Tue, 26 September 2017
Your Visitor Number :-   1089009
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਿਡ-ਡੇ ਮੀਲ ਵਰਕਰਾਂ ਘੱਟੋ-ਘੱਟ ਜੀਵਨਯੋਗ ਉਜਰਤ ਪ੍ਰਾਪਤੀ ਤੱਕ ਸੰਘਰਸ਼ ਵਿੱਢੀ ਰੱਖਣ

Posted on:- 14-08-2017

suhisaver

-ਗੁਰਪ੍ਰੀਤ ਸਿੰਘ ਰੰਗੀਲਪੁਰ

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਲਈ ਮੁਫਤ ਦਾਖਲਾ, ਕਿਤਾਬਾਂ, ਵਜ਼ੀਫਾ, ਸਾਈਕਲ ਅਤੇ ਦੁਪਿਹਰ ਦਾ ਖਾਣਾ ਦਿੱਤਾ ਜਾ ਰਿਹਾ ਹੈ । ਇਸ ਦੁਪਿਹਰ ਦੇ ਖਾਣੇ ਨੂੰ ਹੀ ਮਿਡ-ਡੇ-ਮੀਲ ਕਿਹਾ ਜਾਂਦਾ ਹੈ । ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਮੁਹੱਈਆ ਕਰਵਾਇਆ ਜਾ ਰਿਹਾ ਹੈ । ਪ੍ਰਾਇਮਰੀ ਪੱਧਰ 'ਤੇ 100 ਗ੍ਰਾਮ ਅਨਾਜ ਤੇ ਰਾਸ਼ੀ 4.13 ਰੁਪਏ ਅਤੇ ਅੱਪਰ-ਪ੍ਰਾਇਮਰੀ ਪੱਧਰ 'ਤੇ 150 ਗ੍ਰਾਮ ਅਨਾਜ ਤੇ ਰਾਸ਼ੀ 6.18 ਰੁਪਏ ਪ੍ਰਤੀ ਬੱਚਾ ਦਿੱਤੇ ਜਾ ਰਹੇ ਹਨ । ਮਿਡ-ਡੇ-ਮੀਲ ਬਣਾਉਣ ਲਈ ਰੱਖੇ ਕੁੱਕਾਂ ਨੂੰ ਮਿਡ-ਡੇ-ਮੀਲ ਵਰਕਰਜ਼ ਕਿਹਾ ਜਾਂਦਾ ਹੈ । ਲਗਭਗ ਪਿਛਲੇ ਦਸ ਸਾਲਾਂ ਤੋਂ ਇਹ ਮਿਡ-ਡੇ-ਮੀਲ ਵਰਕਰਜ਼ ਸਕੂਲਾਂ ਵਿੱਚ ਦੁਪਿਹਰ ਦਾ ਖਾਣਾ ਬਣਾ ਰਹੇ ਹਨ । ਇਸ ਸਮੇਂ ਪੰਜਾਬ ਵਿੱਚ ਮਿਡ-ਡੇ-ਮੀਲ ਵਰਕਰਜ਼ ਦੀ ਗਿਣਤੀ 42647 ਹੈ । ਜੁਲਾਈ 2017 ਤੋਂ ਇਹਨਾਂ ਮਿਡ-ਡੇ-ਮੀਲ ਵਰਕਰਾਂ ਨੂੰ 1700 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲਣਯੋਗ ਹੈ ।

ਮਿਡ-ਡੇ-ਮੀਲ ਵਰਕਰਾਂ ਸਵੇਰੇ ਅੱਠ ਵਜੇ ਤੋਂ 2 ਵਜੇ ਦੁਪਿਹਰ ਵੇਲੇ ਤੱਕ ਸਰਕਾਰੀ ਸਕੂਲਾਂ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੀਆਂ ਹਨ । ਪਿਛਲੇ ਲੰਮੇ ਸਮੇਂ ਤੋਂ ਉਹ ਬੱਚਿਆਂ ਨੂੰ ਤਾਜ਼ਾ ਅਤੇ ਸਾਫ-ਸੁਥਰਾ ਦੁਪਿਹਰ ਦਾ ਖਾਣਾ ਤਿਆਰ ਕਰ ਕੇ ਦੇ ਰਹੀਆਂ ਹਨ । ਉਹਨਾਂ ਤੋਂ ਕੰਮ ਸਾਰਾ ਸਾਲ ਲਿਆ ਜਾਂਦਾ ਹੈ ਪਰ ਮਾਣਭੱਤਾ ਸਿਰਫ 10 ਮਹੀਨੇ ਦਾ ਹੀ ਦਿੱਤਾ ਜਾਂਦਾ ਹੈ । ਜੂਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਉਹਨਾਂ ਨੂੰ ਮਾਣਭੱਤਾ ਨਹੀਂ ਦਿੱਤਾ ਜਾਂਦਾ । ਦਸੰਬਰ ਵਿੱਚ ਸਰਦੀਆਂ ਦੀਆਂ ਛੁੱਟੀਆਂ ਭਾਵੇਂ ਅੱਠ ਜਾਂ ਦੱਸ ਦਿਨ ਦੀਆਂ ਹੀ ਹੋਣ ਪਰ ਮਿਡ-ਡੇ-ਮੀਲ ਵਰਕਰਾਂ ਨੂੰ ਦਸੰਬਰ ਮਹੀਨੇ ਦਾ ਵੀ ਕੋਈ ਮਾਣਭੱਤਾ ਨਹੀਂ ਦਿੱਤਾ ਜਾਂਦਾ । ਉੱਪਰੋਂ ਕੋਈ ਜੀਵਨ ਬੀਮਾ ਨਹੀਂ ਹੈ । ਕੋਈ ਮੈਡੀਕਲ ਸਹੂਲਤ ਨਹੀਂ ਹੈ । ਪ੍ਰਸੂਤਾ ਜਾਂ ਕੋਈ ਹੋਰ ਦੂਜੀ ਛੁੱਟੀ ਨਹੀਂ ਹੈ । ਕੋਈ ਵਰਦੀ ਭੱਤਾ ਨਹੀਂ ਹੈ । ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਚੋਣ ਅਮਲੇ ਨੂੰ ਰੋਟੀ ਵੀ ਮਿਡ-ਡੇ-ਮੀਲ ਵਰਕਰਾਂ ਨੇ ਹੀ ਖੁਆਈ ਸੀ ।

ਸ਼ੁਰੂ-ਸ਼ੁਰੂ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਕੱਲੀ ਵਰਕਰ ਨੂੰ 250-300 ਬੱਚਿਆਂ ਦਾ ਖਾਣਾ ਬਣਾਉਣਾ ਪੈਂਦਾ ਸੀ । ਚੁੱਲ੍ਹੇ ਵਿੱਚ ਫੂਕਾਂ ਮਾਰ-ਮਾਰ ਕੇ ਅੱਗ ਬਾਲ਼ਦਿਆਂ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ । ਪੂਰਾ ਮਹੀਨਾ ਮਿਹਨਤ ਕਰਕੇ ਸਿਰਫ ਡੇਢ ਸੋ-ਦੋ ਸੋ ਪੱਲ੍ਹੇ ਪੈਂਦਾ ਸੀ । ਬਹੁਤ ਜ਼ਰੂਰੀ ਕੰਮ ਪੈਣ 'ਤੇ ਵੀ ਛੁੱਟੀ ਨਹੀਂ ਮਿਲਦੀ ਸੀ । ਸਿੱਟਾ ਇਹ ਸੀ ਕਿ ਕੋਈ ਮਿਡ-ਡੇ-ਮੀਲ ਵਰਕਰ ਲੱਗਣ ਨੂੰ ਤਿਆਰ ਨਹੀਂ ਸੀ । ਉਸ ਵੇਲੇ ਬਹੁਤ ਹੀ ਗਰੀਬ ਘਰ ਦੀਆਂ ਔਰਤਾਂ ਨੇ ਇਸ ਕੰਮ ਨੂੰ ਅਪਣਾਇਆ । ਸਰਕਾਰਾਂ ਬਦਲਣ ਦੇ ਨਾਲ ਹੀ ਉਹਨਾਂ ਵਿੱਚੋਂ ਵੀ ਕਈ ਵਿਚਾਰੀਆਂ ਦੀ ਮਾਮੂਲੀ ਰੋਜ਼ੀ-ਰੋਟੀ ਰਾਜਸੀ ਚੌਧਰੀਆਂ ਨੇ ਖੋਹ ਲਈ । ਉਸ ਵੇਲੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਮਿਡ-ਡੇ-ਮੀਲ਼ ਵਰਕਰਾਂ ਵੀ ਸੰਘਰਸ਼ ਕਰਕੇ ਇੱਥੋਂ ਤੱਕ ਪਹੁੰਚ ਸਕਣਗੀਆਂ ।

ਸਭ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰਾਂ ਦੇ ਦੁੱਖ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406, ਸੈਕਟਰ 22-ਬੀ, ਚੰਡੀਗੜ੍ਹ ਦੇ ਪੰਜਾਬ ਦੇ ਆਗੂਆਂ ਨੇ ਦਿਲੋਂ ਮਹਿਸੂਸ ਕੀਤਾ । ਉਹਨਾਂ ਪੂਰੇ ਪੰਜਾਬ ਵਿੱਚ ਸਕੂਲ-ਸਕੂਲ ਜਾ ਕੇ, ਮਿਡ-ਡੇ-ਮੀਲ ਵਰਕਰਾਂ ਨੂੰ ਜਾਗੁਰਿਤ ਕਰਦੇ ਹੋਏ ਉਹਨਾਂ ਵਿੱਚੋਂ ਹੀ ਆਗੂ ਵੀ ਲੱਭ ਲਈਆਂ । ਫਿਰ ਸੈਂਟਰ, ਬਲਾਕ, ਜ਼ਿਲ੍ਹਾ ਅਤੇ ਫਿਰ ਸੂਬਾ ਟੀਮਾਂ ਵੀ ਬਣਾ ਦਿੱਤੀਆਂ ਗਈਆਂ । ਫਿਰ ਵਿਗਿਆਨਿਕ ਢੰਗ ਨਾਲ ਸੰਘਰਸ਼ ਲੜਦਿਆਂ ਮੰਗ ਪੱਤਰ ਦਿੱਤੇ ਗਏ, ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਤੇ ਸੂਬਾ ਪੱਧਰੀ ਸੰਘਰਸ਼ ਵਿੱਢੇ ਗਏ । ਕਦੀ ਪੁਲਿਸ ਨਾਲ ਟਕਰਾਅ, ਕਦੀ ਪਾਣੀ ਦੀਆਂ ਬੁਛਾਰਾਂ ਸਹਿੰਦੇ ਹੋਏ ਵੱਖ-ਵੱਖ ਸਮੇਂ ਦੀਆਂ ਸਰਕਾਰਾਂ, ਉਹਨਾਂ ਦੇ ਨੁਮਾਂਇਦਿਆਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ । ਸੰਘਰਸ਼ਾਂ ਕਰਕੇ 25 ਬੱਚਿਆਂ ਪਿੱਛੇ ਇੱਕ ਵਰਕਰ ਰੱਖਣ ਦਾ ਪੱਤਰ ਜ਼ਾਰੀ ਹੋਇਆ । ਸਾਰੇ ਸਕੂਲਾਂ ਵਿੱਚ ਮਿਡ-ਡੇ-ਮੀਲ ਬਣਾਉਣ ਲਈ ਗੈਸ ਸਿਲੰਡਰ ਦਿੱਤੇ ਗਏ । ਬਿਨਾਂ ਠੋਸ ਕਾਰਨ ਵਰਕਰ ਨੂੰ ਨੌਂਕਰੀ ਤੋਂ ਨਾ ਕੱਢਣ ਦਾ ਪੱਤਰ ਵੀ ਜ਼ਾਰੀ ਹੋਇਆ । ਕਈ ਨੌਂਕਰੀਉਂ ਕੱਢੀਆਂ ਵਰਕਰਾਂ ਨੂੰ ਬਹਾਲ ਵੀ ਕਰਵਾਇਆ ਗਿਆ । ਫਿਰ ਮਾਣਭੱਤੇ ਦੇ ਰੂਪ ਵਿੱਚ ਮਹੀਨਾਵਾਰ ਪੈਸੇ ਮਿਲਣ ਲੱਗੇ । ਪੈਸੇ ਸਿੱਧੇ ਵਰਕਰ ਦੇ ਖਾਤੇ ਵਿੱਚ ਪੈਣ ਲੱਗੇ । ਮਾਣਭੱਤਾ 500 ਹੋਇਆ, ਫਿਰ 1000 ਅਤੇ ਫਿਰ 1200 ਰੁਪਏ ਮਹੀਨਾ । ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲ ਹੋਈ ਆਖਰੀ ਮੀਟਿੰਗ ਵਿੱਚ ਵੀ ਮਾਣਭੱਤੇ ਵਿੱਚ ਵਾਧੇ ਸਬੰਧੀ, ਮੈਡੀਕਲ ਤੇ ਬੀਮਾ ਸਹੂਲਤ ਦੇਣ ਸਬੰਧੀ, ਹਾਦਸਾਗ੍ਰਸਤ ਵਰਕਰਾਂ ਨੂੰ ਬਣਦਾ ਮੁਆਵਜ਼ਾ ਦੇਣ ਸਬੰਧੀ, ਵਰਦੀਆਂ ਦੀ ਥਾਂ ਵਰਕਰਾਂ ਨੂੰ 2-2 ਐਪਰਨ ਦੇਣ ਸਬੰਧੀ ਸਹਿਮਤੀ ਬਣੀ ਸੀ । ਪਰ ਹਾਲ੍ਹੇ ਤੱਕ ਇੱਕ ਵੀ ਮੰਗ ਲਾਗੂ ਨਹੀਂ ਹੋਈ । ਹੁਣ ਜੁਲਾਈ 2017 ਤੋਂ ਮਾਣਭੱਤਾ 1700 ਰੁਪਏ ਮਹੀਨਾ ਮਿਲਣਯੋਗ ਦਾ ਪੱਤਰ ਜ਼ਾਰੀ ਹੋਇਆ ਹੈ । ਨਾਲ ਹੀ ਜਨਵਰੀ 2017 ਤੋਂ 500 ਰੁਪਏ ਪ੍ਰਤੀ ਵਰਕਰ ਬਕਾਇਆ ਵੀ ਮਿਲਣਯੋਗ ਹੈ ।

ਸਿਰਫ 1700 ਰੁਪਏ ਮਹੀਨਾ ਭਾਵ 54.84 ਰੁਪਏ ਦਿਹਾੜੀ ਦੇ ਕੇ ਮਿਡ-ਡੇ-ਮੀਲ ਵਰਕਰਜ਼ ਦੀ ਕਿਰਤ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ । ਉਹ ਵੀ ਸਿਰਫ 10 ਮਹੀਨੇ ਹੀ ਮਾਣਭੱਤਾ ਮਿਲਣਾ ਹੈ । ਜਦੋਂਕਿ ਕਿਰਤ ਕਾਨੂੰਨ ਨੇ ਇਹ ਪੱਤਰ ਜ਼ਾਰੀ ਕੀਤਾ ਹੈ ਕਿ ਉੱਚ-ਸਿੱਖਿਅਤ ਕਾਮਿਆਂ ਨੂੰ ਘੱਟੋ-ਘੱਟ ਡੀ.ਸੀ. ਰੇਟ 9919.52 ਰੁਪਏ ਮਹੀਨਾ, ਸਿੱਖਿਅਤ ਕਾਮਿਆਂ ਨੂੰ 8887.52 ਰੁਪਏ ਮਹੀਨਾ, ਅਰਧ-ਸਿੱਖਿਅਤ ਕਾਮਿਆਂ ਨੂੰ 7990.52 ਰੁਪਏ ਮਹੀਨਾ ਅਤੇ ਅਣ-ਸਿੱਖਿਅਤ ਕਾਮਿਆਂ ਨੂੰ 7218.52 ਰੁਪਏ ਮਹੀਨਾ ਦੇਣੇ ਹੀ ਹਨ । ਰੋਟੀ ਹਰ ਕੋਈ ਨਹੀਂ ਬਣਾ ਸਕਦਾ । ਇਸ ਲਈ ਮਿਡ-ਡੇ-ਮੀਲ ਵਰਕਰਾਂ ਨੂੰ ਸਿੱਖਿਅਤ ਕਾਮੇ ਮੰਨ ਕੇ ਮਾਣਭੱਤਾ ਵੱਧ ਦੇਣਾ ਬਣਦਾ ਹੈ । ਉੱਪਰੋਂ ਇਹਨਾਂ ਨੂੰ ਕੋਈ ਜੀਵਨ ਬੀਮਾ ਜਾਂ ਮੈਡੀਕਲ ਸਹੂਲਤ ਵੀ ਨਹੀਂ ਮਿਲਦੀ ਹੈ । ਸਿਲੰਡਰ ਫੱਟਣ ਨਾਲ ਕਈ ਵਰਕਰਾਂ ਨੂੰ ਜਾਨ ਗਵਾਉਣੀ ਪਈ ਹੈ । ਕਈ ਗੰਭੀਰ ਜ਼ਖ੍ਹਮੀ ਹੋ ਜਾਂਦੇ ਹਨ ਪਰ ਉਹਨਾਂ ਗਰੀਬ ਵਰਕਰਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ । ਬੱਚੇ ਨੂੰ ਜਨਮ ਦੇਣ ਵਾਲੇ ਪਵਿੱਤਰ ਕਾਰਜ਼ ਲਈ ਪ੍ਰਸੂਤਾ ਛੁੱਟੀ ਵੀ ਨਹੀਂ ਮਿਲਦੀ ਹੈ । ਕੋਈ ਵਰਦੀ ਨਹੀਂ ਮਿਲਦੀ ।

ਜ਼ਿਕਰਯੋਗ ਹੈ ਕਿ ਜਿੱਥੇ ਵੀ ਤਜ਼ਰੱਬਾ ਕਰਕੇ ਮਿਡ-ਡੇ-ਮੀਲ ਦਾ ਕੰਮ ਠੇਕੇ 'ਤੇ ਦਿੱਤਾ ਗਿਆ ਹੈ ਉੱਥੇ ਖਾਣਾ ਬੱਚਿਆਂ ਦੇ ਖਾਣਣੋਗ ਹੀ ਨਹੀਂ ਨਿਕਲਿਆ ਹੈ । ਕਦੀ ਖਾਣੇ 'ਚੋਂ ਸੁੰਡੀਆਂ ਨਿਕਲੀਆਂ ਹਨ, ਕਦੀ ਬੱਚੇ ਕਈ ਦਿਨਾਂ ਦਾ ਬੇਹਾ ਤੇ ਬਾਸਾ ਖਾਣਾ ਖਾ ਕੇ ਬੀਮਾਰ ਪਏ ਹਨ । ਇਸ ਲਈ ਬੱਚਿਆਂ ਨੂੰ ਸਕੂਲਾਂ ਵਿੱਚ ਤਰ੍ਹੋ-ਤਾਜ਼ਾ ਖਾਣਾ ਸਿਰਫ ਤੇ ਸਿਰਫ ਮਿਡ-ਡੇ-ਮੀਲ ਵਰਕਰਾਂ ਹੀ ਬਣਾ ਕੇ ਦੇ ਸਕਦੀਆਂ ਹਨ । ਸਰਕਾਰਾਂ ਨੂੰ ਭੁੱਲ ਕੇ ਵੀ ਮਿਡ-ਡੇ-ਮੀਲ ਦਾ ਕੰਮ ਠੇਕੇ 'ਤੇ ਨਹੀਂ ਦੇਣਾ ਚਾਹੀਦਾ । ਇਹ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਵਗਾ । ਉਲਟਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਰੈਗੂਲਰ ਕਰਕੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ । ਜਿੰਨਾ ਚਿਰ ਮਿਡ-ਡੇ-ਮੀਲ ਵਰਕਰਜ਼ ਰੈਗੂਲਰ ਨਹੀਂ ਹੁੰਦੇ ਉਹਨਾਂ ਨੂੰ ਘੱਟੋ-ਘੱਟ ਜੀਵਨ ਯੋਗ ਉਜਰਤ ਦੇ ਘੇਰੇ ਵਿੱਚ ਲਿਆ ਕੇ ਸਿੱਖਿਅਤ ਕਾਮੇ ਮੰਨ ਕੇ ਘੱਟੋ-ਘੱਟ ਡੀ.ਸੀ. ਰੇਟ 12 ਮਹੀਨੇ ਭਾਵ ਪੂਰਾ ਸਾਲ ਦਿੱਤੇ ਜਾਣ । ਬੱਚਿਆਂ ਦੀ ਗਿਣਤੀ ਘੱਟਣ ਕਰਕੇ ਮਿਡ-ਡੇ-ਮੀਲ ਵਰਕਰ ਵੀ 15 ਬੱਚਿਆਂ ਪਿੱਛੇ ਇੱਕ ਰੱਖੀ ਜਾਵੇ । ਹਰ ਸਕੂਲ ਵਿੱਚ ਘੱਟੋ-ਘੱਟ ਦੋ ਵਰਕਰਾਂ ਜ਼ਰੂਰ ਹੋਣ । ਉਹਨਾਂ ਦਾ ਜੀਵਨ ਬੀਮਾ ਸਰਕਾਰ ਵੱਲੋਂ ਕੀਤਾ ਜਾਵੇ । ਹਾਦਸਾਗ੍ਰਸਤ ਵਰਕਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਪ੍ਰਸੂਤਾ ਅਤੇ ਹੋਰ ਸਾਰੀਆਂ ਛੁੱਟੀਆਂ ਦਿੱਤੀਆਂ ਜਾਣ । ਵਰਦੀਆਂ ਜਾਂ ਵਰਦੀ ਭੱਤਾ ਦਿੱਤਾ ਜਾਵੇ ।

ਮਿਡ-ਡੇ-ਮੀਲ ਵਰਕਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਹੱਕਾਂ ਪ੍ਰਤੀ ਜਾਗੁਰਿਤ ਹੋਣ । ਉਹ 54.84 ਰੁਪਏ ਦਿਹਾੜੀ ਨਾਲ ਹੋ ਰਹੀ ਕਿਰਤ ਦੀ ਸ਼ਰੇਆਮ ਲੁੱਟ ਵਿਰੁੱਧ ਜੱਥੇਬੰਦ ਹੋਣ । ਉਹ ਆਪਣੀ ਜੱਥੇਬੰਦੀ ਦੀ ਤਾਕਤ ਨੂੰ ਪਛਾਨਣ ਜਿਸ ਕਰਕੇ ਅੱਜ ਉਹ ਇੱਥੋਂ ਤੱਕ ਪੁੱਜੀਆਂ ਹਨ । ਕੀਤੀਆਂ ਪ੍ਰਾਪਤੀਆਂ ਨੂੰ ਇੱਕ ਪਾਸੇ ਕਰਕੇ ਰਹਿ ਗਈਆਂ ਮੰਗਾਂ ਮਨਵਾਉਣ ਲਈ ਉਹ ਆਪਣੇ ਏਕੇ ਨੂੰ ਵਿਸ਼ਾਲ ਕਰਨ । ਉਹ ਉਹਨਾਂ ਚਿਹਰਿਆਂ ਦੀ ਵੀ ਪਛਾਣ ਕਰਨ ਕਿ ਉਹਨਾਂ ਦੀ ਔਖੇ ਵੇਲੇ ਬਾਂਹ ਫੜ੍ਹਨ ਵਾਲਾ ਕੌਣ ਸੀ ? ਇਸ ਤਰ੍ਹਾਂ ਉਹ ਘੱਟੋ-ਘੱਟ ਜੀਵਨ ਯੋਗ ਉਜਰਤ ਪ੍ਰਾਪਤੀ ਤੱਕ ਆਪਣੇ ਸੰਘਰਸ਼ ਨੂੰ ਵਿੱਢੀ ਰੱਖਣ ।

ਸੰਪਰਕ: +91 98552 07071

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ