Tue, 26 September 2017
Your Visitor Number :-   1089009
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਅਸਹਿਣਸ਼ੀਲ ਮਾਹੌਲ ਖ਼ਿਲਾਫ਼ ਲੇਖਕਾਂ ਦੀ ਭੂਮਿਕਾ -ਡਾ. ਕਰਮਜੀਤ ਸਿੰਘ

Posted on:- 15-08-2017

suhisaver

ਆਰ. ਐਸ. ਐਸ. ਦੇ ਰਾਜਨੀਤਕ ਵਿੰਗ ਬੀਜੇਪੀ ਦੀ ਸਰਕਾਰ ਬਣਦਿਆਂ ਹੀ ਉਹ ਕੁਝ ਵਾਪਰਨਾ ਸ਼ੁਰੂ ਹੋ ਗਿਆ ਜਿਸਦਾ ਸਿਆਣਿਆਂ ਨੂੰ ਅੰਦੇਸ਼ਾ ਸੀ। ਇਹ ਅੰਦੇਸ਼ਾ ਨਿਰਮੂਲ ਨਹੀਂ ਸੀ। ਆਰ. ਐਸ. ਐਸ. ਦੀ ਵਿਚਾਰਧਾਰਾ ਹਿੰਦੂ ਹਿੰਦੀ ਹਿੰਦੁਸਤਾਨ ਵਿਚ ਹੀ ਉਸਦੇ ਫਾਸ਼ੀਵਾਦੀ ਹੋਣ ਦੇ, ਘੱਟ ਗਿਣਤੀਆਂ ਨੂੰ ਮਲੀਆਮੇਟ ਕਰਨ ਦੇ ਅਤੇ ਬਹੁ ਸਭਿਆਚਾਰਕ-ਬਹੁ ਭਾਸ਼ਾਈ ਸਮਾਜ ਨੂੰ ਤਬਾਹ ਕਰਨ ਦੇ ਮਨਸੂਬੇ ਛੁਪੇ ਹੋਏ ਹਨ। ਇਸ ਵਿਚਾਰਧਾਰਾ ਨੇ ਭਾਰਤੀ ਸਮਾਜ ਨੂੰ ਸੰਪ੍ਰਦਾਇਕ ਲੀਹਾਂ ਤੇ ਵੰਡਣ ਦਾ ਕੰਮ ਵੱਡੀ ਪੱਧਰ ਤੇ ਕੀਤਾ ਹੈ। ਵਾਜਪਾਈ ਸਰਕਾਰ ਦੇ ਪਹਿਲਾਂ ਰਹਿ ਚੁੱਕੇ 6 ਸਾਲ ਦੇ ਸ਼ਾਸਨ ਕਾਲ ਵਿਚ ਗੁਜਰਾਤ ਦੇ ਦੰਗੇ, ਨਿੱਤ ਦਿਨ ਸੰਵਿਧਾਨ ਸੋਧਣ ਦੀਆਂ ਟਾਹਰਾਂ, ਧਾਰਾ 370 ਖ਼ਤਮ ਕਰਨ ਦੇ ਨਾਹਰੇ, ਰਾਮ ਮੰਦਿਰ ਬਣਾਉਣ ਦੇ ਵਾਅਦੇ ਤੇ ਹਰ ਰੋਜ਼ ਦਿੱਤੇ ਵਿਵਾਦਤ ਬਿਆਨਾਂ ਨੇ ਪੂਰੇ ਦੇਸ਼ ਨੂੰ ਸੂਲ਼ੀ ਤੇ ਟੰਗੀ ਰੱਖਿਆ। ਲੇਖਕਾਂ ਤੇ ਬੁੱਧੀਜੀਵੀਆਂ ਨੂੰ ਇਹ ਸਭ ਕੁਝ ਕਲ੍ਹ ਵਾਂਗ ਯਾਦ ਸੀ।

ਇਹ ਉਦੋਂ ਸੀ ਜਦੋਂ ਕਈ ਪਾਰਟੀਆਂ ਸਰਕਾਰ ਵਿਚ ਸ਼ਾਮਿਲ ਸਨ।  ਹੁਣ ਤਾਂ ਬਹੁਮਤ ਆਉਣ ਤੋਂ ਬਾਦ ਇਨ੍ਹਾਂ ਦੀ ਮਨਸ਼ਾ ਜ਼ਹਿਰ ਹੋਣੀ ਹੀ ਹੋਣੀ ਸੀ। ਭਾਵੇਂ ਅਜੇ ਵੀ ਇਕ ਅੜਿਕਾ ਬਰਕਰਾਰ ਹੈ-ਰਾਜ ਸਭਾ ਵਿਚ ਪੂਰਨ ਬਹੁਮਤ ਦਾ ਨਾ ਹੋਣਾ। ਫਿਰ ਵੀ ਲੀਡਰ ਤੇ ਕਾਰਜ ਕਰਤਾ ਆਪਣੀਆਂ ਮਨ ਮਾਨੀਆਂ ਤੇ ਉੱਤਰ ਆਏ।


ਤਰਕਸ਼ੀਲ ਨਰਿੰਦਰ ਢਾਬੋਲਕਰ ਦਾ ਕਤਲ ਕੀਤਾ ਗਿਆ, ਗੋਵਿੰਦ ਪਾਂਸਾਰੇ ਅਤੇ ਉਸਦੀ ਪਤਨੀ ਨੂੰ ਸਰੀਰਕ ਤੌਰ ਤੇ ਖ਼ਤਮ ਕੀਤਾ ਗਿਆ। ਦਾਦਰੀ ਕਾਂਡ ਵਿਚ ਅਖ਼ਲਾਕ ਨੂੰ ਇਸ ਅਫ਼ਵਾਹ ਦੇ ਆਧਾਰ ਤੇ ਕੋਹ ਕੋਹ ਕੇ ਮਾਰਿਆ ਗਿਆ ਕਿ ਉਸਦੇ ਘਰ ਵਿਚ ਗਾਂ ਦਾ ਮਾਸ ਖਾਧਾ ਜਾ ਰਿਹਾ ਸੀ ਜਦ ਕਿ ਬਾਦ ਵਿਚ ਇਹ ਸਾਬਤ ਹੋ ਗਿਆ ਕਿ ਉਹ ਮਾਸ ਗਾਂ ਦਾ ਨਹੀਂ ਸੀ। ਕਿਹਾ ਗਿਆ ਕਿ ਇਹ ਘਟਨਾ ਯੂ ਪੀ ਵਿਚ ਹੋਈ ਹੈ, ਐਮ. ਐਮ. ਕਲਬੁਰਗੀ ਦਾ ਕਤਲ ਕਰਨਾਟਕ ਵਿਚ ਹੋਇਆ ਤੇ ਗੋਵਿੰਦ ਪਾਂਸਾਰੇ ਤੇ ਨਰਿੰਦਰ ਢਾਬੋਲਕਰ ਨਾਲ਼ ਸੰਬੰਧਿਤ ਦੁਖਾਂਤ ਮਹਾਂਰਾਸ਼ਟਰ ਵਿਚ ਕਿਸੇ ਹੋਰ ਪਾਰਟੀ ਦੀ ਸਰਕਾਰ ਅਧੀਨ ਹੋਇਆ। ਪਰ ਇਨ੍ਹਾਂ ਘਟਨਾਵਾਂ ਪਿੱਛੇ ਹਿੰਦੂ ਸੰਗਠਨਾਂ ਦਾ ਨਾਂ ਬੋਲਦਾ ਸੀ ਅਤੇ ਬੀਜੇਪੀ ਦੀਆਂ ਅੱਗ ਦੀਆਂ ਨਾਲ਼ਾਂ ਕਹੇ ਜਾਂਦੇ ਐਮਪੀਆਂ ਅਤੇ ਐਮਐਲਏਆਂ ਨੇ ਇਨ੍ਹਾਂ ਘਟਨਾਵਾਂ ਨੂੰ ਜਾਇਜ਼ ਠਹਿਰਾਇਆ। ਜਿਵੇਂ ਇਨ੍ਹਾਂ ਘਟਨਾਵਾਂ ਤੋਂ ਬਾਦ ਹੋਰ ਵਿਰੋਧ ਕਰ ਰਹੇ ਬੁੱਧੀਜੀਵੀਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸਨੇ ਸਾਰੇ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਵਿਸ਼ੇਸ਼ ਤੌਰ ਤੇ ਲੇਖਕਾਂ ਨੂੰ ਚਿੰਤਾ ਵਿਚ ਪਾ ਦਿੱਤਾ।

ਸਿੱਧਾ ਸਿੱਧਾ ਇਹ ਬੋਲਣ ਦੀ ਆਜ਼ਾਦੀ ਉਪਰ ਸੰਪ੍ਰਦਾਇਕ ਫਾਸ਼ੀਵਾਦੀ ਹਮਲਾ ਸੀ ਜਿਸਨੇ ਲੇਖਕਾਂ ਨੂੰ ਕੁਝ ਕਰਨ ਲਈ ਹਲੂਣਿਆਂ। ਉਦੈ ਪ੍ਰਕਾਸ਼, ਨੈਨਤਾਰਾ ਸਹਿਗਲ, ਸਾਰਾ ਜੋਸਫ਼ ਅਸ਼ੋਕ ਵਾਜਪਾਈ ਅਤੇ ਰਹਿਮਾਨ ਅਬੱਾਸ ਆਦਿ ਲੇਖਕਾਂ ਨੇ ਆਪਣੇ ਸਾਹਿਤ ਅਕੈਡਮੀ ਦੇ ਸਨਮਾਨ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ। ਕੁਝ ਸੱਤਾ ਪੱਖੀ ਲੇਖਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਤਦ ਨੂੰ 10 ਫਿਲਮਕਾਰਾਂ ਨੇ ਵੀ ਆਪਣੇ ਸਨਮਾਨ ਵਾਪਿਸ ਕਰ ਦਿੱਤੇ। ਇਨ੍ਹਾਂ ਸਾਹਿਤਕਾਰਾਂ ਅਤੇ ਫਿਲਮਕਾਰਾਂ ਦੇ ਵਿਰੋਧ ਵਿਚ ਸਰਕਾਰ ਦੇ ਕੇਂਦਰੀ ਮੰਤਰੀਆਂ ਅਰੁਣ ਜੇਟਲੀ, ਰਾਜਨਾਥ ਸਿੰਘ, ਅਦਿੱਤਯ ਨਾਥ ਯੋਗੀ, ਸਾਕਸ਼ੀ ਮਹਾਰਾਜ, ਪ੍ਰਾਚੀ ਆਦਿ ਸਾਧਵੀਆਂ ਅਤੇ ਆਰæ ਐਸ਼ ਐਸ਼ ਅਤੇ ਬੀਜੇਪੀ ਦੇ ਪ੍ਰਵਕਤਾਵਾਂ ਨੇ ਰਾਸ਼ਟਰੀ ਚੈਨਲਾਂ ਤੇ ਵਿਰੋਧ ਦੀ ਹਨੇਰੀ ਲਿਆ ਦਿੱਤੀ। ਲੇਖਕਾਂ ਦੇ ਵਿਰੋਧ ਨੂੰ ਮਸਨੂਈ, ਪੂਰਵ ਨਿਰਧਾਰਿਤ, ਸਟਰਕਚਰਡ ਅਤੇ ਹਰਾਸ ਵਿਚੋਂ ਪੈਦਾ ਹੋਏ ਵਿਰੋਧ ਦਾ ਨਾਂ ਦਿੱਤਾ ਗਿਆ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਕਿ ਇਸ ਵਿਰੋਧ ਪਿੱਛੇ ਮਾਰਕਸਵਾਦੀ ਤੇ ਕਾਂਗਰਸੀ ਲੇਖਕ ਹਨ ਜਦ ਕਿ ਇਹ ਸਾਰੀ ਗੱਲ ਸੱਚ ਨਹੀਂ ਸੀ। ਪੰਜਾਬ ਦੇ ਲੇਖਕਾਂ ਦੇ ਸੰਧਰਭ ਵਿਚ ਤਾਂ ਬਿਲਕੁਲ ਹੀ ਨਹੀਂ। ਕਮਿਊਨਿਸਟ ਪਾਰਟੀਆਂ, ਕਾਂਗਰਸ ਅਤੇ ਸਾਰੀ ਵਿਰੋਧੀ ਧਿਰ ਲੇਖਕਾਂ, ਕਲਾਕਾਰਾਂ, ਵਿਗਿਆਨੀਆਂ, ਬੁੱਧੀਜੀਵੀਆ ਅਤੇ ਇਤਿਹਾਸਕਾਰਾਂ ਦੇ ਪੱਖ ਵਿਚ ਆ ਖਲੋਤੀ। ਰਾਜਨੀਤਕ ਪਾਰਟੀਆਂ ਦੇ ਆਪਣੇ ਹਿੱਤ ਹੁੰਦੇ ਹਨ ਪਰ ਲੇਖਕਾਂ ਦਾ ਪੱਖ ਇਸ ਨਾਲ਼ ਮਜ਼ਬੂਤ ਹੋਇਆ।

ਜਦੋਂ ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਨੇ ਲੇਖਕਾਂ ਵਲੋਂ ਅਸਿਹਣਸ਼ੀਲਤਾ ਦੇ ਲਾਏ ਦੋਸ਼ਾਂ ਨਾਲ਼ ਸਹਿਮਤੀ ਪ੍ਰਗਟਾਈ ਤਾਂ ਇਕ ਬਾਰ ਤਾਂ ਸਾਰੀ ਆਰæ ਐਸ਼ ਐਸ਼ ਅਤੇ ਬੀਜੇਪੀ ਉਨ੍ਹਾਂ ਨੂੰ ਟੁੱਟ ਕੇ ਪੈ ਗਈ। ਘੱਟ ਗਿਣਤੀਆਂ ਉਪਰ ਪੂਰੀ ਭੜਾਸ ਕੱਢੀ ਗਈ। ਕਿਹਾ ਗਿਆ ਕਿ ਇਹ ਖਾਂਦੇ ਭਾਰਤ ਦਾ ਹਨ ਤੇ ਗੁਣ ਪਾਕਿਸਤਾਨ ਦਾ ਗਾਉਂਦੇ ਹਨ। ਇਨ੍ਹਾਂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ ਆਦਿ ਆਦਿ। ਆਮਿਰ ਖ਼ਾਨ ਨੇ ਕਿਹਾ ਇੰਨਾ ਹੀ ਸੀ ਕਿ ਬੀਜੇਪੀ ਵਲੋਂ ਸਿਰਜੇ ਜਾ ਰਹੇ ਅਸਹਿਣਸ਼ੀਲ ਮਾਹੌਲ ਵਿਚ ਲੋਕ ਘਰਾਂ ਵਿਚ ਇਹ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਇਹ ਦੇਸ਼ ਹੁਣ ਘੱਟ ਗਿਣਤੀਆਂ ਦੇ ਰਹਿਣ ਲਾਇਕ ਬਚੇਗਾ ਵੀ ਕਿ ਨਹੀਂ। ਆਮਿਰ ਦੀ ਪਤਨੀ ਉਪਰ ਚਿੱਕੜ ਉਛਾਲ਼ਿਆ ਗਿਆ ਪਰ ਅਜਿਹੇ ਘਟੀਆ ਹਮਲਿਆਂ ਦੇ ਬਾਵਜੂਦ ਆਮਿਰ ਨੇ ਸੰਪ੍ਰਦਾਇਕ ਤੱਤਾਂ ਸਾਹਮਣੇ ਹਥਿਆਰ ਨਹੀਂ ਸੁੱਟੇ ਤੇ ਨਾ ਹੀ ਉਨ੍ਹਾਂ ਦੇ ਕਹਿਣ ਤੇ ਮੁਆਫ਼ੀ ਹੀ ਮੰਗੀ। ਅਜਿਹੇ ਘਟੀਆ ਕਿਸਮ ਦੇ ਹਮਲਿਆਂ ਨੇ ਲੇਖਕਾਂ ਨੂੰ ਚੁੱਪ ਨਹੀਂ ਹੋਣ ਦਿੱਤਾ ਸਗੋਂ ਇਸ ਕੂੜ ਪ੍ਰਚਾਰ ਤੋਂ ਅਗਲੇ ਹੀ ਦਿਨ ਕੁੰਦਨ ਸ਼ਾਹ, ਅਰੁੰਧਤੀ ਰਾਇ, ਦਿਵਾਕਰ ਬੈਨਰਜੀ, ਆਨੰਦ ਪਟਵਰਧਨ, ਹਰੀ ਨਾਇਰ, ਕਿਰਤੀ ਨਕਵਾ ਅਤੇ ਹਰਸ਼ ਕੁਲਕਰਣੀ ਜਿਹੇ ਸਥਾਪਿਤ ਫਿਲਮਕਾਰਾਂ ਸਮੇਤ ਚੌਵੀ ਫਿਲਮਕਾਰਾਂ ਨੇ ਸਨਮਾਨ ਸਰਕਾਰ ਸਾਹਵੇਂ ਜਾ ਰੱਖੇ। ਕੁੱਲ 75 ਦੇ ਕਰੀਬ ਸਾਹਿਤਕਾਰਾਂ, ਫਿਲਮਕਾਰਾਂ, ਵਿਗਿਆਨੀਆਂ ਅਤੇ ਇਤਿਹਾਸਕਾਰਾਂ ਨੇ ਸਾਹਿਤ ਅਕਾਡਮੀ ਤੇ ਸਰਕਾਰ ਨੂੰ ਆਇਨਾ ਦਿਖਾਇਆ। ਸਾਹਿਤ ਅਕੈਡਮੀ ਦੀ ਜਨਰਲ ਕੌਂਸਲ ਤੋਂ ਕਈ ਸਾਹਿਤਕਾਰਾਂ ਨੇ ਅਸਤੀਫ਼ੇ ਦੇ ਦਿੱਤੇ। ਕੁਝ ਨੇ ਪਦਮ ਭੂਸ਼ਣ ਤੇ ਪਦਮ ਸ਼੍ਰੀ ਵੀ ਰਾਸ਼ਟਰਪਤੀ ਨੂੰ ਭੇਜ ਦਿੱਤੇ।

ਪੰਜਾਬੀ ਲੇਖਕਾਂ ਵਿਚੋਂ ਗੁਰਬਚਨ ਭੁੱਲਰ ਨੇ ਸਨਮਾਨ ਵਾਪਿਸ ਕਰਨ ਦੀ ਪਹਿਲ ਕੀਤੀ। ਉਸਤੋਂ ਬਾਦ ਸੁਰਜੀਤ ਪਾਤਰ, ਦਰਸ਼ਨ ਬੁੱਟਰ, ਬਲਦੇਵ ਸੜਕਨਾਮਾ, ਜਸਵਿੰਦਰ ਗਲਜ਼ਗੋ,  ਵਰਿਆਮ ਸੰਧੂ, ਮੋਹਨ ਭੰਡਾਰੀ, ਅਜਮੇਰ ਔਲਖ, ਤੇ ਆਤਮਜੀਤ ਨੇ ਸਾਹਿਤ ਅਕੈਡਮੀ ਦੇ ਸਨਮਾਨ ਵਾਪਿਸ ਕੀਤੇ ਅਤੇ ਦਲੀਪ ਕੌਰ ਟਿਵਾਣਾ ਨੇ ਪਦਮ ਸ਼੍ਰੀ ਸਨਮਾਨ ਵਾਪਿਸ ਕਰ ਦਿੱਤਾ। ਕਿਸੇ ਵੀ ਹੋਰ ਭਾਰਤੀ ਸੂਬੇ ਤੋਂ ਵਧੇਰੇ ਪੰਜਾਬ ਦੇ ਲੇਖਕਾਂ ਨੇ ਸਨਮਾਨ ਵਾਪਸੀ ਵਿਚ ਆਪਣਾ ਹਿੱਸਾ ਪਾਇਆ। ਇਸ ਸੰਦਰਭ ਵਿਚ ਇਕ ਸੁਆਲ ਉਠਾਇਆ ਗਿਆ ਕਿ ਸਾਹਿਤ ਅਕੈਡਮੀ ਸੁਤੰਤਰ ਅਦਾਰਾ ਹੈ ਇਸ ਲਈ ਇਸਦਾ ਰਾਜਨੀਤੀਕਰਣ ਨਹੀਂ ਹੋਣਾ ਚਾਹੀਦਾ ਪਰ ਇਸ ਸੁਤੰਤਰ ਅਦਾਰੇ ਨੇ ਆਪਣੀ ਵਲੋਂ ਸਨਮਾਨਿਤ, ਕੌਂਸਲ ਦੇ ਮੈਂਬਰ ਅਤੇ ਪੂਰਵ ਕੁਲਪਤੀ ਐਮæ ਐਮæ ਕੁਲਬਰਗੀ ਦੇ ਕਤਲ ਤੇ ਸੋਗ ਦਾ ਮਤਾ ਵੀ ਪਾਸ ਨਾ  ਕੀਤਾ। ਜਦੋਂ ਜ਼ੋਰਦਾਰ ਮੰਗ ਉੱਠੀ ਤਾਂ ਡਾਇਰੈਕਟਰ ਨੇ ਸਾਹਿਤ ਅਕੈਡਮੀ ਦੀ ਕੌਂਸਲ ਦੀ ਮੀਟਿੰਗ ਬੁਲਾ ਕੇ ਸ਼ੌਕ ਮਤਾ ਪਾਸ ਕਰਵਾਇਆ ਅਤੇ ਅਸਿਹਣਸ਼ੀਲਤਾ ਦੀ ਨਿੰਦਿਆ ਵੀ ਕੀਤੀ ਗਈ। ਮੀਟਿੰਗ ਵਾਲੇ ਦਿਨ ਲੇਖਕਾਂ ਨੇ ਸਾਮੂਹਿਕ ਰੂਪ ਵਿਚ ਸਨਮਾਨ ਵਾਪਸ ਕਰਨ ਲਈ ਪ੍ਰਦਰਸ਼ਨ ਕੀਤਾ। ਵਿਰੋਧ ਵਿਚ ਕੁਝ ਸੱਤਾ ਦੇ ਸਮਰਥੱਕ ਲੇਖਕਾਂ ਨੇ ਸਨਮਾਨ ਮੋੜਨ ਵਾਲਿਆਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਆਰ. ਐਸ. ਐਸ. ਦੇ ਇਕ ਬੁਲਾਰੇ ਨੇ ਸਨਮਾਨ ਵਾਪਿਸ ਕਰਨ ਵਾਲ਼ੇ ਲੇਖਕਾਂ ਨੂੰ ਗੈਂਗ ਤਕ ਕਹਿ ਦਿੱਤਾ। ਗੈਂਗ ਅਪਰਾਧੀਆਂ ਦੇ ਹੁੰਦੇ ਹਨ, ਲੇਖਕਾਂ ਦੀਆ ਜੱਥੇਬੰਦੀਆ ਹੁੰਦੀਆ ਹਨ।

ਲੇਖਕਾਂ ਨੂੰ ਗੁੱਠੇ ਲਾਉਣ ਲਈ ਇਹ ਕਿਹਾ ਗਿਆ ਕਿ ਇਨ੍ਹਾਂ ਨੇ ਐਮਰਜੈਂਸੀ ਵੇਲੇ ਜਾਂ 1984 ਵਿਚ ਸਨਮਾਨ ਵਾਪਿਸ ਕਿਉਂ ਨਾ ਕੀਤੇ? ਪਹਿਲੀ ਗੱਲ ਯਾਦ ਰੱਖਣ ਵਾਲ਼ੀ ਇਹਾ ਹੈ ਕਿ ਹਰ ਸਮੇਂ ਵਿਰੋਧ ਦਾ ਢੰਗ ਇਕੋ ਜਿਹਾ ਨਹੀਂ ਹੁੰਦਾ। ਜੇ ਅੱਜ ਸਨਮਾਨ ਮੋੜੇ ਗਏ ਹਨ ਤਾਂ ਕਲ੍ਹ ਨੂੰ ਮਰਨ ਵਰਤ ਵੀ ਰੱਖੇ ਜਾ ਸਕਦੇ ਹਨ। ਐਮਰਜੈਂਸੀ ਵੇਲੇ ਕਾਂਗਰਸ ਅਤੇ ਇਕ ਖੱਬੀ ਧਿਰ ਨੂੰ ਛੱਡ ਕੇ ਸਾਰੀ ਵਿਰੋਧੀ ਧਿਰ ਜੇਲ੍ਹਾਂ ਵਿਚ ਬੰਦ ਕੀਤੀ ਗਈ। ਇਨ੍ਹਾਂ ਧਿਰਾਂ ਨਾਲ਼ ਜੁੜੇ ਅਤੇ ਐਮਰਜੈਂਸੀ ਦਾ ਵਿਰੋਧ ਕਰਨ ਵਾਲ਼ੇ ਲੇਖਕਾਂ ਨੂੰ ਵੀ ਜੇਲ੍ਹਾਂ ਵਿਚ ਜਾਣਾ ਪਿਆ। ਇੱਥੇ ਉਦਾਹਰਣ ਹਿੰਦੀ ਲੇਖਕ ਨਾਗਾਰਜੁਨ ਅਤੇ ਫਣੀਸ਼ਵਰ ਨਾਥ ਰੈਣੂ ਅਤੇ ਪੰਜਾਬੀ ਦੇ ਲੇਖਕਾਂ ਹਰਭਜਨ ਸਿੰਘ ਹੁੰਦਲ਼ ਅਤੇ ਗੁਰਸ਼ਰਨ ਸਿੰਘ ਦੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀਆ ਰਚਨਾਵਾਂ ਦੇ ਅਰਥ ਸਿਪਾਹੀ ਕਰਦੇ ਰਹੇ ਹਨ।

ਹੁਣ ਗੱਲ ਅਤਿਵਾਦ ਦੇ ਦੌਰ ਦੀ। ਦਰਬਾਰ ਸਾਹਿਬ ਉਪਰ ਬਲਿਊ ਸਟਾਰ ਦੇ ਆਰ ਪਾਰ ਪੰਜਾਬ ਦਾ ਕਾਲ਼ਾ ਦੌਰ ਫੈਲਿਆ ਹੋਇਆ ਹੈ। ਸਰਕਾਰੀ ਤੰਤਰ ਅਤੇ ਅਤਿਵਾਦ ਵਿਚ ਪਿਸਦੇ ਪੰਜਾਬ ਦੌਰਾਨ ਪੰਜਾਬੀ ਲੇਖਕ ਦੋਨਾਂ ਤਰ੍ਹਾਂ ਦੇ ਨਰ ਸੰਘਾਰ ਨੂੰ ਨਿੰਦਦਾ ਹੈ। ਲੇਖਕ ਦੋਨਾਂ ਦੇ ਨਿਸ਼ਾਨੇ ਉਪਰ ਹੈ। ਡਾæ ਰਵਿੰਦਰ ਰਵੀ, ਵਿਸ਼ਵਨਾਥ ਤਿਵਾੜੀ, ਪਾਸ਼, ਪੱਡਾ ਅਤੇ ਸੁਮੀਤ ਵਰਗੇ ਉੱਚ ਕੱਦ ਦੇ ਲੇਖਕਾਂ ਨੂੰ ਅਤਿਵਾਦੀਆਂ ਦੀਆਂ ਗੋਲ਼ੀਆ ਦਾ ਸ਼ਿਕਾਰ ਹੋਣਾ ਪਿਆ। ਇਸ ਦੌਰ ਵਿਚ ਲੇਖਕਾਂ ਨੇ ਜਾਨਾਂ ਵਾਰੀਆਂ, ਮਾਣ ਸਨਮਾਨ ਤਾਂ ਬਹੁਤ ਉਰੇ ਦੀ ਚੀਜ਼ ਹੈ। ਇਕ ਪਾਸੜੀ ਸੋਚ ਵਾਲ਼ੇ ਇਸ ਦੌਰ ਨੂੰ ਓਪਰੇਸ਼ਨ ਬਲੀਉ ਸਟਾਰ ਜਾਂ ਦਿੱਲੀ ਦੇ ਕਤਲਿਆਮ ਤੱਕ ਘਟਾ ਕੇ ਰੱਖ ਦਿੰਦੇ ਹਨ। ਲੇਖਕਾਂ ਨੇ ਖ਼ਾਸ ਤੌਰ ਤੇ ਜਿਨ੍ਹਾਂ ਨੇ ਦਿੱਲੀ ਦਾ ਸਭ ਕੁਝ ਦੇਖਿਆ ਉਸਨੂੰ ਨਿੰਦਿਆ। ਰਾਜੀਵ ਗਾਂਧੀ ਦੀ ਇਸ ਟਿੱਪਣੀ ਨੂੰ ਪੰਜਾਬੀ ਲੇਖਕਾਂ ਨੇ ਜਿਨਾਂ ਨਿੰਦਿਆ ਅਤੇ ਵਿਅੰਗ ਦਾ ਸ਼ਿਕਾਰ ਬਣਾਇਆ ਓਨਾ ਸ਼ਾਇਦ ਹੋਰ ਕਿਸੇ ਟਿੱਪਣੀ ਨੂੰ ਨਹੀਂ ਕਿ ਜਦੋਂ ਇਕ ਵੱਡਾ ਦਰਖ਼ਤ ਗਿਰਦਾ ਹੈ ਤਾਂ ਧਰਤੀ ਹਿੱਲਦੀ ਹੈ। ਅੱਜ ਵੀ ਉਨ੍ਹਾਂ ਦਿਨਾਂ ਦਾ ਕਾਲ਼ਾ ਸਾਇਆ ਪੰਜਾਬੀ ਸਾਹਿਤ ਉਪਰ ਪੈ ਰਿਹਾ ਹੈ। ਜਿੰਨੀ ਬੋਲਣæ ਖਾਣæ ਪਹਿਨਣ ਦੀ ਆਜ਼ਾਦੀ ਅੱਜ ਖ਼ਤਰੇ ਵਿਚ ਹੈ ਓਨੀ ਹੀ ਕਾਲ਼ੇ ਦੌਰ ਵਿਚ ਸੀ। ਖਾਲਿਸਤਾਨੀ ਕੋਡ-ਕੁੜੀਆਂ ਨੇ ਕੀ ਪਾਉਣਾ ਹੈ, ਦਾੜ੍ਹੀ ਬੰਨਣੀ ਹੈ ਕਿ ਖੁਲ੍ਹੀ ਛੱਡਣੀ ਹੈ, ਕੀ ਲਿਖਣਾ ਹੈ ਆਏ ਰੋਜ਼ ਜਾਰੀ ਕੀਤੇ ਜਾਂਦੇ ਸਨ। ਅਜਿਹੇ ਗਰੁੱਪ ਬਣਾਏ ਗਏ ਜੋ ਲਿਖਾਰੀਆਂ ਦੀਆਂ ਲਿਖਤਾਂ ਉਪਰ ਨਜ਼ਰ ਰੱਖਦੇ ਸਨ ਕਿ ਸਮਾਂ ਆਉਣ ਤੇ ਉਨ੍ਹਾਂ ਨੂੰ ਸੋਧਿਆ ਜਾ ਸਕੇ। ਉਨ੍ਹਾਂ ਵਲੋਂ ਇਨ੍ਹਾਂ ਆਦੇਸ਼ਾਂ ਕਾਰਣ ਹੀ ਕਈ ਪੰਜਾਬੀ ਲੇਖਕ ਹਿੱਟ ਲਿਸਟ ਤੇ ਸਨ। ਫਿਰ ਵੀ ਸਿੱਧੇ ਜਾਂ ਲੁਕਵੇਂ ਢੰਗ ਨਾਲ਼ ਲੇਖਕ ਲਿਖਦਾ ਰਿਹਾ ਬੋਲਦਾ ਰਿਹਾ।

ਪੰਜਾਬ ਦੇ ਅਤਿਵਾਦੀਆ ਵਾਂਗ ਬੀਜੇਪੀ ਤੇ ਆਰæ ਐਸ਼ ਐਸ਼ ਦੇ ਬੁਲਾਰਿਆਂ ਨੇ ਵੀ ਹਮਲਾਵਰ ਰੁਖ਼ ਅਪਣਾ ਕੇ ਤਰਕ ਨੂੰ ਚੁੱਪ ਕਰਵਾਉਣ ਦੀ ਪੂਰੀ ਵਾਹ ਲਾਈ। ਪਰ ਲੇਖਕਾਂ ਨੇ ਸਨਮਾਨ ਵਾਪਿਸ ਕਰਦਿਆਂ ਖਾਣ-ਪੀਣ, ਪਹਿਨਣ, ਬੋਲਣ ਅਤੇ ਨਿੱਜੀ ਪਿਆਰ ਕਰਨ ਦੀ ਆਜ਼ਾਦੀ ਉਪਰ ਪਹਿਰਾ ਦਿੱਤਾ। ਵਿਰੋਧੀਆ ਵਿਚੋਂ ਅਨੂਪਮ ਖੇਰ ਲੇਖਕਾਂ ਨੂੰ ਲਤਾੜਣ ਲਈ ਸਭ ਤੋਂ ਅੱਗੇ ਰਿਹਾ। ਜਦੋਂ ਉਸਨੇ ਚਾਰ ਪੰਜ ਲੇਖਕਾਂ ਅਤੇ ਆਰæ ਐਸ਼ ਐਸ਼ ਦੀ ਸੈਨਾ ਨਾਲ਼ ਪ੍ਰਧਾਨ ਮੰਤਰੀ ਵਲ ਕੂਚ ਕੀਤਾ ਤਾਂ ਉਸਦੇ ਕਾਫ਼ਲੇ  ਵਿਚ ਭਾਰਤ ਮਾਤਾ ਦੇ ਜੈ ਦੇ ਨਾਅਰੇ ਲੱਗ ਰਹੇ ਸਨ। ਹੁੱਲੜਬਾਜ਼ਾਂ ਨੇ ਪੱਤਰਕਾਰਾਂ ਨਾਲ਼ ਬਦਤਮੀਜ਼ੀ ਕੀਤੀ ਜਿਸ ਤੇ ਖੇਰ ਨੂੰ ਮੁਆਫ਼ੀ ਮੰਗਣੀ ਪਈ। ਪ੍ਰਧਾਨ ਮੰਤਰੀ ਨੂੰ ਮਿਲ਼ ਕੇ ਉਸਨੇ ਕੀ ਗੱਲ ਬਾਤ ਕੀਤੀ ਇਹ ਅਤੇ ਤਕ ਰਹੱਸ ਹੀ ਹੈ।

ਲੇਖਕਾਂ ਦੇ ਹੱਕ ਵਿਚ ਤਿੰਨ ਬਾਰ ਅਸਿੱਧੇ ਢੰਗ ਨਾਲ਼ ਰਾਸ਼ਟਰਪਤੀ ਪ੍ਰਣਵ ਮੁਕਰਜੀ ਨੂੰ ਬੋਲਣਾ ਪਿਆ। 150 ਦੇਸ਼ਾਂ ਦੇ ਲੇਖਕਾਂ ਦੀ ਸੰਸਥਾ ਪੈੱਨ (ਫਓਂ) ਇਨ੍ਹਾਂ ਲੇਖਕਾਂ ਦੇ ਹੱਕ ਵਿਚ ਆਈ। ਗੁਲਜ਼ਾਰ, ਕੁਲਦੀਪ ਨਈਅਰ ਨੇ ਸਖ਼ਤ ਵਿਰੋਧ ਦੇ ਬਾਵਜੂਦ ਆਪਣਾ ਪੱਖ ਰੱਖਣਾ ਜਾਰੀ ਰੱਖਿਆ। ਪ੍ਰਿੰਟ ਮੀਡੀਆ ਅਤੇ ਕੁਝ ਚੈਨਲਾਂ ਨੇ ਵੀ ਲੇਖਕਾਂ ਨੂੰ ਬਣਦੀ ਆਵਾਜ਼ ਦਿੱਤੀ। ਭਾਵੇਂ ਨਿਰਪੱਖਤਾ ਦੇ ਨਾਂ ਤੇ ਵਿਰੋਧੀ ਹਮਲਿਆ ਨੂੰ ਵੀ ਉਤਸ਼ਾਹਿਤ ਕੀਤਾ। ਆਰ. ਬੀ. ਆਈ. ਦੇ ਗਵਰਨਰ ਅਤੇ ਅੰਤਰਰਾਸ਼ਟਰੀ ਸੰਸਥਾ ਮੂਡੀ ਨੇ ਵੀ ਸਰਕਾਰ ਨੂੰ ਅਸਹਿਣਸ਼ੀਲ ਮਾਹੌਲ ਦੇ ਭੈੜੇ ਨਤੀਜਿਆਂ ਪ੍ਰਤਿ ਸੁਚੇਤ ਕੀਤਾ। ਇਨਾਮ ਸਨਮਾਨ ਵਾਪਸੀ ਤੋਂ ਬਾਦ ਵੀ ਲੇਖਕ ਚੁੱਪ ਨਹੀਂ ਬੈਠੇ। ਉਨ੍ਹਾਂ ਨੇ ਆਪਣੇ ਅਖ਼ਬਾਰੀ ਲੇਖਾਂ ਰਾਹੀਂ, ਸਾਹਿਤ ਸਭਾਵਾਂ ਦੇ ਸੈਮੀਨਾਰਾਂ ਵਿਚ ਆਪਣਾ ਪੱਖ ਰੱਖ ਕੇ ਹੋਰਨਾਂ ਨੂੰ ਚੇਤੰਨ ਕਰਨ ਦਾ ਕੰਮ ਜਾਰੀ ਰੱਖਿਆ ਹੈ। ਕੇਂਦਰੀ ਸਭਾਵਾਂ ਤੇ ਅਕੈਡਮੀਆਂ ਲਗਾਤਾਰ ਆਪਣਾ ਪੱਖ ਰੱਖ ਰਹੀਆ ਹਨ। ਜਲੰਧਰ (ਦੋ ਸੈਮੀਨਾਰ), ਨੂਰ ਮਹਿਲ, ਗੁਰਦਾਸਪੁਰ, ਬਠਿੰਡਾ, ਜੰਮੂ ਤੇ ਹੋਰ ਥਾਵਾਂ ਦੀਆਂ ਸਾਹਿਤ ਸਭਾਵਾਂ ਨੇ ਕੇਂਦਰੀ ਸਭਾ ਨਾਲ਼ ਮਿਲ਼ ਕੇ ਸਨਮਾਨ ਵਾਪਿਸ ਕਰਨ ਵਾਲ਼ੇ ਲੇਖਕਾਂ ਦਾ ਭਰਪੂਰ ਸਮਰਥੱਨ ਕੀਤਾ। ਦੇਸ਼ ਪੱਧਰ ਤੇ ਬਣੀ ਅਸਿਹਿਣਸ਼ੀਲਤਾ ਪੰਜਾਬ ਵਿਚ ਵੀ ਕਿਵੇਂ ਪੈਰ ਪਸਾਰ ਰਹੀ ਹੈ ਇਸ ਨੂੰ ਸਮਝਣ ਦਾ ਵੀ ਯਤਨ ਹੋ ਰਿਹਾ ਹੈ। ਗੱਲ ਕੀ ਸਮੁੱਚਾ ਪੰਜਾਬੀ ਲੇਖਕ ਭਾਈਚਾਰਾ ਇਕ ਮੁੱਠ ਦਿਖਾਈ ਦਿੱਤਾ। ਛੋਟੇ ਛੋਟੇ ਕਿੰਤੂ ਪ੍ਰੰਤੂ ਵੀ ਹੋਏ ਪਰ ਉਨਹਾਂ ਵਲ ਵਧਰੇ ਧਿਆਨ ਨਹੀਂ ਦਿੱਤਾ ਗਿਆ। ਲੇਖਕਾਂ ਦੇ ਦਬਾਅ ਅਤੇ ਤਿੱਖੇ ਰਾਜਨੀਤਕ ਵਿਰੋਧ ਦੇ ਚਲਦੇ ਇਹ ਮੁੱਦਾ ਪਾਰਲੀਮੈਂਟ ਤਕ ਪਹੁੰਚਾ ਗਿਆ। ਵਿਰੋਧੀ ਪੱਖ ਨੇ ਸੱਤਾ ਪੱਖ ਨੂੰ ਪੂਰੀ ਤਰ੍ਹਾਂ ਬੇਪਰਦ ਕੀਤਾ। ਪਰ ਹਾਲੇ ਵੀ ਸੱਤਾ ਪੱਖ ਉਪਰੋਂ ਉਪਰੋਂ ਇਸ ਮੁੱਦੇ ਨੂੰ ਬਨਾਵਟੀ ਹੀ ਮੰਨਦਾ ਹੈ। ਲੇਕਿਨ ਇਸ ਬਹਿਸ ਤੋਂ ਬਾਦ ਉਨ੍ਹਾਂ ਸਾਰੇ ਫਾਇਰ ਬਰਾਂਡ ਨੇਤਾਵਾਂ ਅਤੇ ਸਾਧਵੀਆਂ ਨੂੰ ਨੱਥ ਪਾਈ ਗਈ ਜੋ ਹਰ ਦਿਨ ਇਸ ਮਾਹੌਲ ਨੂੰ ਡਰਾਉਣੇ ਤੋਂ ਡਰਾਉਣਾ ਬਣਾ ਰਹੇ ਸਨ। ਪਰ ਹੁਣ ਆਰ. ਐਸ ਐਸ ਅਤੇ ਉਸਦੇ ਰਹਿ ਚੁੱਕੇ ਪ੍ਰਚਾਰਕ ਗਵਰਨਰ ਪੁੱਠੇ ਬਿਆਨ ਦੇਣ ਲੱਗੇ ਹਨ ਜਿਵੇਂ ਤ੍ਰਿਪੁਰਾ ਦਾ ਗਵਰਨਰ ਕਹਿੰਦਾ ਹੈ ਕਿ ਮੁਲਮਾਨਾਂ ਨੂੰ ਸੂਰ ਦਾ ਮਾਸ ਖਾਣਾ ਚਾਹੀਦਾ ਹੈ। ਆਰ ਐਸ ਨੇ ਹੁਣ ਬਾਰ ਬਾਰ ਰਾਮ ਮੰਦਿਰ ਦਾ ਮੁੱਦਾ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਸਪੱਸ਼ਟ ਹੈ ਕਿ ਆਰ. ਐਸ ਐਸ ਆਪਣਾ ਏਜੰਡਾ ਕਦੇ ਵੀ ਛੱਡੇਗਾ ਨਹੀਂ। ਲੇਖਕਾਂ ਨੂੰ ਇਨ੍ਹਾਂ ਸਾਰੇ ਹਾਲਾਤ ਤੇ ਬਾਜ਼ ਅੱਖ ਰੱਖਣੀ ਪਵੇਗੀ। ਨਾਲ਼ ਹੀ ਖੁੰਦਕੀਆਂ ਵਲੋਂ ਛੋਟੇ ਮੋਟੇ ਨਿੱਜੀ ਕਿਸਮ ਦੇ ਸਵਾਲਾਂ ਨਾਲ਼ ਵੀ ਨਜਿੱਠਣਾ ਹੋਵੇਗਾ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ