Fri, 19 April 2024
Your Visitor Number :-   6985375
SuhisaverSuhisaver Suhisaver

ਨਾਵਲ ‘ਤੀਵੀਂਆਂ‘ ਵਿਚਲਾ ਸਮਾਜਿਕ ਯਥਾਰਥ ਤੇ ਇਸ ਦੀ ਸਾਹਿਤਕ ਪ੍ਰਸਤੁਤੀ - ਨਿਰੰਜਣ ਬੋਹਾ

Posted on:- 22-12-2012

suhisaver

ਇਸ ਵਾਰ ਦ ਸਾਹਿਤ ਅਕੈਡਮੀ ਪੁਰਸਕਾਰ (ਨੌਜਵਾਨ ਵਰਗ) ਜਤੂ ਪੁਸਤਕ

ਪ੍ਰਗਟ ਸਿੰਘ ਸਤੌਜ ਪੰਜਾਬੀ ਨਾਵਲ ਦੇ ਖੇਤਰ ਵਿਚ ਬਹੁਤ ਤੇਜ਼ੀ ਨਾਲ ਉੱਭਰਿਆ ਨਾਂ ਹੈ।ਦੋ ਕੁ ਸਾਲ ਉਸ ਪਹਿਲੋਂ ਉਸ ਦੇ ਪਲੇਠੇ ਨਾਵਲ “ਭਾਗੂ“ ਨੇ ਪੰਜਾਬੀ ਨਾਵਲ ਦੇ ਖੇਤਰ ਵਿਚ ਉਸਦੀ ਸੰਭਾਵਨਾਵਾਂ ਪੂਰਨ ਹਾਜ਼ਰੀ ਲੁਆਈ ਸੀ । ਹੁਣ ਉਸ ਦੇ ਨਵ ਪ੍ਰਕਾਸ਼ਿਤ ਨਾਵਲ ‘ ਤੀਵੀਂਆਂ‘ ਨੇ ਸਿੱਧ ਕਰ ਦਿੱਤਾ ਹੈ ਕਿ ਉਸ ਦਾ ਸਾਹਿਤਕ ਭਵਿੱਖ ਸੁਰੱਖਿਅਤ ਹੀ ਨਹੀਂ ਸ਼ਾਨਦਾਰ ਵੀ ਹੈ।

ਪਹਿਲੇ ਨਾਵਲ ‘ਭਾਗੂ‘ ਦਾ ਰੀਵਿਊ ਕਰਦਿਆ ਮੈਂ  ਲਿੱਖਿਆ ਸੀ ਕਿ ਭਾਵੇਂ ਇਹ ਨਾਵਲ ਉਸ ਦੀ ਨੌਜਵਾਨ ਉਮਰ ਦੀਆਂ ਪਿਆਰ ਭਾਵਨਾਵਾਂ  ਦੀ ਹੀ ਤਰਜ਼ਮਾਨੀ ਕਰ ਸਕਿਆ ਹੈ ਪਰ ਅਗਲੇ ਨਾਵਲਾਂ ਲਈ ਕਈ ਗਹਿਰ ਗੰਭੀਰ ਲੋਕ ਮਸਲੇ ਉਸ ਦੀ ਉਡੀਕ ਕਰ ਰਹੇ ਹਨ।ਇਹ ਭਵਿੱਖਬਾਣੀ ਮੈਂ ਉਸ ਦੇ ਮਨੁੱਖ ਸਮਾਜ ਤੇ ਸਮਾਜਿਕਤਾ ਵਿਚਲੇ ਅੰਤਰ ਦਵੰਦੀ ਸਬੰਧਾਂ ਨੂੰ ਸਮਝਣ ਤੇ ਅਭਿਵਿਅਕਤ ਕਰਨ ਦੀ ਸਮੱਰਥਾ ਨੂੰ ਮਹਿਸੂਸ ਕਰਕੇ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਉਹ ਮੇਰੇ ਹੀ ਨਹੀਂ ਸਗੋਂ ਆਪਣੇ ਹੋਰ ਵੀ ਸੈਂਕੜੇ ਪਾਠਕਾਂ ਦੀਆ ਉਮੀਦਾਂ ‘ਤੇ ਖਰਾ ਉਤਰਿਆ ਹੈ।

          

ਕੋਈ ਵੀ ਸਾਹਿਤਕ ਵਿੱਧਾ ਮਨੁੱਖੀ ਜੀਵਨ ਤੇ ਇਸਦੇ ਸਮਾਜਿਕ ਯਥਾਰਥ ਦੀ ਸਮੁੱਚਤਾ ਨੂੰ ਆਪਣੇ ਵਿਚ ਸਮੇਟਣ ਦਾ ਦਾਅਵਾ ਨਹੀਂ ਕਰ ਸਕਦੀ ਪਰ ਆਪਣੇ ਵੱਡੇ ਅਕਾਰ ਕਾਰਣ ਨਾਵਲ ਵਰਗੀ ਗਲਪੀ ਵਿੱਧਾ ਇਸ ਯਥਾਰਥ ਦੇ ਬਾਹਰਮੁੱਖੀ ਤੇ ਅੰਤਰਮੁੱਖੀ ਪਸਾਰਾਂ ਨੂੰ ਰੂਪਮਾਨ ਕਰਨ ਵਿਚ ਬਹੁਤ ਸਫਲ ਵਿਖਾਈ ਦਿੰਦੀ ਹੈ ।ਨਾਵਲ ਵਿੱਧਾ ਨੇ ਸਮੇਂ ਤੇ ਸਥਿਤੀ ਅਨੁਸਾਰ ਸਮਾਜਿਕ ਯਥਾਰਥ ਵਿਚ ਆਉਣ ਵਾਲੀ ਪਰਿਵਰਤਨ ਸ਼ੀਲਤਾ ਨੂੰ ਬੜੇ ਗਹੁ ਨਾਲ ਵਾਚਿਆ ਤੇ ਪਾਠਕਾਂ ਅੱਗੇ ਪ੍ਰਸਤੁੱਤ ਕੀਤਾ ਹੈ ।ਇਸ ਸਦੰਰਭ ਵਿਚ ਹੱਥਲਾ ਨਾਵਲ ‘ਤੀਵੀਂਆਂ‘ ਇਸ ਵਿਸ਼ਲੇਸ਼ਨੀ ਸਿੱਟੇ ਨੂੰ ਵਿਸ਼ੇਸ਼ ਤੌਰ ਤੇ ਉਭਾਰਦਾ ਹੈ ਕਿ ਅਜੋਕਾ ਸਮਾਜਿਕ ਯਥਾਰਥ ਆਪਣੇ ਜਾਗੀਰਦਾਰੀ ਪਿਛੋਕੜ ਤੇ ਪੂੰਜੀਵਾਦੀ ਵਰਤਮਾਨ ਵਿਚਲੇ ਦਵੰਦਆਤਮਿਕ ਸੰਬੰਧਾਂ ਦੀ ਉਪਜ ਹੈ।

ਵਿਗਿਆਨਕ ਤੇ ਪਦਾਰਥਕ ਤਰੱਕੀ ਪੱਖੋਂ ਅਜੋਕਾ ਸਮਾਜ ਆਧੁਨਿਕ ਹੋਣ ਦਾ ਦਮ ਭਰਦਾ ਹੈ ਪਰ ਇਸਦੇ ਅਵਚੇਤਨ ਵਿਚ ਪਏ ਜਗੀਰਦਾਰੀ ਯੁਗ ਦੇ ਸੰਸਕਾਰ ਅਕਸਰ ਇਸ ਦੇ ਵਿਵਹਾਰ ਨੂੰ ਪਛੜੇਵੇਂ ਦੀ ਹੱਦ ਤੀਕ ਲੈ ਜਾਂਦੇ ਹਨ।ਖਾਸ ਤੌਰ ‘ਤੇ ਔਰਤ ਨੂੰ ਉਸਦੇ ਹਿੱਸੇ ਦੇ ਮਨੁੱਖੀ ਅਧਿਕਾਰ ਦੇਣ ਦੇ ਸਬੰਧ ਵਿਚ ਇਹ ਸਮਾਜ ਆਪਣੇ ਸੱਭਿਅਕ ਤੇ ਤਰੱਕੀ ਪਸੰਦ ਹੋਣ ਦੇ ਦਾਅਵੇ ਤੋਂ ਬਿਲਕੁਲ ਉਲਟ ਵਿਵਹਾਰ ਕਰਦਾ ਵਿਖਾਈ ਦਿੰਦਾ ਹੈ।ਕਹਿਣ ਨੂੰ ਤਾਂ ਭਾਰਤੀ ਸਵਿਧਾਨ ਨੇ ਵੀ ਰਤ ਨੂੰ ਮਰਦ ਦੇ ਬਰਾਬਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਅਧਿਕਾਰ ਦਿੱਤੇ ਹਨ ਪਰ ਹਕੀਕਤ ਵਿਚ ਔਰਤ ਆਪਣੇ ਹੀ ਅਧਿਕਾਰਾਂ  ਦੀ ਵਰਤੋਂ ਕਰਨ ਸਬੰਧੀ ਮਰਦ ਦੀ ਮਰਜ਼ੀ ਤੇ ਹੀ ਨਿਰਭਰ ਹੈ।ਨਾਵਲ ਇਸ ਕੌੜੇ ਸੱਚ ਨੂੰ ਤਲਖ ਸੁਰ ਵਿਚ ਬਿਆਨਦਾ ਹੈ ਕਿ ਇੱਕਵੀਂ ਸਦੀ ਵਿਚ ਪ੍ਰਵੇਸ਼ ਕਰਨ ਤੋਂ ਬਾਦ ਵੀ ਸਾਡਾ ਸਮਾਜ ਇਸ ਰੂੜੀਵਾਦੀ ਮਾਨਸਿਕਤਾ ਦਾ ਤਿਆਗ ਨਹੀਂ ਕਰ ਸਕਿਆ ਕਿ ਔਰਤ ਮਰਦ ਦੇ ਪੈਰ ਦੀ ਜੁੱਤੀ ,ਜ਼ਰ ਖਰੀਦ ਗੁਲਾਮ ਤੇ ਕੇਵਲ ਭੋਗੇ ਜਾਣ ਵਸਤੂ ਹੀ ਹੁੰਦੀ ਹੈ।

ਇਹ ਨਾਵਲ ਯੂ.ਪੀ. ਬਿਹਾਰ ਤੋਂ ਖਰੀਦ ਕੇ ਲਿਆਂਦੀਆਂ ਔਰਤਾਂ ਦੀ ਤਰਾਸਦੀ ਨੂੰ ਬਿਆਨਦਾ ਹੈ ਤਾਂ ਸਮਾਜਿਕ ਵਿਵਸਥਾ ਦੀ ਅਮਾਨਵੀ ਬਣਤਰ ਆਪਣੇ ਆਪ ਉਭਰ ਕੇ ਸਾਹਮਣੇ ਆ ਜਾਂਦੀ ਹੈ ।ਭਾਵੇਂ ਔਰਤ ਨੂੰ ਮੰਡੀ ਦੀ ਜਿਨਸ ਵਾਂਗ ਵੇਚੇ ਖਰੀਦੇ ਜਾਣ ਦਾ ਸਿਲਸਲਾ ਵੈਦਿਕ ਕਾਲ ਤੋਂ ਜਾਰੀ ਹੈ, ਪਰ ਇਸ ਦਾ ਮੌਜੂਦਾ ਸਵਰੂਪ ਬਹੁਤ ਘਿਰਨਿਤ , ਨਿੰਦਨਯੋਗ ਤੇ ਗੁੰਝਲਦਾਰ ਬਣ ਗਿਆ ਹੈ ।ਆਪਣੀਆ ਸਮਾਜਿਕ ਜੜਾਂ ਨਾਲੋਂ ਟੁੱਟ ਕੇ ਬਸ਼ੀਰਾਂ ਉਰਫ ਬੰਤ ਕੌਰ, ਜਲ ਕੌਰ,ਸੁਰਜੀ, ਦੇਵਕੀ ਤੇ ਸਰਸਵਤੀ ਵਰਗੀਆਂ ਅਨੇਕਾਂ  ਔਰਤਾਂ ਸਮਾਜ ਤੇ ਘਰ ਪਰਿਵਾਰ ਵਿਚ ਆਪਣੀ ਹੋਂਦ ਸਥਾਪਿਤ ਕਰਨ ਲਈ ਤਨ ਮਨ ਨਿਛਾਵਰ ਕਰ ਦੇਂਦੀਆਂ ਹਨ ਫਿਰ ਵੀ ਉਹਨਾਂ ਦੇ ਮੁੱਲ ਖਰੀਦੇ ਹੋਣ ਦੀ ਧਾਰਨਾ ਸਾਰੀ ਉਮਰ ਉਹਨਾਂ ਨੂੰ ਸਮਾਜਿਕ ਚੁਗਿਰਦੇ ਦੀ ਨਫਰਤ ਦਾ ਸ਼ਿਕਾਰ ਬਣਾਈ ਰੱਖਦੀ ਹੈ।
             
ਨਾਵਲਕਾਰ ਪਸ਼ੂ ਧਨ ਵਾਂਗ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਔਰਤਾਂ ਦੇ ਮਾਨਸਿਕ ਸੰਤਾਪ ਨੂੰ ਮਾਨਵੀ ਧਰਾਤਲ ਤੇ ਉਜਾਗਰ ਕਰਦਾ ਹੈ। ਨਾਵਲ ਅਨੁਸਾਰ ਮੁੱਲ ਖਰੀਦੀਆਂ ਔਰਤਾਂ ਦਾ ਘਰ ਵਿਚ ਸਥਾਈ ਜਾਂ ਅਸਥਾਈ ਵਸੇਬਾ ਘਰ ਦੇ ਮਾਲਕ ਦੀ ਇੱਛਾ ’ਤੇ ਨਿਰਭਰ ਹੁੰਦਾ ਹੈ।ਇਹ ਔਰਤਾਂ ਇਕ ਤੋਂ ਬਾਦ ਦੂਜਾ ਉਜਾੜਾ ਝਲਦਿਆਂ ਨਵੇਂ ਸਿਰੋਂ ਨਵੇਂ ਘਰ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਹਰ ਵਾਰ ਇਹਨਾਂ ਦੀਆਂ ਕੋਸ਼ਿਸ਼ਾ ਤੇ ਭਾਰੂ ਪੈਂਦੀਆਂ ਸਮਾਜਿਕ ਤੇ ਆਰਥਿਕ ਪਰਸਥਿਤੀਆਂ ਉਹਨਾਂ ਦੇ ਪੈਰ ਉਖਾੜ ਦੇਂਦੀਆਂ ਹਨ । ਮੁੱਲ ਖਰੀਦੀ ਔਰਤ ਦੇਵਕੀ ਵੱਲੋਂ  ਨਾਵਲ ਦੇ ਪਾਤਰ ਸਿੰਦੂ ਨੂੰ  ਕੀਤਾ ਇਹ ਸੁਆਲ “ਮੈਨੂੰ ਹੁਣ ਆਗੇ ਵੇਚਦਾ ਤੋ ਨੀ“ਸਮਾਜ ਵਿਚ ਅਜਿਹੀਆਂ ਔਰਤ ਦੀ ਅਤਿਅੰਤ ਤਰਸ ਯੋਗ ਸਥਿਤੀ ਨੂੰ ਉਜਾਗਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰੱਖਦਾ।
             
ਭਾਵੇਂ ਧੀਆਂ ਨੂੰ ਬੇਗਾਨਾ ਧਨ ਸਮਝੇ ਜਾਣ ਕਾਰਣ ਪੰਜਾਬ ਵਿਚ ਮੁੰਡੇ ਕੁੜੀਆਂ ਦੀ ਜਨਮ ਦਰ ਵਿਚ ਵੱਧ ਰਿਹਾ ਅਨੁਪਾਤ ਵੀ ਇਥੇ ਦੂਜਿਆ ਸੂਬਿਆ ਤੋਂ ਮੁੱਲ ਦੀਆਂ ਤੀਵੀਆਂ ਖਰੀਦ ਕੇ ਲਿਆਉਣ ਦਾ ਕਾਰਣ ਬਣਦਾ ਹੈ ਪਰ ਲੇਖਕ ਇਸ ਦਾ ਮੁੱਖ ਕਾਰਣ ਇਥੋਂ ਦੇ ਅਰਥਚਾਰੇ ਵਿਚੋਂ ਤਲਾਸ਼ਦਾ ਹੈ।ਨਾਵਲ ਦੇ ਨਿਰਨਾਇਕ ਸਿੱਟੇ ਅਨੁਸਾਰ ਜੇ ਅੋਰਤਾਂ ਦੇ ਮੁੱਲ ਵਿੱਕਣ ਦਾ ਕਾਰਣ ਉਤਰ ਪ੍ਰਦੇਸ਼ ਜਾਂ ਬਿਹਾਰ  ਵਰਗੇ ਸੂਬਿਆ ਵਿਚ ਪਸਰੀ ਭਿਆਨਕ ਕਿਸਮ ਦੀ ਗਰੀਬੀ ਹੈ ਤਾਂ ਪੰਜਾਬ ਵਿਚ ਇਹਨਾਂ ਨੂੰ ਖਰੀਦਣ ਵਾਲੇ ਜੱਟ ਕਿਸਾਨ ਵੀ ਆਰਥਿਕ ਤੌਰ ਤੇ ਪੂਰੀ ਤਰਾਂ ਥੁੜੇ ਟੁੱਟੇ ਹੁੰਦੇ ਹਨ।ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਦਾ ਧੁਰਾ  ਵਾਹੀ ਯੋਗ ਜ਼ਮੀਨ ਹੈ । ਵੱਖ ਵੱਖ ਕਾਰਣਾਂ ਕਰਕੇ ਕਿਸਾਨਾਂ ਦੇ ਕਬਜ਼ੇ ਹੇਠਲੀ ਜ਼ਮੀਨ ਘੱਟਣ ਕਰਕੇ ਉਹਨਾਂ ਦਾ ਸਮਾਜਿਕ ਮੱੁਲ ਵੀ ਘੱਟ ਜਾਂਦਾ ਹੈ ਜਿਸ ਕਾਰਣ ਛੋਟੀ ਕਿਸਾਨੀ ਨਾਲ ਸਬੰਧਤ ਬਹੁਤ ਸਾਰੇ ਮੁੰਡੇ ਅਣਵਿਆਹੇ ਹੀ ਰਹਿ ਜਾਂਦੇ ਹਨ।ਅਜਿਹੇ ਗਰੀਬ ਕਿਸਾਨਾਂ ਦੀਆਂ ਸਮਾਜਿਕ,ਮਾਨਸਿਕ ਤੇ ਜਿਸਮਾਨੀ ਲੋੜਾਂ ਉਹਨਾਂ ਨੂੰ ਮਜਬੂਰ ਕਰਦੀਆਂ ਹਨ ਕਿ ਘਰ ਗ੍ਰਹਿਸਥੀ ਵਸਾਉਣ ਲਈ ਉਹ ਦੂਜਿਆਂ ਸੂਬਿਆ ਵਿੱਚੋਂ ਮੁੱਲ ਦੀਆਂ ਤੀਵੀਆਂ ਲੈ ਆਉਣ।  ਫਿਰ ਇਹ ਸਿਲਸਲਾ ਪੀੜੀ ਦਰ ਪੀੜੀ ਅੱਗੇ ਤੁਰਦਾ ਰਹਿੰਦਾ ਹੈ।
            
ਨਾਵਲ ਦੀ ਕਹਾਣੀ ਦੀ ਸ਼ੂਰੁਆਤ ਸੰਨ ਸੰਤਾਲੀ ਦੀ ਭਾਰਤ ਪਾਕ ਵੰਡ ਤੋਂ ਹੁੰਦੀ ਹੈ।ਉਸ ਸਮੇਂ ਦੇ ਫਿਰਕੂ ਤੇ ਅਮਾਨਵੀ ਵਰਤਾਰੇ ਵਿਚ ਵੀ ਸੱਭ ਤੋਂ ਵੱਧ ਨੁਕਸਾਨ ਤੇ ਦੁੱਖ ਔਰਤ ਜਾਤ ਨੂੰ ਹੀ ਉਠਾਉਣੇ ਪਏ।ਇਧਰ ਜਾਂ ਉਧਰ ਦੋਹੇਂ ਪਾਸੇ ਉਸਨੂੰ ਲੁੱਟ ਦਾ ਮਾਲ ਸਮਝ ਕੇ  ਉਸ ‘ਤੇ ਜਬਰੀ ਕਬਜ਼ਾ ਕੀਤਾ ਗਿਆ।ਭਾਰਤੀ ਪੰਜਾਬ ਵਾਲੇ ਪਾਸੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਇੱਛਾਂ ਰਖਦੇ ਅਖਤਰ ਦੇ ਸਾਰੇ ਪਰਿਵਾਰ ਨੂੰ ਫਿਰਕੂ ਜਨੂੰਨੀਆਂ ਵੱਲੋਂ ਕਤਲ ਕਰ ਦਿੱਤਾ ਗਿਆ । ‘ਧਰਮ ਦੇ ਰਾਖਿਆਂ,‘ ਨੇ ਨਾ ਕੇਵਲ  ਜ਼ਖਮਾ ਨਾਲ ਲਹੂ ਲੁਹਾਨ ਹੋਈ ਉਸਦੀ ਪਤਨੀ ਬਸ਼ੀਰਾਂ ਨਾਲ ਸਮੂਹਿਕ ਤੌਰ ਤੇ ਬਲਾਤ ਕਾਰ ਕੀਤਾ ਗਿਆ ਸਗੋਂ ਉਸਦੀਆਂ ਨਜ਼ਰਾਂ ਦੇ ਸਾਹਮਣੇ ਹੀ ਉਸਦੇ ਮਾਸੂਮ ਪੁੱਤਰ ਨਜ਼ੀਰ ਨੂੰ ਤਲਵਾਰ ਦੇ ਵਾਰ ਨਾਲ ਮਾਰ ਮੁਕਾਇਆ ਗਿਆ।ਮੁਸਲਮਾਨਾ ਦੇ ਘਰ ਲੁੱਟਣ ਦੇ ਇਰਾਦੇ ਨਾਲ ਆਪਣੇ ਸਾਥੀਆਂ ਨਾਲ ਜਾ ਰਿਹਾ ਕਾਕਾ ਉਸ ਨੁੰ ਲੁੱਟ ਦਾ ਮਾਲ ਸਮਝ ਕੇ ਹੀ ਘਰ ਲੈ ਆਇਆ।ਕਾਕੇ ਤੇ ਉਸ ਦੇ ਸਾਥੀਆਂ ਘੁੰਮਣ ਤੇ ਕੇਹਰੂ  ਦਾ ਆਪਸੀ ਵਾਰਤਾਲਾਪ ਇਨਸਾਨੀਅਤ ਰਹਿਤ ਉਸ ਵਿਸ਼ੇਸ਼ ਕਾਲ ਖੰਡ ਵਿਚ ਔਰਤ ਦੀ ਸਮਾਜਿਕ ਸਥਿਤੀ ਦਾ ਮੁਲਾਂਕਣ ਇਸ ਤਰਾਂ ਕਰਦਾ ਹੈ-
                “ਅਜੇ ਤਾਂ ਜਿਉਂਦੀ ਐਆਪ ਵੇਖ ਲੋ ਚਾਹੇ“।
                 “ ਚਾਹੇ ਜਿਉਂਦੀ  ਐਆਪਾਂ ਨੂੰ ਇਸ ਤੋਂ ਕੀ ਮਿਲਣੈ।“
                 “ ਠੀਕ ਕਰ ਕੇ ਪਰਾਂ ਕਿਸੇ ਨੂੰ ਵੇਚ ਦਿਆਂਗੇ, ਜੇ ਉਧਰ ਮੁਸਲਮਾਨਾਂ ਨੂੰ ਅੜ ਗਏ ਤਾਂ ਦੇਹਾਂ ਘਰ ਦਿਆ ਦੇ
                 ਵੀ ਹੱਥ ਨਹੀ ਲੱਗਣੀਆਂ“।
        
ਕਾਕੇ ਦੇ ਘਰ ਵਿਆਹ ਤੋ ਕਈ ਸਾਲ ਤੀਕ  ਔੁਲਾਦ ਨਾ ਹੋਣ ਕਾਰਣ ਉਹ ਬਸ਼ੀਰਾਂ ਦੀ ਜ਼ਰਖੇਜ ਕੁੱਖ ‘ਚੋਂ ਅਪਣੇ ਘਰ ਦਾ ਵਾਰਸ ਪੈਦਾ ਕੀਤੇ ਜਾਣ ਦੀ ਇੱਛਾ ਰੱਖਦਾ ਹੈ।ਉਸ ਦੀ ਪਤਨੀ ਜਲ ਕੌਰ ਵੱਲੋਂ ਬਸ਼ੀਰਾਂ ਨੂੰ ਆਪਣੀ ਸੌਂਕਣ ਵਜੋ ਸਵੀਕਾਰਣ ਦਾ ਸਾਬਤ ਕਦਮੀ ਵਿਰੋਧ ਕੀਤਾ ਜਾਂਦਾ ਹੈ ਤਾਂ ਉਹ ਆਪਣੀ ਇਸ ਇੱਛਾ ਦਾ ਤਿਆਗ ਕਰ ਦਿੰਦਾ ਹੈ। ਬਸ਼ੀਰਾਂ ਨੂੰ ਪਹਿਲੋਂ ਅੰੰਿਮ੍ਰਤ ਛਕਾ ਕੇ ਬੰਤ ਕੌਰ ਬਣਾਇਆ ਜਾਂਦਾ ਹੈ ਤੇ     ਫਿਰ ਇਕ ਲਵੇਰੀ ਮੱਝ ਦੇ ਬਦਲੇ ਉਸ ਨੂੰ ਸ਼ਰਾਬੀ ਤੇ ਐਬੀ ਤੇਜੇ ਕਾਣੇ ਕੋਲ ਵੇਚ ਦਿੱਤਾ ਜਾਂਦਾ ਹੈ।
            
ਨਾਵਲ ਦੀ ਕਹਾਣੀ ਉਸ ਵੇਲੇ ਨਵਾਂ ਮੋੜ ਕਟਦੀ   ਹੈੇ ਜਦੋਂ ਤੇਜੇ ਕਾਣੇ ਦੇ ਜ਼ਬਰ ਜੁਲਮ ਤੋਂ ਤੰਗ ਆ ਕੇ ਬੰਤ ਕੌਰ ਫਿਰ ਕਾਕੇ ਦੇ ਘਰ ਪਰਤ ਆਉਂਦੀ ਹੈ  ਉਸ ਨੂੰ ਤੇਜੇ ਦੀ ਕੁੱਟ ਨਾਲੋਂ ਜਲ ਕੌਰ ਦੀਆਂ ਗਾਲਾਂ ਖਾਣ ਦਾ ਸੌਦਾ ਵਧੇਰੇ ਸੱਸਤਾ ਲੱਗਦਾ ਹੈ।ਸੁਭਾਵਿਕ ਤੌਰ ਤੇ ਇਸ ਵਾਰ ਵੀ ਜਲ ਕੌਰ ਵੱਲੋਂ ਉਸ ਦਾ ਕਾਕੇ ਦੇ ਘਰ ਸਥਾਈ ਵਸੇਬਾ ਬਣਾਉਣ ਦਾ ਸਖਤ ਵਿਰੋਧ ਕੀਤਾ ਜਾਂਦਾ ਹੈ ।ਕਾਕਾ ਦਿਲੋਂ ਚਾਹੁੰਦਾ ਹੈ ਕਿ ਬੰਤ ਕੌਰ ਉਸਦੇ ਘਰ ਰਹਿ ਕੇ ਉਸ ਦੀ ਸੰਤਾਨ ਨੂੰ ਜਨਮ ਦੇਵੇ।ਆਪਣੇ ਮਰਦ ਹੋਣ ਦੇ ਅੰਹ ਕਾਰਣ ਉਹ ਜਲ ਕੌਰ ਨੂੰ ਆਪਣਾ ਦੋ ਟੂਕ ਫੈਸਲਾ ਸੁਣਾ ਦਿੰਦਾ ਹੈ-
          “ ਇਹ ਤਾਂ ਇਥੀ ਰਹੂਤੇਰਾ ਰਹਿਣਾ ਕਰਨਾ ਤੇਰੀ ਮਰਜੀ ਐ“।
    
ਭਾਵੇਂ ਕਾਕੇ ਦੀ ਜਿਆਦਤੀ ਵਿਰੁੱਧ ਜਲ ਕੁਰ ਵੱਲੋਂ ਉਸਦਾ ਘਰ ਸਦਾ ਲਈ ਤਿਆਗ ਕੇ ਆਪਣੇ ਜੇਠ ਤੇਜੇ ਕਾਣੇ ਦੇ ਘਰ ਵੱਸਣ ਸਬੰਧੀ ਲਿਆ ਪ੍ਰਤੀਕਿ੍ਰਆਵਾਦੀ ਫੈਸਲਾ ਅਣ ਕਿਆਸਿਆ ਹੀ ਨਹੀ ਅਸੁਭਾਵਿਕ ਵੀ ਲੱਗਦਾ ਹੈ ਪਰ ਇਸ ਨਾਲ ਇਹ ਗੱਲ ਜ਼ਰੂਰ ਸਪਸ਼ਟ ਹੋ ਜਾਂਦੀ ਹੈ ਕਿ ਅੋਰਤ ਘਰ ਵਿਚ ਸੌਂਕਣ ਦੇ ਵਸੇਬੇ ਦੇ ਵਿਰੋਧ ਵਿਚ ਕਿਸੇ ਵੀ ਹੱਦ ਤੀਕ ਜਾ ਸਕਦੀ ਹੈ ।ਦੂਜੇ ਪਾਸੇ ਇਸ ਘਟਣਾਕ੍ਰਮ ਰਾਹੀ ਇਹ ਸਿੱਟਾ ਵੀ ਉਭਰਦਾ ਹੈ ਕਿ ਕੇਵਲ ਮੁੱਲ ਦੀਆ ਅੋਰਤਾਂ ਹੀ ਨਹੀਂ ਸਗੋਂ ਸਿਹਰਿਆਂ ਨਾਲ ਵਿਆਹ ਕੇ ਲਿਆਂਦੀਆ ਅੋਰਤਾਂ ਨੂੰ ਵੀ ਘਰ ਵਿਚ ਆਪਣੀ ਹੋਂਦ ਸਥਾਪਿਤ ਕਰਨ ਲਈ ਅਜੇ ਤੀਕ ਵੀ ਲੜਣਾ ਪੈ ਰਿਹਾ ਹੈ।ਜੇ ਉਹ ਸਹੁਰੇ ਪਰਿਵਾਰ ਨੂੰ ਉਸਦੀ ਜਾਇਦਾਦ ਦਾ ਵਾਰਸ ਨਾ ਦੇ ਸਕੇ ਤਾਂ ਉਸ ਦੇ ਸਥਾਨ ਤੇ ਉਸ ਵਰਗੀ ਹੀ ਕੋਈ ਹੋਰ ਮਜ਼ਬੂਰ ਔਰਤ ਬਿਠਾਈ ਜਾ ਸਕਦੀ ਹੈ ।ਭਾਵੇਂ ਘਰ ਵਿਚ ਸੌਕਣ  ਆਉਣ ਤੇ ਹਰ ਅੋਰਤ ਜਲ ਕੌਰ ਵਰਗਾ ਬਦਲਾਖੋਰ ਕਦਮ ਨਹੀਂ ਚੁੱਕ ਸਕਦੀ ਪਰ ਉਸ ਦਾ ਮਾਨਸਿਕ ਸੰਤਾਪ ਜਲ ਕੁਰ ਤੋਂ ਘੱਟ ਡੂੰਘਾ ਨਹੀਂ ਹੁੰਦਾ ।
    
 ਨਾਵਲ  ਦੇ ਦੂਜੇ ਭਾਗ ਵਿਚ ਕਾਕੇ ਤੇ ਬੰਤ ਕੌਰ ਦੀ ਸੰਤਾਨ ਸਿੰਦੂ ਤੇ ਰੋਹੀ ਅੱਗੇ ਘਰ ਪਰਿਵਾਰ ਵਸਾਉਣ ਦੀ ਸੱਮਸਿਆ  ਦਰਪੇਸ਼ ਹੈ।ਬੰਤ ਕੌਰ ਦੀ ਕੁੱਖੋਂ ਪੈਦਾ ਹੋਈਆ ਕੁੜੀਆਂ ਤਾਂ ਥੁੜੇ ਟੁੱਟੇ ਘਰਾਂ ਵਿਚ ਵਿਆਹੀਆਂ ਜਾਂਦੀਆਂ ਹਨ ਪਰ ਘੱਟ ਜ਼ਮੀਨ ਤੇ ਮਾਂ ਦੇ ਮੁਸਲਮਾਨ ਹੋਣ  ਦੀ ਧਾਰਨਾ ਉਹਨਾਂ ਦਾ ਰਿਸ਼ਤਾ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਬਣ ਜਾਂਦੀ ਹੈ ।ਵਿਆਹ ਦੀ ਉਮਰ ਲੰਘਦਿਆ ਵੇਖ ਕੇ ਕੌੜਾ ਘੁੱਟ ਭਰਦਿਆਂ ਸਿੰਦੂ ਵੀਹ ਹਜ਼ਾਰ ਵਿਚ ਪ੍ਰਵਾਸੀ ਔਰਤ ਸੁਰਜੀ ਨੂੰ ਮੁੱਲ ਖਰੀਦ ਲੈਂਦਾ ਹੈ ।ਦਲਾਲ ਦੀ ਮਿਲੀਭੁਗਤ ਨਾਲ ਸੁਰਜੀ ਘਰੋਂ ਭੱਜ ਜਾਂਦੀ ਹੈ ਤਾਂ ਇਸ ਪਰਿਵਾਰ ਦੀ ਸੱਮਸਿਆ ਹੋਰ ਡੂੰਘੀ ਹੋ ਜਾਂਦੀ ਹੈ ।ਕੁਝ ਦਿਨ ਅੋਰਤ ਦੀ ਨੇੜਤਾ ਦਾ ਸੁੱਖ ਮਾਣ ਚੁਕਿਆ ਸਿੰਦੂ ਆਪਣੇ ਅੰਦਰਲੇ ਖਲਾਅ ਨੂੰ ਭਰਨ ਲਈ ਸੋਲਾਂ ਹਜ਼ਾਰ ਰੁਪਏ ਵਿਚ ਇਕ ਹੋਰ ਪ੍ਰਵਾਸੀ ਅੋਰਤ ਦੇਵਕੀ ਨੂੰ ਖਰੀਦ ਲਿਆਂਉਦਾ ਹੈ।ਦੇਵਕੀ ਦੀ ਗੋਦ ਵਿਚ ਉਸ ਦਾ ਪੁੱਤਰ ਰਾਜੂ ਹੋਣ ਤੇ ਉਸਦਾ ਮੁੱਲ ਘੱਟ ਤਾਰਣਾ ਪੈਂਦਾ ਹੈ ।ਦੇਵਕੀ ਦਾ ਸੌਦਾ ਕਰਾਉਣ ਵਾਲੇ ਕੈਲੇ ਦੇ ਇਹ ਸ਼ਬਦ  “ ਨਾਲੇ ਕੱਲੀਆਂ ਦਾ ਬਾਈ ਬਾਈ . ਪੱਚੀ ਪੱਚੀ ਹਜ਼ਾਰ ਮੰਗਦੇ ਨੇ ਇਹ ਸੋਲਾਂ ਵਿਚ ਹੀ ਸਰ ਗਿਆ“ਇਸ ਸਮਾਜਿਕ ਵਿਡੰਬਣਾ ਦਾ ਖੁਲਾਸਾ ਕਰਦੇ ਹਨ ਕੇ ਪੇਂਡੂ ਸਮਾਜ ਵਿਚ ਆਪਣੇ ਪਿੱਛੇ ਬੱਚਾ ਲੈ ਕੇ ਆਉਣ ਵਾਲੇ ਦੁਧਾਰੂ ਪਸ਼ੂ ਦਾ ਮੁੱਲ ਵਧੇਰੇ ਪੈਂਦਾ ਹੈ ਪਰ ਔਰਤ ਦੇ ਮਾਮਲੇ ਵਿਚ ਬਿਲਕੁਲ ਇਸ ਤੋਂ ਉਲਟ  ਵਾਪਰਦਾ ਹੈ।
             
ਉੱਤਰ ਪ੍ਰਦੇਸ਼ ਜਾਂ ਬਿਹਾਰ ਵਿਚੋਂ ਖਰੀਦ ਕੇ ਲਿਆਦੀਆਂ ਪਰਵਾਸੀ ਅੋਰਤਾਂ ਪ੍ਰਤੀ ਸਾਡਾ ਸਾਡਾ ਸਮਾਜਿਕ ਨਜ਼ਰੀਆਂ ਸਿੰਦੂ ਵੱਲਂਚ ਪਹਿਲੀ ਹੀ ਰਾਤ ਦੇਵਕੀ ਪ੍ਰਤੀ ਵਰਤੇ ਇਹਨਾਂ ਸ਼ਬਦਾਂ ਰਾਹੀਂ ਸਪੱਸ਼ਟ ਹੁੰਦਾ ਹੈ।
            “ ਕਿਉਂ ਰੌਣ ਨੂੰ ਤੇਰੀ ਕੀ ਗਾਂ ਮੱਝ ਮਰ ਗੀ । ਕੰਜਰ ਦੀ। ਕੱਪੜੇ ਲਾਹ ਕੇਰਾਂ“।
        
ਦੇਵਕੀ ਕੇਵਲ ਸਿੰਦੂ ਦੀ ਪਤਨੀ ਕਹਾਉਣ ਦੀ ਇੱਛਾਰੱਖਦੀ ਹੈ  ਪਰ ਭਾਈ ਵੰਡ ਅਨੁਸਾਰ ਅੱਧੀ ਜ਼ਮੀਨ ਦਾ ਮਾਲਕ ਹੋਣ ਕਾਰਣ ਸਿੰਦੂ ਦਾ ਭਰਾ ਰੋਹੀ ਇਸ ਮੁੱਲ ਖਰੀਦੀ ਜਾਇਦਾਦ ਵਿਚੋਂ ਵੀ ਅੱਧ ਵੰਡਾਉਣਾ ਆਪਣਾ ਹੱਕ ਸਮਝਦਾ ਹੈ।ਜਦੋਂ ਰੋਹੀ ਸ਼ਰੇਆਮ ਦੇਵਕੀ ਦੀ ਇਜ਼ੱਤ ਤਕਾਉਣ ਲੱਗਦਾ ਹੈ ਤਾਂ ਉਹ ਸਿੰਦੂ ਤੋਂ ਆਪਣੀ ਸੁੱਰਖਿਆ ਦੀ ਆਸ ਰੱਖਦੀ ਹੈ ਪਰ ਡੇਢ ਕਿਲਾ ਜ਼ਮੀਨ ਖੁਸ ਜਾਣ ਦਾ ਡਰ ਉਸ ਨੂੰ ਦੇਵਕੀ ਦਾ ਪੱਖ ਨਹੀਂ ਲੈਣ ਦੇਂਦਾ ।
         “ ਫੇਰ ਕੀ ਹੋਇਆ ਉਸਦਾ ਸੀਰ ਨਹੀਂ ਘਰ ‘ਚ। ਜੇ ਤੇਰੇ ਪਤੰਦਰ ਨੇ ਡੂਢ ਕਿਲਾ ਵੰਡਾ ਲਿਆ ਫਿਰ  ਉਹਦਾ ਕੀ ਕਰ ਦੇਂਗੀ ਤੂੰ“ ।ਵਰਗੇ ਬੋਲ ਕੇਵਲ ਸਿੰਦੂ ਦੀ ਨਿੱਜ਼ੀ ਵਿਚਾਰਧਾਰਾ ਦੀ ਉਪਜ ਨਹੀਂ ਸਗੋਂ  ਇਹ ਅੋਰਤ ਨੂੰ ਜਾਇਦਾਦ ਸਮਝਣ ਵਾਲੇ ਸਮਾਜ ਦੀ ਮਾਨਸਿਕਤਾ ਵਿਚ ਪਏ ਜ਼ਾਗੀਰੂ ਯੁਗ ਦੇ ਸੰਸਕਾਰਾਂ ਦੀ ਪੁਸ਼ਟੀ ਤੇ ਪੈਰਵਾਈ ਕਰਦੇ ਹਨ। ਇਹਨਾਂ ਬੋਲਾਂ ਵਿਚੋਂ ਛੋਟੇ ਕਿਸਾਨ ਦੀ ਆਪਣੀ ਮਜਬੂਰੀ ਵੀ ਬੋਲਦੀ ਹੈ ਕਿ ਕਿਸ ਤਰਾਂ ਆਪਣੀ ਟੁੱਟ ਰਹੀ ਆਰਥਿਕਤਾ ਨੂੰ ਬਚਾਉਣ ਲਈ ਉਹ ਆਪਣੀ ਗੈਰਤ ਨੂੰ ਮਾਰ ਕੇ ਸਮਝੌਤੇ ਕਰ ਰਿਹਾ ਹੈ।   
           
ਜਦੋਂ ਦੇਵਕੀ ਦੀਆਂ ਜੜਾਂ ਸਿੰਦੂ ਦੇ ਘਰ ਵਿਚ ਲੱਗਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਹਲਾਤ ਇਕ ਵਾਰ ਫੇਰ ਨਾਟਕੀ ਮੌੜ ਕਟਦੇ ਹਨ । ਦੇਵਕੀ ਆਪਣੇ ਨਾਲ ਰੁੱਸ ਕੇ ਗਏ ਪੁੱਤਰ ਰਾਜੂ ਦੀ ਭਾਲ ਵਿਚ ਚੀਮੇ ਦੇ ਬੱਸ ਅੱਡੇ ‘ਤੇ ਜਾਂਦੀ ਹੈ ਤਾਂ ਉਥੇ ਮੌਜੂਦ ਟੱਰਕ ਡਰਾਵਿਰ ਸੱਤੀ ਤੇ ਉਸ ਦੇ ਕਲੀਨਰ ਵੱਲੋਂ ਉਸ ਦੇ ਮੂਂਹ ਵਿਚ ਜਬਰੀ ਸ਼ਰਾਬ ਪਾ ਕੇ ਉਸਦੀ ਇਜ਼ਤ ਲੁੱਟਣ ਨਾਲ ਮਨੁੱਖਤਾ ਇਕ ਵਾਰ  ਫਿਰ ਸ਼ਰਮਸ਼ਾਰ ਹੂੰਦੀ ਹੈ । ਬੇ-ਹੋਸ਼ੀ ਦੀ ਹਾਲਤ ਵਿਚ  ਹੀ ਸੱਤੀ ਡਰਾਇਵਰ ਵਲੋਂ ਦੇਵਕੀ ਨੂੰ ਪਿੰਡ ਕੁਸਲੇ ਦੇ ਲੋੜਵੰਦ ਕਿਸਾਨ ਕਰਨੈਲ ਕੋਲ ਕੇਵਲ ਦੋ ਹਜ਼ਾਰ ਰੁਪਏ ਵਿਚ ਵੇਚ ਦਿੱਤਾ ਜਾਂਦਾ ਹੈ।ਨਵੇਂ ਮਾਲਕ ਵਲੋਂ ਦਿਨ ਰਾਤ ਰਾਖੀ ਰੱਖੀ ਜਾਣ ‘ਤੇ ਦੇਵਕੀ ਕੋਲ ਹਲਾਤ ਨਾਲ ਸਮਝੌਤਾ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਰਹਿੰਦਾ ।ਆਖਿਰ ਥੱਕ ਹਾਰ ਕੇ ਉਹ ਇਸ ਨਵੀਂ ਥਾਂ ਤੇ ਆਪਣੀਆ ਜੜਾਂ ਲਾਉਣ ਦੀ ਕੋਸ਼ਿਸ਼ ਕਰਨ ਲੱਗਦੀ ਹੈ ।ਪੰਜਾਬ ਵਿਚ ਵਿਚਰ ਰਹੀਆਂ ਦੇਵਕੀ ਵਰਗੀਆਂ ਔਰਤਾਂ ਦੇ ਦੁੱਖ ਦਰਦਾਂ ਦੀ ਥਾਹ ਪਾਉਣ ਲਈ ਇਸ ਤੋਂ ਢੁਕਵੇਂ ਸ਼ਬਦ ਸ਼ਾਇਦ ਹੀ ਮਿਲਣ-
             ‘ ਬੱਸ ਵਿਚ ਪੈਰ ਰੱਖਦਿਆਂ ਉਸ ਨੇ ਮਹਿਸੂਸ ਕੀਤਾ ਜਿਵੇਂ ਕੋਈ ਖਿੱਚ ਉਸ ਨੂੰ ਗਗੜਪੁਰ ਰਹਿਣ ਲਈ ਕਹਿ  ਰਹੀ ਹੋਵੇ । ਦੂਸਰੀ ਖਿੱਚ ਉਸ ਨੂੰ ਕੁਸਲੇ ਵੱਲ ਅਵਾਜ਼ਾਂ ਮਾਰ ਰਹੀ ਸੀ । ਇਹਨਾਂ ਦੋਹਾਂ ਨੂੰ ‘ਛੱਡ ਪਰਾਂ‘ ਕਹਿੰਦੀ ਤੀਜੀ ਉਸ ਨੂੰ ਬਿਹਾਰ ਵੱਲ ਸੱਦ ਰਹੀ ਸੀ ;ਉਸਨੂੰ ਲੱਗਿਆ ਜਿਵੇਂ ਉਹ ਥਾਂ ਥਾਂ ਖਿੰਡੀ ਪਈ ਹੋਵੇ । ਹਰ ਥਾਂ ਆਟੇ ਦੀਆਂ ਚਿੜੀਆਂ ਵਾਂਗ ਢਹਿੰਦੀ , ਮੁੜ ਨਵੇਂ ਰੂਪ ਵਿਚ ਉਸਰਦੀ ਰਹੀ ਸੀ ।ਕੁਸਲੇ ਜਾ ਕੇ ਵੀ ਥਾ ਉਸ ਨੂੰ ਦਰਦ ਛੁੱਪਾ ਕੇ ਬਚਿੱਆ ਨਾਲ ਮੁਸਕਰਾਉਣਾ ਪਵੇਗਾ।ਛਲੇਡੇ ਵਾਂਗ ਦੇਹ ਪਲਟਣੀ ਪਵੇਗੀ‘।
          
ਇਹਨਾਂ ਥੋੜੇ ਜਿਹੇ ਸ਼ਬਦਾਂ ਵਿੱਚ ਹੀ ਸਾਰੇ ਨਾਵਲ ਦਾ ਤੱਤਸਾਰ  ਤੇ ਉਦੇਸ਼ਆਤਮਿਕ ਸੰਦੇਸ਼ ਛੁਪਿਆ ਹੈ ।
     
ਨਾਵਲ ਵਿਚ ਇਕ ਹੋਰ ਮੁੱਲ ਖਰੀਦੀ ਔਰਤ ਸਰਸਵਤੀ ਰਾਹੀਂ ਅਜਿਹੀਆਂ ਔਰਤਾਂ ਦੀ ਤਰਾਸਦੀ ਦਾ ਸਿਖਰ ਪੈਸ਼ ਕਰਦਾ ਹੈ।ਇਹ ਰਤ ਸਿੰਦੂ ਦੀ ਬਜਾਇ ਉਸ ਦੇ ਭਰਾ ਰੋਹੀ ਵੱਲੋ ਖਰੀਦੀ ਜਾਂਦੀ ਹੈ।ਉਸਦੀ ਆਦਤਾਂ ਤੇ ਪੂਰਵਜੀ ਸਭਿਆਚਾਰ ਪਸੰਦ ਨਾ ਆਉਣ ਤੇ ਰੋਹੀ ਵੱਲੋਂ ਉਸ ਨੂੰ ਅਠਾਰਾਂ ਹਜ਼ਾਰ ਰੁਪਏ ਵਿਚ ਅੱਗੇ ਵੇਚ ਦਿੱਤਾ ਜਾਂਦਾ ਹੈ ।ਮੁੱਲ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਰਤਾਂ ਤੇ ਹੋਣ ਵਾਲੇ ਸਿਤਮ ਦੀ ਹੱਦ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਪੰਜ ਹਜ਼ਾਰ ਵੱਧ ਵੱਟਣ ਦੇ ਲਾਲਚ ਵਿਚ ਸਰਸਵਤੀ ਤੋ ਉਸਦੀ ਕੁਛੜ ਹੇਠਲੀ ਮਾਸੂਮ ਦੀ ਰੋਡੀ ਖੋਹ ਕੇ ਉਸ ਇੱਕਲੀ ਨੂ ਹੀ ਵੇਚ ਦਿੱਤਾ ਜਾਂਦਾ ਹੈ।ਨਾਵਲਕਾਰ ਇਸ ਸਿਰੇ ਦੀ ਅਮਾਨਵੀ ਸਥਿਤੀ ਨੂੰ ਇਸ ਤਰਾਂ ਬਿਆਨ ਕਰਦਾ ਹੈ-
        ‘ਕੁੜੀ ਰੋਹੀ ਨੂੰ ਰੱਖਣੀ ਪੈ ਗਈ । ਨਾਲ ਕੁੜੀ ਨੂੰ ਤੋਰਣ ‘ਤੇ ਗਾਹਕ ਪੰਜ ਹਜ਼ਾਰ ਘੱਟ ਦਿੰਦੇ ਸੀ ਪੰਜ ਹਜ਼ਾਰ ਘੱਟ ਲੈਣ ਨਾਲੋ ਕੁੜੀ ਨੂੰ ਰੱਖ ਲੈਣਾ ਰੋਹੀ ਨੇ ਜਿਆਦਾ ਫਾਇਦੇਮੰਦ ਸਮਝਿਆ । ਜਦ ਲੈਣ ਆਏ ਇੱਕਲੀ ਸਰਸਵਤੀ ਨੂੰ ਲੈ ਕੇ ਜਾਣ ਲੱਗੇ ਤਾਂ ਦੋਹਾਂ ਮਾਵਾਂ ਦੀਆ ਨੇ ਚੀਕਾਂ ਮਾਰ ਮਾਰ ਅਸ਼ਮਾਨ ਸਿਰ ਤੇ ਚੁੱਕ ਲਿਆ ਸੀ ।ਮਾਂ ਨੂੰ ਚਿਚੜੀ ਵਾਂਗ ਚਿਬੰੜੀ ਕੁੜੀ ਨੂੰ ਤੋੜ ਕੇ ਰੋਹੀ ਨੇ ਅੰਦਰ ਸਬਾਤ ਵਿਚ ਬੰਦ ਕਰ ਦਿੱਤਾ ਤੇ ਧਾਹਾਂ ਮਾਰਦੀ , ਹੱਥਾਂ ‘ਚੋ ਨਿਕਲ ਜਾਂਦੀ ਸਰਸਵਤੀ ਨੂੰ ਮੱਲੋ ਮਲੀ ਗੱਡੀ ਵਿਚ ਸੁੱਟ ਕੇ ਲੈ ਗਏ।
       
ਨਾਵਲ ਦੇ ਅਗਲੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ ਮੁੱਲ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਔਰਤਾਂ ਨਾ ਕੇਵਲ ਆਪ ਸਾਰੀ ਉਮਰ ਮਾਨਸਿਕ ਸੰਤਾਪ ਭੋਗਦੀਆਂ ਹਨ ਸਗੋਂ ਆਪਣੀ  ਔਲਾਦ ਨੂੰ ਵੀ ਵਿਰਸੇ ਵਿਚ ਇਹੋ ਕੁਝ ਦੇ ਜਾਂਦੀਆਂ ਹਨ । ਦੇਵਕੀ ਦੇ ਪੁੱਤਰ ਰਾਜੂ ਤੇ ਸਰਸਵਤੀ ਦੀ ਧੀ ਰੋਡੀ ਨੂੰ ਵੀ ਆਪਣੀਆਂ ਮਾਵਾਂ ਦੇ ਬਰਾਬਰ ਹੀ ਮਾਨਸਿਕ ਪੀੜਾਂ ਸਹਿਣ ਕਰਣੀਆ ਪੈਂਦੀਆਂ ਹਨ।ਚੁਗਿਰਦੇ ਦੇ ਸਮਾਜ ਵੱਲੋਂ ਦਿੱਤਾ ‘ਬੇਰੜਾ‘ਸੰਬੋਧਨ   ਸਾਰੀ ਉਮਰ ਛਿਲਤਰ ਦੀ ਚੋਭ ਵਾਂਗ ਉਹਨਾਂ ਦੀ ਮਾਨਸਿਕਤਾ ਵਿਚ ਪੁੜਿਆ ਰਹਿੰਦਾ ਹੈ ਪਿੰਡ ਦੇ ਲੋਕਾਂ ਦੇ ਵਿਅੰਗਬਾਣਾ ਤੋਂ ਡਰਦਿਆ ਹੀਣ ਭਾਵਨਾ ਦਾ ਸ਼ਿਕਾਰ ਹੋਇਆ ਰਾਜੂ ਆਪਣੇ ਘਰ ਵਿਚ ਹੀ ਸਾਰਾ ਵਕਤ ਗੁਜਾਰਣ ਲਈ ਮਜਬੂਰ ਹੈ। ਜੇ ਹਾਣ ਦੀ ਕੁੜੀ ਰਾਣੀ ਵੱਲੋਂ ਕੁਝ ਸਮੇ ਲਈ ਉਸ ਨੂੰ ਜ਼ਜ਼ਬਾਤੀ ਪੱਧਰ ਦਾ ਪਿਆਰ ਮਿਲਦਾ ਹੈ ਤਾਂ ਇਸ ਦਾ ਖਮਿਆਜਾ ਉਸ ਨੂੰ ਪਿੰਡ ਦੇ ਵਸਨੀਕਾਂ ਵੱਲੋਂ ਕੀਤੀ ਕੁੱਟ ਮਾਰ ਤੇ ਅਪਮਾਨ ਦੇ ਰੂਪ ਵਿਚ ਭੁਗਤਣਾ ਪੈਂਦਾ ਹੈ।ਸਾਰੇ ਪਿੰਡ ਵਿਚੋਂ ਕੇਵਲ ਉਸਦਾ ਮੂੰਹ ਬੋਲਿਆ ਤਾਇਆਂ ਸਰਬਣ ਤੇ ਤਾਈ ਅਮਰੋ ਹੀ ਉਸ ਨਾਲ ਮਨੁੱਖੀ ਤਰਜ਼ ਦਾ ਵਿਵਹਾਰ ਕਰਦੇ ਹਨ, ਪਰ ਬਾਦ ਵਿਚ ਨੂੰਹ ਪੁੱਤਰ ਦੇ ਮੁਥਾਜ ਹੋਣ‘ਤੇ ਉਹ ਵੀ ਉਸ ਦੀ ਧਿਰ ਬਨਣ ਤੋਂ ਅਸਮਰਥ ਰਹਿੰਦੇ ਹਨ।ਸਮਾਜਿਕ ਚੁਗਿਰਦੇ ਵੱਲੋਂ ਉਸ ਨਾਲ ਕੀਤੀ ਜਾਂਦੀ ਨਫਰਤ ਨੂੰ ਉਜਾਗਰ ਕਰਨ ਲਈ ਇਕ ਪੇਂਡੂ ਪਾਤਰ ਸਮਸ਼ੇਰ ਦੇ ਇਹ ਬੋਲ ਕਾਫੀ ਹਨ-
          “ਇਹਦੀ ਲੱਤ ਤਾਂ ਅਈਂ ਠੀਕ ਐ, ਜੇ ਲੋਟ ਹੋ ਗਈ ਊਂ ਨਾ  ਆਪਣੀਆਂ ਪਿੰਡ ਦੀਆਂ ਕੁੜੀਆਂ ਨੂੰ ਯੂ.ਪੀ. ਬਿਹਾਰ ਲਿਜਾ ਵਾੜੇ । ਹੁਣ ਸੋਟੀ ਨਾਲ ਭੱਜੇ ਜਾਂਦੇ ਨੂੰ ਫੜ ਤਾਂ ਲਵਾਂਗੇ“।
          
ਰਾਜੂ ਦੇ ਐਕਸੀਡੈਂਟ ਨਾਲ ਲੱਗੀ ਸੱਟ ਦੇ ਜ਼ਖਮਾਂ ਨਾਲੋਂ ਲੋਕਾਂ ਵੱਲੋਂ ਉਸ ਨਾਲ ਕੀਤੀ ਨਫਰਤ ਦੇ ਜ਼ਖਮ ਵਧੇਰੇ ਡੂੰਘੇ ਸਿੱਧ ਹੁੰਦੇ ਹਨ ਤੇ ਇਹੀ ਜ਼ਖਮ ਆਖਿਰ ਉਸ ਦੀ ਜਾਨ ਲੈ ਲੈਂਦੇ ਹਨ।
            
ਇਸ ਤਰ੍ਹਾਂ ਇਹ ਨਾਵਲ ਪੰਜਾਬ ਵਿਚ ਰਹਿੰਦੀਆਂ ਪਰ ਆਪਣੀਆ ਜੜਾਂ ਨਾਲੋਂ ਉਖੜੀਆਂ ਪਰਵਾਸੀ ਰਤਾਂ ਦੇ ਦੁਖਾਂਤ ਤੇ ਇਸ  ਨਾਲ ਅੰਤਰ ਸਬੰਧਤ ਛੋਟੀ ਕਿਸਾਨੀ ਦੇ  ਆਰਥਿਕ ਸੰਕਟ ਦੀਆ ਬਹੁਤ ਸਾਰੀਆਂ ਲੁਕਵੀਆਂ ਪਰਤਾਂ ਉਘੇੜਣ ਵਿਚ ਸਫਲ ਰਿਹਾ ਹੈ।ਪੰਜਾਬ ਸੰਕਟ ਦੌਰਾਨ ਰੋਹੀ ਦਾ ਖਾੜਕੂਆ ਦੇ ਭੇਸਧਾਰੀ ਲੁਟੇਰਿਆ ਵਿਚ ਸ਼ਾਮਿਲ ਹੋਣਾਂ ਜਾਂ ਸਿੰਦੂ ਦਾ ਡੇਰੇ ਦਾ ਸਾਧ ਬਨਣ ਪਿੱਛੇ ਵੀ ਉਹਨਾਂ ਦੀ ਟੁੱਟੀ ਹੋਈ ਆਰਥਿਕਤਾ ਹੀ ਕਾਰਜਸ਼ੀਲ ਹੈ । ਨਾਵਲ ਛੋਟੀ ਕਿਸਾਨੀ ਦੇ ਜੀਵਨ ਸੰਘਰਸ ਦੀਆਂ ਕਈ ਪਰਤਾਂ ਫਰੋਲਦਾ ਹੈ ਪਰ ਸਮੇਂ ਦੀ ਸੀਮਾ ਮੈਨੂੰ ਇਹਨਾਂ ਦੇ ਵਿਸਥਾਰ ਵਿਚ ਜਾਣ ਦੀ ਆਗਿਆ ਨਹੀਂ ਦੇਂਦੀ।
             
ਨਾਵਲ ਵਿਚਲੀਆਂ ਘਟਨਾਵਾਂ ਬੱਝਵੀਂ ਤਰਤੀਬ ਵਿਚ ਪੇਸ਼ ਹੋਈਆਂ ਹਨ ਤੇ ਇਹਨਾਂ ਦਾ ਸੰਪਾਦਨ ਵੀ ਬਹੁਤ ਸੁੱਚਜਾ ਹੈ ।ਭਾਵੇਂ ਨਾਵਲੀ ਪਾਠ ਦੇ ਪ੍ਰਭਾਵ ਨੂੰ ਵਧੇਰੇ ਸੰਵੇਦਨਾਤਮਕ ਤੇ ਮਾਰਮਿਕ ਬਣਾਉਣ ਲਈ ਨਾਵਲਕਾਰ ਨੇ ਇਕ ਦੋ ਥਾਈਂ ਘਟਨਾਕ੍ਰਮ ਨੂੰ ਸੁਭਾਵਿਕਤਾ ਦੀਆਂ ਹੱਦਾਂ ਪਾਰ ਕਰਨ ਦੀ ਇਜ਼ਾਜਤ ਦਿੱਤੀ ਹੈ ਫਿਰ ਵੀ ਇਹ ਨਾਵਲ ਪਾਠਕੀ ਮਨਾਂ ‘ਤੇ ਬੱਝਵਾਂ ਪ੍ਰਭਾਵ ਸਕਣ ਵਿਚ ਸਫਲ ਵਿਖਾਈ ਦੇਂਦਾ ਹੈ ।ਕੁਲ ਮਿਲਾ ਕੇ ਨਾਵਲ ਦੀ ਸੰਗਨਾਠਤਮਕ ਬਣਤਰ ਕਸਵੀਂ ਹੀ ਰਹੀ ਹੈ।ਇਸ ਨਾਵਲ ਵਿਚ ਨਾਂ ਤਾਂ ਬੇਲੋੜੇ ਪਾਤਰਾਂ ਦੀ ਭਰਮਾਰ ਹੈ ਤੇ ਨਾਂ ਹੀ ਘਟਨਾਵਾਂ ਦਾ ਵਾਧੂ ਖਿਲਾਰਾ । ਸਾਰੇ ਪਾਤਰ ਆਪਣੇ ਕਾਰਜ਼ ਖੇਤਰ ਵਿਚ ਵਿਚਰਦਿਆਂ ਇਕ ਨਿਸਚਿਤ ਅਨੁਸ਼ਾਸ਼ਨ ਵਿਚ ਰਹਿ ਕੇ ਨਾਵਲ ਦੀ ਕਹਾਣੀ ਨੂੰ ਅੱਗੇ ਤੋਰਦੇ ਹਨ ।
           
ਨਾਵਲ ਦੀ ਚਾਲ ਬੜੀ ਤੇਜ ਹੈ। ਪੁਰਾਨੇ ਨਾਵਲਕਾਰਾਂ ਵਾਂਗ ਨਾਵਲ ਦਾ ਕੋਈ ਕਾਂਡ ਸ਼ੁਰੂ ਕਰਨ ਤੋਂ ਪਹਿਲਾਂ ਸਤੌਜ ਕੋਈ ਲੰਬੀ ਚੌੜੀ ਭੂਮਿਕਾ ਨਹੀਂ ਬਨਦਾ ਸਗੋਂ ਤੱਟ ਫੱਟ ਆਪਣੇ ਪਾਠਕਾਂ ਨੂੰ ਸਮਾਜਿਕ ਯਥਾਰਥ ਦੀ ਕਿਸੇ ਝਾਕੀ ਅੱਗੇ ਲਿਆ ਖੜਾ ਕਰਦਾ ਹੈ।ਨਾਵਲਕਾਰ ਨੂੰ ਨਾਵਲੀ ਕਥਾ ਤੇ ਇਸ ਦੀਆਂ ਬਿਰਤਾਂਤਕ ਜੁਗਤਾਂ ਦੀ ਚੰਗੀ ਸਮਝ ਹੈ।ਨਾਵਲ ਵਿਚਲੀ ਕਥਾ ਵਸਤੂ ਦੀ ਪੇਸ਼ਕਾਰੀ ਲਈ ਵਰਤੀਆਂ ਜੁਗਤਾਂ ਜਿਥੇ ਮੌਲਿਕ ਤੇ ਨਿਵੇਕਲੀਆਂ ਹਨ ਉਥੇ ਇਹ ਪੰਜਾਬੀ ਨਾਵਲ ਨੂੰ ਅੱਗੇ ਲੈ ਕੇ ਜਾਣ ਵਾਲੀਆ ਵੀ ਹਨ ।
            ਨਾਵਲ ਵਿਚ ਕਹਾਣੀ ਰੱਸ ਕਮਾਲ ਦਾ ਹੈ । ਇਕ ਵਾਰੀ ਨਾਵਲ ਦਾ ਪਾਠ ਸ਼ੁਰੂ ਕਰਨ ‘ਤੇ ਇਸ ਨੂੰ ਵਿਚਾਲਿਂ ਛੱਡਣ ਦਾ ਦਿਲ ਨਹੀਂ ਕਰਦਾ।ਇਸ ਨਾਵਲ ਦੇ ਪਾਠ ਦੌਰਾਨ ‘ਅੱਗੇ ਕੀ ਹੋਇਆ‘ ਜਾਨਣ ਸਬੰਧੀ ਪਾਠਕੀ ਉਤਸੁਕਤਾ ਲਗਾਤਾਰ ਬਰਕਰਾਰ ਰਹਿੰਦੀ ਹੈ।ਨਾਵਲ ਦੇ ਪਾਤਰਾਂ ਦਾ ਆਪਸੀ ਵਾਰਤਾਲਾਪ , ਬੋਲੀ ਤੇ ਸ਼ੈਲੀ ਪੰਜਾਬ ਦੇ ਮਲਵਈ ਉਪ ਸਭਿਆਚਾਰ ਨੂੰ ਸਜੀਵ ਰੂਪ ਵਿਚ ਰੂਪਮਾਨ ਕਰ ਜਾਂਦੇ ਹਨ । ਮਲਵਈ ਸੱਭਿਆਚਾਰ ਦੀ ਪੇਸ਼ਕਾਰੀ ਪੱਖੋਂ ਇਹ ਨਾਵਲ ਗੁਰਦਿਆਲ ਸਿੰਘ ਤੇ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤੀ ਅਜਿਹੀ ਪ੍ਰੰਪਰਾ ਦਾ ਪੂਰਕ ਹੈ ।ਭਾਵੇਂ ਇਸ ਨਾਵਲ ਦੇ ਪ੍ਰਕਾਸ਼ਕ ਨੇ ਇਸ ਨੂੰ ਪੰਜਾਬ ਵਿਚਲੀਆਂ ਪਰਵਾਸੀ ਰਤਾਂ ਦੇ ਦੁਖਾਂਤ ਤੇ ਲਿਖਿਆ ਪਹਿਲਾ ਨਾਵਲ ਕਰਾਰ ਦਿੱਤਾ ਹੈ ਪਰ ਮੈਂ ਇਸ ਨੂੰ ਇਸੇ ਹੀ ਇਸੇ ਹੀ ਵਿਸ਼ੇ ‘ਤੇ ਲਿਖੇ ਪ੍ਰਸਿੱਧ ਨਾਵਲਕਾਰ ਰਾਮਸਰੂਪ  ਅਣਖੀ ਦੇ ਨਾਵਲ ‘ਗੇਲੋ‘ ਦੇ ਅਗਲੇ ਵਿਸਥਾਰ ਵਜੋਂ ਸਵੀਕਾਰਦਾ ਹਾਂ।ਇਸ ਨਾਵਲ ਰਾਹੀਂ ਪੇਸ਼ ਹੋਏ ਸਮਾਜਿਕ ਯਥਾਰਥ ਤੇ ਇਸ ਦੀ ਸਾਹਿਤਕ ਪ੍ਰਸਤੁਤੀ ਲੇਖਕ ਨੂੰ ਆਪਣੇ ਸਮੇਂ ਦਾ ਸਮਰੱਥ ਨਾਵਲਕਾਰ ਕਰਾਰ ਦੇਂਦੀ ਹੈ । ਅਸੀਂ ਇਸ ਨਾਵਲਕਾਰ ਤੋਂ ਆਉਣ ਵਾਲੇ ਸਮੇ ਵਿਚ ਸ਼ਾਹਕਾਰ ਗਲਪੀ ਰਚਨਾਵਾਂ ਦੀ ਆਸ ਰੱਖ ਸਕਦੇ ਹਾਂ।
                                       

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ