Thu, 25 April 2024
Your Visitor Number :-   6999381
SuhisaverSuhisaver Suhisaver

ਪੰਜਾਬੀ ਕਿਸਾਨ ਇਉਂ ਕੀਤਾ ਬਰਬਾਦ ਅਤੇ ਕਰਜ਼ਾਈ ? - ਗੁਰਚਰਨ ਪੱਖੋਕਲਾਂ

Posted on:- 29-07-2013

ਜਦ ਵੀ ਕਿਸਾਨ ਦੇ ਕਰਜ਼ਾਈ ਹੋਣ ਦੇ ਕਾਰਨ ਗਿਣਾਏ ਜਾਂਦੇ ਹਨ ਤਾਂ ਉਹਨਾਂ ਅਨੁਸਾਰ ਬਹੁਤੇ ਲੇਖਕ ਅਤੇ ਵਿਦਵਾਨ ਜਾਂ ਖੇਤੀਬਾੜੀ ਮਾਹਰ ਕਿਸਾਨ ਵਿੱਚ ਹੀ ਜ਼ਿਆਦਾ ਦੋਸ਼ ਕੱਢਦੇ ਹਨ, ਪਰ ਅਸਲ ਵਿੱਚ ਕਿਸਾਨ ਨੂੰ ਸਰਕਾਰਾਂ ਦੁਆਰਾ ਕਰਜ਼ਾਈ ਕਰਨ ਦੀਆਂ ਨੀਤੀਆਂ ਜ਼ਿੰਮੇਵਾਰ ਹਨ । ਹਰ ਸਰਕਾਰ ਕਿਸਾਨ  ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਣ ਲਈ ਇਸ ਨੂੰ ਮਜਬੂਰ ਅਤੇ ਬੇਬੱਸ ਬਣਿਆ ਭਾਲਦੀਆਂ ਹਨ। ਪੰਜਾਬ ਦਾ ਕਿਸਾਨ ਸਭ ਤੋਂ ਉੱਤਮ ਤਕਨੀਕੀ ਖੇਤੀ ਕਰਨ ਲਈ ਜਾਣਿਆ ਜਾਂਦਾ ਹੈ । ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਇਸ ਨੂੰ ਇਸ ਤਕਨੀਕ ਦੇ ਇੱਕ ਹਿੱਸੇ ਨਾਲ ਹੀ ਏਨਾਂ ਕਰਜ਼ਾਈ ਕਰਵਾ ਦਿੱਤਾ ਹੈ, ਜੋ ਇਸ ਦੇ ਸਿਰ ਖੜੇ ਸਮੁੱਚੇ ਸਰਕਾਰੀ ਤੌਰ ’ਤੇ ਰਜਿਸਟਰਡ ਕਰਜ਼ੇ ਨੂੰ ਖਤਮ ਕਰ ਸਕਦਾ ਹੈ।



ਪੰਜਾਬ ਵਿੱਚ ਖੇਤੀਬਾੜੀ ਦੇ ਲਈ ਯੋਗ ਵਧੀਆ ਜ਼ਮੀਨ ਇੱਕ ਕਰੋੜ ਏਕੜ ਦੇ ਕਰੀਬ ਹੈ ਜਿਸ ਨੂੰ ਨਹਿਰੀ ਪਾਣੀ ਤੋਂ ਬਿਨਾਂ ਚਾਰ ਲੱਖ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲਾਂ ਦੀ ਜ਼ਰੂਰਤ ਹੈ । ਇੱਕ ਬਿਜਲੀ ਮੋਟਰ 25 ਏਕੜ ਤੱਕ ਦੀ ਜ਼ਮੀਨ ਦੀ ਸਿੰਜਾਈ ਕਰ ਸਕਦੀ ਹੈ, ਪਰ ਇਹ ਵਰਤਮਾਨ ਵਿੱਚ ਛੇ ਕੁ ਏਕੜਾਂ ਪਿੱਛੇ ਇੱਕ ਬਿਜਲਈ ਮੋਟਰ ਹੈ।  ਸਰਕਾਰਾਂ ਦੁਆਰਾ ਬਿਜਲੀ ਦੀ ਕਟੌਤੀ ਏਨੀ ਜ਼ਿਆਦਾ ਹੈ ਕਿ ਹਰ ਕਿਸਾਨ ਨੂੰ ਬਿਜਲੀ ਕਨੈਕਸ਼ਨਾਂ ਦੀ ਗਿਣਤੀ ਵਧਾਉਣੀ ਪੈ ਰਹੀ ਹੈ।

ਚਾਰ ਲੱਖ ਬਿਜਲੀ ਦੇ ਕਨੈਕਸ਼ਨਾਂ ਦੀ ਥਾਂ  ਇਹਨਾਂ ਦੀ ਗਿਣਤੀ 14 ਲੱਖ ਹੈ। ਇਹ ਫਾਲਤੂ ਦਸ ਲੱਖ ਕਨੈਕਸ਼ਨ ਕਿਸਾਨਾਂ ਨੂੰ ਮਜਬੂਰੀ ਵਿੱਚ ਲੈਣੇ ਪਏ ਹਨ। ਇੱਕ ਬਿਜਲੀ ਕਨੈਕਸ਼ਨ ’ਤੇ ਘੱਟੋ ਘੱਟ ਇੱਕ ਲੱਖ ਰੁਪਏ ਖਰਚ ਆ ਜਾਂਦੇ ਹਨ। ਇੱਕ ਬਿਜਲੀ ਮੋਟਰ ਦੇ ਲਈ ਟਿਊਬਵੈੱਲ ਲਗਾਉਣ ਤੇ ਇੱਕ ਲੱਖ ਰੁਪਏ ਅਲੱਗ ਖਰਚ ਆਉਂਦੇ ਹਨ ।  

ਟਿਊਬਵੈੱਲ  ਤਦੀ ਬਿਜਲੀ ਮੋਟਰ ਅਤੇ ਜਮੀਨ  ਰੱਖਣ ਤੇ ਡੇਢ ਲੱਖ ਰੁਪਏ ਹੋਰ ਖਰਚ ਆਉਂਦੇ ਹਨ ਅਤੇ ਇਸ ਤਰਾਂ ਇਹ ਖਰਚਾ ਕੁੱਲ ਸਾਢੇ ਤਿੰਨ ਲੱਖ ਤੱਕ ਅੱਪੜ ਜਾਂਦਾ ਹੈ । ਵਾਧੂ ਲਏ ਬਿਜਲੀ ਕਨੈਕਸ਼ਨਾਂ ਤੇ ਪੰਜਾਬੀ ਕਿਸਾਨਾਂ ਦਾ 35000 ਕਰੋੜ ਰੁਪਏ ਦਾ ਖਰਚਾ ਆ ਚੁੱਕਾ ਹੈ । ਪੰਜਾਬ ਦੇ ਕਿਸਾਨਾਂ ਸਿਰ ਸਰਕਾਰੀ ਤੌਰ ’ਤੇ ਰਜਿਸਟਰਡ ਕਰਜ਼ਾ 42000 ਕਰੋੜ ਹੈ ।  
                                        
ਜੇ ਪੰਜਾਬ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਦੀਂ ਤਾਂ ਕਿਸਾਨਾਂ ਦਾ 35000 ਕਰੋੜ ਰੁਪਇਆ ਬਚਾਇਆ ਜਾ ਸਕਦਾ ਸੀ ਅਤੇ ਕਿਸਾਨ ਨੇ ਇਹ ਪੈਸਾ ਖੇਤੀਬਾੜੀ ਵਿੱਚ ਇਨਵੈਸਟ ਕਰਨਾ ਸੀ, ਜਿਸ ਨਾਲ ਪੰਜਾਬ ਦੀ ਖੇਤੀ ਹੋਰ ਤਰੱਕੀ ਕਰਦੀ ਉਲਟਾ ਕਿਸਾਨ ਹੁਣ ਕਰਜ਼ਾਈ ਹੋ ਗਿਆ ਹੈ। ਕਿਸਾਨ ਸੰਗਠਿਤ ਨਾ ਹੋਣ ਕਰਕੇ ਕੋਈ ਸੰਘਰਸ ਨਹੀਂ ਕਰ ਸਕਦਾ। ਕਿਸਾਨਾਂ ਦੀ ਕੋਈ ਇੱਕ ਵੀ ਜਥੇਬੰਦੀ ਨਹੀਂ ਹੈ । ਭਾਰਤੀ ਕਿਸਾਨ ਯੂਨੀਅਨ ਦੇ ਨਾਂ ਅਨੇਕਾਂ ਯੂਨੀਅਨਾਂ ਰਾਜਨੀਤਕ ਪਾਰਟੀਆਂ ਦੀਆਂ ਪੈਦਾਇਸ਼ ਹਨ, ਜਿਹਨਾਂ ਦੇ ਨੇਤਾ ਲੋਕ ਆਪਣੇ ਅਤੇ ਆਪਣੀਆਂ ਰਾਜਨੀਤਕ ਪਾਰਟੀਆਂ ਦੀਆਂ ਬੋਲੀ ਬੋਲਦੀਆਂ ਹਨ, ਕਿਸਾਨਾਂ ਦੀ ਨਹੀਂ।

ਕਿਸਾਨ ਵਰਗ ਰਾਜਨੀਤਕ ਤੌਰ ’ਤੇ ਸੁਚੇਤ ਨਾ ਹੋਣ ਦੇਣ ਲਈ ਵੀ ਇਹ ਕਿਸਾਨ ਆਗੂ ਹੀ ਜ਼ਿੰਮੇਵਾਰ ਹਨ। ਕਿਸਾਨ ਆਗੂ ਕਦੇ ਵੀ ਬਿਜਲੀ ਸਪਲਾਈ 24 ਘੰਟੇ ਨਹੀਂ ਮੰਗੇ । ਜੇ ਪੰਜਾਬੀ ਕਿਸਾਨ ਨੂੰ ਚਾਰ ਘੰਟਿਆਂ ਦੀ ਥਾਂ 24 ਘੰਟੇ ਸਪਲਾਈ ਦਿੱਤੀ ਜਾਂਦੀ ਤਦ ਇਸਦਾ 35000 ਕਰੋੜ ਬਚਾਇਆ ਜਾ ਸਕਦਾ ਸੀ ਜੋ ਕਿ ਹੁਣ ਕਿਸਾਨ ਦੇ ਸਿਰ ਭੂਤ ਬਣਕੇ ਖੜਾ ਹੈ, ਜੋ ਉਸ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦਾ ਹੈ।

ਇਹਨਾਂ ਖੁਦਕੁਸ਼ੀਆਂ ਦੇ ਸਿਵਿਆਂ ਤੇ ਕਿਸਾਨ ਆਗੂ ਅਤੇ ਰਾਜਨੀਤਕ ਆਗੂ ਆਪਣੀਆਂ ਰੋਟੀਆਂ ਪਕਾਉਂਦੇ ਹਨ। ਕੁਝ ਲੋਕ ਪਾਣੀ ਦੀ ਬੱਚਤ ਦੇ ਨਾਂ ’ਤੇ  ਘੱਟ ਬਿਜਲੀ ਸਪਲਾਈ ਦੇਣ ਦੀ ਗੱਲ ਕਰਦੇ ਹਨ, ਜੋ ਕਿ ਫਜ਼ੂਲ ਹੈ, ਕਿਉਂਕਿ ਕਿਸਾਨ ਨੇ ਜ਼ਰੂਰਤ ਅਨੁਸਾਰ ਪਾਣੀ ਹਰ ਹੀਲੇ ਕੱਢਣਾ ਹੈ। ਖੇਤੀਬਾੜੀ ਦੀਆਂ ਫਸਲਾਂ ਨਾ ਜ਼ਿਆਦਾ ਪਾਣੀ ਸਹਾਰਦੀਆਂ ਹਨ ਅਤੇ ਨਾ ਹੀ ਘੱਟ ਪਾਣੀ ਨਾਲ ਪੂਰਾ ਝਾੜ ਦਿੰਦੀਆਂ ਹਨ। ਸੋ ਕਿਸਾਨ ਨੂੰ ਪਾਣੀ ਪੂਰਾ ਕਰਨ ਲਈ ਇੱਕ ਦੀ ਥਾਂ ਚਾਰ ਮੋਟਰਾਂ ਲਵਾਉਣ ਲਈ ਜ਼ਰੂਰ ਮਜਬੂਰ ਹੋਣਾ ਪੈ ਰਿਹਾ ਹੈ।
                             
ਬਿਜਲੀ ਮੋਟਰਾਂ ਚਾਰ ਘੰਟੇ ਸਪਲਾਈ ਨਾਲ ਜਿੰਨੀ ਜ਼ਮੀਨ ਸਿੰਜਦੀਆਂ ਹਨ, 24 ਘੰਟੇ ਨਾਲ ਇਸ ਤੋਂ ਛੇ ਗੁਣਾਂ ਜ਼ਿਆਦਾ ਸਿੰਜਣਗੀਆਂ । ਬਿਜਲੀ ਦੋਨਾਂ ਹਾਲਤਾਂ ਵਿੱਚ ਬਰਾਬਰ ਹੀ ਖਰਚ ਹੋਣੀ ਹੈ ਪਰ 24 ਘੰਟੇ ਸਪਲਾਈ ਨਾਲ ਕਿਸਾਨ ਦਾ ਸਮੁੱਚਾ ਕਰਜ਼ਾ ਕਦੇ ਵੀ ਕਿਸਾਨ ਸਿਰ ਨਾ ਚੜਦਾ । ਮੋਟਰ ਕਨੈਕਸ਼ਨਾਂ ’ਤੇ ਇਹਨਾਂ ਨੂੰ ਚਾਲੂ ਕਰਨ ਲਈ 10000 ਕਰੋੜ ਦਾ ਲਗਾਇਆ ਸਮਾਨ ਕਾਰਖਾਨੇਦਾਰਾਂ ਨੂੰ ਅਤੇ ਬਿਜਲੀ ਬੋਰਡ ਨੂੰ ਜ਼ਰੂਰ ਕਮਾਈ ਦਾ ਸਾਧਨ ਬਣਿਆ ਰਿਹਾ ।

ਬਿਜਲੀ ਬੋਰਡ ਦੇ ਅਫਸਰ ਕਿਸਾਨਾਂ ਦੀ ਮਜਬੂਰੀ ਵਿੱਚੋਂ ਰਿਸ਼ਵਤਾਂ ਬਟੋਰ ਕੇ ਕਾਰਾਂ ਕੋਠੀਆਂ ਦੇ ਮਾਲਕ ਬਣ ਗਏ ਅਤੇ ਰਾਜਨੀਤਕ ਨੇਤਾ ਇਸਦੀ ਬਦੌਲਤ ਕੁਰਸੀਆਂ ’ਤੇ ਕਾਬਜ਼ ਹੋਈ ਜਾ ਰਹੇ ਹਨ। ਇਸ ਤਰਾਂ ਦੇ ਹੋਰ ਵੀ ਕਈ ਕਾਰਨ ਹਨ, ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਵਿੱਚੋਂ ਉਪਜੇ ਹਨ, ਜਿਹਨਾਂ ਕਾਰਨ ਕਿਸਾਨ ਕਰਜ਼ਾਈ ਹੋਇਆ ਹੈ।

ਰਾਜਨੀਤਕਾਂ ਨੇ ਵੋਟਾਂ ਵਟੋਰਨ ਲਈ ਰਾਜਨੀਤੀ ਕਰਕੇ ਆਮ ਕਿਸਾਨਾਂ ਨੂੰ ਪਾਟੋਧਾੜ ਕਰਨ ਦਾ ਕੰਮ ਵੱਡੇ ਪੱਧਰ ’ਤੇ ਕੀਤਾ ਹੈ, ਜਿਸ ਨਾਲ ਕਿਸਾਨ ਤਕਨੀਕ ਤੇ ਕਈ ਗੁਣਾਂ ਜ਼ਿਆਦਾ ਖਰਚਾ ਕਰਨ ਲਈ ਮਜਬੂਰ ਹੈ। ਖੇਤੀਬਾੜੀ ਮਾਹਿਰ ਸਰਕਾਰਾਂ ਨੂੰ ਸਹੀ ਸਲਾਹ ਦਿੰਦੇ ਨਹੀਂ ਜਾਂ ਰਾਜਨੀਤਕ ਲੋਕ ਉਹਨਾਂ ਦੀ ਮੰਨਦੇ ਨਹੀਂ ਇਹ ਭੇਤ ਸਰਕਾਰੀ ਫਾਈਲਾਂ ਹੀ ਜਾਣਦੀਆਂ ਹਨ । ਰਾਜਨੀਤਕ ਲੋਕ ਅਤੇ ਅਫਸਰ ਮੋਟੇ ਹੋਈ ਜਾ ਰਹੇ ਕਿਸਾਨ ਸੁੱਕਦਾ ਜਾ ਰਿਹਾ ਹੈ ।

ਖੇਤੀਬਾੜੀ ਦੇ ਮਾਹਰ ਗਲਤ ਸਲਾਹਾਂ ਦੇਣ ਦੇ ਬਾਵਜੂਦ ਕਦੇ ਜ਼ਿੰਮੇਵਾਰ ਨਹੀਂ ਬਣਾਏ ਜਾਂਦੇ ਉਲਟਾ ਅਨੇਕਾਂ ਮੈਡਲਾਂ ਨਾਲ ਸਨਮਾਨੇ ਜਾਂਦੇ ਹਨ ਅਤੇ ਤਨਖਾਹਾਂ ਦੇ ਵਿੱਚ ਅੰਨੇ ਵਾਧੇ ਕਰਕੇ ਐਸ਼ਪ੍ਰਸਤ ਬਣਾਏ ਜਾ ਰਹੇ ਹਨ। ਜੀਨਾਂ ਪਾਕੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫੋਟੋਆਂ ਖਿਚਵਾਕੇ ਕਿਸਾਨਾਂ ਦੇ ਹਿਮਾਇਤੀ ਹੋਣ ਦਾ ਢਿੰਡੋਰਾ ਪਿਟਦੇ ਇਹ ਲੋਕ ਕਦੇ ਦੱਸਣਗੇ ਕਿ ਕਿਸਾਨ  ਇਹਨਾਂ ਅਫਸਰ ਲੋਕਾਂ ਦੀ ਮਿਹਨਤ ਕਰਨ ਦੇ ਬਾਵਜੂਦ ਖੁਦਕੁਸ਼ੀਆਂ ਤਕ ਕਿਉਂ ਪਹੁੰਚ ਗਿਆ? ਜਾਂ ਕੀ ਅਸਲ ਵਿੱਚ ਅਖੌਤੀ ਖੇਤੀਬਾੜੀ ਮਾਹਰਾਂ ਦੀਆਂ ਸਲਾਹਾਂ ਕਿਸਾਨਾਂ ਲਈ ਸਿਕਾਰੀ ਦੇ ਜਾਲ ਦਾ ਰੂਪ ਹੀ ਸਨ, ਜਿਸ ਨਾਲ ਅਜ਼ਾਦੀ ਨਾਲ ਰਹਿਣ ਵਾਲਾ ਕਿਸਾਨ ਨਾਂ ਦਾ ਪੰਛੀ ਰਾਜਨੀਤਕ ਲੋਕਾਂ ਦੇ ਘਰ ਅਤੇ ਪੈਰਾਂ ਦਾ ਸਿੰਗਾਰ ਬਣਾ ਦਿੱਤਾ ਗਿਆ। ਕਿਸਾਨ ਆਗੂ ਵੀ ਆਪਣੇ ਰਾਜਨੀਤਕ ਗੁਰੂਆਂ ਨਾਲ ਖੁਸ਼ੀਆਂ ਮਨਾ ਰਹੇ ਹਨ, ਜਿਹਨਾਂ ਦੀਆਂ ਨੀਤੀਆਂ ਨੇ ਵੀ ਇਸ ਕੰਮ ਵਿੱਚ ਕੁਰਸੀ ਦੇ ਮਾਲਕਾਂ ਦਾ ਪੂਰਾ ਹੱਥ ਵਟਾਇਆ ਹੈ।

ਸੰਪਰਕ: 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ