Mon, 26 February 2024
Your Visitor Number :-   6870264
SuhisaverSuhisaver Suhisaver

ਗ਼ਦਰੀ ਸੂਰਬੀਰਾਂ ਨੂੰ ਚੇਤੇ ਕਰਦਿਆਂ -ਰਘਬੀਰ ਸਿੰਘ

Posted on:- 04-07-2013

suhisaver

ਇਹ ਵਰ੍ਹਾ, ਸਨ 2013, ਹਿੰਦੁਸਤਾਨ ਗ਼ਦਰ ਪਾਰਟੀ ਦੀ ਸਥਾਪਨਾ ਦੀ ਸ਼ਤਾਬਦੀ ਦਾ ਵਰ੍ਹਾ ਹੈ। ਭਾਵੇਂ ਅਮਰੀਕਾ ਦੇ ਪੱਛਮੀ ਤਟ ਉੱਤੇ ਅਤੇ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਪ੍ਰਾਂਤ ਵਿੱਚ ਵੱਖ-ਵੱਖ ਰੂਪਾਂ ਵਿੱਚ ਕੌਮੀ ਭਾਵਨਾਵਾਂ ਦਾ ਪ੍ਰਗਟਾਅ ਕਈ ਵਰ੍ਹੇ ਪਹਿਲਾਂ ਹੀ ਹੋਣ ਲੱਗਾ ਸੀ, ਪਰ ਇਨ੍ਹਾਂ ਭਾਵਨਾਵਾਂ ਦੇ ਠੋਸ ਪ੍ਰਗਟਾਅ ਵਜੋਂ ਜੱਥੇਬੰਦਕ ਤੌਰ ’ਤੇ ਗ਼ਦਰ ਪਾਰਟੀ ਇੱਕ ਸੌ ਸਾਲ ਪਹਿਲਾਂ ਸਨ 1913 ਵਿੱਚ ਵਜੂਦ ਵਿੱਚ ਆਈ ਸੀ। ਰਾਜਸੀ ਗ਼ੁਲਾਮੀ ਪ੍ਰਤੀ ਅਥਾਹ ਨਫ਼ਰਤ ਅਤੇ ਕੌਮੀ ਆਜ਼ਾਦੀ ਦੇ ਜਜ਼ਬੇ ਨਾਲ਼ ਲਬਰੇਜ਼ ਸਾਧਾਰਨ ਕਿਰਤੀ ਘਰਾਂ ਦੇ ਜੰਮਪਲ ਲੋਕਾਂ ਨੇ ਇਸ ਪਾਰਟੀ ਦੀ ਸਥਾਪਨਾ ਕੀਤੀ ਸੀ। ਇਹ ਲੋਕ ਚੰਗੇ ਰੁਜ਼ਗਾਰ ਦੀ ਭਾਲ਼ ਵਿੱਚ ਆਪਣੀ ਜੰਮਣ-ਭੌਂ ਤੋਂ ਹਜ਼ਾਰਾਂ ਮੀਲ ਦੂਰ, ਧਰਤੀ ਦੇ ਦੂਜੇ ਸਿਰੇ ਉੱਤੇ ਪਹੁੰਚੇ ਸਨ ਅਤੇ ਕੈਨੇਡਾ ਅਮਰੀਕਾ ਵਿੱਚ ਆ ਕੇ ਹੀ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਆਪਣੇ ਮੁਲਕ ਦੇ ਗ਼ੁਲਾਮ ਹੋਣ ਦਾ ਕੀ ਅਰਥ ਹੁੰਦਾ ਹੈ। ਏਸੇ ਅਹਿਸਾਸ ਵਿੱਚੋਂ ਆਪਣੀ ਨਿੱਜੀ ਭੁੱਖ ਤੇ ਤੋਟਾਂ ਨੂੰ ਵਿਸਾਰ ਕੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦਾ ਝੰਡਾ ਚੁੱਕ ਲਿਆ ਸੀ।

ਕੌਮੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿੱਚ ਇਹ ਤੱਥ ਹੁਣ ਅਕਾਟ ਰੂਪ ਵਿੱਚ ਪ੍ਰਵਾਨ ਕੀਤਾ ਜਾਣ ਲੱਗਾ ਹੈ ਕਿ ਅੰਗਰੇਜ਼ਾਂ ਦੀ ਬਸਤੀਵਾਦੀ ਗੁਲਾਮੀ ਤੋਂ ਹਿੰਦੁਸਤਾਨ ਦੀ ਮੁਕਤੀ ਦੇ ਉਦੇਸ਼ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਜੱਥੇਬੰਦੀ ਨੇ ਏਜੰਡੇ ਉੱਤੇ ਲਿਆਂਦਾ ਸੀ ਤਾਂ ਉਹ ਸੋਹਣ ਸਿੰਘ ਭਕਨਾ ਦੀ ਪ੍ਰਧਾਨਗੀ ਵਿੱਚ ਅਮਰੀਕਾ ਵਿੱਚ 1913 ਵਿੱਚ ਸਥਾਪਤ ਹੋਈ ਹਿੰਦੁਸਤਾਨ ਗ਼ਦਰ ਪਾਰਟੀ ਹੀ ਸੀ। ਇਸ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਕਈ ਪ੍ਰਗਟਾਵੇ ਹੋਏ ਸਨ। ਵਿਰੋਧ ਦੇ ਅਜਿਹੇ ਪ੍ਰਗਟਾਵਿਆਂ ਵਿੱਚ 1857 ਦੇ ਗ਼ਦਰ ਨੂੰ ਬਹੁਤ ਅਹਿਮ ਥਾਂ ਹਕਾਸਲ ਹੈ। ਆਪਣੇ ਧਾਰਮਿਕ ਸਰੂਪ ਵਿੱਚ ਸਤਿਗੁਰੂ ਰਾਮ ਸਿੰਘ ਵੱਲੋਂ ਚਲਾਈ ਨਾਮਧਾਰੀ ਲਹਿਰ ਦਾ ਸਰਕਾਰੀ ਵਿਵਸਥਾ ਦਾ ਬਾਈਕਾਟ ਵੀ ਅਜਿਹੇ ਵਿਰੋਧ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਸੀ ਅਤੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ‘ਪਗੜੀ ਸੰਭਾਲ਼’ ਵਾਲ਼ਾ ਅਦੋਲਨ ਵੀ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਲੋਕ-ਭਾਵਨਾ ਦਾ ਤਿੱਖਾ ਮੁਜ਼ਾਹਰਾ ਸੀ। ਪਰ ਇੱਕ ਨਿਸ਼ਚਿਤ ਰਾਜਸੀ ਮਨੋਰਥ ਵੱਜੋਂ ਮੁਕੰਮਲ ਆਜ਼ਾਦੀ ਦਾ ਨਾਅਰਾ ਸਭ ਤੋਂ ਪਹਿਲਾਂ ਗ਼ਦਰ ਪਾਰਟੀ ਵੱਲੋਂ ਹੀ ਬੁਲੰਦ ਕੀਤਾ ਗਿਆ ਸੀ।

ਕੌਮੀ ਆਜ਼ਾਦੀ ਦੇ ਲੰਮੇ ਸੰਘਰਸ਼ ਵਿੱਚ ਹਿੰਦੁਸਤਾਨ ਗ਼ਦਰ ਪਾਰਟੀ ਦਾ ਰੋਲ ਬਹੁਤ ਉੱਘਾ ਵੀ ਹੈ ਤੇ ਮਣ-ਮੱਤਾ ਵੀ। ਆਜ਼ਾਦੀ ਤੋਂ ਪਿੱਛੋਂ ਰਾਜ-ਸੱਤਾ ਉੱਤੇ ਅਧਿਕਾਰ ਪ੍ਰਾਪਤ ਕਰਨ ਵਾਲ਼ੀ ਧਿਰ ਨੇ ਸ਼ਾਂਤਮਈ ਅੰਦੋਲਨ ਨੂੰ ਵਧੇਰੇ ਮਹੱਤਵ ਦੇਣ ਦੇ ਆਸ਼ੇ ਨਾਲ਼ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖਰੀਆਂ ਪਾਰਟੀਆਂ ਤੇ ਲਹਿਰਾਂ ਦੀ ਦੇਣ ਨੂੰ ਜ਼ਿਆਦਾ ਉਘੜਨ ਨਹੀਂ ਦਿੱਤਾ। ਵੀਹਵੀਂ ਸਦੀ ਦੇ ਦੂਜੇ ਦਹਾਕੇ ਤੋਂ ਲੈ ਕੇ 1947 ਵਿੱਚ ਦੇਸ਼ ਦੇ ਆਜ਼ਾਦੀ ਹਾਸਲ ਕਰ ਲੈਣ ਤੱਕ ਵੱਖ-ਵੱਖ ਰੂਪਾਂ ਵਿੱਚ ਅਿਤੇ ਵੱਖ-ਵੱਖ ਲਹਿਰਾਂ ਤੇ ਪਾਰਟੀਆਂ ਵਿਚਲੇ ਜੁਝਾਰੂ ਅੰਗ ਵਜੋਂ ਗ਼ਦਰ ਪਾਰਟੀ ਨਾਲ਼ ਜੁੜੇ ਦੇਸ਼ ਭਗਤਾਂ ਨੇ ਬਹੁਤ ਵੱਡੀ ਦੇਣ ਦਿੱਤੀ ਹੈ। 1914 ਵਿੱਚ ਬਰਤਾਨੀਆਂ ਦੀ ਗ਼ੁਲਾਮੀ ਦੇ ਜੂਲ਼ੇ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗ਼ਦਰੀ ਸੂਰਬੀਰਾਂ ਨੇ ਬਦੇਸ਼ਾਂ ਵਿੱਚ ਵੱਸਦੇ ਹਿੰਦੀਆਂ ਨੂੰ ਦੇਸ਼ ਵੱਲ ਵਹੀਰਾਂ ਘੱਤਣ ਲਈ ਸੱਦਾ ਦਿੱਤਾ ਸੀ ਅਤੇ ਹਥਿਆਰ ਬੰਦ ਬਗ਼ਾਵਤ ਰਾਹੀਂ ਦੇਸ਼ ਆਜ਼ਾਦ ਕਰਾਉਣ ਦਾ ਬਿਗਲ ਵਜਾਇਆ ਸੀ। ਇਸ ਤੋਂ ਪਹਿਲਾਂ ਕਾਮਾਗਾਟਾ ਮਾਰੂ ਦੇ ਦੁਖਾਂਤ ਕਾਰਨ ਕੈਨੇਡਾ ਦੀ ਵੈਨਕੂਵਰ ਦੀ ਬੰਦਰਗਾਹ ਤੋਂ ਧੱਕੇ ਨਾਲ਼ ਦੇਸ਼ ਪਰਤਾਏ ਗਏ ਇਸ ਜਹਾਜ਼ ਦੇ ਮੁਸਾਫ਼ਰਾਂ ਨੂੰ ਵੀ ਗ਼ਦਰੀਆਂ ਨੇ ਦੇਸ਼ ਭਗਤੀ ਦੀ ਚਿਣਗ ਲਾਈ ਸੀ ਅਤੇ ਬਜਬਜ ਘਾਟ ਵਰਗਾ ਖ਼ੂਨੀ ਸਾਕਾ ਵਰਤਿਆ ਸੀ। ਆਜ਼ਾਦੀ ਦੀ ਸ਼ਮ੍ਹਾ ਹੱਥ ਵਿੱਚ ਫੜੀ ਸੈਂਕੜਿਆਂ ਦੀ ਗਿਣਤੀ ਵਿੱਚ ਸਾਲ 1914 ਵਿੱਚ ਦੇਸ਼ ਪਰਤੇ ਗ਼ਦਰੀ ਸੂਰਬੀਰਾਂ ਨੇ ਹਿੰਦੁਸਤਾਨੀ ਫੌਜਾਂ ਵਿੱਚ ਬਗ਼ਾਵਤ ਫੈਲਾ ਕੇ 19 ਫ਼ਰਵਰੀ 1915 ਨੂੰ ਗ਼ਦਰ ਮਚਾਉਣ ਅਤੇ ਇਸ ਤਰ੍ਹਾਂ ਦੇਸ਼ ਨੂੰ ਫਰੰਗੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਬਦਕਿਸਮਤੀ ਨਾਲ਼ ਉਹ ਆਪਣੇ ਇਸ ਯਤਨ ਵਿੱਚ ਸਫ਼ਲ ਨਹੀਂ ਸੀ ਰਹੇ, ਜਿਸ ਅਸਫ਼ਲਤਾ ਦੇ ਬਹੁਤ ਸਾਰੇ ਕਾਰਨ ਗਿਣਾਏ ਜਾ ਸਕਦੇ ਹਨ।

ਪਰ ਸਨ 1915 ਦੀ ਨਾਕਾਮ ਰਹਿ ਗਈ ਇਸ ਕੋਸ਼ਿਸ਼ ਵਿੱਚ ਗ਼ਦਰੀ ਦੇਸ਼ ਭਗਤਾਂ ਨੇ ਕੁਰਬਾਨੀ ਦੀ ਜੋ ਅਦੁੱਤੀ ਮਿਸਾਲ ਕਾਇਮ ਕੀਤੀ, ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਇੱਕ ਸੁਨਹਿਰੀ ਕਾਂਡ ਹੋ ਨਿਬੜੀ। ਉਦੋਂ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੁਕੰਮਲ ਆਜ਼ਾਦੀ ਨੂੰ ਹਾਲੇ ਆਪਣੇ ਏਜੰਡੇ ਉੱਤੇ ਨਹੀਂ ਸੀ ਲਿਆਂਦਾ। ਆਜ਼ਾਦੀ ਪ੍ਰਾਪਤ ਕਰਨ ਦੀ ਖ਼ਾਤਰ ਗ਼ਦਰ ਪਾਰਟੀ ਦੀ ਇਸ ਪਹਿਲੀ ਹਥਿਆਰਬੰਦ ਜੱਥੇਬੰਦਕ ਮੁਹਿੰਮ ਨੂੰ ਕੁਦਰਤੀ ਹੀ ਫਰੰਗੀ ਸਰਕਾਰ ਨੇ ਸਾਜਿਸ਼ ਦਾ ਨਾਉਂ ਦਿੱਤਾ ਅਤੇ ਬੜੀ ਤੇਜ਼ੀ ਨਾਲ਼ ਉਪਰੋ ਥਲੀ ‘ਲਾਹੌਰ ਸਾਜਿਸ਼ ਕੇਸ’ ਦੇ ਨਾਂ ’ਤੇ ਚਾਰ ਮੁਕੱਦਮੇ ਚਲਾ ਕੇ ਵੱਡੀ ਗਿਣਤੀ ਵਿੱਚ ਗ਼ਦਰੀ ਦੇਸ਼ ਭਗਤਾਂ ਨੂੰ ਫਾਂਸੀ, ਕਾਲ਼ੇ ਪਾਣੀ ਦੀ ਉਮਰ ਕੈਦ, ਘਰ-ਘਾਟ ਦੀ ਜ਼ਬਤੀ ਵਰਗੀਆਂ ਸਜ਼ਾਵਾਂ ਦਿੱਤੀਆਂ। ਫਾਂਸੀ ਲੱਗਕੇ ਦੇਸ਼ ਦੀ ਅਜ਼ਾਦੀ ਦੀ ਖ਼ਾਤਰ ਸ਼ਹੀਦ ਹੋਣ ਵਾਲ਼ੇ ਪਹਿਲੇ ਸੱਤ ਗ਼ਦਰੀ ਸੂਰਬੀਰਾਂ ਵਿੱਚ ਹੀ ਸ਼ਾਮਿਲ ਸੀ ਕਰਤਾਰ ਸਿੰਘ ਸਰਾਭਾ। ‘ਲਾਹੌਰ ਸਾਜ਼ਿਸ਼ ਕੇਸ’ ਦੇ ਇਹਨਾਂ ਮੁਕੱਦਮਿਆਂ ਤੋਂ ਬਿਨਾਂ ਬਰ੍ਹਮਾ ਵਿੱਚ ਮਾਂਡਲੇ ਸਾਜ਼ਿਸ਼ ਕੇਸ ਅਤੇ ਫੌਜ ਦੇ ਕੋਰਟ ਮਾਰਸ਼ਲ ਤੇ ਵੱਖ-ਵੱਖ ਵਾਰਦਾਤਾਂ ਵਿੱਚ ਵਿਅਕਤੀਗਤ ਗ਼ਦਰੀਆਂ ਜੰ ਉਹਨਾਂ ਦੀਆਂ ਟੋਲੀਆਂ ਦੀ ਸਰਕਾਰੀ ਦਲਾਂ ਨਾਲ਼ ਮੁੱਠਭੇੜ ਵਿੱਚ ਸ਼ਹੀਦੀ ਪਾਉਣ ਵਾਲੇ ਅਤੇ ਇਹਨਾਂ ਵਾਰਦਾਤਾਂ ਨੂੰ ਲੈ ਕੇ ਚਲਾਏ ਗਏ ਮੁਕੱਦਮਿਆਂ ਵਿੱਚ ਸਜ਼ਾਵਾਂ ਪਾਉਣ ਵਾਲ਼ੇ ਦੇਸ਼ ਭਗਤਾਂ ਦੀ ਗਿਣਤੀ ਇਨ੍ਹਾਂ ਤੋਂ ਵੱਖ ਹੈ। ਖੋਜੀਆਂ ਅਤੇ ਇਤਿਹਾਸਕਾਰਾਂ ਨੇ ਗ਼ਦਰੀ ਦੇਸ਼ ਭਗਤਾਂ ਦੀ ਗਿਣਤੀ ਕਿੰਨੇ ਹੀ ਸੈਂਕੜਿਆਂ ਵਿੱਚ ਕੀਤੀ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਫਾਂਸੀ ਦੇ ਰੱਸੇ ਚੁੰਮੇ, ਫਰੰਗੀ ਸਰਕਾਰ ਦੀਆਂ ਕਾਲ਼ ਕੋਠੜੀਆਂ ਵਿੱਚ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਬਤੀਤ ਕੀਤੇ ਅਤੇ ਜੇਲ੍ਹਾਂ ਤੋਂ ਬਾਹਰ ਆ ਕੇ ਜਾਂ ਕਿਸੇ ਤਰੀਕੇ ਜੇਲ੍ਹਾਂ ਤੋਂ ਬਾਹਰ ਰਹਿ ਕੇ ਸਾਰੀ ਉਮਰ ਦੇਸ਼ ਦੇ ਲੇਖੇ ਲਾਈ। ਜਲਿਆਂਵਾਲ਼ੇ ਬਾਗ਼ ਦੇ ਸਾਕੇ ਨੂੰ ਛੱਡਕੇ, ਜਿੱਥੇ ਸੈਂਕੜੇ ਬੇਗੁਨਾਹ ਜਨਰਲ ਡਾਇਰ ਦੇ ਹੁਕਮ ਨਾਲ਼ ਗੋਲ਼ੀਆਂ ਦਾ ਨਿਸ਼ਾਨਾ ਬਣਾਏ ਗਏ ਸਨ, ਕੌਮਾ ਆਜ਼ਾਦੀ ਦੀ ਲਹਿਰ ਦੇ ਕਿਸੇ ਵੀ ਹੋਰ ਅੰਗ ਨੇ ਏਨੀਆਂ ਜ਼ਿਆਦਾ ਕੁਰਬਾਨੀਆਂ ਨਹੀਂ ਦਿੱਤੀਆਂ, ਜਿੰਨੀਆਂ ਗ਼ਦਰ ਪਾਰਟੀ ਦੇ ਕਾਰਕੁੰਨਾਂ ਨੇ। ਇਸ ਪੱਖ ਤੋਂ ਗ਼ਦਰ ਪਾਰਟੀ ਦੀ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਜੋ ਦੇਣ ਹੈ, ਉਹ ਲਾਮਿਸਾਲ ਹੈ।

1915 ਵਿੱਚ ਪਹਿਲੀ ਸੰਸਾਰ ਜੰਗ ਸਮੇਂ ਗ਼ਦਰ ਮਚਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਗ਼ਦਰ ਪਾਰਟੀ ਦਾ ਯਤਨ ਭਵੇਂ ਨਾਕਾਮ ਰਹਿ ਗਿਆ ਸੀ ਪਰ ਇਹ ਪ੍ਰਵਾਨ ਕੀਤਾ ਜਾਂਦਾ ਹੈ ਕਿ ਇਸ ਨੇ ਆਜ਼ਾਦੀ ਦੀ ਬੁਨਿਆਦ ਰੱਖ ਦਿੱਤੀ ਸੀ। ਅਕਸਰ ਭੁਲੇਖੇ ਵਸ ਇਸ ਤਰ੍ਹਾਂ ਦੀ ਗੱਲ ਕਰ ਦਿੱਤੀ ਜਾਂਦੀ ਰਹੀ ਹੈ ਜਿਵੇਂ ਹਿੰਦੁਸਤਾਨ ਗ਼ਦਰ ਪਾਰਟੀ ਵੱਲੋਂ ਵਿਉਂਤੀ ਗਈ ਗ਼ਦਰ ਦੀ ਮੌਲਿਕ ਯੋਜਨਾ ਹੀ ਆਜ਼ਾਦੀ ਦੇ ਸੰਗਰਾਮ ਵਿੱਚ ਉਸਦੀ ਦੇਣ ਹੋਵੇ। 1915 ਦੀਆਂ ਘਟਨਾਵਾਂ ਦਾ ਜ਼ਿਕਰ ਤਾਂ ਭਾਵੇਂ ਪ੍ਰਸ਼ੰਸਾਭਾਵੀ ਸੁਰ ਵਿੱਚ ਹੀ ਹੁੰਦਾ ਰਿਹਾ ਹੈ, ਪਰ ਪ੍ਰਭਾਵ ਇਹ ਦਿੱਤਾ ਜਾਂਦਾ ਰਿਹਾ ਹੈ ਕਿ ਜਿਵੇਂ ਕੌਮੀ ਮੁਕਤੀ ਦੇ ਸੰਘਰਸ਼ ਦੇ ਇਤਿਹਾਸ ਵਿੱਚ ਗ਼ਦਰ ਪਾਰਟੀ ਦਾ ਆਜ਼ਾਦੀ ਦੇ ਸੰਗਰਾਮ ਵਿੱਚ ਰੋਲ 1915 ਵਿੱਚ ਇਨਕਲਾਬ ਕਰਨ ਜਾਂ ਗ਼ਦਰ ਮਚਾਉਣ ਦੇ ਇਸ ਦੇ ਯਤਨ ਤੋਂ ਬਹੁਤ ਵਡੇਰਾ ਹੈ। ਇਹ ਰੋਲ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਇਸਦੀ ਲਾਮਿਸਾਲ ਕੁਰਬਾਨੀ ਦੇ ਹਵਾਲਿਆਂ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ 1947 ਤੱਕ ਫ਼ੈਲਿਆ ਹੋਇਆ ਹੈ।
ਗ਼ਦਰ ਪਾਰਟੀ ਦੇ ਰੋਲ ਨੂੰ ਆਜ਼ਾਦੀ ਤੋਂ ਮਗਰੋਂ ਦੀ ਹਕੂਮਤ ਨੇ ਭਾਵੇਂ ਬਹੁਤਾ ਨਹੀਂ ਗੌਲ਼ਿਆ ਪਰ ਦੇਸ਼ ਦੀ ਆਮ ਜਨਤਾ ਵਿੱਚ ਤੇ ਦੇਸ਼ ਭਗਤੀ ਦੀ ਭਾਵਨਾ ਵਾਲ਼ੇ ਪਰਵਾਸੀ ਹਿੰਦੁਸਤਾਨੀਆਂ ਵਿੱਚ ਇਸ ਦੀ ਦੇਣ ਬਾਰੇ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ। ਦੇਸ ਬਦੇਸ਼ ਵਿੱਚ ਗ਼ਦਰੀ ਸ਼ਹੀਦਾਂ ਤੇ ਸੂਰਬੀਰਾਂ ਦੀ ਯਾਦ ਵਿੱਚ ਮੇਲੇ ਲੱਗਦੇ ਹਨ, ਜਿੱਥੇ ਉਨ੍ਹਾਂ ਦੀ ਕੁਰਬਾਨੀ ਨੂੰ ਿਤੱਗਤਾ ਤੇ ਸ਼ਰਧਾ ਭਾਵਨਾ ਨਾਲ਼ ਚੇਤੇ ਕੀਤਾ ਜਾਂਦਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਬਸਤੀਵਾਦੀ ਗ਼ੁਲਾਮੀ ਵਿਰੁੱਧ ਜੂਝਣ ਵਾਲ਼ੇ ਸਭਨਾਂ ਦੇਸ਼ ਭਗਤਾਂ ਦੀ ਯਾਦ ਨੂੰ ਪਰਪੱਕ ਕਰਨ ਦੇ ਯਤਨ ਕਰਦੀ ਹੋਈ ਕਈ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ, ਜਿਨ੍ਹਾਂ ਵਿੱਚੋਂ ਇੱਕ ਹਰ ਵਰ੍ਹੇ ਹੋਣ ਵਾਲ਼ਾ ‘ਗ਼ਦਰੀ ਬਾਬਿਆਂ ਦਾ ਮੇਲਾ’ ਜਨਤਾ ਦੀ ਵੱਡੀ ਖਿੱਚ ਦਾ ਕਾਰਨ ਬਣਦਾ ਹੈ। ਇੰਗਲੈਂਡ, ਕੈਨੇਡਾ ਦੇ ਕਈ ਵੱਖ-ਵੱਖ ਸ਼ਹਿਰਾਂ ਤੇ ਕਈ ਹੋਰ ਥਾਵਾਂ ਉੱਤੇ ਵੀ ਹਰ ਸਾਲ ਗ਼ਦਰੀ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮੇਲੇ ਲੱਗਦੇ ਹਨ, ਜਿੱਥੇ ਲੋਕ ਹੁੰਮ-ਹੁਮਾ ਕੇ ਪੁੱਜਦੇ ਹਨ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚਲੇ ਸ਼ਹਿਰਾਂ ਸੈਕਰਾਮੈਂਟੋ, ਫਰੈਜ਼ਨੋ, ਯੂਬਾ ਸਿਟੀ ਵਿੱਚ ਲੱਗਣ ਵਾਲ਼ੇ ਮੇਲੇ ਵੀ ਇਸ ਕੜੀ ਦਾ ਹਿੱਸਾ ਹਨ। ਕੈਲੀਫੋਰਨੀਆ ਦੇ ਸਹਿਰਾਂ ਵਿੱਚ ਹੋਣ ਵਾਲ਼ੇ ਮੇਲਿਆਂ ਦਾ ਮਹੱਤਵ ਇਸ ਕਰਕੇ ਹੋਰ ਜ਼ਿਆਦਾ ਹੈ ਕਿ ਇਹ ਉਸ ਧਰਤੀ ਉੱਤੇ ਲੱਗਦੇ ਹਨ, ਜੋ ਆਜ਼ਾਦੀ ਤੇ ਦੇਸ਼ ਭਗਤੀ ਦੀ ਚਿਣਗ ਉਭਾਰਨ ਲਈ ਗ਼ਦਰੀਆਂ ਦੀ ਸਰਗਰਮੀ ਦਾ ਮੁੱਖ ਕੇਂਦਰ ਸੀ। ਔਰੀਗਨ ਤੇ ਵਾਸ਼ਿੰਗਟਨ ਸਟੇਟ ਵਿਚਲੇ ਪੋਰਟਲੈਂਡ, ਐਸਟੋਰੀਆ, ਸੇਂਟ ਜੌਹਨ, ਬਰੈਡਲਵਿਲੇ ਵਰਗੇ ਸ਼ਹਿਰਾਂ ਤੋਂ ਬਿਨਾਂ ਕੈਲੇਫੋਰਨੀਆ ਵਿੱਚ ਸੈਕਰਾਮੈਂਟੋ, ਸਟਾਕਟਨ, ਸਾਨ ਫ੍ਰਾਂਸਿਸਕੋ, ਫਰੈਜ਼ਨੋ, ਮੈਰਿਸਵਿਲ ਵਰਗੀਆਂ ਥਾਵਾਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਦਾ ਮੁੱਖ ਧੁਰਾ ਸਨ। ਇੱਥੋਂ ਹੀ ਗ਼ਦਰ ਪਾਰਟੀ ਵੱਲੋਂ ਵਿਉਂਤੇ ਗਏ ਪ੍ਰੋਗਰਾਮਾਂ ਨੇ ਆਜ਼ਾਦੀ ਦੇ ਸੰਗਰਾਮ ਨੂੰ ਇੱਕ ਇਤਿਹਾਸਿਕ ਮੋੜ ਦਿੱਤਾ ਸੀ। ਗ਼ਦਰ ਪਾਰਟੀ ਦਾ ਹੈੱਡਕੁਆਰਟਰ, ਜੋ ਯੁਗਾਂਤਰ ਆਸ਼ਰਮ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ, ਤਾਂ ਸ਼ੁਰੂ ਤੋਂ ਅਖ਼ੀਰ ਤੱਕ ਸਾਨ ਪ੍ਰਾਂਸਿਸਕੋ, ਸੈਕਰਾਮੈਂਟੋ, ਮੈਰਿਸਵਿਲੇ ਤੇ ਯੂਬਾ ਸਿਟੀ ਵਿੱਚ ਸਨ। ਅੰਗਰੇਜ਼ ਸਰਕਾਰ ਦੀ ਖ਼ੁਫ਼ੀਆ ਦਸਤਾਵੇਜ਼ ‘ਗ਼ਦਰ ਡਾਇਰੈਕਟਰੀ’ ਵਿੱਚ ਸਾਲ 1914 ਤੋਂ 1934 ਦਰਮਿਆਨ ਦੇਸ਼ ਬਦੇਸ਼ ਵਿੱਚ ਸਰਗਰਮ ‘ਖ਼ੌਫ਼ਨਾਕ’ ਗ਼ਦਰੀਆਂ ਦੀ ਸੂਚੀ ਵਿੱਚ ਸੈਂਕੇ ਨਾਂ ਉਨ੍ਹਾਂ ਹਿੰਦੁਸਤਾਨੀਆਂ ਦੇ ਹਨ ਜੋ ਮੈਰਿਸਵਿਲੇ, ਯੂਬਾ ਸਿਟੀ, ਵਾਲਨਟ ਗਰੋਵ, ਸਟਾਕਟਨ, ਫਰੈਜ਼ਨੋ ਵਿੱਚ ਗ਼ਦਰ ਪਾਰਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਕਈ ਤਰ੍ਹਾਂ ਨਾਲ਼ ਕੰਮ ਕਰ ਰਹੇ ਸਨ ਅਤੇ ਜਿਨ੍ਹਾਂ ਦੀਆਂ ਸਰਗਰਮੀਆਂ ਉੱਤੇ ਨਿਗਾਹ ਰੱਖਣ ਦੀ ਫਰੰਗੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਐਨ ਏਸੇ ਤੱਥ ਕਰਕੇ ਹੀ ਕੁਝ ਸਮਾਂ ਪਹਿਲਾਂ ਆਪਣੀ ਦੇਸ਼-ਬਦੇਸ਼ ਫੇਰੀ ਬਾਰੇ ਲੇਖਾਂ ਦੀ ਲੜੀ ਵਿੱਚ ਸਾਡੇ ਪ੍ਰਤਿਸ਼ਠਤ ਲੇਖਕ ਗੁਲਜ਼ਾਰ ਸਿੰਧ ਸੰਧੂ ਨੇ ਜਦੋਂ ਕੈਲੀਫੋਰਨੀਆ ਦੀ ਯਾਤਰਾ ਦਾ ਵੇਰਵਾ ਦਿੱਤਾ ਸੀ ਤਾਂ ਉਸਨੇ ਇਨ੍ਹਾਂ ਲੇਖਾਂ ਨੂੰ ‘ਗ਼ਦਰੀਆਂ ਦੀ ਧਰਤੀ ਉੱਤੇ’ ਦਾ ਸਿਰਲੇਖ ਦਿੱਤਾ ਸੀ।

ਗ਼ਦਰ ਪਾਰਟੀ ਦੇ ਮੁੱਢਲੇ ਨਾਂ ‘ਪੈਸੇਫਿਕ ਕੋਸਟ ਹਿੰਦੀ ਐਸੋਸੀਏਸ਼ਨ’ ਵਾਲ਼ੀ ਸੰਸਥਾ ਦਾ ਜੱਥੇਬੰਧਕ ਢਾਂਚਾ ਐਸਟੋਰੀਆ, ਔਰੀਗਨ ਸਟੇਟ ਵਿੱਚ 1913 ਵਿੱਚ ਹੀ ਕਾਇਮ ਹੋਇਆ ਸੀ, ਜਿਸ ਅਨੁਸਾਰ ਪਾਰਟੀ ਦੇ ਮੁੱਢਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜ਼ਾਨਚੀ ਪੰਡਤ ਕਾਂਸ਼ੀ ਰਾਮ ਸਨ। ਪਰ ਜਿਵੇਂ ਕਿ ਸੰਕੇਤ ਕੀਤਾ ਜਾ ਚੁੱਕਿਆ ਹੈ, ਸ਼ਾਂਤ ਮਹਾਂਾਗਰ ਦੇ ਕੰਢੇ ਦੀਆਂ ਅਮਰੀਕਨ ਰਿਆਸਤਾਂ, ਕੈਲੇਫੋਰਨੀਆ, ਔਰੀਗਨ, ਵਾਸ਼ਿੰਗਟਨ ਅਤੇ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਪ੍ਰਾਂਤ ਵਿੱਚ ਗ਼ਦਰ ਪਾਰਟੀ ਦੀ ਸੇਧ ਵਾਲ਼ੀ ਰਾਸ਼ਟਰੀ ਮੁਕਤੀ ਦੀ ਭਾਵਨਾ ਪਹਿਲਾਂ ਹੀ ਪ੍ਰਚੰਡ ਹੋ ਰਹੀ ਸੀ ਅਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਤਾਂ ਮੇਵਾ ਸਿੰਘ ਲੋਪੋਕੇ ਅਤੇ ਭਾਗ ਸਿੰਘ ਭਿਖੀਵਿੰਡ ਸ਼ਹੀਦ ਵੀ ਹੋ ਚੁੱਕੇ ਸਨ। ਪਾਰਟੀ ਦੇ ਬਾਕਾਇਦਾ ਤੌਰ ’ਤੇ ਜੱਥੇਬੰਦ ਹੋ ਜਾਣ ਪਿੱਛੋਂ ਦੂਰ-ਦੁਰਾਡੇ ਦੇਸ਼ਾਂ ਵਿੱਚ, ਜਿੱਥੇ ਵੀ ਹਿੰਦੁਸਤਾਨੀ ਵੱਸਦੇ ਸਨ, ਇਸਦਾ ਪ੍ਰਭਾਵ ਪਸਰ ਗਿਆ ਸੀ। ਇਹੀ ਕਾਰਨ ਹੈ ਕਿ ਬਹੁਤ ਥੋੜ੍ਹੇ ਸਮੇਂ ਦੇ ਵਕਫ਼ੇ ਨਾਲ਼ ਹੀ ਇਸਦੇ ਸੱਦੇ ਉੱਤੇ ਅਮਰੀਕਾ ਤੇ ਕੈਨੇਡਾ ਤੋਂ ਬਿਨ ਵੱਖ-ਵੱਖ ਏਸ਼ੀਆਈ ਦੇਸ਼ਾਂ ਵਿੱਚ ਕਮਾਈ ਕਰਨ ਗਏ ਲੋਕ ਦੇਸ਼ ਭਗਤੀ ਦੇ ਜਜ਼ਬੇ ਨਾਲ਼ ਲਬਰੇਜ਼ ਹੋ ਕੇ  ਵੱਲ ਵੀਰਾਂ ਘੱਤ ਤੁਰੇ ਸਨ। 1915 ਦੇ ਇਸਦੇ ਗ਼ਦਰ ਮਚਾਉਣ ਦੇ ਯਤਨ ਵਿੱਚ ਕਿੰਨੇਂ ਤਾਂ ਫਾਂਸੀ ਦਾ ਰੱਸਾ ਚੁੰਮ ਗਏ। ਫਾਂਸੀ ਤੋਂ ਬਚ ਗਏ ਗ਼ਦਰੀ ਦੇਸ਼ ਭਗਤਾਂ ਨੇ ਆਪਣੇ ਕਾਜ ਵੱਲੋ ਕਦੇ ਮੁੱਖ ਨਾ ਮੋੜਿਆ। ਸਗੋਂ ਉਨ੍ਹਾਂ ਬਦਲਦੇ ਹਾਲਾਤਾਂ ਤੇ ਸਮੇਂ ਅਨੁਸਾਰ ਆਜ਼ਾਦੀ ਦੇ ਮਿਸ਼ਨ ਨੂੰ ਅਗਾਂਹ ਲਿਜਾਣ ਲਈ ਆਪਣੀਆਂ ਸਰਗਰਮੀਆਂ ਜ਼ੋਰ-ਸ਼ੋਰ ਨਾਲ਼ ਜਾਰੀ ਰੱਖੀਆਂ। ਅੰਡੇਮਾਨ ਦੇ ਕਾਲ਼ੇ ਪਾਣੀਆਂ ਦੀ ਸੈਲੂਲਰ ਜੇਲ੍ਹ ਅਤੇ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਦੇ ਅੰਦਰ ਵੀ ਉਨ੍ਹਾਂ ਵੱਲੋਂ ਆਜ਼ਾਦੀ ਦੀ ਪ੍ਰਾਪਤੀ ਦੇ ਉਦੇਸ਼ ਲਈ ਭੁੱਖ ਹੜਤਾਲਾਂ ਅਤੇ ਰੋਹ ਵਿਦਰੋਹ ਦੇ ਹੋਰ ਢੰਗਾਂ ਰਾਹੀਂ ਲਗਾਤਾਰ ਸੰਘਰਸ਼ ਜਾਰੀ ਰੱਖਣ ਦੀਆਂ ਹੋਰ ਕਈ ਕਥਾਵਾਂ ਹਨ, ਜੋ ਅਤਿ ਦੀਆਂ ਮੁਸ਼ਕਲ ਹਾਲਤਾਂ ਵਿੱਚ ਵੀ ਆਪਣੇ ਆਦਰਸ਼ ਉੱਤੇ ਕਾਇਮ ਰਹਿਣ ਲਈ ਸਦੀਵੀ ਪ੍ਰੇਰਣਾ ਦਾ ਸੋਮਾ ਹਨ। ਸੈਲੂਲਰ ਜੇਲ੍ਹ ਵਿੱਚ ਕੈਦ ਭਾਨ ਸਿੰੰਘ ਸੁਨੇਤ ਵਰਗੇ ਬਹੁਤ ਸਾਰੇ ਗ਼ਦਰੀਆਂ ਨੇ ਜੇ ਕੋਰੜਿਆਂ ਦਾ ਮਾਰ ਸਹਿਣ ਅਤੇ ਚਤਰ ਸਿੰਘ ਵਰਗਿਆਂ ਨੇ ਮਹੀਨਿਆਂ ਬੱਧੀ ਪਿੰਜਰੇ ਵਿੱਚ ਰਹਿਣ ਅਤੇ ਤਸੀਹਿਆਂ ਦਾ ਸਿਦਕ ਦਿਲੀ ਨਾਲ਼ ਮੁਕਾਬਲਾ ਕੀਤਾ ਤਾਂ ਕਾਲ਼ੇ ਪਾਣੀ ਤੋਂ ਦੇਸ਼ ੀਆਂ ਜੇਲ੍ਹਾਂ ਵਿੱਚ ਤਬਦੀਲ ਹੋਣ ’ਤੇ ਬਾਬਾ ਗੁੁਰਮੁੱਖ ਸਿੰਘ ਅਤੇ ੳੂਧਮ ਸਿੰਘ ਕਸੇਲ ਵਰਗਿਆਂ ਦੀਆਂ ਉਦਾਹਰਨਾਂ ਨ ਜਿਨ੍ਹਾਂ ਨੇ ਬੇੜੀਆਂ ਹੱਥਕੜੀਆਂ ਸਮੇਤ ਚਲਦੀ ਰੇਲ ਗੱਡੀ ਵਿੱਚੋਂ ਛਾਲ਼ਾਂ ਮਾਰ ਉਪਰੰਤ ਰੁਪੌਸ਼ ਰਹਿਕੇ ਸਾਲਾਂ ਸਾਲ ਆਜ਼ਾਦੀ ਦੇ ਸੰਗਰਾਮ ਵਿੱਚ ਲਗਾਤਾਰ ਹਿੱਸਾ ਪਾਇਆ। ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼ਾਂਤਮਈ ਅੰਦੋਲਨ ਅਤੇ ਕਿਰਤੀ ਕਮਿੳੂਨਿਸਟ ਤੇ ਨੌਜਵਾਨ ਭਾਰਤ ਸਭਾ ਵਰਗੀਆਂ ਲਹਿਰਾਂ ਵਿੱਚ ਸ਼ਾਮਿਲ ਦੇਸ਼ ਭਗਤਾਂ ਨੇ ਮਗਰੋਂ ਜੇਲ੍ਹਾਂ ਵਿੱਚ ਜੋ ਸੰਘਰਸ਼ਮਈ ਸਰਗਰਮੀ ਜਾਰੀ ਰੱਖੀ, ਉਸਦੀ ਪ੍ਰੇਰਣਾਮਈ ਸ਼ੁਰੂਆਤ ਗ਼ਦਰੀ ਦੇਸ਼ ਭਗਤਾਂ ਵੱਲੋਂ ਹੀ ਹੋਈ ਸੀ।

ਗ਼ਦਰ ਪਾਰਟੀ ਪਹਿਲੀ ਅਜਿਹੀ ਸੰਗਠਤ ਲਹਿਰ ਸੀ ਜਿਸ ਵਿੱਚ ਮੁੱਖ ਰੋਲ ਆਮ ਜਨਤਾ ਵਿੱਚੋਂ ਆਏ ਸਾਧਾਰਨ ਵਰਕਰਾਂ ਨੇ ਨਿਭਾਇਆ। ਇਸ ਵਿੱਚ ਸ਼ਾਮਿਲ ਲੋਕਾਂ ਦਾ ਜਮਾਤੀ ਖਾਸਾ ਕਿਰਤੀ ਕਿਸਾਨਾਂ ਦਾ ਹੋਣ ਕਰਕੇ ਉਨ੍ਹਾਂ ਵਿੱਚ ਵਲ ਛਲ ਵਰਗੀ ਗੱਲ ਬਹੁਤ ਘੱਟ ਸੀ। ਇਨ੍ਹਾਂ ਲੋਕਾਂ ਨੂੰ ਉੱਚੇਰੀ ਵਿੱਦਿਆ ਹਾਸਰ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲ਼ਿਆ। ਆਪਣਾ ਜੀਵਨ-ਪੱਧਰ ਉੱਚਾ ਚੁੱਕਣ ਲਈ ਬਹੁਤ ਹਾਲਤਾਂ ਵਿੱਚ ਜ਼ਮੀਨਾਂ ਗਹਿਣੇ ਕਰਕੇ ਜਾਂ ਕਰਜ਼ਾ ਚੁੱਕ ਕੇ ਚੰਗੀ ਕਮਾ ਕਰਨ ਲਈ ਉਹ ਬਦੇਸ਼ਾਂ ਵਿੱਚ ਆਏ ਸਨ। ਬਾਹਰਲੇ ਮੁਲਕਾਂ ਵਿਚਲੇ ਆਪਣੇ ਅਨੁਭਵ ਵਿੱਚੋਂ ਆਜ਼ਾਦੀ ਦੇ ਰਾਹ ਦੇ ਪਾਂਧੀ ਬਣ ਜਾਣ ਵਾਲ਼ੇ ਇਹ ਸਾਧਾਰ ਲੋਕ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਪੜ੍ਹੇ-ਲਿਖੇ ਵਿਅਕਤੀਆਂ ਦੀ ਕਦਰ ਕਰਦੇ ਸਨ। ਏਸੇ ਹਾਲਤਾਂ ਵਿੱਚ ਆਪ ਪਿੱਛੇ ਰਹਿ ਕੇ ਉਹਨਾਂ ਪੜ੍ਹੇ-ਲਿਖੇ ਲੋਕਾਂ ਨੂੰ ਅੱਗੇ ਲਿਆਂਦਾ ਸੀ। ਲਾਲਾ ਹਰਦਿਆਲ ਨੂੰ ਲੀਡਰਸ਼ਿਪ ਸੰਭਾਲਣ ਲਈ ਕਹਿਣ ਮਗਰੋਂ ਇਹੀ ਭਾਵਨਾ ਕਾਰਜਸ਼ੀਲ ਸੀ ਅਤੇ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਦਾ ਆਪਣੀਆਂ ਸਫਾਂ ਵਿੱਚ ਵਾਧਾ ਕਰਨ ਲਈ ਬਾਬਾ ਜਵਾਲਾ ਸਿੰਘ ਵਰਗੇ ਗ਼ਦਰੀਆਂ ਨੇ ਨੌਜਵਾਨ ਨੂੰ ਵਜ਼ੀਫ਼ੇ ਦੇ ਕੇ ਪੜ੍ਹਾਈ ਵਿੱਚ ਮਦਦ ਕਰਨ ਦੀ ਵਿਵਸਥਾ ਕੀਤੀ ਸੀ। ਦੇਸ਼ ਦੇ ਆਜ਼ਾਦ ਹੋਣ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲ਼ੇ ਪਰਤਾਪ ਸਿੰਘ ਕੈਰੋਂ ਅਤੇ ਉਸਦੇ ਭਰਾ ਜਸਵੰਤ ਸਿੰਘ ਕੈਰੋਂ ਸਮੇਤ ਅੱਛਰ ਸਿੰਘ ਛੀਨਾ, ਹਜ਼ਾਰਾ ਸਿੰਘ ਹਮਦਮ, ਡਾ. ਭਾਗ ਸਿੰਘ, ਅੇ ਏਥੋਂ ਤੱਕ ਕਿ ਬਾਅਦ ਵਿੱਚ ਅਮਰੀਕਾ ਦੀ ਕਾਂਗਰਸ ਵਿੱਚ ਚੁਣੇ ਜਾਣ ਵਾਲ਼ੇ ਭਾਰਤੀ ਮੂਲ ਦੇ ਪਹਿਲੇ ਮੈਂਬਰ ਦਲੀਪ ਸਿੰਘ ਸੌਂਧ ਵਰਗੇ ਪੜ੍ਹਾਈ ਕਰਨ ਆਏ ਅਨੇਕਾਂ ਨੌਜਵਾਨਾਂ ਦੀ ਪਾਰਟੀ ਨੇ ਮਦਦ ਕੀਤੀ ਸੀ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਚਿਣਗ ਪੈਦਾ ਕੀਤੀ ਸੀ। ਨਿਰਛਲਤਾ, ਸੁਆਰਥਹੀਣ, ਕੁਰਬਾਨੀ ਅਤੇ ਆਪਣੇ ਮਿਸ਼ਨ ਪ੍ਰਤੀ ਸੁਹਿਰਦਤਾ ਗ਼ਦਰ ਪਾਰਟੀ ਦੇ ਸੂਰਬੀਰਾਂ ਦੇ ਚਰਿੱਤਰ ਦਾ ਖ਼ਾਸ ਲੱਛਣ ਸੀ। ਰਾਜਾ ਮਹਿੰਦਰ ਪ੍ਰਤਾਪ ਜਿਹੇ ਸੁਪਨਸਾਜ਼ ਹੀ ਹਮਾਇਤ ਕਰਨਾ ਗ਼ਦਰੀਆਂ ਦੀ ਨਿਰਛੱਲਤਾ ਦਾ ਹੀ ਇੱਕ ਪ੍ਰਮਾਣ ਹੈ, ਜਿਸ ਅਨੁਸਾਰ ਹਿੰਦੁਸਤਾਨ ਦੀ ਫਰੰਗੀ ਸਰਕਾਰ ਨੂੰ ਚੁਪਾਸਿਓਂ ਘੇਰਨ ਲਈ ਨਿਪਾਲ, ਤਿੱਬਤ ਤੇ ਅਫ਼ਗਾਨਿਸਤਾਨ ਦੇ ਹਾਕਮਾਂ ਨਾਲ਼ ਸੰਦਦੀਆਂ ਕਰਨ ਅਤੇ ਸਰਹੱਦਾਂ ਉੱਤੇ ਬਗ਼ਾਵਤੀ ਚੌਂਕੀਆਂ ਸਥਾਪਤ ਕਰਨ ਦੇ ਉਸਦੇ ਯੂਟੋਪੀਆਈ ਮਿਸ਼ਨ ਦੀ ਖ਼ਾਤਰ ਗ਼ਦਰ ਪਾਰਟੀ ਨੇ ਚੋਖੀ ਵੱਡੀ ਰਕਮ ਦੇ ਕੇ ਅਮਰੀਕਾ ਤੋਂ ਚੀਨ ਲਈ ਆਪਣੇ ਕਾਰਕੁੰਨ ਉਸਦੇ ਨਾਲ਼ ਤੋਰ ਦਿੱਤੇ ਸਨ।

ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸ਼ੁਰੂ ਵਿੱਚ ਹਥਿਆਰਬੰਦ ਤਰੀਕਿਆਂ ਨਾਲ਼ ਆਜ਼ਾਦੀ ਹਾਸਲ ਕਰਨ ਦਾ ਆਪਣਾ ਟੀਚਾ ਮਿਥਿਆ ਸੀ। ਵੇਲ਼ੇ ਦੀ ਸਮਝ ਤੇ ਓਦੋਂ ਦੇ ਹਾਲਾਤ ਮੁਤਾਬਕ ਉਹ ਸ਼ਾਇਦ ਹੋਰ ਕਿਸੇ ਤਰ੍ਹਾਂ ਸੋਚ ਵੀ ਨਹੀਂ ਸੀ ਸਕਦੇ। ਹਥਿਆਰ ਇਕੱਠੇ ਕਰਨਾ ਤੇ ਜੰਗੀ ਤਰਕੀਬਾਂ ਦੀ ਸਿਖਲਾਈ ਲੈਣਾ ਏਸੇ ਸਮਝ ਦਾ ਹਿੱਸਾ ਸੀ। ਬਸਤੀਵਾਦੀ ਅੰਗਰੇਜ਼ ਦੇ ਸਾਰੇ ਦੁਸ਼ਮਣ ਉਦੋਂ ਉਨ੍ਹਾਂ ਨੂੰ ਆਪਣੇ ਮਿੱਤਰ ਪ੍ਰਤੀਤ ਹੁੰਦੇ ਸਨ। ਇਸ ਲਈ ਅੰਗਰੇਜ਼ਾਂ ਦੇ ਦੁਸ਼ਮਣਾਂ ਨਾਲ਼ ਭਿਆਲੀ ਪਾਉਣ ਤੋਂ ਗ਼ਦਰੀਆਂ ਨੂੰ ਕੋਈ ਝਿਜਕ ਨਹੀਂ ਸੀ। ਅਫ਼ਗਾਨਿਸਤਾਨ ਦਾ ਅਮਾਨਉੱਲਾ ਹੋਵੇ ਜਾਂ ਤੁਰਕੀ ਦਾ ਕਮਾਲ ਪਾਸ਼ਾ- ਸਭ ਅੰਗਰੇਜ਼ਾਂ ਦੇ ਖ਼ਿਲਾਫ਼ ਹੋਣ ਕਰਕੇ ਗ਼ਦਰੀਆਂ ਨੂੰ ਆਪਣੇ ਸੰਗੀ ਜਾਪਦੇ ਸਨ। ਗ਼ਦਰੀਆਂ ਸਾਹਮਣੇ ਉਦੋਂ ਦੇਸ਼ਭਗਤੀ ਦਾ ਕੋਈ ਹੋਰ ਮਾਡਲਵੀ ਨਹੀਂ ਸੀ। ਏਸੇ ਸਮਝ ਵਿੱਚੋਂ ਸੰਸਾਰ ਜੰਗ ਦੌਰਾਨ ਅੰਗਰੇਜ਼ ਦੀ ਵਿਰੋਧੀ ਸ਼ਕਤੀ ਜਰਮਨ ਤੋਂ ਸਹਾਇਤਾ ਹਾਸਲ ਕਰਨ ਉੱਤੇ ਵੀ ਉਨ੍ਹਾਂ ਨੂੰ ਕੋਈ ਉਜਰ ਨਹੀਂ ਸੀ। ਪਰ ਸਮੇਂ ਦੇ ਬੀਤਣ ਤੇ ਹਾਲਾਤ ਦੇ ਬਦਲ ਨਾਲ ਗ਼ਦਰੀਆਂ ਦੀ ਸਮਝ ਵਿੱਚ ਤਬਦੀਲੀ ਆਉਂਦੀ ਗਈ। ਉਨ੍ਹਾਂ ਨੂੰ ਸਮਝ ਪੈ ਗਈ ਕਿ ਨਾ ਤਾਂ ਕਿਸੇ ਬਦੇਸ਼ੀ ਤਾਕਤ ਦੀ ਹਮਾਇਤ ਹੀ ਉਨ੍ਹਾਂ ਦੇ ਦੇਸ਼ ਨੂੰ ਫਰੰਗੀ ਰਾਜ ਤੋਂ ਛੁਟਕਾਰਾ ਦੁਆ ਸਕਦੀ ਹੈ ਅਤੇ ਨਾ ਹੀ ਵਿਸ਼ਾਲ ਲੋਕਾਂ ਨੂੰ ਲਾਮਬੰਦ ਕੀਤੇ ਬਿਨ੍ਹਾਂ ਸਿਰਫ ਕੁਰਬਾਨੀ ਦੀ ਸ਼ੁਭ ਭਾਵਨਾ ਨਾਲ਼ ਹੀ ਆਜ਼ਾਦੀ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਏਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕਿ ਪਾਰਟੀ ਵਜੋਂ ਹਿੰਦੁਸਤਾਨ ਗ਼ਦਰ ਪਾਰਟੀ ਨੂੰ ਕੋਈ ਵਿਸ਼ੇਸ਼ ਮਾਣ ਮਿਲ਼ਦਾ ਹੈ ਜਾਂ ਨਹੀਂ, ਆਪਣੇ ਪਹਿਲੇ ਯਤਨ ਦੀ ਅਸਫ਼ਸਤਾ ਤੋਂ ਬਾਅਦ ਗ਼ਦਰ ਪਾਰਟੀ ਨੇ ਦੇਸ਼ ਵਿੱਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਤੋਂ ਲੈ ਕੇ 1947 ਤੱਕ ਹਰ ਉਸ ਲਹਿਰ ਦਾ ਸਾਥ ਦਿੱਤਾ, ਜੋ ਉਸਦੀ ਸਮਝ ਅਨੁਸਾਰ ਦੇਸ਼ ਨੂੰ ਆਜ਼ਾਦੀ ਦੁਆਉਣ ਵਿੱਚ ਸਹਾਈ ਹੋ ਸਕਦੀ ਸੀ। ਪੰਜਾਬ ਵਿੱਚ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਕਿਰਤੀ ਕਮਿੳੂਨਿਸਟ ਤੇ ਇੰਡੀਅਨ ਨੈਸ਼ਨਲ ਕਾਂਗਰਸ ਸਭ ਨੂੰ ਸਮੇਂ-ਸਮੇਂ ਸਿਰਲੱਥ ਕਾਰਕੁੰਨਾਂ ਦੀ ਸਪਲਾਈ ਅਤੇ ਫੰਡਾਂ ਦੇ ਰੂਪ ਵਿੱਚ ਗ਼ਦਰ ਪਾਰਟੀ ਨੇ ਸਹਾਇਤਾ ਪੁਚਾਈ। ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋ ਕੇ ਪ੍ਰਚੰਡ ਰਾਸ਼ਟਰਵਾਦੀ ਰਾਜਨੀਤਿਕ ਸਹਿਰ ਵਜੋਂ ਉਭਰਨ ਵਿੱਚ ਅਕਾਲੀ ਲਹਿਰ ਨੇ ਜੋ ਰੂਪ ਵਟਾਇਆ, ਉ ਵਿੱਚ ਗ਼ਦਰੀ ਕੀਰਕੁੰਨਾਂ ਦਾ ਵੱਡਾ ਹੱਥ ਸੀ। ਜੈਤੋਂ ਦੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਕੈਮੇਡਾ ਤੋਂ ਤੁਰਿਆ ਜੱਥਾ ਜੇ ਬਦੇਸ਼ੀ ਹਿੰਦੁਸਤਾਨੀਆਂ ਵਿੱਚ ਗ਼ਦਰ ਪਾਰਟੀ ਦੇ ਪ੍ਰਭਾਵ ਦਾ ਪ੍ਰਤੀਕ ਸੀ ਤਾਂ ‘ਪਰਦੇਸੀ ਖਾਲਸੀ’, ‘ਦੇਸ਼ ਸੇਵਕ’, ਹਿੰਦੋਸਤਾਨ ਟਾਈਮਜ਼’ ਵਰਗੇ ਅਕਾਲੀ ਲਹਿਰ ਦੇ ਪਰਚਿਆਂ ਨੂੰ ਜਾਰੀ ਕਰਨ ਲਈ ਗ਼ਦਰ ਪਾਰਟੀ ਨੇ ਹੀ ਬਦੇਸ਼ਾਂ ’ਚੋਂ ਫੰਡ ਜੁਟਾਏ ਸਨ। ਪਿਆਰਾ ਸਿੰਘ ਲੰਗੇਰੀ, ਭਾਗ ਸਿੰਘ ਕੈਨੇਡੀਅਨ, ਕਰਮ ਸਿੰਘ ਚੀਮਾ, ਈਸ਼ਰ ਸਿੰਘ ਮਰ੍ਹਾਣਾ ਵਰਗੇ ਨਾਮਵਰ ਗ਼ਦਰੀ ਅਤੇ ਉਨ੍ਹਾਂ ਦੇ ਹੋਰ ਸੰਗੀ ਜੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪੰਜਾਬ ਵਿੱਚ ਰਾਸ਼ਟਰਵਾਦੀ ਲਹਿਰਾਂ ਦੇ ਮੁਖੀਆਂ ਵਿੱਚੋਂ ਸਨ ਤਾਂ ਬੱਬਰ ਅਕਾਲੀਆਂ ਦੇ ਜੁਝਾਰੂ ਕਾਰਨਾਮਿਆਂ ਵਿੱਚ ਉਹ ਕਰਮ ਸਿੰਘ ਦੌਲਤਪੁਰ ਦੇ ਰੂਪ ਵਿੱਚ ਪੇਸ਼ ਸਨ। ਸ਼ਹੀਦ ਭਗਤ ਸਿੰਘ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਉਸਦਾ ਆਦਰਸ਼ ਤੇ ਪ੍ਰੇਰਣਾ ਸਰੋਤ ਸੀ। ਲਾਲਾ ਹਰਦਿਆਲ ਤੋਂ ਮਗਰੋਂ ਜਨਰਲ ਸਕੱਤਰ ਵਜੋਂ ਪਾਰਟੀ ਦੀ ਅਗਵਾਈ ਕਰਦੇ ਰਹੇ ਭਾਈ ਸੰਤੋਖ ਸਿੰਘ ਨੇ ਨਵੀਂ ਸੋਚ ਗ੍ਰਹਿਣ ਕਰਨ ਉਪਰੰਤ 1923 ਵਿੱਚ ਪੰਜਾਬ ਪਰਤ ਕੇ ਕਿਰਤੀ ਲਹਿਰ ਦਾ ਜਿਵੇਂ ਮੁੱਢ ਬੰਨਿਆਂ ਅਤੇ ਸਭ ਵੰਨਗੀਆਂ ਦੇ ਕੌਮਪ੍ਰਸਤਾਂ ਨੂੰ ਆਪਣੇ ਨਾਲ਼ ਜੋੜਿਆ, ਉਹ ਆਪਣੇ-ਆਪ ਵਿੱਚ ਇੱਕ ਸ਼ਾਨਦਾਰ ਬਿ੍ਰਤਾਂਤ ਹੈ। ਭਾਈ ਰਤਨ ਸਿੰਘ ਦੀ ਅਗਵਾਈ ਵਿੱਚ ਗ਼ਦਰ ਪਾਰਟੀ ਦੀਆਂ ਕੋਸ਼ਿਸ਼ਾਂ ਨਾਲ਼ ਵੱਖ-ਵੱਖ ਦੇਸ਼ਾਂ ਤੋਂ ਮਾਸਕੋ ਪਹੁੰਚਕੇ ਇਨਕਲਾਬੀ ਸਿੱਖਿਆ ਪ੍ਰਾਪਤ ਕਰਨ ਵਾਲ਼ੇ ਗ਼ਦਰੀਆਂ ਦੇ ਵੱਡੇ ਹਿੱਸੇ ਨੇ ਹੀ ਪੰਜਾਬ ਵਿੱਚ ਕਿਰਤੀ ਤੇ ਕਮਿੳੂਨਿਸਟ ਲਹਿਰ ਉਸਾਰੀ, ਜੋ 1947 ਤੱਕ ਆਜ਼ਾਦੀ ਦੀ ਲਹਿਰ ਦਾ ਇੱਕ ਸ਼ਕਤੀਸ਼ਾਲੀ ਅੰਗ ਸੀ।

ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅਖੀਰ ਤੋਂ ਲੈ ਕੇ ਦੇਸ਼ ਨੂੰ ਆਜ਼ਾਦ ਹੋਣ ਤਕ ਪਾਰਟੀ ਦੇ ਸਾਨ ਫ੍ਰਾਂਸਿਸਕੋ ਵਿਚਲੇ ਕੇਂਦਰ ਵਿੱਚ ਵਿੱਚ ਜੱਥੇਬੰਦਕ ਸਥਿਤੀ ਦੇ ਪੱਖ ਤੋਂ ਕਈ ਉਤਰਾਅ-ਚੜ੍ਹਾ ਤਾਂ ਆਉਂਦੇ ਰਹੇ ਪਰ ਬਦੇਸ਼ੀ ਗੁਲਾਮੀ ਤੋਂ ਆਜ਼ਾਦੀ ਹਾਸਲ ਕਰਨ ਦੀ ਉਸਦੀ ਸਰਗਰਮੀ ਦੀ ਸੇਧ ਵਿੱਚ ਕੋਈ ਵਿਘਨ ਨਹੀਂ ਪਿਆ। ਇਹ ਸਰਗਰਮੀ ਮਹਿਜ਼ ਰਾਸ਼ਟਰਵਾਦ ਦੀ ਸਮਝ ਤੋਂ ਅਗਾਂਹ ਜਾਂਦੀ ਹੋਈ ਨਿਆੲੀਂ ਸਮਾਜਕ ਵਿਵਸਥਾ ਵਾਲ਼ੇ ਇੱਤ ਸੁਤੰਤਰ ਦੇਸ਼ ਦੀ ਉਸਾਰੀ ਕਰਨ ਵੱਲ ਸੇਧਿਤ ਸੀ। ਲੋਕ ਰਾਏ ਲਾਮਬੰਦ ਕਰਨ ਲਈ ਅਖ਼ਬਾਰਾਂ ਰਸਾਲਿਆਂ ਤੇ ਕਿਤਾਬਚਿਆਂ ਦੀ ਛਪਾਈ ਅਤੇ ਇਨ੍ਹਾਂ ਦੀ ਵੰਡ ਦੇ ਮਹੱਤਵ ਤੋਂ ਤਾਂ ਪਾਰਟੀ ਸ਼ੁਰੂ ਤੋਂ ਹੀ ਚੇਤੰਨ ਸੀ। ਸਮੇਂ-ਸਮੇਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ‘ਸਪਤਾਹਿਕ ਗ਼ਦਰ’, ‘ਹਿੰਦੁਸਤਾਨ ਗ਼ਦਰ’, ‘ਯੁਗਾਂਤਰ’, ‘ਇੰਡੀਪੈਂਡੈਂਟ ਹਿੰਦੁਸਤਾਨ’ ਵਰਗੇ ਪਰਚੇ ਜਾਰੀ ਕਰਨ ਤੋਂ ਬਿਨਾਂ ਇਹ ਵੱਖ-ਵੱਖ ਮਸਲਿਆਂ ਉੱਤੇ ਕਿਤਾਬਚੇ ਪ੍ਰਕਾਸ਼ਤ ਰਦੀ ਰਹੀ ਸੀ। ‘ਗ਼ਦਰ ਦੀ ਗੂੰਜ’ ਦੇ ਸਿਰਲੇਖ ਵਾਲ਼ੀ ਇਸਦੀ ਕਾਵਿ-ਪੁਸਤਕ ਲੜੀ ਦਾ ਤਾਂ ਪੰਜਾਬੀ ਦੇ ਸਰਗਰਮ ਸਾਹਿਤ ਵਿੱਚ ਬਹੁਤ ਵੱਡਾ ਸਥਾਨ ਹੈ। ਗ਼ਦਰ ਪਾਰਟੀ ਦੀ ਇਹ ਪ੍ਰਕਾਸ਼ਿਤ ਸਮੱਗਰੀ ਹਰ ਉਸ ਦੇਸ਼ ਵਿੱਚ ਪਹੁੰਚਦੀ ਸੀ ਜਿੱਥੇ-ਜਿੱਥੇ ਹਿੰਦੁਸਤਾਨੀ ਵਸੇ ਹੋਏ ਸਨ। ਇਹ ਸਮੱਗਰੀ ਏਨੀ ਪ੍ਰਭਾਵਕਾਰੀ ਸੀ ਕਿ ਜਿੱਥੇ ਅੰਗਰੇਜ਼ ਹਾਕਮ ਇਸਨੂੰ ਲੋਕਾਂ ਦੇ ਹੱਥ ਪਹੁੰਚਣੋਂ ਰੋਕਣ ਲਈ ਹਰ ਹੀਲਾ ਵਰਤਦੇ ਸਨ, ਉੱਥੇ ਇਸਤੋਂ ਬਦਲਵੀਂ ਪੜ੍ਹਨ ਸਮੱਗਰੀ ਬਦੇਸ਼ਾਂ ਵਿੱਚ ਵੱਸਦੇ ਹਿੰਦੁਸਤਾਨੀਆਂ ਤੱਕ ਪੁਚਾਉਣ ਲਈ ਵੀ ਕੋਸ਼ਿਸ਼ ਕਰਦੇ ਸਨ। ਸਮੇਂ ਦੇ ਵਕਫ਼ੇ ਨਾਲ਼ ਛਪੀਆਂ ਗ਼ਦਰੀਆਂ ਪ੍ਰਕਾਸ਼ਨਾਵਾਂ ਵਿਚਲੇ ਆਜ਼ਾਦੀ ਦੇ ਸੁਨੇਹੇ ਦੀ ਤੱਤਕਾਲੀਨ ਸਾਰਥਿਕਤਾ ਤਾਂ ਹੈ ਹੀ ਸੀ, ਇਹ ਅੱਜ ਵੀ ਰਾਸ਼ਟਰਵਾਦੀ ਤੇ ਲੋਕ-ਹਿਤੈਸ਼ੀ ਭਾਵਨਾਵਾਂ ਨੂੰ ਜਗਾਉਣ ਵਿੱਚ ਬਹੁਤ ਸਾਰਥਕ ਹੈ। ਇੰਝ ਹੀ ਭਾਈ ਸੰਤੋਖ ਸਿੰਘ ਵੱਲੋਂ 1926 ਵਿੱਚ ਅੰਮਿ੍ਰਤਸਰ ਤੋਂ ‘ਕਿਰਤੀ’ ਮਾਸਕ ਪੱਤਰ ਦਾ ਪ੍ਰਕਾਸ਼ਨ ਬਹੁਤ ਹੀ ਅਹਿਮ ਘਟਨਾ ਸੀ ਜਿਸਨੇ ਪੰਜਾਬੀ ਪੱਤਰਕਾਰੀ ਨੂੰ ਅਸਲੋਂ ਨਵਾਂ ਮੁਹਾਣ ਦਿੱਤਾ। ਇਹ ਉਹ ਪਰਚਾ ਸੀ ਜਿਸਨੇ ਪਹਿਲੀ ਵਾਰ ਪੰਜਾਬੀ ਵਿੱਚ ਕੌਮਪ੍ਰਸਤੀ ਦੀਆਂ ਭਾਵਨਾਵਾਂ ਦੇ ਨਾਲ਼-ਨਾਲ਼ ਨਵੀਂ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ। ਇਸੇ ਪਰਚੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਛਪਦੀਆਂ ਰਹੀਆਂ ਸਨ। ਇਸ ਪਰਚੇ ਵਿੱਚ ਛਪੀਆਂ ਲਿਖਤਾਂ ਦਾ ਰਾਜਨੀਤਿਕ, ਵਿਚਾਰਧਾਰਕ ਤੇ ਸਾਹਿਤਿਕ ਪੱਖੋਂ ਬਹੁਤ ਇਤਿਹਾਸਿਕ ਮਹੱਤਵ ਹੋਣ ਦੇ ਨਾਲ਼-ਨਾਲ਼ ਇਨ੍ਹਾਂ ਵਿੱਚ ਦਰਸਾਈ ਗਈ ਪਹੁੰਚ ਦੀ ਸਮਕਾਲੀ ਪ੍ਰਸੰਗਿਕਤਾ ਵੀ ਬਣੀ ਹੋਈ ਹੈ।

ਸਾਨ ਫ੍ਰਾਂਸਿਸਕੋ ਵਿਚਲੇ ਪਾਰਟੀ ਦੇ ਕੇਂਦਰ ਨੇ ਦੇਸ਼ ਵਿੱਚ ਗ਼ਦਰੀ ਕਾਰਕੁੰਨਾਂ ਤੇ ਵੱਖ-ਵੱਖ ਸੰਗਠਨਾਂ ਨਾਲ਼ ਤਾਲਮੇਲ ਤਾਂ ਬਣਾਈ ਰੱਖਿਆ ਸੀ, ਵੱਖ-ਵੱਖ ਦੇਸ਼ਾਂ ਵਿੱਚ ਪਾਰਟੀ ਦੀਆਂ ਬਾਕਾਇਦਾ ਇਕਾਈਆਂ ਕਾਇਮ ਕਰਕੇ ਉਨ੍ਹਾਂ ਦੇ ਕੰਮ ਵਿੱਚ ਮਜ਼ਬੂਤੀ ਵੀ ਲਿਆਂਦੀ ਸੀ। ਅਮਰੀਕਾ ਤੇ ਕੈਨੇਡਾ ਤਾਂ ਅਵੱਸ਼ ਸਦੀ ਸਰਗਰਮੀ ਦੀ ਮੁੱਖ ਭੂਮੀ ਸਨ। ਉਪਰੰਤ ਪਾਨਾਮਾ, ਅਰਜਨਟਾਈਨਾ, ਬਰਾਜ਼ੀਲ, ਵੈਨਜ਼ੁਏਲਾ, ਮੈਕਸੀਕੋ, ਨਿੳੂਜ਼ੀਲੈਂਡ, ਫਿਜੀ, ਕੇਨੀਆ, ਟਾਂਗਾਨੀਕਾ, ਜਾਪਾਨ, ਸਿੰਗਾਪੁਰ, ਫਿਲਪਾਈਨ, ਜਾਵਾ, ਸਮਾਟਰਾ, ਮਲਾਇਆ, ਚੀਨ, ਥਾਈਲੈਂਡ, ਈਰਾਨ, ਅਫ਼ਗਾਨਿਸਤਾਨ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਇਸਦੀਆਂ ਸਰਗਰਮ ਇਕਾਈਆਂ ਸਨ। ਮਾਸਕੋ ਨਾਲ਼ ਤਾਂ ਇਸਦਾ ਪੱਕਾ ਰਿਸ਼ਤਾ ਸੀ ਜਦਕਿ ਅਫ਼ਗਾਨਿਸਤਾਨ, ਇਟਲੀ ਤੇ ਫਰਾਂਸ ਵਿੱਚ ਅੰਤਰਰਾਸ਼ਟਰੀ ਤਾਲਮੇਲ ਲਈ ਇਸਦੇ ਪੱਕੇ ਟਿਕਾਣੇ ਸਨ। ਬਦੇਸ਼ਾਂ ਵਿੱਚਲੀਆਂ ਗ਼ਦਰ ਪਾਰਟੀ ਦੀਆਂ ਸਾਰੀਆਂ ਇਕਾਈਆਂ ਗ਼ਦਰ ਅਖ਼ਬਾਰ ਤੇ ਹੋਰ ਪ੍ਰਕਾਸ਼ਿਤ ਸਮੱਗਰੀ ਵੰਡਣ, ਫੰਡ ਇਕੱਠਾ ਕਰਨ, ਮਾਸਕੋ ਵਿੱਚ ਇਨਕਲਾਬੀ ਸਿਖਲਾਈ ਲਈ ਕਾਰਕੁੰਨ ਭੇਜਣ ਅਤੇ ਦੇਸ਼ ਵਿੱਚ ਆਜ਼ਾਦੀ ਦੇ ਸੰਘਰਸ਼ ਨਾਲ਼ ਸੰਬੰਧਤ ਘਟਨਾਵਾਂ ਨੂੰ ਲੈ ਕੇ ਮੀਟਿੰਗਾਂ ਤੇ ਜਲਸੇ ਕਰਨ ਦਾ ਕੰਮ ਕਰਦੀਆਂ ਸਨ। ਕਿਸੇ ਵੀ ਹੋਰ ਕੌਮੀ ਸੰਗਠਨ ਨੇ ਬਦੇਸ਼ਾਂ ਵਿੱਚ ਏਨੀ ਮਾਰ ਨਹੀਂ ਕੀਤੀ ਜਿੰਨੀਂ ਗ਼ਦਰ ਪਾਰਟੀ ਨੇ। ਅੱਛਰ ਸਿੰਘ ਛੀਨਾ, ਡਾ. ਭਾਗ ਸਿੰਘ, ਨਿਧਾਨ ਸਿੰਘ ਮਹੇਸਰੀ, ਦਰਸ਼ਨ ਸਿੰਘ ਕਨੇਡੀਅਨ, ਹਰਜਾਪ ਸਿੰਘ ਮਾਹਲਪੁਰ, ਜੋ ਮਗਰੋਂ ਦੇਸ਼ ਵਿੱਚ ਉੱਘੇ ਰਾਜਨੀਤਿਕ ਆਗੂ ਬਣੇ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ, ਗ਼ਦਰ ਪਾਰਟੀ ਦੀਆਂ ਵੱਖ-ਵੱਖ ਦੇਸ਼ਾਂ ਵਿਚਲੀਆਂ ਬਰਾਂਚਾਂ ਦੀ ਹੀ ਪੈਦਾਵਾਰ ਸਨ। 1914 ਤੋਂ ਮਗਰੋਂ ਦੂਜੀ ਵਾਰ ਫਿਰ 1930 ਵਿੱਚ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖ਼ਾਤਰ ਗ਼ਦਰੀਆਂ ਨੂੰ ਵੱਡੀ ਪੱਧਰ ਉੱਤੇ ਦੇਸ਼ ਪਰਤਣ ਦਾ ਸੱਦਾ ਦਿੱਤਾ ਸੀ। ਏਸੇ ਸੱਦੇ ਉੱਤੇ ਨਾ ਸਿਰਫ਼ ਕੈਨੇਡਾ ਤੇ ਅਮਰੀਕਾ ਤੋਂ ਸਗੋਂ ਮਾਸਕੋ ਰਾਹੀਂ ਸਿੱਖਿਆ ਪ੍ਰਾਪਤ ਕਰਕੇ ਆਉਣ ਵਾਲ਼ੇ ਇਨਕਲਾਬੀਆਂ ਸਮੇਤ ਹੋਰ ਬਹੁਤ ਦੇਸ਼ਾਂ ਵਿੱਚੋਂ ਗ਼ਦਰੀ ਹਿੰਦੁਸਤਾਨ ਵਿੱਚ ਆ ਕੇ ਕਿਰਤੀਆਂ, ਕਮਿੳੂਨਿਸਟਾਂ, ਅਕਾਲੀਆਂ ਜਾਂ ਕਾਂਗਰਸੀਆਂ ਵਜੋਂ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਪਏ ਸਨ। ਸਗੋਂ ਸੱਚ ਤਾਂ ਇਹ ਹੈ ਕਿ ਵੱਡੀ ਗਿਣਤੀ ਵਿੱਚ ਦੇਸ਼ ਪਰਤੇ ਇਹ ਗ਼ਦਰੀ ਹੀ, ਭਾਵੇਂ ਆਮ ਵਰਕਰ ਸਨ ਜਾਂ ਲੀਡਰ, ਪੰਜਾਬ ਵਿੱਚ ਕੌਮੀ ਆਜ਼ਾਦੀ ਦੀ ਲਹਿਰ ਦਾ ਧੁਰਾ ਸਨ। ਏਸ ਦੇ ਉਲਟ ਕੁਝ ਲੋਕ ਅਜਿਹੇ ਵੀ ਸਨ, ਜੋ ਪਿਛਲੀ ਸਦੀ ਦੇ ਤੀਜੇ ਦਹਾਕੇ ਵਿੱਚ ਆਜ਼ਾਦੀ ਦੀ ਲਹਿਰ ਵਿੱਚ ਭਾਗ ਲੈਂਦੇ ਹੋਏ ਬਦੇਸ਼ ਚਲੇ ਗਏ ਸਨ ਤੇ ਉੱਥੇ ਜਾ ਕੇ ਗ਼ਦਰ ਪਾਰਟੀ ਦੇ ਪ੍ਰਭਾਵ ਕਾਰਨ ਉਨ੍ਹਾਂ ਦੀ ਦੇਸ਼ ਭਗਤੀ ਦਾ ਭਾਵਨਾ ਹੋਰ ਪ੍ਰਚੰਡ ਹੋ ਗਈ ਸੀ। ਇੰਝ ਉਹ ਨਾ ਸਿਰਫ਼ ਆਜ਼ਾਦੀ ਦੇ ਮੁੱਖ ਸੰਗਰਾਮੀਆਂ ਵੱਜੋਂ ਸਗੋਂ ਆਮ ਲੋਕਾਈ ਦੇ ਹਿਤਾਂ ਵਿੱਚ ਜੂਝਣ ਵਾਲ਼ੇ ਸੂਰਮਿਆਂ ਵਜੋਂ ਉੱਭਰੇ ਸਨ। ਤੇਜਾ ਸਿੰਘ ਸੁਤੰਤਰ ਅਜਿਹੇ ਹੀ ਉੱਘੇ ਦੇਸ਼ ਭਗਤਕ ਆਗੂਆਂ ਵਿੱਚ ਸ਼ਾਮਲ ਸੀ, ਜਿਸਨੇ ਮਗਰਲਿਆਂ ਵਰ੍ਹਿਆਂ ਵਿੱਚ ਬਦੇਸ਼ਾਂ ਵਿੱਚ ਗ਼ਦਰ ਪਾਰਟੀ ਦੇ ਕੰਮ-ਕਾਰ ਨੂੰ ਬਹੁਤ ਪ੍ਰਫੁਲੱਤ ਕੀਤਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਪਿਤਾ ਹਰਨਾਮ ਸਿੰਘ ਬਾਸੀ ਵੀ ਪਾਨਾਮਾ ਦੀ ਬਰਾਂਚ ਨਾਲ਼ ਜੁੜੇ ਉਹ ਗ਼ਦਰੀ ਸਨ, ਜਿਨ੍ਹਾਂ ਬਦੇਸ਼ ਜਾਣ ਤੋਂ ਪਹਿਲਾਂ ਵੀ ਅਕਾਲੀ ਲਹਿਰ ਵਿੱਚ ਕੈਦ ਕੱਟੀ ਸੀ ਅਤੇ ਮਗਰੋਂ ਹੋਰ ਸੈਂਕੜੇ ਗ਼ਦਰੀਆਂ ਵਾਂਗ ਦੇਸ਼ ਪਰਤਕੇ ਕੌਮੀ ਲਰਿ ਦਾ ਅੰਗ ਬਣੇ ਸਨ। ਦੇਸ਼ ਪਰਤਕੇ 1947 ਤੋਂ ਪਹਿਲਾਂ ਤੇ ਮਗਰੋਂ ਲੋਕ ਲਹਿਰਾਂ ਵਿੱਚ ਜੂਝਣ ਵਾਲ਼ੇ ਬਾਬਾ ਗੁਰਮੁੱਖ ਸਿੰਘ, ਸੋਹਣ ਸਿੰਘ ਭਕਨਾ, ਕਰਮ ਸਿੰਘ ਚੀਮਾ, ਅਰੂੜ ਸਿੰਘ ਚੂਹੜਚੱਕ, ਦੁੱਲਾ ਸਿੰਘ ਜਲਾਲਦੀਵਾਲ, ਹਰਾਮ ਸਿੰਘ ਕੋਟਲਾ, ਨੌਧ ਸਿੰਘ, ਬੂਝਾ ਸਿੰਘ, ਭਗਤ ਸਿੰਘ ਬਿਲਗਾ ਵਰਗੇ ਸੈਂਕੜੇ ਗ਼ਦਰੀ ਬਾਬੇ ਨਾ ਕੇਵਲ ਆਜ਼ਾਦੀ ਦੇ ਸੰਗਰਾਮ ਵਿੱਚ ਸਗੋਂ ਆਜ਼ਾਦੀ ਹਾਸਲ ਹੋਣ ਤੋਂ ਪਿੱਛੋਂ ਵੀ ਆਪਣੇ ਜੀਵਨ ਦੇ ਆਖ਼ਰੀ ਪਲਾਂ ਤੱਕ ਜਨਤਕ ਸੇਵਾ ਵਿੱਚ ਲੱਗੇ ਰਹੇ।

ਰਾਸ਼ਟਰਵਾਦ ਤੋਂ ਸ਼ੁਰੂ ਕਰਕੇ ਅੰਤਰਰਾਸ਼ਟਰੀ ਦਿੱਖ ਵਾਲ਼ੀ ਲਹਿਰ ਵਿੱਚ ਵਟਣਾ ਗ਼ਦਰ ਪਾਰਟੀ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਦਾ ਹੈ। ਪਹਿਲੀ ਸੰਸਾਰ ਜੰਗ ਦੌਰਾਨ ਪਾਰਟੀ ਸਹਿਜੇ ਹੀ ਜਰਮਨੀ ਦੀ ਹਿਮਾਇਤੀ ਹੋ ਗਈ ਸੀ। ਆਪਣੀ ਨਿਰਪੱਖਤਾ ਛੱਡ ਕੇ ਅਮਰੀਕਾ ਜਦੋਂ ਇਸ ਜੰਗ ਵਿੱਚ ਅੰਗਰੇਜ਼ ਦਾ ਇਤਹਾਦੀ ਬਣ ਗਿਆ ਤਾਂ ਇਸਨੇ ਅਮਰੀਕਾ ਵਿਚਲੇ ਜਰਮਨੀ ਦੂਤਾਵਾਸ ਦੇ ਅਧਿਕਾਰੀਆਂ ਤੇ ਕੁਝ ਹੋਰ ਲੋਕਾਂ ਸਮੇਤ ਹਿੰਦੁਸਤਾਨ ਗ਼ਦਰ ਪਾਰਟੀ ਦੇ ਆਗੂਆਂ ਉੱਤੇ ਮੁਕੱਦਮਾ ਚਲਾਇਆ ਸੀ, ਜੋ ਸਾਨ ਫ਼੍ਰਾਂਸਿਸਕੋ ਕੇਸ ਵਜੋਂ ਜਾਣਿਆ ਜਾਂਦਾ ਹੈ। ਇਸ ਕੇਸ ਵਿੱਚ ਭਾਈ ਸੰਤੋਖ ਸਿੰਘ, ਗਿਆਨੀ ਭਗਵਾਨ ਸਿੰਘ, ਨਿਧਾਨ ਸਿੰਘ ਮਹੇਸਰੀ, ਗੋਪਾਲ ਸਿੰਘ ਸੋਹੀ, ਬਿਸ਼ਨ ਸਿੰਘ ਹਿੰਦੀ ਆਦਿ ਗ਼ਦਰੀ ਕਾਰਕੁੰਨਾਂ ਨੂੰ ਛੇ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਦੀ ਜੇਲ੍ਹ ਦੀਆਂ ਸਜ਼ਾਵਾਂ ਹੋਈਆਂ ਸਨ। ਇਹ ਮੁਕੱਦਮਾ ਹਿੰਦੁਸਤਾਨ ਗ਼ਦਰ ਪਾਰਚੀ ਦੇ ਇਤਿਹਾਸ ਵਿੱਚ ਇਸ ਕਰਕੇ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਕਿ ਇਸ ਮੁਕੱਦਮੇ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਨ ਵਾਲ਼ੀ ਇੱਕ ਜੁਝਾਰੂ ਜੱਥੇਬੰਦੀ ਵੱਜੋਂ ਇਹ ਅੰਤਰਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਣ ਦੇ ਸਮਰੱਥ ਹੋ ਸਕੀ ਸੀ। ਇਸ ਮੁਕੱਦਮੇ ਦੌਰਾਨ ਅੇ ਇਸਤੋਂ ਮਗਰੋਂ ਅਮਰੀਕਾ ਤੋਂ ਗ਼ਦਰੀਆਂ ਦੇ ਦੇਸ਼ ਨਿਕਾਲੇ ਦੇ ਮੁਕੱਦਮੇ ਦੌਰਾਨ ਪਾਰਟੀ ਨੂੰ ਜਮਹੂਰੀ, ਅਗਾਂਹਵਧੂ ਅਨਸਰਾਂ ਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਜੋ ਹਮਾਇਤ ਮਿਲ਼ੀ, ਉਹ ਪਰਤਵੇਂ ਰੂਪ ਵਿੱਚ ਹਿੰਦੁਸਤਾਨ ਦੀ ਕੌਮੀ ਲਹਿਰ ਦੀ ਕੌਮਾਂਤਰੀ ਪੱਧਰ ’ਤੇ ਵੱਡੀ ਹਮਾਇਤ ਸੀ। ਏਸੇ ਪ੍ਰਸੰਗ ਵਿੱਚ ਅਮਰੀਕਾ ਦੇ ਇੱਕ ਰਹਿ ਚੁੱਕੇ ਸੈਕਟਰੀ ਔਫ਼ ਸਟੇਟ ਨੇ ਬ੍ਰਿਟਿਸ਼ ਬਸਤੀਵਾਦ ਦੇ ਵਿਰੋਧ ਵਿੱਚ ਸਟੈਂਡ ਲਿਆ ਸੀ ਅਤੇ ਅਮਰੀਕੀ ਮੂਲ ਦੀ ਇੱਕ ਔਰਤ ਐਗਨਿਸ ਸਮੈਡਲੀ ਨੇ ਆਜ਼ਾਦੀ ਦੇ ਜੁਝਾਰੂ ਸੂਰਮੇ ਦੱਸਕੇ ਗ਼ਦਰੀਆਂ ਦੇ ਹੱਕ ਵਿੱਚ ਵਿਆਪਕ ਲੋਕ ਰਾਏ ਉਭਾਰਨ ਦਾ ਕੰਮ ਕੀਤਾ ਸੀ।

ਜੇ ਗ਼ਦਰ ਪਾਰਟੀ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਮਰੀਕਾ ਵਿਚਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ੰਗਨਾਂ ਦੀ ਹਿਮਾਇਤ ਮਿਲਣ ਲੱਗੀ ਸੀ ਤਾਂ ਇਸਨੇ ਵੀ ਕਿਸੇ ਵੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੀ ਹਿਮਾਇਤ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ। ਸਿੱਟੇ ਵਜੋਂ ਆਇਰਲੈਂਡ, ਚੀਨ ਤੇ ਮਿਸਰ ਕੌਮਪ੍ਰਸਤਾਂ ਨਾਲ਼ ਗ਼ਦਰੀ ਮੋਢੇ ਨਾਲ਼ ਮੋਢਾ ਜੋੜ ਕੇ ਤੁਰਦੇ ਰਹੇ। ਆਪਣੇ ਵੱਲੋਂ ਪ੍ਰਕਾਸ਼ਿਤ ਕਿਤਾਬਚਿਆਂ ਵਿੱਚ ਪਾਰਟੀ ਇਨ੍ਹਾਂ ਦੇਸ਼ਾਂ ਦੀਆਂ ਕੌਮੀ ਲਰਿਾਂ ਬਾਰੇ ਜਾਣਕਾਰੀ ਤੇ ਇਨ੍ਹਾਂ ਦੀ ਹਿਮਾਇਤ ਵਾਲ਼ੀ ਸਮੱਗਰੀ ਵੀ ਛਾਪਦੀ ਸੀ। ਜੇ ਸਾਨ ਫ੍ਰਾਂਸਿਸਕੋ ਵਿੱਚ ਆਇਰਸ਼ ਕੌਮੀ ਲੀਡਰ ਡੀ ਵਲੇਰਾ ਦੇ ਮਾਣ ਵਿੱਚ ਉਸ ਵੇਲ਼ੇ ਪਾਰਟੀ ਦੇ ਮੁਖੀ ਗੋਪਾਲ ਸਿੰਘ ਸੋਹੀ ਦੀ ਅਗਵਾਈ ਵਿੱਚ ਸਮਾਗਮ ਰਚਾਇਆ ਗਿਆ ਸੀ ਤਾਂ ਚੀਨ ਵਿੱਚ ਗ਼ਦਰੀਆਂ ਨੇ ਬਾਕਾਇਦਾ ਉੱਥੋਂ ਦੀ ਕੌਮੀ ਲਹਿਰ ਵਿੱਚ ਸ਼ਿਰਕਤ ਕੀਤੀ ਸੀ। ਚੀਨ ਵਿੱਚ ਸ਼ਿੰਘਾਈ, ਹਾਨਕੋਅ ਤੇ ਨਾਨਕਿੰਗ ਵਿੱਚ ਪਾਰਟੀ ਦੇ ਸਰਗਰਮ ਅੱਡੇ ਸਨ। ਏਥੋਂ ਪ੍ਰਕਾਸ਼ਿਤ ਹੁੰਦੇ ਰਹੇ ‘ਹਿੰਦ ਜਗਾਵਾ’ ਤੇ ‘ਗ਼ਦਰ ਢੰਡੋਰਾ’ ਨਾਂ ਦੇ ਪਰਚੇ ਦੋਹਾਂ ਕੌਮੀ ਲਹਿਰਾਂ ਦੇ ਦੂਹਰੇ ਪ੍ਰਚਾਰ ਦਾ ਕੰਮ ਕਰਦੇ ਸਨ। ਚੀਨ ਵਿੱਚ ਪਾਰਟੀ ਦੇ ਕੰਮ ਦੇ ਪ੍ਰਭਾਵ ਤੋਂ ਡਰ ਕੇ ਹੀ ਉਸ ਵੇਲ਼ੇ ਦੀ ਉੱਥੋਂ ਦੀ ਬਸਤੀਵਾਦੀ ਸਰਕਾਰ ਨੇ ਕਈ ਗ਼ਦਰੀ ਦੇਸ਼ ਭਗਤਾਂ ਉੱਤੇ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਸੀ ਅਤੇ ਦਸੌਂਧਾ ਸਿੰਘ ਢਾਡਾ, ਸੱਜਣ ਸਿੰਘ ਤੇ ਗੇਂਦਾ ਸਿੰਘ ਵਰਗੇ ਗ਼ਦਰੀਆਂ ਨੂੰ ਦੇਸ਼-ਨਿਕਾਲਾ ਦਿੱਤਾ ਸੀ।

ਅੰਗਰੇਜ਼ ਬਸਤੀਵਾਦੀਆਂ ਦੇ ਵਿਰੁੱਧ ਲੜਦਿਆਂ ਹੋਇਆਂ ਆਪਣੇ ਦੇਸ਼ ਲਈ ਗ਼ਦਰੀਆਂ ਦਾ ਪਿਆਰ ਡੁੱਲ੍ਹ ਡੁੱਲ੍ਹ ਪੈਂਦਾ ਸੀ। ‘ਗ਼ਦਰ ਦੀ ਗੂੰਜ’ ਵਿਚਲੀਆਂ ਕਵਿਤਾਵਾਂ ਪੰਜਾਬੀ ਵਿੱਚ ਦੇਸ਼ ਭਗਤੀ ਦੇ ਕਾਵਿ ਦਾ ਉੱਤਮ ਨਮੂਨਾ ਹਨ। ਬਦੇਸ਼ ਵਿੱਚ ਵਿਚਰਦਿਆਂ ਗ਼ਦਰੀਆਂ ਨੇ ਆਪਣੇ ਦੇਸ਼ ਨੂੰ ਨਹੀਂ ਭੰਡਿਆ, ਉਸਦੀ ਗ਼ਲਤ ਵਿਵਸਥਾ ਦੀ ਆਲੋਚਨਾ ਕੀਤੀ ਸੀ। ਇੰਝ ਹੀ ਅਮਰੀਕਾ ਦੀ ਧਰਤੀ ਉੱਤੇ ਰਹਿੰਦਿਆਂ ਬਸਤੀਵਾਦ ਦੇ ਵਿਰੋਧ ਵਿੱਚ ਅਮਰੀਕਾ ਦੇ ਸੰਘਰਸ਼ ਦੇ ਇਤਿਹਾਸ ਦੀ ਪ੍ਰਸ਼ੰਸਾ ਰਦਿਆਂ ਇਸਨੂੰ ਆਪਣੀ ਢਾਲ਼ ਵਜੋਂ ਵਰਤਿਆ। ਅਮਰੀਕਾ ਦੇ ਜਮਹੂਰੀ ਢਾਂਚੇ ਤੋਂ ਪ੍ਰਭਾਵਿਤ ਹੁੰਦਿਆਂ ਹੋਇਆਂ ਇੱਕ ਸਮੇਂ ਇਸਨੇ ‘ਯੂਨਾਈਟਡ ਸਟੇਟਸ ਔਫ਼ ਇੰਡੀਆ’ ਦਾ ਸੰਕਲਪ ਵੀ ਸਾਹਮਣੇ ਲਿਆਂਦਾ ਸੀ।

ਕੌਮੀ ਭਾਵਨਾ ਅਤੇ ਅਸੀਮ ਕੁਰਬਾਨੀ ਦਾ ਚਿੰਨ੍ਹ ਹੋਣ ਤੋਂ ਅਗਾਂਹ ਸਾਡੇ ਲਈ ਗ਼ਦਰ ਪਾਰਟੀ ਦੀ ਸਭ ਤੋਂ ਵੱਧ ਪ੍ਰਸੰਗਿਕਤਾ ਹੈ, ਇਸਦੇ ਸੈਕੂਲਰ ਚਰਿੱਤਰ ਵਿੱਚ। ਪਾਰਟੀ ਵਿੱਚ ਜ਼ਾਤ ਪਾਤ ਜਾਂ ਧਰਮ ਦੇ ਵੱਖਰੇਵੇਂ ਲਈ ਕੋਈ ਥਾਂ ਨਹੀਂ ਸੀ। ਇਸਦੇ ਮੈਂਬਰਾਂ ਵਿੱਚ ਹਿੰਦੂ, ਮੁਸਲਿਮ, ਸਿੱਖ ਸਭ ਧਰਮਾਂ ਦੇ ਲੋਕ ਸ਼ਾਮਲ ਸੀ ਪਰ ਧਾਰਮਿਕ ਵਿਸ਼ਵਾਸ ਹਰ ਇੱਕ ਦਾ ਨਿੱਜੀ ਮਾਮਲਾ ਸੀ। ਇਸਦੇ ਕੇਂਦਰੀ ਦਫ਼ਤਰ ਯੁਗਾਂਤਰ ਆਸ਼ਰਮ ਵਿੱਚ ਕੰਮ ਕਰਨ ਵਾਲ਼ੇ ਸਾਰੇ ਕਾਰਕੁੰਨ ਸਾਂਝੇ ਲੰਗਰ ਵਿੱਚ ਇੱਕੋ ਥਾਂ ਬੈਠਕੇ ਖਾਣਾ ਖਾਂਦੇ ਸਨ। ਜ਼ਾਤ ਪਾਤ ਜਾਂ ਧਾਰਮਿਕ ਵਖਰੇਵਿਆਂ ਵਿੱਚ ਵੰਡੇ ਉਦੋਂ ਦੇ ਹਿੰਦੁਸਤਾਨ ਲਈ ਇਹ ਬਹੁਤ ਹੀ ਅਗਾਂਹਵਧੂ ਗੱਲ ਸੀ। ਧਰਮ ਦੇ ਨਾਂ ਉੱਤੇ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਸੁਆਰਥ ਲਈ ਧਰਮ-ਸਥਾਨਾਂ ਤੇ ਧਾਰਮਿਕ ਸੱਤਾ ਦੀ ਦੁਰਵਰਤੋਂ ਦੇ ਅਜੋਕੇ ਸਮਾਚਾਰਾਂ ਦੇ ਪ੍ਰਸੰਗ ਵਿੱਚ ਗ਼ਦਰ ਪਾਰਟੀ ਦਾ ਧਰਮ-ਨਿਰਪੇਖ ਉਦਾਰਵਾਦੀ ਵਿਹਾਰ ਬਹੁਤ ਮਹੱਤਤਾ ਰੱਖਦਾ ਹੈ।

ਲੋਕ ਸਿਆਪ ਦਾ ਇੱਕ ਕਥਨ ਹੈ, ‘ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ’। ਅਗਲੀ ਪੀੜ੍ਹੀ ਨੂੰ ਆਣੇ ਪੁਰਖਿਆਂ ਦੀ ਬਾਤ ਪਾਉਂਦੇ ਰਹਿਣਾ ਚਾਹੀਦਾ ਹੈ। ਗ਼ਦਰੀ ਸੂਰਬੀਰ ਤਾਂ ਸਾਡੇ ਅਜਿਹੇ ਪੁਰਖੇ ਹਨ, ਜਿਨ੍ਹਾਂ ਦੇ ਕੀਤੇ ਕੰਮਾਂ ਨੂੰ ਜਿਨਾਂ ਚੇਤੇ ਕੀਤਾ ਜਾਵੇ ਅਤੇ ਜਿਨਾਂ ਵੀ ਜਸ ਗਾਇਨ ਕੀਤਾ ਜਾਵੇ, ਓਨਾ ਹੀ ਥੋੜ੍ਹਾ ਹੈ।

Comments

sunny

jaankaari bharpor lekh

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ