Fri, 19 April 2024
Your Visitor Number :-   6983085
SuhisaverSuhisaver Suhisaver

ਪੰਜਾਬ ਸਰਕਾਰ ਹਰ ਪਿੰਡ ਵਿਚ ਲਾਇਬ੍ਰੇਰੀ ਖੋਲੇ੍ਹ :ਡਾ.ਕੁਲਬੀਰ ਸਿੰਘ ਸੂਰੀ

Posted on:- 16-09-2014

suhisaver

ਮੁਲਾਕਾਤੀ : ਬਲਜਿੰਦਰ  ਮਾਨ
ਸੰਪਰਕ: +91 98150 18947


ਪੰਜਾਬੀ ਸਾਹਿਤ ਜਗਤ ਵਿਚ ਵਡਿਆਈ ਹਾਸਲ ਕਰਨ ਵਾਲੇ ੳੱਘੇ ਨਾਵਲਕਾਰ ਸ.ਨਾਨਕ ਸਿੰਘ ਦੇ ਸੁਪੁੱਤਰ ਡਾ. ਕੁਲਬੀਰ ਸਿੰਘ ਸੂਰੀ ਦੀ ਘਾਲਣਾ ਨੂੰ ਵੀ ਬੂਰ ਪਿਆ ਹੈ।ਉਨ੍ਹਾਂ ਦੀ ਦਹਾਕਿਆਂ ਦੀ ਮਿਹਨਤ ਨੂੰ ਭਾਰਤੀ ਸਾਹਿਤ ਅਕੈਡਮੀ ਵਲੋਂ 14 ਨਵੰਬਰ ਨੂੰ ਬਾਲ ਸਾਹਿਤ ਪੁਰਸਕਾਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੂੰ ਇਹ ਸਨਮਾਨ ਬਾਲ ਕਹਾਣੀ ਸੰਗ੍ਰਹਿ ‘ਰਾਜ ਕੁਮਾਰ ਦਾ ਸੁਪਨਾ’ ਲਈ ਦਿੱਤਾ ਗਿਆ ਹੈ।ਦਰਜਨਾਂ ਬਾਲ ਪੁਸਤਕਾਂ ਦੇ ਇਸ ਰਚਨਹਾਰੇ ਦਾ ਜਨਮ ਪ੍ਰੀਤਨਗਰ ਅੰਮ੍ਰਿਤਸਰ ਵਿਚ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ।ਘਰੇਲੂ ਮਹੌਲ ਨੇ ਇਨ੍ਹਾਂ ਅੰਦਰ ਵਿਦਿਆ ਪ੍ਰਤੀ ਲਗਨ ਜਗਾ ਦਿੱਤੀ।ਡਿਗਰੀਆਂ ਨਾਲ ਝੋਲੀ ਭਰੀ ਤਾਂ ੳਘੇ ਪੱਤਰਕਾਰ ਤੇ ਲੇਖਕ ‘ਸੂਹਜ ਅਤੇ ਸਹਿਜ ਦਾ ਵਾਰਤਕਕਾਰ ਬਰਜਿੰਦਰ ਸਿੰਘ ਹਮਦਰਦ’ ਵਿਸ਼ੇ ਤੇ ਡਾਕਟ੍ਰੇਟ ਵੀ ਕਰ ਲਈ।ਅਮਰੀਕਾ, ਕਨੇਡਾ ,ਆਸਟ੍ਰਲੀਆ ਦੀਆਂ ਧਰਤੀਆਂ ਦਾ ਰਸ ਰੰਗ ਮਾਣਨ ਉਪਰੰਤ 1972 ਵਿਚ ਨਾਨਕ ਸਿੰਘ ਪੁਸਤਕਮਾਲਾ ਤਹਿਤ ਪ੍ਰਕਾਸ਼ਨ ਕਾਰਜ ਅਰੰਭ ਕਰ ਦਿੱਤਾ।ਜਿਸ ਤਹਿਤ ਬਹੁਤ ਕੀਮਤੀ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ।

ਅਖਬਾਰਾਂ ਤੇ ਰਸਾਲਿਆਂ ਵਿਚ ਬਾਲ ਕਹਾਣੀਆਂ ਲਿਖਣ ਉਪਰੰਤ 2014 ਵਿਚ ਬਾਲ ਨਾਵਲ ‘ਦੱਧ ਦੀਆਂ ਧਾਰਾਂ’ ਪ੍ਰਕਾਸ਼ਿਤ ਕੀਤਾ ਗਿਆ।ਇੰਜ ਡਾ. ਸੂਰੀ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਬਾਲ ਸਾਹਿਤ ਦੇ ਖੇਤਰ ਵਿਚ ਨਵੀਆਂ ਦਿਸ਼ਾਵਾਂ ਪ੍ਰਦਾਨ ਕਰ ਰਹੇ ਹਨ।ਬਾਲਾਂ ਦੇ ਪੱਧਰ ਤੇ ਜਾ ਕੇ ਸਿਰਜਣਾ ਕਰਨੀ ਉਨਾਂ ਦੀਆਂ ਰਚਨਾਵਾਂ ਦਾ ਇਕ ਖਾਸ ਗੁਣ ਹੈ।ਠੇਠ ਬੋਲੀ ਰਾਹੀਂ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਵੀ ਕਰਦੇ ਹਨ।ਵੱਖ ਵੱਖ ਭਾਸ਼ਾਵਾਂ ਦੇ ੳੁੱਤਮ ਸਾਹਿਤ ਨੂੰ ਪੰਜਾਬੀ ਵਿਚ ਵੀ ਅਨੁਵਾਦਿਆ ਹੈ।ਦੋ ਦਰਜਨ ਮੌਲਿਕ ਪੁਸਤਕਾਂ ਵਿਚ ‘ਗੁਰੂ ਬਾਲ ਕਹਾਣੀਆਂ’ ਬਹੁਤ ਪੜ੍ਹੀਆਂ ਗਈਆਂ ਹਨ।ਉਨਾਂ ਦਾ ਅਨੁਵਾਦ ਕਾਰਜ ਵੀ ਸ਼ਲਾਘਾਯੋਗ ਹੈ।ਨੈਸ਼ਨਲ ਬੁਕ ਟਰੱਸਟ ਇੰਡੀਆ ਵਲੋਂ ਉਨਾਂ ਦੀਆਂ ਪੁਸਤਕਾਂ ਨੂੰ ਛਾਪ ਕੇ ਦੇਸ਼ ਵਿਦੇਸ਼ ਵਿਚ ਪਹੁੰਚਾਇਆ ਗਿਆ ਹੈ।

ਸੂਰੀ ਸਾਬ੍ਹ ਦਾ ਖਿਆਲ ਹੈ ਕਿ ਸਾਨੂੰ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਨ ਲਈ ਯਤਨ ਕਰਨੇ ਚਾਹੀਦੇ ਹਨ।ਸਕੂਲ ਵਿਚ ਲਾਇਬ੍ਰੇਰੀ ਦਾ ਪੀਰੀਅਡ ਹੋਵੇ ਅਤੇ ਪੰਜਾਬ ਸਰਕਾਰ ਪਿਡ ਵਿਚ ਲਾਇਬ੍ਰੇਰੀ ਦਾ ਪ੍ਰਬੰਧ ਕਰੇ।ਅਜਿਹਾ ਕਰਕੇ ਹੀ ਅਸੀਂ ਨਵੀਂ ਪਨੀਰੀ ਨੂੰ ਇਨਸਾਨੀਅਤ ਦੇ ਨੇੜੇ ਲਿਆ ਸਕਦੇ ਹਾਂ।ਹਰ ਕਿਸੇ ਨਾਲ ਮੁਹੱਬਤ ਕਰਨ ਵਾਲੇ ਇਸ ਸਾਹਿਤਕਾਰ ਕੋਲ ਬਾਲਾਂ ਲਈ ਬੜਾ ਕੀਮਤੀ ਖਜ਼ਾਨਾ ਹੈ।ਉਹ ਕਹਿੰਦੇ ਨੇ ਕਿ ਸਾਹਿਤ ਸਿਰਜਣ ਵੇਲੇ ਬਾਲ ਮਨ ਨੂੰ ਵਿਚਾਰਨਾ ਬਹੁਤ ਜਰੂਰੀ ਹੈ।ਇਹ ਕਾਰਜ ਇਕ ਮਾਹਿਰ ਸਾਹਿਤਕਾਰ ਹੀ ਕਰ ਸਕਦਾ ਹੈ।ਹਰ ਪਾਸੇ ਮੁਹੱਬਤ ਦੇ ਛੱਟੇ ਦੇਣ ਵਾਲੇ ਇਸ ਸਾਹਿਤਕਾਰ ਨੇ ਇਸਤੋਂ ਪਹਿਲਾਂ ਵੀ ਕਈ ਮਾਣ ਸਨਮਾਨ ਹਾਸਲ ਕੀਤੇ ਹੋਏ ਹਨ।ਪੜ੍ਹਨ ਲਿਖਣ ਦੇ ਸ਼ੌਕ ਤੋਂ ਇਲਾਵਾ ਸੰਗੀਤ ਦੇ ਵੀ ਪ੍ਰੇਮੀ ਹਨ।ਪ੍ਰੋ ਗੁਰਿੰਦਰ ਕੌਰ ਸੂਰੀ ਨਾਲ 1973 ਵਿਚ ਸਾਹਾਂ ਦੀ ਸਾਂਝ ਪਾਈ ਤਾਂ ਸਿਮਰ ਅਤੇ ਮਧੁਰ ਬੇਟੀਆਂ ਨੇ ਘਰ ਨੂੰ ਭਾਗ ਲਾਏ।ਸੱਚ ਦਾ ਪੱਲਾ, ਚਿੱਟਾ ਹੰਸ ਅਤੇ ਸਚਾਈ ਦੀ ਜਿੱਤ ਬਾਲ ਕਹਾਣੀ ਸੰਗ੍ਰਹਿ ਵੀ ਇਸੇ ਸਾਲ ਪ੍ਰਕਾਸ਼ਿਤ ਹੋਏ ਹਨ ।ਇੰਜ ਉਨਾਂ ਦੀ ਬਾਲ ਜਗਤ ਨੂੰ ਦਿੱਤੀ ਦੇਣ ਨੂੰ ਸਦਾ ਯਾਦ ਰੱਖਿਆ ਜਾਵੇਗਾ।ਨਵਿਆਂ ਲਈ ਉਹ ਪ੍ਰੇਰਨਾ ਦਾ ਸੋਮਾ ਨੇ ਅਤੇ ਕਈ ਸੰਸਥਾਵਾਂ ਦੇ ਸੰਚਾਲਕ ਵੀ ਹਨ।ਪ੍ਰੀਤ ਨਗਰ ਵਿਚ ਪ੍ਰੀਤਾਂ ਦੀ ਪਹਿਰੇਦਾਰੀ ਕਰਦੇ ਇਸ ਉਘੇ ਅਤੇ ਨਿੱਘੇ ਸਾਹਿਤਕਾਰ ਨਾਲ ਕੀਤੀ ਮੁਲਾਕਾਤ ਦੇ ਸੰਖੇਪ ਅੰਸ਼ ਪਾਠਕਾਂ ਦੀ ਰੁਚੀ ਲਈ ਇਥੇ ਪੇਸ਼ ਹਨ:

?ਅਕੈਡਮੀ ਪੁਰਸਕਾਰ ਦਿੱਤੇ ਜਾਣ ਤੇ ਕਿਵੇਂ ਮਹਿਸੂਸ ਕਰ ਰਹੇ ਹੋ?
:ਜਿਸ ਚੀਜ ਬਾਰੇ ਕਦੀ ਸੋਚਿਆ ਹੀ ਨਾ ਹੋਵੇ ਕਦੀ ਚਿੱਤ ਚੇਤੇ ਵਿਚ ਹੀ ਨਾ ਹੋਵੇ ਉਹ ਚੀਜ਼ ਦੇ ਅਚਾਨਕ ਤੁਹਾਡੀ ਝੋਲੀ ਵਿਚ ਪੈ ਜਾਏ ਤਾਂ ਖੁਸ਼ੀ ਹੋਣੀ ਕੁਦਰਤੀ ਗੱਲ ਹੈ।ਸਾਹਿਤ ਅਕਾਡੀ ਪੁਰਸਕਾਰ ਮਿਲਣ ਤੇ ਸਾਡਾ ਸਮੁੱਚਾ ਪਰਿਵਾਰ ਬੜੀ ਖੁਸ਼ੀ ਜ਼ਾਹਿਰ ਕਰ ਰਿਹਾ ਹੈ ਅਤੇ ਮਾਣ ਮਹਿਸੂਸ ਕਰ ਰਿਹਾ ਹੈ।ਇਹ ਮਾਣ ਸਤਿਕਾਰ 52 ਸਾਲ ਬਾਅਦ ਇਸ ਪਰਿਵਾਰ ਨੂੰ ਦੁਬਾਰਾ ਮਿਲਿਆ ਹੈ।ਸਾਡੇ ਪਿਤਾ ਜੀ ਨੂੰ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਉਹਨਾਂ ਦੇ ਪ੍ਰਸਿੱਧ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਉਪਰ ਉਸ ਵੇਲੇ ਦੇ ਰਾਸ਼ਟਰਪਤੀ ਡਾ.ਰਾਧਾ ਕ੍ਰਿਸ਼ਨਨ ਦੇ ਹੱਥੋਂ ਮਿਲਿਆ ਸੀ।

?ਸਾਡੇ ਵਿਚ ਪੜ੍ਹਨ ਦੀ ਰੁਚੀ ਕਿਉਂ ਘੱਟ ਰਹੀ ਹੈ?
ਬੱਚਿਆਂ ਨੂੰ ਛੋਟੀਆਂ ਕਲਾਸਾਂ ਵਿਚ ਪੜ੍ਹਾਈ ਦਾ ਬੋਝ, ਜਿਹੜੀ ਉਮਰ ਵਿਚ ਅਸੀਂ ਬਹੁਤ ਸਾਰਾ ਸਾਹਿਤ ਪੜ੍ਹ ਲਿਆ ਸੀ ਯਾਨੀ ਨੌਵੀਂ ਦਸਵੀਂ ਗਿਆਰਵੀਂ ਹੁਣ ਉਹੀ ਕਲਾਸਾਂ ਬੱਚਿਆਂ ਤੋਂ ਇਲਾਵਾ ਉਹਨਾਂ ਦੇ ਮਾਂ ਬਾਪ ਲਈ ਵੀ ਜਿੰਦਗੀ ਮੌਤ ਦਾ ਸਵਾਲ ਬਣੀਆਂ ਹੁੰਦੀਆਂ ਹਨ ਯਾਨੀ ਪ੍ਰੋਫੈਸ਼ਨਲ ਕਾਲਜਾਂ ਵਿਚ ਦਾਖਲਾ ਲੈਣ ਦੀ ਦੌੜ ਮਾਂ ਪਿਓ ਵਿਚ ਬੱਚਿਆਂ ਨੂੰ ਡਾਕਟਰ ਇੰਜੀਨਅਰ ਜਾਂ ਹੋਰ ਪ੍ਰੋਫੈਸ਼ਨਲ ਬਣਾਉਣ ਦੇ ਚੱਕਰ ਵਿਚ ਬੱਚਿਆਂ ਦੇ ਬਾਕੀ ਸਾਰੇ ਸ਼ੌਕ ਬੰਦ ਕਰ ਦਿੱਤੇ ਜਾਂਦੇ ਹਨ।ਸਾਡੇ ਅਧਿਆਪਕ ਵਿਚ ਸਾਹਿਤਕ ਰੁੱਚੀਆਂ ਦੀ ਕਮੀ।ਸਾਡੇ ਬਹੁਤੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਅਣਹੋਂਦ ।

?ਇਸ ਦੇ ਹੱਲ ਕੀ ਹੋ ਸਕਦਾ ਹੈ ?:
ਬੱਚਿਆਂ ਨੂੰ ਪੜ੍ਹਨ ਚੇਟਕ ਲਗਾਉਣ ਵਿਚ ਸਭ ਤੋਂ ਵੱਡਾ ਰੋਲ ਮਾਪੇ ਅਤੇ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈ।ਅਧਿਆਪਕ ਬੜੇ ਸੁਲਝੇ ਹੋਏ ਅਤੇ ਸਾਹਿਤਕ ਰੁਚੀਆਂ ਵਾਲੇ ਹੋਣੇ ਚਾਹੀਦੇ ਹਨ।ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਜਿਆਦਾ ਪੜ੍ਹੇ ਲਿਖੇ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਬੱਚਿਆਂ ਦੇ ਮਨਾਂ ਵਿਚ ਸਾਹਿਤ ਪੜ੍ਹਨ ਦਾ ਬੀਜ ਬੀਜਣਾ ਹੈ।ਸਕੂਲਾਂ ਵਿਚ ਲਾਇਬ੍ਰੇਰੀ ਦਾ ਪੀਰੀਅਡ ਹੋਣਾ ਚਾਹੀਦਾ ਹੈ।ਸਰਕਾਰ ਨੂੰ ਪੰਜਾਬ ਦੇ ਹਰ ਪਿੰਡ ਵਿਚ ਲਾਇਬ੍ਰੇਰੀ ਖੋਲਣੀ ਚਾਹੀਦੀ ਹੈ।

?ਬਾਲ ਸਾਹਿਤ ਕਿਹੋ ਜਿਹਾ ਹੋਵੇ?
ਮੇਰੇ ਖਿਆਲ ਵਿਚ ਬਾਲ ਸਾਹਿਤ ਉਸਾਰੂ ਸੋਚ ਵਾਲਾ ਮਿਆਰੀ ਅਤੇ ਗਿਆਨ ਵਿਗਿਆਨ ਦੀ ਸੋਚ ਤੇ ਖਰਾ ਉਤਰਨ ਵਾਲਾ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਹਰ ਰਚਨਾ ਵਿਚ ਘੱਟੋ ਘੱਟ ਇਕ ਚੰਗੀ ਗੱਲ ਸੁਨੇਹਾ ਐਸਾ ਹੋਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਦੀ ਜੀਵਨ ਜਾਚ ਵਿਚ ਅਤੇ ਨੈਤਿਕ ਕਦਰਾਂ ਕੀਮਤਾ ਵਿਚ ਸੁਧਾਰ ਹੋਵੇ।

?ਬਾਲ ਜੀਵਨ ਵਿਚ ਬਾਲ ਰਸਾਲਿਆਂ ਦੀ ਕੀ ਭੂਮਿਕਾ ਹੈ?
ਬਾਲ ਜੀਵਨ ਵਿਚ ਬਾਲ ਰਸਾਲਿਆਂ ਦੀ ਬੜੀ ਵੱਡੀ ਭੂਮੀਕਾ ਹੈ।ਜੇ ਅਸੀਂ ਬੱਚਿਆਂ ਵਿਚ ਰਸਾਲੇ ਤੇ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਕਰਨਾ ਹੈ ਤਾਂ ਸਾਨੂੰ ਬੱਚਿਆਂ ਲਈ ਪੁਸਤਕ ਸੱਭਿਆਚਾਰ ਪੈਦਾ ਕਰਨਾ ਪਏਗਾ।ਪੁਸਤਕ ਸੱਭਿਆਚਾਰ ਪੈਦਾ ਕਰਨ ਵੱਲ ਪਹਿਲਾ ਕਦਮ ਬੱਚਿਆਂ ਲਈ ਹਰ ਘਰ ਵਿਚ ਬਾਲ ਰਸਾਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ।ਜਿਸ ਘਰ ਵਿਚ ਰਸਾਲੇ ਆਉਣਗੇ ਬੱਚੇ ਉਨ੍ਹਾਂ ਨੂੰ ਜਰੂਰ ਪੜ੍ਹਨਗੇ।ਬਚਪਨ ਵਿਚ ਸਾਹਿਤ ਪੜ੍ਹਨ ਦਾ ਪੈਦਾ ਹੋੋਇਆ ਸ਼ੌਕ ਅਖੀਰ ਤਕ ਨਾਲ ਨਿਭਦਾ ਹੈ।

?ਨਿੱਜੀ ਖੇਤਰ ਦੇ ਬਾਲ ਰਸਾਲੇ ਕਿਉਂ ਨਹੀਂ ਛਪਦੇ?
ਪੰਜਾਬੀ ਰਸਾਲਿਆਂ ਅਤੇ ਪੁਸਤਕਾਂ ਦੀ ਵਿੱਕਰੀ ਬਹੁਤ ਘੱਟ ਹੋਣ ਕਰਕੇ ਨਿੱਜੀ ਰਸਾਲੇ ਬਹੁਤ ਬੰਦ ਹੋ ਗਏ ਹਨ।ਰਸਾਲਾ ਛਾਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੀ ਗੱਲ ਹੈ।ਵੇਖਦਿਆ ਵੇਖਦਿਆਂ ਬਾਲ ਸੰਦੇਸ਼ ਵਰਗੇ ਰਸਾਲੇ ਬੰਦ ਹੋ ਗਏ।ਇਹ ਤਾਂ ਤੁਹਾਡੇ ਵਰਗੇ ਸਿਰੜੀ ਬੰਦਿਆਂ ਦੀ ਹਿੰੰਮਤ ਹੈ ਕਿ ਕਰੂੰਬਲਾਂ ਵਰਗਾ ਖੂਬਸੂਰਤ ਮਿਆਰੀ ਪਰਚਾ ਉੱਨੀ ਵੀਹ ਸਾਲ ਤੋਂ ਨਿਰੰਤਰ ਕੱਢੀ ਜਾ ਰਹੇ ਹੋ।

?ਬਾਲ ਸਾਹਿਤ ਦੇ ਪ੍ਰਕਾਸ਼ਨ ਵਿਚ ਸਰਕਾਰ ਦਾ ਕੀ ਯੋਗਦਾਨ ਹੈ ?
ਪੰਜਾਬ ਸਰਕਾਰ ਦਾ ਕਦੀ ਵੀ ਲੇਖਕਾਂ ਜਾਂ ਸਾਹਿਤ ਵੱਲ ਸੁਹਿਰਦ ਰਵੱਈਆ ਨਹੀਂ ਰਿਹਾ।ਲੀਡਰ ਲੋਕਾਂ ਦੇ ਅਚੇਤ ਜਾਂ ਸੁਚੇਤ ਮਨ ਵਿਚ ਇਹ ਗੱਲ ਲੁਕੀ ਹੋਈ ਹੈ ਕਿ ਜੇ ਲੋਕ ਸਾਹਿਤ ਪੜ੍ਹਨਗੇ ਤਾਂ ਉਹ ਸਿਆਣੇ ਹੋ ਜਾਣਗੇ। ਉਨਾਂ ਵਿਚ ਚੇਤਨਤਾ ਆ ਜਾਏਗੀ ਲੋਕ ਜਾਗਰੂਕ ਹੋ ਜਾਣਗੇ ਅਤੇ ਜਦੋਂ ਲੋਕਾਂ ਵਿਚ ਜਾਗਰੂਕਤਾ ਆ ਗਈ ਫੇਰ ਸਾਨੂੰ ਵੋਟਾਂ ਨਹੀਂ ਪੈਣੀਆਂ।ਮੇਰੇ ਖਿਆਲ ਵਿਚ ਤਾਂ ਇਹੋ ਕਾਰਣ ਹੀ ਲਗਦਾ ਹੈ ।ਜਿਸ ਕਰਕੇ ਹਰ ਸਰਕਾਰ ਉਹ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਸਾਹਿਤ ਅਤੇ ਲੇਖਕਾਂ ਨੂੰ ਅੱਖੋਂ ਪਰੋਖੇ ਕਰਦੀ ਹੈ।ਹਾਂ ਜੇ ਕੋਈ ਸਰਕਾਰੀ ਅਦਾਰਾ ਵਧੀਆ ਕੰਮ ਕਰ ਰਿਹਾ ਹੈ ਖਾਸ ਕਰਕੇ ਬਾਲ ਸਾਹਿਤ ਵਿਚ ਤਾਂ ਉਹ ਨੈਸ਼ਨਲ ਬੁਕ ਟਰੱਸਟ ਇੰਡੀਆ ਦਿੱਲੀ ਹੈ।ਉਨਾਂ ਨੇ ਬੱਚਿਆਂ ਦੀਆਂ ਬਹੁਤ ਵਧੀਆ ਕਿਤਾਬਾਂ ਛਾਪੀਆਂ ਹਨ।

?ਪਿਛਲੇ ਦਸ ਸਾਲ ਵਿਚ ਛਪੀਆਂ ਬਾਲ ਪੁਸਤਕਾਂ ਬਾਰੇ ਕੀ ਵਿਚਾਰ ਹੈ?
ਪਿਛਲੇ ਕੁਝ ਸਾਲਾਂ ਤੋਂ ਸਾਡੇ ਨਵੇਂ ਪੁਰਾਣੇ ਲੇਖਕਾਂ ਨੇ ਬਾਲ ਸਾਹਿਤ ਵੱਲ ਜਿਆਦਾ ਧਿਆਨ ਦਿੱਤਾ ਹੈ।ਇਹੋ ਕਾਰਣ ਹੈ ਕਿ ਪਿਛਲੇ ਦਸ ਸਾਲਾਂ ਵਿਚ ਬਾਲ ਸਾਹਿਤ ਦੀਆਂ ਕਾਫੀ ਪੁਸਤਕਾਂ ਛਪੀਆਂ ਹਨ।ਇਨ੍ਹਾਂ ਵਿਚੋਂ ਬਹੁਤੀਆਂ ਕਿਤਾਬਾਂ ਬੱਚਿਆਂ ਲਈ ਬਹੁਤ ਲਾਭਦਾਇਕ ਹਨ ।ਅਜੇੇ ਬਾਲ ਨਾਟਕਾਂ ਅਤੇ ਬਾਲ ਨਾਵਲਾਂ ਵੱਲ ਲੇਖਕਾਂ ਦਾ ਬਹੁਤਾ ਧਿਆਨ ਨਹੀਂ ਗਿਆ।ਸਾਡੇ ਪ੍ਰਕਾਸ਼ਕਾਂ ਨੂੰ ਵੀ ਇਕ ਗੱਲ ਧਿਆਨ ਵਿਚ ਜਰੂਰ ਰੱਖਣੀ ਚਾਹੀਦੀ ਹੈ ਕਿ ਕਿਤਾਬ ਛਾਪਣ ਲੱਗਿਆਂ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਬੱਚਿਆਂ ਲਈ ਖੁਬਸੂਰਤ ਅਤੇ ਮਿਆਰੀ ਪੁਸਤਕਾਂ ਹੀ ਛਾਪਣੀਆਂ ਚਾਹੀਦੀਆਂ ਹਨ।

?ਤੁਸੀ ਕੀ ਕੁਝ ਨਵਾਂ ਕਰਨ ਬਾਰੇ ਤਿਆਰੀ ਕਰ ਰਹੇ ਹੋ?
ਮੈਂ ਪਿਛਲੇ ਸਮੇਂ ਵਿਚ ਬੱਚਿਆਂ ਲਈ ਇਕ ਨਾਵਲ ‘ਦੁੱਧ ਦੀਆਂ ਧਾਰਾਂ’ ਲਿਖਿਆ ਹੈ ਜੋ ਪਿਛਲੇ ਇਕ ਸਾਲ ਤੋਂ ਰੋਜ਼ਾਨਾ ਅਜੀਤ ਅਖਬਾਰ ਵਿਚ ਲੜੀਵਾਰ ਛਪ ਰਿਹਾ ਹੈ।ਇਸ ਇਕ ਸਾਲ ਵਿਚ ਉਸ ਦੀ ਦੋ ਤਿੰਨਂ ਵਾਰੀ ਸੋਧ ਕੀਤੀ ਹੈ ਅਤੇ ਉਹ ਹੁਣੇ ਹੀ ਕਿਤਾਬੀ ਰੂਪ ਵਿਚ ਛਪਕੇ ਆਇਆ ਹੈ।ਅੱਗੋਂ ਵੀ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾਣ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਕੁਝ ਬਣ ਕੇ ਦਿਖਾਉਣਾ ਵਰਗੇ ਵਿਸ਼ੇ ਦਿਮਾਗ ਵਿਚ ਘੁੰਮ ਰਹੇ ਹਨ।ਵੇਖੋ ਉਹ ਕਹਾਣੀਆਂ ਦਾ ਰੂਪ ਧਾਰਨ ਕਰਦੇ ਹਨ ਜਾਂ ਨਾਵਲ ਦਾ।ਅਜੇ ਇਸ ਬਾਰੇ ਮੈਂ ਕੁੱਝ ਕਹਿ ਨਹੀਂ ਸਕਦਾ।

?ਬਾਲ ਸਾਹਿਤ ਨੂੰ ਕਦੋਂ ਤੋਂ ਸਮਰਪਿਤ ਹੋ?
ਬਾਲ ਸਾਹਿਤ ਵੱਲ ਮੈਂ 1990 ਤੋਂ ਜਿਆਦਾ ਧਿਆਨ ਦੇਣਾ ਸ਼ੁਰੂ ਕੀਤਾ।ਮੇਰੀ ਪਹਿਲੀ ਬਾਲ ਸਾਹਿਤ ਦੀ ਪੁਸਤਕ ਗੁਰੂ ਬਾਲ ਕਹਾਣੀਆਂ ਨੂੰ ਬਹੁਤ ਪ੍ਰਸਿੱਧੀ ਮਿਲੀ।ਉਸਨੇ ਮੇਰਾ ਉਤਸ਼ਾਹ ਬਹੁਤ ਵਧਾਇਆ।ਇਕ ਗੱਲ ਹੋਰ ਕਹਿਣੀ ਚਾਹਵਾਂਗਾ ਕਿ ਬਾਲ ਸਾਹਿਤ ਵੱਲ ਸਾਡੇ ਵਿਦਵਾਨ ਆਲੋਚਕਾਂ ਦਾ ਧਿਆਨ ਬਹੁਤ ਘੱਟ ਗਿਆ ਹੈ।ਯੂਨੀਵਰਸਿਟੀਆਂ ਵਿਚ ਅਜੇ ਤਕ ਬਾਲ ਸਾਹਿਤ ਬਾਰੇ ਨਾ ਮਾਤਰ ਹੀ ਕਾਰਜ ਹੋਏ ਹਨ।ਸੋ ਸਾਡੇ ਵਿਦਵਾਨ ਆਲੋਚਕ / ਅਧਿਆਪਕ ਜੋ ਯੂਨੀਵਰਸਿਟੀਆਂ ਵਿਚ ਬੈਠੇ ਹਨ,ਨੂੰ ਚਾਹੀਦਾ ਹੈ ਕਿ ਬਾਲ ਸਾਹਿਤ ਬਾਰੇ ਐਮ ਫਿੱਲ ਅਤੇ ਪੀ ਐਚ ਡੀ ਦੇ ਸ਼ੋਧ ਪ੍ਰਬੰਧ ਦੇ ਵਿਸ਼ੇ ਦੇ ਕੇ ਖੋਜ ਕਾਰਜ ਕਰਵਾਉਣ।

?ਕੋਈ ਹੋਰ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ?
ਮੇਰਾ ਜਨਮ ਹੀ ਸਾਹਿਤਕ ਮਾਹੌਲ ਵਾਲੇ ਘਰ ਵਿਚ ਹੋਇਆ ਜਿਸ ਕਰਕੇ ਬਚਪਨ ਤੋਂ ਹੀ ਸਾਹਿਤ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ।ਨੌਵੀਂ ਦਸਵੀਂ ਕਲਾਸ ਵਿਚ ਹੀ ਮਾੜੀਆਂ ਮੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਬਾਅਦ ਵਿਚ ਸੋਧ ਸੁਧਾਈ ਕਰਕੇ ਕਾਲਜ ਮੈਗਜ਼ੀਨ ਵਿਚ ਛਪਦੀਆਂ ਰਹੀਆਂ।ਕਾਲਜ ਪੜ੍ਹਦਿਆਂ ਕਈ ਕਿਤਾਬਾਂ ਦੇ ਅਨੁਵਾਦ ਕੀਤੇ ਜਿਨ੍ਹਾਂ ਵਿਚੋਂ ਸ਼੍ਰੀ ਕ੍ਰਿਸ਼ਨ ਚੰਦਰ ਜੀ ਦਾ ਨਾਵਲ ‘ਇਕ ਗਧੇ ਦੀ ਆਤਮਕਥਾ’ ਕਾਫੀ ਮਸ਼ਹੂਰ ਹੋਇਆ।ਉਸਦੇ ਕਈ ਲਗਾਤਾਰ ਐਡੀਸ਼ਨ ਛਪ ਚੁੱਕੇ ਹਨ।ਇਸੇ ਤਰ੍ਹਾਂ ਹੀ ਸ਼੍ਰੀ ਸਾਅਦਤ ਹਸਨ ਮੰਟੋ ਸਾਹਿਬ ਦੀਆਂ ਕਹਾਣੀਆਂ ਅਨੁਵਾਦ ਕੀਤੀਆਂ ਜੋ’ ਠੰਡਾ ਗੋਸ਼ਤ’ ਪੁਸਤਕ ਰੂਪ ਵਿਚ ਛਪੀਆਂ। ਕੂਝ ਹੋਰ ਪੁਸਤਕਾਂ ਸੰਪਾਦਿਤ ਵੀ ਕੀਤੀਆਂ।

Comments

Lakshdeep Singh

Exilent

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ