Mon, 23 November 2020
Your Visitor Number :-   3049733
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

1947 ਤੋਂ ਪਹਿਲਾਂ ਦਾ ਪੰਜਾਬੀ ਸਿਨੇਮਾ :ਇੱਕ ਪਿਛਲਝਾਤ -ਕੁਲਵਿੰਦਰ

Posted on:- 16-06-2012

suhisaver

ਪੰਜਾਬੀ ਸਿਨੇਮੇ ਦਾ ਇਤਿਹਾਸ ਬੋਲਣ ਵਾਲੇ ਸਿਨੇਮਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਪੰਜਾਬੀ ਸਿਨੇਮੇ ਦੇ ਸ਼ੁਰੂਆਤੀ ਦੌਰ 1935-47 ਦੇ ਅਧਿਐਨ ਵਿੱਚ ਬੜੀਆਂ ਸਮੱਸਿਆਵਾਂ ਹਨ। ਅੱਜ ਭਾਰਤੀ ਸਿਨੇਮਾ ਦੀ ਸੰਭਾਲ ਵਾਲੀ ਸਭ ਤੋਂ ਵੱਡੇ ਸ੍ਰੋਤ ਭਾਰਤੀ ਕੌਮੀ ਫ਼ਿਲਮ ਸੰਗ੍ਰਾਲਿਆ, ਪੂਨੇ ਕੋਲ ਇਸ ਦੌਰ ਦੀ ਕਿਸੇ ਵੀ ਪੰਜਾਬੀ ਫ਼ਿਲਮ ਦਾ ਪ੍ਰਿੰਟ ਨਹੀਂ ਹੈ। ਪੰਜਾਬੀ ਫ਼ਿਲਮਾਂ ਦੇ ਇਸ ਦੌਰ ਸੰਬੰਧੀ ਜ਼ਿਕਰਯੋਗ ਪ੍ਰਿੰਟ ਸਮਗਰੀ ਵੀ ਉਪਲਭਦ ਨਹੀਂ ਹੈ।

ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ ਵਾਲੀ 1925 ਵਿੱਚ ਬਣੀ ਫ਼ਿਲਮ ਦਸਤਾਵੇਜ਼ੀ ਫ਼ਿਲਮ ‘ਏ ਪੰਜਾਬ ਵਿਲੇਜ਼' ਇੱਕ ਖਾਮੋਸ਼ ਫ਼ਿਲਮ ਹੈ ਅਤੇ ਭਾਰਤੀ ਕੌਮੀ ਫ਼ਿਲਮ ਸੰਗ੍ਰਾਲਿਆ ਵੱਲੋਂ ਪੰਜਾਬੀ ਫ਼ਿਲਮਾਂ ਦੀ ਕੈਟਾਗਰੀ ਵਿੱਚ ਰੱਖੀ ਗਈ ਬਿਮਲ ਰਾਏ ਦੀ 1942 ਵਿਚ ਬਣਾਈ ਦਸਤਾਵੇਜ਼ੀ ਫ਼ਿਲਮ ‘ਬੰਗਾਲ ਕੀ ਪੁਕਾਰ' ਦੀ ਸਿਰਫ਼ ਕਮੈਂਟਰੀ ਹੀ ਪੰਜਾਬੀ ਵਿੱਚ ਹੈ।ਪੰਜਾਬੀ ਸਿਨੇਮੇ ਦੀ ਸ਼ੁਰੂਆਤ ਕਰਨ ਦਾ ਸਿਹਰਾ ਕ੍ਰਿਸ਼ਨ ਦੇਵ ਮਹਿਰਾ ਸਿਰ ਹੈ, 1935 ਵਿੱਚ ਉਨ੍ਹਾਂ ਨੇ ਕਲਕੱਤੇ ਜਾ ਤਾਲਸਟਾਏ ਦੇ ਸ਼ਾਹਕਾਰ ਨਾਵਲ ‘ਮੋਇਆਂ ਦੀ ਜਾਗ' ਤੇ ਅਧਾਰਤ ਪਹਿਲੀ ਪੰਜਾਬੀ ਫ਼ਿਲਮ ‘ਸ਼ੀਲਾ' ਬਣਾਈ, ਜਿਸ ਨੂੰ ‘ਪਿੰਡ ਦੀ ਕੁੜੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਫ਼ਿਲਮ ਵਿੱਚ ਰਾਜਪਾਲ, ਨਵਾਬ ਬੇਗਮ, ਅਤੇ ਨੂਰ ਜਹਾਂ ਨੂੰ ਬਾਲ ਕਲਾਕਾਰ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਇਹ ਫਿਲਮ ਸਫਲ ਨਹੀਂ ਹੋ ਸਕੀ।

ਕੁਝ ਸਰੋਤਾਂ ਵਿੱਚ 1932 ਵਿਚ ਬਣੀ ਅਬਦੁੱਲ ਰਸ਼ੀਦ ਕਾਰਦਾਰ ਨਿਰਦੇਸ਼ਤ ਫ਼ਿਲਮ ‘ਹੀਰ ਰਾਂਝਾ'  ਉਰਫ਼ ‘ਹੂਰ-ਏ-ਪੰਜਾਬ' ਨੂੰ ਪਹਿਲੀ ਪੰਜਾਬੀ ਫ਼ਿਲਮ ਕਿਹਾ ਗਿਆ ਹੈ। ਪਰ ਬਹੁਤੀਆਂ ਲਿਖਤਾਂ ਵਿਚ ਇਸ ਨੂੰ ਹਿੰਦੀ/ਉਰਦੂ  ਫ਼ਿਲਮ ਦਸਿਆ ਗਿਆ ਹੈ।

ਕ੍ਰਿਸ਼ਨ ਦੇਵ ਮਹਿਰਾ ਦੀ 1937 ਵਿੱਚ ਬਣੀ ਫ਼ਿਲਮ ‘ਹੀਰ ਸਿਆਲ' ਦੀ ਅਣਕਿਆਸੀ ਸਫਲਤਾ ਨੇ ਪੰਜਾਬੀ ਫਿਲਮਾਂ ਦੇ ਨਿਰਮਾਣ ਦੇ ਨਵੇਂ ਰਾਹ ਖੋਲ੍ਹ ਦਿੱਤੇ। ਫਿਲਮ ਵਿੱਚ ਬਾਲੋ, ਐੱਮ. ਇਸਮਾਈਲ ਅਤੇ ਬੇਬੀ ਨੂਰ ਜਹਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਬਾਅਦ ਵਿੱਚ ਕ੍ਰਿਸ਼ਨ ਦੇਵ ਮਹਿਰਾ ਨੇ 1940 ਵਿੱਚ ਫਿਲਮ ਇੰਦਰਾ ਮੂਵੀ ਟੋਨ ਦੇ ਬੈਨਰ ਥੱਲੇ ਪਰਲ ਐੱਸ. ਬਕ ਦੇ ਪ੍ਰਸਿੱਧ ਨਾਵਲ ਦਿ ਗੁੱਡ ਅਰਥ ’ਤੇ ਅਧਾਰਤ ‘ਮੇਰਾ ਪੰਜਾਬ' ਬਣਾਈ।, ਜਿਸ ਵਿੱਚ ਕਿਸਾਨੀ ਜੀਵਨ ਨੂੰ ਪੇਸ਼ ਕੀਤਾ ਗਿਆ ਸੀ। ਇਸ ਵਿਚ ਹੈਦਰ ਬੰਦੀ, ਹੀਰਾ ਲਾਲ ਅਤੇ ਡਾਰ ਕਸ਼ਮੀਰੀ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਸਨ।

ਕ੍ਰਿਸ਼ਨ ਦੇਵ ਮਹਿਰਾ ਨੇ ਆਪਣੀਆਂ ਫ਼ਿਲਮਾਂ ਦੇ ਕਥਾਨਕ ਨੂੰ ਲੋਕ ਗਾਥਾਵਾਂ ਅਤੇ ਵਿਸ਼ਵ ਦੀਆਂ ਸ਼ਾਹਕਾਰ ਰਚਨਾਵਾਂ ’ਤੇ ਉਸਾਰ ਕੇ ਪੰਜਾਬੀ ਸਿਨੇਮਾ ਨੂੰ ਤਾਕਤਵਰ ਨੀਹਾਂ ’ਤੇ ਖੜ੍ਹਾ ਕੀਤਾ। ਇਸੇ ਕਾਰਣ ਹੀ ਉਨ੍ਹਾਂ ਨੂੰ ਪੰਜਾਬੀ ਫਿਲਮਾਂ ਦੇ ਪਿਤਾਮਾ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ।

1939  ਵਿਚ ਆਈ ਪ੍ਰਸਿਧ ਫ਼ਿਲਮ ਨਿਰਮਾਤਾ ਦੇਸ਼ਮੁੱਖ ਐੱਮ ਪੰਚੌਲੀ ਦੀ ਬੀ.ਆਰ. ਮਹਿਰਾ ਨਿਰਦੇਸ਼ਤ ਫਿਲਮ ਗੁਲ-ਦੇ-ਬਕਾਬਲੀ ਵੀ ਇੱਕ ਸਫ਼ਲ ਫ਼ਿਲਮ ਸੀ। ਇਸ ਫ਼ਿਲਮ ਵਿਚ ਹੇਮਲਤਾ, ਸੁਰੈਈਆ ਅਤੇ ਬੇਬੀ ਨੂਰ ਜਹਾਂ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਸਨ। ਅਗਲੇ ਸਾਲ ਉਨ੍ਹਾਂ ਨੇ ‘ਜਮਲਾ ਜੱਟ' ਬਣਾਈ ਜਿਸ ਦਾ ਨਿਰਦੇਸ਼ਨ ਮੋਤੀ ਗਿਡਵਾਨੀ ਨੇ ਕੀਤਾ ਸੀ। ‘ਜਮਲਾ ਜੱਟ' ਪ੍ਰਸਿਧ ਕਲਾਕਾਰ ਪ੍ਰਾਣ ਦੀ ਪਹਿਲੀ ਫਿਲਮ ਸੀ। ਇਸ ਤੋਂ ਇਲਾਵਾ ਇਸ ਵਿੱਚ ਰੰਝਨਾ, ਐੱਮ ਇਸਮਾਈਲ ਅਤੇ ਬੇਬੀ ਨੂਰ ਜਹਾਂ ਨੇ ਕੰਮ ਕੀਤਾ ਸੀ।

1941 ਵਿੱਚ ਬਣੀ ਜੈ ਕ੍ਰਿਸ਼ਨ ਨੰਦਾ ਦੀ ਫਿਲਮ ‘ਕੁੜਮਾਈ' ਲੀਕੋਂ ਹਟਵੀਂ ਫ਼ਿਲਮ ਸੀ। ‘ਕੁੜਮਾਈ' ਵਿਚ ਪਹਿਲੀ ਵਾਰੀ ਦਾਜ ਦੀ ਸਮਾਜਿਕ ਬੁਰਾਈ ਦੇ ਵਿਸ਼ੇ ਨੂੰ ਉਠਾਇਆ ਗਿਆ ਸੀ। ਇਸ ਵਿੱਚ ਸ਼ਿਆਮ ਅਤੇ ਵੀਨਾ ਨੇ ਨਾਇਕ ਅਤੇ ਨਾਇਕਾ ਦੀਆਂ ਭੂਮਿਕਾਵਾਂ ਨਿਭਾਈਆਂ ਸਨ।

1942 ਵਿੱਚ ਰੂਪ ਕਿਸ਼ੋਰ ਸ਼ੋਰੀ ਦੀ ਫਿਲਮ ‘ਮੰਗਤੀ' ਨੇ ਸਫਲਤਾ ਦੇ ਨਵੇਂ ਝੰਡੇ ਗੱਡੇ। ਮੁਮਤਾਜ ਸ਼ਾਂਤੀ, ਮਸੂਦ ਪਰਵੇਜ, ਮਜਨੂੰ ਅਤੇ ਮਨੋਰਮਾਂ ਨੇ ਇਸ ਫਿਲਮ ਵਿਚ ਯਾਦਗਾਰੀ ਰੋਲ ਨਿਭਾਏ। ਲਾਹੌਰ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਤਾਂ ਇਹ ਫ਼ਿਲਮ ਪੂਰਾ ਸਾਲ ਭਰ ਲੱਗੀ ਰਹੀ ਸੀ। ਇਸ ਦਾ ਸੰਗੀਤ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ। ਫ਼ਿਲਮ ਲਈ ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤ ‘ਏਥੋਂ ਉਡ ਜਾ ਭੋਲੇ ਪੰਛੀਆ' ਹਿੱਟ ਹੋ ਗਿਆ।   
ਪੰਚੋਲੀ ਦੀ 1944 ਵਿਚ ਆਈ ‘ਦਾਸੀ' ਵਿਚ ਜੀ.ਐਨ.ਭੱਟ, ਨਜਮੁਲ ਹਸਨ ਅਤੇ ਰਾਗਨੀ  ਤੋਂ ਇਲਾਵਾ ਪ੍ਰਸਿਧ ਅਦਾਕਾਰ ਓਮ ਪ੍ਰਕਾਸ਼ ਨੇ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ।

1935-1947 ਦੌਰਾਨ ਭਾਰਤੀ ਫ਼ਿਲਮ ਨਿਰਮਾਣ ਦੇ ਤਿੰਨ ਪ੍ਰਮੁੱਖ ਕੇਂਦਰਾਂ ਮੁੰਬਈ, ਕਲਕੱਤਾ ਅਤੇ ਲਾਹੌਰ ਵਿੱਚ 34 ਕੁ ਪੰਜਾਬੀ ਫ਼ਿਲਮਾਂ ਬਣੀਆਂ ਜਿਨ੍ਹਾਂ ਵਿਚ ‘ਜੱਗਾ ਡਾਕੂ, ‘ਚੌਧਰੀ', ‘ਚੰਬੇ ਦੀ ਕਲੀ', ‘ਮੇਰਾ ਮਾਹੀ', ‘ਮਹਿਤੀ ਮੁਰਾਦ', ‘ਪਰਦੇਸੀ ਢੋਲਾ', ‘ਸਿਪਾਹੀ', ‘ਗਵਾਂਢੀ', , ‘ਕੋਇਲ', ‘ਗੁਲ ਬਲੋਚ', ‘ਚੰਪਾ', ‘ਨਿੱਖਟੂ', ‘ਕਮਲੀ', ‘ਦੀਵਾਲੀ',  ‘ਸੋਹਣੀ ਘੁਮਾਰਣ', ‘ਸੋਹਣੀ ਮਹੀਵਾਲ', ‘ਸੱਸੀ ਪੁੰਨੂੰ', ‘ਅਲੀ ਬਾਬਾ' ਅਤੇ ‘ਪਾਪੀ' ਪ੍ਰਮੁੱਖ ਹਨ।
 
ਪਰ 1947 ਦੇ ਪੰਜਾਬ ਦੇ ਬਟਵਾਰੇ ਨਾਲ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਦਾ ਸਭ ਤੋਂ ਵੱਡਾ ਕੇਂਦਰ ਲਾਹੌਰ ਉੱਜੜ ਗਿਆ। ਪੰਚੋਲੀ ਨੂੰ ਲਾਹੌਰ ਵਿਚਲਾ ਪੰਜ ਮੰਜ਼ਿਲਾ ਫ਼ਿਲਮ ਸਟੂਡੀਓ ਛੱਡਣਾ ਪਿਆ। ਦੰਗਿਆਂ ਵਿੱਚ ਫ਼ਿਲਮ ਸਟੂਡੀਓ ਜਲ਼ ਜਾਣ ਕਾਰਣ ਰੂਪ ਕਿਸ਼ੋਰ ਸ਼ੋਰੀ ਨੂੰ ਵੀ ਲਾਹੌਰ ਨੂੰ ਛੱਡਣਾ ਪਿਆ। ਲਾਹੌਰ ਤੋਂ ਬਹੁਤੇ ਫ਼ਿਲਕਾਰ ਮੁੰਬਈ ਆ ਗਏ। ਕੁਝ ਹਿੰਦੀ ਫ਼ਿਲਮਾਂ ਵਿਚ ਕਾਮਯਾਬ ਹੋ ਗਏ। ਬੁਹਤੇ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਏ। ਇਸ ਤਰ੍ਹਾਂ ਪੰਜਾਬੀ ਸਿਨੇਮੇ ਦੇ ਇਕ ਯੁਗ ਦਾ ਦਰਦਨਾਕ ਅੰਤ ਹੋ ਗਿਆ।

ਨਾਟਕਕਾਰ ਅਤੇ ਫ਼ਿਲਮ ਨਿਰਦੇਸ਼ਕ ਹਰਪਾਲ ਟਿਵਾਣਾ ਅਨੁਸਾਰ ਲਾਹੌਰ ਵਿੱਚ ਬਣੀਆਂ ਪੰਜਾਬੀ ਫ਼ਿਲਮਾਂ ਦੇ ਨੈਗੇਵਿਟ ਦਾਦਰ, ਮੁੰਬਈ  ਵਿਚ ਸਥਿਤ ਬਾਂਬੇ ਫ਼ਿਲਮ ਲਿਬਾਟਰੀ ਵਿਚ ਮੌਜੂਦ ਹਨ। ਪਤਾ ਨਹੀਂ ਇੱਕ ਗੱਲ ਕਿੱਥੋਂ ਕੁ ਤੱਕ ਸੱਚ ਹੈ ਪਰ ਜੇ ਇਹ ਸਹੀ ਹੈ ਤਾਂ ਇਨ੍ਹਾਂ ਫ਼ਿਲਮਾਂ ਦੇ ਪਾਜਿਟਵ ਪ੍ਰਿੰਟ ਉਪਲਭਦ ਹੋ ਜਾਣ ਤਾਂ ਪੰਜਾਬੀ ਸਿਨੇਮਾ ਦੇ ਇਸ ਦੌਰ ਦੇ ਅਧਿਐਨ ਦੀਆਂ ਨਵੀਆਂ ਰਾਹਾਂ ਖੁੱਲ੍ਹ ਸਕਦੀਆਂ ਹਨ।  

Comments

ਇਕਬਾਲ

ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ ਕਾਸ਼ ਇਹ ਫਿਲਮਾਂ ਮਿਲ ਸਕਦੀਆਂ ਇੱਕ ਨਵੀਂ ਤ੍ਰੇਹ ਲਗਾ ਦਿੱਤੀ ਲੇਖ ਨੇ ਜੋ ਬੁਝ ਵੀ ਨਹੀਂ ਸਕਦੀ ਇਹ ਲਗਦਾ ਹੈ |

Bharat Bhushan

ਬੜੀ ਕੰਮ ਦੀ ਜਾਣਕਾਰੀ ਮਿਲੀ. ਧੰਨਵਾਦ ਕੁਲਵਿੰਦਰ ਜੀ

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ