Fri, 19 April 2024
Your Visitor Number :-   6985277
SuhisaverSuhisaver Suhisaver

ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ - ਨਿਰੰਜਣ ਬੋਹਾ

Posted on:- 22-12-2012

suhisaver

 ਇਸ ਵਾਰ ਦਾ ਸਾਹਿਤ ਅਕਾਦਮੀ ਪੁਰਸ਼ਕਾਰ ਜੇਤੂ ਪੁਸਤਕ
                                      

ਦਰਸ਼ਨ ਬੁੱਟਰ ਦਾ ਹਰ ਕਾਵਿ ਸੰਗ੍ਰਹਿ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਦਾ ਹੈ। ਹਰ ਵਾਰ ਉਸ ਦੇ ਕਾਵਿ ਅਨੁਭਵ ਦੀ ਮੌਲਿਕਤਾ, ਸ਼ੁੱਧਤਾ, ਤੀਬਰਤਾ ਤੇ ਤੀਖਣਤਾ ਵਿੱਚੋਂ ਇਕ ਨਵੇਂ ਦਾਰਸ਼ਨਿਕ ਵਿਚਾਰ ਬੋਧ ਦਾ ਜਨਮ ਹੁੰਦਾ ਹੈ, ਜੋ ਪੰਜਾਬੀ ਕਵਿਤਾ ਦੀਆਂ ਕਈ ਰਵਾਇਤਾਂ ਤੇ ਸਥਾਪਨਾਵਾਂ ਤੋਂ ਪਾਰ ਜਾਣ ਦੀ ਹਿੰਮਤ ਰੱਖਦਾ ਹੈ। ਉਸ ਦੇ ਨਵੇਂ ਤੇ ਛੇਵੇਂ ਕਾਵਿ ਸੰਗ੍ਰਿਹ “ਮਹਾਂ ਕੰਬਣੀ“ ਰਾਹੀਂ ਮਨੁੱਖੀ ਹੋਂਦ ਦੇ ਬਾਹਰੀ ਯਥਾਰਥ ਦੇ ਨਾਲ ਨਾਲ ਉਸ ਦੇ ਅਣਕਹੇ ਤੇ ਅਣਕਿਆਸੇ ਅੰਤਰੀਵੀ ਯਥਾਰਥ ਦੀ ਮਨੋ-ਸੰਵਾਦੀ ਅਵਸਥਾ ਨੂੰ ਸੰਵੇਦਨਾਤਮਕ ਧਰਾਤਲ ਤੇ ਰੂਪਮਾਨ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਬਾਹਰੀ ਤੌਰ ’ਤੇ ਅੱਜ ਦਾ ਮਨੁੱਖ ਸੁੱਖ ਸੁਵਿਧਾਵਾਂ ਭਰਪੂਰ ਸਬੂਤਾ ਜੀਵਨ ਜਿਉਣ ਦਾ ਵਿਖਾਵਾ ਕਰਦਾ ਹੈ ਪਰ ਉਸ ਦੇ ਅੰਦਰੋਂ ਗੂੰਜਦੀ  “ਆਪਣਾ ਮੂਲ ਪਛਾਣ“ ਦੀ ਧੁਨੀ ਉਸ ਨੂੰ ਮਾਨਸਿਕ ਤੌਰ ’ਤੇ ਸਹਿਜ ਨਹੀਂ ਰਹਿਣ ਦਿੰਦੀ। ਆਪਣੀ ਹੋਂਦ ਨਾਲ ਜੁੜੀਆਂ ਕਈ ਜਗਿਆਸਾਵਾਂ ਤੇ ਉਲਝਣਾਂ ਜਦੋਂ ਉਸ ਨੂੰ ਸਵੈ-ਸੰਵਾਦੀ ਅਵਸਥਾ ਤੀਕ ਲੈ ਜਾਂਦੀਆਂ ਹਨ ਤਾਂ ਉਹ ਆਪਣੀਆਂ ਮਾਨਸਿਕ ਅਪਤਿ੍ਰਪਤੀਆਂ ਅਤੇ ਇਛਾਵਾਂ ਦਾ ਸਮਾਧਾਨ ਵੀ ਇਸੇ ਸੰਵਾਦ ਵਿੱਚੋਂ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਵੀ ਮਨੁੱਖੀ ਮਨ ਦੀ ਇਸ ਦੰਵਦਆਤਮਿਕ ਅਵਸਥਾ ਨੂੰ ਪੰਜ ਭੂਤਕੀ ਤੱਤਾਂ ਦੀ ਮਹਾਂ ਕੰਬਣੀ ਵਿਚੋੰ ਉਪਜੇ ਸੰਵਾਦ ਰਾਗ ਦਾ ਨਾਂ ਦਿੰਦਾ ਹੈ।
                        

ਇਸ ਪੁਸਤਕ ਵਿਚ ਵੱਖ ਵੱਖ ਸਿਰਲੇਖਾਂ ਹੇਠ ਸ਼ਾਮਿਲ ਚੁਤਾਲੀ ਕਵਿਤਾਵਾਂ ਅਸਲ ਵਿਚ ਇਕ ਹੀ ਲੰਮੀ ਕਵਿਤਾ ਦੇ ਚੁਤਾਲੀ ਭਾਗ ਹਨ। ਇਹ ਲੰਮੀ ਕਵਿਤਾ ਮਨੁਖੀ ਜੀਵਨ ਦਰਸ਼ਨ ਦੀਆਂ ਨਿੱਜੀ ਕਿਸਮ ਦੀਆਂ ਸਮਾਧਾਨ ਯੁਕਤ ਜਗਿਆਸਾਵਾਂ ਦੇ ਨਾਲ ਨਾਲ ਇਸ ਦਰਸ਼ਨ ਨੂੰ ਪ੍ਰਭਾਵਿਤ ਕਰਦੀ ਸਮਾਜਿਕ ਤੇ ਆਰਥਿਕ ਵਿਵੱਸਥਾ ਬਾਰੇ ਵੀ ਬਹੁ ਪਰਤੀ ; ਬਹੁ ਅਰਥੀ;ਤੇ ਬਹੁ ਸਰੋਕਾਰੀ ਸੰਵਾਦ ਸਿਰਜਦੀ ਹੈ। ਇਸ ਕਵਿਤਾ ਦਾ ਹਰ ਭਾਗ ਦੋ ਪੰਨਿਆਂ ਤੇ ਅਧਾਰਿਤ ਹੈ। ਕਵਿਤਾ ਦਾ ਪਹਿਲਾ ਪੰਨਾ ਮਨੱਖੀ ਮਨ ਦੀ ਅੰਤਰਦਵੰਦੀ ਅਵਸਥਾ ਵਿਚੋਂ ਉਪਜਦੀਆਂ ਜਗਿਆਸਾਵਾਂ ਦਾ ਵਰਨਣ ਪੇਸ਼ ਕਰਦਾ ਹੈ ਤਾਂ ਅਗਲੇ ਪੰਨੇ ਰਾਹੀਂ ਜਾਗਦੀ ਜਮੀਰ ਤਾ ਵਿਵੇਕ ਰੂਪੀ ਗੁਰਦੇਵ ਇਨ੍ਹਾਂ ਜਗਿਆਸਾਵਾਂ ਦਾ ਤਰਕਮਈ ਭਾਸ਼ਾ ਵਿਚ ਨਿਵਾਰਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਮਨੱਖੀ ਮਨ ਦੀ ਚੇਤਨ ਤੇ ਅਵਚੇਤਨ ਸਥਿਤੀ ਦੇ ਤਣਾਅ ਵਿਚੋਂ ਮਨੱਖਤਾ ਦੇ ਹਾਣ ਦੀ ਰੂਹਾਨੀ ਤ੍ਰਿਪਤੀ ਦੀ ਤਲਾਸ਼ ਉਸਦੀ ਕਵਿਤਾ ਦਾ ਵਿਸ਼ੇਸ਼ ਖਾਸਾ ਹੈ-

                         ਚੇਤਨਾਂ ਵਿਚ ਗੁਫਾਵਾਂ ਦਾ ਅੰਧਕਾਰ
                         ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ;
                          ਰੂਹ ਦੀ ਮਿੱਟੀ ਵਿਚ ਕਿਹੜਾ ਰੰਗ ਬੀਜਾਂ
                          ਕਿ ਧੁੱਪ ਦੇ ਰੰਗ ਖਿੜ ਪੈਣ।


ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜਦੋਂ ਮਨੱਖੀ ਅੰਤਹਕਰਨ ਦੀਆਂ ਡੂੰਘਾਣਾ ਵਿਚ ਪਈਆਂ ਅਪਤ੍ਰਿਪਤੀਆਂ ਤੇ ਸ਼ੰਕਾਵਾਂ ਦਾ ਸਮਾਧਾਨ ਕੀਤੇ ਜਾਣ ਦੀ ਇੱਛਾ ਵਿਅਕਤ ਕਰਦੀਆਂ ਹਨ ਤਾਂ ਇਨਾਂ ਵਿਚਲਾ ਬੌਧਿਕ ਤੇ ਵਿਗਿਆਨਕ ਤੱਤ ਆਪਣੀ ਨਿਰਨਾਇਕ ਭੂਮਿਕਾ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ। ਕਵੀ ਉਕਤ ਮਨੁੱਖੀ ਪ੍ਰਵਿਰਤੀਆਂ ਵਿਚੋਂ ਹੀ ਮਨੁੱਖੀ ਲੀਵਨ ਨੂੰ ਸਾਰਥਿਕ ਬਨਾਉਣ ਦਾ ਰਾਹ ਤਲਾਸ਼ ਲੈਂਦਾ ਹੈ। ਉਹ ਹਰ ਹਾਲਤ ਵਿਚ ਜਿੰਦਗੀ ਦੀ ਨਿੰਰਤਰ ਯੋਗਤਾ ਬਣਾਈ ਰੱਖਣ   ਦਾ ਇਛੱਕ ਹੈ, ਇਸ ਲਈ ਉਸਦੀਆਂ ਕਵਿਤਾਵਾਂ ਅਪੂਰਤੀ ਤੇ ਤੜਫ ਦੇ ਦਰਦ ਨੂੰ ਮਨੱਖੀ ਕਿਰਿਆਸ਼ੀਲਤਾ ਲਈ ਅਤਿਅੰਤ ਜ਼ਰੂਰੀ ਕਰਾਰ ਦੇਂਦੀਆਂ ਹਨ-

                    ਵਰ ਨਹੀਂ ਦੇ ਸਕਦਾ ਤੈਨੂੰ
                    ਅਮਰ ਹੋਣ ਦਾ
                    ਸਿਰਫ ਸਰਾਪ ਦੇ ਸਕਦਾ ਹਾਂ
                    ਕਿ
                    ਤੇਰੀ ਮਿੱਟੀ ਵਿੱਚ ਤੜਫ ਜਿੰਦਾ ਰਹੇ!
                    ਕਦੇ ਮੁਕੰਮਲ ਨਾ ਹੋਵੇ ਤੇਰੀ ਤਲਾਸ਼!


ਕਾਦਰ ਤੇ ਕੁਦਰਤ ਨਾਲ ਮੋਹ ਦਰਸ਼ਨ ਬੁੱਟਰ ਦੀ ਕਵਿਤਾ ਨੂੰ ਇਕ ਹੋਰ ਨਵਾਂ ਪਸਾਰ ਦੇਂਦੀ ਹੈ। ਕਵੀ ਅਨੁਸਾਰ ਅੱਜ ਦਾ ਮਨੁੱਖ ਕੁਦਰਤ ਨਾਲੋਂ ਟੁੱਟ ਕੇ ਜਿਥੇ ਬੇ- ਤਰਤੀਬੀ ਜ਼ਿੰਦਗੀ ਜਿਉਂ ਰਿਹਾ ਹੈ, ਉਥੇ ਆਪਣੇ ਜੀਵਨ ਦੀ ਸਹਿਜਤਾ ਤੇ ਸੁਭਾਵਿਕਤਾ ਵੀ ਗੁਆ ਬੈਠਾ ਹੈ। ਕੁਦਰਤ ਦਾ ਹਰ ਵਹਿਣ ਮਨੁੱਖੀ ਜ਼ਿੰਦਗੀ ਨੂੰ ਨਵਾਂ ਹੁਲਾਰਾ ਦੇਂਦਾ ਹੈ ।ਕਵਿਤਾ ਦੇ ਭਾਵਨਤਮਕ ਸਿੱਟੇ ਅਨੁਸਾਰ ਕੁਦਰਤ ਹੀ ਸਾਨੂੰ ਬ੍ਰਹਿਮੰਡੀ ਚੇਤਨਾ ਦੇ ਨੇੜੇ ਲੈ ਕੇ ਜਾਂਦੀ ਹੈ ਤੇ ਅਸੀਂ ਅਨੰਦ ਦੀ ਸਿਖਰਲੀ ਅਵਸਥਾ ਤੀਕ ਪਹੁੰਚ ਸਕਦੇ ਹਾਂ। ਉਸਦੀ ਕਵਿਤਾ ‘ਤੱਤ ਲੀਲਾ‘ ਅਨੁਸਾਰ ਅੱਗ , ਪਾਣੀ,ਹਵਾ,ਮਿੱਟੀ ਤੇ ਅਕਾਸ਼ ਰੂਪੀ ਪੰਜ ਭੂਤਕੀ ਤੱਤਾ ਦੇ ਕੁਦਰਤੀ ਗੁਣ ਹੀ ਮਨੁੱਖੀ ਜੀਵਨ ਨੂੰ ਸਿਰਜਨਾਤਮਕ ਊਰਜਾ ਪ੍ਰਦਾਨ ਕਰਦੇ ਹਨ । ਕਾਦਰ ਤੇ ਮਨੁੱਖ ਵਿਚਲੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਦਿਆਂ ਕਵੀ ਆਖਦਾ ਹੈ-

ਫੁੱਲ ਤੇਰੇ ਲਈ ਖਿੜਦੇ,
ਪੰਛੀ ਤੇਰੇ ਲਈ ਚਹਿਕਦੇ ,
ਕੁਦਰਤ ਤੇਰੇ ਲਈ ਮੌਲਦੀ,
ਕੋਰੀ ਕੈਨਵਸ ਲਈ ਰੰਗ ਲੈ ਕੇ,
ਮੈਂ ਖੁਦ ਹਾਜ਼ਰ ਹਾਂ।


ਦਰਸ਼ਨ ਬੁੱਟਰ ਦੀਆਂ ਕਵਿਤਾਵਾਂ ਅਜੋਕੇ ਪੂੰਜੀਵਾਦੀ ਯੁੱਗ ਦੇ ਖਪਤ ਕਲਚਰ ਦੇ ਸ਼ਿਕਾਰ ਮਨੁਖ ਨੂੰ ਵਿਸ਼ੇਸ਼ ਤਰਸ ਦੀ ਨਿਗਾਹ ਨਾਲ ਵੇਖਦੀਆਂ ਹਨ । ਕਵੀ ਅਨੁਸਾਰ ਲਗਾਤਾਰ ਬੇਵਿਸ਼ਵਾਸ਼ੀ ਤੇ ਅਸੁਖਰੱਖਿਅਤਾ ਦੀ ਭਾਵਨਾ ਹੰਢਾ ਰਿਹਾ ਅੱਜ ਦਾ ਵਿਸ਼ਵੀ ਮਨੁੱਖ ਪਦਾਰਥਕ ਪ੍ਰਾਪਤੀਆਂ ਨਾਲ ਮਾਲਾਮਾਲ ਹੈ ਪਰ ਮਾਨਵੀ ਗੁਣਾਂ ਤੇ ਜ਼ਮੀਰ ਪੱਖੋਂ ਉਹ ਅਤਿਅੰਤ ਕੰਗਾਲੀ ਦੀ ਜੂਨ ਹੰਢਾ ਰਿਹਾ ਹੈ। ਉਸ ਦੀ ਕਵਿਤਾ ਦੱਸਦੀ ਹੈ ਕਿ ਜ਼ਮੀਰ ਵੇਚ ਕੇ ਖਰੀਦੀਆਂ ਸੁੱਖ ਸੁਵਿਧਾਵਾਂ ਮਨੁੱਖ ਲਈ ਪੂਰੀ ਤਰਾਂ ਸਵੈ-ਵਿਨਾਸ਼ਕ ਹਨ। ਸਮਾਜ ਦੀ ਪੁੰਜੀ ਅਧਾਰਤ ਮਨਸੂਈ ਪ੍ਰਗਤੀ ਅਤੇ ਉੱਤਰ-ਆਧੁਨਿਕਵਾਦ ਨੇ ਸੰਵੇਦਨਾਤਮਕ  ਪੱਧਰ ਤੇ ਸਾਡਾ ਨਾ ਪੂਰੇ ਜਾਣ ਯੋਗ ਨੁਕਸਾਨ ਕੀਤਾ ਹੈ। ਸਾਡੀ ਅਜੋਕੀ ਸਮਾਜਿਕ ਹੋਂਦ ‘ਤੇ ਇਸ ਤੋਂ ਗੰਭੀਰ ਤੇ ਸੂਖਮ ਵਿਅੰਗ ਹੋਰ ਕੀ ਹੋ ਸਕਦਾ ਹੈ-

ਬੇਗਾਨੀ ਪੀੜ ਦੇ ਰੂਬਰੂ ਹੁੰਦਿਆਂ
ਕੋਸਮੈਟਿਕੀ ਅੱਥਰੂ ਵਹਾ ਕੇ ਸੁਰਖਰੂ ਹੋਈਏ
ਸਾਡੇ ਹਾਸੇ ਹੀ ਨਹੀਂ
ਹਾਉਂਕੇ ਵੀ ਉਤੱਰ ਆਧੁਨਿਕ ਹੋ ਗਏ


              
ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਸਮਾਜਿਕ ਪ੍ਰਗਤੀ ਦੇ ਨਾਂ ਤੇ ਹੋ ਰਹੇ ਸਮਾਜਿਕ ਨੁਕਸਾਨ ਦੀ ਪੂਰਤੀ ਲਈ ਆਪਣੇ ਵਲੋਂ ਯਥਾਸੰਭਵ ਯੋਗਦਾਨ ਪਾਉਣ ਦੀ ਭਰਪੂਰ ਕੋਸ਼ਿਸ਼ ਕਰਦੀਆਂ ਹਨ। ਇਹ ਕਵਿਤਾਵਾਂ ਸਮਾਜ ਵਿਚ ਦੂਹਰੀ ਗੁਲਾਮੀ ਭੋਗ ਰਹੇ ਨਾਰੀ ਵਰਗ ਦੀਆਂ ਸੰਵੇਦਨਾਵਾਂ ਨੂੰ ਸੰਘਰਸ਼ ਦੀ ਭਾਵਨਾ ਵਿਚ ਤਬਦੀਲ ਕਰਨ ਸੰਬਧੀ ਵੀ ਸੁਹਿਰਦ ਕੋਸ਼ਿਸ਼ ਕਰਦੀਆਂ ਹਨ।ਇਨਾ ਕਵਿਤਾਵਾਂ ਦੀ ਭਾਵਨਾਤਮਕ ਪਹੁੰਚ ਪਾਠਕੀ ਮਨਾਂ ਵਿਚ ਤਾਜਗੀ ਦੇ ਅਹਿਸਾਸ ਪੈਦਾ ਕਰਦੀ ਹੈ। ਪੁਸਤਕ ਵਿਚ ਸ਼ਾਮਿਲ ਹਰ ਕਵਿਤਾ ਦੀ ਦੂਸਰੀ ਪੜਤ ਉਸਦੇ ਸੁਹਜ ਸਵਾਦ ਵਿਚ ਹੋਰ ਵਾਧਾ ਕਰਨ ਦੇ ਨਾਲ ਨਾਲ ਆਪਣੇ ਅਰਥਾਂ ਦੀ ਵਿਸ਼ਾਲਤਾ ਦਾ ਅਹਿਸਾਸ ਵੀ ਕਰਾ ਦੇਂਦੀ ਹੈ। ਉਸ ਵਲੋਂ ਮਨੁੱਖੀ ਮਨ ਦੀਆ ਦੋ ਅਵਸਥਾਵਾਂ ਦੀ ਸਮਾਨਤਰ ਪੇਸ਼ਕਾਰੀ ਕੀਤੇ ਜਾਣ ਸੰਬਧੀ ਕੀਤਾ ਨਵਾਂ ਤੇ ਨਿਵੇਕਲਾ ਤਜਰਬਾ ਪੰਜਾਬੀ ਕਵਿਤਾ ਦਾ ਵਿਆਪਕ ਅਭਿਵਿਅਕਤੀਗਤ ਸਮੱਰਥਾ ਦਾ ਪੁਖਤਾ ਗਵਾਹ ਬਣਦਾ ਹੈ । ਨਿਰਸੰਦੇਹ ਇਸ ਨਵੇਂ ਭਾਵ ਬੋਧ ਵਾਲੇ ਕਾਵਿ ਸੰਗਿ੍ਰਹ ਦੇ ਪ੍ਰਕਾਸ਼ਨ ਨਾਲ ਦਾਰਸ਼ਨਿਕ ਕਵਿਤਾ ਦੇ ਖੇਤਰ ਵਿੱਚ ਦਰਸ਼ਨ ਬੁੱਟਰ ਦੀ ਪਹਿਚਾਣ ਦੇ ਰੰਗ ਹੋਰ ਗੂੜੇ ਹੋਏ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ