Tue, 16 April 2024
Your Visitor Number :-   6976408
SuhisaverSuhisaver Suhisaver

ਪੱਤ ਕੁਮਲਾ ਗਏ (ਕਾਂਡ-1) -ਅਵਤਾਰ ਸਿੰਘ ਬਿਲਿੰਗ

Posted on:- 14-04-2013

suhisaver

-1-

ਟੋਕੇ ਦੀ ਪੰਡ ਨੂੰ ਹਰਕੜੇ ਸਾਈਕਲ ਉੱਪਰ ਸੰਭਾਲੀ ਆਉਂਦਾ ਜੈਬਾ ਅੱਜ ਪੂਰਾ ਬਾਗ਼ੋ-ਬਾਗ਼ ਸੀ। ਜਿਵੇਂ ਸੱਠਾਂ ਦਾ ਨਾਂ ਹੋ ਕੇ ਉਹ ਮੁੜ ਮੁੰਡਾ-ਖੁੰਡਾ ਬਣ ਗਿਆ ਹੋਵੇ। ਮਿਰਜ਼ਾ ਛੋਹਣ ਨੂੰ ਚਿਤ ਮਚਲਿਆ। ਪਰ ਪੰਚਮ ਵਿੱਚ ਗਾਉਣ ਲਈ ਬਾਂਹ ਉੱਚੀ ਨਹੀਂ ਉੱਠੀ। ਅਜੇ ਵੀ ਉਹਦੇ ਧੁਰ ਅੰਦਰ ਡੂੰਘੀ ਉਦਾਸੀ ਚਸਕਦੀ ਸੀ। ਖੁੱਲਰ ਸਤੀ ਕੋਲੋਂ ਗੁਜ਼ਰਦਿਆਂ ਉਹ ਗੁਣਗੁਣਾਉਣ ਲੱਗਿਆ:

ਸੰਤਾਂ ਨੂੰ ਮੱਥਾ ਟੇਕ ਕੇ
ਇੱਛਰਾਂ ਦਿੱਤੀ ਸੀ ਅਰਜ਼ ਗੁਜ਼ਾਰ।
ਭਲੀ ਹੋਈ ਸਿੱਧ ਉਤਰੇ
ਬਾਗ਼ਾਂ ਦੇ ਵਿਚਕਾਰ।
ਇਹ ਬਾਗ਼ ਸੀ ਮੇਰੇ ਪੁੱਤਰ ਦਾ
ਲਗਦੀ ਸੀ ਗੁਲਜ਼ਾਰ।
ਏਥੇ ਬੂਟੇ ਸੀ ਰੰਗ-ਰੰਗ ਦੇ...

ਅਚਾਨਕ ਉਹਦਾ ਸਾਈਕਲ ਰੁਕ ਗਿਆ। ਤੁਰੇ ਜਾਂਦੇ ਨੇ ਆਪਣੀ ਭਾਰੀ ਪੰਡ ਨੂੰ ਆਪਣੀ ਵੱਖੀ ਦਾ ਸਹਾਰਾ ਦਿੱਤਾ ਅਤੇ ਪਿੱਛੇ ਦੇਖਿਆ। ਕੈਰਾਅਰ ਨੂੰ ਕੋਡਾ ਹੋ ਕੇ ਚਿੰਬੜਿਆ ਰੁਲਦਾ ਫਰੌਟੀਆ ਤਿੜ-ਤਿੜ ਕਰਕੇ ਹੱਸਿਆ ਅਤੇ ਦੂੱਬ ਟੰਗਣ ਲੀ ਜੈਬੇ ਵੱਲ ਉਲਰਿਆ, ‘‘ਪੋਤੇ ਝਾੜਾਂ ਨੂੰ ਕੋਈ ਨ੍ਹੀਂ ਲੱਗਦੇ, ਬਈ ਜਣਾ-ਖਣਾ ਜਾ ਕੇ ਲਾਹ ਲਿਆਊ।''



ਅਜੈਬ ਜਿਵੇਂ ਕਿਸੇ ਖੁਮਾਰੀ ਵਿੱਚੋਂ ਜਾਗਿਆ। ਬਾਬਾ ਉਹ ਨਵਾਂ ਨਹੀਂ ਸੀ ਬਣਿਆ। ਉਹਦਾ ਵੱਡਾ ਪੁੱਤਰ ਸੋਹਣਾ ਡਰਾਈਵਰ ਧੀਆਂ-ਪੁੱਤਾਂ ਵਾਲਾ ਸੀ। ਉਸਨੇ ਮੈਲ਼ੇ ਮੰਡਾਸੇ ਨੂੰ ਥਾਂ ਸਿਰ ਕੀਤਾ ਤਾਂ ਧੌਲੀਆਂ ਭਿੱਫ਼ਣਾਂ ਹੇਠੋਂ ਕਬਰੀਆਂ ਅੱਖਾਂ ਹੱਸੀਆਂ। ਉਸਦੇ ਬੁੱਲ੍ਹ ਫਰਕੇ ਪਰ ਫਰੌਟੀਏ ਦੀ ਹੀ ਤਿੱਖੀ ਚਿਲਕਵੀਂ ਆਵਾਜ਼ ਦੁਬਾਰਾ ਟੁਣਕੀ, ‘‘ਕੁਸ਼ ਦਾਨ ਪੁੰਨ ਵੀ ਕਰਿਆ ਕਰ ਦੇਵਤਿਆ! ਅਰ ਹੋਰ ਸੁਣ; ਐਹ ਚਾਦਰੇ ਦਾ ਖਹਿੜਾ ਛੱਡ ਦੇ ਹੁਣ। ਅਜੇ ਵੀ ਆਪਣੇ ਆਪ ਨੂੰ ਖੀਰਾ ਦੁੱਗਾ ਸਮਝੀ ਜਾਨੈਂ।''

ਫ਼ਰੌਟੀਆਂ ਇੱਕੋ ਸਾਹ ਬੋਲੀ ਜਾ ਰਿਹਾ ਸੀ। ਖੜ੍ਹੇ-ਖੜ੍ਹਾਏ ਜੈਬੇ ਦੀਆਂ ਝਿੱਕੀਆਂ ਅੱਖਾਂ ਅੱਗਿਓਂ ਉਹ ਦਿਹਾੜੇ ਵੀ ਇੱਕ ਝਲਕਾਰੇ ਵਾਂਗ ਲੰਘ ਗਏ, ਜਦੋਂ ਉਹ ਦੋਵੇਂ ਆੜੀ ਇਕੱਠੇ ਡੰਗਰ ਚਾਰਦੇ, ਜਦੋਂ ਉਨ੍ਹਾਂ ਦੋਹਾਂ ਨੇ ਇੱਕੋ ਸਮੇਂ ਹਲ਼ ਦਾ ਮੁੰਨਾ ਫੜਿਆ ਸੀ। ਜਦੋਂ ਨਵੇਂ ਉੱਠਦੇ ਗੱਭਰੂ ਜੈਬੇ ਨੂੰ ਮਹਿੰਦਰ ਸਿੰਘ ਮੋਹਤਬਰ ਨੇ ਕੋਲ ਬਿਠਾ ਕੇ ਸਮਝਾਇਆ, ‘‘ ਮੇਰੀ ਏਸ ਦਾੜ੍ਹੀ ਨੂੰ ਕਿਤੇ ਕੱਖਾਂ ਵਾਂਗੂੰ ਨਾ ਰੋਲ਼ ਦੇਵੀਂ ਪੁੱਤਰਾ। ਕਿਸੇ ਧੀ-ਭੈਣ ਨੂੰ ਮੰਦਾ-ਚੰਗਾ ਨਹੀਂ ਬੋਲਣਾ। ਅਰ ਨਾ ਹੀ ਸਲੰਘ ਦੇ ਸੁੱਤਾਂ ਵਰਗੀਆਂ ਨੰਗੀਆਂ ਲੱਤਾਂ ਲੈ ਕੇ ਪਿੰਡ ਵਿਚੀਂ ਲੰਘਣਾ...।''

ਪਤਾ ਨਹੀਂ ਕਿਹੜੇ ਵੇਲੇ ਉਹ ਦੋਵੇਂ ਧੀਮੀ ਤੋਰ ਤੁਰ ਪਏ ਸਨ। ‘‘ਮਖਿਆ ਤੈਨੂੰ ਅੱਜ ਕੀ ਥਿਆ ਗਿਆ, ਰੁਲਦਿਆ? ਚਾਦਰੇ ਦੀ ਥਾਂਉਂ ਜੇ ਪੋਠੋਹਾਰੀ ਸੁੱਥਣ ਪਾ ਲਿਆ ਕਰਾਂ, ਫੇਰ ਨੀਂ ਲੋਟ ਰਹੂ?'' ਜੈਬਾ ਖੜ-ਖੜ ਖੜਕਦੇ ਸਾਈਕਲ ਨੂੰ ਆਪਣੀ ਤਰਫ਼ ਟੇਢਾ ਕਰੀ, ਫੇਰ ਰੁਕ ਗਿਆ।

ਡੇਹਲੋਂ ਤੋਂ ਲਿਆਂਦੀ, ਥਾਂ-ਥਾਂ ਪਿੱਤਲ-ਲੋਹਾ ਮੜ੍ਹੀ ਰੇਹੜੀ ਅਜੇ ਵੀ ਉਸਦੀਆਂ ਅੱਖਾਂ ਵਿੱਚ ਵੱਸੀ ਹੋਈ ਸੀ, ਭਾਵੇਂ ਉਹ ਜ਼ਮਾਨੇ ਕਦੋਂ ਦੇ ਲੱਦ ਗਏ ਸਨ। ਕਈ ਸਾਲ ਪਹਿਲਾਂ ਦੋ ਬਲਦਾਂ ਵਾਲੀ ਰੇਹੜੀ ਦੀ ਜਗ੍ਹਾ ਵਲਾਇਤੀ ਵੱਛੇ ਵਾਲੇ ਰੇਹੜੇ ਨੇ ਲੈ ਲਈ। ਰੇਹੜਾ ਟੁੱਟ ਗਿਆ ਤਾਂ ਨਵਾਂ ਤਖ਼ਤ ਅਤੇ ਜੋੜਾ ਖਰੀਦਣਾ ਮਹਿੰਗਾ ਜਾਪਿਆ। ਵਲਾਇਤੀ ਬਲਦ ਵੀ ਦੋ ਲਵੇਰੀਆਂ ਜਿੰਨੇ ਪੱਠੇ ਖਾ ਜਾਂਦਾ। ਜੈਬੇ ਨੇ ਉਸਦਾ ਰੱਸਾ ਲਪੇਟ ਕੇ ਸਾਈਕਲ ਉੱਤੇ ਹੀ ਕੱਖ-ਪੱਠਾ ਢੋਹਣ ਨੂੰ ਤਰਜੀਹ ਦਿੱਤੀ।

‘‘ਬਈ ਕਾਹਨੂੰ ਕਹਿਨਾਂ!'' ਰੁਲਦਾ ਦਗੁਬਾਰਾ ਹੱਸਿਆ, ‘‘ਨਵੇਂ ਉੱਠਦੇ ਗੱਭਰੂਆਂ ਦੀ ਰੀਸ ਤਾਂ ਕਰਨ ਹੀ ਲੱਗਿਐਂ, ਜੇ ਇੱਕ ਤੁੰਗਲ਼ ਜਿਹੀ ਵੀ ਕੰਨ 'ਚ ਅੜੁੰਗ ਲਵੇਂ।''

ਫਰੌਟੀਆ ਚਾਹੁੰਦਾ ਸੀ ਕਿ ਜੈਬਾ ਹੁਣ ਬਕਾਇਆ ਬਚਦੀ ਜ਼ਿੰਦਗੀ ਐਸ਼ ਨਾਲ ਕੱਟ ਲਵੇ। ਖੁੰਬ ਵਰਗੇ ਬਸਤਰ ਪਹਿਨ ਕੇ ਚੱਕੀ ਮੂਹਰਲੇ ਤਖ਼ਤਪੋਸ਼ ਉਪਰ ਵਡਾਰੂਆਂ ਦੀ ਢਾਣੀ ਵਿੱਚ ਬਿਰਾਜਮਾਨ ਹੋਣਾ ਸ਼ੋਭਦਾ ਸੀ, ਉਸਨੂੰ। ਗੁਰਮੇਲ ਕੌਰ ਨੂੰ ਨਾਲ ਲੈ ਕੇ ਤੀਰਥ ਕਰਨ ਦੀ ਵਰੇਸ ਸੀ, ਇਹ। ਫਰੌਟੀਏ ਅਨੁਸਾਰ ਰੰਗਲੀ ਜਵਾਨੀ ਉਸਨੇ ਭਰਾਵਾਂ ਦਾ ਭੱਠ ਝੋਕਦਿਆਂ ਗਾਲ਼ ਦਿੱਤੀ। ਹੁਣ ਨੂੰਹ-ਪੁੱਤਰਾਂ ਦੀਆਂ ਬੁੱਤੀਆਂ ਕਰਨ ਤੋਂ ਵਿਹਲ ਨਹੀਂ ਸੀ ਮਿਲਦੀ।

‘‘ਮੜ੍ਹੇਸ ਮਾਰੀਂ ਕਿਤੇ ਐਕਣੇ ਧਰਮਰਾਜ ਦਾ ਦਰ ਖੜਕਾਉਣ ਦੀ ਸਲਾਹ ਤਾਂ ਨਹੀਂ ਬਣਗੀ ਤੇਰੀ?'' ਆਪਣੇ ਧੀਆਂ-ਪੁੱਤਾਂ ਦੀ ਗੁਲਾਮੀ ਤੋਂ ਮੁਕਤ ਫਰੌਟੀਆ ਮੁਟਕ-ਮੁਟਕ ਉਧੜੀ ਜਾਂਦਾ। ਉਸਨੇ ਤਾਂ ਆਪਣੀ ਪੂੰਜੀ ਵੀ ਸੰਭਾਲੀ ਹੋਈ ਸੀ। ਜੈਬੇ ਵਾਂਗੂੰ ਸਭ ਰਣੀ-ਚਣੀ ਕਬੀਲਦਾਰੀ ਦੇ ਭੱਠ ਵਿੱਚ ਨਹੀਂ ਝੋਕੀ ਸੀ।

ਅਜੈਬ ਸਿੰਘ ਹਵੇਲੀ ਵਾਲੇ ਦਾ ਖੂਹ ਉਹਨੀਂ ਦਿਨੀਂ ਟਿੱਬੀ ਤੋਂ ਪਾਰ ਘੇਹ ਦੇ ਥੇਹ ਉਪਰ ਸੀ। ਹੁਣ ਤਾਂ ਨਾ ਉਥੇ ਕੋਈ ਟਿੱਬੀ ਰਹੀ ਸੀ ਨਾ ਹੀ ਥੇਹ। ਪਿੰਡ ਵਿੱਚ ਉਨ੍ਹਾਂ ਦੀ ਕੋਈ ਹਵੇਲੀ ਵੀ ਨਹੀਂ ਸੀ ਬਚੀ। ਟਿੱਬੀ ਦਾ ਰੇਤਾ ਅਤੇ ਥੇਹ ਦੀ ਰੇਹੀ ਢੋਹ ਕੇ ਲੋਕਾਂ ਨੇ ਆਪਣਿਆਂ ਵਾਗਲਿਆਂ 'ਚ ਭਰਤ ਪਾ ਲਿਆ ਸੀ। ਹੇਠੋਂ ਨਿਕਲੀ ਪੀਲ਼ਕ ਕਰਾਹ ਕੇ ਮਾਲਕਾਂ ਨੇ ਥਾਲੀ ਵਰਗੀ ਪੱਧਰੀ ਕਰ ਲਈ ਸੀ। ਵੱਡੀ ਹਵੇਲੀ ਜਦੋਂ ਜੈਬੇ ਦੇ ਵੱਡੇ ਭਰਾ ਬਖ਼ਤੌਰੇ ਦੇ ਹਿੱਸੇ ਆਈ ਤਾਂ ਮੀਸਣੇ ਨੇ ਉਸਦੀ ਜਗ੍ਹਾ ਆਲੀਸ਼ਾਨ ਕੋਠੀ ਖੜ੍ਹੀ ਕਰ ਦਿੱਤੀ। ਲੋਕਾਂ ਅਨੁਸਾਰ ਬਖ਼ਤੌਰੇ ਮੀਸਣੇ ਦੇ ਬਦੇਸ ਵੱਸਦੇ ਮੁੰਡੇ ਦੀ ਬੰਭੀ ਮਾਇਆ ਦਾ ਪਰਤਾਪ ਸੀ, ਪਰ ਗੁਰਮੇਲ ਕੌਰ ਆਪਣੇ ਪਤੀ ਨੂੰ ਵੰਗਾਰਦੀ, ‘‘ਔਹ ਦੇਖ, ਸੋਹਣੇ ਦੇ ਬਾਪੂ! ਮੀਸਣੇ ਦੀ ਗੋਝ ਕੀਤੀ ਕਿੱਕਣ ਚਮਕਦੀ ਐ! ਤੂੰ ਕਹਿੰਦਾ ਤਾਂ; ਇਹਨੇ ਸਾਂਝੇ ਖਾਤਿਓਂ ਬੇਈਮਾਨੀ ਕੋਈ ਨ੍ਹੀਂ ਕੀਤੀ।''

ਅੱਜ ਸੂਏ ਦਾ ਪੁਲ਼ ਚੜ੍ਹਨ ਤੋਂ ਪਹਿਲਾਂ ਜਦੋਂ ਜੈਬੇ ਨੇ ਮਾਨੂੰਪੁਰ ਵੱਲ ਦੇਖਿਆ ਤਾਂ ਬਰੋਟੀਆਂ ਵਾਲੇ ਰੜਿਆਂ ਵਿੱਚ ਉਸਨੂੰ ਕੋਈ ਬੰਦਾ ਦਿਸਿਆ ਜ਼ਰੂਰ ਸੀ। ਅੱਕ ਦੀਆਂ ਡੋਡੀਆਂ ਜਾਂ ਸੰਖ-ਨਮੋਲੀ ਢੂੰਡਣ ਵਾਲਾ ਕੋਈ ਜਗਿਆਸੂ ਹੋਵੇਗਾ। ਉਸਨੇ ਲੱਖਣ ਲਾਇਆ ਸੀ। ਜਾਂ ਜੰਡੀ ਹੇਠ ਤਿਲ-ਚੌਲੀ ਪਾਉਣ ਆਇਆ ਹੋਊ।

ਸਾਈਕਲ ਨੂੰ ਧੱਕੀ ਤੁਰੇ ਆਉਂਦੇ ਜੈਬੇ ਨੂੰ ਫੇਰ ਇਹ ਸਭ ਕੁਝ ਭੁੱਲ-ਵਿਸਰ ਗਿਆ, ਜਦੋਂ ਉਸਦੇ ਯਾਰ ਫਰੌਟੀਏ ਨੇ ਪਿਆਓ ਦੇ ਖਾਲੀ ਕੋਠੜੇ ਵਿੱਚੋਂ ਨਿਰਲ ਕੇ ਇਕਲਖ਼ਤ ਉਸਦਾ ਚੱਕਾ ਜਾਮ ਕਰ ਦਿੱਤਾ ਅਤੇ ਹਰੀਆਂ ਕਚੂਰ ਤਿੜ੍ਹਾਂ ਉਸਦੇ ਜੂੜੇ ਵਿੱਚ ਟੰਗ ਦਿੱਤੀਆਂ।

ਜੂੜਾ ਕਿੱਥੇ ਰਹਿ ਗਿਆ ਸੀ, ਉਸਦਾ। ਉਹਨੇ ਡੂੰਘਾ ਸਾਹ ਖਿੱਚਿਆ। ਪੰਡਾਂ ਢੋਹਂਦਿਆਂ ਸਾਰਾ ਸਿਰ ਘਸ ਚੁੱਕਾ ਸੀ। ਮੱਥੇ ਤੋਂ ਗਿੱਚੀ ਤੱਕ ਸਭ ਰੜਾ ਮੈਦਾਨ ਸੀ। ਕੰਨਾਂ ਦੀਆਂ ਜੜ੍ਹਾਂ ਵਿਚਲੀਆਂ ਜਟੂਰੀਆਂ ਨੂੰ ਇਕੱਠੀਆਂ ਕਰਕੇ ਉਹ ਪਰਨਾ ਲਪੇਟ ਲੈਂਦਾ।

‘‘ਨਾ ਤੂੰ ਰੋਡਾ ਬਾਪੂ, ਨਾ ਹੀ ਤੂੰ ਸਰਦਾਰ! ਕੀ ਕਹੀਏ ਭਲਾ ਤੈਨੂੰ?'' ਇੱਕ ਵਾਰੀ ਉਹਦੇ ਪੋਤੇ ਜਸਕਰਨ ਨੇ ਉਸਦਾ ਟੋਟਣ ਦੇਖ ਕੇ ਤਾੜੀ ਮਾਰੀ, ਜਦੋਂ ਡਰਾਈਵਰ ਦੇ ਘਰ ਗਿਆ ਉਹ ਸੀ.ਡੀ. ਮੂਹਰੇ ਬੈਠੇ ਪੋਤਰੇ ਨੂੰ ਟੀ.ਵੀ. ਦੇਖਣ ਤੋਂ ਵਰਜਦਾ ਨਸੀਹਤਾਂ ਦੇਣ ਲੱਗ ਪਿਆ। ਕੇਸ ਰੱਖਣ, ਪੱਗ ਬੰਨ੍ਹਣ, ਨੰਗੇ ਸਿਰ ਨਾ ਫਿਰਨ ਦੀ ਮੱਤ ਦਿੰਦਾ ਉਹ ਆਪ ਵੀ ਢਮਕ-ਢਊਆ ਦੇਖਣ ਬੈਠ ਗਿਆ। ਦੁਪੱਟਾ ਲਾਹ ਕੇ ਵਾਲਾਂ ਦੀ ਰਹਿੰਦ-ਖੂਹੰਦ ਨੂੰ ਸੰਭਾਲਦਾ ਚਮਕ ਕੇ ਬੋਲਿਆ ਸੀ, ‘‘ਗ਼-ਗ਼ ਲੰਬੇ ਵਾਲ਼ ਹੁੰਦੇ ਸੀ ਕਾਕਾ!''ਉਸਨੇ ਲੇਰ ਮਾਰੀ ਅਤੇ ਆਪਣਾ ਸਾਰਾ ਗੁੱਲਾ ਸਾਹਮਣੇ ਛਲੰਗੇ ਮਾਰਦੇ ਗਵੱਈਏ ਉਪਰ ਕੱਢਿਆ ਸੀ: ‘‘ਤੂੰ ਤਾਂ ਅਮਰ ਸਿੰਘ ਸ਼ੌਂਕੀ ਦੇ ਪੈਰ ਵਰਗਾ ਵੀ ਨਹੀਂ, ਕੁੱਤਿਆ! ਅਖੇ, ਜਾਤ ਦੀ ਕੋਹੜ-ਕਿਰਲੀ ਸ਼ਤੀਰਾਂ ਨੂੰ ਜੱਫ਼ੇ!''਼ਖਿਝ ਕੇ ਬੁੜਬੁੜਾਉਂਦਾ ਉਹ ਮੁੜ ਆਇਆ ਸੀ।...

‘‘ਕਿਥੇ ਖੋ ਗਿਐਂ, ਜੈਬਿਆ ਯਾਰਾ! ਐਧਰ ਦੇਖ, ਮੇਰੀ ਕੰਨੀਂ! ਮੈਨੂੰ ਕਹਿ ਦਊਗਾ, ਕੋਈ ਚਮਾਰ?'' ਰੁਲਦੇ ਨੇ ਜਿਵੇਂ ਕੁਤਕੁਤਾਰੀ ਕੱਢਣ ਦੀ ਨੀਤ ਨਾਲ ਆਖਿਆ।
ਜਵਾਬ ਵਿੱਚ ਜੈਬਾ ਮਿੰਨ੍ਹਾ ਜਿਹਾ ਮੁਸਕਰਾਇਆ ਤਾਂ ਫਰੌਟੀਆ ਮੁੜ ਉਭੜਿਆ, ‘‘ਅਰ, ਉਹਦੇ ਸਿਰ 'ਚ ਸੌ ਜੁੱਤੀ, ਜਿਹੜਾ ਤੈਨੂੰ ਜੱਟ-ਜ਼ਿਮੀਂਦਾਰ ਆਖੇ।''

ਰਾਹ ਗਲੀ ਲੰਘਦੇ ਹਰੇਕ ਵੱਡੇ-ਛੋਟੇ ਨਾਲ ਰੁਲਦਾ ਸਿੰਗੜੀ ਛੇੜਦਾ। ਕਿਸੇ ਜੋਟੀਦਾਰ ਨੂੰ ਨੰਗੇ ਮਜ਼ਾਕ ਕਰਦਾ, ਕਿਸੇ ਤੋਂ ਗੰਦੀਆਂ ਗਾਲ਼ਾਂ ਸੁਣਦਾ। ਦਰਾਂ ਮੂਹਰੇ ਰੁੱਸੇ ਖੜ੍ਹੇ ਕਿਸੇ ਨੰਗ-ਧੜੰਗ ਜਵਾਕ ਦੀ ਤੋਤੋ ਨੂੰ ਉਂਗਲੀ ਨਾਲ ਹਿਲਾ ਕੇ ਲੰਘਦਾ। ਨਿਆਣਾ ਬੁੱਲ੍ਹ ਅਟੇਰਦਾ ਤਾਂ ਉਹ ਹੋਰ ਜ਼ਿਆਦਾ ਮਸਤਦਾ।

‘‘ਕਪੜਾ-ਲੀੜਾ ਪਾ ਕੇ ਰੱਖਿਆ ਕਰੋ, ਭਾਈ। ਕੁੜੀਆਂ-ਚਿੜੀਆਂ ਲੰਘਦੀਆਂ ਨੇ। ਹੁਣ ਇਹ ਗੀਗਾ ਥੋੜ੍ਹਾ ਰਿਹੈ, ਬੁੱਢ-ਵਲ੍ਹੇਟ ਜਿਹਾ।'' ਸਾਹਮਣੇ ਆ ਖੜੋਤੀ, ਮੁੰਡੇ ਦੀ ਮਾਂ ਵੱਲ ਟੇਢਾ ਝਾਕਦਾ, ਉਹ ਖੰਘੂਰਾ ਮਾਰਦਾ।

ਆਮ ਔਰਤਾਂ ਚੁੱਪ ਰਹਿੰਦੀਆਂ। ਕੋਈ ਜਣੀ ਬੁੜ-ਬੁੜ ਕਰਦੀ ਤਾਂ ਉਹ ਅੱਗੇ ਤੁਰਦਾ ਆਪਣੇ-ਆਪ ਨੂੰ ਮੁਖ਼ਾਤਬ ਹੁੰਦਾ, ‘‘ਲਓ ਕਰ ਲੌ ਘਿਉ ਨੂੰ ਭਾਂਡਾ। ਸਿੱਖ-ਮਤ ਦਿੱਤੀ ਵੀ ਅੱਜ-ਕੱਲ੍ਹ ਤਾਂ ਪੁੱਠੀਓ ਪੈਂਦੀ ਐ।''

ਅਜੈਬ ਸਿੰਘ ਉਸਦੇ ਭਰਾਵਾਂ ਬਰਾਬਰ ਸੀ। ਭਰਾਵਾਂ ਨਾਲੋਂ ਵੀ ਵਧ ਕੇ। ਭਰਾ ਤਾਂ ਕਦੋਂ ਦੇ ਸ਼ਰੀਕ ਬਣ ਚੁੱਕੇ ਸਨ, ਪਰ ਜੈਹੇ ਅਤੇ ਰੁਲਦੇ ਦੀ ਬੁੱਕਲ ਖੁੱਲ੍ਹੀ ਸੀ। ਇਕੱਠਿਆਂ ਉਨਾਂ ਨੇ ਖੇਤੀ ਕੀਤੀ, ਟਿੱਬੇ ਕਰਾਹੇ ਸਨ। ਬਾਪੂ ਮੋਹਤਬਰ ਤੋਂ ਚੋਰੀ ਅਣਗਿਣਤ ਵਾਰ ਸ਼ਰਾਬ ਪੀਤੀ, ਕੱਢੀ ਅਤੇ ਟਿੱਬੀ ਵਿੱਚ ਦੱਬੀ ਸੀ। ਜਦੋਂ ਕਿਤੇ ਬਾਪੂ ਵਾਂਢੇ ਗਿਆ ਹੁੰਦਾ ਤਾਂ ਭਾਈ ਜੀ ਹਰੀ ਸਿਹੁੰ ਦੇ ਕਹਿਣ ਅਨੁਸਾਰ, ਉਹ ਦੋਵੇਂ ਜੋਟੀਦਾਰ ਸਤਿਗੁਰ ਦੇ ਖੁਸ਼ੇ ਵਿੱਚ ਹੁੰਦੇ, ਖ਼ੀਲ ਵਿੱਚੋਂ, ਤੂਤ ਦੀਆਂ ਜੜ੍ਹਾਂ ਹੇਠੋਂ ਬੋਤਲ ਪੁੱਟਦੇ ਅਤੇ ਖੂਹ ਦੀ ਪੈੜ ਵਿੱਚ ਬੈਠ ਕੇ ਪੀਂਦੇ। ਸੋਹਣੀਆਂ ਮਿੱਠੀਆਂ ਗੱਲਾਂ ਕਰਦੇ, ਮੁੜ ਆਹਰੇ ਲੱਗ ਜਾਂਦੇ। ਹਰਟਾਂ ਤੋਂ ਬੰਬਿਆਂ ਦੇ ਜ਼ਮਾਨੇ ਤੱਕ ਏਹੀ ਸ਼ੁਗਲ ਜਾਰੀ ਰਿਹਾ ਸੀ। ਕਦੋਂ ਉਹ ਵਿਆਹੇ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਇੱਕ-ਇੱਕ, ਦੋ-ਦੋ ਸਾਲਾਂ ਦੇ ਫ਼ਰਕ ਨਾਲ ਦੋਹਾਂ ਦੇ ਘਰ ਮੁੰਡੇ-ਕੁੜੀਆਂ ਦੀ ਪੈਦਾਇਸ਼ ਹੋਈ, ਦੋਹਾਂ ਦੇ ਜਵਾਕ ਇਹਨਾਂ ਖੇਤਾਂ-ਪਹਿਆਂ ਵਿੱਚ ਖੇਡਦੇ, ਹਾਜ਼ਰੀ-ਦੁਪਹਿਰੇ ਢੋਂਹਦੇ ਹੀ ਹੁਸ਼ਿਆਰ ਹੋ ਗਏ।...

‘‘ਹੁਣ ਚੁੱਪ ਕਿਉਂ ਵੱਟ ਲੀ, ਬੜੇ ਭਾਈ?'' ਐਤਕੀਂ ਜੈਬੇ ਨੇ ਮੂੰਹ ਖੇਹਲਿਆ। ‘‘...ਬੱਕੀ ਚੱਲ, ਗਾਹਾਂ! ਜੇ ਘਰੇ ਟੱਕਰ ਜਾਂਦਾ ਤਾਂ ਮਿੱਠਾ-ਮੁੰਦਾ ਲਾ ਕੇ ਤੇਰਾ ਮੂੰਹ ਬੰਦ ਕਰ ਦਿੰਦਾ।'' ਦੂਜੇ ਪਲ ਉਸ ਨੇ ਆਪਣਾ ਖੀਸਾ ਟੋਹਿਆ। ਮੁੜ ਉਦਾਸ ਅੱਖਾਂ ਨਾਲ ਰੁਲਦੇ ਵੱਲ ਦੇਖਿਆ। ਵਧਾਈਆਂ ਤਾਂ ਭਾਵੇਂ ਜੋਟੀਦਾਰ ਨਾ ਹੀ ਲੈਂਦਾ, ਪਰ ਸੁਲ੍ਹਾ ਮਾਰਨੀ ਬਣਦੀ ਸੀ। ਫਰੌਟੀਏ ਨੇ ਦੁੱਬ ਜੋ ਟੰਗੀ ਸੀ।

‘‘ਗੀਝੇ 'ਚ ਤੁੱਕੀ ਆਲਾ ਬਟੂਆ ਰੱਖਿਆ ਕਰ! ਜੇ ਸਰਦਾਰ ਜੈਬ ਸਿਹੁੰ ਕਹਾਉਣਾ।'' ਰੁਲਦਾ ਫੇਰ ਛਿੜ ਪਿਆ, ‘‘ਤੇਰੇ ਵਰਗੇ ਕੋਲ ਬਿੱਲੀ ਦੇ ਕੰਨਾਂ ਵਰਗੇ ਦੋ ਚਾਰ ਨੋਟ ਸੌ ਸੌ ਦੇ, ਪੰਜ ਪੰਜ ਸੌ ਦੇ ਖੜਕਦੇ ਹੋਣ। ਦੇਖਣ ਆਲਾ ਵੀ ਜੱਟ ਕੰਨੀਂ ਦੇਖ ਕੇ ਮੂੰਹ 'ਚ ਉਂਗਲ ਲੈ ਲਵੇ। ਹੁਣ ਕੀ ਭਾਲਦੈਂ, ਹੈਥੋਂ ਖਾਲੀ ਖੀਸੇ 'ਚੋਂ?'' ਹੁੱਬਿਆ ਹੋਇਆ ਫਰੌਟੀਆ ਆਪਣੀ ਜੇਬ ਦੀ ਤੁੱਕੀ ਖੋਹਲਣ ਲੱਗਿਆ।

‘‘ਓਏ ਬੱਸ ਵੀ ਕਰਿਆ ਕਰ! ਫਿਰ ਆਖੇਂਗਾ, ਅਸੀਂ ਪਛਾਣੇ ਪਤਾ ਨਹੀਂ ਕਿਵੇਂ ਜਾਨੇ ਆਂ।''

ਜੈਬਾ ਜ਼ਰਾ ਛਿੱਥਾ ਪੈ ਗਿਆ, ‘‘ਦੱਸਣ ਦਿਖਾਉਣ ਦੀ ਭਲਾ ਕੀ ਲੋੜ ਐ? ਹਰੇਕ ਨੂੰ ਪਤੈ, ਬਈ ਚੜ੍ਹੇ ਮਹੀਨੇ ਤੇਰਾ ਨਰਮਾ ਖਿੜਦੈ।'' ਉਸ ਨੇ ਮੁੜ ਸਾਈਕਲ ਤੋਰਿਆ।

...ਜਦੋਂ ਸਮਰਾਲਾ ਰੋਡ ਉਪਰਲੀ ਨਵੀਂ ਦਾਣਾ ਮੰਡੀ ਉਸਰੀ ਤਾਂ ਹਵੇਲੀ ਵਾਲਿਆਂ ਦੀ ਸਾਂਝ ਛੱਡ ਕੇ ਏਹੀ ਫਰੌਟੀਮਾਰ ਮਾਰਕਿਟ ਕਮੇਟੀ ਖੰਨਾ ਦੇ ਦਫ਼ਤਰ ਚਪੜਾਸੀ ਜਾ ਲੱਗਿਆ। ਮਾਸਟਰ ਅੱਛਰਾ ਸਿੰਘਨੇ ਉਹਦੀ ਸਿਫਾਰਸ਼ ਕੀਤੀ ਸੀ। ਰੁਲਦੇ ਦੇ ਆਪਣੇ ਸ਼ਬਦਾਂ ਵਿੱਚ, ਖੇਤੀ ਵਾਲਾ ਨਿੱਤ ਦਾ ਪਿੱਟਣਾ ਮੁੱਕ ਗਿਆ ਸੀ। ਜਹਿਣਾ ਵੱਢਿਆ ਗਿਆ ਸੀ। ਉਦੋਂ ਏਹੀ ਅਜੈਬ ਰਾਹ ਗਲੀ ਮਿਲੇ ਰੁਲਦੇ ਨੂੰ ਖਿਝਾਉਣ ਤੋਂ ਨਾ ਹਟਦਾ, ‘‘ਏਸ ਚਪੜਾਸ 'ਚੋਂ ਕੁਸ਼ ਨਹੀਂ ਥਿਆਉਣਾ, ਲੰਗੋਟੀਏ! ਨਿਰੀਆਂ ਫਰੌਟੀਆਂ ਪੱਲ੍ਹੇ ਰਹਿ ਜਾਣੀਆਂ ਨੇ।'' ਅਜੈਬ ਸਿਹੁੰ ਹਵੇਲੀ ਵਾਲਾ ਮੁਸਕੜੀਆਂ ਹੱਸਦਾ ਜਿਸ ਮੁਤਾਬਕ ਰੁਲਦੇ ਨੇ ਨੌਕਰੀ ਲੈ ਕੇ ਗਲਤੀ ਕੀਤੀ ਸੀ। ਜਦੋਂ ਖੇਤੀ ਵਰ ਦੇਣ ਲੱਗੀ ਤਾਂ ਉਨ੍ਹਾਂ ਦਾ ਸੀਰੀ ਔਝੜੀਂ ਪੈ ਗਿਆ। ਜੇਢ ਦਮੜਾ ਕਮਾਉਣ ਬਦਲੇ ਸਾਈਕਲ ਉੱਤੇ ਲਟਾਪੀਂਘ ਹੋਇਆ ਪੈਡਲ ਮਾਰਦਾ, ਪੰਜ ਕੋਹ ਜਾਂਦਾ ਅਤੇ ਉਸੇ ਤਰ੍ਹਾਂ ਲੱਤਾਂ ਥਕਾਉਂਦਾ ਲੋਹੀ ਮਿਸੀ ਤੋਂ ਘਰ ਵੜਦਾ।

ਉਧਰ ਰਾਹ ਗਲੀ ਟਕਰਿਆ ਅੱਛਰਾ ਸਿੰਘ, ਫਰੌਟੀਮਾਰ ਰੁਲਦੇ ਨੂੰ ਹੌਂਸਲਾ ਦਿੰਦਾ, ‘‘ਡਟਿਆ ਰਹੀਂ ਬੀਰ! ਦੇਖੀਂ ਕਿਧਰੇ ਛੱਡ ਕੇ ਘਰੇ ਨਾ ਬਹਿ ਜਾਈਂ। ਐਵੇਂ ‘ਹੀਂ...ਹੀਂ' ਕਹਿ ਦੇਵੀਂ। ਅਸੀਂ ਤਾਂ ਕੇਰਾਂ ਤੇਰਾ ਹੱਥ ਸਰਕਾਰੀ ਖ਼ਜ਼ਾਨੇ ਨੂੰ ਲੁਆ ਦਿੱਤਾ। ਅੱਗੇ ਤੇਰੇ...'' ਹੱਸਦਾ ਹੋਇਆ ਮਾਸਟਰ ਪੂਰਾ ਗੀਤ ਸੁਣਾਉਂਦਾ।

ਰੁਲਦਾ ਹੋਰ ਢੁੱਚਰੀਆਂ ਨੂੰ ਵੀ ਹੁਣ ਉੱਭੜ ਕੇ ਆਖਦਾ, ‘‘ਵਿਚਾਰੇ ਮਾਸਟਰ ਨੇ ਸਾਡੀ ਤਾਂ ਜੂਨ ਸੁਧਾਰ 'ਤੀ ਬਾਈ!'' ਉਹ ਖੰਨੇ ਸ਼ਹਿਰ ਬਾਰੇ, ਸ਼ਹਿਰੀ ਲਾਲਿਆਂ ਬਾਰੇ, ਸਗੋਂ ਨਿੱਤ ਨਵੇਂ ਟੋਟਕੇ ਸੁਣਾਉਂਦਾ। ਓਦੋਂ ਹੀ ਫਿੱਡੂ ਅਮਲੀ ਨੇ ਉਸਦਾ ਨਾਂ ਫਰੌਟੀਆ ਰੱਖਿਆ ਸੀ। ਹੁਣ ਉਹ ਰੁਲਦਾ ਫਰੌਟੀਆ ਸੀ। ਫਰੌਟੀਮਾਰ! ੈਰੌਟੀਆਂ ਛੱਡਣ ਵਾਲਾ! ਅਜੈਬ ਸਿਹੁੰ ਜਦੋਂ ਖੇਤੀ ਦੇ ਵਧਦੇ ਝਾੜ,

ਨਵੇਂ ਆਏ ਬੀਜਾਂ, ਫਾਰਮੀ ਰੇਹਾਂ ਅਤੇ ਨਵੀਂ ਮਸ਼ੀਨਰੀ ਦੇ ਸੋਹਿਲੇ ਗਾਉਣ ਲੱਗਦਾ ਤਾਂ ਵੀ ਰੁਲਦਾ ਆਪਣੇ ਪੈਰਾਂ ਉਪਰ ਪਾਣੀ ਨਾ ਪੈਣ ਦਿੰਦਾ, ‘‘ਆਹਲਾ ਤੋਂ ਆਹਲਾ ਮਸ਼ੀਨਾਂ ਆ ਜਾਣ, ਚਾਹੇ। ਸੱਪਾਂ ਦੀਆਂ ਸਿਰੀਆਂ ਤਾਂ ਸਾਨੂੰ ਹੀ ਸਾਂਝੀਆਂ-ਸੀਰੀਆਂ ਨੂੰ ਮਿੱਧਣੀਆਂ ਪੈਣੀਆਂ ਨੇ।''

       
ਇੱਕ ਵਾਰ ਤਾਂ ਉਸਨੇ ਅਜੈਬ ਨੂੰ ਵੀ ਇੱਕ ਨੇਕ ਸਲਾਹ ਦੇ ਕੇ ਉਲਟ ਬਾਂਗੜੀ ਪਾਈ ਸੀ, ‘‘ਤੂੰ ਵੀ ਮਾੜੀ ਮੋਟੀ ਮੁਲਾਜ਼ਮਤ ਕਰ ਲੈ, ਜੈਬੇ ਯਾਰ! ਚਾਹੇ ਕਿਸੇ ਮਿਲ ਮੂਹਰੇ ਡੰਡਾ ਲੈ ਕੇ ਖੜ੍ਹਨ ਦੀਓ ਹੋਵੇ। ਜੇ ਕਹੇਂ, ਚਿੱਠੀ-ਰਸਾਇਣ ਲਵਾਂ ਦੇਵਾਂ ਤੈਨੂੰ?''

ਉਸ ਵਕਤ ਅਜੈਬ ਨੂੰ ਗੁੱਸਾ ਲੱਗਿਆ, ਜਿਵੇਂ ਰੁਲਦੇ ਨੇ ਗਾਲ੍ਹ ਕੱਢੀ ਹੋਵੇ।

‘‘ਦਲੀਲ ਤਾਂ ਉੱਚੀ ਰੱਖਿਆ ਕਰ, ਫਰੌਟੀਆ। ਸਰਦਾਰੀਆਂ ਭੋਗਦੇ ਹੁਣ ਅਸੀਂ ਏਹਨਾਂ ਸਿਰ-ਘਸਿਆਂ ਅੱਗੇ ਮਿਆਊਂ-ਮਿਆਊਂ ਕਰਨ ਲੱਗ ਪਈਏ?''
ਉਹਨਾਂ ਦਿਨਾਂ ਵਿੱਚ ਹਵੇਲੀ ਵਾਲਿਆਂ ਦਾ ਲਾਣਾ ਇਕੱਠਾ ਸੀ ਅਤੇ ਹਰੇਕ ਜੀਅ ਆਪਣੇ ਆਪ ਨੂੰ ਫੰਨੇ ਖਾਂ ਸਮਝਦਾ।

...ਮੂਹਰਿਓਂ ਆਉਂਦੀ ਕੰਬਾਈਨ ਕਾਰਨ ਇਸ ਜੋੜੀ ਨੂੰ ਰੁਕਣਾ ਪਿਆ। ਪੱਕੀ ਸੜਕ ਛੱਡ ਕੇ ਦੋਵੇਂ ਜਣੇ ਨਿੱਸਰ ਰਹੀ ਕਣਕ ਅੰਦਰ ਨੂੰ ਸਰਕ ਗਏ। ਛੋਟੇ ਰਹਿ ਗਏ ਰਸਤੇ ਬਾਰੇ ਸ਼ਿਕਵੇ-ਸ਼ਿਕਾਇਤਾਂ ਕਰਦੇ ਰਹੇ। ਕੰਬਾਈਨ ਲੰਘੀ ਤਾਂ ਸਾਈਕਲ ਨੂੰ ਸੜਕ ਉੱਤੇ ਦੁਬਾਰਾ ਚੜ੍ਹਾਉਣ ਵਿੱਚ ਮਦਦ ਕਰਦੇ ਫਰੌਟੀਏ ਨੇ ਚੁੱਪ ਤੋੜੀ, ‘‘ਦੇਖ ਲੈ, ਮਸ਼ੀਨਰੀ ਦੇ ਸਿਰ 'ਤੇ ਕਿੱਥੇ ਤੋਂ ਕਿੱਥੇ ਪਹੁੰਚ ਗਏ ਨੇ ਅਗਲੇ। ਟਰੈਕਟਰ, ਟਰੱਕ, ਟੈਕਸੀਆਂ ਅਰ ਹੁਣ ਆਹ ਹੂੰਝਾ।''

ਲੰਬੜਦਾਰ ਦੇ ਲਾਣੇ ਵੱਲੋਂ ਦੁਵੱਲਿਓਂ ਵੱਢੇ ਗਏ ਰਸਤੇ ਬਾਰੇ ਤਬਸਰਾ ਕਰਨਾ ਛੱਡ ਕੇ ਰੁਲਦਾ ਦੂਜੇ ਪਾਸੇ ਨੂੰ ਛਿੜ ਪਿਆ। ਪੰਜਾਬ ਵਿੱਚ ਅਜੇ ਹਾੜੀ ਆਉਣ ਵਿੱਚ ਡੇਢ ਮਹੀਨਾ ਰਹਿੰਦਾ ਸੀ। ਲੰਬੜਦਾਰਾਂ ਦੀ ਕੰਬਾਈਨ ਨੇ ਹੁਣ ਯੂ.ਪੀ. ਜਾ ਵੜਨਾ ਸੀ।

‘‘ਮਸ਼ੀਨਰੀ ਦੇ ਸਿਰ ਉੱਤੇ ਕਿ ਨਿੱਤ ਨਵੀਆਂ ਜੁਗਤਾਂ ਲੜਾ ਕੇ?'' ਜੈਬੇ ਨੇ ਮੋੜਵਾਂ ਸਵਾਲ ਕੀਤਾ। ਉਸਨੂੰ ਲੰਬੜਦਾਰ ਮੇਲਾ ਸਿੰਘ ਸੇਖੋਂ ਦੇ ਟੱਬਰ ਦਾ ਪਿਛੋਕੜ ਪੂਰੀ ਤਰ੍ਹਾਂ ਯਾਦ ਸੀ।

‘‘ਜਿੱਕਣ ਮਰਜ਼ੀ ਸਮਝ ਲੈ, ਬਈ। ਪਰ ਆਪਣਾ ਤਾਂ ਉਹੀ ਰੰਡੀ-ਰੋਣਾ ਰਿਹਾ। ਉਹੀ ਬੀਬੀ ਦੇ ਕੱਪੜੇ ਸੁੱਥਣ ਨਾਲਾ ਹੱਥ। ਲੈ ਲਵੇਂਗਾ ਟਰੈਕਟਰ ਤੂੰ ਵੀ ਕਦੇ? ੳਰੱਕ ਖਰੀਦਣ ਦਾ ਤਾਂ ਭਲਾ ਤੂੰ ਸੁਫ਼ਨਾ ਵੀ ਨਹੀਂ ਲੈ ਸਕਦਾ, ਮਿੱਤਰਾ!''
ਜੈਬੇ ਨੇ ਸਾਹਮਣੇ ਦੇਖਿਆ। ਰੁਲਦਾ ਹੁਣ ਫਰੌਟੀਆਂ ਨਹੀਂ ਸੀ ਮਾਰਦਾ। ਉਹਦੇ ਚਿਹਰੇ ਉੱਪਰ ਸੱਚਮੁੱਚ ਸੰਕੋਚ ਅਤੇ ਗੰਭੀਰਤਾ ਸੀ।

‘‘ਪਰਾ ਲੱਭਤ ਹੀ ਆਖਾਂਗੇ ਏਹਨੂੰ ਆਪਾਂ!''ਜੈਬੇ ਨੇ ਡੂੰਘਾ ਸਾਹ ਖਿੱਚਿਆ। ਜਿਵੇਂ ਖੇਤ ਵਿੱਚੋਂ ਸਾਈਕਲ ਕੱਢਦਿਆਂ ਉਸਦਾ ਸਾਰਾ ਜ਼ੋਰ ਲੱਗ ਗਿਆ ਹੋਵੇ। ਉਹ ਸੋਚੀਂ ਪੈ ਗਿਆ।

...ਫਰੌਟੀਏ ਨੇ ਮਾਰਕੀਟ ਕਮੇਟੀ ਦੀ ਚਪੜਾਸ ਸਦਕਾ ਆਪਣੇ ਤਿੰਨੇ ਮੁੰਡੇ ਪੜ੍ਹਾ ਲਿਖਾ ਕੇ ਮੁਲਾਜ਼ਮ ਲਵਾ ਦਿੱਤੇ। ਸਭ ਤੋਂ ਵੱਡਾ ਰਾਮ ਸਿੰਘ ਬੈਂਕ ਵਿੱਚ ਅਫ਼ਸਰ ਸੀ। ਵਿਚਕਾਰਲਾ ਰਾਜਿੰਦਰ ਉਰਫ਼ ਰਾਜਾ ਐਫ.ਸੀ.ਆਈ. ਨੂੰ ਦਿਨ-ਦਿਹਾੜੇ ਲੁੱਟਦਾ, ਜਿਵੇਂ ਕਿ ਫਰੌਟੀਆ ਹੱਸ ਕੇ ਦੱਸਦਾ। ਸਭ ਤੋਂ ਛੋਟੇ ਕਮਿੱਕਰ ਨੂੰ ਲੱਖਣਪੁਰੀਏ ਚੇਅਰਮੈਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕਲਰਕ ਲਵਾ ਦਿੱਤਾ ਸੀ। ਉਹ ਪਿੜਕ-ਪਿੱਦਾ ਜਿਹਾ ਵੀ ਹੁਣ ਸੁਪਰਡੈਂਟ ਸੀ ਅਤੇ ਮਾਇਆ ਰੋਲਣ ਵਿੱਚ ਆਪਣੇ ਵੱਡੇ ਭਰਾਵਾਂ ਨਾਲੋਂ ਇੱਕ ਇੰਚ ਵੀ ਪਿੱਛੇ ਨਹੀਂ ਸੀ। ਜਵਾਕਾਂ ਨੂੰ ਅੱਠਵੀਂ, ਦਸਵੀਂ ਜਾਂ ਬਾਰਹਵੀਂ ਵਿੱਚੋਂ ਲੰਘਾਉਣ ਖਾਤਰ ਸਿਫ਼ਾਰਸ਼ਾਂ ਆਉਂਦੀਆਂ। ਉਹ ਗੋਲ਼ੂ ਜਿਹਾ ਅੱਗੇ ਪਤਾ ਨਹੀਂ ਕਿਹੜੀ ਗਿੱਦੜ-ਸਿੰਗੀ ਸੁੰਘਾਉਂਦਾ, ਹਰੇਕ ਨੂੰ ਮੁੰਡਾ ਦੇ ਕੇ ਮੋੜਦਾ। ਜਿਹਨਾਂ ਦੇ ਜਵਾਕ ਪਾਸ ਹੋ ਜਾਂਦੇ, ਉਹ ਕਮਿੱਕਰ ਅਤੇ ਉਸਦੇ ਪਿਓ ਦੇ ਸੋਹਿਲੇ ਗਾਉਂਦੇ। ਆਪਣੀ ਹੌਲੀ ੋਈ ਜੇਬ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਾ ਹੁੰਦਾ। ਫੇਲ੍ਹ ਹੋਇਆਂ ਨਾਲ ਕਮਿੱਕਰ ਪੂਰੀ ਈਮਾਨਦਾਰੀ ਦਿਖਾਉਂਦਾ। ਐਡਵਾਂਸ ਲਈ ਰਕਮ ਮੋੜਨ ਖ਼ਾਤਰ ਅਗਲਿਆਂ ਦੇ ਘਰ ਜਾ ਪਹੁੰਚਦਾ, ‘‘ਬੱਸ ਜੀ, ਬੇਵਾਹ ਹੋ ਗੀ। ਪਰ ਤੁਸੀਂ ਆਪਣੀ ਅਮਾਨਤ ਸੰਭਾਲੋ।'' ਉਹ ਨਿਰਮਾਣਤਾ ਦਿਖਾਉਂਦਾ। ਵਿਰਲੀ-ਟਾਂਵੀ ਕੋਈ ਸਾਮੀ ਰੁਪਏ ਫੜਦੀ, ਬਹੁ-ਗਿਣਤੀ ਆਪਣੀ ਅਮਾਨਤ ਉਸ ਕੋਲ ਅਗੇਤੀ ਪਈ ਰਹਿਣ ਨੂੰ ਤਰਜੀਹ ਦਿੰਦੀ, ‘‘ਸ਼ਾਬਾਸ਼ੇ! ਕਮਿੱਕਰ ਸਿਆਂ! ਤੂੰ ਐਕਣੇਂ ਨੇਕਨਾਮੀ ਖੱਟਦਾ ਰਹੇਂ। ਗਾਹਾਂ ਨੂੰ ਕਿਹੜੇ ਆਪਣੇ ਮੁੰਡੇ ਦੇ ਪਰਚੇ ਨਹੀਂ ਹੋਣੇ? ਸਾਡਾ ਗੇੜਾ ਮਰਾਉਣ ਨਾਲੋਂ ਹੁਣ ਤੋਂ ਤਕੜਾਈ ਰੱਖੀਂ! ਲੋਲ ਨੰਬਰ ਤੈਨੂੰ ਦੱਸ ਦੇਵਾਂਗੇ।''

ਅਜਿਹਾ ਕਿੰਨਾਂ ਕੁਝ ਰੁਲਦਾ ਹੁੱਬ ਕੇ ਆਪਣੇ ਭੇਤੀ ਜੈਬੇ ਨੂੰ ਕਈ ਵਾਰ ਦੱਸ ਚੁੱਕਾ ਸੀ। ਪਰ ਉਹ ਆਪ ਕਦੇ ਵੀ ਕਿਸੇ ਦੀ ਅਮਾਨਤ ਨਾ ਫੜਦਾ। ਦੋ ਸਾਲ ਪਹਿਲਾਂ ਜਾਰੀ ਹੋਈ ਪੈਨਸ਼ਨ ਉਸ ਲਈ ਕਾਫ਼ੀ ਸੀ। ਉਸ ਨੂੰ ਹਰ ਸੁਬ੍ਹਾ ਸੌ ਦਾ ਇੱਕ ਪੱਤਾ ਆਪਣੇ ਸਿਰਹਾਣੇ ਹੇਠੋਂ ਲੱਭ ਜਾਂਦਾ।
‘‘ਦੇਖ ਲੈ, ਅਜੈਬ! ਆਪਣਾ ਕਮਿੱਕਰ ਸਿਹੁੰ ਦਿਨਾਂ ਵਿੱਚ ਮਾਇਆ 'ਚ ਖੇਲ੍ਹਣ ਲੱਗ ਪਿਐ। ਸਰਦਾਰ ਜੀ! ਪਲਾਟ ਐਸੀ ਜਗ੍ਹਾ ਕਟਾਇਐ, ਚਾਰ ਦੁਕਾਨਾਂ ਵੀ ਨਿਕਲ ਆਈਆਂ, ਅਰ ਕੋਠੀ ਵੀ ਖੁੱਲ੍ਹੀ-ਡੁੱਲ੍ਹੀ ਬਣ ਗੀ ਐ।''

ਉਹਦੀ ਗੱਲ ਸੁਣਦਾ ਜਿਵੇਂ ਜੈਬਾ ਰੁਕਣ ਦਾ ਬਹਾਨਾ ਭਾਲਦਾ ਸੀ। ਉਸ ਨੇ ਅੱਖਾਂ ਅੱਡ ਕੇ ਫਰੌਟੀਏ ਵੱਲ ਦੇਖਿਆ, ‘‘ਬਅਈ ਕਾਹਨੂੰ ਕਹਿਨਾਂ!... ਪਰ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ?'' ਉਸ ਨੂੰ ਹੈਰਾਨ ਹੁੰਦੇ ਨੂੰ ਅਚਾਨਕ ਚੇਤੇ ਆ ਗਿਆ, ਜਦੋਂ ਦੋ ਮਹੀਨੇ ਪਹਿਲਾਂ ਰੁਲਦਾ ਮੁਹਾਲੀਓਂ ਮੂੰਹ ਦੀ ਖਾ ਕੇ ਮੁੜਿਆ ਸੀ।

ਆਪਣੇ ਸੁਭਾਅ ਮੁਤਾਬਕ ਉਹ ਤਾਂ ਮੁਹਾਲੀ ਜਾਣ ਲਈ ਬੜੇ ਮੋਹ ਨਾਲ ਕਿੰਨਾਂ ਨਿੱਕ-ਸੁੱਕ ਇਕੱਤਰ ਕਰਦਾ ਰਿਹਾ ਸੀ। ਚਾਰ ਕਿਲੋ ਦੇਸੀ ਘੀ, ਦੁੱਧ ਵਾਲੇ ਚੌਲਾਂ ਦੀ ਪੰਸੇਰੀ ਅਤੇ ਖ਼ਾਸੀ ਸਾਰੀ ਸ਼ਕਰ ਪੀਪੇ ਵਿੱਚ ਪਾ ਕੇ ਬੱਸ ਵਿੱਚ ਚੜ੍ਹਿਆ ਸੀ। ਮੁਹਾਲੀ ਉੱਤਰ ਕੇ ਪਹਿਲਾਂ ਛੋਟੇ ਨੂੰ ਮਿਲੇਗਾ, ਫੇਰ ਕਮਿੱਕਰ ਨੂੰ ਵੱਡਿਆ ਕੇ, ਉਹਦੇ ਸਕੂਟਰ ਮਗਰ ਬੈਠ ਕੇ ਅੱਧਾ ਸਾਮਾਨ ਅੱਗੇ ਚੰਡੀਗੜ੍ਹੀਏ ਰਾਮ ਸਿਹੁੰ ਦੇ ਘਰ ਪਹੁੰਚਦਾ ਕਰ ਆਵੇਗਾ।

ਪਰ ਉਸਦੀ ਛੋਟੀ ਨੂੰਹ ਨੇ ਬੋਝਾ ਤੁਰੰਤ ਕਾਬੂ ਕਰ ਲਿਆ। ਰੁਲਦੇ ਨੇ ਅੱਧਾ ਸੀਧਾ-ਪੱਤਾ ਰਾਮ ਸਿਹੁੰ ਦੀ ਅਮਾਨਤ ਵਜੋਂ ਚੰਡੀਗੜ੍ਹ ਪਹੁੰਚਾਉਣ ਲਈ ਮੰਗਿਆ ਤਾਂ ਵਹੁਟੀ ਰੁਖੇਵੇਂ ਨਾਲ ਬੋਲੀ ਸੀ, ‘‘ਕੀ ਪੋਟਲੀਆਂ ਜਿਹੀਆਂ ਬੰਨ੍ਹ ਲਿਆਉਂਦੇ ਹੋ, ਬਾਪੂ ਜੀ? ਅਰ ਏਸ ਚੂਨ-ਭੂਨ ਜਿਹੇ ਨੂੰ ਅੱਗੇ ਕਿੱਥੇ-ਕਿੱਥੇ ਚੁੱਕੀ ਫਿਰੋਗੇ?'' ਨੂੰਹ ਅੱਗੇ ਰੁਲਦਾ ਵਿਰਕਿਆ ਨਹੀਂ ਸੀ।

ਉਸ ਨੂੰ ਕੀ ਪਤਾ ਕਿ ਰਾਜਪ੍ਰੀਤ ਚਾਅ ਨਾਲ ਲਿਆਂਦੀ ਸਾਰੀ ਰਸਦ ਉੱਪਰ ਦੱਬਾ ਮਾਰ ਲਵੇਗੀ। ਵਾਤਾਵਰਣ ਵਿੱਚ ਆਈ ਤਲਖ਼ੀ ਦੇ ਬਾਵਜੂਦ ਉਸ ਨੇ ਉਚੇਚ ਨਾਲ ਦੁੱਧ ਖਰੀਦ ਕੇ ਖੋਆ ਕਝਵਾਇਆ ਸੀ। ਆਪ ਖੋਆ ਮਾਰ ਦੀ ਹੁਣ ਉਸ ਵਿੱਚ ਹਿੰਮਤ ਨਹੀਂ ਸੀ ਰਹੀ। ਦਲੀਪ ਕੌਰ ਦੇ  ਜਿਊਂਦਿਆਂ ਜੀਅ ਉਹ ਆਪਣੇ ਘਰ ਵਿੱਚ ਆਪ ਦੁੱਧ ਘੋਟ ਕੇ ਹਰੇਕ ਸਾਲ ਪੰਜੀਰੀ, ਪਿੰਨੀਆਂ ਜਾਂ ਗਜਰੇਲਾ ਵੀ ਬਣਾ ਕੇ ਲੈ ਜਾਂਦਾ। ਮੈਲ਼ੀ ਜਿਹੀ ਮਠਿਆਈ ਦੇਖ ਕੇ ਬੇਸ਼ੱਕ ਨੂੰਹਾਂ ਨੱਕ ਬੁੱਲ੍ਹ ਜ਼ਰੂਰ ਮਾਰਦੀਆਂ ਪਰ ‘ਊਂ ਤਾਂ ਸਵਾਦ ਐ' ਕਹਿ ਕੇ ਸਵੀਕਾਰ ਕਰ ਲੈਂਦੀਆਂ।

‘‘ 'ਕੱਲੀ ਸੁਆਦ ਹੀ ਨਹੀਂ। ਬਿਨਾਂ ਮਿਲਾਵਟ ਤੋਂ ਅਸਲੀ ਮਠਿਆਈ ਐ ਭਾਈ! ਏਥੇ ਸ਼ਹਿਰ 'ਚ ਤਾਂ ਬਨਾਉਟੀ ਖੋਆ ਮਿਲਦਾ ਥੋਨੂੰ!'' ਰੁਲਦਾ ਹੁੱਬ ਕੇ ਆਖਦਾ।
ਨੂੰਹਾਂ ਨੂੰ ਸ਼ਿਕਾਇਤ ਹੁੰਦੀ ਕਿ ਖੰਨੇ ਵੱਸਦੇ ਰਾਜੇ ਕੋਲ ਉਹ ਅਕਸਰ ਕੁਝ ਨਾ ਕੁਝ ਪਹੁੰਚਦਾ ਕਰੀ ਜਾਂਦਾ। ਮੁਹਾਲੀ-ਚੰਡੀਗੜ੍ਹ ਵਾਲਿਆਂ ਦੀ ਸਾਲ ਵਿੱਚ ਜਦੋਂ ਇੱਕ ਵਾਰੀ ਆਉਂਦੀ ਤਾਂ ਵੀ ਬੁੱਢਾ ਵੰਡੀਆਂ ਪਾਉਣ ਤੋਂ ਨਾ ਟਲ਼ਦਾ।

ਹੁਣ ਇਹ ਸਮੁੱਚਾ ਤਿਲ-ਫੁੱਲ ਜਿਹਾ ਤਾਂ ਨੂੰਹ ਵੱਲੋਂ ਹਥਿਆਇਆ ਉਸ ਨੇ ਜਿਵੇਂ-ਕਿਵੇਂ ਜਰ ਲਿਆ, ਪਰ ਮਹੀਨੇ ਕੁ ਮਗਰੋਂ ਰਾਜਪ੍ਰੀਤ ਉਸ ਦੀ ਪੈਨਸ਼ਨ ਅਤੇ ਜਮ੍ਹਾਂ ਖਾਤੇ ਦਾ ਹਿਸਾਬ ਮੰਗਣ ਲੱਗੀ ਤਾਂ ਰੁਲਦੇ ਨੂੰ ਵੱਟ ਚੜ੍ਹਦਾ ਗਿਆ। ‘‘ਥੋਡੀ ਪੂੰਜੀ ਬਾਰੇ ਸਾਨੂੰ ਕੋਈ ਸੁਰਲ-ਵਿਰਲ ਤਾਂ ਮਿਲਣੀ ਚਾਹੀਦੀ ਐ।'' ਗੋਲ਼ੂ ਵੀ ਪਿਓ ਪਾਸੋਂ ਕੁਝ ਰਕਮ ਉਧਾਰੀ ਲੈਣ ਬਾਰੇ ਘਿਣਾਂ ਪਾਉਣ ਲੱਗਾ ਤਾਂ ਫਰੌਟੀਏ ਨੂੰ ਸਭ ਫਰੌਟੀਆਂ ਭੁੱਲ ਗਈਆਂ ਅਤੇ ਨੂੰਹ ਪੁੱਤਰ ਦੇ ਘਰ ਉਹੀ ਰਾਤ ਕੱਟਣੀ ਉਸ ਨੂੰ ਮੁਹਾਲ ਜਾਪੀ। ਸਾਰੀ ਰਾਤ ਉਸਨੇ ਸਰੀਰ ਉੱਪਰ ਕੱਪੜਾ ਨਹੀਂ ਲਿਆ। ਸਾਰੀ ਰਾਤ ਉਸਨੂੰ ਤਲਕਾਈ ਲੱਗਦੀ ਰਹੀ। ਸਾਰੀ ਰਾਤ ਉਹ ਪਿੰਡਾ ਖੁਰਚਦਾ ਰਿਹਾ, ਜਿਵੇਂ ਉਸ ਨੂੰ ਸੁੱਕੀ ਖ਼ੁਰਕ ਹੋ ਗਈ ਹੋਵੇ।

ਮੂੰਹ ਹਨੇਰੇ ਗੋਲ਼ੂ ਅਤੇ ਰਾਜਪ੍ਰੀਤ ਨੂੰ ਦੱਸੇ ਬਗ਼ੈਰ ਆਪਣਾ ਪਰਨਾ ਝਾੜਦਾ ਰੁਲਦਾ ਖਮਾਣੋ ਵਾਲੀ ਬੱਸ ਫੜ ਕੇ ਹਾਜ਼ਰੀ ਵੇਲੇ ਤੱਕ ਮਾਨੂੰਪੁਰ ਆ ਪਹੁੰਚਿਆ।...

‘‘ਮਖਿਆ, ਕੀ ਖਾ ਗਿਆ ਤੈਨੂੰ? ਏਡੀ ਛੇਤੀ ਫੇਰ ਤੇਰੀ ਸੁਰਤੀ ਚੰਡੀਗੜ੍ਹ ਉਡਾਰੀ ਮਾਰ ਗੀ?''਼ਮਾਤਾ ਰਾਣੀ ਦੇ ਥਾਨਾਂ ਕੋਲ ਪੁੱਜੇ ਅਜੈਬ ਨੇ ਫਰੌਟੀਏ ਨੂੰ ਇੱਕ ਹੱਥ ਨਾਲ ਝੰਜੋੜਿਆ, ‘‘ਆਹ ਅਸਾਹੀਂ ਤਾਂ ਪੰਡ ਨੂੰ ਮਾੜੀ ਜੇਹੀ, ਆਪਣੇ ਕੰਨੀਓਂ।''
ਰੁਲਦਾ ਜਿਵੇਂ ਨੀਂਦ ਵਿੱਚੋਂ ਜਾਗਿਆ, ਝੱਟ ਪੱਟ ਜੈਬੇ ਵੱਲ ਅਹੁਲਿਆ, ‘‘ਮੁਹਾਲੀ-ਚੰਡੀਗੜ੍ਹ ਦਾ ਆਪਾਂ ਨਾਉਂ ਨਾ ਹੀ ਲਈਏ ਤਾਂ ਚੰਗੈ, ਜੈਬ ਸਿਆਂ।'' ਉਸਦਾ ਚਿਹਰਾ ਇੱਕਦਮ ਉੱਤਰ ਗਿਆ।

‘‘ਤੂੰ ਬੀਹ ਹੈਗ੍ਹਾ ਬੀਰ! ਹਾਲੇ ਵੀ ਤੇਰਾ ਚੰਗਾ ਉੱਗਰ-ਆਦਰ ਹੈ। ਮੇਰੇ ਨੂੰਹਾਂ-ਪੁੱਤਰ ਤਾਂ...'' ਰੁਲਦੇ ਨੇ ਗਾਲ੍ਹ ਕੱਢੀ।

ਜੈਬੇ ਨੂੰ ਜਾਪਿਆ, ਹੁਣ ਪਿੰਡ ਦੇ ਗੋਰੇ ਪਹੁੰਚਿਆ ਫਰੌਟੀਆ ਸੁਭਾਅ ਮੁਤਾਬਕ ਗੱਲਾਂ ਦਾ ਗਿੱਲਾ ਪੀਹਣ ਜ਼ਰੂਰ ਪਾਵੇਗਾ। ਉਧਰ ਗੁਰਮੇਲ ਕੌਰ ਧਾਰਾਂ ਚੋਣ ਲਈ ਅਜੈਬ ਸਿਹੁੰ ਨੂੰ ਉਡੀਕਦੀ ਖ਼ੱਫ਼ਾ ਹੋਵੇਗੀ। ‘‘ਬੱਸ ਚੁੱਪ ਹੀ ਭਲੀ ਐ, ਰੁਲਦਿਆ ਯਾਰਾ! ਪਰ ਤੂੰ ਭਲਕੇ ਸਾਡੇ ਕੰਨੀਂ ਆਉਣਾ ਨਾ ਭੁੱਲ ਜਾਈਂ। ਤੈਨੂੰ ਸਾਰਾ ਦਿਨ ਖਾਤਰੇ ਸਾਡੇ ਵੱਲ ਚੁੱਲ੍ਹੇ ਨਿਊਂਦੈ। ਤਵੇ 'ਤੇ ਹੱਥ ਜਲਾਉਣ ਦੀ ਲੋੜ ਨਹੀਂ।''

ਜੈਬੇ ਨੇ ਹਾਸੇ-ਮਜ਼ਾਕ ਵਿੱਚ ਹੀ ਰੁਲਦੇ ਨੂੰ ਆਪਣੀ ਜੇਬ ਵੀ ਭਰ ਕੇ ਲਿਆਉਣ ਦਾ ਸੁਨੇਹਾ ਦੇ ਦਿੱਤਾ। ਅੜਦੇ ਥੁੜਦੇ ਜ਼ਰੂਰਤ ਜ਼ਰੂਰ ਪੈ ਸਕਦੀ ਸੀ।

ਪਰ ਫਰੌਟੀਏ ਨੂੰ ਪਹਿਲਾਂ ਤੋਂ ਛਟੀ ਬਾਰੇ ਪਤਾ ਸੀ। ਤੀਜੇ ਪਹਿਰ ਉਹ ਗੁਰਮੇਲ ਕੌਰ ਨੂੰ ਪੋਤਰੇ ਦੀਆਂ ਵਧਾਈਆਂ ਦੇ ਕੇ ਹੀ ਤਾਂ ਟਿੱਬੀ ਵੱਲ ਨਿਕਲਿਆ ਸੀ। ਅਜੈਬ ਸਿੰਘ ਕਿਤੇ ਇਕੱਲਾ ਥੋੜਾ ਸੀ, ਜਿਸ ਨਾਲ ਖੁਸ਼ੀ ਸਾਂਝੀ ਕਰਨੀ ਸੀ। ਹਵੇਲੀ ਵਾਲਿਆਂ ਦਾ ਸਾਰਾ ਪਰਿਵਾਰ ਉਸ ਲਈ ਆਪਣਾ ਸੀ।
     ***
( ਚਲਦਾ )

Comments

Manga Basi

Kia baat hei. ji, very good start past pendoo life jaad kara dita, i will continue read ahead too.

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ