Sat, 26 September 2020
Your Visitor Number :-   2687896
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਮੈਂ ਦੇਸ਼-ਧਰੋਹੀ ਨਹੀਂ ਰਾਜ ਧਰੋਹੀ ਹਾਂ- ਸੀਮਾ ਆਜ਼ਾਦ

Posted on:- 03-011-2018

suhisaver

ਮੁਲਾਕਾਤੀ :ਸ਼ਿਵ ਇੰਦਰ ਸਿੰਘ

ਸੀਮਾ ਆਜ਼ਾਦ ਦਾ ਨਾਮ ਕਿਸੇ ਮੁੱਢਲੀ ਜਾਣਕਾਰੀ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਦੀ ਨਾਮਵਰ ਸਾਹਿਤਕਾਰਾ, ਪੱਤਰਕਾਰ, ‘ਦਸਤਕ ਨਯੇ ਸਮੇਂ ਕੀ’ ਦੀ ਸੰਪਾਦਕ, ਤੇ ਰਾਜਨੀਤਕ ਕਾਰਕੁੰਨ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਮਾਓਵਾਦੀ ਸਾਹਿਤ ਰੱਖਣ ਦੇ ਦੋਸ਼ ’ਚ ਜੇਲ੍ਹ ’ਚ ਬਿਤਾਉਣੇ ਪਏ। ਸੀਮਾ ਨਾਲ ਹੋਈ ਗੱਲਬਾਤ ਆਪ ਦੇ ਸਨਮੁੱਖ-

ਸਵਾਲ- ਤੁਹਾਨੂੰ ਜੇਲ੍ਹ ਕਿਉ ਜਾਣਾ ਪਿਆ?
ਜਵਾਬ- ਗ੍ਰਿਫਤਾਰੀ ਤੋਂ 15 ਦਿਨ ਪਹਿਲਾਂ ਅਸੀਂ ਅਪਰੇਸ਼ਨ ਗ੍ਰੀਨ ਹੰਟ ਖਿਲਾਫ ਵੱਡੀ ਮੀਟਿੰਗ ਰੱਖੀ ਸੀ ਤੇ ਦਸਤਖਤ ਅਭਿਆਨ ਚਲਾਇਆ ਸੀ। ਰਾਸ਼ਟਰਪਤੀ ਦੇ ਨਾਂ ਪੱਤਰ ਲਿਖਿਆ ਸੀ। ਉਸੇ ਸਮੇਂ ਅਸੀਂ ਨਿਸ਼ਾਨੇ ’ਤੇ ਆ ਗਏ ਸੀ ( ਸੀਮਾ ਆਜ਼ਾਦ ਤੇ ਉਸਦਾ ਪਤੀ ਵਿਸ਼ਵ ਵਿਜੈ ) । ਇਸ ਤੋਂ ਪਹਿਲਾਂ ਯੂ.ਪੀ.ਏ ਸਰਕਾਰ ਦੇ ਮੰਤਰੀ ਪੀ.ਚਿੰਦਬਰਮ ਆਖ ਚੁੱਕੇ ਸੀ ਕਿ ਜੋ ਅਪਰੇਸ਼ਨ ਗ੍ਰੀਨ ਹੰਟ ਵਿਰੁੱਧ ਬੋਲੇਗਾ ਅਸੀਂ ਉਸ ਨੂੰ ਜੇਲ੍ਹ ’ਚ ਸੁੱਟਾਂਗੇ। ਸਾਡੇ ’ਤੇ ਯੂ.ਏ.ਪੀ.ਏ ( ਗੈਰ-ਗਤੀਵਿਧੀਆਂ ਰੋਕੂ ਐਕਟ) ਲਾ ਦਿੱਤਾ ਗਿਆ ਕਿ¿; ਅਸੀਂ ਮਾਓਵਾਦੀ ਸਾਹਿਤ ਰੱਖਿਆ ਹੈ।

ਸਵਾਲ- ਭਾਰਤ ਦਾ ਸੰਵਿਧਾਨ ਲਿਖਣ-ਬੋਲਣ ’ਤੇ ਪੜ੍ਹਨ-ਸੋਚਣ ਦੀ ਆਜ਼ਾਦੀ ਦਿੰਦਾ ਹੈ ਪਰ ਜਿਵੇਂ ਤੁਹਾਡੇ ’ਤੇ ਮਾਮਲਾ ਦਰਜ ਕੀਤਾ ਗਿਆ ਇਹ ਸਾਰੀ ਗੱਲ ਭਾਰਤੀ ਸੰਵਿਧਾਨ ’ਤੇ ਕਿਵੇਂ ਰਿਫਲੈਕਟ ਕਰਦੀ ਹੈ?
ਜਵਾਬ- ਲਿਖਣ ਨੂੰ ਤਾਂ ਬਹੁਤ ਗੱਲਾਂ ਲਿਖੀਆਂ ਨੇ ਭਾਰਤੀ ਸੰਵਿਧਾਨ ’ਚ ਪਰ ਲਿਖਣ ਤੋਂ 3 ਸਾਲ ਬਾਅਦ ਨਜ਼ਰਬੰਦੀ ਨਿਰੋਧਕ ਕਾਨੂੰਨ ਖੁਦ ਹੀ ਤੋੜ ਦਿੱਤਾ ਗਿਆ, ਬਾਕੀ ਸੰਵਿਧਾਨ ਸਾਨੂੰ ਜੋ ਹੱਕ ਦਿੰਦਾ ਹੈ ਸਰਕਾਰਾਂ ਉਸਨੂੰ ਵੀ ਲਾਗੂ ਨਹੀਂ ਕਰਦੀਆਂ ਜਿਵੇਂ ਸੰਵਿਧਾਨ ਕਿਤੇ ਨਹੀਂ ਕਹਿੰਦਾ ਕਿ ਆਪਣੇ ਵਿਚਾਰ ਰੱਖਣੇ ਤੇ ਅਸਹਿਮਤੀ ਰੱਖਣਾ ਤੇ ਅਸਹਿਮਤੀ ਵਾਲਾ ਸਾਹਿਤ ਰੱਖਣਾ ਗੈਰ-ਕਾਨੂੰਨੀ ਹੈ। ਸਾਡੇ ’ਤੇ ਦੋਸ਼ ਲਾਇਆ ਗਿਆ ਕਿ ਅਸੀਂ ਮਾਓਵਾਦੀ ਸਾਹਿਤ ਰੱਖਿਆ ਹੈ। ਪਹਿਲੀ ਗੱਲ ਸਾਡੇ ਕੋਲ ਮਾਓਵਾਦੀ ਸਾਹਿਤ ਨਹੀਂ ਸੀ। ਕਿਉਕਿ ਅਸੀਂ ਦਿੱਲੀ ਦੇ ਵਰਲਡ ਬੁੱਕ ਫੇਅਰ ਤੋਂ ਆ ਰਹੇ ਸੀ । ਉੱਥੇ ਮਾਓਵਾਦੀ ਸਾਹਿਤ ਨਹੀਂ ਵਿਕਦਾ। ਭਾਵੇਂ ਮਾਓਵਾਦੀ ਸਾਹਿਤ ਰੱਖਣਾ/ਪੜ੍ਹਨਾ ਵੀ ਅਪਰਾਧ ਨਹੀਂ ਹੈ। ਇਹ ਪੁਲਸੀਆ ਸਿਸਟਮ ਕੰਮ ਕੁਝ ਇਸ ਤਰ੍ਹਾਂ ਕਰਦਾ ਹੈ, ਜੋ ਕਹਿਣ ਨੂੰ ਸੰਵਿਧਾਨਕ ਹੱਕ ਦਿੰਦਾ ਹੈ ਪਰ ਪਿਛਾਂਹ ਤੋਂ ਉਸ ਨੂੰ ਖਿੱਚ ਵੀ ਲੈਂਦਾ ਹੈ।

ਸਵਾਲ- ਆਦਿਵਾਸੀਆਂ, ਦਲਿਤਾਂ ਤੇ ਘੱਟ-ਗਿਣਤੀਆਂ ਦੇ ਸੰਵਿਧਾਨਕ ਅਧਿਕਾਰਾਂ ਬਾਰੇ ਕੀ ਕਹੋਗੇ?
ਜਵਾਬ- ਕਹਿਣ ਨੂੰ ਭਾਵੇਂ ਸਭ ਠੀਕ ਲੱਗੇ ਪਰ ਜਿਵੇਂ ਐਕਟ ਹੰੁਦਾ ਹੈ ਉਦੋਂ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਲਈ ਮਾਪਦੰਡ ਵੱਖੋ-ਵੱਖਰੇ ਹਨ। ਸਾਡੇ ਕੋਲ ਅਜਿਹੀਆਂ ਅਨੇਕਾਂ ਉਦਾਹਰਣਾਂ ਮੌਜੂਦ ਹਨ ਜਿੱਥੇ ਦਲਿਤਾਂ, ਆਦਿਵਾਸੀਆਂ ਤੇ ਘੱਟਗਿਣਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਸਿਰਫ ਸ਼ੱਕ ਦੇ ਆਧਾਰ ਤੇ ਹੀ ਜੇਲ੍ਹਾਂ ’ਚ ਡੱਕਿਆ ਜਾਂਦਾ ਹੈ ਨਕਲੀ ਮੁਕਾਬਲੇ ਕੀਤੇ ਜਾਂਦੇ ਹਨ। ਜਿਸ ਦੀ ਇਹ ਪ੍ਰਤੱਖ ਉਦਾਹਰਣ ਸਾਡੇ ਜੇਲ੍ਹ ਸਮੇਂ ਦੌਰਾਨ ਖਾਲਿਦ ਮੁਜਾਹਿਦ ਤੇ ਉਸਦੇ ਨਾਲ 3 ਹੋਰ ਲੋਕਾਂ ਨੂੰ ਫੜਿਆ ਗਿਆ ਸੀ। ਅਸੀਂ (ਐਸ.ਟੀ.ਐਫ) ਵਾਲਿਆਂ ਨਾਲ ਇਸ ਗੱਲ ’ਤੇ ਬਹਿਸੇ ਵੀ ਸੀ ਕਿ ਤੁਸੀਂ ਬੇਕਸੂਰ ਲੋਕਾਂ ਨੂੰ ਤੰਗ ਕਰਦੇ ਹੋ ਗਲਤ ਗਿ੍ਰਫਤਾਰੀਆਂ ਕਰਦੇ ਹੋ।

ਸਵਾਲ- ਅਜੋਕੇ ਦੌਰ ’ਚ ਜਦੋਂ ਇਨਸਾਨੀ ਹਕੂਕ ਨੂੰ ਕੁਚਲਿਆ ਜਾ ਰਿਹਾ ਹੈ ਤਾਂ ਬੁੱਧੀਜੀਵੀ ਵਰਗ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ- ਭਾਰਤ ਦਾ ਬੁੱਧੀਜੀਵੀ ਵਰਗ ਸੰਵਿਧਾਨਕ ਅਧਿਕਾਰਾਂ ਦੀ ਗੱਲ ਤਾਂ ਕਰਦਾ ਹੈ ਪਰ ਜਦੋਂ ਇਹਨਾਂ ਅਧਿਕਾਰਾਂ ਨੂੰ ਖੋਹਿਆ ਜਾਂਦਾ ਹੈ ਤਾਂ ਉਸ ਲਈ ਸੰਘਰਸ਼ ਕਰਨ ਵਾਸਤੇ ਅੱਗੇ ਨਹੀਂ ਆਉਦਾ ਇਹ ਉਸਦੀ ਤ੍ਰਾਸਦੀ ਹੈ ਬੁੱਧੀਜੀਵੀ ਦਾ ਕੰਮ ਸਿਰਫ ਲਿਖਣਾ ਹੀ ਨਹੀਂ ਹੁੰਦਾ ਤੇ ਜਮਹੂਰੀ ਅਧਿਕਾਰਾਂ ਤੇ ਹੋ ਰਹੇ ਹਮਲਿਆਂ ਦੇ ਵਿਰੋਧ ’ਚ ਸੜਕਾਂ ’ਤੇ ਆਉਣਾ ਵੀ ਹੁੰਦਾ ਹੈ। ਹਾਲੇ ਇੱਕਾ-ਦੁੱਕਾ ਬੁੱਧੀਜੀਵੀ ਹੀ ਹਨ ਜੋ ਸੜਕਾਂ ’ਤੇ ਵੀ ਆਉਦੇ ਹਨ। ਹੁਣ ਤਾਂ ਬੁੱਧੀਜੀਵੀਆਂ ’ਤੇ ਵੀ ਹਮਲੇ ਹੋਣ ਲੱਗੇ ਨੇ ਪੇਰੂਮਲਮੁਰਗਨ ਨੂੰ ਸ਼ੋਸ਼ਲ ਮੀਡਿਆ ’ਤੇ ਲਿਖਣਾ ਪਿਆ ਕਿ ਮੇਰੇ ਅੰਦਰਲੇ ਲੇਖਕ ਦੀ ਮੌਤ ਹੋ ਗਈ ਹੈ। ’’ ਕਲਬੁਰਗੀ, ਪਨਸਾਰੇ ਦੀ ਹੱਤਿਆ ਇਹ ਬਹੁਕ ਵੱਡੀਆਂ ਘਟਨਾਵਾਂ ਹਨ। ਇਹ ਦੇਸ਼ ਦੇ ਬੁੱਧੀਜੀਵੀ ਵਰਗ ਦੀ ਹਾਰ ਹੈ ਕਿ ਉਹ ਕੁਝ ਕਰ ਨਹੀਂ ਰਿਹਾ। ਜਿਸ ਤਰ੍ਹਾਂ ਦੇ ਹਾਲਾਤ ਹਨ ਜੇ ਹੁਣ ਵੀ ਬੁੱਧੀਜੀਵੀ ਕਮਰੇ ’ਚ ਬੰਦ ਹੋ ਕੇ ਲਿਖਦਾ ਰਿਹਾ ਤਾਂ ਆਣ ਵਾਲੇ ਸਮੇਂ ’ਚ ਉਹ ਬਚੇਗਾ ਹੀ ਨਹੀਂ।

ਸਵਾਲ- ਜੇਲ੍ਹ ਜੀਵਨ ਬਾਰੇ ਲਿਖੀ ਕਿਤਾਬ ਬਾਰੇ ਦੱਸੋ।
ਜਵਾਬ- ਮੈਂ ਜੇਲ੍ਹ ਜੀਵਨ ਦੇ ਅੰਦਰ ਹੀ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹ ਹੁਣ ਕਿਤਾਬ ਰੂਪ ’ਚ ਆ ਰਹੀ ਹੈ (ਜਦੋਂ ਮੁਲਾਕਾਤ ਕੀਤੀ ਗਈ ਸੀ ਉਦੋਂ ਸੀਮਾ ਆਜ਼ਾਦ ਦੀ ਜੇਲ੍ਹ ਡਾਇਰੀ ‘ਜਿੰਦਾਨਾਮਾ’ ਛਪੀ ਨਹੀਂ ਸੀ, ਪਰ ਮੈਂ ਉਸਦੇ ਕੁਝ ਚੈਪਟਰ ਜ਼ਰੂਰ ਪੜ੍ਹੇ ਸਨ ਜੋ ਸੀਮਾ ਨੇ ਮੈਨੂੰ ਭੇਜੇ ਸੀ। )

ਸਵਾਲ- ਉਸ ਜੇਲ੍ਹ ਡਾਇਰੀ ’ਚ ਇੱਕ ਲੇਖ ਔਰਤਾਂ ਦੇ ਹਾਲਾਤ ਨੂੰ ਬਿਆਨ ਕਰਦਾ ਵੀ ਸੀ?
ਜਵਾਬ- ਔਰਤਾਂ ਵਾਲੀ ਜੇਲ੍ਹ ’ਚ ਮੈਨੂੰ ਕੋਈ ਸ਼ਾਤਰ ਅਪਰਾਧੀ ਨਹੀਂ ਮਿਲੀ। ਉਨ੍ਹਾਂ ਦਾ ਅਪਰਾਧ ਵੀ ਇਸ ਸਿਸਟਮ ਦਾ ਪਾਰਟ ਸੀ ਜੋ ਅਜਿਹੇ ਸਿਸਟਮ ’ਚ ਰਹਿੰਦੇ ਕਿਸੇ ਕੋਲੋਂ ਵੀ ਹੋ ਸਕਦਾ ਹੈ। ਜੋ ਔਰਤਾਂ ਕਤਲ ਦੀਆਂ ਦੋਸ਼ੀ ਸਨ, ਉਨ੍ਹਾਂ ’ਚੋਂ ਦੋਹਰੇ ਪਿਆਰ ਸਬੰਧਾਂ ਦੇ ਮਾਮਲੇ ਵਧੇਰੇ ਸਨ। ਜਿਸ ’ਚ ਪ੍ਰੇਮੀ ਨੇ ਪਤੀ ਦੀ ਹੱਤਿਆ ਕਰ ਦਿੱਤੀ ਸੀ। ਜਦੋਂ ਮੈਂ ਪੁੱਛਿਆ ਕਿ ਤੂੰ ਇਸ ਤਰ੍ਹੰ ਕਿਉ ਕੀਤਾ ਤਾਂ ਜਵਾਬ ਹੁੰਦਾ, ‘‘ਮੇਰੇ ਪਤੀ ਨੂੰ ਪਤਾ ਲੱਗ ਗਿਆ ਸੀ ਜੇ ਮੈਂ ਨਾ ਅਜਿਹਾ ਕਰਦੀ ਤਾਂ ਉਹ ਮੈਨੂੰ ਮਾਰ ਦਿੰਦਾ।’’

ਸਵਾਲ- ਆਪਣੀ ਕਹਾਣੀ ਸਰੋਗੇਟ ਕੰਟਰੀ ਬਾਰੇ ਦੱਸੋ?
ਜਵਾਬ- ਇਹ ਕਹਾਣੀ ਮੋਦੀ ਦੇ ‘ਮੇਕ ਇਨ ਇੰਡਿਆ’ ਅਭਿਆਨ ਨੂੰ ਧਿਆਨ ’ਚ ਰੱਖ ਕੇ ਲਿਖੀ ਗਈ ਹੈ। ਕਾਫੀ ਪ੍ਰਸੰਸਾ ਹੋਈ ਇਸ ਕਹਾਣੀ ਦੀ, ਕਹਾਣੀ ਇਸ ਗੱਲ ਨੂੰ ਦਰਸਾਉਦੀ ਹੈ ਕਿ ਮੇਕ ਇੰਨ ਇੰਡੀਆ ਦਾ ਨਾਂ ਲੈ ਕੇ ਸਰੋਗਸੀ ਵਰਗੀ ਚੀਜ਼ ਪੈਦਾ ਕਰ ਦਿੱਤੀ ਹੈ। ਇੱਥੇ ਜੋ ਵੀ ਪੈਦਾਵਾਰ ਹੋ ਰਹੀ ਹੈ ਉਹ ਦੂਜੇ ਲਈ ਹੋ ਰਹੀ ਹੈ। ਉਸਦਾ ਇਸਤੇਮਾਲ ਇਸ ਮੁਲਕ ਦੀ ਜਨਤਾ ਨਹੀਂ ਕਰੂਗੀ। ਆਮ ਲੋਕ ਸਿਰਫ ਮਜ਼ਦੂਰੀ ਕਰਨਗੇ ਜਿਵੇਂ ਸਰੋਗੇਟ ਮਾਂ ਸਿਰਫ ਬੱਚਾ ਪੈਦਾ ਕਰਦੀ ਹੈ । ਸੁੱਖ ਉਠਾਉਣ ਵਾਲਾ ਕੋਈ ਹੋਰ ਹੁੰਦਾ ਹੈ। ‘ਮੇਕ ਇੰਨ ਇੰਡਿਆ’ ਵੀ ਇਸ ਤਰ੍ਹਾਂ ਹੀ ਹੈ। ਇਸੇ ਚੀਜ਼ ਨੂੰ ਅਧਾਰ ਬਣਾ ਕੇ ਇਹ ਕਹਾਣੀ ਲਿਖੀ ਗਈ ਹੈ।

ਸਵਾਲ- ਕੀ ਐਕਟਵਿਜ਼ਮ ਤੇ ਜਰਨਮਲਿਜ਼ਮ ਇੱਕ ਦੂਜੇ ਦੇ ਪੂਰਕ ਹਨ?
ਜਵਾਬ- ਐਕਟਵਿਜ਼ਮ ਤਾਂ ਜਰਨਲਿਜ਼ਮ ਤੋਂ ਬਿਨਾਂ ਹੋ ਸਕਦਾ ਹੈ, ਪਰ ਜਰਨਲਿਜ਼ਮ ਐਕਟਵਿਜ਼ਮ ਬਿਨ੍ਹਾਂ ਸੰਭਵ ਨਹੀਂ। ਜੋ ਪੱਤਰਕਾਰੀ ਦੀ ਪੜ੍ਹਾਈ ’ਚ ਪੜਾਇਆ ਜਾਂਦਾ ਹੈ ਕਿ ਸਾਨੂੰ ਨਿਰਪੱਖ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਨਿਰਪੱਖਤਾ ਵਰਗੀ ਚੀਜ਼ ਕੋਈ ਨਹੀਂ ਹੁੰਦੀ। ਬਿਨ੍ਹਾਂ ਕਾਰਕੁੰਨ ਬਣ ੇਤੁਸੀਂ ਵਧੀਆ ਪੱਤਰਕਾਰ ਨਹੀਂ ਬਣ ਸਕਦੇ।

ਸਵਾਲ- ਆਪਣੀ ਮੈਗਜ਼ੀਨ ‘ਦਸਤਕ’ ਬਾਰੇ ਦੱਸੋ।
ਜਵਾਬ- ਜਿਵੇਂ ਮੈਂ ਜੇਲ੍ਹ ’ਚੋਂ ਬਾਹਰ ਆਈ ਤਾਂ ਨੌਂ ਮਹੀਨੇ ਬਾਅਦ ਇਹ ਸ਼ੁਰੂ ਹੋ ਗਈ। ਲਗਾਤਾਰ ਨਿਕਲ ਰਹੀ ਹੈ, ਪਰ ਆਰਥਕ ਮੁਸ਼ਕਲਾਂ ਵੀ ਆਉਦੀਆਂ ਰਹਿੰਦੀਆਂ ਨੇ।

ਸਵਾਲ- ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਜਿਵੇਂ ਦਾ ਮਾਹੌਲ ਤਿਆਰ ਹੋ ਰਿਹਾ ਹੈ ਇਨਸਾਫਪਸੰਦ ਲੋਕਾਂ ਅੱਗੇ ਕੀ ਚੁਣੌਤੀ ਹੈ। ਕੁਝ ਲੋਕ ਇਹਨੂੰ ਖਾਮੋਸ਼ ਐਮਰਜੈਂਸੀ ਵੀ ਆਖ ਰਹੇ ਹਨ?
ਜਵਾਬ- ਤੁਸੀਂ ਬਿਲਕੁਲ ਸਹੀ ਸ਼ਬਦ ਵਰਤਿਆ ਹੈ ਜੋ ਪਹਿਲਾਂ ਹੀ ਐਮਰਜੈਂਸੀ ਇੰਦਰਾ ਲੈ ਕੇ ਆਈ ਸੀ ਉਹ ਘੋਸ਼ਿਤ ਤੌਰ ’ਤੇ ਸੀ। ਇਸ ਲਈ ਲੋਕਾਂ ਨੇ ਅੰਦੋਲਨ ਵੀ ਕੀਤੇ ਪਰ ਇਹ ਲੁਕਵੀਂ ਐਮਰਜੈਂਸੀ ਹੈ, ਇਸ ਕਰਕੇ ਕੋਈ ਵੱਡਾ ਜਨ-ਅੰਦੋਲਨ ਵੀ ਨਹੀਂ ਦਿਖ ਰਿਹਾ। ਇੱਥੇ ਦੋ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਇਕ ਰਾਜਸੀ ਦਮਨ ਰਾਹੀਂ ਦੂਜਾ ਆਪਣੀ ਸੋਚ ਵਾਲੇ ਬੰਦਿਆਂ ਨੂੰ ਸਿਸਟਮ ’ਚ ਫਿੱਟ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੀ ਸੋਚ ਵਾਲਾ ਸੱਭਿਆਚਾਰ ਉਸਾਰਿਆ ਜਾਵੇ।

ਸਵਾਲ- ਇਸ ਦੌਰ ’ਚ ਮੀਡੀਆ ਦੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ?
ਜਵਾਬ- ਮੀਡੀਆ ਦਾ ਧਰੁਵੀਕਰਨ ਵਧ ਰਿਹਾ ਹੈ ਸਹੀ ਪੱਤਰਕਾਰਾਂ ਦੀ ਗਿਣਤੀ ਤੇ ਤਾਕਤ ਘੱਟ ਰਹੀ ਹੈ ਇਹ ਇੱਕ ਵੱਡੀ ਚੁਣੌਤੀ ਵੀ ਹੈ।

ਤਿੰਨ ਮਾਰਚ 2017 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਇੱਕ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ ਨੇ ਆਪਣੇ ਵਿਸ਼ੇਸ਼ ਸਮਾਗਮ ’ਚ ਸੀਮਾ ਆਜ਼ਾਦ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਇਆ ਸੀ, ਪਰ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਭਾਜਪਾਈ ਵਿਦਿਆਰਥੀ ਜੱਥੇਬੰਦੀ ਏ.ਬੀ.ਵੀ.ਪੀ ਨੇ ਖਰੂਦ ਪਾਉਣਾ ਸ਼ੁਰੂ ਕਰ ਦਿੱਤਾ, ‘‘ ਅਸੀਂ ਸੀਮਾ ਆਜ਼ਾਦ ਨੂੰ ਯੂਨੀਵਰਸਿਟੀ ਦਾਖਲ ਨਹੀ ਹੋਣ ਦੇਵਾਂਗੇ। ਉਸ ਦਾ ਸਿਰ ਕਲਮ ਕਰ ਦਿਆਂਗੇ, ਸੀਮਾ ਦੇਸ਼ ਧਰੋਹੀ ਹੈ’’ ਵਗੈਰਾ ਵਗੈਰਾ ਇਸ ਭਗਵੀਂ ਜਥੇਬੰਦੀ ਦੀ ਹਮਾਇਤ ’ਚ ਪੂਰਾ ਸੰਘੀ ਲਾਣਾ ਆ ਗਿਆ। ਐੱਸ.ਐੱਫ.ਐੱਸ ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਤਿਰੰਗਾ ਯਾਤਰਾ ਕੱਢੀ ਗਈ। ਯੂਨਿਵਰਸਿਟੀ ਪ੍ਰਸ਼ਾਸ਼ਨ ਵੀ ਭਗਵੀਂ ਬਿ੍ਰਗੇਡ ਅੱਗੇ ਗੋਡੇ ਟੇਕਦਾ ਨਜ਼ਰ ਆਇਆ। ਪੂਰੀ ਯੂਨੀਵਰਸਿਟੀ ਪੁਲਿਸ ਛਾਉਣੀ ’ਚ ਤਬਦੀਲ ਹੋ ਗਈ।
ਪਰ ਅਗਲੇ ਦਿਨ ਐੱਸ.ਐੱਫ.ਐੱਸ ਦਾ ਪ੍ਰੋਗਰਾਮ ਹੋਇਆ। ਪੁਲਸੀਏ ਵੀ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ , ਬਾਹਰੋਂ ਆ ਰਹੇ ਐੱਸ.ਐੱਫ.ਐੱਸ ਦੇ ਹਮਾਇਤੀਆਂ ਦਾ ਰਾਹ ਡੱਕਣ ਲਈ ਤਾਇਨਾਤ ਸਨ, ਮੀਡੀਏ ਵਾਲੇ ਤਿਆਰ-ਬਰ-ਤਿਆਰ ਸਨ ਕੋਈ ਅਜਿਹੀ ਘਟਨਾ ਘਟੇ ਕਿ ਉਹ ਚਟਕਾਰੇ ਲਾ ਕੇ ਪੇਸ਼ ਕਰਨ।
ਉਸ ਦਿਨ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਦੇ ਸਮਾਗਮ ’ਚ ਸਮੂਹ ਖੱਬੀਆਂ ਜੱਥੇਬੰਦੀਆਂ, ਘੱਟ ਗਿਣਤੀਆਂ ਤੇ ਦਲਿਤ ਜਥੇਬੰਦੀਆਂ ਫਿਰਕੂ ਫਾਸੀ ਵਾਦ ਵਿਰੁੱਧ ਇੱਕ ਮੰਚ ’ਤੇ ਨਜ਼ਰ ਆਈਆਂ। ਸਮਾਗਮ ’ਚ ਵੱਖ-ਵੱਖ ਰਾਜਨੀਤਕ ਆਗੂਆਂ ਤੇ ਵਿਦਵਾਨਾਂ ਦੇ ਭਾਸ਼ਨ ਚੱਲ ਰਹੇ ਸਨ ਤੇ ਵਿਦਿਆਰਥੀਆਂ ਦੇ ਇਨਕਲਾਬੀ ਗੀਤ ਇਸ ਦੌਰਾਨ ਸੀਮਾ ਵੀ ਸਿੰਘਣੀ ਦੇ ਭੇਸ ’ਚ ਪ੍ਰਗਟ ਹੋਈ ਮੰਚ ਸੰਚਾਲਕ ਨੇ ਉਸਦਾ ਤੁਆਰਫ ਹਰਿਆਣਾ ਦੀ ਕਿਸੇ ਮਹਿਲਾ ਜਥੇਬੰਦੀ ਦੀ ਆਗੂ ਵਜੋਂ ਕਰਾਇਆ।
ਸੀਮਾ ਨੇ ਚਾਰ ਕੁ ਮਿੰਟ ਦੀ ਤਕਰੀਰ ਕੀਤੀ। ਇੱਕਾ ਨੂੰ ਛੱਡ ਕੋਈ ਉਸ ਨੂੰ ਪਛਾਣ ਨਾ ਸਕਿਆ। ਉਸਦੀ ਤਕਰੀਰ ਖਤਮ ਹੁੰਦੇ ਹੀ ਮੈਂ ਅੱਗੇ ਹੋ ਕੇ ਮੁਸਕਰਾਇਆ ਉਸਨੇ ਹੱਥੇ ਮਿਲਾਇਆ ਮੈਂ ਹੌਲੇ ਜਿਹੇ ਕਿਹਾ ਕੱਲ ਦਿਨ ਮੇਂ ਮੁਲਕਾਤ ਸੰਭਵ ਹੋ ਸਕੇਗੀ? ’
 ਮੁਸ਼ਕਿਲ ਹੈ ਕੋਸ਼ਿਸ਼ ਕਰੂੰਗੀ
ਸੀਮਾ ਦਾ ਫੌਨ ਬੰਦ ਆ ਰਿਹਾ ਸੀ ਰਾਤ ਨੂੰ ਕਰੀਬ 9.30 ’ਤੇ ਉਸਦਾ ਵੱਟਸਐਪ ਮੈਸੇਜ ਆਇਆ, ‘‘ ਸ਼ਿਵਇੰਦਰ ਆਜ ਤੋ ਮੁਲਕਾਤ ਸੰਭਵ ਨਹੀਂ ਹੈ, ਕੱਲ੍ਹ ਮਿਲੇਂਗੇ।
ਅਗਲੀ ਸਵੇਰ ਅਖਬਾਰਾਂ ਸੀਮਾ ਆਜ਼ਾਦ ਦੀ ਖਬਰ ਨਾਲ ਭਰੀਆਂ ਪਈਆਂ ਸਨ। ਸੀਮਾ ਨੂੰ ਮੋਸਟ ਵਾਂਟੇਡ ਬਣਾ ਕੇ ਪੇਸ਼ ਕੀਤਾ ਗਿਆ ਜੋ ਕਿ ਏਨੀ ਖਤਰਨਾਕ ਹੈ ਪੁਲਸਿ ਦੇ ਹੱਥ ਨਹੀਂ ਆਈ। ਕੋਈ ਅਖਬਾਰ ਉਸਦੀ ਤਕਰੀਰ ਨੂੰ 20 ਮਿੰਟ ਤੱਕ ਦੀ ਦੱਸੀ ਜਾ ਰਿਹਾ ਸੀ।

ਸਵੇਰੇ 11 ਵਜੇ ਇੱਕ ਜਾਣਕਾਰ ਦਾ ਫੋਨ ਆਇਆ, ‘‘ ਮੈ ਤੁਹਾਨੂੰ ਲੈਣ ਆ ਰਿਹਾ ਮੈਡਮ ਮਿਲਣਾ ਚਾਹੁੰਦੇ ਹਨ। ਸੋ ਇਸ ਤਰ੍ਹਾਂ ਸੀਮਾ ਨਾਲ ਹੋਈ ਮੁਲਕਾਤ ਹੋ ਸਕੀ ‘ਖੁਫੀਆ ਟਿਕਾਣੇ’ ’ਤੇ!

ਸਵਾਲ- ਸੀਮਾ ਤੁਸੀਂ ਕਿੰਨੇ ਕੁ ਖਤਰਨਾਕ ਹੈ? ਯੂਨੀਵਰਸਿਟੀ ਪ੍ਰਸ਼ਾਸਨ, ਚੰਡੀਗੜ੍ਹ ਦੀ ਪੁਲਿਸ ਤੇ ਏ.ਬੀ.ਵੀ.ਪੀ ਤੁਹਾਨੂੰ ਖਤਰਨਾਕ ਅਪਰਾਧੀ ਤੇ ਦੇਸ਼-ਧ੍ਰੋਹੀ ਦੱਸ ਰਹੇ ਹਨ?
ਜਵਾਬ - (ਹੱਸ ਕੇ) ਤੁਹਾਨੂੰ ਮੇਰੇ ਕੋਲੋਂ ਡਰਨ ਦੀ ਲੋੜ ਨਹੀਂ। ਮੈਂ ਰਾਜ ਧਰੋਹੀ ਹਾਂ ਇਸ ’ਚ ਕੋਈ ਸ਼ੱਕ ਨਹੀਂ ਪਰ ਉਹ ਲੋਕ ਮੈਨੂੰ ਬਦਨਾਮ ਕਰਨ ਲਈ ਦੇਸ਼ ਧਰੋਹੀ ਆਖ ਰਹੇ ਹਨ। ਧਾਰਾ 124 ਅੰਗਰੇਜ਼ਾਂ ਦੇ ਵੇਲੇ ਦੀ ਹੈ। ਇਹਨੂੰ ਰਾਜ ਧਰੋਹ ਕਰਨ ਵਾਲਿਆਂ ’ਤੇ ਲਾਇਆ ਜਾਂਦਾ ਹੈ। ਰਾਜੇ ਨਾਲ ਧਰੋਹ ਕਰਨਾ ਤਾਂ ਚੰਗੀ ਗੱਲ ਹੈ। ਮੈਂ ਦੇਸ਼ ਧਰੋਹੀ ਨਹੀਂ ਰਾਜ ਧਰੋਹੀ ਹਾਂ। ਇਕ ਗੱਲ ਹੋਰ ਮੇਰੇ ਤੇ 124 (ਰਾਜ ਧਰੋਹ) ਦੀ ਧਾਰਾ ਨਹੀਂ 121 (ਯੂ.ਏ.ਪੀ.ਏ) ਲੱਗੀ ਹੈ।

ਸਵਾਲ- ਵਿਦਿਆਰਥੀ ਮੂਵਮੈਂਟ ਦਾ ਭਵਿੱਖ ਕਿਵੇਂ ਦਿਖ ਰਿਹਾ ਹੈ?
ਜਵਾਬ- ਹਾਲੇ ਤਾਂ ਵਧੀਆ ਦਿਖ ਰਿਹਾ ਹੈ। ਇਸ ਸਮੇਂ ਗੱਲ ਵਿਦਿਆਰਥੀ ਮੂਵਮੈਂਟ ਦੀ ਨਹੀਂ ਸਗੋਂ ਪੂਰੀ ਦੁਨੀਆਂ ’ਚ ਧਰੁਵੀਕਰਨ ਵਧ ਰਿਹਾ ਹੈ। ਇਸ ਸਮੇਂ ਪੂਰੇ ਸੰਸਾਰ ’ਚ ਇਹ ਅਵਸਥਾ ਬਣੀ ਹੋਈ ਹੈ ਕਿ ਪੂੰਜੀਵਾਦ ਉਸ ਤੋਂ ਅਗਾਂਹ ਨਹੀਂ ਜਾ ਸਕਦਾ। ਹੁਣ ਉਹ ਆਪਣੇ ਆਪ ਨੂੰ ਬਚਾਉਣ ਲਈ ਉਹ ਹਰ ਚੀਜ਼ ’ਚ ਆਪਣੀ ਅਜਾਰੇਦਾਰੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਪੂੰਜੀ ’ਚ ਤਾਂ ਉਹ ਹੈ ਹੀ ਹੁਣ ਸੱਭਿਆਚਾਰ, ਭਾਸ਼ਾ, ਸਮਾਜਿਕ ਤਾਣੇ-ਬਾਣੇ ਵਿਚ ਉਦਾਹਰਣਾਂ ਵੀ ਮਿਲ ਜਾਂਦੀਆਂ ਨੇ ਸਮਾਜ ’ਚ ਜਾਤੀ ਤੇ ਲਿੰਗ ਦਾ ਦਬਦਬਾ ਦਿਖਦਾ ਹੈ। ਹੁਣ ਪੂਰੀ ਦੁਨੀਆ ਅਜਿਹੀ ਅਵਸਥਾ ’ਚ ਪਹੁੰਚੀ ਹੋਈ ਹੈ। ਜਿਵੇਂ ਉਦਾਹਰਣ ਦੇਖੋ ਇਕ ਪਾਸੇ ਟਰੰਪ ਦੂਜੇ ਪਾਸੇ ਮੋਦੀ ਹੈ। ਸਾਡੇ ਮੁਲਕ ’ਚ ਇਹ ਚੰਗੀ ਗੱਲ ਹੈ ਕਿ ਵਿਦਿਆਰਥੀ ਲਹਿਰ ਸ਼ਿਖਰਾਂ ’ਤੇ ਹੈ। ਉਹ ਹੋਰਨਾਂ ਲੋਕ-ਲਹਿਰਾਂ ਨੂੰ ਵੀ ਪ੍ਰੇਰਣਾ ਦੇ ਰਹੀ ਹੈ। ਜੇ ਗੱਲ ਖੱਬੀ ਵਿਦਿਾਆਰਥੀ ਲਹਿਰ ਦੀ ਕਰੀਏ ਤਾਂ ਉਹ ਆਪਣੀਆਂ ਪਾਰਟੀਆਂ ਦੀਆਂ ਸੀਮਾਵਾਂ ਤੋਂ ਵੀ ਅੱਗੇ ਲੰਘੀ ਹੈ।

ਸਵਾਲ- ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਕਵਿਤਾ ‘16 ਮਈ ਦੇ ਬਾਅਦ’ ਮੂਵਮੈਂਟ ਸ਼ੁਰੂ ਹੋਈ। ਕੀ ਮੋਦੀ ਹਕੂਮਤ ਆਉਣ ਤੋਂ ਬਾਅਦ ਜੋ ਰਾਜਨੀਤਿਕ ਘਟਨਾਵਾਂ ਘਟੀਆਂ ਨੇ ਉਹ ਹਿੰਦੀ ਸਾਹਿਤ ਦਾ ਵਿਸ਼ਾ-ਵਸਤੂ ¿;ਬਣ ਰਹੀਆਂ ਹਨ?
ਜਵਾਬ- ਘੱਟ ਸਾਹਿਤ ਪੜ੍ਹਨ ਕਾਰਨ ਚੰਗੀ ਤਰ੍ਹਾਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇ ਸਕਾਂਗੀ ਫਿਰ ਵੀ ਜਿਨ੍ਹਾ ਪੜ੍ਹਦੀ ਹਾਂ ਉਸ ਹਿਸਾਬ ਨਾਲ ਕਹਾਂਗੀ ਕਿ ਇਹ ਗੱਲਾਂ ਸਾਹਿਤ ’ਚ ਹੌਲੀ-ਹੌਲੀ ਆ ਰਹੀਆਂ ਹਨ। ਨਕਸਲਬਾੜੀ ਤੋਂ ਬਾਅਦ¿; ਸਟੇਟ ਲਿਖਣ ਵਾਲੀ ਉਹ ਗੱਲ ਨਹੀਂ ਹੈ।

ਸਵਾਲ- ਤੁਸੀਂ ਸਿਆਸੀ ਕਾਰਕੁੰਨ ਹੋ ਤੇ ਸਾਹਿਤਕਾਰ ਵੀ ਹੋ ਜਦੋਂ ਸਾਹਿਤਕ ਸੰਮੇਲਨਾਂ ’ਚ ਜਾਂਦੇ ਹੋ ਤਾਂ ਉਹ ਤੁਹਾਡੇ ਬਾਰੇ ਕਿਸ ਤਰ੍ਹਾਂ ਦੀ ਰਾਏ ਰੱਖਦੇ ਹਨ (ਤੁਹਾਡੇ ਸਾਹਿਤਕਾਰ ਦੋਸਤ) ?
ਜਵਾਬ- ਮੇਰਾ ਸਾਹਿਤਕਾਰਾਂ ’ਚ ਚੰਗਾ ਅਨੁਭਵ ਨਹੀਂ ਹੈ। ਮੈਂ ਇਨ੍ਹਾਂ ਲੋਕਾਂ ਜਾਂ ਸੰਮੇਲਨਾਂ ’ਚ ਘੱਟ ਜਾਂਦੀ ਹਾਂ। ਇਨ੍ਹਾਂ ਲੋਕਾਂ ਦਾ ਦੋ ਤਰ੍ਹਾਂ ਦਾ ਚਰਿੱਤਰ ਹੈ ਬੋਲਣ-ਲਿਖਣ ਵੇਲੇ ਹੋਰ ਜਦੋਂ ਅੰਦੋਲਨਾਂ ’ਚ ਨਿਤਰਣ ਦੀ ਗੱਲ ਆਉਦੀ ਹੈ ਉਦੋਂ ਹੋਰ। ਲੋਕ ਅੰਦੋਲਨਾਂ ਨਾਲ ਇਨ੍ਹਾਂ ਦਾ ਦੂਰ ਤੱਕ ਦਾ ਵੀ ਲੈਣਾ-ਦੇਣਾ ਨਹੀਂ ਹੈ। ਇਸ ਦੀ ਮੈਂ ਇੱਕ ਉਦਾਹਰਣ ਵੀ ਦੇ ਸਕਦੀ ਹਾਂ। ਜਦੋਂ ਅਸੀਂ ‘ਸਲਵਾ ਜੁਡਮ’ ਦੇ ਖਿਲਾਫ ਮੁਹਿੰਮ ਚਲਾ ਰਹੇ ਸੀ ਤਾਂ ਹਿੰਦੀ ਦੇ ਪ੍ਰਸਿੱਧ ਵਿਦਵਾਨ ਦੂਧਨਾਥ ਜੀ ਨੇ ਮੈਨੂੰ ਕਿਹਾ, ‘‘ ਸੀਮਾ ਤੈਨੂੰ ਇਹ ਮੁਹਿੰਮ ਬਸਤਰ ’ਚ ਚਲਾਉਣੀ ਚਾਹੀਦਾ ਹੈ। ਇੱਥੇ ਕਿਉ ਚਲਾ ਰਹੀਂ ਏ?  ਮੈਂ ਜਵਾਬ ਦਿੱਤਾ, ‘ਬਸਤਰ ’ਚ ਤਾਂ ਸਭ ਜਾਣਦੇ ਹਨ। ਤੁਸੀਂ ਲੋਕ ਨਹੀਂ ਜਾਣਦੇ। ’’

Comments

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ