Tue, 25 June 2024
Your Visitor Number :-   7137966
SuhisaverSuhisaver Suhisaver

ਪਿਆਰ ਤੇ ਕ੍ਰਾਂਤੀ ਦਾ ਕਵੀ : ਪ੍ਰੋ ਮੋਹਨ ਸਿੰਘ

Posted on:- 19-10-2014

ਜਨਮ ਦਿਨ ’ਤੇ ਵਿਸ਼ੇਸ਼

-ਪ੍ਰੋ. ਨਵ ਸੰਗੀਤ ਸਿੰਘ

ਪ੍ਰੋ.
ਮੋਹਨ ਸਿਘ ਪੰਜਾਬੀ ਕਾਵਿ ਦਾ ਇੱਕ ਵਿਲੱਖਣ ਹਸਤਾਖਰ ਹੋ ਗੁਜ਼ਰਿਆ ਹੈ। ਉਸ ਦਾ ਜਨਮ 20 ਅਕਤੂਬਰ 1905 ਈ. ਨੂੰ ਹੋਤੀ ਮਰਦਾਨ, ਸੂਬਾ ਸਰਹੱਦ (ਪਾਕਿਸਤਾਨ) ਵਿਖੇ ਸ. ਜੋਧ ਸਿੰਘ ਦੇ ਘਰ ਮਾਤਾ ਭਾਗਵੰਤੀ ਦੀ ਕੁਖੋਂ ਹੋਇਆ। ਬੀਬੀ ਬਸੰਤ ਕੌਰ ਨਾਲ ਉਸ ਦੀ ਪਹਿਲੀ ਸ਼ਾਦੀ ਹੋਈ। ਜਿਸ ਨੂੰ ਉਹ ਆਪਣੇ ਕਾਵਿ ਦੀ ਪ੍ਰੇਰਨਾ-ਸਰੋਤ ਮੰਨਦਾ ਹੈ :


ਦੇਖ ਬਸੰਤ, ਕਾਵਿ ਅੰਦਰ ਮੈਂ ਦੱਸੀ ਪੀੜ ਹਿਜਰ ਦੀ।
ਮੋਹਨ ਕਿੰਜ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ?


ਬਸੰਤ ਕੌਰ ਦੀ ਮੌਤ ਪਿੱਛੋਂ ਉਸ ਨੇ ਬੀਬੀ ਸੁਰਜੀਤ ਕੌਰ ਨਾਲ ਵਿਆਹ ਕਰਵਾ ਲਿਆ। ਪ੍ਰੋ. ਮੋਹਨ ਸਿੰਘ ਦੇ ਘਰ ਸੱਤ ਬੱਚਿਆਂ ਨੇ ਜਨਮ ਲਿਆ। ਜਿਨ੍ਹਾਂ ਵਿੱਚ 5 ਲੜਕੀਆਂ ਤੇ 2 ਲੜਕੇ ਸ਼ਾਮਲ ਹਨ।

ਰੋਜ਼ਗਾਰ ਵਜੋਂ ਪ੍ਰੋ. ਮੋਹਨ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਤਰ੍ਹਾਂ ਦੇ ਨਿੱਕੇ-ਮੋਟੇ ਕੰਮ ਕੀਤੇ, ਜਿਨ੍ਹਾਂ ਵਿੱਚ ਫਰਨੀਚਰ ਦਾ ਕੰਮ, ਹੋਟਲ-ਰੈਸਟੋਰੈਂਟ ਦਾ ਕੰਮ ਅਤੇ ਡੇਅਰੀ ਧੰਦੇ ਦੇ ਨਾਲ-ਨਾਲ ਪ੍ਰਕਾਸ਼ਨ ਦਾ ਕਾਰੋਬਾਰ ਵੀ ਸ਼ਾਮਲ ਹੈ। ਉਸ ਦੀ ਪ੍ਰਕਾਸ਼ਨ-ਸੰਸਥਾ ਹਿੰਦ ਪਬਲਿਸ਼ਰਜ ਦਾ ਆਪਣੇ ਸਮੇਂ ਵਿੱਚ ਕਾਫ਼ੀ ਨਾਂ ਹੁੰਦਾ ਸੀ। ਉਸ ਨੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਨ ਦੀ ਸੇਵਾ ਵੀ ਨਿਭਾਈ, ਜਿਨ੍ਹਾਂ ਵਿੱਚ ਖਾਲਸਾ ਹਾਈ ਸਕੂਲ, ਖਾਨੇਵਾਲ (1927), ਖਾਲਸਾ ਹਾਈ ਸਕੂਲ ਅੰਮਿ੍ਰਤਸਰ (1933) ਲੈਕਚਰਾਰ (ਫਾਰਸੀ), ਮੁਖੀ ਫਾਰਸੀ ਤੇ ਪੰਜਾਬੀ, ਸਿੱਖ ਨੈਸ਼ਨਲ ਕਾਲਜ, ਲਾਹੌਰ (1939), ਪਿ੍ਰੰਸੀਪਲ, ਖਾਲਸਾ ਕਾਲਜ, ਪਟਿਆਲਾ ਅਤੇ ਪ੍ਰੋਫੈਸਰ ਅਮੈਰਿਟਸ, ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ (1966-67) ਸ਼ਾਮਲ ਹਨ।

ਕਾਵਿ-ਖ਼ੇਤਰ ਵਿੱਚ ਪ੍ਰਵੇਸ਼ ਕਰਨ ਸਮੇਂ ਪ੍ਰੋ. ਮੋਹਨ ਸਿੰਘ ਨੇ ‘ਮਾਹਿਰ’ ਦੇ ਤਖ਼ੱਲਸ ਹੇਠ ਵੀ ਕੁਝ ਸਮਾਂ ਰਚਨਾ ਕੀਤੀ। ਭਾਵੇਂ ਉਹਨੂੰ ਵਧੇਰੇ ਮਕਬੂਲੀਅਤ ਕਵਿਤਾ ਵਿੱਚ ਹੀ ਮਿਲੀ, ਪਰ ਉਸ ਨੇ ਕਹਾਣੀ, ਪਿੰਗਲ, ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿੱਚ ਜ਼ਿਕਰਯੋਗ ਕਾਰਜ ਕੀਤਾ। ਚਾਰ ਹੰਝੂ, ਸਾਵੇ ਪੱਤਰ, ਕਸੁੰਭੜਾ, ਆਵਾਜ਼ਾਂ ਵੱਡਾ ਵੇਲਾ, ਜੰਦਰੇ ਨਾਨਕਾਇਣ ਕਵਿਤਾ ਸੰਗ੍ਰਹਿ ਅਤੇ ਬੂਹੇ ਮਹਾਂਕਾਵਿ ਨਿੱਕੀ-ਨਿੱਕੀ ਵਾਸ਼ਨਾ ਸੰਗ੍ਰਹਿ, ਗਦ-ਪਦ ਰਚਨਾ, ਪਿੰਗਲ, ਕਾਲੀਦਾਸ ਰਚਿਤ ਜੀਵ-ਮੁਕਤੀ : ਕਰਤਾਰ ਸਿੰਘ ਬਲੱਗਣ ਦੀ ਚੋਣਵੀਂ ਕਵਿਤਾ, ਨੰਦ ਲਾਲ ਨੂਰਪੁਰੀ ਦੀ ਸਮੁੱਚੀ ਕਵਿਤਾ ਸੰਪਾਦਨ ਕਾਰਜ ਤੋਂ ਇਲਾਵਾ ਏਸ਼ੀਆ ਦਾ ਚਾਨਣ (ਐਡਵਿਨ ਆਰਨਲਡ ਦੀ ਅੰਗ੍ਰੇਜ਼ੀ ਪੁਸਤਕ ‘ਲਾਈਫ ਆਫ਼ ਏਸ਼ੀਆ’), ਧਰਤੀ ਪਾਸਾ ਪਰਤਿਆ (ਸ਼ੋਲੋਖੋਵ ਦੀ ਪੁਸਤਕ ‘ਵਰਜਿਨ ਸੋਇਲ ਅਪਟਰਨਡ’) ਸਤਰੰਗੀ ਪੀਂਘ, ਨਿਰਮਲਾ (ਮੁਨਸ਼ੀ ਪ੍ਰੇਮਚੰਦ ਦੇ ਨਾਵਲ), ਪਿਤਾ ਵੱਲੋਂ ਧੀ ਨੂੰ ਚਿੱਠੀਆਂ (ਜਵਾਹਰ ਲਾਲ ਨਹਿਰੂ) ਚਰਚਿਲ ਦੇ ਯੁੱਧ ਭਾਸ਼ਣ, ਰਾਜਾ ਈਡੀਪਸ, ਚਿਤ੍ਰਾਂਗਦਾ ਅਨੁਵਾਦ ਕਾਰਜ ਸ਼ਾਮਲ ਹੈ।

ਪ੍ਰੋ. ਮੋਹਨ ਸਿੰਘ ਨੇ ਮਾਸਿਕ ਪੱਤਰ ‘ਪੰਜ ਦਰਿਆ’ ਦਾ ਕ੍ਰਮਵਾਰ ਲਾਹੌਰ ਅਤੇ ਅੰਮਿ੍ਰਤਸਰ ਤੋਂ 1939-47 ਤੇ 1949-78 ਤੱਕ ਸੁਚੱਜਾ ਸੰਪਾਦਨ ਵੀ ਕੀਤਾ, ਉਸ ਨੇ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੂੰ ਯੋਗ ਸਲਾਹ ਅਤੇ ਅਗਵਾਈ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ, ਜਲੰਧਰ (ਜਨਰਲ ਸਕੱਤਰ ਤੇ ਪ੍ਰਧਾਨ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ (ਜਨਰਲ ਸਕੱਤਰ) : ਪੰਜਾਬੀ ਲੇਖਕ ਸਭਾ ਜਲੰਧਰ (ਪ੍ਰਧਾਨ) ਲੋਕ ਲਿਖਾਰੀ ਸਭਾ, ਅੰਮਿ੍ਰਤਸਰ (ਪ੍ਰਧਾਨ) ਪੰਜਾਬੀ ਸਲਾਹਕਾਰ ਕਮੇਟੀ, ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ (ਕਨਵੀਨਰ) ਆਦਿ ਦਾ ਨਾਂ ਸ਼ਾਮਲ ਹੈ।

ਉਸ ਨੂੰ ਸਾਹਿਤ-ਸੇਵਾ ਬਦਲੇ ਕਈ ਉੱਚਕੋਈ ਦੇ ਇਨਾਮ-ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੈਪਸੂ ਸਰਕਾਰ ਵੱਲੋਂ ਸਨਮਾਨ (1953), ਭਾਰਤੀ ਸਾਹਿਤ ਅਕਾਦਮੀ ਵੱਲੋਂ ‘ਵੱਡੇ ਵੇਲਾ’ ਲਈ ਪੁਰਸਕਾਰ (1959), ਭਾਰਤੀ ਸਾਹਿਤ ਅਕਾਦਮੀ ਵੱਲੋਂ ਅਨਰੇਰੀ ਫੈਲੋਸ਼ਿਪ (1966) ਸੋਵੀਅਤ ਲੈਂਡ ਨਹਿਰੂ ਅਵਾਰਡ ‘ਜੌਮੀਰ’ ਲਈ (1969) ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿਪ।

ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਾਵਿ ਪਰੰਪਰਾ ਨੂੰ ਵਿਸਤਿ੍ਰਤ ਵੀ ਕੀਤਾ ਅਤੇ ਆਧੁਨਿਕ ਵੀ ਬਣਾਇਆ। ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਦੀ ਪੂਰਬਲੀ ਸਥਾਪਤ ਪਰੰਪਰਾ ਦੇ ਪ੍ਰਭਾਵ ਨੂੰ ਉਸ ਨੇ ਚੇਤੰਨ ਰੂਪ ਵਿੱਚ ਤਿਆਗ ਦਿੱਤਾ। ਉਸ ਨੇ ਪੁਰਾਤਨ ਪਰੰਪਰਾ ਦੇ ਸੰਜੀਵ ਅੰਸ਼ਾਂ ਨੂੰ ਵੀ ਅਪਣਾਇਆ ਅਤੇ ਆਪਣੀ ਵਿਅਕਤੀਗਤ ਸਮਰਥਾ ਰਾਹੀਂ ਇਸ ਵਿੱਚ ਹੋਰ ਨਵੀਨਤਾ ਭਰੀ। ਉਸ ਨੇ ਕਾਵਿ ਨੂੰ ਮਨੁੱਖ, ਧਰਤੀ ਅਤੇ ਜੀਵਨ ਨਾਲ ਜੋੜ ਕੇ ਇਸ ਵਿੱਚ ਨਵੀਨ ਸੰਭਾਵਨਾਵਾਂ ਉਜਾਗਰ ਕੀਤੀਆਂ।

ਉਹ ਕਲਾ ਪੱਖ ਤੋਂ ਬੜਾ ਚੇਤੰਨ ਅਤੇ ਸਿੱਧਹਸਤ ਕਲਾਕਾਰ ਸੀ। ਛੰਦ ਗਿਆਨ, ਰੂਪਕ ਪਕਿਆਈ, ਪਰੰਪਰਾ ਦੀ ਢੁਕਵੀਂ ਵਰਤੋਂ, ਅਗਰਗਾਮੀ ਚੇਤਨਤਾ, ਕਲਾਸਿਕੀ ਪ੍ਰਵਿਰਤੀ ਦਾ ਸੰਜੋਗ, ਇਤਿਹਾਸ ਮਿਥਿਹਾਸ ਅਤੇ ਸਮਕਾਲੀ ਜੀਵਨ ਵਿੱਚੋਂ ਸਮੱਗਰੀ ਪ੍ਰਾਪਤ ਕਰਨੀ, ਆਦਿ ਨਿਸ਼ਚੈ ਹੀ ਗੌਰਵਸ਼ਾਲੀ ਰਿਹਾ।

‘ਬੂਹੇ’ ਕਾਵਿ ਸੰਗ੍ਰਹਿ ਵਿੱਚ ਜਿੱਥੇ ਕਵੀ ਨੇ ਨਵੇਂ ਪ੍ਰਯੋਗ ਕੀਤੇ ਅਤੇ ਪਰੰਪਰਾਗਤ ਰੰਗਣ ਦੀਆਂ ਗ਼ਜ਼ਲਾਂ ਤੇ ਗੀਤ ਲਿਖੇ, ਉਥੇ ਇਸ ਵਿੱਚ ਕਵੀ ਦੇ ਪ੍ਰੌਢ ਅਨੁਭਵ, ਵਿਸ਼ੇਸ਼ ਕਰਕੇ ਪ੍ਰਤੀਕਾਤਮਕ ਕਵਿਤਾਵਾਂ ਦਾ ਬਿਆਨ ਬੜਾ ਕਲਾਮਈ ਹੈ। ਕਈ ਕਵਿਤਾਵਾਂ ਵਿੱਚ ਤਾਂ ਰੋਮਾਂਸ ਨੂੰ ਸਿਖ਼ਰ ਤੇ ਵੇਖਿਆ ਜਾ ਸਕਦਾ ਹੈ।

ਮੋਹਨ ਸਿੰਘ ਹਮੇਸ਼ਾਂ ਆਪਣੀ ਉਮਰ ਦੇ ਰੰਗਾਂ ਨੂੰ ਪਹਿਚਾਣ ਦਾ ਰਿਹਾ ਹੈ। ਉਸ ਦੀ ਸਮੁੱਚੀ ਕਾਵਿ-ਯਾਤਰਾ ਵਿੱਚ ਉਸ ਦਾ ਕੋਈ ਨਿਸ਼ਚਿਤ ਦਿ੍ਰਸ਼ਟੀਕੋਣ ਪੇਸ਼ ਨਹੀਂ ਹੰੁਦਾ। ਉਸ ਨੇ ਇੱਕ ਸੁਹਿਰਦ ਇਨਸਾਨ ਵਾਂਗ ਆਪਣੇ ਅਨੁਭਵ ਅਤੇ ਆਪਣੇ ਸਮੇਂ ਦੀ ਗੱਲ ਕੀਤੀ ਹੈ। ਇਸੇ ਕਰਕੇ ਉਸ ਨੂੰ ਇੱਕ ‘ਯੁੱਗ ਕਵੀਂ’ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ।

ਕਿਤੇ-ਕਿਤੇ ਉਹਦੀ ਕਵਿਤਾ ਬੁੱਧੀ ਅਤੇ ਜਜ਼ਬੇ ਦੇ ਦਵੰਦ ਵਿੱਚ ਫਸੀ ਹੋਈ ਨਜ਼ਰ ਆਉਂਦੀ ਹੈ ਪਰ ਸਮੂਹਿਕ ਰੰਗਾਂ ਦੀ ਪੇਸ਼ਕਾਰੀ ਹੀ ਉਸ ਦੀ ਕਵਿਤਾ ਦੀ ਵਿਲੱਖਣਤਾ ਕਹੀ ਜਾ ਸਕਦੀ ਹੈ। 3 ਮਈ 1978 ਈ ਨੂੰ ਕਰੀਬ 73 ਸਾਲ ਦੀ ਉਮਰ ਵਿੱਚ ਪੰਜਾਬੀ ਕਵਿਤਾ ਨੂੰ ਆਪਣੀ ਅਮਿੱਟ ਛਾਪ ਸਦਕਾ ਪ੍ਰਭਾਵਿਤ ਕਰ ਦੇਣ ਵਾਲਾ ਇਹ ਕਵੀ ਹਮੇਸ਼ਾ ਲਈ ਸੰਸਾਰ ਤੋਂ ਵਿਦਾ ਹੋ ਗਿਆ।

ਸੰਪਰਕ : +91  94176 92015

Comments

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ