Fri, 19 April 2024
Your Visitor Number :-   6985099
SuhisaverSuhisaver Suhisaver

'ਨੰਗੇ ਪੈਰਾਂ ਵਾਲੇ' ਇਨਕਲਾਬੀ ਨੌਜਵਾਨ ਡਾਕਟਰਾਂ ਦੀਆਂ ਮਹਾਨ ਦੇਣਾਂ

Posted on:- 29-09-2014

ਅਨੁਵਾਦ: ਮਨਦੀਪ
ਸੰਪਰਕ: +91 98764 42052


ਅੱਜ ਸੰਸਾਰ ਸਾਮਰਾਜੀ ਪ੍ਰਬੰਧ ਅਤੇ ਉਸ ਦੀਆਂ ਪਿਛਾਖੜੀ ਹਾਕਮ ਜਮਾਤਾਂ ਗ਼ੈਰ-ਵਿਗਿਆਨਕ ਨਜ਼ਰੀਆ ਧਾਰਕੇ ਮੈਡੀਕਲ ਵਿਗਿਆਨ ਨੂੰ ‘ਲੋਕਾਂ ਦੀ ਸੇਵਾ ਲਈ’ ਦੀ ਬਜਾਏ ‘ਸਰਮਾਏਦਾਰਾਂ ਤੇ ਉਸਦੇ ਪਿੱਠੂਆਂ ਦੀ ਸੇਵਾ ਲਈ’ ਵਰਤਣ ਤੇ ਵਿਕਸਿਤ ਕਰਨ ਦੇ ਰਾਹ ’ਤੇ ਦੌੜ ਰਹੀਆਂ ਹਨ। ਇਸੇ ਰਾਹ ’ਤੇ ਚਲਦਿਆਂ ਉਹ ‘ਮਰੀਜ’ ਨੂੰ ਵੱਧ ਤੋਂ ਵੱਧ ਮੁਨਾਫਾ ਬਟੋਰਨ ਵਾਲੀ ‘ਜਿਨਸ’ ਸਮਝਦੇ ਹਨ ਤੇ ਮੈਡੀਕਲ ਵਿਗਿਆਨ ਦੇ ਨਾਂ ਹੇਠ ਇਲਾਜ ਕਰਨ ਦੇ ਮਹਿੰਗੇ, ਖਰਚੀਲੇ ਤੇ ਆਮ ਲੋਕਾਂ ਦੀ ਪਹੰੁਚ ਤੋਂ ਬਾਹਰਲੇ ਢੰਗ-ਤਰੀਕੇ ਅਤੇ ਦਵਾਈਆਂ ਈਜਾਦ ਕਰ ਰਹੇ ਹਨ। ਇਸਦੇ ਸਿੱਟੇ ਵਜੋਂ ਅੱਜ ਸੰਸਾਰ ਸਾਮਰਾਜੀ, ਸਰਮਾਏਦਾਰੀ ਸਿਹਤ ਪ੍ਰਬੰਧ ਲੁੱਟ ਦਾ ਵੱਡਾ ਸਾਧਨ ਬਣਿਆ ਹੋਇਆ ਹੈ।

ਇਸਦੇ ਉਲਟ ਇੱਕ ਨਜ਼ਰੀਆ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਸੰਸਾਰ ਇਨਕਲਾਬੀ ਕਮਿੳੂਨਿਸਟ ਸ਼ਕਤੀਆਂ ਦਾ ਹੈ। ਜੋ ਮੈਡੀਕਲ ਵਿਗਿਆਨ ਨੂੰ (ਸਮੇਤ ਸਭਨਾ ਵਿਗਿਆਨਾਂ) ‘ਲੋਕਾਂ ਦੀ ਸੇਵਾ ਲਈ’ ਵਿਕਸਤ ਕਰਨ ਦੀ ਸਮਝ ਨੂੰ ਪ੍ਰਣਾਏ ਹੋਏ ਹਨ। ਵਿਗਿਆਨ ਨੂੰ ਲੋਕਾਂ ਦੀ ਸੇਵਾ ਲਈ ਵਰਤਣ ਦੀਆਂ ਸਫ਼ਲ ਕੋਸ਼ਿਸ਼ਾਂ ਨੂੰ ਸਮਾਜਵਾਦੀ ਪ੍ਰਬੰਧ ਖਾਸਕਰ ਚੀਨ ਅੰਦਰ ਅਮਲ ’ਚ ਲਿਆਂਦਾ ਗਿਆ, ਜਿਸਦੇ ਬੇਮਿਸਾਲ ਸਿੱਟੇ ਸਾਹਮਣੇ ਆਏ, ਜਿਸਨੇ ਦੁਨੀਆਂ ਅੱਗੇ ਵਿਲੱਖਣ ਉਦਾਹਰਣਾਂ ਤੇ ਕਾਰਨਾਮੇ ਪੇਸ਼ ਕੀਤੇ। ਸਿਹਤ ਦੇ ਖੇਤਰ ਅੰਦਰ ਅਨੋਖੇ ਕਾਰਨਾਮੇ ਪੇਸ਼ ਕਰਨ ਵਿਚ ਚੀਨੀ ਸਮਾਜਵਾਦੀ ਦੌਰ ਦਾ ਅੱਜ ਤੱਕ ਕੋਈ ਸਾਨੀ ਨਹੀਂ।

ਸਮਾਜਵਾਦੀ ਚੀਨ ਨੇ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਮੁਲਕ ਭਰ ’ਚੋਂ 20 ਲੱਖ ਤੋਂ ਉੱਪਰ ਨੌਜਵਾਨਾਂ ਨੂੰ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਦੇ ਹੱਲ ਲਈ ਵੱਡੀ ਪੱਧਰ ’ਤੇ ਪਛੜੇ ਖੇਤਰਾਂ ਵੱਲ ਨੂੰ ਕੂਚ ਕਰਨ ਲਈ ਪ੍ਰੇਰਿਆ। ਨਵੀਨ ਗਿਆਨ-ਵਿਗਿਆਨ ਤੇ ਲੋਕਾਂ ਦੇ ਅਗਲੀ ਤਜ਼ਰਬੇ ਦੇ ਸੁਮੇਲ ਨੇ ਇੱਕ ਬਿਲਕੁਲ ਨਵੀਂ ਕਿਸਮ ਦੇ ਸਿਹਤ ਪ੍ਰਬੰਧ ਨੂੰ ਸਾਹਮਣੇ ਲਿਆਂਦਾ। ਲੱਖਾਂ ਦੀ ਗਿਣਤੀ ’ਚ ਕਾਫ਼ਲੇ ਬੰਨ੍ਹਕੇ ਪਿੰਡਾਂ ਤੇ ਹੋਰ ਪੱਛੜੇ ਖੇਤਰਾਂ ਵੱਲ ਨੂੰ ਤੁਰੇ ਇਨਕਲਾਬੀ ਨੌਜਵਾਨ ਮੰੁਡੇ-ਕੁੜੀਆਂ ਨੇ ਨਿਰਸੁਆਰਥ ਹੋ ਕੇ ਪੂਰੀ ਸਮਰਪਨ ਭਾਵਨਾ ਨਾਲ ਆਪਣੇ ਦੇਸ਼ ਦੇ ਲੋਕਾਂ ਦੀ ਅਸਲੀ ਅਰਥਾਂ ’ਚ ਸੇਵਾ ਕੀਤੀ।

ਚੀਨ ਨੂੰ ਨਵੀਂ ਸ਼ਕਤੀ ਪ੍ਰਦਾਨ ਕਰਨ ਵਿਚ ਉੱਥੋਂ ਦੇ ਨੌਜਵਾਨਾਂ ਦਾ ਮਹੱਤਵਪੂਰਨ ਰੋਲ ਰਿਹਾ ਹੈ। ‘‘ਨਿਰਬਲ’’ ਚੀਨ ਜਿਸਨੂੰ ਅਮਰੀਕੀ ਸਾਮਰਾਜੀਆਂ ਨੇ ਅਫ਼ੀਮ ਦੇ ਢੇਰਾਂ ਥੱਲੇ ਦੱਬ ਦੇਣ ਦੀਆਂ ਕੁਚਾਲਾਂ ਚੱਲੀਆਂ ਸਨ, ਜਿੱਥੋਂ ਦੇ ਲੋਕਾਂ ਦੀ ਅਨਪੜ੍ਹ-ਜਾਹਲ, ਨਸ਼ੇੜੀ ਤੇ ਲੰਡੀ-ਬੁੱਚੀ ਨਾਲ ਤੁਲਨਾ ਕੀਤੀ ਜਾਂਦੀ ਸੀ ਉਸ ਨਿਰਬਲ ਚੀਨ ਨੂੰ ਸਮਾਜਵਾਦੀ ਵਿਚਾਰਧਾਰਾ ਨੇ ਇੱਕ ਨਵੀਂ-ਨਰੋਈ ੳੂਰਜਾ ਪ੍ਰਦਾਨ ਕੀਤੀ, ਨਵਾਂ ਬਲ ਬਖਸ਼ਿਆ ਅਤੇ ਸਦੀਆਂ ਦੀ ਲਤਾੜੀ ਜਨਤਾ ਇੱਕ ਨਵੇਂ ਮਨੁੱਖ ਵਜੋਂ ਉੱਭਰ ਕੇ ਸਾਹਮਣੇ ਆਈ।

ਨਵੇਂ ਮਨੁੱਖ ਦੀ ਸਿਰਜਣਾ ਵਿਚ ਨਵੀਂ ਪੀੜ੍ਹੀ ਦਾ ਅਹਿਮ, ਅਮਿੱਟ ਯੋਗਦਾਨ ਰਿਹਾ। ਅੱਜ ਨਵੇਂ ਸੰਸਾਰ ਸਾਮਰਾਜੀ ਪ੍ਰਬੰਧ ਅੰਦਰ, ਬਿਲਕੁਲ ਵੱਖਰੀਆਂ ਸਥਿਤੀਆਂ ਅੰਦਰ ਸਾਡੇ ਦੇਸ਼ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਚੀਨ ਦੇ ਉਨ੍ਹਾਂ ਨੌਜਵਾਨ ਰੈੱਡ ਗਾਰਡਾਂ, ਡਾਕਟਰਾਂ, ਕਮਿਊਨਿਸਟ ਇਨਕਲਾਬੀਆਂ ਦੀ ਲੋਕ ਮੁਕਤੀ ਲਈ, ਲੋਕ ਸੇਵਾ ਲਈ ਲਟ-ਲਟ ਬਲਦੀ ਨਿਰਸੁਅਰਥੀ ਸਮਰਪਣ ਭਾਵਨਾ ਨੂੰ, ਸਪਿਰਟ ਨੂੰ, ਚੇਤਨਾ ਨੂੰ ਮੁੜ ਤਰੋ-ਤਾਜ਼ਾ ਕਰਨ ਲਈ ਆਪਣੀ ਭੂਮਿਕਾ ਨੂੰ ਪਹਿਚਾਨਣਾ ਚਾਹੀਦਾ ਹੈ। ਇਸੇ ਉਦੇਸ਼ ਲਈ ਪੇਸ਼ ਹੈ ਸਮਾਜਵਾਦੀ ਚੀਨ ਅੰਦਰ ਸਿਹਤ ਪ੍ਰਬੰਧ ਦੀ ਅਗਵਾਈ ਕਰ ਰਹੇ ਨੌਜਵਾਨ ਰੈੱਡ ਗਾਰਡ ਯੀ-ਵਾਂਗ ਨਾਲ ਇੱਕ ਮੁਲਾਕਾਤ ਦਾ ਪੰਜਾਬੀ ਅਨੁਵਾਦ।     - ਅਨੁਵਾਦਕ
? ਕੀ ਤੁਸੀਂ ਇਸਦੀ ਵਿਆਖਿਆ ਕਰ ਸਕਦੇ ਹੋ ਕਿ ਲਾਲ ਗਾਰਡ ਬਣਨ ਤੋਂ ਬਾਅਦ ਤੁਸੀਂ ਨੰਗੇ ਪੈਰਾਂ ਵਾਲੇ ਡਾਕਟਰ ਕਿਵੇਂ ਬਣੇ? ਪਿੰਡਾਂ ਵਿਚ ਨੰਗੇ ਪੈਰਾਂ ਵਾਲੇ ਡਾਕਟਰਾਂ ਦੀ ਕੀ ਭੂਮਿਕਾ ਰਹੀ ਹੈ ਅਤੇ ਡਾਕਟਰੀ ਪ੍ਰੈਕਟਿਸ ਨਾਲ ਤੁਸੀਂ ਸਿਆਸੀ ਸਿੱਖਿਆ ਤੇ ਜਮਾਤੀ ਜੱਦੋਜਹਿਦ ਦਾ ਸੁਮੇਲ ਕਿਵੇਂ ਕੀਤਾ?
- ਨੰਗੇ ਪੈਰਾਂ ਦੇ ਡਾਕਟਰਾਂ (2 4) ਦਾ ਸੰਕਲਪ ਸਭ ਤੋਂ ਪਹਿਲਾਂ ਇਸ ਤੱਥ ਤੋਂ ਉਪਜਿਆ ਕਿ ਅਣਸਾਵੀਂ ਵੰਡ ਹੋਣ ਕਾਰਨ ਡਾਕਟਰ ਜਿਆਦਾ ਮਾਤਰਾ ਵਿਚ ਨਹੀਂ ਸਨ। ਪੁਰਾਣੇ ਢਾਂਚੇ ਤਹਿਤ ਡਾਕਟਰ ਮੁੱਖ ਤੌਰ ’ਤੇ ਸ਼ਹਿਰਾਂ ’ਚ ਹੀ ਹੰੁਦੇ ਸਨ ਅਤੇ ਪਿੰਡਾਂ ਅੰਦਰ ਮੈਡੀਕਲ ਸਹੂਲਤਾਂ ਬਹੁਤ ਘੱਟ ਹੰੁਦੀਆਂ ਸਨ। ਨੰਗੇ ਪੈਰਾਂ ਵਾਲੇ ਡਾਕਟਰ ਦੀ ਧਾਰਣਾ ਇਹ ਸੀ ਕਿ ਉਹ ਮੁੱਖ ਤੌਰ ’ਤੇ ਕਿਸਾਨ ਸਨ ਅਤੇ ਥੋੜ੍ਹੀ ਜਿਹੀ ਟ੍ਰੇਨਿੰਗ ਤੋਂ ਬਾਅਦ ਉਹ ਮੁੱਢਲੀ ਮੈਡੀਕਲ ਸਹਾਇਤਾ ਤੋਂ ਜਾਣੂ ਹੋ ਗਏ। ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਇਹ ਹੈ ਕਿ ਉਹ ਫਿਰ ਵੀ ਕਿਸਾਨ ਹੀ ਰਹੇ ਅਤੇ ‘ਨੰਗੇ ਪੈਰਾਂ ਵਾਲੇ’ ਦੀ ਤਸਵੀਰ ਵੀ ਏਥੋਂ ਹੀ ਬਣਦੀ ਹੈ। ਇੱਕ ਪਾਸੇ ਇਹ ਹੱਥੀਂ ਕੰਮ ਕਰਦੇ (ਉਹ ਖੇਤਾਂ ਅੰਦਰ ਨੰਗੇ ਪੈਰ ਕੰਮ ਕਰਦੇ ਸਨ) ਤੇ ਦੂਸਰੇ ਪਾਸੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਸੀ। ਇਹ ਸਰੀਰਕ ਤੇ ਮਾਨਸਿਕ ਕਿਰਤ ਦੇ ਸੁਮੇਲ ਦੀ ਚੰਗੀ ਉਦਾਹਰਨ ਸੀ। ਜਿਸ ਰਾਹੀਂ ਲੋਕ ਸੇਵਕਾਂ ਦੀ ਨਵੀਂ ਪੀੜ੍ਹੀ ਦੀ ਸਿਰਜਣਾ ਹੋਈ। ‘ਨੰਗੇ ਪੈਰਾਂ ਵਾਲੇ’ ਹੋਣ ਕਾਰਨ ਉਹ ਮਰੀਜ਼ਾਂ ਨਾਲ ਨੇੜਲੇ ਸਬੰਧ ਸਥਾਪਤ ਕਰਨ ਦੇ ਯੋਗ ਹੋ ਗਏ। ਇੱਥੇ ਮਰੀਜਾਂ ਤੇ ਡਾਕਟਰਾਂ ਵਿਚਕਾਰ ਕੋਈ ਜਮਾਤੀ ਵਖਰੇਵਾਂ ਨਹੀਂ ਸੀ ਅਤੇ ਇਹ ਬਹੁਤ ਮਹੱਤਵਪੂਰਨ ਸੀ।
    
ਬੇਅਰਫੁੱਟ ਡਾਕਟਰਾਂ ਨੇ ਰੋਗਾਂ ਦੀ ਰੋਕਥਾਮ ਕਰਨ ਵਾਲੀਆਂ ਦਵਾਈਆਂ ਲਈ ਵੱਡੀ ਮਾਤਰਾ ’ਚ ਮਨੁੱਖੀ-ਸ਼ਕਤੀ ਮੁਹੱਈਆ ਕੀਤੀ। ਬੇਅਰਫੁੱਟ ਡਾਕਟਰ ਵੱਡੀ ਮਾਤਰਾ ਵਿਚ ਸਨ ਤੇ ਉਹ ਕਿਸਾਨਾਂ ਨਾਲ ਰਹਿੰਦੇ ਸਨ। ਇਸ ਤਰ੍ਹਾਂ ਉਹ ਮਰੀਜਾਂ ਦੀਆਂ ਡਾਕਟਰੀ ਲੋੜਾਂ ਨੂੰ ਜਾਣਦੇ ਸਨ ਅਤੇ ਰੋਗਾਂ ਦੀ ਰੋਕਥਾਮ ਲਈ ਮਰੀਜਾਂ ਨੂੰ ਡਾਕਟਰੀ ਸਹਾਇਤਾ ਦੇਣ ਦੇ ਯੋਗ ਸਨ। ਬੇਅਰਫੁੱਟ ਡਾਕਟਰਾਂ ਦੀ ਸਿਖਲਾਈ ਬਹੁਤ ਜਲਦੀ ਹੋ ਜਾਂਦੀ ਸੀ ਅਤੇ ਇਸਲਈ ਉਨ੍ਹਾਂ ਨੂੰ ਲੰਮੀ ਸਿੱਖਿਆ ਹਾਸਲ ਕਰਨ ਦੀ ਲੋੜ ਨਹੀਂ ਸੀ। ਉਹ ਆਪਣੇ ਕੰਮ ਤੇ ਛੋਟੇ ਕੋਰਸਾਂ ਰਾਹੀਂ ਸਿੱਖ ਜਾਂਦੇ ਸਨ। ਪਹਿਲਾਂ ਵਾਲੇ ਡਾਕਟਰ ‘ਨੰਗੇ ਪੈਰਾਂ ਵਾਲੇ’ ਨਹੀਂ ਸਨ ਹੰੁਦੇ, ਉਦੋਂ ਉਹ ਸਿਰਫ਼ ਕਿਤਾਬੀ ਗਿਆਨ ਹਾਸਲ ਕਰਦੇ, ਸੋ ‘ਕੰਮ ਦੌਰਾਨ ਸਿਖਲਾਈ’ ਇੱਕ ਚੰਗੀ ਗੱਲ ਸੀ। ਇਸ ਤੋਂ ਪਹਿਲਾਂ ਡਾਕਟਰਾਂ ਨੂੰ ਲੋਕਾਂ ਦਾ ਇੱਕ ਹਿੱਸਾ ਨਹੀਂ ਸਗੋਂ ਉਨ੍ਹਾਂ ਤੋਂ ਉੱਚਾ ਸਮਝਿਆ ਜਾਂਦਾ ਸੀ।
    
ਬੇਅਰਫੁੱਟ ਡਾਕਟਰਾਂ ਦਾ ਉਭਰਨਾ ਇੱਕ ਕੁਦਰਤੀ ਨਤੀਜਾ ਸੀ। ਸਭ ਤੋਂ ਪਹਿਲਾਂ ਅਸੀਂ ਸਮਾਜ ਨੂੰ ਬਦਲਣ ਦੀ ਲੋੜ ਸਮਝੀ। ਅਸੀਂ ਇਨਕਲਾਬ ਰਾਹੀਂ ਸਮਝਿਆ ਕਿ ਪੁਰਾਣੀਆਂ ਸਕੀਮਾਂ ਸਮਾਜ ਤੇ ਸਾਡੇ ਮੁਲਕ ਲਈ ਕੁਝ ਨਹੀਂ ਕਰ ਰਹੀਆਂ ਅਤੇ ਮਹਾਨ ਸੰਪਰਕ ਦੌਰਾਨ, ਦੂਰ ਦੁਰਾਡੇ ਇਲਾਕਿਆਂ ’ਚ ਅਮਲੀ ਤਜ਼ਰਬੇ ਰਾਹੀਂ ਸਮਝਿਆ ਕਿ ਪਿੰਡਾਂ ’ਚ ਇਸਦੀ ਬਹੁਤ ਲੋੜ ਹੈ।
    
ਦੂਜੇ ਸ਼ਬਦਾਂ ’ਚ ਅਸੀਂ ਸੱਚਮੁਚ ਕੁਝ ਅਜਿਹਾ ਕਰਨਾ ਚਾਹੰੁਦੇ ਸੀ, ਜਿਸ ਨਾਲ ਮੌਜੂਦਾ ਸਮਾਜ ਬਦਲ ਸਕੇ। ਸੋ, ਪਿੰਡਾਂ ’ਚ ਜਾ ਕੇ ਪੜ੍ਹੇ-ਲਿਖੇ ਨੌਜਵਾਨਾਂ, ਰੈੱਡ ਗਾਰਡਾਂ ਰਾਹੀਂ ਸਮਾਜ ਦੀ ਸੁਧਾਈ ਦਾ ਮੁੱਖ ਕਾਰਜ ਹੱਥ ਲੈਣਾ ਸੀ, ਮਿਆਰਾਂ ਨੂੰ ਬਦਲਣਾ ਸੀ, ਲੋਕਾਂ ਦੇ ਤਕਨੀਕ ਨੂੰ ਵਰਤਣ ਦੇ ਢੰਗ ਨੂੰ ਬਦਲਣਾ ਸੀ ਅਤੇ ਅਮਲੀ ਗਿਆਨ-ਵਿਗਿਆਨ ਨੂੰ ਪ੍ਰਫੁਲਿਤ ਕਰਨਾ ਸੀ ਅਤੇ ਮਹੱਤਵਪੂਰਨ ਗੱਲ ਆਪਣੇ ਆਪ ਨੂੰ ਮੁੜ ਸਿੱਖਿਅਤ ਕਰਨਾ ਸੀ। ਸੱਭਿਆਚਾਰ ਇਨਕਲਾਬ ਦੇ ਮੁੱਢਲੇ ਪੜਾਅ ਦੌਰਾਨ ਅਸੀਂ ਮਹਿਸੂਸ ਕੀਤਾ ਕਿ ‘ਰਸਮੀ’ ਜਮਾਤੀ ਘੋਲ ਸਾਡੇ ਲਈ ਫਾਇਦੇਮੰਦ ਨਹੀਂ ਕਿਉਕਿ ਸਾਰੀ ਗਿਆਨ ਸਿਖਲਾਈ ਦੀ ਬੁਰਜੂਆ ਜਮਾਤਾਂ ਵੱਲੋਂ ਵੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਪ੍ਰੋਲੇਤਾਰੀ ਜਮਾਤ ਲਈ ਵੀ। ਪਰੰਤੂ ਜਿਸ ਢੰਗ ਰਾਹੀਂ ਤੁਸੀਂ ਸਿੱਖਿਅਤ ਹੋਏ ਹੋ, ਇਸ ਗੱਲ ਦੀ ਵੱਧ ਸੰਭਾਵਨਾ ਹੈ ਕਿ ਤੁਸੀਂ ਬੁਰਜੂਆ ਜਮਾਤ ਵਿਚ ਸ਼ਾਮਲ ਹੋ ਜਾਵੋ ਬਜਾਏ ਪ੍ਰੋਲੇਤਾਰੀ ਜਮਾਤ ਦੇ। ਇਹ ਪਹਿਲੀ ਗੱਲ ਹੈ। ਦੂਸਰੀ ਗੱਲ ਇਹ ਕਿ ਸ਼ੁੱਧ ਗਿਆਨ ਪ੍ਰਾਪਤੀ ਦਾ ਅਰਥ ਇਹ ਨਹੀਂ ਕਿ ਇਹ ਸਮਾਜ ਦੀਆਂ ਅਸਲ ਹਾਲਤਾਂ ’ਤੇ ਢੁੱਕਦੀ ਹੋਵੇ। ਦੂਸਰੇ ਸ਼ਬਦਾਂ ’ਚ ਪਹਿਲਾਂ ਵਾਲੀ ਪੜ੍ਹਾਈ ਲੋੜ ’ਚੋਂ ਉਪਜੀ ਹੋਈ ਨਹੀਂ ਸੀ। ਪੰ੍ਰਤੂ ਫਿਰ, ਲੋਕਾਂ ਦੀ ਅਸਲੀ ਜ਼ਿੰਦਗੀ ’ਚ ਸ਼ਾਮਲ ਹੋਣ ਬਾਅਦ ਸਾਨੂੰ ਨੌਜਵਾਨਾਂ ਨੂੰ ਲੋਕਾਂ ਦੀਆਂ ਅਸਲੀ ਲੋੜਾਂ ਦੀ ਸਮਝ ਆਈ ਅਤੇ ਇਹ ਸਾਡੇ ਲਈ ਗਿਆਨ ਪ੍ਰਾਪਤ ਕਰਨ ਦਾ ਪ੍ਰੇਰਕ ਬਣਿਆ। ਪੜ੍ਹਾਈ ਕੁਦਰਤੀ ਸਿੱਖਿਅਕ ਪ੍ਰਕਿਰਿਆ ਮੁਤਾਬਕ ਪਹਿਲਾਂ ਅਭਿਆਸ, ਫਿਰ ਸਿਧਾਂਤ ਤੇ ਫਿਰ ਅਭਿਆਸ ਰਾਹੀਂ ਹੰੁਦੀ ਸੀ। ਪੁਰਾਣੇ ਪ੍ਰਬੰਧ ਵਿਚ ਲੋਕ ਸਿਰਫ਼ ਪੜ੍ਹਾਈ ਕਰਦੇ ਸਨ ਬਿਨਾਂ ਇਹ ਸੋਚੇ-ਵਿਚਾਰੇ ਕਿ ਇਸ ਗਿਆਨ ਦਾ ਕੀ ਕੀਤਾ ਜਾਵੇਗਾ? ਸੋ, ਇਹ ਗਿਆਨ ਬੁਰਜੂਆ ਜਾਂ ਪ੍ਰੋਲੇਤਾਰੀ ਕਿਸੇ ਵੀ ਜਮਾਤ ਵੱਲੋਂ ਵਰਤਿਆ ਜਾ ਸਕਦਾ ਸੀ।
    
ਇੱਥੇ ਬਹੁਤ ਸਾਰੇ ਵਿਦਿਆਰਥੀ ਸਨ ਜੋ ਪਿੱਛੇ ਜਾ ਕੇ ਖੇਤੀ ਮਾਹਰ, ਖੇਤ ਵਿਗਿਆਨੀ, ਮਿਸਤਰੀ, ਬੇਅਰਫੁੱਟ ਡਾਕਟਰ, ਸਕੂਲ ਅਧਿਆਪਕ ਆਦਿ ਬਣੇ। ਇਸ ਕਿਸਮ ਦੀ ਸਿੱਖਿਆ ਅਤੇ ਪੜ੍ਹਾਈ ਲੋੜ ’ਚੋਂ ਉਪਜੀ ਹੋਈ ਸੀ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਖ਼ਿਆਲ ਨਹੀਂ ਸੀ ਕਿ ਉਹ ਪਹਿਲੀ ਵਾਰ ਪਿੰਡਾਂ ’ਚ ਕਦੋਂ ਗਏ। ਉਨ੍ਹਾਂ ਨੇ ਸਿਰਫ਼ ਮਹਿਸੂਸ ਕੀਤਾ ਕਿ ਪਿੰਡਾਂ ’ਚ ਪੜ੍ਹੇ ਲਿਖੇ ਨੌਜਵਾਨਾਂ ਦੀ ਸਿਆਸੀ ਅਤੇ ਅਮਲੀ ਕਾਜ਼ ਲਈ ਲੋੜ ਹੈ। ਅਮਲੀ-ਮਤਲਬ ਰੋਜ਼ਾਨਾ ਪੈਦਾਵਾਰ, ਰੋਜ਼ਾਨਾ ਜ਼ਿੰਦਗੀ। ਸਿਆਸੀ-ਮਤਲਬ ਸਿੱਖਿਅਤ ਨੌਜਵਾਨਾਂ ਲਈ ਮੁੜ ਸਿੱਖਿਅਤ ਹੋਣਾ, ਗਿਆਨ ਦਾ ਪ੍ਰਚਾਰ-ਪ੍ਰਸਾਰ ਅਤੇ ਕਿਸਾਨਾਂ ਦੀ ਸਿਆਸੀ ਜੱਦੋਜਹਿਦ ਦੀ ਜਾਣਕਾਰੀ ਤਾਂ ਜੋ ਮੁਲਕ ਅੰਦਰਲੀਆਂ ਇਨਕਲਾਬੀ ਹਾਲਤਾਂ ਤੋਂ ਜਾਣੂ ਹੋ ਸਕਣ ਅਤੇ ਆਪਣਾ ਨਜ਼ਰੀਆ ਸਪੱਸ਼ਟਕਰ ਸਕਣ। ਇਹ ਪ੍ਰੇਰਨਾ ਪੈਸੇ ਤੋਂ ਨਹੀਂ ਸਗੋਂ ‘ਲੋਕਾਂ ਦੀ ਸੇਵਾ’ ਕਰਨ ਅਤੇ ਗਿਆਨ ਨੂੰ ਲੋਕਾਂ ਦੀਆਂ ਅਸਲ ਮੁਸ਼ਕਲਾਂ ਉੱਤੇ ਲਾਗੂ ਕਰਨ ਤੋਂ ਪੈਦਾ ਹੁੰਦੀ ਸੀ।
    
ਅਤੇ ਮੇਰੇ ਤਜ਼ਰਬੇ ਕਿ ਮੈਂ ‘ਨੰਗੇ ਪੈਰਾਂ ਵਾਲਾ ਡਾਕਟਰ’ ਕਿਵੇਂ ਬਣਿਆ? ਜਿਹੜੇ ਇਲਾਕੇ ਵਿਚ ਮੈਂ ਗਿਆ ਉਹ ਪੇਂਡੂ ਇਲਾਕਾ ਸੀ ਤੇ ਉੱਥੇ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਆਵਾਜਾਈ ਪੈਦਲ ਹੀ ਸੀ। ਸਾਡੇਪਿੰਡ ਤੋਂ 50 ਕਿ.ਮੀ. ਦੂਰ ਇੱਕ ਹਸਪਤਾਲ ਸੀ। ਜੇਕਰ ਕੋਈ ਮਰੀਜ਼ ਗੰਭੀਰ ਬਿਮਾਰ ਹੰੁਦਾ ਸੀ ਤਦ ਉਸਨੂੰ ਪੈਦਲ ਹਸਪਤਾਲ ਲਿਜਾਣਾ ਬੇਹੱਦ ਮੁਸ਼ਕਲ ਹੰੁਦਾ ਸੀ ਅਤੇ ਇਸ ਕਰਕੇ, ਸਿੱਟੇ ਵਜੋਂ ਅੰਧਵਿਸ਼ਵਾਸ਼ ਤੇ ਟੂਣੇ-ਟਾਮਣ ਦਾ ਜ਼ੋਰ ਸੀ। ਉਦਾਹਰਣ ਵਜੋਂ ਜੇਕਰ ਕਿਸੇ ਨੂੰ ਨਮੂਨੀਆ ਅਤੇ ਬਹੁਤ ਜਿਆਦਾ ਬੁਖਾਰ ਹੋ ਜਾਂਦਾ ਤਦ ਟੂਣੇ-ਟਾਮਣ ਵਾਲਾ ਕੁਝ ਜਾਪ ਕਰਦਾ ਹੈ ਜਿਸਨੂੰ ਕੋਈ ਨਹੀਂਸਮਝ ਪਾਉਦਾ ਅਤੇ ਉਹ ਸਰੀਰ ਉੱਪਰ ਸਿਰਫ਼ ਠੰਡੇ ਪਾਣੀ ਦਾ ਛਿੜਕਾ ਕਰਦਾ ਹੈ। ਸਾਰੇ ਕੱਪੜੇ ਉਤਰਵਾ ਕੇ, ਠੰਡੇ ਪਾਣੀ ਦਾ ਛਿੜਕਾ ਕਰਕੇ ਉਹ ਕਹਿੰਦਾ ਹੈ ਕਿ ਇਹ ਠੰਡਾ ਜਲ ਇੱਕ ਦਵਾਈ ਹੈ ਜੋ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਹੈ।
    
ਮੈਂ ਤੇ ਰੈੱਡ ਗਾਰਡਾਂ ਦੀ ਟੋਲੀ ਜਦੋਂ ਪਿੰਡ ਗਏ ਤਦ ਅਸੀਂ ਵੇਖਿਆ ਕਿ ਪਿੰਡ ਵਿਚ ਅੱਧੀ ਵਸੋਂ ਬਿਮਾਰ ਸੀ ਤੇ ਉੱਥੇ ਮਹਾਂਮਾਰੀ ਫੈਲੀ ਹੋਈ ਸੀ। ਪਿੱਛੋਂ ਸਾਨੂੰ ਪਤਾ ਲੱਗਾ ਕਿ ਇਹ ਟਾਈਫੈਡ ਸੀ ਜੋ ਛੋਟੇ-ਛੋਟੇ ਪਰਜੀਵੀਆਂ ਨਾਲ ਫੈਲਦਾ ਹੈ। ਪੈਦਾਵਾਰੀ ਮਜ਼ਦੂਰਾਂ ਦੀ ਅੱਧੀ ਤੋਂ ਵੱਧ ਵਸੋਂ ਬਿਮਾਰ ਸੀ। ਅਜਿਹੇ ’ਚ ਉਹ ਜਮਾਤੀ ਜੱਦੋਜਹਿਦ ’ਚ ਕਿਵੇਂ ਹਿੱਸਾ ਪਾ ਸਕਦੇ ਸਨ? ਕਿਸ ਤਰ੍ਹਾਂ ਉਹ ਰੋਜ਼ਾਨਾ ਪੈਦਾਵਾਰ ਕਰ ਸਕਦੇ ਸਨ? ਉਹ ਆਪਣੀ ਦੇਖ-ਭਾਲ ਕਿਵੇਂ ਕਰ ਸਕਦੇ ਸਨ?
    
ਅਤੇ ਹੁਣ ਅਸੀਂ ਲੋੜਾਂ ਮੁਤਾਬਕ ਅਧਿਐਨ ਕਰਨ ਦਾ ਕਾਜ਼ ਹੱਥ ਲਿਆ। ਅਸੀਂ ਸਭ ਤੋਂ ਪਹਿਲਾਂ ਡਾਕਟਰੀ ਲੋੜ ਦਾ ਸਾਹਮਣਾ ਕੀਤਾ। ਸਿਹਤ ਦੀ ਬੁਨਿਆਦੀ ਮਨੁੱਖੀ ਲੋੜ ਤਾਂ ਜੋ ਉਹ ਕੁਝ ਕੰਮ ਕਰਦੇ ਰਹਿਣ। ਜੇਕਰ ਤੁਸੀਂ ਬਿਮਾਰ ਹੋ ਤਦ ਤੁਸੀਂ ਕੁਝ ਨਹੀਂ ਕਰ ਪਾਉਦੇ ਅਤੇ ਸਾਨੂੰ ਰੈੱਡ ਗਾਰਡ ਨੂੰ ਦਵਾਈ ਬਾਰੇ ਕੁਝ ਵੀ ਪਤਾ ਨਹੀਂ ਸੀ। ਅਸੀਂ ਮੁਸ਼ਕਲ ਨਾਲ ਹਾਈ ਸਕੂਲ ਤੱਕ ਪੜ੍ਹੇ ਹੋਏ ਸਾਂ। ਸੋ, ਅਸੀਂ ਮਹਿਸੂਸ ਕੀਤਾ ਕਿ ਇਹ ਐਮਰਜੈਂਸੀ ਵਾਲੀ ਸਥਿਤੀ ਹੈ ਅਤੇ ਇੱਥੇ ਕੋਈ ਡਾਕਟਰ ਵੀ ਮੌਜੂਦ ਨਹੀਂ। ਅਸੀਂ ਇਸਦਾ ਹੱਲ ਕਰਨ ਬਾਰੇ ਸੋਚਿਆ। ਇੱਥੇ ਹੋਰ ਕੋਈ ਸ਼ਕਤੀਆਂ ਜਾਂ ਤਾਕਤਾਂ ਨਹੀਂ ਸਨ ਜਿਨ੍ਹਾਂ ’ਤੇ ਅਸੀਂ ਯਕੀਨ ਕਰ ਸਕਦੇ। ਸੋ, ਅਸੀਂ ਤਿੰਨਾਂ ਨੇ ਛੋਟਾ ਜਿਹਾ ਕਲੀਨਿਕ ਖੋਲ੍ਹ ਲਿਆ। ਇਸਨੂੰ ਅਸੀਂ ਛੋਟਾ ਕਲੀਨਿਕ ਆਖ ਬੁਲਾਉਦੇ ਪੰ੍ਰਤੂ ਇੱਥੇ ਕੋਈ ਅਸਲੀ ਡਾਕਟਰ ਨਹੀਂ ਸੀ। ਅਸੀਂ ਉਹ ਸਾਰੀਆਂ ਦਵਾਈਆਂ ਇਕੱਠੀਆਂ ਕੀਤੀਆਂ ਜੋ ਸਾਡੇ ਆਪਣੇ ਲਈ ਸਨ। ਸੋ, ਅਸੀਂ ਸਾਰੀਆਂ ਐਂਟੀਬਾਇਟਿਕ ਇਕੱਠੀਆਂ ਕਰਕੇ ਮੁਫ਼ਤ ਦਵਾਖਾਨਾ ਸ਼ੁਰੂ ਕਰ ਦਿੱਤਾ। ਸਾਡੇ ਕੋਲ ਨੰਗੇ ਪੈਰਾਂ ਵਾਲੇ ਡਾਕਟਰਾਂ ਵਾਲੀ ਇੱਕ ਕਿਤਾਬ ਸੀ ਅਤੇ ਅਸੀਂ ਮਰੀਜ਼ ਦੀ ਬਿਮਾਰੀ ਦੇ ਲੱਛਣਾਂ ਨੂੰ ਕਿਤਾਬ ’ਚ ਦਰਸਾਏ ਲੱਛਣਾਂ ਨਾਲ ਮਿਲਾ ਲੈਂਦੇ ਅਤੇ ਅਖੀਰ ਅਸੀਂ ਮਹਿਸੂਸ ਕੀਤਾ ਕਿ ਇਹ ਛੂਤ ਦਾ ਰੋਗ ਟਾਈਫੈਡ ਬੁਖਾਰਹੈ।
    
ਸੋ ਇਹ ਦਵਾਈਆਂ ਬਹੁਤ ਲਾਹੇਵੰਦ ਸਾਬਤ ਹੋਈਆਂ ਅਤੇ ਦੋ ਜਾਂ ਤਿੰਨ ਦਿਨ ਲਈ ਦਵਾਈ ਵਰਤਕੇ ਤੇਜ਼ ਬੁਖਾਰ ਹਟ ਜਾਂਦਾ ਸੀ ਤੇ ਲੋਕ ਠੀਕ ਹੋ ਜਾਂਦੇ ਸਨ। ਅਸੀਂ ਇਹ ਮਹਿਸੂਸ ਨਹੀਂ ਸਾਂ ਕਰਦੇ ਕਿ ਅਸੀਂ ਡਾਕਟਰੀ ਇਲਾਜ ਕਰ ਰਹੇ ਹਾਂ, ਸਗੋਂ ਅਸੀਂ ਤਾਂ ਸਿਰਫ਼ ਲੋਕਾਂ ਦੀ ਸੇਵਾ ਕਰਨੀ ਚਾਹੰੁਦੇ ਸਾਂ। ਅਸੀਂ ਤਾਂ ਮੈਡੀਕਲ ਬਾਰੇ ਕੋਈ ਉਚੇਰੀ ਸਿੱਖਿਆ ਵੀ ਹਾਸਲ ਨਹੀਂ ਸੀ ਕੀਤੀ ਸਗੋਂ ਲੋਕਾਂ ਨੇ ਸਾਨੂੰ ਇਹ ਸਭ ਕਰਨ ਲਾ ਦਿੱਤਾ ਸੀ।
    
ਸੋ ਹਕੀਕਤ ਇਹ ਸੀ ਕਿ ਇੱਕ ਲੋੜ ਪਈ ਸੀ ਤੇ ਅਸੀਂ ਇਸ ਲੋੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਲੋੜ ਵਧ ਗਈ ਤਾਂ ਸਾਨੂੰ ਆਪਣੇ ਗਿਆਨ ’ਚ ਵਾਧਾ ਕਰਨਾ ਪਿਆ। ਸਾਡੀ ਮੁੱਢਲੀ ਵਿੱਦਿਆ ਖ਼ੁਦ ਪੜ੍ਹਨ ਤੇ ਸਿੱਖਣਰਾਹੀਂ ਸ਼ੁਰੂ ਹੋਈ ਸੀ। ਅਸੀਂ ਬਹਿਸਾਂ ਕਰਦੇ ਤੇ ਫਿਰ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ। ਅਸੀਂ ਫਿਰ ਵਿਚਾਰ-ਵਟਾਂਦਰਾ ਕਰਕੇ ਤੇ ਸਮੱਸਿਆਵਾਂ ਨੂੰ ਹੱਲ ਕਰ ਲੈਂਦੇ ਅਤੇ ਇਸ ਤਰ੍ਹਾਂ ਦੇ ਅਮਲ ਰਾਹੀਂ ਅਸੀਂ ਤਜ਼ਰਬਾ ਹਾਸਲ ਕਰ ਸਕੇ।
    
ਚੀਨੀ ਇਲਾਜ ਅਸਲ ਵਿਚ ਤਜ਼ਰਬੇ ’ਤੇ ਆਧਾਰਤ ਹੈ। ਇੱਕ ਕਿਸਮ ਦੇ ਰੋਜ਼ਮਰ੍ਹਾ ਦੇ ਤਜ਼ਰਬੇ ਦੇ ਅਧਾਰ ’ਤੇ ਨਾ ਕੇਵਲ ਸਿਧਾਂਤ ’ਤੇ ਹੀ। ਪੱਛਮੀ ਇਲਾਜ ਵਿਧੀ ਦੇ ਆਉਣ ਤੋਂ ਪਹਿਲਾਂ ਚੀਨੀ ਇਲਾਜ ਵਿਧੀ ਦੇ ਲੱਖਾਂ ਡਾਕਟਰ ਸਨ। ਉਹ ਕਦੇ ਸਕੂਲ ਵੀ ਨਹੀਂ ਸਨ ਗਏ। ਉਨ੍ਹਾਂ ਕੋਲ ਕੋਈ ਕਿਤਾਬ ਵੀ ਨਹੀਂ ਸੀ। ਉਨ੍ਹਾਂ ਕੋਲ ਕੁਝ ਜੜ੍ਹੀ-ਬੂਟੀਆਂ ਤੇ ਕੁਝ ਕੁ ਐਕੂਪੰਕਚਰ ਸੂਈਆਂ ਹੰੁਦੀਆਂ ਸਨ। ਉਹ ਕਿਵੇਂ ਲਿਖਦੇ ਸਨ? ਉਹ ਆਪਣੇ ਪੁਰਖਿਆਂ ਤੇ ਲੋਕਾਂ ਤੋਂ ਸਿੱਖਦੇ ਸਨ। ਉਹ ਲੋਕਾਂ ਦੁਆਰਾ ਖ਼ੁਦ ਦਵਾਈਆਂ ਤਿਆਰ ਕਰਨ ਤੇ ਖ਼ੁਦ ਇਲਾਜ ਕਰਨ ਰਾਹੀਂ ਜਾਣਕਾਰੀ ਇਕੱਤਰ ਕਰਦੇ ਸਨ ਅਤੇ ਅਮਲੀ ਤੌਰ ’ਤੇ ਅਸੀਂ ਵੀ ਇਸੇ ਕਿਸਮ ਦਾ ਤਜ਼ਰਬਾ ਗ੍ਰਹਿਣ ਕੀਤਾ ਅਤੇ ਅਸੀਂ ਬੱਚੇ ਪੈਦਾ ਕਰਵਾਉਣ, ਮਿਹਦੇ ਦੇ ਜ਼ਖ਼ਮ, ਛੂਤ ਦੀਆਂ ਬਿਮਾਰੀਆਂ ਅਤੇ ਕੁਝ ਅਪਰੇਸ਼ਨ ਕਰਨ ਵਿਚ ਸਫ਼ਲ ਹੋਏ ਅਤੇ ਇਸ ਦੌਰਾਨ ਸਾਨੂੰ ਪੀ.ਐਲ.ਏ. (@ 1) ਦੀਆਂ ਚਲਦੀਆਂ-ਫਿਰਦੀਆਂ ਮੈਡੀਕਲ ਟੀਮਾਂ ਵੱਲੋਂ ਰਸਮੀਂ ਟ੍ਰੇਨਿੰਗ ਦਿੱਤੀ ਜਾਂਦੀ।
    
ਇੱਕ ਗੱਲ ਬਹੁਤ ਦਿਲਚਸਪ ਹੈ ਕਿ ਮਾਓ ਨੇ 1965 ਜਾਂ 1964’ਚ ਕਿਹਾ ਸੀ ਕਿ ਡਾਕਟਰੀ ਸਹਾਇਤਾ ਦਾ ਮੁੱਖ ਜੋਰ ਪੇਂਡੂ ਖਿੱਤਿਆ ਵਿਚ ਦਿੱਤਾ ਜਾਣਾ ਚਾਹੀਦਾ ਹੈ। ਦੂਸਰੇ ਸ਼ਬਦਾਂ ’ਚ ਇਸ ਤੋਂ ਪਹਿਲਾਂ ਡਾਕਟਰੀ ਸੇਵਾਵਾਂਮੁੱਖ ਤੌਰ ਤੇ ਸ਼ਹਿਰਾਂ ਵਿਚ ਕੇਂਦਰਤ ਸਨ। ਪੇਂਡੂ ਖੇਤਰਾਂ ਵਿਚ ਡਾਕਟਰੀ ਸਹੂਲਤਾਂ ਬਹੁਤ ਸੀਮਤ ਸਨ ਅਤੇ ਉਸ ਸਮੇਂ ਡਾਕਟਰਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ ਤੇ ਮੰਗ ਜਿਆਦਾ। ਇਸ ਤਰ੍ਹਾਂ ਹਾਸਲ ਡਾਕਟਰ ਪੇਂਡੂ ਖੇਤਰਾਂ ਵਿਚ ਜਾਣ ਤੋਂਕੰਨੀ ਕਤਰਾਉਦੇ ਸਨ। ਸਰਵਿਸ ਬਹੁਤ ਮਾੜੀ ਸੀ ਅਤੇ ਉਦਾਹਰਣ ਵਜੋਂ ਕਈਵਾਰ ਤੁਹਾਨੂੰ ਡਾਕਟਰਾਂ ਨੂੰ ਕੀਮਤੀ ਤੋਹਫੇ ਦੇਣੇ ਪੈਂਦੇ ਸਨ ਤਾਂ ਕਿ ਉਹ ਤੁਹਾਡੇ ਘਰ ਆ ਕੇ ਮਰੀਜ ਦਾ ਇਲਾਜ ਕਰੇ। ਇਸ ਤਰ੍ਹਾਂ ਇੱਥੇ ਭਿ੍ਰਸ਼ਟਾਚਾਰ ਤੇ ਬੁਰਜੂਆ ਅਧਿਕਾਰਾਂ ਦੀ ਗੱਲ ਚੱਲਣ ਲੱਗੀ। ਅਜਿਹੀ ਹਾਲਤ ਵਿਚ ਨੰਗੇ ਪੈਰਾਂ ਵਾਲੇ ਡਾਕਟਰ ਉੱਭਰਕੇ ਸਾਹਮਣੇ ਆਏ - ਅਸਲ ਵਿਚ ਸਾਡੀ ਯੋਗਤਾ ਦੇ ਵਿਕਸਿਤ ਹੋਣ ਨੇ ਉਨ੍ਹਾਂ ਲਈ ਚੁਣੌਤੀ ਪੇਸ਼ ਕੀਤੀ। ਉਨ੍ਹਾਂ ਕੋਲ ਰਸਮੀ ਸਿੱਖਿਆ ਸੀ,ਉਹ ਮੈਡੀਕਲ ਗਰੈਜੂਏਟ ਸਨ, ਪੰ੍ਰਤੂ ਸਥਾਨਕ ਕਿਸਾਨਾਂ ਦਾ ਉਨ੍ਹਾਂ ਉੱਤੋਂ ਭਰੋਸਾਖ਼ਤਮ ਹੰੁਦਾ ਜਾ ਰਿਹਾ ਸੀ, ਪਰ ਕਿਸਾਨਾਂ ਨੇ ਨੰਗੇ ਪੈਰਾਂ ਵਾਲੇ ਡਾਕਟਰਾਂ ਉੱਪਰਅਥਾਹ ਭਰੋਸਾ ਦਿਖਾਇਆ, ਬੇਅਰਫੁੱਟ ਡਾਕਟਰਾਂ ਬਾਰੇ ਚੰਗੀ ਗੱਲ ਸੀ ਕਿ ਉਹ ਇੱਕੋਸਮੇਂ ਡਾਕਟਰ ਸਨ ਅਤੇ ਦੂਜੇ ਵੇਲੇ ਉਹ ਸਰੀਰਕ ਕੰਮ ਵੀ ਕਰਦੇ ਸਨ, ਖੇਤਾਂ ’ਚ ਕੰਮ ਵੀ ਕਰਦੇ ਸਨ। ਸੋ ਅਸਲ ਵਿਚ ਉਹ ਇੱਕੋ ਜਮਾਤ ਦੇ ਸਨ, ਇੱਕੋ ਖੇਤਰ ’ਚੋਂ ਸਨ, ਉਹ ਹਰ ਰੋਜ ਸੰਪਰਕ ’ਚ ਰਹਿੰਦੇ ਸਨ, ਉਹ ਲੋਕਾਂ ਨੂੰ ਜਾਣਦੇ ਸਨ। ਬੇਅਰਫੁੱਟ ਡਾਕਟਰ ਹਰ ਪਰਿਵਾਰ ਦੀ ਪੂਰੀ ਜਾਣਕਾਰੀ ਰੱਖਦੇ ਸਨ, ਹਰ ਪਰਿਵਾਰ ਦੀਆਂ ਸਮੱਸਿਆਵਾਂ ਤੋਂ ਜਾਣੂ ਸਨ। ਉਨ੍ਹਾਂ ਕੋਲ ਹਰੇਕ ਦੀ ਮੈਡੀਕਲ ਹਿਸਟਰੀ ਹੁੰਦੀ ਸੀ ਅਤੇ ਉਹ ਜਲਦੀ ਪਹੁੰਚ ਜਾਂਦੇ ਕਿਉਕਿ ਉਹ ਉਸੇ ਪਿੰਡ ਵਿਚ ਰਹਿੰਦੇ ਸਨ। ਉਹ ਹੋਰ ਪਿੰਡਾਂ ਵਿਚ ਵੀ ਜਾਂਦੇ ਸਨ ਪ੍ਰੰਤੂ ਹਰ ਪਿੰਡ ਕੋਲ ਆਪਣੇ ਬੇਅਰਫੁੱਟ ਡਾਕਟਰ ਹੁੰਦੇ ਸਨ। ਨੰਗੇ ਪੈਰਾਂ ਵਾਲੇ ਡਾਕਟਰਾਂ ਵਿਚੋਂ ਬਹੁਤੇ ਖ਼ੁਦ ਕਿਸਾਨ ਸਨ ਅਤੇ ਉਹ ਹਾਈ ਸਕੂਲ ਜਾਂ ਐਲੀਮੈਂਟਰੀ ਜਾਂ ਪ੍ਰਾਈਮਰੀ ਵਿੱਦਿਆ ਪ੍ਰਾਪਤ ਸਨ। ਸ਼ੁਰੂ ਕਰਨ ਲਈ (ਡਾਕਟਰੀ ਟ੍ਰੇਨਿੰਗ) ਉਹ ਛੇ ਤੋਂ ਬਾਰ੍ਹਾਂ ਮਹੀਨਿਆਂ ’ਚ ਸਿੱਖਿਅਤ ਹੋ ਜਾਂਦੇ - ਉਨ੍ਹਾਂ ਨੂੰ ਕੁਝ ਅੰਕੂਪੈਂਕਚਰ ਵਿਧੀ ਦੇ ਯੋਗ ਕੀਤਾ ਜਾਂਦਾ, ਕੁਝ ਜੜ੍ਹੀ ਬੂਟੀਆਂ ਨੂੰ ਨਿਯੰਤਰਿਤ ਕਰਨ ਯੋਗ ਹੋ ਜਾਂਦੇ ਤੇ ਟੀਕੇ ਲਾਉਣੇ ਸਿੱਖ ਜਾਂਦੇ। ਹੌਲੀ-ਹੌਲੀ ਉਨ੍ਹਾਂ ਦੀ ਮੁਹਾਰਤ ਵਧਦੀ ਜਾਂਦੀ ਤੇ ਉਹ ਹੋਰ ਵੱਧ ਕਰਨ ਦੇ ਯੋਗ ਹੋ ਜਾਂਦੇ।
    
ਨੰਗੇ ਪੈਰਾਂ ਵਾਲੇ ਡਾਕਟਰ ਇੱਕ ਮਿਸਾਲ ਸਨ ਕਿ ਕਿਵੇਂ ਇੱਕੋ ਸਰੀਰ ਮਾਨਸਿਕ ਤੇ ਸਰੀਰਕ ਕਿਰਤ ਕਰ ਸਕਦਾ ਹੈ। ਸਰੀਰਕ ਮਿਹਨਤ ਦੁਆਰਾ ਤੁਸੀਂ ਕਿਸਾਨਾਂ ਨਾਲ ਨੇੜਲਾ ਰਿਸ਼ਤਾ ਬਣਾਉਦੇ ਹੋ। ਤੁਸੀਂ ਇੱਕੋ ਜਮਾਤ ਨਾਲ ਸਬੰਧਤ ਹੋ ਜਿਹੜਾ ਕਿ ਬਹੁਤ ਮਹੱਤਵਪੂਰਨ ਹੈ। ਤੁਸੀਂ ਉਨ੍ਹਾਂ ਨਾਲੋਂ ਕੋਈ ਅਨੋਖੀ ਚੀਜ਼ ਨਹੀਂ ਹੋ, ਜਿਹੜੀ ਉੱਚੇ ਅਹੁਦੇ ਕਾਰਨ ਦੂਸਰੇ ਡਾਕਟਰਾਂ ਵਿਚ ਸੀ। ਇਹ ਬਹੁਤ ਹੀ ਵਧੀਆ ਵਿਚਾਰ ਹੈ ਅਤੇ ਮੇਰੇ ਅਨੁਸਾਰ ਇਹ ਮਹੱਤਵਪੂਰਨ ਅੰਸ਼ ਹੈ ਕਿ ਪੱਛੜੇ ਖੇਤਰਾਂ ‘ਚ ਹਾਲੇ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪੰ੍ਰਤੂ ਚੀਨ ਦਾ ਹੁਣ ਦਾ ਅਮਲ (ਉਲਟ ਇਨਕਲਾਬ ਵੇਲੇ) ਇਸ ਤਰ੍ਹਾਂ ਦਾ ਹੈ ਕਿ ਕੁਝ ਨੰਗੇ ਪੈਰਾਂ ਵਾਲੇ ਡਾਕਟਰ ਜੁੱਤੀਆਂ ਪਹਿਨ ਕੇ ਰੱਖਦੇ ਹਨ। (ਹਸਦੇ ਹੋਏ)

? ਮੈਂ ਸੋਚਦਾ ਹਾਂ ਕਿ ਚੀਨ ਦੀ ਮੌਜੂਦਾ ਸਰਕਾਰ ਨੇ ਨੰਗੇ ਪੈਰਾਂ ਵਾਲੇ ਲਾਲ ਡਾਕਟਰਾਂ ਨੂੰ ਭੁਲਾ ਦਿੱਤਾ ਹੈ?
- ਨਹੀਂ, ਅਸਲ ਵਿਚ ਉਹ ਉਨ੍ਹਾਂ ਨੂੰ ਭੁਲਾ ਹੀ ਨਹੀਂ ਸਕਦੇ। ਪਰ ਹੁਣ ਨੰਗੇ ਪੈਰਾਂ ਵਾਲੇ ਡਾਕਟਰਾਂ ’ਚ ਰੁਝਾਣ ਇਹ ਹੈ ਕਿ ਉਨ੍ਹਾਂ ਨੂੰ ਬਹੁਤਾ ਉਤਸ਼ਾਹਤ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਪੈਰਾਂ ’ਚ ਜੁੱਤੀਆਂ ਪਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ, ਦੂਜੇ ਸ਼ਬਦਾਂ ਵਿਚ ਉਨ੍ਹਾਂ ਨੂੰ ਕਿੱਤਾਮੁਖੀ ਬਣਨ, ਪ੍ਰਾਈਵੇਟ ਕਲੀਨਿਕ ਵੱਲ ਦੌੜਨ ਤੇ ਅਮੀਰ ਬਣਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਸੋ ਇਹ ਬਿਲਕੁਲ ਵੱਖਰੀ ਤਰ੍ਹਾਂ ਹੈ, ਨੰਗੇ ਪੈਰਾਂ ਵਾਲੇ ਡਾਕਟਰ ਬਣਾਉਣਾ ਬਹੁਤ ਹੀ ਉਤਸ਼ਾਹਜਨਕ ਸੀ। ਇਹ ਬਹੁਤ ਹੀ ਵਧੀਆ ਸੀ।

? ਜਦੋਂ ਤੁਸੀਂ ਬੇਅਰਫੁੱਟ ਡਾਕਟਰ ਸੀ ਤਦ ਪਿੰਡਾਂ ਅੰਦਰ ਚੱਲ ਰਹੀ ਜਮਾਤੀ ਜੱਦੋਜਹਿਦ ਵਿਚ ਤੁਹਾਡੀ ਕੀ ਭੂਮਿਕਾ ਸੀ, ਮਿਸਾਲ ਵਜੋਂ ਜਗੀਰਦਾਰੀ ਦੀ ਰਹਿੰਦ-ਖੂੰਹਦ ਤੇ ਵਹਿਮਾਂ-ਭਰਮਾਂ ਖਿਲਾਫ਼? ਤੁਸੀਂ ਮੈਡੀਕਲ ਤੇ ਸਿਆਸੀ ਭੂਮਿਕਾ ਵਿਚ ਸੁਮੇਲ ਕਿਵੇਂ ਬੈਠਾਉਦੇ ਸੀ?
- ਇਹ ਪੱਕਾ ਹੈ ਕਿ ਪਿੰਡ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਜਮਾਤੀ ਜੱਦੋਜਹਿਦ ਤੇ ਸਿਆਸੀ ਲਹਿਰ ਵਿਚ ਹਿੱਸਾ ਲੈਣਾ ਪੈਂਦਾ ਸੀ। ਪਰੰਤੂ ਰੋਜ਼ਮਰ੍ਹਾਂ ਦੀ ਜ਼ਿੰਦਗੀ ਵਿਚ ਹਰ ਇੱਕ ਦੀ ਆਪਣੀ ਭੂਮਿਕਾ ਹੁੰਦੀ ਹੈ। ਉਦਾਹਰਣ ਵਜੋਂ ਸਾਡੀ ਟੀਮ ਦੇ ਲੋਕ ਪਸ਼ੂਆਂ ਦੀ ਦੇਖਭਾਲ ਕਰਦੇ ਸਨ, ਕੁਝ ਲੋਕ ਖੇਤੀ ਕਰਦੇ ਸਨ ਅਤੇ ਕੁਝ ਅਧਿਆਪਕ ਸਨ। ਹਰ ਇੱਕ ਦੀ ਆਪੋ-ਆਪਣੀ ਜ਼ਿੰਦਗੀ ’ਚ ਸਿਆਸੀ ਸੁਧਾਰਾਂ ਲਈ ਭੂਮਿਕਾ ਸੀ।
    
ਦੂਜੇ ਸ਼ਬਦਾਂ ’ਚ, ਜਿਵੇਂ ਕਿ ਮੈਂ ਕਿਹਾ, ਨੰਗੇ ਪੈਰਾਂ ਵਾਲੇ ਡਾਕਟਰ ਦੇ ਤੌਰ ’ਤੇ ਸਾਡੀ ਭੂਮਿਕਾ ਵਹਿਮਾਂ-ਭਰਮਾਂ ਵਿਰੁੱਧ ਲੜਨਾ, ਜਾਦੂ-ਟੂਣਿਆਂ ਤੇ ਹੋਰ ਪੁਰਾਣੇ ਰਿਵਾਜਾਂ ਖਿਲਾਫ਼ ਲੜਨਾ ਸੀ। ਅਸੀਂ ਇਨ੍ਹਾਂ ਸਾਰੇ ਪੱਖਾਂ ਨੂੰ ਸਿਆਸੀ ਸਮਝਦੇ ਸੀ। ਕੇਵਲ ਸਿਧਾਂਤ ਹੀ ਸਿਆਸੀ ਨਹੀਂ ਹੁੰਦਾ ਤੇ ਨਾ ਹੀ ਕੇਵਲ ਸੰਘਰਸ਼ ਤੇ ਨਾ ਸਿਰਫ਼ ਇੱਕ ਦੂਜੇ ਨਾਲ ਆਹਮੋ-ਸਾਹਮਣੇ ਟਕਰਾਅ। ਸਿਆਸੀ ਜੱਦੋ-ਜਹਿਦ ਨੂੰ ਸੰਖੇਪ ’ਚ ਇੱਕ ਠੋਸ ਕਾਰਜ ਦੇ ਤੌਰ ’ਤੇ ਦਰਸਾਇਆ ਜਾ ਸਕਦਾ ਹੈ। ਠੋਸ ਕਾਰਜ ਦੀ ਹਰ ਛੋਟੀ ਕੜੀ ਵੀ ਮਹੱਤਵਪੂਰਨ ਹੁੰਦੀ ਹੈ। ਉਦਾਹਰਨ ਵਜੋਂ, ਸਾਡੀ ਹੋਂਦ ਨੇ ਉਨ੍ਹਾਂ ਡਾਕਟਰਾਂ ਨੂੰ ਚੁਣੌਤੀ ਦਿੱਤੀ, ਜਿਸਨੇ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਲਈ ਅਤੇ ਆਪਣਾ ਮਾਣ ਬਚਾਈ ਰੱਖਣ ਲਈ ਖ਼ੁਦ ਆਪਣਾ ਸੁਧਾਰ ਕਰਨ ਵੱਲ ਨੂੰ ਧੱਕਿਆ ਤਾਂ ਕਿ ਸਮਾਜ ਉਨ੍ਹਾਂ ਨੂੰ ਮਾਨਤਾ ਦੇਵੇ। ਉਨ੍ਹਾਂ ਨੂੰ ਆਪਣੇ ਵਿਵਹਾਰ ਨੂੰ ਵਧੀਆ ਬਣਾਉਣ ਲਈ ਸੱਚੀਮੁੱਚੀ ਉਨ੍ਹਾਂ ਨੂੰ ਮੁੜ ਸਿੱਖਿਅਤ ਕਰਨ ਲਈ ਸਕੀਮ ਬਣਾਈ ਗਈ। ਉਨ੍ਹਾਂ ਨੂੰ ਸਰੀਰਕ ਕੰਮ ’ਚ ਪਾਉਣ ਲਈ ਸਕੀਮ ਬਣਾਈ ਗਈ।

? ਕੀ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ?
- ਹਕੀਕਤ ਇਹ ਹੈ ਕਿ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ, ਪਰ ਉਨ੍ਹਾਂ ਨੂੰ ਇਹ ਕੰਮ (ਸਰੀਰਕ) ਕਰਨਾ ਪਿਆ। ਉਦਾਹਰਣ ਵਜੋਂ, ਸਾਡੇ ਆਪਣੇ ਕਮਿਊਨ ਵਿਚ ਡਾਕਟਰਾਂ ਨੂੰ ਮੁੜ ਸਿੱਖਿਅਤ ਕਰਨ ਲਈ ਉਨ੍ਹਾਂ ਨੂੰ ਆਪਣਾ ਅੱਧਾ ਸਮਾਂ ਪਿੰਡਾਂ ਵਿਚ ਸਰੀਰਕ ਕੰਮ ਕਰਨ ਵਿਚ ਗੁਜਾਰਨਾ ਪੈਂਦਾ ਸੀ ਤੇ ਅੱਧਾ ਸਮਾਂ ਨੰਗੇ ਪੈਰਾਂ ਵਾਲੇ ਡਾਕਟਰ ਵਜੋਂ ਕੰਮ ਕਰਨਾ ਪੈਂਦਾ ਸੀ। ਉਹ ਸ਼ੁੱਧ ਡਾਕਟਰ ਹੀ ਨਹੀਂ ਸਨ ਰਹਿ ਗਏ। ਇਸ ਤਰ੍ਹਾਂ ਮਿਹਨਤ ਕਰਨ ਨਾਲ ਉਨ੍ਹਾਂ ਨੂੰ ਆਪਣੇ ਬੂਟ ਉਤਾਰਨੇ ਪੈਂਦੇ ਸਨ ਤੇ ਖੇਤਾਂ ਵਿਚ ਜਾਣਾ ਪੈਂਦਾ ਸੀ ਤੇ ਨਾਲ ਹੀ ਲੋੜ ਪੈਣ ’ਤੇ ਮਰੀਜਾਂ ਨੂੰ ਦੇਖਣ ਜਾਣਾ ਪੈਂਦਾ ਸੀ। ਇਸ ਤਰ੍ਹਾਂ ਕਰਨ ਦਾ ਇਹ ਇੱਕ ਬਹੁਤ ਚੰਗਾ ਵਿਚਾਰ ਸੀ। ...ਉਨ੍ਹਾਂ ਨੂੰ ਸਰੀਰਕ ਕੰਮ ਦਾ ਸਖ਼ਤ ਅਨੁਭਵ ਹੁੰਦਾ ਸੀ ਤੇ ਇਸ ਤਰ੍ਹਾਂ ਉਹ ਚੰਗੀ ਤਰ੍ਹਾਂ ਸਮਝ ਸਕਦੇ ਸਨ ਕਿ ਇੱਕ ਬਿਮਾਰ ਕਿਸਾਨ ਤੇ ਹੋਰਾਂ ਦੀ ਕੀ ਹਾਲਤ ਹੁੰਦੀ ਹੈ। ਸੋ ਇਸ ਦੀ ਸਮੁੱਚੇ ਤੌਰ ’ਤੇ ਸਿਆਸੀ ਮਹੱਤਤਾ ਸੀ। ਇਹ ਸਿਰਫ਼ ਸ਼ੁੱਧ ਮੈਡੀਕਲ ਅਮਲ ਹੀ ਨਹੀਂ ਸੀ।

ਇਸ ਕਰਕੇ ਕੁਝ ਵੀ ਸ਼ੁੱਧ ਕੁਦਰਤੀ ਨਹੀਂ ਹੁੰਦਾ, ਜਿਸਦੇ ਸਿਆਸੀ ਨਤੀਜੇ ਨਾ ਹੋਣ। ਸੋ ਸਾਡੀ ਟੀਮ ਦੇ ਹਰ ਵਿਅਕਤੀ ਨੇ ਪਿੰਡ ਅਤੇ ਕਮਿਊਨ ਵਿਚਲੀ ਹਰ ਜੱਦੋਜਹਿਦ ’ਚ ਹਿੱਸਾ ਲਿਆ। ਉਦਾਹਰਨ ਦੇ ਤੌਰ ’ਤੇ ਜੇਕਰ ਕੋਈ ਅਲੋਚਨਾਤਮਕ ਮੀਟਿੰਗ ਹੁੰਦੀ ਸੀ ਤਾਂ ਸਾਨੂੰ ਸਭ ਨੂੰ ਇਸ ਵਿਚ ਹਿੱਸਾ ਲੈਣਾ ਪੈਂਦਾ ਸੀ। ਜੇ ਕਿਤੇ ਸੱਚੀਮੁੱਚੀ ਹੀ ਸਿਆਸੀ ਗੱਲ ਹੁੰਦੀ ਸੀ ਤਦ ਸਾਡਾ ਇਸ ਵਿਚ ਸ਼ਾਮਲ ਹੋਣਾ ਜ਼ਰੂਰੀ ਹੁੰਦਾ ਸੀ। ਆਪਣੇ ਠੋਸ ਕਾਰਜ, ਠੋਸ ਕੰਮ ਰਾਹੀਂ ਯਥਾਰਥ ’ਚ ਅਸੀਂ ਸਮਾਜ ਨੂੰ ਬਦਲਣ ਦੇ ਹਕੀਕੀ ਅਮਲ ’ਚ ਯੋਗਦਾਨ ਪਾ ਰਹੇ ਸੀ।

 (ਇਹ ਮੁਲਾਕਾਤ ਦਸੰਬਰ 1993 ਦੇ ਰੈਵੂਲਿਊਸ਼ਨਰੀ ਵਰਕਰ ਦੇ 386ਵੇਂ ਅੰਕ ’ਚੋਂ ਧੰਨਵਾਦ ਸਹਿਤ ਅਨੁਵਾਦ ਕੀਤੀ ਹੈ।)

Comments

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ