Mon, 26 February 2024
Your Visitor Number :-   6870026
SuhisaverSuhisaver Suhisaver

ਅਜਮੇਰ ਸਿੰਘ ਦੀਆਂ ਵਿਵਾਦਤ ਪੁਸਤਕਾਂ: ਸਿੱਖ ਇਤਿਹਾਸਕਾਰੀ ਦੇ ਸਿਆਸੀ ਪ੍ਰਸੰਗ -ਸ਼ਬਦੀਸ਼

Posted on:- 22-08-2012

suhisaver

ਇਤਿਹਾਸ ਦੀ ਇਬਾਰਤ, ਇਤਿਹਾਸਕ ਸੋਝੀ ਅਤੇ ਇਤਿਹਾਸਕਾਰ ਦੀ ਮਨੋਦਸ਼ਾ ਦਾ ਇਜ਼ਹਾਰ ਹੁੰਦੀ ਹੈ।ਕੋਈ ਇਤਿਹਾਸਕਾਰ ਅਤੀਤ ਦੇ ਸੁਰਤਿ ਮੰਡਲ ਵਿੱਚ ਵਿਚਰਦਾ ਹੈ, ਉਸ ਸੰਗ ਸੰਵਾਦ ਸਿਰਜਦਾ ਹੈ ਜਾਂ ਵਰਤਮਾਨ ਦੀ ਨਿਰਾਸ਼ਤਾ ਦੇ ਟਿੱਲੇ ਤੋਂ ਅਤੀਤ ਵੱਲ ਗੁਸੈਲ ਸ਼ਬਦ-ਬਾਣਾਂ ਦੀ ਵਾਛੜ ਕਰ ਰਿਹਾ ਹੈ-ਇਹ ਤੱਥ-ਨਿਖੇੜ ਹੀ ਇਤਿਹਾਸਕਾਰ ਅਤੇ ਇਤਿਹਾਸ ਦੀ ਸਮੀਖਿਆ ਹੈ।ਨਕਸਲੀ ਸਿਧਾਂਤਕਾਰ ਤੋਂ ਸਿੱਖ ਚਿੰਤਨ ਦੀ ਸ਼ਰਣ ਗਏ ਅਜਮੇਰ ਸਿੰਘ ਦੀ ਇਤਿਹਾਸਕਾਰੀ ਤੱਥਾਂ ਦੀ ਅੰਤਰਮੁਖੀ ਵਿਆਖਿਆ ਹੈ।ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੀ ਸਿਆਸੀ ਮੰਚ ਉੱਤੇ ਆਮਦ ਨੂੰ ‘ਅਦੁੱਤੀ ਵਰਤਾਰਾ' ਤਸੱਵੁਰ ਕਰਦਾ ਹੈ ਅਤੇ ਦਮਦਮੀ ਟਕਸਾਲ ਦੀ ਅੰਮ੍ਰਿਤ-ਪਾਨ ਮੁਹਿੰਮ ਚੋਂ ਸਿਆਸੀ ਮੰਚ 'ਤੇ ਨਮੂਦਾਰ ਹੋਏ ਸੰਤ ਦੇ ਕਾਂਗਰਸ ਕੁਨੈਕਸ਼ਨ ਦੀਆਂ ਤਾਰਾਂ ਕੱਟ ਕੇ ਪਿਛਵਾੜੇ ਸੁੱਟਣ ਦੀ ਮੁਹਿੰਮ ਵਿੱਚ ਮਸਰੂਫ਼ ਹੈ।ਇਨ੍ਹਾਂ ਤੱਥਾਂ ਨੂੰ ਲੁਕਾਉਣ ਲਈ ਅੰਤਾਂ ਦਾ ਸੁਚੇਤ ਹੋਣਾ, ਅਤਿਵਾਦੀ ਸਿੱਖ ਸਿਆਸਤ ਲਈ ਮਹਾਂ-ਗੁਣ ਹੈ, ਜਦਕਿ ਇਤਿਹਾਸਕਾਰ ਵਜੋਂ ਤੱਥਾਂ ਪ੍ਰਤੀ ਇਮਾਨੀਦਾਰੀ ਦੀ ਤੌਹੀਨ ਹੈ।ਇਹ ਉਸ ਕਾਲ-ਖੰਡ ਤੋਂ ਵੱਖਰੀ ਕਿਸਮ ਦੀ ਸਿਧਾਂਤਕੀ ਹੈ, ਜਦੋਂ ਉਹ ਜਾਂ ਉਸਦੀ ਸਿਆਸਤ ਦੇ ਸੰਗੀ-ਸਾਥੀ ‘ਪੰਜਾਬੀ ਕੌਮ ਦੀ ਮੁਕਤੀ ਲਈ ਸੰਘਰਸ਼' ਦੀ ਧਾਰਨਾ 'ਤੇ ਚੱਲ ਰਹੇ ਸਨ ਅਤੇ ਆਂਧਰਾ ਪ੍ਰਦੇਸ਼ ਵਿੱਚ ਨਕਸਲੀ ਸਮਾਗਮ ਦੌਰਾਨ ‘ਰੈੱਡ ਸਲਿਊਟ ਟੂ ਕਾਮਰੇਡ ਭਿੰਡਰਾਂਵਾਲ਼ਾ' ਦੇ ਨਾਅਰੇ ਲਗਾ ਰਹੇ ਸਨ।ਅਜਮੇਰ ਸਿੰਘ ਦਾ ‘ਜਨਤਕ ਪੈਗਾਮ' ਪੰਜਾਬੀ ਕੌਮ ਦੀ ਮੁਕਤੀ ਲਈ ਚੱਲ ਰਹੇ ਸਿੱਖ ਸੰਘਰਸ਼ ਦੀ ਫਾਸ਼ੀਵਾਦੀ ਪ੍ਰਵਿਰਤੀ ਵੀ ਨੋਟ ਕਰ ਰਿਹਾ ਸੀ।
 

ਅਜਮੇਰ ਸਿੰਘ ਦੀਆਂ ਪ੍ਰਕਾਸ਼ਤ ਹੋਈਆਂ ਤਿੰਨਾਂ ਪੁਸਤਕਾਂ ਦਾ ਰਾਜਨੀਤਕ ਮੁਹਾਂਦਰਾ ਸਿਰਲੇਖ ਹੀ ਤੈਅ ਕਰ ਦਿੰਦੇ ਹਨ।ਇਹ ਪੁਸਤਕਾਂ ਹਨ-‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ : ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ', ‘ਸਿੱਖ ਰਾਜਨੀਤੀ ਦਾ ਦੁਖਾਂਤ : ਕਿਸ ਬਿਧ ਰੁਲ਼ੀ ਪਾਤਸ਼ਾਹੀ' ਅਤੇ ‘1984-ਅਣ ਚਿਤਵਿਆ ਕਹਿਰ : ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾਂ ਬਖ਼ਸ਼ਣਯੋਗ'।ਇਹ ਪੁਸਤਕਾਂ ਅਜੋਕੀ ਸਿੱਖ ਇਤਿਹਾਸਕਾਰੀ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਪਰਖ਼-ਪੜਚੋਲ ਲਈ ਸਹਾਈ ਹੋਣ ਵਾਲ਼ੀਆਂ ਹਨ।ਇਨ੍ਹਾਂ ਸਮੱਸਿਆਵਾਂ ਨੂੰ ਸੰਗਤ ਸਿੰਘ ਦੀ ‘ਇਤਿਹਾਸ ਵਿੱਚ ਸਿੱਖ' ਅਤੇ ਹਰਜਿੰਦਰ ਸਿੰਘ ਦਿਲਗੀਰ ਦੀ ‘ਸਿੱਖ ਤਵਾਰੀਖ਼' ਪੁਸਤਕ ਲੜੀ ਨਾਲ਼ ਜੋੜ ਕੇ ਹੀ ਸਮਝ ਸਕਦੇ ਹਾਂ।‘ਸਿੱਖ ਕੌਮ : ਹਸਤੀ ਤੇ ਹੋਣੀ'  (ਸੰਪਾਦਕ : ਅਮੋਲਕ ਸਿੰਘ ਤੇ ਗੁਰਦਿਆਲ ਬੱਲ) ਇਸ ਨਜ਼ਰੀਏ ਦੀ ਨਿਰੰਤਰਤਾ ਵੀ ਹੈ ਅਤੇ ਉਸ ਦੀ ਪਰਖ਼-ਪੜਚੋਲ ਵੀ ਕਰਦੀ ਹੈ।ਇਸ ਵਿੱਚ ਸ਼ਾਮਲ ਸੰਵਾਦ-ਮੁਕਤ ਫਸਾਦੀ ਰਚਨਾਵਾਂ ਉਨ੍ਹਾਂ ਸਮਕਾਲੀ ਸਿੱਖ ਸੁਰਾਂ ਦੀ ਕਨਸੋਅ ਦੇ ਰਹੀਆਂ ਹਨ, ਜਿਨ੍ਹਾਂ ਚੋਂ ਸਿੱਖ ਸਭਿਆਚਾਰਕ ਰਾਸ਼ਟਰਵਾਦ ਦੀ ਖ਼ਤਰਨਾਕ ਸਿਧਾਂਤਕੀ ਤਿਆਰ ਹੋ ਰਹੀ ਹੈ।ਇਸਦਾ ਦਾ ਸਿਰਲੇਖੀ ਲੇਖ ਅਮਰਜੀਤ ਸਿੰਘ ਗਰੇਵਾਲ ਦੇ ਵਿਰੋਧਾਭਾਸੀ ਤਰਕ-ਵਾਕਾਂ ਦੀ ਅਕਾਦਮਕ ਕਸਰਤ ਹੈ।ਇਸ ਵਿੱਚ ਸਵੈ-ਸਿਰਜਤ ਤਰਕ, ਬਦਲਵੇਂ ਤੇ ਨਵੇਂ ਪ੍ਰਸੰਗ ਵਿੱਚ ਘੜੇ ਤਰਕਾਂ ਨਾਲ਼ ਟਕਰਾ ਕੇ ਹਵਾ ਵਿੱਚ ਜਾ ਲਟਕਦੇ ਹਨ ਜਾਂ ਬੋ-ਕਾਟਾ ਦੀ ਹੋਣੀ ਹੰਢਾਉਂਦੇ ਹਨ।ਇਹ ਉਤਰ-ਆਧੁਨਿਕ ਚਿੰਤਨ ਦਾ ਮੁਜੱਸਮਾ ਹੈ, ਜਿਸਨੂੰ 18ਵੀਂ ਸਦੀ ਵਿੱਚ ਵਿਕਸਤ ਹੋਈ ਆਧੁਨਿਕਤਾ ਸਵੀਕਾਰ ਨਹੀਂ ਹੈ।ਉਹ ਉਤਰ-ਆਧੁਨਿਕਤਾ ਦੇ ਸਭ ਤੋਂ ਵੱਧ ‘ਸੁਚੇਤ' ਚਿੰਤਕ ਮੰਨੇ ਜਾਂਦੇ ਹਨ, ਪਰ ਉਨ੍ਹਾਂ ਦੇ ਤਰਕ-ਵਾਕ ਵਿਰੋਧਾਭਾਸੀ ਭੰਬਲਭੂਸੇ ਦੀ ਸ਼ਕਲ ਅਖ਼ਤਿਆਰ ਕਰਦੇ ਹਨ।ਇਹ ਸਿੱਖ ਇਤਿਹਾਸਕਾਰੀ ਦੀਆਂ ਸਮੱਸਿਆਵਾਂ ਨਾਲ਼ ਸਬੰਧਤ ਮਸਲਾ ਹੈ, ਜਿਸਨੂੰ ਭਾਰਤੀ ਇਤਿਹਾਸਕਾਰੀ ਦੀਆਂ ਗੰਭੀਰ ਸਮੱਸਿਆਵਾਂ ਤੋਂ ਨਿਖੇੜ ਕੇ ਸਮਝਣਾ ਸੰਭਵ ਨਹੀਂ ਹੈ।
 
ਅਜਮੇਰ ਸਿੰਘ ਦੇ ਪ੍ਰੇਰਣਾ ਸਰੋਤ ਹਰਿੰਦਰ ਸਿੰਘ ਮਹਿਬੂਬ ਵੀ ਮਾਉਵਾਦੀ ਝੁਕਾਅ ਤੋਂ ਸਿੱਖ ਆਸਥਾ ਦੀ ਤਰਫ਼ ਪਰਤ ਗਏ ਸਨ।ਉਹ ‘ਭੂਤਵਾੜਾ ਚਿੰਤਨ ਮੰਡਲੀ' ਦੇ ਇਕਲੌਤੇ ਚਿੰਤਕ ਨਹੀਂ ਸਨ, ਜਿਨ੍ਹਾਂ ‘ਘਰ ਵਾਪਸੀ' ਦਰਸਾਉਂਦਾ ਮੋੜਾ ਕੱਟਿਆ ਸੀ।ਉਨ੍ਹਾਂ ਹਾਲਾਤ ਵਿੱਚ, ਜਦੋਂ ਮਾਰਕਸਵਾਦੀ ਚਿੰਤਨ ਦੀ ਚੜ੍ਹਤ ਸੀ, ਇਨ੍ਹਾਂ ਚਿੰਤਕਾਂ ਦੀ ਸਿੱਖ ਸੰਸਕਾਰਾਂ ਵੱਲ ਵਾਪਸੀ ਸਿਧਾਂਤਕ ਸਵੀਕਾਰ ਕੀਤੀ ਜਾ ਸਕਦੀ ਹੈ, ਜਦਕਿ ਅਜਮੇਰ ਸਿੰਘ ਨੇ ਸਿਆਸੀ ਯੂ-ਟਰਨ ਦੀ ਮਿਸਾਲ ਕਾਇਮ ਕੀਤੀ ਹੈ।ਉਸਦੇ ਇੱਕ ਚੇਲੇ ਨੇ ਐਨ ਉਲਟੀ ਦਿਸ਼ਾ ਵਿੱਚ ਜਾ ਕੇ ਹਰਕਿਸ਼ਨ ਸਿੰਘ ਸੁਰਜੀਤ ਨੂੰ ‘ਸਿਆਸਤ ਦਾ ਰੁਸਤਮ-ਏ-ਹਿੰਦ' ਦੱਸ ਕੇ ਸਮਾਜਵਾਦ  ਲਈ ਇਨਕਲਾਬੀ ਸੰਘਰਸ਼ ਨੂੰ ਸਾਮੰਤੀ ਵਿਚਾਰ ਦਰਸਾਇਆ ਹੈ।ਉਸਦੇ ਮਹਾਂ-ਨਾਇਕਾਂ ਦੀ ਸੂਚੀ ਵਿੱਚ ਬੇਅੰਤ ਸਿੰਘ ਅਤੇ ਕੇ ਪੀ ਐ¥ਸ ਗਿੱਲ ਵੀ ਸ਼ਾਮਲ ਹਨ ਅਤੇ ਭਾਰਤ ਦੀ ਸਹੀ ਸੋਝੀ ਦਾ ਫ਼ਲਸਫ਼ਾ ਗਾਂਧੀਵਾਦ ਹੈ।ਅਜਮੇਰ ਸਿੰਘ ਦੀ ਸਿੱਖ ਇਤਿਹਾਸਕਾਰੀ ਖ਼ਾਲਿਸਤਾਨੀ ਲਹਿਰ ਦੀ ਭਾਂਜ ਚੋਂ ਉਗਮੀ ਨਿਰਾਸ਼ਤਾ ਦਾ ਬੇਚੈਨ ਪ੍ਰਗਟਾਵਾ ਹੈ, ਇਤਿਹਾਸ ਦੀ ਗੁਸੈਲ ਰਾਜਨੀਤੀ ਹੈ।ਅਜਮੇਰ ਸਿੰਘ ਨੇ ਇਸ ਲਹਿਰ ਦੀ ਪੜਚੋਲ ਨਕਸਲੀ ਵਜੋਂ ਵੀ ਕੀਤੀ ਸੀ।ਹੁਣ ਵਾਲ਼ੀ ਸਿਧਾਂਤਕੀ ਇਨਕਲਾਬ ਦੇ ਮਾਉਵਾਦੀ ਦਰਸ਼ਨ ਨੂੰ ਬੇਦਾਵੇ ਤੋਂ ਬਾਅਦ ਦੀ ਸਿੱਖ ਸੋਝੀ ਹੈ।ਇਸ 'ਚ ਸਮੋਈ ਇਤਿਹਾਸਕ ਸੁਰ ਨੂੰ ਸੁਣਨਾ, ਸਿਆਨਣਾ ਤੇ ਸੁਰਬੱਧ ਕਰਨਾ ਹੀ ਸਹੀ ਸਮੀਖਿਆ ਹੈ।ਇਹ ਸਮੀਖਿਆ ਹੀ ਉਸ ਦੌਰ ਦੀ ਸਿੱਖ ਇਤਿਹਾਸਕਾਰੀ ਦੇ ਅਗਲੇਰੇ ਪੜਾਅ ਦਾ ਆਗਾਜ਼-ਬਿੰਦੂ ਹੋ ਸਕਦੀ ਹੈ।ਇੱਥੇ ਇਸ ਇਤਿਹਾਸਕਾਰੀ ਦੇ ਉਗਮਣ-ਵਿਗਸਣ ਦੀ ਸੰਕੇਤਕ ਚਰਚਾ ਹੀ ਕੀਤੀ ਜਾਵੇਗੀ।

 ਸਿੱਖ ਇਤਿਹਾਸਕਾਰੀ ਵੀ ਭਾਰਤੀ ਇਤਿਹਾਸਕਾਰੀ ਵਾਂਗ ਜੇਮਜ਼ ਮਿਲ ਦੀ ਸ਼ਾਤਰਾਨਾ ਕਾਲ-ਵੰਡ ਦੇ ਲਾ-ਇਲਾਜ ਰੋਗ ਤੋਂ ਪੀੜਤ ਹੈ।ਉਸਦੀ ਪੁਸਤਕ ‘ਬ੍ਰਿਟਿਸ਼ ਭਾਰਤ ਦਾ ਇਤਿਹਾਸ' ਭਾਰਤੀ ਇਤਿਹਾਸਕਾਰੀ ਨੂੰ ਹਿੰਦੂ-ਕਾਲ, ਮੁਸਲਿਮ-ਕਾਲ ਤੇ ਬ੍ਰਿਟਿਸ਼-ਕਾਲ ਵਜੋਂ ਚਿੱਤਰਦੀ ਹੈ।ਉਹ ਬਰਤਾਨਵੀ ਸਲਤਨਤ ਦੇ ਦੌਰ ਨੂੰ ਇਸਾਈ-ਕਾਲ ਦਰਸਾਏ ਜਾਣ ਦੇ ਨਾਲ਼ ਹੀ ਬੁੱਧ-ਕਾਲ ਨੂੰ ਵੱਖਰੀ ਫ਼ਲਸਫ਼ਾਨਾ ਹੋਂਦ ਵਜੋਂ ਵੇਖਣ ਤੋਂ ਗੁਰੇਜ਼ ਕਰਦਾ ਹੈ।ਇਹ ਗੁਰੇਜ਼ ਹੀ ਉਸਦੀ ਨੀਤੀ ਤੇ ਨੀਅਤ ਵੱਲ ਸੰਕੇਤ ਹੈ।ਇਹ ਕਾਲ-ਵੰਡ ਬ੍ਰਿਟਿਸ਼ ਹਕੂਮਤ ਦੀਆਂ ਬਸਤੀਵਾਦੀ ਲੋੜਾਂ ਚੋਂ ਉਗਮੀ ਹੈ, ਜਿਸਨੂੰ ਹਿੰਦੁਤਵਵਾਦੀ ਰਾਸ਼ਟਰਵਾਦ ਅਤੇ ਸਿੰਘ ਸਭਾ ਲਹਿਰ ਦੇ ਮੋਢੀਆਂ ਨੇ, ਆਪੋ-ਆਪਣੇ ਪਛਾਣਗਤ ਸਰੋਕਾਰਾਂ ਲਈ, ਸਸ਼ਕਤ ਧਾਰਾ ਵਜੋਂ ਸਥਾਪਤ ਕੀਤਾ ਹੈ।ਭਾਈ ਕਾਨ੍ਹ ਸਿੰਘ ਨਾਭਾ ਦੀ ‘ਹਮ ਹਿੰਦੂ ਨਹੀਂ' ਇਸ ਨਜ਼ਰੀਏ ਦੀ ਸਿਧਾਂਤਕੀ ਘੜਨ ਵਾਲ਼ੀ ਪੁਸਤਕ ਹੈ।ਇਹ ਪਛਾਣਗਤ ਲੇਖਨ ਇਤਿਹਾਸਕਾਰੀ ਨਹੀਂ ਸੀ, ਬ੍ਰਿਟਿਸ਼ ਹਕੂਮਤ ਦਾ ਬਸਤੀਵਾਦੀ ਪ੍ਰਾਜੈਕਟ ਸੀ।ਭਾਰਤੀ ਮੂਲ ਦੇ ਰਾਸ਼ਟਰਵਾਦੀ ਇਤਿਹਾਸਕਾਰ ਪ੍ਰਾਚੀਨ ਭਾਰਤ, ਮੱਧ-ਕਾਲ ਤੇ ਆਧੁਨਿਕ ਕਾਲ ਸ਼ਬਦਾਂ ਦੇ ਇਸਤੇਮਾਲ ਸਦਕਾ ਜੇਮਜ਼ ਮਿੱਲ ਦੀ ਕਾਲ-ਵੰਡ ਦਾ ਨਾਮਕਰਣ ਤਬਦੀਲ ਕਰਦੇ ਹਨ, ਪਰ ਉਨ੍ਹਾਂ ਦੀ ਇਤਿਹਾਸਕਾਰੀ ਓਸੇ ਕਾਲ-ਵੰਡ ਦੇ ਪੈਰਾਡਾਈਮ ਅੰਦਰ ਝੂਲਦੀ ਰਹਿੰਦੀ ਹੈ।ਉਹ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਧਰਮ-ਨਿਰਪੱਖ ਭਾਰਤੀਅਤਾ ਦੀ ਤਾਲਾਸ਼ ਵਿੱਚ ਮਸਰੂਫ਼ ਸਨ।ਧਰਮ-ਨਿਰਪੱਖਤਾ ਭਾਰਤੀ ਹਾਲਾਤ ਚੋਂ ਹੋਂਦ ਗ੍ਰਹਿਣ ਕਰਨ ਵਾਲ਼ਾ ਮੌਲਿਕ ਸੰਕਲਪ ਨਹੀਂ ਹੈ।ਇਹ ਬਸਤੀਵਾਦੀ ਹਕੂਮਤ ਦੀ ਆਮਦ ਸਦਕਾ ਦਰਾਮਦ ਹੋਇਆ ਹੈ ਅਤੇ ਓਦੋਂ ਹਾਲੇ ਮੁੱਢਲੇ ਪੜਾਅ ਉ¥ਤੇ ਹੀ ਸੀ।ਭਾਰਤੀ ਹੁਕਮਰਾਨ ਜਮਾਤਾਂ ਨੇ ਧਰਮ-ਨਿਰਪੱਖਤਾ ਦੇ ਅਸਲ ਰੂਪ ਨੂੰ ਰਾਹ ਦੇਣ ਤੋਂ ਸਦਾ ਇਨਕਾਰ ਕੀਤਾ ਹੈ।ਉਨ੍ਹਾਂ ਦੀ ਧਰਮ-ਨਿਰਪੱਖਤਾ ਹਰ ਧਰਮ ਦੇ ਰਾਜਨੀਤਕ ਇਸਤੇਮਾਲ ਤੱਕ ਸਿਮਟੀ ਹੋਈ ਹੈ।ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਮੋਹਰੀ ਮੰਨੀ ਜਾ ਸਕਦੀ ਹੈ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿਆਸੀ ਕਤਲ ਤੋਂ ਬਾਅਦ ਰਾਜੀਵ ਗਾਂਧੀ ਦੀ ਪਾਰਲੀਮਾਨੀ ਪੱਖ ਤੋਂ ਇਤਿਹਾਸਕ ਜਿੱਤ ‘ਕਾਂਗਰਸੀ ਧਰਮ-ਨਿਰਪੱਖਤਾ' ਦੀ ਜਿਉਂਦੀ-ਜਾਗਦੀ ਤਸਵੀਰ ਸੀ, ਜਦੋਂ ਮੇਨਕਾ ਗਾਂਧੀ ਖ਼ਿਲਾਫ਼ ‘ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗ਼ਦਾਰ ਕੀ' ਵਰਗੇ ਨਾਅਰੇ ਵੀ ਲੱਗ ਰਹੇ ਸਨ।
 
ਹਿੰਦੁਤਵਵਾਦੀ ਇਤਿਹਾਸ-ਲੇਖਨ ਲਈ ਅਤੀਤ ਹੀ ਸੁਨਹਿਰੀ ਕਾਲ ਹੈ, ਜਿਸਨੂੰ ਜੇਮਜ਼ ਮਿਲ ਹਿੰਦੂ-ਕਾਲ ਆਖਦਾ ਹੈ।ਸਿੱਖ ਇਤਿਹਾਸਕਾਰੀ ਗੁਰੂ-ਕਾਲ ਨੂੰ ਸੁਨਹਿਰੀ ਕਾਲ ਤਸੱਵੁਰ ਕਰਦੀ ਹੈ।ਅਜਮੇਰ ਸਿੰਘ ਗੁਰੂ-ਕਾਲ ਦੇ ਆਦਰਸ਼ਾਂ ਨੂੰ ਅਗਲੇਰੇ 50 ਕੁ ਸਾਲਾਂ ਤੱਕ ਵਿਸਥਾਰਦਾ ਹੈ।ਇਸ ਤੋਂ ਬਾਅਦ “ਸਿੱਖ ਪੰਥ ਆਪਣੀ ਅੱਡਰੀ ਪਛਾਣ ਤੇ ਨਿਰਾਲੀ ਠੁੱਕ ਗੁਆ” ਦੇਣ ਦੇ ਰਾਹ ਤੁਰ ਪਿਆ ਸੀ ਅਤੇ 1849 ਤੱਕ ‘ਸਿੱਖਾਂ ਤੇ ਸਿੱਖੀ ਦਾ ਹਿੰਦੂਕਰਨ' ਹੋ ਚੁੱਕਾ ਸੀ।ਇਹ ਸਿੱਖ ਇਤਿਹਾਸਕਾਰੀ ਦਾ ਮੈਕਾਲਿਫ਼ੀਕਰਨ ਹੈ।ਉਸਦੇ ਮੁਤਾਬਕ ਅੰਗਰੇਜ਼ਾਂ ਦੀ ਆਮਦ ਤੱਕ “ਸਿੱਖਾਂ ਤੇ ਹਿੰਦੂਆਂ ਵਿਚਕਾਰ ਨਿਖੇੜਾ ਕਰਨਾ ਮੁਸ਼ਕਿਲ ਹੋ ਗਿਆ ਸੀ।„ਮੈਕਾਲਿਫ਼ ਜੇਮਜ਼ ਮਿੱਲ ਦੇ ਦ੍ਰਿਸ਼ਟੀਕੋਣ ਦੀ ਨਿਰੰਤਰਤਾ ਹੈ।ਉਸਦੀ ‘ਇਤਿਹਾਸਕ ਖੋਜ' ਸਾਖੀਕਰਨ ਦੀ ਸ਼ਿਕਾਰ ਸਿੱਖ ਇਤਿਹਾਸਕਾਰੀ ਦਾ ਆਗਾਜ਼ ਕਰਦੀ ਹੈ।ਫਿਰ ਵੀ ਸਿੱਖ ਇਤਿਹਾਸਕਾਰ ਮੈਕਾਲਿਫ਼ ਦੇ ‘ਸਿੱਖੀ ਪਿਆਰ ਦੇ ਰਿਣੀ' ਹਨ।ਇਸੇ ਲਈ ਉਸਦੀ ਹਕੀਕੀ ਸੁਰ ਅਣ-ਸੁਣੀ ਤੇ ਅਣ-ਸਮਝੀ ਰਹਿ ਗਈ ਜਾਂਦੀ ਹੈ, ਹਾਲਾਂਕਿ ਉਸਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅੰਗਰੇਜ਼ ਸਰਕਾਰ ਨੂੰ “ਸਿੱਖ ਧਰਮ ਤੋਂ ਬਹੁਤ ਫ਼ਾਇਦੇ ਹਨ।„ ਉਸਨੇ ਇਸ ਫ਼ਾਇਦੇ ਨਾਲ਼ ਜੁੜੀ ਸਾਖੀ ਦੀ ਮਿਸਾਲ ਵੀ ਦਿੱਤੀ ਹੈ।ਗੁਰੂ ਤੇਗ ਬਹਾਦਰ ਜੇਲ੍ਹ ਦੀ ਛੱਤ ਉੱਤੇ ਖੜੇ ਹਨ ਤੇ ਦੱਖਣ ਦੀ ਦਿਸ਼ਾ ਵੱਲ ਤੱਕ ਰਹੇ ਹਨ।ਉਸ ਤਰਫ਼ ਔਰੰਗਜ਼ੇਬ ਦੇ ਮਹਿਲ ਹਨ।ਕਿਸੇ ਦੇ ਮਹਿਲਾਂ ਵੱਲ ਵੇਖਣਾ ਪੂਰਬੀ ਨਿਯਮਾਂ ਤੇ ਸ਼ਿਸਟਾਚਾਰ ਖ਼ਿਲਾਫ਼ ਭਾਰੀ ਗੁਨਾਹ ਹੈ।ਗੁਰੂ ਤੇਗ ਬਹਾਦਰ ਦਾ ਜਵਾਬ ਹੈ, “ਐ ਸ਼ਾਹ ਔਰੰਗਜ਼ੇਬ ! ਮੈਂ ਜੇਲ੍ਹ ਦੀ ਉੱਪਰਲੀ ਛੱਤ 'ਤੇ ਖੜਾ ਜ਼ਰੂਰ ਸੀ ਪਰ ਮੈਂ ਤੇਰੀਆਂ ਬੇਗਮਾਂ ਜਾਂ ਤੇਰੇ ਮਹਿਲਾਂ ਨੂੰ ਨਹੀਂ ਸੀ ਦੇਖ ਰਿਹਾ।ਮੈਂ ਤਾਂ ਉਹਨਾਂ ਯੂਰਪੀਨਾਂ ਨੂੰ ਵੇਖ ਰਿਹਾ ਸੀ, ਜਿਹੜੇ ਕਿ ਸਮੁੰਦਰ ਪਾਰੋਂ ਆ ਰਹੇ ਹਨ ਤੇ ਜੋ ਆ ਕੇ ਤੇਰੇ ਪਰਦੇ ਪਾੜਨਗੇ ਤੇ ਰਾਜ ਦਾ ਨਾਸ ਕਰਨਗੇ।„ ਉਸਦਾ ਦਾਅਵਾ ਹੈ ਕਿ 1857 ਦੇ ਗ਼ਦਰ ਸਮੇਂ ਬਾਗ਼ਾਵਤ ਵਿਰੋਧੀ ਸਿੱਖ “ਗੁਰੂ ਤੇਗ ਬਹਾਦਰ ਦੇ ਇਨ੍ਹਾਂ ਹੀ ਸ਼ਬਦਾਂ ਦੇ ਨਾਅਰੇ ਲਾ ਰਹੇ ਸਨ।ਅਖੀਰ ਯੂਰਪੀਨਾਂ ਦੀ ਜਿੱਤ ਹੋਈ ਤੇ ਗੁਰੂ ਜੀ ਦੇ ਆਖੇ ਵਾਕ ਪੂਰੇ ਹੋਏ।„ ਇਹ ਬ੍ਰਿਟਿਸ਼ ਕਾਲ ਦੇ ਇਤਿਹਾਸ ਦਾ ਸਾਖੀਕਰਨ ਹੈ।ਖ਼ਿਆਲ ਰਹੇ, ਉਸਦੀ ਸਿੱਖ ਸਿਧਾਂਤ ਸਬੰਧੀ ਸਮਝਦਾਰੀ ਭਾਈ ਕਾਨ੍ਹ ਸਿੰਘ ਨਾਭਾ ਨਾਲ਼ ਮੇਲ-ਮੁਲਾਕਾਤਾਂ ਚੋਂ ਤੈਅ ਹੋਈ ਸੀ।ਅਜੋਕੀ ਸਿੱਖ ਇਤਿਹਾਸਕਾਰੀ ਸਬੰਧਤ ਸਾਖੀ ਨੂੰ ਸਵੀਕਾਰ ਨਹੀਂ ਕਰਦੀ, ਪਰ ਭਾਈ ਕਾਨ੍ਹ ਸਿੰਘ ਨਾਭਾ ਦੀ ਇਤਿਹਾਸਕ ਸਮਝਦਾਰੀ ਉ¥ਤੇ ਸਵਾਲ ਉਠਾ ਸਕਣਾ ਸਹਿਜ ਨਹੀਂ ਹੈ।ਅਜਮੇਰ ਸਿੰਘ ਸਾਖੀਕਰਨ ਦਾ ਕਾਇਲ ਨਹੀਂ ਹੈ, ਤਾਂ ਵੀ ਹਰਿੰਦਰ ਸਿੰਘ ਮਹਿਬੂਬ ਦੀ ਮਿਥਿਹਾਸਕ ਬਲਸ਼ੀਲਤਾ ਅਤੇ ਇਤਿਹਾਸ ਬਣੀਆਂ ਸਿੱਖ-ਯਾਦਾਂ ਦਾ ਚੁਸਤੀ ਨਾਲ਼ ਇਸਤੇਮਾਲ ਕਰਦਾ ਹੈ, ਜਿਵੇਂ ਭਾਈ ਵੀਰ ਸਿੰਘ ਨੇ ਪੁਰਾਤਨ ਸਿੱਖ ਸਰੋਤਾਂ ਦਾ ਸੰਪਾਦਨ ਕੀਤਾ ਹੈ।ਉਸ ਤੋਂ ਬਾਅਦ ਹੋਣ ਵਾਲ਼ੇ ਸੰਪਾਦਨ, ਮੂਲ ਸਰੋਤਾਂ ਨਾਲ਼ ਮਿਲਾਨ ਕਰਕੇ, ਭਾਈ ਵੀਰ ਸਿੰਘ ਵੱਲੋਂ ਕੀਤੀ ਤੋੜ-ਮਰੋੜ ਤੱਥ ਦੇ ਜ਼ਾਹਰ ਕਰਦੇ ਹਨ।ਅਜਮੇਰ ਸਿੰਘ ਤੱਥਾਂ ਨੂੰ ਪ੍ਰਸੰਗ ਨਾਲ਼ੋਂ ਤੋੜਨ ਤੇ ਸਵੈ-ਇੱਛਤ ਪ੍ਰਸੰਗ ਵਿੱਚ ਢਾਲਣ ਦਾ ਉਸਤਾਦ ਹੈ।ਉਸ ਕੋਲ਼ ਸਵੈ-ਇੱਛਤ ਸਰੋਕਾਰਾਂ ਨੂੰ ਪ੍ਰਸੰਗਕ ਬਣਾ ਦੇਣ ਵਾਲ਼ੇ ਸ਼ਬਦ-ਜਾਲ ਦਾ ‘ਮੀਰੀ ਗੁਣ' ਹੈ।ਇਸ ਦੇ ਪੱਖ ਵਿੱਚ ਕਰਮਜੀਤ ਸਿੰਘ ਦੀ ਦੀਵਾਨਗੀ ਬੋਲਦੀ ਹੈ, “ਬੋਲੀ ਦੀ ਖ਼ੂਬਸੂਰਤੀ ਨੇ ਇਨ੍ਹਾਂ ਕਿਤਾਬਾਂ ਨੂੰ ਪੜ੍ਹਨਯੋਗ ਅਤੇ ਮੰਨਣਯੋਗ ਵੀ ਬਣਾ ਦਿੱਤਾ ਹੈ।„ ਡਾ. ਪਰੇਮ ਸਿੰਘ ਅਤੇ ਪ੍ਰੋ. ਬਲਕਾਰ ਸਿੰਘ ਨੇ, ਵੱਖੋ-ਵੱਖ ਨਜ਼ਰੀਏ ਤੋਂ, ਇਤਿਹਾਸ ਦੀ ਰਾਜਨੀਤੀ ਨੂੰ ਹੀ ਸਮੀਖਿਆ ਦਾ ਵਿਸ਼ਾ ਬਣਾਇਆ ਹੈ।ਇਸ ਬਹਿਸ ਦਾ ਮੁੱਢ ਹਰਭਜਨ ਸਿੰਘ ਹੁੰਦਲ ਦੇ ਤ੍ਰੈ-ਮਾਸਿਕ ‘ਚਿਰਾਗ਼' ਤੋਂ ਬੱਝਦਾ ਹੈ।ਇਥੇ ਪ੍ਰਕਾਸ਼ਿਤ ਡਾ. ਪਰੇਮ ਸਿੰਘ ਦਾ ਲੇਖ ‘ਪੰਜਾਬ ਟਾਈਮਜ਼'  ਵਿੱਚ ਮੁੜ-ਪ੍ਰਕਾਸ਼ਿਤ ਕੀਤਾ ਗਿਆ ਸੀ।ਉਸ ਤੋਂ ਤੁਰੰਤ ਬਾਅਦ ਪ੍ਰੋ. ਬਲਕਾਰ ਸਿੰਘ ਦਾ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦੀ ਸਮੀਖਿਆ ਕਰਦਾ ਪੁਰਾਣਾ ਲੇਖ ਵੀ ਛਪ ਗਿਆ।ਇਸ ਸਮੇਂ ਤੱਕ ਪ੍ਰੋ. ਬਲਕਾਰ ਸਿੰਘ ਦੀ ਪੁਸਤਕ ‘ਪੰਜਾਬ ਦਾ ਬਾਬਾ ਬੋਹੜ-ਗੁਰਚਰਨ ਸਿੰਘ ਟੌਹੜਾ' ਆ ਚੁੱਕੀ ਸੀ, ਜਿਸਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲ਼ੀ ਕਾਂਗਰਸੀ ਸਰਕਾਰ ਨੇ ਪ੍ਰਕਾਸ਼ਿਤ ਕਰਵਾਇਆ ਸੀ।ਡਾ. ਪਰੇਮ ਸਿੰਘ ਦਾ ਮਾਰਕਸਵਾਦੀ ਹੋਣਾ ਅਤੇ ਪ੍ਰੋ. ਬਲਕਾਰ ਸਿੰਘ ਦੀ ਜਥੇਦਾਰ ਟੌਹੜਾ ਪ੍ਰਤੀ ਆਸਥਾ ਬਹਿਸ ਨੂੰ ਤਿੱਖਾ ਮੋੜ ਪ੍ਰਦਾਨ ਕਰਨ ਦੀ ਵਜ੍ਹਾ ਰਹੀ ਹੈ।ਇਸ ਤੋਂ ਬਾਅਦ ਕਰਮ ਬਰਸਟ ਤੇ ਅਭੈ ਸਿੰਘ ਸੰਵਾਦ ਵਿੱਚ ਸ਼ਿਰਕਤ ਕਰਦੇ ਹਨ।ਇਨ੍ਹਾਂ ਚੋਂ ਪਹਿਲੇ ਤਿੰਨੋਂ, ਵੱਖੋ-ਵੱਖ ਦਿਸ਼ਾਵਾਂ ਦੇ ਬਾਵਜੂਦ, ਵਧੇਰੇ ਤਰਕ ਸੰਗਤ ਹਨ, ਜਦਕਿ ਅਭੈ ਸਿੰਘ ਭਾਰਤੀ ਕੌਮਵਾਦ ਦੇ ਸੰਕਲਪ ਦਾ ਆਦਰਸ਼ਵਾਦ ਪਰੋਸਣ ਵਿੱਚ ਮਸਰੂਫ਼ ਰਹੇ ਹਨ।
 
ਇਸ ਕਾਬਲ-ਏ-ਗ਼ੌਰ ਬਹਿਸ ਵਿੱਚ ਸਭ ਤੋਂ ਗੰਭੀਰ ਦਖ਼ਲ-ਅੰਦਾਜ਼ੀ ਕਰਮ ਬਰਸਟ ਦੀ ਰਹੀ ਹੈ।ਉਸਨੇ ਬਹਿਸ ਦਾ ਆਗਾਜ਼ ਕਰਨ ਵਾਲ਼ੇ ਚਿੰਤਕ ਡਾ. ਪਰੇਮ ਸਿੰਘ ਸੰਗ ਸੰਵਾਦ ਛੇੜਨ ਦੀ ਸੰਭਾਵਨਾ ਦਾ ਪੂਰਵ-ਨਿਸ਼ਚਤ ਧਾਰਨਾ ਤਹਿਤ ਅੰਤ ਦਿੱਤਾ ਹੈ ਕਿ “ਉਹ ਭਾਰਤ ਦੀਆਂ ਨਕਲੀ ਕਮਿਊਨਿਸਟ ਪਾਰਟੀਆਂ ਦੀ ਹੀ ਪ੍ਰਤੀਨਿਧਤਾ ਕਰਦਾ ਮਾਲੂਮ ਹੁੰਦਾ ਹੈ।„ ਇਸੇ ਤਰ੍ਹਾਂ ਅਜਮੇਰ ਸਿੰਘ ਵੀ “ਕਿਸੇ ਵੇਲ਼ੇ ਮਾਉਵਾਦੀ ਇਨਕਲਾਬ ਦਾ ਸਿੱਕੇਬੰਦ ਪੈਰੋਕਾਰ ਹੁੰਦਾ ਸੀ।„ ਇਤਿਹਾਸਕ ਹਕੀਕਤਾਂ ਅਜਮੇਰ ਸਿੰਘ ਦੇ ‘ਮਾਉਵਾਦੀ ਇਨਕਲਾਬ ਦਾ ਸਿੱਕੇਬੰਦ ਪੈਰੋਕਾਰ' ਹੋਣ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ।ਇਹ ਤਾਂ ਕਰਮ ਬਰਸਟ ਦੀ ‘ਸਿੱਕੇਬੰਦ ਤਸੱਵੁਰੀ' ਹੈ, ਜੋ ਹਕੀਕਤ ਵੇਖਣ ਲਈ ਤੀਜਾ ਨੇਤਰ ਖੋਲ਼੍ਹਣ ਵਿੱਚ ਨਾਕਾਮ ਰਹੀ ਹੈ।ਦਰਅਸਲ, ਅਜਮੇਰ ਸਿੰਘ ਮਾਉਵਾਦ ਨੂੰ ‘ਬੇਦਾਵਾ' ਦੇਣ ਵੇਲ਼ੇ ਸਵੈ-ਆਲੋਚਨਾ ਨੂੰ ਕਾਵਿਕਤਾ ਵਿੱਚ ਘੋਲ ਦਿੰਦਾ ਹੈ।ਉਸਦੀ ਕਾਵਿਕਤਾ 'ਚ ਘੁਲ਼ੀ ਸਫ਼ਾਈ ਕਰਮ ਬਰਸਟ ਦੀ ਨਿਰੋਲ ਸਿਆਸੀ ਸੋਝੀ ਲਈ ਅਪਹੁੰਚ ਹੋ ਕੇ ਰਹਿ ਗਈ ਹੈ।ਅਜਮੇਰ ਸਿੰਘ ਤ੍ਰੈ-ਲੜੀ ਦੀ ਪਲੇਠੀ ਪੁਸਤਕ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦੇ ਪਹਿਲੇ ਹੀ ਸਫ਼ੇ ਉੱਤੇ ਮਾਂ ਨੂੰ ਮੁਖ਼ਾਤਿਬ ਸਿਰਲੇਖਹੀਣ ਸ਼ਬਦ ਹਨ ਕਿ “ਪੁੱਤ ਪੂਰਨ ਤਾਂ ਆਪ ਸਿਰਜੇ ‘ਹਨੇਰੇ ਭੋਰੇ' ਵਿੱਚ ਜਾ ਵੜਿਆ ਸੀ ਜਾਂ ਆਪ ਸਹੇੜੇ ‘ਬਨਵਾਸ' 'ਤੇ ਨਿਕਲ਼ ਤੁਰਿਆ ਸੀ।ਇਸ ਭੋਰੇ ਜਾਂ ਬਨਵਾਸ ਦੀ ਕੈਦ ਬਾਰਾਂ ਜਾਂ ਚੌਦਾਂ ਸਾਲਾਂ ਨੂੰ ਦੋ ਨਾਲ਼ ਗੁਣਾ ਕਰਨ ਤੋਂ ਵੀ ਵਡੇਰੀ ਸੀ।„ ਇਹ ਮਾਉਵਾਦੀ ਅਤੀਤ ਨੂੰ ਬੇਦਾਵਾ ਹੈ, ਜੋ 10 ਦਸੰਬਰ 2002 ਨੂੰ ਲਿਖਿਆ ਗਿਆ ਸੀ।ਇਹ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕੀਤੀ ‘ਸਵੈ-ਪੜਚੋਲ' ਹੈ! ਇਹ ਇਤਿਹਾਸਕ ਖ਼ੋਜ ਦਾ ਵਿਸ਼ਾ ਹੋ ਸਕਦਾ ਹੈ ਕਿ ਜਿਸ ‘ਦਲਾਲ ਸਰਮਾਏਦਾਰੀ' ਦੀ ਸੱਤਾ ਨੇ ‘ਭੋਰੇ ਜਾਂ ਬਨਵਾਸ ਦੇ ਕੈਦੀ' ਗੋਬਿੰਦਰ ਸਿੰਘ ਖ਼ਿਲਾਫ਼ ਕਈ ਕੇਸ ਬਣਾ ਧਰੇ ਸਨ, ਉਹ ‘ਕੈਦ-ਮੁਕਤ ਅਜਮੇਰ ਸਿੰਘ' ਦੇ ਤਮਾਮ ਕੇਸਾਂ ਦਾ ਫ਼ਸਤਾ ਵੱਢਣ ਲਈ ‘ਮਹਾਨ ਦਇਆ ਦ੍ਰਿਸ਼ਟੀ' ਦਾ ਪ੍ਰਗਟਾਵਾ ਕਿਸ ਮਕਸਦ ਨਾਲ਼ ਕਰ ਰਹੀ ਹੈ ? ਕੀ ਬ੍ਰਾਹਣਵਾਦੀ ਸਟੇਟ, ਜਿਸਦਾ ਕਹਿਰ ‘ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ' ਹੈ, ਉਹ ਮਾਉਵਾਦੀ ਗੋਬਿੰਦਰ ਸਿੰਘ ਤੋਂ ਪੂਰਨ ਗੁਰਸਿੱਖ ਵਿੱਚ ਢਲੇ ਅਜਮੇਰ ਸਿੰਘ ਨੂੰ ਬਖ਼ਸ਼ਣਯੋਗ ਚਿੰਤਕ ਤਸਲੀਮ ਕਰਦੀ ਹੈ ? ਖ਼ਿਆਲ਼ ਰਹੇ, ਮਾਉਵਾਦ ਨੂੰ ‘ਬੇਦਾਵਾ' ਦੇਣ ਦੇ ਦਿਨੀਂ ਮਰਹੂਮ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੁਲਿਸ ਦੀ ਵਾਗ-ਡੋਰ ਕੇ. ਪੀ. ਐੱਸ. ਗਿੱਲ ਦੇ ਜ਼ਾਲਮ ਹੱਥਾਂ ਵਿੱਚ ਸੀ।ਇਸ ਜੋੜੀ ਲਈ ਦਹਿਸ਼ਤਗ਼ਰਦਾਂ ਤੇ ਉਨ੍ਹਾਂ ਦੇ ਹਾਮੀਆਂ ਦੇ ਮਨੁੱਖੀ ਅਧਿਕਾਰ ਸਿਧਾਂਤਕ ਤੇ ਸੰਵਿਧਾਨਕ, ਦੋਵਾਂ ਪੱਖਾਂ ਤੋਂ ਅਰਥਹੀਣ ਸਨ।
 
ਕਰਮ ਬਰਸਟ ਨੇ ‘ਇਕੀਵੀਂ ਸਦੀ ਵਿੱਚ ਸਿੱਖ ਸਟੇਟ ਦਾ ਸੁਪਨਾ' ਦੀ ਕਟਾਖ਼ਸ਼ੀ ਲੇਖ-ਲੜੀ ਵਿੱਚ ਸਿੱਖ ਕੌਮ ਦੇ ਸੰਕਲਪ ਨੂੰ ਜੇ. ਵੀ. ਸਟਾਲਿਨ ਦੀ ਵਿਗਿਆਨਕ ਪ੍ਰੀਭਾਸ਼ਾ ਤਹਿਤ ਚੁਨੌਤੀ ਦਿੱਤੀ ਹੈ ਅਤੇ ਭਾਰਤੀ ਰਾਸ਼ਟਰਵਾਦ ਦੇ ਕੇਂਦਰਵਾਦੀ ਸੰਕਲਪ ਨੂੰ ਬਹੁ-ਕੌਮੀ ਮੁਲਕ ਲਈ ਖ਼ਤਰਨਾਕ ਵੀ ਦਰਸਾਇਆ ਹੈ।ਉਸਨੇ ਸਿੱਖ-ਯਹੂਦੀ ਕੇਸ ਨੂੰ ਸਮ-ਅਰਥੀ ਬਣਾਕੇ ਪੇਸ਼ ਕਰਦੀ ਸਿੱਖ ਮਨੋਦਸ਼ਾ ਨੂੰ ਇਤਿਹਾਸਕ ਸੋਝੀ ਸਹਿਤ ਰੱਦ ਕੀਤਾ ਹੈ।ਉਹ ਪੰਜਾਬੀ ਕੌਮੀਅਤ ਦੀ ਵਿਕਾਸ-ਪ੍ਰਕਿਰਿਆ ਵਿੱਚ ਧਰਮ ਦੀ ਸੰਕੀਰਨਤਾਵਾਦੀ  ਭੂਮਿਕਾ ਨੂੰ ਰੱਦ ਕਰਦਾ ਹੈ ਅਤੇ ਬਹੁ-ਧਰਮੀ ਦੇਸ਼ ਵਿੱਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀਆਂ ਮੰਗਾਂ-ਉਮੰਗਾਂ ਦੀ ਤਰਜ਼ਮਾਨੀ ਦਾ ਸਹੀ ਪੈਂਤੜਾ ਮੱਲਦਾ ਹੈ।ਇਸ ਦਰੁਸਤ ਸਮਝਦਾਰੀ ਤੋਂ ਅਗਾਂਹ ਉਸਦਾ ‘ਸਿੱਕੇਬੰਦ ਨਕਸਲੀ ਸਿੱਖ ਚਿੰਤਨ' ਹੈ।ਇਸ ਤਹਿਤ ਸਿੱਖ ਸਿਧਾਂਤ ਤੇ ਸੰਕਲਪ ਸਵੈ-ਸਿੱਧ ਪ੍ਰਗਤੀਸ਼ੀਲ ਫ਼ਲਸਫ਼ਾ ਹਨ ਅਤੇ ਰੈਡੀਕਲ ਸਿੱਖਇਜ਼ਮ ਪ੍ਰਗਤੀਸ਼ੀਲ ਹੀ ਨਹੀਂ, ਇਨਕਲਾਬੀ ਅਮਲ ਹੈ।ਇਹ ਹੋਣ ਭ੍ਰਾਂਤੀ ਨਕਸਲੀ ਕ੍ਰਾਂਤੀ ਦਾ ਮਾਡਲ ਬਣ ਜਾਂਦੀ ਹੈ।ਇਹ ਸਿੱਖ ਅਵਚੇਤਨ ਚੋਂ ਉਗਮਦਾ ਪੰਜਾਬੀ ਮਾਰਕਸਵਾਦ ਹੈ, ਜਿਸਨੂੰ ਪ੍ਰੋ. ਕਿਸ਼ਨ ਸਿੰਘ ਅੰਤਾਂ ਦੀ ਬੌਧਿਕ ਮੁਸ਼ੱਕਤ ਨਾਲ਼ ਸਥਾਪਤ ਕਰ ਗਏ ਹਨ।ਇਸੇ ਕਿਸਮ ਦਾ ਇਸਲਾਮਕ ਮਾਰਕਸਵਾਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਚਿੰਤਕ ਪਰੋਸ ਰਹੇ ਹਨ।ਇਸ ਅਵਚੇਤਨ ਦੇ ਚੇਤਨ ਵਰਤਾਰਾ ਬਣਨ ਦੇ ਇਤਿਹਾਸਕ ਕਾਰਨ ਹਨ।ਪੰਜਾਬ ਵਿੱਚ ਇਹ ਵਰਤਾਰਾ ਸਿੰਘ ਸਭਾ ਲਹਿਰ ਤੋਂ ਕਿਰਤੀ-ਕਮਿਊਨਿਸਟ ਤੇ ਨਕਸਲੀ ਲਹਿਰ ਤੱਕ ਪਸਰਦਾ ਵੇਖਿਆ ਜਾ ਸਕਦਾ ਹੈ।ਅਜਮੇਰ ਸਿੰਘ ਸਿੰਘ ਸਭਾ ਲਹਿਰ ਦੇ ‘ਪਤਵੰਤੇ ਸਿੱਖ ਵਰਗ' ਦੀਆਂ ਜਮਾਤੀ ਕਮਜ਼ੋਰੀਆਂ ਉ¥ਤੇ ਸਹਿੰਦਾ-ਸਹਿੰਦਾ ਵਾਰ ਕਰਦਾ ਹੈ ਅਤੇ ਸਿਆਸੀ ਲੋੜ ਲਈ ਗੱਲ ਘੁੰਮਾ ਵੀ ਲੈਂਦਾ ਹੈ।ਉਹ ਸਿੰਘ ਸਭਾ ਲਹਿਰ ਦੀ ਬਸਤੀਵਾਦੀ ਮਾਨਸਿਕਤਾ 'ਤੇ ਵਾਰ ਕਰਨ ਦੀ ਥਾਂ ਆਖਦਾ ਹੈ, “ਅੰਗਰੇਜ਼ਾਂ ਨੂੰ, ਹੁਕਮਰਾਨਾਂ ਵਜੋਂ, ਸਿੱਖ ਮਾਨਸਿਕਤਾ ਦੀ ਡੂੰਘੀ ਸਮਝ ਸੀ।„ ਉਨ੍ਹਾਂ ਲਈ “ਆਪਣੇ ਬਸਤੀਆਨਾ ਰਾਜ ਦੀ ਮਜ਼ਬੂਤੀ ਲਈ ਸਿੱਖਾਂ ਵਰਗੀ ਜਾਂਬਾਜ਼ ਕੌਮ ਦੀ ਸਦਭਾਵਨਾ, ਹਮਾਇਤ ਤੇ ਵਫ਼ਾਦਾਰੀ ਜਿੱਤਣੀ ਨਿਹਾਇਤ ਜ਼ਰੂਰੀ ਸੀ।ਬੁੱਧੀਮਾਨ ਤੇ ਸ਼ਾਤਰ ਹੁਕਮਰਾਨ ਹੋਣ ਦੇ ਨਾਤੇ, ਉਨ੍ਹਾਂ ਇੰਜ ਹੀ ਕੀਤਾ।„ ਉਹ ‘ਜਾਂਬਾਜ਼ ਕੌਮ' ਦੀ ਬਸਤੀਵਾਦੀ ਘਾੜਤ ਨੂੰ ਚੁਨੌਤੀ ਨਹੀਂ ਦਿੰਦਾ ਅਤੇ ਨਾ ਹੀ ਇਹ ਉਸਦੀ ਰਾਜਨੀਤੀ ਨੂੰ ਪੁੱਗਦਾ ਹੈ।ਉਸ ਨੂੰ ਇਲਮ ਹੈ ਕਿ ਇਹ ਬਿਰਤੀ ਬਰਤਾਨਵੀ ਸਲਤਨਤ ਲਈ ਲੜਦੇ ਸਿੱਖ ਸੈਨਿਕਾਂ ਨੂੰ ਮਰਨ-ਮਿੱਟੀ ਬਖ਼ਸ਼ਦੀ ਰਹੀ ਹੈ।ਇਸ ਮਰਨ-ਮਿੱਟੀ ਦੀ ਨਿਰੰਤਰਤਾ ਨਕਸਲੀ ਜਾਂਬਾਜ਼ੀ ਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦੌਰਾਨ ਵੀ ਵੇਖ ਸਕਦੇ ਹਾਂ।
 
ਕਰਮ ਬਰਸਟ 13 ਅਪ੍ਰੈਲ, 1978 ਦੇ ਕਾਂਡ ਨੂੰ ‘ਗਰਮਦਲੀ ਸਿੱਖਾਂ ਤੇ ਨਿਰੰਕਾਰੀਆਂ' ਵਿਚਾਲੇ ਖ਼ੂਨੀ ਕਾਂਡ ਵਜੋਂ ਲੈਂਦਾ ਹੈ।ਇਸ ਵਿੱਚ ਤਿੰਨ ਨਿਰੰਕਾਰੀਆਂ ਦੀ ਮੌਤ ਤੋਂ ਬਾਅਦ ਜਵਾਬੀ ਫਾਇਰਿੰਗ ਵਿੱਚ 13 ਹਮਲਾਵਰ ਸਿੱਖਾਂ ਦੀ ਮੌਤ ਹੋਈ ਸੀ ਤੇ ਦੋ ਰਾਹ-ਗੀਰ ਵੀ ਮਾਰੇ ਗਏ ਸਨ।ਇਸ ਦੌਰ ਦੀ ਚਰਚਾ ਕਰਦੀਆਂ ਵਧੇਰੇ ਅਖ਼ਬਾਰੀ ਲਿਖਤਾਂ ਤੇ ਪੁਸਤਕਾਂ ਵੀ ‘13 ਸਿੰਘਾਂ ਦੀ ਸ਼ਹਾਦਤ' ਤੱਕ ਸਿਮਟ ਜਾਂਦੀਆਂ ਹਨ।ਇਸ ਤੋਂ ਬਾਅਦ ਆਰੀਆ ਸਮਾਜੀ ਬਿਰਤੀ ਵਾਲ਼ੇ ਲਾਲਾ ਜਗਤ ਨਰਾਇਣ (ਸੰਪਾਦਕ : ‘ਹਿੰਦ ਸਮਾਚਾਰ' ਸਮੂਹ) ਦਾ 9 ਸਤੰਬਰ, 1981 ਨੂੰ ਕਤਲ ਹੁੰਦਾ ਹੈ।ਇਸ ਕਾਂਡ ਦਾ ਮੁੱਖ ਸਰਗਣਾ ਨਛੱਤਰ ਸਿੰਘ ਰੋਡੇ ਹੈ, ਜਿਸਨੇ ‘ਖ਼ਾਲਸਾ ਫਤਿਹਨਾਮਾ' (ਸਤੰਬਰ 2008) ਵਿੱਚ ਕਤਲ ਕਾਂਡ ਦੀ ਸਾਜ਼ਿਸ਼ ਦਾ ਮੁਕੰਮਲ ਵੇਰਵਾ ‘ਲਾਲਾ ਜਗਤ ਨਰਾਇਣ ਦੇ ਕਤਲ ਦੀ ਕਹਾਣੀ' ਸਿਰਲੇਖ ਹੇਠ ਪੇਸ਼ ਕੀਤਾ ਹੈ।ਇਸ ਕਹਾਣੀ ਦਾ ਆਗਾਜ਼ 10 ਅਪ੍ਰੈਲ 1981 ਤੋਂ ਹੁੰਦਾ ਹੈ, ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਆਪਣੇ ਗਿਰਾਈਂ ਨਛੱਤਰ ਸਿੰਘ ਨੂੰ ਲਾਲਾ ਜਗਤ ਨਰਾਇਣ ਦਾ ਕੰਡਾ ਕੱਢਣ ਲਈ ਤਿਆਰ ਕਰਦਾ ਹੈ।ਅਖੇ-ਉਹ “ਸਿੱਖ ਕੌਮ ਲਈ ਕਲੰਕ ਹੈ, ਇਹ ਜ਼ਹਿਰ ਘੋਲ ਰਿਹਾ ਹੈ, ਸਿੱਖਾਂ ਦੇ ਸੀਨੇ ਵਿੱਚ ਬੋਲੀਆਂ ਮਾਰ ਰਿਹਾ ਹੈ।„ ਇਸਦੇ ਬਾਵਜੂਦ ਕਰਮ ਬਰਸਟ ‘ਜਮਹੂਰੀ ਹੱਕਾਂ ਦੇ ਪ੍ਰਸੰਗ ਵਿੱਚ ਨਛੱਤਰ ਸਿੰਘ ਰੋਡੇ ਦਾ ਕੇਸ' ਲੇਖ ਵਿੱਚ ਆਖਦਾ ਹੈ, “ਉਹ ਅਸਲ ਵਿੱਚ ਲਾਲਾ ਜੀ ਦਾ ਕਾਤਲ ਸੀ ਜਾਂ ਨਹੀਂ, ਇਹਦੇ ਬਾਰੇ ਲੋਕਾਂ ਵਿੱਚ ਮਤਭੇਦ ਹਨ, ਪਰ ਅਦਾਲਤਾਂ ਨੇ ਉਸਨੂੰ ਕਾਤਲ ਮੰਨ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ..।„ ਇਹ ਕਰਮ ਬਰਸਟ ਦੀ ਨਕਸਲੀ ਸਿੱਖ ਮਾਨਸਿਕਤਾ ਦਾ ਇਜ਼ਹਾਰ ਹੈ ਕਿ “ਭਾਈ ਨਛੱਤਰ ਸਿੰਘ ਰੋਡੇ ਇੱਕ ਸਾਬਕਾ ਨਕਸਲੀ, ਨਾਸਤਕ ਅਤੇ ਪਤਿੱਤ ਸਿੱਖ ਹੋਣ ਦੇ ਬਾਵਜੂਦ ਦਿਲ ਗੁਰਦੇ ਵਾਲ਼ਾ ਬੰਦਾ ਮੰਨਿਆ ਜਾਂਦਾ ਸੀ„, ਜਿਸਨੇ ਸੰਤ ਜਰਨੈਲ ਸਿੰਘ ਭਿਡਰਾਂਵਾਲ਼ੇ ਵੱਲੋਂ ਬਖ਼ਸ਼ੀ ਜ਼ਿੰਮੇਵਾਰੀ ਓਟ ਲਈ ਸੀ ਅਤੇ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ “ਪਟਿਆਲ਼ਾ ਤੋਂ ਜਲੰਧਰ ਵਾਪਸੀ ਦੌਰਾਨ ਲੁਧਿਆਣੇ ਲਾਗੇ ਕੀਰਤਨ ਸੋਹਿਲਾ ਪੜ੍ਹ ਦਿੱਤਾ ਗਿਆ„ ਸੀ।ਇਹ ਸ਼ਬਦ ਇਸਤੇਮਾਲ ਕਰ ਰਹੇ ਕਰਮ ਬਰਸਟ ਇਲਮ ਹੈ ਕਿ “1980ਵਿਆਂ ਦੇ ਸਿੱਖ ਸੰਘਰਸ਼ ਦੇ ਵੇਗ ਫੜ੍ਹਨ ਤੋਂ ਪਹਿਲਾਂ ਹੀ ਖ਼ਾਲਿਸਤਾਨੀ ਚਿੰਤਕਾਂ ਨੇ ਨਿਰੰਕਾਰੀਆਂ, ਹਿੰਦੂਆਂ, ਪਤਿਤ ਸਿੱਖਾਂ ਅਤੇ ਕਮਿਊਨਿਸਟਾਂ ਨੂੰ ਦੁਸ਼ਮਣਾਂ ਵਜੋਂ ਟਿੱਕ ਲਿਆ ਸੀ।„

ਕਰਮ ਬਰਸਟ ਦੀ ਸਿੱਖੀ ਸੁਰ ਸਿਆਨਣ ਦਾ ਅਰਥ ਲਾਲਾ ਜਗਤ ਨਰਾਇਣ ਦੇ ਪੰਜਾਬੀਅਤ ਵਿਰੋਧੀ ਅਮਲ ਅਣਡਿੱਠ ਕਰਨਾ ਨਹੀਂ ਹੈ।ਇਤਿਹਾਸ ਪੰਜਾਬੀ ਭਾਸ਼ਾ ਦੇ ਤਿੱਖੇ ਵਿਰੋਧੀਆਂ ਤੇ ਹਾਮੀਆਂ ਦੀ ਪਛਾਣ ਲਈ ਬੇਅੰਤ ਸ਼ਹਾਦਤਾਂ ਪ੍ਰਦਾਨ ਕਰਦਾ ਹੈ।ਪੰਜਾਬੀ ਤੇ ਹਿੰਦੀ ਲਈ ਬਹੁਤਾ ਤਿੱਖਾ ਸੰਘਰਸ਼ ਉਰਦੂ ਪੱਤਰਕਾਰੀ ਦਰਮਿਆਨ ਹੋਣਾ ਸਭ ਤੋਂ ਦਿਲਚਸਪ ਸ਼ਹਾਦਤ ਹੈ।ਇਸ ਵਿੱਚ ਲਾਲਾ ਜਗਤ ਨਰਾਇਣ ਤੇ ਸਾਧੂ ਸਿੰਘ ਹਮਦਰਦ, ਦੋਵੇਂ ਸ਼ਾਮਲ ਸਨ।ਓਦੋਂ ਆਰੀਆ ਸਮਾਜੀ ‘ਵੀਰ ਪ੍ਰਤਾਪ' ਤੇ ਕਾਂਗਰਸੀ ‘ਮਿਲਾਪ' ਭਾਸ਼ਾਈ ਆਧਾਰ ਉੱਤੇ ਪੰਜਾਬੀ ਸੂਬੇ ਦੀ ਵਿਰੋਧਤਾ ਲਈ ਇਕਸੁਰ ਸਨ ਅਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ‘ਮਹਾਂ-ਪੰਜਾਬ' ਦੇ ਹਾਮੀ ਸਨ।ਇਹ ਭਾਸ਼ਾ ਆਧਾਰਤ ਸੂਬਾਬੰਦੀ ਖ਼ਿਲਾਫ਼ ‘ਪ੍ਰਗਤੀਸ਼ੀਲ ਨਹਿਰੂ' ਦੇ ਬਦਲ ਚੁੱਕੇ ਰਵੱਈਏ ਦੀ ਪੈਰਵਾਈ ਕਰਦੇ ਸਨ।ਇਹ ਆਰੀਆ ਸਮਾਜੀ-ਕਾਂਗਰਸੀ ਪੱਤਰਕਾਰੀ ਦਹਿਸ਼ਤਗਰਦੀ ਦੇ ਦੌਰ ਵਿੱਚ ਕਮਿਊਨਿਸਟ ਕਾਰਕੁੰਨਾਂ ਦੀ ਬਹਾਦਰੀ ਦਾ ਗੁਣ-ਗਾਨ ਕਰ ਰਹੀ ਸੀ, ਪਰ ਇਹਨੀਂ ਦਿਨੀਂ ‘ਮਿਲਾਪ' ਦੇ ਸੰਪਾਦਕ ਯਸ਼ ਨੇ ਪੰਜਾਬੀ ਲਈ ਦੇਵਨਾਗਰੀ ਲਿੱਪੀ ਦਾ ਝਰੀਆਂ ਵਾਲ਼ਾ ਤਵਾ ਵੀ ਮੁੜ ਵਜਾਇਆ ਸੀ।ਇਸਨੂੰ ‘ਹਿੰਦ ਸਮਾਚਾਰ' ਸਮੂਹ ਦੇ ਤਿੰਨਾਂ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤਾ ਸੀ।ਇਸ ਤੱਥ ਨੂੰ ‘ਸ਼ਹੀਦ ਪਰਿਵਾਰ ਫੰਡ' ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲ਼ੇ ਭਾਸ਼ਨਬਾਜ਼ ਕਮਿਊਨਿਸਟ ਨੇਤਾ ਅਣ-ਡਿੱਠ ਕਰਨ ਦੀ ਅਦਾਕਾਰੀ ਕਰ ਰਹੇ ਸਨ।
 
ਕਰਮ ਬਰਸਟ ਫਾਸੀਵਾਦੀ ਅੰਦੋਲਨ ਨੂੰ ‘ਸਿੱਖ ਸੰਘਰਸ਼' ਆਖਦਾ ਹੈ ਤੇ ਇਸਦਾ ਵਿਰੋਧ ਵੀ ਕਰਦਾ ਹੈ।ਉਸਦੇ ਵਿਰੋਧੀ ਦੀ ਸੁਰ ਅਜਮੇਰ ਸਿੰਘ ਦੀ ਭਾਸ਼ਾ ਵਿੱਚ ਤਰਕ-ਵਿਤਰਕ ਘੜਦੀ ਹੈ।ਇਹ ਨਕਸਲੀ ਸਿੱਖਵਾਦ ਦੀ ਭਾਸ਼ਾ ਹੈ, ਜੋ ਲਾਲਾ ਜਗਤ ਨਰਾਇਣ ਦੇ ਕਾਤਲਾਂ ਨੂੰ ਸੋਨੇ ਨਾਲ਼ ਤੋਲਣ ਦੇ ਬਿਆਨ ਖ਼ਿਲਾਫ਼ ਇਸੇ ਅੰਦਾਜ਼ ਵਿੱਚ ਵਿਰੋਧ ਦਰਜ਼ ਕਰਵਾ ਰਹੀ ਹੈ, “ਜਾਪਦਾ ਹੈ, ਕਿ ਸਾਡੇ ਮੌਜੂਦਾ ਦੌਰ ਦੇ ਸਿੱਖਾਂ ਅੰਦਰ ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ. ਗੁਰਮੁਖ ਸਿੰਘ ਵਰਗਾ ਇੱਕ ਵੀ ਬੁੱਧੀਜੀਵੀ, ਕੋਈ ਕਰਤਾਰੀ ਸੰਤ ਨਹੀਂ ਬਚਿਆ ਸੀ, ਜਿਹੜਾ ਨਿਰੰਕਾਰੀਆਂ, ਖੁੰਭਾਂ ਵਾਂਗ ਉ¥ਠ ਰਹੇ ਡੇਰਾਵਾਦੀਆਂ ਅਤੇ ਸਿੱਖਾਂ ਵਿਰੁੱਧ ਅਖੌਤੀ ਜ਼ਹਿਰ ਫੈਲਾਅ ਰਹੀ ਮਹਾਸ਼ਾ ਪ੍ਰੈਸ ਦਾ ਦਲੀਲ ਨਾਲ਼ ਜਵਾਬ ਦੇ ਸਕਦਾ ਹੋਵੇ।„ ਕਰਮ ਬਰਸਟ ਮਾਰਕਸਵਾਦੀ ਹੋਣ ਦਾ ਦਾਅਵੇਦਾਰ ਹੈ।ਇਸ ਨਜ਼ਰੀਏ ਤੋਂ ਵੇਖਿਆਂ ਸਿੱਖ ਡੇਰਾਵਾਦ ਨਿਰੋਲ ਧਾਰਮਕ ਸਮੱਸਿਆ ਨਹੀਂ ਹੈ, ਸਗੋਂ ਸਿਆਸੀ ਸਮੱਸਿਆ ਵੀ ਹੈ।ਇਹ ਕਰਤਾਰੀ ਸੰਤਾਂ-ਸ਼ਖ਼ਸੀਅਤਾਂ ਦੀ ਕਮੀ ਚੋਂ ਨਹੀਂ ਉਗਮ ਰਿਹਾ।ਇਹ ਜਮਾਤੀ ਨਿਜ਼ਾਮ ਚੋਂ ਉਗਮਦੀ ਨਿਰਾਸ਼ਾ ਵੀ ਹੈ ਅਤੇ ਜਾਤੀਵਾਦੀ ਹਾਉਮੈ ਤੇ ਹੀਣਤਾ ਦੀ ਸਮਾਜਕ ਮਨੋਦਸ਼ਾ ਦੀ ਠੋਸ ਹਕੀਕਤ ਹੈ।
 
ਅਜਮੇਰ ਸਿੰਘ ਦੀਆਂ ਪੁਸਤਕਾਂ ਸਬੰਧੀ ਬਹਿਸ ਵਿੱਚ ਭਰਪੂਰ ਸ਼ਿਰਕਤ ਕਰਨ ਵਾਲ਼ੇ ਪ੍ਰੋ. ਬਲਕਾਰ ਸਿੰਘ ਅਤੇ ਹਰਪਾਲ ਸਿੰਘ ਪੰਨੂੰ ਸੰਤਵਾਦੀ ‘ਸਿੱਖ-ਚਿੰਤਕਾਂ' ਦੇ ਨਿਸ਼ਾਨੇ ਉੱਤੇ ਰਹੇ ਹਨ।ਪ੍ਰੋ. ਬਲਕਾਰ ਸਿੰਘ ਸਿੱਖ ਸੰਸਕਾਰਾਂ ਤਹਿਤ ਸੰਤ ਜਰਨੈਲ ਸਿੰਘ ਭਿਡਰਾਂਵਾਲ਼ੇ ਨੂੰ ‘ਕੌਮੀ ਸ਼ਹੀਦ' ਵੀ ਤਸੱਵੁਰ ਕਰਦੇ ਹਨ ਅਤੇ ਉਸਨੂੰ ਕੇਂਦਰ-ਬਿੰਦੂ ਬਣਾ ਕੇ ਹੋ ਰਹੀ ਫਾਸੀਵਾਦੀ ਸਿੱਖ ਸਿਆਸਤ ਦਾ ਵਿਰੋਧ ਕਰਦੇ ਹਨ।ਇਹ ਪੈਂਤੜਾ ਸੰਤਾਂ ਦੇ ਸਿਆਸੀ ਸਰੋਕਾਰਾਂ ਨੂੰ ਅੱਖੋਂ-ਪਰੋਖੇ ਕਰਨ ਦੀ ਚਿੰਤਨੀ-ਸਿਆਸਤ ਦੇ ਸਹਾਰੇ ਮੱਲਿਆ ਜਾ ਰਿਹਾ ਹੈ।ਪ੍ਰੋ. ਬਲਕਾਰ ਸਿੰਘ ਦੀ ਮਾਨਤਾ ਹੈ, “...ਉਹ ਸਿੱਖ ਸ਼ਹੀਦ ਤਾਂ ਹੈ ਪਰ ਸਿੱਖ ਸਿਆਸਤਦਾਨ ਨਹੀਂ ਹੋ ਸਕਿਆ...ਉਸਦੀ ਜੇ ਕੋਈ ਸਿਆਸਤ ਸੀ ਤਾਂ ਉਸ ਬਾਰੇ ਨਾ ਉਸਦੇ ਹੁੰਦਿਆਂ ਸਿੱਖ-ਸੰਮਤੀ ਸੀ ਅਤੇ ਨਾ ਹੀ ਅੱਜ ਹੈ, ਪਰ ਉਸਦੇ ਪੰਥਕ ਜਾਂ ਟਕਸਾਲੀਆ ਹੋਣ ਬਾਰੇ ਤੇ ਸਿੱਖ ਸ਼ਹੀਦ ਹੋਣ ਬਾਰੇ ਕਦੇ ਕੋਈ ਰੌਲ਼ਾ ਨਹੀਂ ਸੀ।ਜੋ ਵੀ ਸਿਆਸਤ ਸੰਤ ਜੀ ਦੇ ਨਾਮ 'ਤੇ ਹੋ ਰਹੀ ਹੈ, ਉਹ ਉਸਦੀ ਪੰਥਕ ਛਬੀ ਦੀ ਆੜ ਵਿੱਚ ਹੋ ਰਹੀ ਹੈ।ਸੰਤ ਜੀ ਨੇ ਸਿੱਖ ਸਿਆਸਤ ਨੂੰ ਪ੍ਰਭਾਵਤ ਤਾਂ ਕੀਤਾ ਹੈ, ਪਰ ਸਿਆਸਤ ਦੀ ਕੋਈ ਨਵੀਂ ਪਰਤ (ਜਿਵੇਂ ਅਜਮੇਰ ਸਿੰਘ ਨੂੰ ਲਗਦਾ ਹੈ) ਸਾਹਮਣੇ ਨਹੀਂ ਲਿਆਂਦੀ।„ ਇਸ ਦਿਸ਼ਾ ਵਿੱਚ ਹੋਏ ਚਿੰਤਨ ਨੇ ਅਜਮੇਰ ਸਿੰਘ ਦੇ ਅਨਿੰਨ ਭਗਤ ਰਣਜੀਤ ਸਿੰਘ ਝੀਤੇ ਕਲਾਂ ਦੇ ਮਨ ਅੰਦਰਲੇ ਅਗਲੇ-ਪਿਛਲੇ ਗੁੱਸੇ ਨੂੰ ਸ਼ਬਦਾਂ ਵਿੱਚ ਢਾਲ ਦਿੱਤਾ ਹੈ ਤੇ ਲੇਖ ਦਾ ਸਿਰਲੇਖ ਹੈ-‘ਵਿਦਵਾਨ ਬਲਕਾਰ ਸਿੰਘ ਨੂੰ ਗੁੱਸਾ ਕਿਉਂ ਆਉਂਦਾ ਹੈ ?' ਰਣਜੀਤ ਸਿੰਘ ਦੇ ਇੱਕ ਹੋਰ ਹਾਮੀ ਬੀਰ ਸਿੰਘ ਚੌਹਾਨ ਨੂੰ ਇਹ ‘ਬਲਕਾਰ ਸਿੰਘ ਦਾ ਪਿੱਟ-ਪਟਊਆ' ਹੀ ਲਗਦਾ ਹੈ।ਇਸੇ ਕਿਸਮ ਦੀ ਬੋਲ-ਬਾਣੀ ਪਰਮਜੀਤ ਸਿੰਘ ਗਾਜ਼ੀ ਦੀ ਹੈ, ਜਿਸਦੇ ਲੇਖ ਦਾ ਸਿਰਲੇਖ ਹੈ-‘ਪ੍ਰੋ. ਬਲਕਾਰ ਸਿੰਘ ਸਿੱਖਾਂ ਦੀ ਗ਼ੁਲਾਮੀ ਤੋਂ ਮੁਨਕਰ ਕਿਉਂ ?' ਇਨ੍ਹਾਂ ਗੁਸੈਲ ਟਿੱਪਣੀਆਂ ਸੰਗ ਸੰਵਾਦ ਸਿਰਜਣ ਵੇਲ਼ੇ ਪ੍ਰੋ. ਬਲਕਾਰ ਸਿੰਘ ਆਪਣੀਆਂ ਬੁਨਿਆਦੀ ਧਾਰਨਾਵਾਂ ਉ¥ਤੇ ਕਾਇਮ ਰਹਿੰਦੇ ਹਨ ਅਤੇ ਟੌਹੜਾਵਾਦੀ ਸਿਆਸਤ ਦੀ ਪਾਲਣਾ ਵੀ ਕਰਦੇ ਹਨ, “ਸੰਤ ਜੀ ਨੂੰ ਸਿਆਸਤ ਦਾ ਮੋਹਰਾ ਬਣਾ ਕੇ ਨਹੀਂ ਵਰਤਣਾ ਚਾਹੀਦਾ, ਕਿਉਂਕਿ ਉਹ ਸਾਡੀ ਧਾਰਮਕ ਵਿਰਾਸਤ ਦੀ ਸਿੱਖ-ਧਰੋਹਰ ਸਨ„ ਅਤੇ “ਉਨ੍ਹਾਂ ਦੀ ਧਾਰਮਿਕਤਾ ਵਿੱਚ ਸਿਆਸਤ ਓਨੀ ਕੁ ਹੀ ਸੀ, ਜਿੰਨੀ ਕੁ ਗੁਰਮਤਿ ਵਿੱਚ ਸੰਭਵ ਹੋ ਸਕਦੀ ਹੈ।„
 
ਕਰਮਜੀਤ ਸਿੰਘ ਨੇ ਅਜਮੇਰ ਸਿੰਘ ਦੇ ਹਾਮੀਆਂ ਦਾ ਜ਼ਾਹਰਾ ਤੌਰ 'ਤੇ ਪੱਖ ਲਿਆ ਹੈ।ਉਨ੍ਹਾਂ ਦੀਆਂ ਲਿਖਤਾਂ ਇਤਿਹਾਸਕ ਸੰਵਾਦ ਦੀਆਂ ਸੰਭਾਵਨਾਵਾਂ ਤੋਂ ਨਿੱਖੜੀ ਰੂਹ ਦਾ ਰੁਦਨੀ ਸ਼ਬਦ-ਜਾਲ ਹੀ ਲਗਦੀਆਂ ਹਨ।ਉਹ ਕਿਸੇ ‘ਉ¥ਚੇ ਸੁਰਤਿ ਮੰਡਲ ਉ¥ਤੇ' ਸੁਸ਼ੋਭਿਤ ਹੋ ਕੇ ਆਖਦੇ ਹਨ, ਜਦੋਂ “ਸਤਿਕਾਰਯੋਗ ਬੁੱਧੀਜੀਵੀ ਵੀ ਹੇਠਾਂ ਵੱਲ ਤਿਲਕਦੇ ਤੇ ਡਿੱਗਦੇ-ਢਹਿੰਦੇ ਵੇਖੇ ਜਾਂਦੇ ਹਨ।ਅਜਿਹੇ ਸਮੇਂ ਕੌਮਾਂ ਕਿਸੇ ਕਿਸੇ ਦੀਵਾਨੇ ਦੀ ਭਾਲ਼ ਵਿੱਚ ਹੁੰਦੀਆਂ ਹਨ।ਅਕਲਾਂ ਵਾਲ਼ਿਆਂ ਦੀ ਹਾਰ ਤੋਂ ਪਿਛੋਂ ਜੇ ਕੋਈ ਜਨੂੰਨੀ ਮੈਦਾਨ ਵਿੱਚ ਆ ਜਾਵੇ, ਜਿਸ ਦੇ ਅਨੁਭਵ ਵਿੱਚ ਕੌਮ ਦੇ ਸਾਰੇ ਦਰਦ ਉਤਰ ਜਾਣ ਤਾਂ ਸਮਝੋ ਇਤਿਹਾਸ ਨਵਾਂ ਮੋੜ ਕੱਟਦਾ ਹੈ।„ ਇਹ ਇਤਿਹਾਸਕ ਹਕੀਕਤ ਦਾ ਸਾਹਮਣਾ ਕਰਨ ਦੀ ਥਾਂ ਤੱਥਾਂ ਦੇ ਓਹਲੇ ਲੁਕਣ ਦੀ ਕਾਇਰਤਾ ਭਰੀ ਸਿਆਸਤ ਦਾ ਪੈਂਤੜਾ ਹੈ।ਇਹ ਭਾਰਤ ਸਰਕਾਰ ਦੇ ਵਾਈਟ ਪੇਪਰ ਵਿਚਲੇ ਪੈਂਤੜੇ ਤੋਂ ਵੱਖਰੀ ਰਣਨੀਤੀ ਨਹੀਂ ਹੈ, ਜਿਸਨੇ ਮੋਰਚਾਬੰਦੀ ਹੋਈ ਜਾਣ ਦਾ ਇਲਜ਼ਾਮ ਅਕਾਲੀ ਨੇਤਾਵਾਂ ਤੱਕ ਸੀਮਤ ਕਰਨ ਦਾ ਯਤਨ ਕੀਤਾ ਸੀ, ਹਾਲਾਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੇ ਉਭਾਰ ਪਿੱਛੇ ਕਾਂਗਰਸ ਦੀ ਨੀਤੀ ਤੇ ਨੀਅਤ ਇਤਿਹਾਸਕ ਤੱਥ ਹੈ।
 ਅਮਰਜੀਤ ਸਿੰਘ ਗਰੇਵਾਲ ਦਾ ਸਿੱਖੀ ਚਿੰਤਨ, ਜਿਵੇਂ ਪਹਿਲਾਂ ਕਿਹਾ ਹੈ, ਉਤਰ-ਆਧੁਨਿਕਤਾ ਵਿਰੋਧਾਭਾਸੀ ਤਰਕ-ਵਾਕਾਂ ਦੀ ਸਿਆਸਤ ਦਾ ਮੁਜੱਸਮਾ ਹੈ।ਉਸਨੇ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਕਾਂਗਰਸੀ ਨੇਤਾਵਾਂ ਦੇ ਭਾਸ਼ਾ-ਆਧਾਰਤ ਸੂਬਾਬੰਦੀ ਦੇ ਦਰੁਸਤ ਫ਼ੈਸਲੇ ਨੂੰ ਵੀ ਸਿੱਕੇ ਦੇ ਉਲਟੇ ਪਾਸੇ ਵਾਂਗ ਵੇਖਣ ਦਾ ਯਤਨ ਕੀਤਾ ਹੈ।ਜੇ ਕਿਸੇ ਚਿੰਤਕ ਦੀ ਇਤਿਹਾਸਕ ਪਰਖ਼-ਪੜਚੋਲ ਪੁੱਠ-ਸਿੱਧ ਦਾ ਸਵਾਲ ਹੱਲ ਕਰ ਰਹੀ ਹੋਵੇ ਤਾਂ ਤੱਥਾਂ ਨੂੰ ਉਲਟਾਅ-ਪੁਲਟਾਅ ਕੇ ਵੇਖਣਾ ਗ਼ਲਤ ਨਹੀਂ ਹੈ।ਆਜ਼ਾਦ ਭਾਰਤ ਦੇ ਕਾਂਗਰਸੀ ਹੁਕਮਰਾਨ ਸ਼ਰੇਆਮ ਭਾਸ਼ਾਈ ਸੂਬਾਬੰਦੀ ਦੇ ਸਵਾਲ ਉ¥ਤੇ ਵਾਅਦਾ-ਖ਼ਿਲਾਫ਼ੀ ਕਰਦੇ ਹਨ।ਇਹ ਛਾਂਗਿਆ ਹੋਇਆ ਪੰਜਾਬੀ ਸੂਬਾ ਕਾਂਗਰਸੀ ਨੇਤਾਵਾਂ ਦੀ ਨੀਅਤ ਦਾ ਇਤਿਹਾਸਕ ਪ੍ਰਮਾਣ ਹੈ।ਅਮਰਜੀਤ ਸਿੰਘ ਗਰੇਵਾਲ ਲਈ ਭਾਸ਼ਾਈ ਸੂਬਾਬੰਦੀ ਸੋਵੀਅਤ ਯੂਨੀਅਨ ਦੀ ਨਕਲ ਹੈ, ਜਿਸਨੇ ਭਾਰਤ ਨੂੰ ਐਂਵੇ ਹੀ ‘ਬਹੁ-ਕੌਮੀ ਦੇਸ਼' ਬਣਾ ਦਿੱਤਾ ਹੈ ਅਤੇ ਕੌਮੀਅਤਾਂ ਦੀਆਂ ਜ਼ੁਬਾਨਾਂ ਨੂੰ ਮਨਮਾਨੇ ਢੰਗ ਨਾਲ਼ ‘ਖੇਤਰੀ ਨਹੀਂ, ਕੌਮੀ ਜ਼ੁਬਾਨਾਂ ਦਾ ਰੁਤਬਾ ਦਿੱਤਾ ਹੈ।' ਇਸ ਤਰ੍ਹਾਂ “ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ, ਤਾਮਿਲ ਆਦਿ ਭਾਈਚਾਰਿਆਂ ਨੂੰ ਵੀ ਭਾਰਤ ਦੀਆਂ ਸਮਾਨਅੰਤਰ ਕੌਮਾਂ ਦਾ ਰੁਤਬਾ ਮਿਲ਼ ਗਿਆ।ਭਾਰਤ ਇੱਕ ਕੌਮ ਨਾ ਰਹਿ ਕੇ ਬਹੁ-ਕੌਮੀ ਰਾਜ ਪ੍ਰਬੰਧ ਬਣ ਗਿਆ।ਇਨ੍ਹਾਂ ਵੱਖ-ਵੱਖ ਕੌਮਾਂ ਵਿੱਚ ਬੱਝੇ ਲੋਕ ਭਾਰਤ ਦੇ ਸਾਂਝੇ ਨਾਗਰਿਕ ਬਣ ਗਏ।ਨਾਗਰਿਕਤਾ ਅਤੇ ਕੌਮੀਅਤ ਵੱਖ ਹੋ ਗਈਆਂ।ਇਹ ਵਿਰੋਧਾਭਾਸ ਹੈ, ਜਿਸਦਾ ਭਾਰਤ ਸਾਹਮਣਾ ਕਰ ਰਿਹਾ ਹੈ।„
 
ਭਾਰਤ ਬਹੁ-ਕੌਮੀ ਮੁਲਕ ਹੈ।ਇਸ ਦੀਆਂ ਕੌਮੀਅਤਾਂ ਦੀ ਭਾਸ਼ਾ ਕੌਮੀ ਨੂੰ ਬਣਦਾ ਰੁਤਬਾ ਦੇਣਾ ਵਿਰੋਧਾਭਾਸ ਨਹੀਂ ਹੈ, ਸਗੋਂ ਅਸਲ ਵਿਰੋਧਾਭਾਸ ਭਾਰਤੀ ਕੌਮ ਦੀ ਪਰਿਕਲਪਨਾ ਹੈ।ਇਹ ਪਰਿਕਲਪਤ ਕੌਮਵਾਦ ਖੇਤਰੀ ਮੰਗਾਂ-ਉਮੰਗਾਂ ਦੇ ਵਿਰੋਧ ਵਿੱਚ ਸ਼ਾਵਨਵਾਦੀ ਚਿਹਰਾ ਲੈ ਕੇ ਸਾਹਮਣੇ ਆਉਂਦਾ ਹੈ।ਭਾਰਤ ਇੱਕ ਵਿਸ਼ਾਲ ਦੇਸ਼ ਹੈ, ਇਹ ਕੋਈ ਕੌਮ ਨਹੀਂ ਹੈ।ਇਸਨੂੰ ਰੂਸੀ ਕ੍ਰਾਂਤੀ ਤੋਂ ਪਹਿਲਾਂ ਵਾਲ਼ੇ ‘ਕੌਮਾਂ ਦਾ ਜੇਲ੍ਹ-ਖਾਨੇ' ਵਰਗੇ ਹਾਲਾਤ ਨਾਲ਼ ਜੋੜ ਕੇ ਵੇਖਣਾ ਗ਼ਲਤ ਹੈ, ਜਿੱਥੇ ਰੂਸੀ ਕੌਮ ਦਾ ਬਾਕੀਆਂ ਉ¥ਤੇ ਦਾਬਾ ਕਾਇਮ ਸੀ।ਸੋਵੀਅਤ ਸਮਾਜਵਾਦ ਨੂੰ ਕੌਮੀਅਤਾਂ ਦੀ ਸਮੱਸਿਆ ਦੇ ਹੱਲ ਦਾ ਮਾਡਲ ਮੰਨਿਆ ਗਿਆ ਸੀ, ਪਰ ਸਮਾਜਵਾਦ ਨੂੰ ਪਛਾੜ ਵੱਜਦੇ ਹੀ ਕੌਮੀਅਤਾਂ ਬਿਖ਼ਰ ਗਈਆਂ ਹਨ।ਇਹ ਨਹੀਂ ਕਿ ਅਮਰਜੀਤ ਸਿੰਘ ਗਰੇਵਾਲ ਭਾਰਤੀ ਕੌਮਵਾਦ ਦੀ ਤਲਖ਼ ਹਕੀਕਤ ਤੋਂ ਵਾਕਿਫ਼ ਨਹੀਂ ਹਨ।ਫਿਰ ਵੀ ਉਹ ਕੌਮੀਅਤਾਂ ਨੂੰ ਭਾਈਚਾਰੇ ਆਖ ਕੇ ‘ਭਾਰਤ ਦੀਆਂ ਸਮਾਨਅੰਤਰ ਕੌਮਾਂ ਦਾ ਰੁਤਬਾ' ਦੇਣ ਖ਼ਿਲਾਫ਼ ‘ਮੌਲਿਕ ਥੀਸਿਸ' ਘੜ ਰਹੇ ਹਨ।ਇਸ ਤਰਕ-ਵਿਤਰਕ ਵਿੱਚ ਕਦੇ ਤਾਂ “ਸਿੱਖ ਕੌਮ ਨਹੀਂ, ਪੰਥ„ ਹੈ ਅਤੇ ਕਦੇ ਉਹ ਆਖਦੇ ਹਨ, “ਇਹ ਨਹੀਂ ਕਿ ਸਿੱਖ ਕੌਮ ਹੋ ਹੀ ਨਹੀਂ ਸਕਦੀ।ਸਿੱਖੀ ਅਤੇ ਕੌਮੀਅਤ ਵਿਚਕਾਰ ਵਿਰੋਧਾਭਾਸ ਹੈ, ਜਿਸਨੂੰ ਪਾਰ ਕਰਨਾ ਪਵੇਗਾ।ਸਿੱਖੀ ਸਮਿਲਨ (ਇਨਕਲੂਯਨ) ਦਾ ਨਾਮ ਹੈ, ਕੌਮੀਅਤ ਵਰਜਨਾ (ਐਕਸਕਲੂਯਨ) ਵਿਚੋਂ ਨਿਰਮਤ ਹੁੰਦੀ ਹੈ।ਜਿੱਥੇ ਕੋਈ ਵੈਰੀ ਅਤੇ ਬੇਗਾਨਾ ਹੀ ਨਹੀਂ, ਉਥੇ ਕੌਮ ਕਿਵੇਂ ਸਕਦੀ ਹੈ ? ਸਿੱਖਾਂ ਨੂੰ ਕੌਮ ਆਖਣ ਲਈ ਕੌਮ ਦੀ ਧਾਰਨਾ ਰੈਡੀਕਲਾਈਜ਼ ਕਰਨੀ ਪਵੇਗੀ।ਬਾਕੀ ਧਿਰਾਂ ਨੂੰ ਖੂੰਜੇ ਲਗਾ ਕੇ, ਧਨੀ ਕਿਸਾਨੀ ਦੀ ਚੌਧਰ ਥੱਲੇ ਇਕੱਠੇ ਹੋਏ ਨਿੱਜੀ ਹਿੱਤਾਂ ਨੂੰ ਕੌਮ ਨਹੀਂ ਆਖਿਆ ਜਾ ਸਕਦਾ...ਸਿੱਖ ਕੌਮ ਤਦ ਹੀ ਬਣੇਗੀ, ਜਦੋਂ ਉਸ ਦੀਆਂ ਆਰਥਕ, ਰਾਜਨੀਤਕ ਅਤੇ ਸੰਸਕ੍ਰਿਤਕ ਫ਼ੈਸਲੇ ਲੈਣ ਵਾਲ਼ੀਆਂ ਸੰਸਥਾਵਾਂ ਵਿੱਚ ਸਭਨਾਂ ਧਿਰਾਂ ਦੀ ਬਰਾਬਰ ਸ਼ਮੂਲੀਅਤ ਹੋਵੇ।„ ਫਿਰ ਉਹ ਆਪਣੇ ਉਸਾਰੇ ਸਿੱਖ ਕੌਮ ਦੇ ਸੰਕਲਪ ਨੂੰ ਵੀ ਉਡਾ ਦਿੰਦੇ ਹਨ, ਜਦੋਂ ਆਖਦੇ ਹਨ, “ਕੌਮ ਹੁੰਦੀ ਨਹੀਂ ਹੈ, ਹੈਜਮੌਨਿਕ ਸੰਘਰਸ਼ ਰਾਹੀਂ ਲਿਖਤ ਵਾਂਗ ਪੈਦਾ ਹੁੰਦੀ ਹੈ।„
 
ਅਮਰਜੀਤ ਸਿੰਘ ਗਰੇਵਾਲ਼ ਜਿਸ ਅਮਲ ਵਿਚੋਂ ਸਿੱਖ ਕੌਮ ਦੇ ਨਿਰਮਾਣ ਦੀ ਸੰਭਾਵਨਾ ਵਿਅਕਤ ਕਰਦੇ ਹਨ, ਉਹ ਡਾ. ਗੁਰਭਗਤ ਸਿੰਘ ਦੀ ‘ਸਿੱਖ ਸਰਦਾਰੀ ਵਾਲ਼ੀ ਪੰਜਾਬੀ ਕੌਮ' ਨੂੰ ਵੀ ਪਛਾੜਦਾ ਹੈ।ਇਹ ‘ਹੈਜਮੌਨਿਕ ਸੰਘਰਸ਼' ਵਿੱਚੋਂ ਨਿਰਮਤ ਸਿੱਖ ਕੌਮ ਵੀ ਹਰਫ਼-ਏ-ਆਖਰ ਨਹੀਂ ਹਨ।ਉਨ੍ਹਾਂ ਮੁਤਾਬਕ “ਗੁਰੂ ਸਾਹਿਬ ਉਦਾਰਵਾਦੀ ਨੈਤਿਕਤਾ ਦਾ ਨਿਰਮਾਣ ਤਾਂ ਕਰਦੇ ਹਨ, ਪਰ ਉਦਾਰਵਾਦੀ ਨੈਤਿਕਤਾ ਅਤੇ ਜਮਹੂਰੀਅਤ ਵਿਚਕਾਰ ਸਾਂਝ ਪੈਦਾ ਨਹੀਂ ਕਰਦੇ।„ ਇਹ ਨੈਤਿਕਤਾ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ' ਦਾ ਆਦਰਸ਼ਵਾਦੀ ਸੰਕਲਪ ਹੈ, ਜਿਸ ਬਾਬਤ ਗਰੇਵਾਲ ਦੀ ਦੋ-ਟੁੱਕ ਰਾਇ ਹੈ, “ਕੋਈ ਵੀ ਨੈਤਿਕਤਾ ਹਰਾਮ ਦੀ ਕਮਾਈ ਨੂੰ ਹਲਾਲ ਵਿੱਚ ਤਬਦੀਲ ਨਹੀਂ ਕਰ ਸਕਦੀ।ਸਿੱਖ ਕੌਮ ਦਾ ਨਿਰਮਾਣ ਤਾਂ ਹਰ ਹੀਲੇ ਪਰਾਇਆ ਹੱਕ ਖਾਣ ਵਾਲ਼ੀਆਂ ਧਿਰਾਂ ਦੀ ਵਰਜਨਾ (ਐਕਸਕਲੂਯਨ) ਉ¥ਪਰ ਹੀ ਟਿਕੇਗਾ।ਸਿੱਖ ਕੌਮ ਦੀ ਧਾਰਨਾ ਅਜਿਹੇ ਮੁੱਢਲੇ ਟਕਰਾਵਾਂ ਅਤੇ ਉਨ੍ਹਾਂ ਨਾਲ਼ ਜੁੜੀ ਸੱਤਾ ਨੂੰ ਕੇਂਦਰ ਵਿੱਚ ਲੈ ਆਉਂਦੀ ਹੈ।ਕਿਉਂਕਿ ਸਮਾਜਕ ਯਥਾਰਥ ਸੱਤਾ ਰਾਹੀਂ ਨਿਰਮਤ ਹੁੰਦਾ ਹੈ, ਇਸ ਲਈ ਹਮੇਸ਼ਾ ਰਾਜਨੀਤਕ ਹੁੰਦਾ ਹੈ ਅਤੇ ਮਹਿਰੂਮ ਧਿਰਾਂ ਦੀ ਵਰਜਨਾ ਉੱਪਰ ਟਿਕਿਆ ਹੁੰਦਾ ਹੈ।„

ਇਸ ਤਰ੍ਹਾਂ ਅਮਰਜੀਤ ਸਿੰਘ ਗਰੇਵਾਲ ਸਿੱਖ ਕੌਮ ਦੀ ਸਥਾਪਨਾ ਲਈ ਤਰਕ ਘੜ ਰਹੇ ਹਨ ਤੇ ਉਨ੍ਹਾਂ ਨੂੰ ਨਾਕਾਰ ਵੀ ਰਹੇ ਹਨ।ਇਹਦੇ ਨਾਲ਼ ਹੀ ਇਹ ਵੀ ਦੱਸ ਰਹੇ ਹਨ, “ਗੁਰੂ ਨਾਨਕ ਵੀ ਤਾਂ ਕੌਮ ਦਾ ਹੀ ਨਿਰਮਾਣ ਕਰ ਰਹੇ ਸਨ„ ਅਤੇ ਇਹ ਸਿੱਖ ਕੌਮ ਨਹੀਂ ਸੀ, ਸਗੋਂ ‘ਭਾਰਤੀ ਕੌਮ' ਸੀ, ਜਿਸਦੇ ਉਹ “ਨਵ-ਨਿਰਮਾਣ ਵਿੱਚ ਜੁੱਟੇ ਹੋਏ ਸਨ।ਨਵ-ਨਿਰਮਾਣ ਦੇ ਉਸ ਪ੍ਰਾਜੈਕਟ ਵਿੱਚ, ਜਿਸਨੂੰ ਅਸੀਂ ਜਾਰੀ ਨਾ ਰੱਖ ਸਕੇ।ਇਸਦੀ ਗ਼ੈਰ-ਹਾਜ਼ਰੀ ਕਾਰਨ ਦੱਖਣੀ ਏਸ਼ੀਆ ਸੰਗਠਿਤ ਨਾ ਰਹਿ ਸਕਿਆ ਅਤੇ ਭਾਰਤ ਦੇ ਲੋਕ ਕੇਵਲ ਭਾਰਤ ਦੇ ਨਾਗਰਿਕ ਹੀ ਬਣੇ, ਕੌਮ ਨਾ ਬਣ ਸਕੇ।„ ਇਹ ‘ਹੈਜਮੌਨਿਕ ਸੰਘਰਸ਼' ਸਦਕਾ ਭਾਰਤੀ ਕੌਮ ਸਾਕਾਰ ਕਰਨ ਦੀ ਜ਼ਿਦ ਹੀ ਪਰਿਕਲਪਤ ਭਾਰਤੀ ਕੌਮਵਾਦ ਹੈ।ਇਹ ਖੇਤਰੀ ਪਛਾਣਾਂ ਖ਼ਿਲਾਫ਼ ਹਮਲਾਵਰ ਵਿਚਾਰ ਹੈ ਤੇ ਪਰਿਕਲਪਤ ਹੋ ਵੀ ਪਦਾਰਥਕ ਸ਼ਕਤੀ ਦੀ ਸ਼ਕਲ ਧਾਰ ਚੁੱਕਾ ਹੈ।ਇਸਦਾ ਅਹਿਸਾਸ ਜਾਗਦੇ ਹੀ ਗਰੇਵਾਲ ਬਹੁ-ਕੌਮੀ ਭਾਰਤ ਦੇ ਹਾਮੀ ਹੋ ਜਾਂਦੇ ਹਨ, “...ਇਸ ਰਾਜ-ਮੁਕਤ ਰਾਸ਼ਟਰਵਾਦ ਦੇ ਸਥਾਨਕ ਰੂਪ ਨੂੰ ਖੇਤਰੀਵਾਦ ਦਾ ਨਾਮ ਦੇ ਕੇ ਭੰਡਣ ਸਮੇਂ ਭੁੱਲ ਜਾਂਦੇ ਹਾਂ ਕਿ ਸਥਾਨਕ ਸਮੱਸਿਆਵਾਂ ਨਹੀਂ, ਭਾਰਤ ਦੀਆਂ ਸਮੱਸਿਆਵਾਂ ਹਨ ਅਤੇ ਇਹਨਾਂ ਨੂੰ ਬਹੁ-ਕੌਮੀ ਰਾਸ਼ਟਰਵਾਦ ਦੇ ਪਰਿਪੇਖ ਵਿੱਚ ਰੱਖ ਕੇ ਹੀ ਦੇਖਣਾ ਪਵੇਗਾ।„ ਪੰਜਾਬ ਵਿੱਚ ਸਿੱਖ ਪੰਥ ਦੇ ਕੌਮ ਵਿੱਚ ਰੂਪਾਂਤਰਣ ਲਈ ਚੱਲ ਰਿਹਾ ‘ਹੈਜਮੌਨਿਕ ਸੰਘਰਸ਼' ਪੰਜਾਬੀ ਕੌਮੀਅਤ ਦੀ ਧਾਰਨਾ ਦੀ ਇਤਿਹਾਸਕ ਤੌਹੀਨ ਹੈ ਅਤੇ ਹਿੰਦੁਤਵਵਾਦੀ ਸ਼ਕਤੀਆਂ ਦੇ ਹੈਜਮੌਨਿਕ ਸੰਘਰਸ਼ ਰਾਹੀ ‘ਹਿੰਦੀ-ਹਿੰਦੂ-ਹਿੰਦੋਸਤਾਨ' ਦਾ ਨਾਅਰਾ ਉਛਾਲਣ ਦੀ ਪੂਰਕ ਵਿਚਾਰਧਾਰਾ ਹੈ।ਇਹ ਨਾਅਰਾ ਬਹੁ-ਕੌਮੀ ਭਾਰਤ ਦੀਆਂ ਖੇਤਰੀ ਪਛਾਣਾਂ ਲਈ ਖ਼ਤਰੇ ਦੀ ਘੰਟੀ ਬਣ ਜਾਂਦਾ ਹੈ।
 
ਡਾ. ਪਰੇਮ ਸਿੰਘ, ਜਿਨ੍ਹਾਂ ਦਾ ਸਮੀਖਿਆ ਲੇਖ ‘ਇਤਿਹਾਸ ਤੇ ਸਮਕਾਲ ਦਾ ਅੰਤਰਮੁਖੀ ਨਿਰਣਾ' ਵਿਵਾਦਤ ਬਹਿਸ ਦਾ ਆਗ਼ਾਜ਼ ਕਰਨ ਵਿੱਚ ਸਹਾਈ ਹੋਇਆ ਹੈ, ‘ਹਮ ਹਿੰਦੂ ਨਹੀਂ' ਦੇ ਇਤਿਹਾਸਕ ਵਿਵਾਦ ਦੇ ਸੰਦਰਭ ਵਿੱਚ ਆਖਦੇ ਹਨ ਕਿ ਇਹ “ਵਿਵਾਦ ਚਲਦਾ ਰਹਿ ਸਕਦਾ ਸੀ, ਪਰ ਇਸ ਨੂੰ ਸੰਵਾਦ ਤੋਂ ‘ਫਸਾਦ' ਬਣਾਉਣ ਦੀ ਲੋੜ ਨਹੀਂ ਸੀ, ਜਿਵੇਂ ਅਜਮੇਰ ਸਿੰਘ ਪੇਸ਼ ਕਰ ਰਿਹਾ ਹੈ।„ ਇਹ ਭਾਵੁਕਤਾ ਦੀ ਚਾਸ਼ਨੀ 'ਚ ਘੁਲ਼ੀ ਦਲੀਲ ਹੈ।ਇਸਨੂੰ ਇਤਿਹਾਸਕ ਨਿਰਣਾ ਤਸੱਵੁਰ ਕਰਨਾ ਸੰਭਵ ਨਹੀਂ ਹੈ।ਉਹ ਸਿੰਘ ਸਭਾਈ ਚਿੰਤਨ ਦੇ ਬਸਤੀਵਾਦੀ ਸਰੋਕਾਰਾਂ ਨੂੰ ਅਣਡਿੱਠ ਕਰ ਰਹੇ ਹਨ ਅਤੇ ਇਹ ਚਿੰਤਨ ਹੀ ਅਜਮੇਰ ਸਿੰਘ ਦੀ ਇਤਿਹਾਸਕਾਰੀ ਦਾ ਮੂਲ ਸਰੋਕਾਰ ਹੈ, ਹਾਲਾਂਕਿ ਉਹ ਸਿੰਘ ਸਭਾ ਲਹਿਰ ਦਾ ਸਵਾਲ-ਰਹਿਤ ਹਾਮੀ ਨਹੀਂ ਹੈ।ਡਾ. ਪਰੇਮ ਸਿੰਘ ਦੀਆਂ ਭਾਵਨਾਮੂਲਕ ਧਾਰਨਾਵਾਂ ਇਤਿਹਾਸਕ ਨਜ਼ਰੀਏ ਤੋਂ ਵਿੱਥ ਸਿਰਜ ਰਹੀਆਂ ਹਨ।ਉਹ 19ਵੀਂ ਤੇ 20ਵੀਂ ਸਦੀ ਦੇ ਆਰ-ਪਾਰ ਫੈਲਦੇ ਹਿੰਦੂ-ਸਿੱਖ ਹੋਂਦ ਦੇ ਵਿਵਾਦ ਬਾਬਤ ਆਖਦੇ ਹਨ, “ਜੇ ਹਿੰਦੂਆਂ ਦਾ ਇੱਕ ਪ੍ਰਭਾਵੀ ਤਬਕਾ ਸਿੱਖਾਂ ਨੂੰ ਆਪਣਾ ਅੰਗ ਕਹਿੰਦਾ ਸੀ ਤਾਂ ਇਸ ਉ¥ਤੇ ਸੀਖ਼-ਪਾਅ ਹੋਣ ਦੀ ਐਡੀ ਲੋੜ ਨਹੀਂ ਸੀ„ ਜਾਂ ਫਿਰ “ਇਹ ਪੁਜ਼ੀਸ਼ਨ ਤਾਂ ਸਿੱਖਾਂ ਲਈ ਮਾਣ ਦੀ ਗੱਲ ਵੀ ਬਣ ਸਕਦੀ ਸੀ ਕਿ ਹਿੰਦੂ ਆਗੂ ਉਨ੍ਹਾਂ ਨੂੰ ਆਪਣੇ ਹੀ ਧਰਮ ਦਾ ਅੰਗ ਮੰਨਦੇ ਸਨ।„ ਇਹ ਆਰੀਆ ਸਮਾਜੀ ਤੇ ਸਿੰਘ ਸਭਾਈ ਵਿਚਾਰਧਾਰਾ ਦੇ ਤਣਾਅ ਅਤੇ ਬਸਤੀਵਾਦੀ ਇਤਿਹਾਸਕਾਰੀ ਨੂੰ ਦੀ ਨੀਤੀ ਤੇ ਨੀਅਤ ਨੂੰ ਅਣਡਿੱਠ ਕਰਦਾ ਆਦਰਸ਼ਵਾਦ ਹੈ।
 
ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਦੀ ਸਿਆਸਤ ਦੀ ਗੱਲ ਕਰਦੇ ਹਾਂ।ਉਹ ਰਵਾਇਤੀ ਸਿਆਸਤਦਾਨ ਨਹੀਂ ਸੀ ਅਤੇ ਨਾ ਹੀ ਅਧਿਆਮਵਾਦੀ ਸੰਤਤਵ ਦੇ ਸੁਭਾਅ ਵਾਲ਼ੀ ਸਾਦਾ ਦਿਲ ਸ਼ਖ਼ਸੀਅਤ ਸੀ।ਉਸਦੀ ਅੰਤਰਮੁਖੀ ਰਣਨੀਤੀ ਹੀ ਸਿਆਸਤ ਦਾ ਆਧਾਰ ਸੀ।ਉਸਦਾ ਸੰਤਤਵ ਇਸ ਕਦਰ ਮਾਸੂਮ ਨਹੀਂ ਸੀ ਕਿ ਉਸਨੂੰ ਹਰਿਮੰਦਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ, ਜਿਨ੍ਹਾਂ ਵਿੱਚ ਅਕਾਲ ਤਖ਼ਤ ਸਾਹਿਬ ਵੀ ਸ਼ਾਮਲ ਹੈ, ਦੀ ਫ਼ੌਜੀ ਮੋਰਚਾਬੰਦੀ ਦੇ ਖ਼ਤਰਨਾਕ ਅਰਥਾਂ ਦਾ ਇਲਮ ਹੀ ਨਾ ਹੋਵੇ।ਉਸਦੇ ਸਿਪਾਹ-ਸਲਾਰ ਜਨਰਲ ਸ਼ੁਬੇਗ ਸਿੰਘ ਵੀ ਭੋਲ਼ੇ ਪੰਛੀ ਨਹੀਂ ਸਨ, ਜਿਸਨੂੰ ਭਾਰਤੀ ਸੈਨਾ ਦਾ ਹਮਲਾ ਹੋਣ ਦੀ ਸੂਰਤ ਵਿੱਚ ਘਿਰੇ ਹੋਏ ਸਿੱਖ ਨੌਜਵਾਨਾਂ ਦੀ ਹੋਣੀ ਦਾ ਗਿਆਨ ਨਾ ਹੋਵੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਥਿੜਕੇ ਹੋਏ ਨਕਸਲੀ ਨੌਜਵਾਨ ਨਛੱਤਰ ਸਿੰਘ ਰੋਡੇ ਨੂੰ ਲਾਲਾ ਜਗਤ ਨਰਾਇਣ ਦੇ ਕਤਲ ਲਈ ਵਰਤਦਾ ਹੈ ਅਤੇ ਕੇਂਦਰੀ ਸੱਤਾ ਖ਼ਿਲਾਫ਼ ਭਰੇ-ਪੀਤੇ ਜਨਰਲ ਸ਼ੁਬੇਗ ਸਿੰਘ ਦਾ ਆਪਣੇ ਉਦੇਸ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ।ਇਹ ਅੰਤਾਂ ਦੀ ਚੁਸਤੀ ਭਰੀ ਰਣਨੀਤੀ ਸੀ।ਇਸਨੂੰ ਨਾਸਤਿਕਤਾ ਵਿਰੋਧੀ ਸਿੱਖ ਸੰਕਲਪਾਂ ਜਾਂ ਹਰਿਮੰਦਰ ਸਾਹਿਬ ਪ੍ਰਤੀ ਮਾਸੂਮ ਸਿੱਖ ਆਸਥਾ ਦੇ ਆਈਨੇ ਵਿੱਚ ਰੱਖ ਕੇ ਸਮਝਣਾ ਸੰਭਵ ਨਹੀਂ ਹੈ।ਸੰਤਾਂ ਦੀ ਸਿਆਸਤ ਦਾ ਅੰਤਿਮ ਉਦੇਸ਼ ਖ਼ਾਲਿਸਤਾਨ ਸੀ ਤੇ ਇਹ ਮੋਰਚਾਬੰਦੀ ਤੈਅਸ਼ੁਦਾ ਸੁਪਨਸਾਜ਼ੀ ਲਈ ਰਣਨੀਤੀ ਸੀ।ਸੰਤ ਕਈ ਵਾਰ  ‘ਹਰਿਮੰਦਰ ਸਾਹਿਬ ਉ¥ਤੇ ਹਮਲੇ ਨੂੰ ਖ਼ਾਲਿਸਤਾਨ ਦੀ ਨੀਂਹ ਧਰਨ ਦੀ ਕਾਰਵਾਈ' ਦਰਸਾ ਚੁੱਕੇ ਸਨ।ਉਨ੍ਹਾਂ ਨੂੰ ਲਗਦਾ ਸੀ ਕਿ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਅਤੇ ਹਰਿਮੰਦਰ ਸਾਹਿਬ ਉੱਤੇ ਭਾਰਤੀ ਫ਼ੌਜ ਦਾ ਹਮਲਾ ਵਿਆਪਕ ਬਗ਼ਾਵਤੀ ਰੋਹ-ਵਿਦਰੋਹ ਨੂੰ ਜਨਮ ਦੇ ਸਕਦਾ ਹੈ।ਇਹ ਇਤਿਹਾਸਕ ਦੂਰ-ਦ੍ਰਿਸ਼ਟੀ ਤੋਂ ਕੋਰੀ ਸੁਪਨਸਾਜ਼ੀ ਸੀ, ਜੋ ਤੱਤਕਾਲੀ ਹਕੀਕਤਾਂ ਸਾਹਮਣੇ ਮਾਤ ਖਾ ਜਾਂਦੀ ਹੈ।ਇਹ ਨਾ ਤਾਂ ਉਚੇਰੀ ਸਿਆਸੀ-ਸਮਾਜੀ ਸੂਝ ਦਾ ਪ੍ਰਗਟਾਵਾ ਸੀ, ਨਾ ਯੁੱਧਨੀਤਕ ਪੱਖ ਤੋਂ ਦਰੁਸਤ ਸੀ ਅਤੇ ਨਾ ਹੀ ਇਸਨੂੰ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਵਾਜਿਬ ਠਹਿਰਾਇਆ ਜਾ ਸਕਦਾ ਹੈ।ਗੱਲ ਕੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਉਸ ਕਿਸਮ ਦਾ ‘ਅਦੁੱਤੀ ਵਰਤਾਰਾ' ਨਹੀਂ ਸੀ, ਜਿਵੇਂ ਦਾ ਅਜਮੇਰ ਸਿੰਘ ਦੀ ਸਿਆਸਤ ਚੋਂ ਨਜ਼ਰ ਆਉਂਦਾ ਹੈ।ਇਤਿਹਾਸਕ ਅਦੁੱਤੀ ਵਰਤਾਰੇ ਮੌਲਿਕ ਚਿੰਤਨ ਚੋਂ ਵਾਪਰਦੇ ਹਨ।ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮੌਲਿਕ ਚਿੰਤਕ ਨਹੀਂ ਸੀ।ਉਹ ਹਾਜ਼ਰ-ਜਵਾਬੀ ਦਾ ਉਸਤਾਦ ਸੀ ਤੇ ਹਾਜ਼ਰ-ਜਵਾਬੀ ਸ਼ਾਬਦਿਕ ਯੁੱਧ ਤੱਕ ਹੀ ਸ਼ਕਤੀਸ਼ਾਲੀ ਹਥਿਆਰ ਹੁੰਦੀ ਹੈ।
 
ਬਿਲਿਊ ਸਟਾਰ ਅਕਾਲੀ-ਕਾਂਗਰਸੀ ਸਿਆਸਤ ਚੋਂ ਉਗਮਿਆ ਦੁਖਾਂਤ ਸੀ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਿਆਸੀ ਕਤਲ ਜੂਨ 1984 ਦਾ ਪ੍ਰਤੀਕਰਮ ਸੀ।ਇਸਦੇ ਪ੍ਰਤੀਕਰਮ ਵਜੋਂ ਨਵੰਬਰ 1984 ਦਾ ਸਿੱਖ-ਵਿਰੋਧੀ ਕਤਲੇਆਮ ਸਾਹਮਣੇ ਆਉਂਦਾ ਹੈ।ਇਸ ਤਰ੍ਹਾਂ 1984 ਸਿੱਖ ਮਾਨਸਿਕਤਾ ਨੂੰ ਜ਼ਖ਼ਮੀ ਕਰਨ ਵਾਲ਼ਾ ਸਾਲ ਸੀ।ਇਸਨੇ ਸਿੱਖ ਨੌਜਵਾਨਾਂ ਦੇ ਤਰਕਹੀਣ ਰੋਹ ਨੂੰ ਅੰਨ੍ਹੀਆਂ ਬੰਦੂਕਾਂ ਦਾ ਮੁਕੰਮਲ ਗ਼ੁਲਾਮ ਬਣਾ ਦਿੱਤਾ ਸੀ।ਅਜਮੇਰ ਸਿੰਘ ਇਸੇ ਨੂੰ ਸਿੱਖ ਸੰਘਰਸ਼ ਦਾ ਨਾਂ ਦੇ ਕੇ ਇਤਿਹਾਸ ਦੀ ਰਾਜਨੀਤੀ ਕਰ ਰਿਹਾ ਹੈ।ਇਸ ਸਿਲਸਿਲੇ ਤਹਿਤ ਤਿੰਨ ਪੁਸਤਕਾਂ ਆ ਚੁੱਕੀਆਂ ਹਨ ਤੇ ਉਨ੍ਹਾਂ ਦਰਜਨਾਂ ਪੁਸਤਕਾਂ ਵਿੱਚ ਸ਼ਾਮਲ ਹਨ, ਜੋ ਸੰਕੇਤ ਕਰ ਰਹੀਆਂ ਹਨ ਕਿ 21ਵੀਂ ਸਦੀ ਦਾ ਪੰਜਾਬ ਸਿੱਖ ਸਭਿਆਚਾਰਕ ਰਾਸ਼ਟਰਵਾਦ ਦੀ ਮਾਰ ਸਹਿਣ ਲਈ ਸਰਾਪਿਆ ਜਾ ਚੁੱਕਾ ਹੈ, ਜਿਵੇਂ ਸਮੁੱਚਾ ਭਾਰਤ ਹਿੰਦੁਤਵਵਾਦੀ ਰਾਸ਼ਟਰਵਾਦ ਦਾ ਸ਼ਿਕਾਰ ਬਣਦਾ ਨਜ਼ਰ ਆ ਰਿਹਾ ਹੈ।ਇਹ ਸੰਕੀਰਨਤਾਵਾਦੀ ਰਾਸ਼ਟਰਵਾਦ ਸਿਆਸੀ ਬੋਲ-ਬਾਣੀ ਵਿੱਚ ਤਿੱਖੀ ਵਿਰੋਧਤਾ ਦਰਸਾਉਂਦੇ ਹਨ ਅਤੇ ਸੂਖ਼ਮ ਪੱਧਰ ਉੱਤੇ ਫਾਸੀਵਾਦੀ ਪ੍ਰਵਿਰਤੀ ਦੇ ਪੂਰਕ ਵਜੋਂ ਸਹਾਈ ਹੋਣ ਜਾ ਰਹੇ ਹਨ।ਇਹ ਸਿਲਸਿਲਾ ਭਾਰਤੀ ਨਿਜ਼ਾਮ ਦੀ ਕ੍ਰਾਂਤੀਕਾਰੀ ਤਬਦੀਲੀ ਲਈ ਅਤੀਤ ਤੋਂ ਮੁਕਤ ਨਵੀਆਂ ਸੰਭਾਵਨਾਵਾਂ ਦੇ ਸਾਕਾਰ ਹੋਣ ਤੱਕ ਚਲਦਾ ਰਹੇਗਾ।

ਸੰਪਰਕ: 98148 03773

Comments

Sukhwinder Sran

very nice g

Parminder Singh Shonkey

ਅਜਮੇਰ ਸਿੰਘ ਇਸ ਚ ਕੋਈ ਦੋ ਰਾਵਾਂ ਨਹੀਂ ਕਿ ਅਪਣੀਆਂ ਸਿੱਖ ਇਤਿਹਾਸਕਾਰੀ ਨਾਲ ਸੰਬੰਧਿਤ ਤਿੰਨੋਂ ਪੁਸਤਕਾਂ ਚ ਪੂਰੀ ਤਰਾਂ ਨਿਰਪੱਖਤਾ ਸਹਿਤ ਸਾਹਮਣੇ ਨਹੀਂ ਆ ਸਕਿਆ ਇਸ ਪਿੱਛੇ ਉਸਦਾ ਪਿਛੋਕੜ ਕੰਮ ਕਰਦਾ ਹੈ ਜਾਂ ਫਿਰ ਦਿਮਾਗੀ ਸ਼ੈਤਾਨੀਪਣ ਪਰ ਜਿਸ ਤਰਾਂ ਉਸ ਦੀਆਂ ਪੁਸਤਕਾਂ ਨੂੰ ਹੁੰਗਾਰਾ ਮਿਲਿਆ ਹੈ ਉਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਸਿੱਖ ਬੌਧਿਕਤਾ ਕਿਥੇ ਕੁ ਖੜੀ ਹੈ ਅੱਜ ਹਾਲਾਤ ਇਹ ਹਨ ਕਿ ਇਹਨਾਂ ਪੁਸਤਕਾਂ ਨੂੰ ਸਿੱਖ ਗਰਮ ਦਲੀਏ ਅਪਣਾ ਆਖਰੀ ਲਿਖਤ ਇਤਿਹਾਸ ਸਵੀਕਾਰ ਕਰ ਰਹੇ ਹਨ ਪਿਛੇ ਜਿਹੇ ਅਜਮੇਰ ਸਿੰਘ ਦੀਆਂ ਇਹਨਾਂ ਪੁਸਤਕਾਂ ਬਾਬਤ ਹਰਜਿੰਦਰਮੀਤ ਸਿੰਘ ਨੇ ਅਤਿੰਦਰਪਾਲ ਸਿੰਘ ਵੱਲੋਂ ਸੰਪਾਦਿਤ ਕੀਤੇ ਜਾਦੇ ਰਸਾਲੇ '' ਕੌਮੀ ਸੂਰਾ'' ਚ ਵੀ ਇੱਕ ਵੱਡ ਆਕਰੀ ਲੇਖ ਪ੍ਰਕਾਸ਼ਿਤ ਕਰਵਾਏ ਸਨ ਜਿਨਾਂ ਦਾ ਮਨੋਰਥ ਵੀ ਸ਼ਬਦੀਸ਼ ਵਾਗਰਾਂ ਅਜਮੇਰ ਸਿੰਘ ਨੂੰ ਇੱਕ ਪੱਖਪਾਤੀ ਇਤਹਿਾਸਕਾਰ ਸਾਬਤ ਕਰਨਾ ਸੀ ਪਰ ਕਿਉਂਕਿ ਸਾਡਾ ਸਿੱਖ ਸਮਾਜ ਅਜੇ ਸੱਚਾਈ ਪਸੰਦ ਨਹੀਂ ਬਣਿਆ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਉਹ ਅਜਿਹੇ ਵਿਚਾਰਾਂ ਦੀ ਕੋਈ ਆਉ ਭਗਤ ਕਰੇਗਾ ਵੇਸੈ ਵੀ ਸ਼ਬਦੀਸ਼ ਹੋਰਾਂ ਨੇ ਅਪਣੇ ਇਸ ਲੇਖ ਚ ਅਜਮੇਰ ਸਿੰਘ ਦੇ ਪਿਛੋਕੜ ਨੂੰ ਹੀ ਜਿਆਦਾ ਅਹਿਮੀਅਤ ਦਿੱਤੀ ਹੈ ਉਸਦੀਆਂ ਪੁਸਤਕਾਂ ਦਾ ਕੋਈ ਖਾਸ ਆਲੋਚਨਾਤਮਿਕ ਅਧਿਐਨ ਨਹੀਂ ਕੀਤਾ ਸ਼ਾਇਦ ਉਹਨਾਂ ਦਾ ਨਿਸ਼ਾਨਾ ਅਜਮੇਰ ਸਿੰਘ ਦੀ ਸਿੱਖ ਇਤਿਹਾਸਕਾਰੀ ਦੀ ਆਲੋਚਨਾ ਨਹੀਂ ਅਜਮੇਰ ਸਿੰਘ ਦੀ ਆਲੋਚਨਾ ਜਿਆਦਾ ਰਿਹਾ

raman sharma

gall wicho kuj v nahi sab shabda da hair fair hai.....jaker j.s.kawal caaaamret pakhi likhe tan sachwadi, nahi tan gupwadi ahi haal ajmer singh da hai jina chir caaaamreta naal riha sach wadi jad us nu ahna de asliat pata lag gai hun o gup wadi ah ......

raman sharma

baki ah tutpunje jihe laikhka nu pata lag gia k jaker suhi sawer tai es tarha de laikh pawange tan changi bahes howegi ate oh mufet wich mashour ho jange ahi karke ah 6 no. de anku ne ah laikh paya jina wad raola ohne mashouri hor ajj ahne cher baad ajmer singh es di....dhandian wadin lag pia....??

karnail singh dhaliwal

camred laikhka nu jada gusa ah hai k ajmer singh sada sath shad k sikh jagat da akhan da tara kio bhan gya???? ase karke ah anku de jaan nikle jandi hai 22 caamreto ajo sikh kaom wich asi tuhade v ijet karange shado khaida apni dunya wicho mer chuki dhara da.....

Gurinder Singh

lala jagat naraian paatarkaari de na te ki ki gul khilanda reha es da koi jawab nahin, kuz ikka dukka di galtiyan layi hazaraan di taadaat ch fake encounter karne, Arya samajiyan walon hindi hindu hinduwaad de naare laaone , es bare koi jawab nahin. Haan bhindranwale ne hatheyaar chukkan di gal kiti tan insaaniyat te taraq di gal chete aa gayi. Sach hi keha ke lokan kol sach sunan di himmat nahin. Jidhron chaar siftan mildiyan hon ihna de haq ch likh maro.

Gurinder Singh

Rahi gal 1978 de kaand di tan meinu ajj pata laggeya hai ke sikhan ne pehlan hamla kita si. baaki rabb hi jande ke sachh ki si, nithathe sikhan te hamle hoya yaan hatheyarband te..

ਇਕਬਾਲ

ਸੋਹਣਾ ਲੇਖ ਹੈ ਹੁਣੇ ਹੀ ਸਿੱਖ ਕੌਮ ਹੋਣੀ ਤੇ ਹਸਤੀ ਪੜ੍ਹਕੇ ਹਟਿਆ ਸਾਂ ਜਿਸ ਬਾਰੇ ਇਹ ਲੇਖ ਹੈ ਅਭੈ ਸਿੰਘ ਬਾਰੇ ਹੋਰ ਖੁੱਲਕੇ ਗੱਲ ਕਰਨੀ ਬਣਦੀ ਸੀ |

Pankaj Sharma Pankaj

Good Writing Sabdish

Arashdeep

eh ta jruri hai....virod da mtlb asi vikas kr rhy a

kultaran khastriya

ਲਿਖਤੁਮ ਕੁਲਤਾਰਨ ਐੱਸ ਖਤਰੀ ਜਨਾਬ, ਸ਼ਬਦੀਸ਼ ਜੀਓ, ਬਹੁਤ ਸੋਹਣਾ ਲੇਖ ਲਿਖਿਐ। ਦਰਅਸਲ, ਅਜਮੇਰ ਸਿੰਘ ਜਿਸ ਦਾ ਪਹਿਲਾ ਨਾਂ ਗੋਬਿੰਦਰ ਸਿੰਘ ਮੰਡੀ ਕਲਾਂ ਸੀ, ਵਰਗੇ ਕਈ ਅਖੌਤੀ ਲੇਖਕ ਹਨ, ਜਿਹੜੇ ਕਿ ਹਰਿੰਦਰ ਮਹਿਬੂਬ ਵਾਂਗ ਇਹ 'ਭਾਂਪ' ਗਏ ਸਨ ਕਿ ਭਾਰਤ ਵਿਚ ਇਨਕਲਾਬੀ ਅਮਲ ਤੇ ਇਨਕਲਾਬੀ ਪ੍ਰਾਪਤੀ ਲਈ ਸੈਂਕੜੇ ਸਾਲ ਲੱਗਣੇ ਹਨ। ਬਿਨਾਂ ਸ਼ੱਕ ਅਸੀਂ ਹਿੰਦੂ ਲੋਕ ਮੂਰਤੀ ਪੂਜਕ ਹਾਂ, ਪਰ ਅਸੀਂ ਸਿੱਖ ਬਣ ਕੇ ਜੱਟ ਸਿੱਖ, ਖਤਰੀ ਸਿੱਖ, ਟੈਂਕ ਕਸ਼ਤਰੀਆ ਸਿੱਖ, ਤਰਖਾਣਗੜ੍ਹੀਏ, ਵਗੈਰਾ ਵਗੈਰ ਬਣੇ ਹਾਂ। ਜਿੱਥੋਂ ਤਕ ਮਹਾਚੰਵਲ ਲਾਲੇ ਜਗਤ ਨਰੈਣ ਆਫ ਪਨਜਾਬ ਕੇਸਰੀ ਗੱਲ ਹੈ ਤਾਂ ਸੁਣੋ ਮੈਂ ਉਥੇ 14 ਸਾਲ ਸੀਨੀਅਰ ਸਬ ਐਡੀਟਰ ਰਿਹਾਂ। ਦੂਜੀ ਗੱਲ ਇਹ ਹੈ ਕਿ ਜਗਤ ਨਰਾਇਣ ਲਿਖਣਾ ਨਹੀਂ ਜਾਣਦਾ ਸੀ, ਇਕ ਨੌਕਰੀ ਐਡੀਟਰ ਮਰਹੂਮ ਵਿਜਯਾ ਨਿਰਬਾਧ ਸੀ, ਉਹੀ ਲਾਲੇ ਜਗਤੇ ਦਾ ਆਰਟੀਕਲ ਲਿਖਦਾ ਸੀ। ਅੱਜਕਲ ਇਸ ਕੰਪਨੀ ਦਾ ਨਾਂ ਪਨਜਾਬ ਕੇਸਰੀ ਹੈ ਪਹਿਲਾਂ ਹਿੰਦ ਸਮਾਚਾਰ ਗਰੁੱਪ ਕਹਿੰਦੇ ਸਾਂ। ਸੁਣੋ, ਇਸ ਦੇ ਦੋਵੇਂ ਪੁੱਤਰ ਵਪਾਰੀ ਮਾਈਂਡਡ ਹਨ। ਇਕ ਹੈ ਅਬਨਾਸ਼ ਤੇ ਦੂਜਾ ਅਮਿਤ। ਦੋਵੇਂ ਬੁਰਜੁਆ ਲੀਡਰਾਂ ਨਾਲ ਪੈਕਜ ਡੀਲ ਸੌਦਾ ਮਾਰ ਕੇ ਕਰੋੜਾਂ ਰੁਪਈਏ ਇਲੈਕਸ਼ਨਾਂ ਦੇ ਸੀਜ਼ਨ ਵਿਚ ਭੋਟਦੇ ਹਨ। ਆਰੀਆ ਸਮਾਜ ਲਹਿਰ ਦੀ ਇਕ ਕਿਤਾਬ ਵੀ ਜਗਤੇ ਨਰਾਇਣੇ ਨੇ ਨਹੀਂ ਪੜ੍ਹੀ ਸੀ, ਅਵਨਾਸ਼ ਚਾਪੜਾ ਐਂਡ ਪਾਰਟੀ ਨੇ ਕਦੇ ਕਿਸੇ ਬਜ਼ੁਰਗ ਨੂੰ ''ਬੇਟਾ'' ਕਹੇ ਬਗੈਰ ਗੱਲ ਨਹੀਂ ਕੀਤੀ ਹੋਣੀ। ਅਵਨਾਸ਼ ਦੀ ਆਪਣੀ ਉਮਰ 51 ਸਾਲ ਹੈ ਤੇ ਉਹ ਪਿਛਲੇ 32 ਸਾਲਾਂ ਤੋਂ ਬਜ਼ੁਰਗ ਐਡੀਟਰਜ਼ ਨੂੰ ''ਬੇਟਾ'' ਕਹਿ ਕੇ ਸੰਬੋਧਨ ਹੁੰਦਾ ਹੈ। ਕਦੇ ਜਾਇਓ, ਲਾਲੇ ਦੀ ਹੱਟੀ, ਸਭ ਕੁਝ ਨਮੂਰਾਦ ਹੋ ਜਾਵੇਗਾ। ਜਗਤ ਨਰੈਣ ਆਰੀਆ ਸਮਾਜੀ ਨਹੀਂ ਸਨ। ਦੂਜੀ ਗੱਲ ਅਜਮੇਰ ਸਿੰਘ ਉਰਫ ਗੋਬਿੰਦਰ ਮੰਡੀ ਕਲਾਂ ਦੀ ਹੈ ਕਿ ਇਨ੍ਹਾਂ ਵਰਗਾ ਇਕ ਅਖੌਤੀ ਲੇਖਕ ਰਾਜਵਿੰਦਰ ਸਿੰਘ ਰਾਹੀ ਭਗਤੇ ਵਾਲਾ ਹੈ, ਇਹ ਪਹਿਲਾ ਕਾਮਰੇਡ ਰਜੇਂਦਰ ਰਾਹੀ ਹੁੰਦਾ ਸੀ। ਲਿਖਣ ਦੇ ਅਖੌਤੀ ''ਮੀਰੀ ਗੁਣ'' ਆਪਣੇ ਵਿਚ ਦੱਸਦੇ ਹਨ, ਪਰ ਹੁੰਦਾ ਕੁਝ ਵੀ ਨਹੀਂ। ਕੇ ਪੀ ਐੱਸ ਗਿਲ ਤੇ ਬੇਅੰਤ ਨੂੰ ਹੀਰੋ ਮੰਨਣ ਵਾਲੇ ਇਹ ਲੋਕ ਪਤਾ ਨਹੀਂ ਕਿਉਂ ਜਗਤ ਨਰੈਣ ਤੋਂ ਕੀ ਖਾਂਦੇ ਰਹੇ ਹਨ ਕਿ ਇਕ ਸ਼ੁੱਧ ਲਾਲੇ ਨੂੰ ਦੇਸ਼ ਭਗਤੀ ਦਾ ਚੈਂਪੀਅਨ ਬਣ ਕੇ ਰੱਖ ਦਿੱਤਾ। ਸ਼ਬਦੀਸ਼ ਜੀ, ਤੁਹਾਡੇ ਦੇਸ਼ ਬਗਤ ਯਾਦਗਾਰ ਹਾਲ ਵਾਲੇ ਕਾਮਰੇਡ ਭਰਾ ਕਿਉਂ ਨਾਮਧਾਰੀ ਕੱਟੜਵਾਦ ਨੁੰ ਸਲਾਹੁੰਦੇ ਹਨ? ਦੱਸੋਗੇ। ਲਾਲਾ ਜਗਤ ਨਰੈਣ ਐਂਡ ਪਾਰਟੀ ਜੋ ਕਿ ਸ਼ੁਧ ਵਪਾਰੀ ਹਨ, ਨੂੰ ਦੇਸ਼ ਭਗਤ ਕਿਉਂ ਆਖਦੇ ਹਾਂ, ਉਹ ਤਾਂ ਸਟੇਟ ਭਗਤ ਹਨ£

ashraf azeez

ਵੱਲੋਂ ਅਸ਼ਰਫ਼ ਅਜ਼ੀਜ਼ =-------- ਬਹੁਤ ਹੀ ਸੋਹਣੀ ਲੇਖ ਲੜੀ ਹੈ ਜੀ, ਮੇਰੇ ਘਰ ਵਿਚ ਤ੍ਰੈ ਲੜੀ ਤਹਿਤ ਅਜਮੇਰ ਸਿੰਘ ਹੁਰਾਂ ਦੀਆਂ ਤਿੰਨੇਂ ਪੁਸਤਕਾਂ ਹਨ। ਜਿੱਥੋਂ ਤਕ ਅਜਮੇਰ ਸਿੰਘ ਦਾ ਕਾਮਰੇਡੀ ਪਿਛੋਕੜ ਹੈ, ਤੇ ਹੁਣ ਸਿੱਖ ਰੂਪ ਵਟਾਇਆ ਹੈ, ਇਹ ਉਨ੍ਹਾਂ ਦੀ ਮਰਜ਼ੀ ਹੈ, ਅਸੀਂ ਇਸ 'ਤੇ ਕਿਉਂ ਕਿੰਤੂ ਕਰਦੇ ਹਾਂ। ਪਰ ਜਿਵੇਂ ਕਿ ਉੱਪਰ ਕੁਲਤਾਰਨ ਕਸ਼ਤਰੀ ਜੀ ਨੇ ਦੱਸਿਆ ਕਿ ਜਗਤ ਨਰਾਇਣ ਦੇ ਅਖਬਾਰੀ ਫੈਕਟਰੀ ਵਿਚ ਐਡੀਟਰਾਂ ਨਾਲ ਮਾੜਾ ਸਲੂਕ ਹੁੰਦੈ ਤੇ ਬੁਰਜੁਆ ਪੁਲੀਟਕਲ ਲੀਡਰਾਂ ਨੂੰ ਬਲੈਕਮੇਲ ਕਰ ਕੇ ਪੈਸੇ ਮੰਗੇ ਜਾਂਦੇ ਹਨ, ਇਹ ਗੱਲ ਕੋਈ ਝੂਠ ਨਹੀਂ। ਮੈਂ ਮਲੇਰਕੋਟਲੇ ਰਹਿੰਦਾ ਸੀ ਤੇ ਉਦੋਂ ਮੈਂ ਜਮਾਲੀ ਨਾਂ ਤੋਂ ਪੱਤਰਕਾਰੀ ਕਰਦਾ ਸੀ। ਮੈਨੂੰ ਇਹ ਲੋਕ ਸਪਲੀਮੈਂਟ ਲਿਆਉਣ ਲਈ ਧਮਕਾਉਂਦੇ ਰਹੇ ਹਨ। ਦੋ ਬੰਦੇ ਨੇ ਉਥੇ, ਇਕ ਹੈ ਮਲਕੀਅਤ ਬਾਜ਼ੀਗਰ ਤੇ ਦੂਜਾ ਤਲਵਾੜ ਲਾਲਾ ਪੁੱਤਰ। ਚਾਪੜੇ ਸੇਠ ਦੇ ਦੋਵੇਂ ਪੁੱਤਰ ਅਮਿਤ ਤੇ ਅਵਨਾਸ਼ ਹੁਰੀਂ ਕਦੇ ਕਿਸੇ ਪੱਤਰਕਾਰ ਨੂੰ ਮਲਕੀਤ ਬਾਜ਼ੀਗਰ ਤੇ ਤਲਵਾੜ ਤੋਂ ਵੱਖ ਹੋ ਕੇ ਮੁਲਾਕਾਤ ਨਹੀਂ ਕੀਤੀ। ਕੁਲਤਾਰਨ ਜੀ ਨੁੰ ਮੈਂ ਮਿਲਿਆ ਸਾਂ ਪਰ ਕੁਲਤਾਰਨ ਜੀ ਜੋ ਤੁਹਾਡੇ ਨਾਲ ਬੁਰਜੁਆ ਚੋਪੜੇ ਸੇਠ ਨੇ ਕੀਤਾ, ਨੂੰ ਨਾਵਲੀ ਰੂਪ ਦਿਓ ਜਾਂ ਕਿਤਾਬੀ ਸ਼ਕਲ ਵਿਚ ਲਿਆਉ, ਪੰਜਾਬ ਦੀ ਜਨਤਾ ਸੱਚ ਜਾਨਣਾ ਚਾਹੁੰਦੀ ਹੈ। ਮੈਂ, ਜਲੰਧਰੀਏ ਕਾਮਰੇਡਾਂ ਨੂੰ ਵੀ ਮਿਲਦਾ ਰਿਹਾ, ਦੇਸ਼ ਭਗਤ ਯਾਦਗਾਰ ਹਾਲ ਵਾਲੇ। ਇਹ ਲੋਕ ਸਮਝਦੇ ਹਨ ਕਿ ਜਗਤ ਨਰੈਣ ਬਹੁਤ ਵੱਡਾ ਦੇਸ਼ ਭਗਤ ਸੀ ਜਾਂ ਉਹ ਹਿੰਦੂਆਂ ਦਾ ਆਰੀਆ ਸਮਾਜੀ ਵਿਚਾਰਕ ਸੀ, ਇੰਝ ਦਾ ਕੁਝ ਨਹੀਂ ਸੀ। ਮੈਂ 20 ਦਿਨ ਟੇਬਲ ਉੱਤੇ ਕੰਮ ਕੀਤੈ ਤੇ ਕਈ ਸਾਲ ਫੀਲਡ ਵਿਚ ਮੰਗਤਾ ਬਣ ਕੇ ਇਸ਼ਤਿਹਾਰੀ ਖ਼ਬਰਾਂ ਲਿਖ ਮਾਰਦਾ ਰਿਹਾਂ। ਸ਼ਬਦੀਸ਼ ਜੀ, ਸਾਰੀ ਗੱਲ ਤੁਹਾਡੀ ਠੀਕ ਹੈ, ਪਰ ਜਗਤ ਨਰੈਣ ਜਿਹੇ ਕੁਰਪਟ ਨਕਲੀ ਪੱਤਰਕਾਰ ਨੂੰ ਆਰੀਆ ਸਮਾਜੀ ਨਾ ਆਖੋ, ਉਹ ਤਾਂ ਸਿਰੇ ਦਾ ਚਬਲ ਸੀ। ਉਹ ਕੋਈ ਅਲਾਮਾ ਇਕਵਾਲ ਨਹੀਂ ਸੀ, ਦਾਗ ਨਹੀਂ ਸੀ, ਮੀਰ ਨਹੀਂ ਸੀ, ਚੰਵਲ ਵਪਾਰੀ ਸੀ। ਜੇਕਰ ਉਸ ਦਾ ਪੁੱਤਰ ਅਵਨਾਸ਼ ਵਗੈਰਾ ਬਜ਼ੁਰਗਾਂ ਨੂੰ ਬੇਟਾ ਬੇਟਾ ਆਖ ਕੇ ਸੱਦਦੇ ਦੇ ਨਾਂ ਤਾਂ ਇਹ ਗੱਲ ਬਹੁਤ ਮਾੜੀ ਹੈ ਪਰ ਸਿਟੀਜ਼ਨ ਲਾਲਿਆਂ ਦਾ ਇਹ ਖੇਖਣ ਅੱਜਕਲ੍ਹ ਆਮ ਹੀ ਹੈ। ਸੋ, ਬਹਿਸ ਨੂੰ ਬੋਹਤਾ ਵਿਸਥਾਰ ਨਾ ਦਿੰਦਿਆਂ ਇਹੀ ਆਖਾਂਗਾ ਕਿ ਅੱਲਾਹ ਪਾਕਿ ਤੁਹਾਡੀ ਕਲਮ ਨੂੰ ਜ਼ੋਰ ਦੇਵੇ ਪਰ ਕਾਮਰੇਡ ਵੀਰੋ, ਜਗਤ ਨਰੈਣ ਜਿਹੇ ਦੀ ਸੱਚਾਈ ਨੂੰ ਸਮਝੌ, ਉਹ ਕੋਈ ਦਾਨਸ਼ਵਰ ਨਹੀਂ ਸੀ।

ਸੁਖਦੀਪ ਸਿੰਘ ਮੋਗਾ

ਇੱਕ ਗੱਲ ਦੀ ਹੈਰਾਨੀ ਹੁੰਦੀ ਹੈ ਕਿ "ਬੁੱਧੀਜੀਵੀਆਂ" ਨੂੰ ਸਰਦਾਰ ਅਜਮੇਰ ਸਿੰਘ ਦਾ ਨਾਮ ਐਨਾ ਕੌੜਾ ਕਿਉਂ ਲੱਗਦਾ? ਬੁੱਧੀਜੀਵੀਆਂ ਨੇ ਚੁਰਾਸੀ ਦੇ ਵਰਤਾਰੇ ਨੂੰ ਆਵਦੇ ਮਨਾਂ ਨਾਲ ਚਿਤਰਿਆ.. ਤੇ ਸ ਅਜਮੇਰ ਸਿੰਘ ਨੇ ਪਹਿਲਾਂ ਉਹ ਮੈਦਾਨ ਲੜਨ ਵਾਲਿਆਂ ਦੇ ਮਨਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ.. ਰਹੀ ਗੱਲ ਨਿਰਪੱਖ ਹੋਣ ਦੀ.. ਇਤਿਹਾਸਕਾਰ ਨਿਰਪੱਖ ਹੋ ਹੀ ਨਹੀਂ ਸਕਦਾ,,, What is history? ਕਿਤਾਬ ਪੜ੍ਹ ਲੈਣੀ ਚਾਹੀਦੀ ਹੈ ... ਇਹ ਲੇਖ ਉਹਨਾਂ ਲਈ ਸਾਰਥਕ ਹੋ ਸਕਦਾ ਜੋ ਆਵਦੀ 'ਵਿਦਵਾਨ' ਵਾਲੀ ਫੀਲਿੰਗ ਵਿਚੋਂ ਬਾਹਰ ਨਹੀਂ ਨਿੱਕਲਦੇ... ਸੱਚ ਕਿਸੇ ਇੱਕ ਵਿਅਕਤੀ ਦੀ ਪਕੜ ਚ ਆ ਜਾਵੇ ਇਹ ਹੋ ਹੀ ਨਹੀਂ ਸਕਦਾ.. ਸ ਅਜਮੇਰ ਸਿੰਘ ਨੇ ਆਵਦਾ ਸੱਚ ਪੇਸ਼ ਕੀਤਾ.. ਕੋਈ ਹੋਰ ਆਵਦਾ ਸੱਚ ਪੇਸ਼ ਕਰ ਸਕਦਾ... ਆਲੋਚਨਾ ਲਿਖਤਾਂ ਦੀ ਕਰੋਂ..ਲਿਖਣ ਵਾਲੇ ਦੀ ਨਹੀਂ

ਹਰਮੀਤ ਸਿੰਘ ਖਹਿਰਾ

ਸੜੋ ਹੋਰ ਸੜੋ ਮਤਲਬ ਅਜਮੇਰ ਸਿੰਘ ਠੀਕ ਜਾ ਰਿਹੈ :)

GURMIT SINGH

ਅਜਮੇਰ ਸਿੰਘ ਦੀਆਂ ਪੁਸਤਕਾਂ NE VIVADAT NAHI

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ