ।
            
ਤਾਜ ਮਹਿਲ ਬਾਰੇ ਕੂੜ ਪ੍ਰਚਾਰ ਦਾ ਆਧਾਰ ਇਸ ਗੱਲ ਨੂੰ ਬਣਾਇਆ ਜਾ ਰਿਹਾ ਹੈ ਕਿ ਜਿਸ ਜ਼ਮੀਨ `ਤੇ ਤਾਜ ਮਹੱਲ ਬਣਾਇਆ ਗਿਆ ਹੈ , ਉਸਨੂੰ ਸ਼ਾਹਜਹਾਂ ਨੇ ਰਾਜਾ ਜਯ  ਸਿੰਘ ਕੋਲੋਂ ਖ਼ਰੀਦਿਆ ਸੀ । ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੋ ਦਾਅਵਾ ਕੀਤਾ ਜਾਂਦਾ ਹੈ ਕਿ ਰਾਜਾ ਜਯ  ਸਿੰਘ ਦੀ ਇਸ ਜ਼ਮੀਨ `ਤੇ ਸ਼ਿਵ ਮੰਦਰ ਸੀ ,ਅਸਲ` ਚ ਜਯ  ਸਿੰਘ ਵੈਸ਼ਨਵ ਸੀ (ਵਿਸ਼ਨੂੰ ਨੂੰ ਮੰਨਣ ਵਾਲਾ )  ਉਸ ਦੁਆਰਾ ਸ਼ਿਵ ਮੰਦਰ ਬਣਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
       
ਇਥੇ ਇਹ ਗੱਲ ਹਾਸੋਹੀਣੀ ਹੈ ਕਿ ਪਹਿਲਾਂ ਤਾਂ ਤਾਜ ਮਹੱਲ ਨੂੰ ਸ਼ਿਵ ਮੰਦਰ ਦੱਸਿਆ ਜਾਂਦਾ ਹੈ ਹੁਣ ਇਸਨੂੰ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ।  ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੀਤਾ ਨੂੰ ਇੰਨੀ ਤਰਜੀਹ ਕਿਉਂ  ਦਿੱਤੀ ਜਾਣ ਲੱਗੀ ? ਪਹਿਲਾਂ ਜਦੋਂ ਸਾਡੇ ਮੁਲਕ ਦੇ ਕਿਸੇ ਨੇਤਾ ਨੇ ਵਿਦੇਸ਼ੀ ਦੌਰੇ `ਤੇ ਜਾਣਾ ਹੁੰਦਾ ਤਾਂ ਦੂਜੇ ਮੁਲਕ ਦੇ ਨੇਤਾ ਨੂੰ ਗਾਂਧੀ ਜੀ ਦੀ ਆਤਮ -ਕਥਾ ਦੀ ਕਾਪੀ ਭੇਟ ਕੀਤੀ ਜਾਂਦੀ ਸੀ । ਹੁਣ  ਪ੍ਰਧਾਨ ਮੰਤਰੀ ਮੋਦੀ ਗੀਤਾ ਭੇਟ ਕਰਦੇ ਹਨ ।ਗੀਤਾ ਨੂੰ ਸਾਡੇ ਦੇਸ਼ ਦੇ ਸਭ ਧਰਮਾਂ ਦਾ ਪ੍ਰਤੀਨਿਧ ਗ੍ਰੰਥ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸਨੂੰ ਸਮਝਣ ਲਈ ਸਾਨੂੰ ਅੰਬੇਡਕਰ ਦੀ ਉਸ ਗੱਲ ਨੂੰ ਯਾਦ ਕਰਨਾ ਪਵੇਗਾ , ਜਦੋਂ ਉਹ ਕਹਿੰਦੇ ਹਨ , `` ਗੀਤਾ ਅਸਲ  `ਚ ਮਨੂ ਸਮ੍ਰਿਤੀ ਦਾ ਆਸਾਨ ਰੂਪਾਂਤਰਣ ਹੈ ਅਤੇ ਮਨੂ ਸਮ੍ਰਿਤੀ ਬ੍ਰਾਹਮਣਵਾਦ ਦਾ ਮੂਲ ਗ੍ਰੰਥ ਹੈ ``।
ਬ੍ਰਾਹਮਣਵਾਦੀ ਸੱਭਿਆਚਾਰ ਦੇ ਜਿਨ੍ਹਾਂ ਹੋਰ ਪ੍ਰਤੀਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਉਹਨਾਂ `ਚੋਂ ਇੱਕ ਗਾਂ ਵੀ ਹੈ ।  ਗੀਤਾ ਅਤੇ ਗਾਂ ਦੋਵੇਂ ਬ੍ਰਾਹਮਣਵਾਦ ਦੇ ਪ੍ਰਤੀਕ ਹਨ; ਵਰਤਮਾਨ ਸੱਤਾ, ਹਿੰਦੂਤਵ ਤੇ ਹਿੰਦੂ ਧਰਮ ਦੇ ਨਾਮ `ਤੇ ਬ੍ਰਾਹਮਣਵਾਦ ਨੂੰ ਫੈਲਾ ਰਹੀ ਹੈ ।
            
ਆਜ਼ਾਦੀ ਅੰਦੋਲਨ ਦੇ ਅਗਵਾਨੂੰ ਸਾਰੇ ਧਰਮਾਂ , ਖੇਤਰਾਂ , ਭਾਸ਼ਾਵਾਂ ਤੇ ਪ੍ਰਤੀਕਾਂ ਨੂੰ ਭਾਰਤੀ ਮੰਨਦੇ ਸਨ । ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਸਭ ਧਰਮ ਵਧੇ ਫੁਲੇ । ਦੇਸ਼ ਦੇ ਲੋਕ ਸਦੀਆਂ ਤੋਂ ਵੱਖ -ਵੱਖ ਧਰਮਾਂ ਨੂੰ ਮੰਨਦੇ ਹੋਏ ਮਿਲਜੁਲ ਕੇ ਰਹਿੰਦੇ ਆਏ ਹਨ । ਇਹਨਾਂ `ਚ ਕੁਝ ਧਰਮ ਭਾਰਤ `ਚ ਪੈਦਾ ਹੋਏ ਕੁਝ ਬਾਹਰੋਂ ਆਏ । ਭਾਰਤੀ ਸੱਭਿਅਤਾ ਦੇ ਸਾਰੇ ਪੱਖਾਂ `ਚ ਵੱਖ -ਵੱਖ ਧਰਮਾਂ ਦੇ ਲੋਕਾਂ ਦੀਆਂ ਪ੍ਰੰਪਰਾਵਾਂ ਦੀ ਝਲਕ ਮਿਲਦੀ ਹੈ ।
        
ਖਾਣਪੀਣ ਦੀਆਂ ਸਾਡੀਆਂ ਆਦਤਾਂ `ਚ ਪੱਛਮੀ ਏਸ਼ੀਆਈ ਪ੍ਰਭਾਵ ਮਿਲਦਾ ਹੈ । ਸਾਡੇ ਪਹਿਰਾਵੇ ਤੇ ਵਸਤੂ -ਕਲਾ `ਤੇ ਵੀ ਵਿਭਿਨ ਧਰਮਾਂ ਤੇ ਦੁਨੀਆ ਦੇ ਵਿਭਿਨ ਹਿਸਿਆਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ।  ਭਗਤਾਂ ਤੇ ਸੰਤਾਂ ਨੂੰ ਮੰਨਣ ਵਾਲਿਆਂ `ਚ ਮੁਸਲਮਾਨ ਵੀ ਸ਼ਾਮਿਲ ਸਨ । ਅੱਜ ਵੀ ਵੱਡੀ ਗਿਣਤੀ `ਚ ਹਿੰਦੂ  ਸੂਫ਼ੀ ਸੰਤਾਂ ਦੀਆਂ ਦਰਗਾਹਾਂ `ਤੇ ਜਾਂਦੇ ਹਨ ।
       
 ਵੱਖ -ਵੱਖ ਧਰਮਾਂ ਦੇ ਲੋਕਾਂ ਦੀ ਭਾਗੀਦਾਰੀ ਨਾਲ ਹੀ ਭਾਰਤੀ ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ । ਵਰਤਮਾਨ ਸੱਤਾਧਾਰੀਆਂ ਲਈ ਸਿਰਫ ਬ੍ਰਾਹਮਣਵਾਦੀ ਪ੍ਰਤੀਕ ਇਸ ਦੇਸ਼ ਦੀ ਅਗਵਾਈ ਕਰਦੇ ਹਨ । ਯੋਗੀ ਅਦਿੱਤਿਆਨਾਥ ਜੋ ਕਹਿ ਰਹੇ ਹਨ ਉਸਦਾ ਅਰਥ ਇਹੀ ਹੈ ।

Comments

Tej paul

ਜੇਕਰ ਇਹੀ ਹਾਲ ਰਿਹਾ ਅਤੇ ਆਰ ਐਸ ਐਸ ਦਾ 1924 ਤਕ ਰਾਜ ਰਿਹਾ ਤਾਂ ਇਹਨਾ ਖੂਬਸੂਰਤ ਤੇ ਇਤਹਾਸਕ ਮੁਸਲਮ ਬਿਲਡਗਾਂ/ਯਾਦਗਾਰਾਂ ਦੇ ਨਾਮ ਮਿਥਿਹਾਸਕ ਦੇਵੀ ਦੇਵਤਿਆਂ ਦੇ ਨਾਮ ਤੇ ਰਖ ਦੇਣੇ ਹਨ।ਜੇਕਰ ਇਹਨਾ ਦਾ ਵਸ ਚਲਿਆ ਤਾਂ ਇਹਨਾ ਖੂਬਸੂਰਤ ਯਾਦਗਾਰਾਂ ਨੂੰ ਢਹਿ ਢੇਰੀ ਕਰਕੇ ਇਹਨਾ ਦੀ ਥਾਂ ਰਾਮ ਮੰਦਰ,ਕਿਸ਼ਨ ਮੰਦਰ,ਹਨੂਮਾਨ ਮੰਦਰ,ਮਾਤਾਵਾਂ ਦੇ ਮੰਦਰ ਉਸਾਰ ਦੇਣੇ ਹਨ।ਇਹਨਾ ਇਤਹਾਸ ਦੀਆਂ ਕਿਤਾਬਾਂ ਚ ਇਹ ਦਰਜ ਕਰਾ ਦੇਣਾ ਹੈ ਕਿ "ਮਹਾਨ ਤੇ ਬਲਵਾਨ" ਹਿੰਦੂਆਂ ਨੇ ਮੁਸਲਮਾਨਾਂ ਨੂੰ ਹਰਾ ਕੇ ਆਪਣੀਆਂ ਯਾਦਗਾਰਾਂ/ਮੰਦਰਾਂ ਨੂੰ ਮੁਕਤ ਕਰਾਵਾਇਆ। ਜੇਕਰ ਇਹਨਾ ਦਾ ਵਸ ਚਲਿਆ ਤਾਂ ਦੇਸ਼ ਭਰ ਵਿਚ ਖੂਬਸੂਰਤ ਇਸਾਈ ਗਿਰਜਿਆਂ ਦਾ ਵੀ ਇਹੀ ਹਾਲ ਕਰਨਗੇ।ਦੋ ਕਦਮ ਹੋਰ ਅਗਾਂਹ ਜਾ ਕੇ ਸਿਖ ਯਾਦਗਾਰਾਂ ਦਾ ਹਾਲ ਵੀ ਇਹੋ ਜਿਹਾ ਕਰਨ ਤੋਂ ਸੰਕੋਚ ਨਹੀਂ ਕਰਨਗੇ। ਮਨੂੰ ਸਮਿਰਤੀ ਨੂੰ ਸਿਰੇ ਚੜਾਉਂਦਿਆਂ ਤੇ ਹਿੰਦੂੰ ਸ਼ਾਵਨਵਾਦੀ ਅਜੰਡੇ ਨੂੰ ਸਿਰੇ ਚੜਾਉਂਦਿਆਂ ਘਟ ਗਿਣਤੀਆਂ,ਦਲਿਤਾਂ ਤੇ ਆਦਿਵਾਸੀਆਂ ਦਾ ਕਤਲੇਆਮ ਕਰਨ ਤੋਂ ਸੰਕੋਚ ਨਹੀਂ ਕਰਨਗੇ। ਇਹਨਾ ਦਿਸ਼ਤਗਰਦਾਂ ਦੇ ਫਾਸ਼ੀ ਮਨਸੂਬਿਆਂ ਨੂੰ ਹਰ ਹਾਲਤ ਸਮਝ ਕੇ ਇਹਨਾ ਨੂੰ ਛੇਤੀ ਹਰਾਉਣਾ ਪਏਗਾ ਇਸਤੋਂ ਪਹਿਲਾਂ ਕਿ ਦੇਰ ਹੋ ਜਾਏ।

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ