Fri, 19 April 2024
Your Visitor Number :-   6985228
SuhisaverSuhisaver Suhisaver

ਪੱਤ ਕੁਮਲਾ ਗਏ (ਕਾਂਡ-3) -ਅਵਤਾਰ ਸਿੰਘ ਬਿਲਿੰਗ

Posted on:- 11-05-2013

suhisaver

-3-

ਰੁਲਦੇ ਨੇ ਜਾਂਦੇ ਸਾਰ ਜੈਬੇ ਨੂੰ ਅਲੱਗ ਕਰਕੇ ਪੰਜ ਹਜ਼ਾਰ ਦੀ ਗੁੱਟੀ ਸੌਂਪ ਦਿੱਤੀ, ‘‘ਤੂੰ ਰੱਖ ਲੈ ਮੇਰੇ ਯਾਰ। ਕਾਰਜ ਨਿਪਟਾ ਕੇ ਜੇ ਕੁਸ਼ ਬਚ ਰਿਹਾ, ਮੋੜ ਦਈਂ। ਬਾਕੀ ਮਗਰੋਂ ਆਉਂਦਾ ਰਹੂ।''

ਪਹਿਲਾਂ ਹੀ ਆਪਣੇ ਮਿੱਤਰ ਨੂੰ ਅਲਹਿਦਾ ਮਿਲ ਕੇ ਫਰੌਟੀਆ ਰੌਣਕ ਮੇਲੇ ਵਿੱਚ ਸ਼ਾਮਲ ਹੋ ਗਿਆ। ਕੁਲਵੰਤ ਹਲਵਾਈ ਜਲੇਬੀਆਂ ਪਕੌੜੇ ਕੱਢ ਕੇ ਵਾਪਸ ਜਾਣ ਲਈ ਕਾਹਲਾ ਸੀ।

ਈਰਖ਼ਾਲੂ ਸ਼ਰੀਕਾਂ-ਗੁਆਂਢੀਆਂ ਅਤੇ ਦੂਰ ਦੇ ਰਿਸ਼ਤੇਦਾਰਾਂ ਨੂੰ ਅਜੈਬ ਨੇ ਸੱਦਿਆ ਨੀਂ ਸੀ।



‘‘ਵਾਧੂ ਦੀ ਮਲੱਖ 'ਕੱਠੀ ਕਰਨ ਦਾ ਭਲਾ ਕੋਈ ਫੈਦਾ? ਉਹਨਾਂ ਨੂੰ ਬੁਲਾਈਏ ਜਿਹਨਾਂ ਨੂੰ ਮਿਲ ਕੇ ਕਾਲਜੇ ਠੰਢ ਪਵੇ।'' ਇੱਕ ਦਿਨ ਕੁਵੇਲੇ ਮੁੜਿਆ ਸ਼ਰਾਬੀ ਬਾਲਾ ਬੁੜ੍ਹਕਿਆ ਸੀ।

‘‘ਚੌਦਾਂ ਜਮਾਤਾਂ ਪੜ੍ਹੀਆਂ ਦਾ ਭਲਾ ਕੋਈ ਫੈਦਾ? ਖੂਹ 'ਚ ਪਾ 'ਤੇ ਚੌਦਾਂ ਸਾਲ।...''
ਅਜੈਬ ਸਿੰਘ ਉਸ ਸ਼ਾਮ ਨੂੰ ਸਾਹਮਣੇ ਅੱਖਾਂ ਨਾਲ ਹੱਸਦੀ ਗੁਰਮੇਲ ਕੌਰ ਵੱਲ ਇੰਝ ਝਾਕਿਆ, ਜਿਵੇਂ ਉਹਨੂੰ ਉਲਾਂਭਾ ਦੇ ਰਿਹਾ ਸੀ।

‘‘ਤੂੰ ਵੀ ਚੂਰੀਆਂ ਕੁੱਟ-ਕੁੱਟ ਏਹਨੂੰ ਸਕੂਲ ਭੇਜਦੀ ਹੁੰਦੀ ਤੀ। ਕਾਲਜ ਜਾ ਵੜਿਆ ਤਾਂ ਏਹਦਾ ਨਖ਼ਰਾ ਨਹੀਂ ਸੀ ਮਾਨ!''

ਪਰ ਗੁਰਮੇਲੋ ਨੇ ਚੂੰਅ ਵੀ ਨਹੀਂ ਕੀਤੀ। ਮਸੀਂ-ਮਸੀਂ ਸ਼ੁਭ ਦਿਹਾੜਾ ਆਇਆ ਸੀ। ਮੂੰਹ ਜਿਹਾ ਵਿਗਾੜੀ ਖੜ੍ਹੇ ਬਲਰਾਜ ਨੂੰ ਧੱਕ ਕੇ ਚੁਬਾਰੇ ਵਿੱਚ ਛੱਡ ਆਈ।

‘‘ਏਹਦੀ ਬੈਠਣੀ-ਉੱਠਣੀ ਹਰੀ ਸਿਹੁੰ ਭਾਈ ਜੀ ਨਾਲ ਐ। ਤੂੰ ਜਾਣਦਾ ਨਹੀਂ, ਸੰਗਤਾਂ ਦੇ ਦਾਸ, ਨੂੰ? ਕੰਜੂਸ ਮੱਖੀ ਚੂਸ ਭਾਈ ਜੀ ਨੂੰ? ਇਹਦੀ ਕੀ 'ਤਬਾਰ? ਏਹ ਛਟੀ ਨਾ ਕਰਨ ਦਾ ਹੁਣ ਬਹਾਨਾ ਹੀ ਭਾਲਦੈ!''

ਬਾਅਦ ਵਿੱਚ ਨੂੰਹ ਨੂੰ ਵੀ ਸਮਝਾਇਆ ਸੀ। ਅਸਲ ਵਿੱਚ ਅਜੈਬ ਸਿਹੁੰ ਅਡੰਬਰ ਰਚਣ ਦੇ ਖ਼ਿਲਾਫ਼ ਸੀ। ਉਹ ਤਾਂ ਆਪਣੀ ਪੋਤੀ ਕਿਰਨ ਦੇ ਜ਼ੋਰ ਪਾਉਣ ਉੱਤੇ ਮੰਨ ਗਿਆ ਸੀ। ਰੁਲਦੇ ਨੂੰ ਉਹਦੀ ਘਰ ਦੀ ਸਥਿਤੀ ਦਾ ਪਤਾ ਸੀ।

ਬਹੁਤ ਸੰਕੋਚਵਾਂ ਖ਼ਰਚਾ ਕੀਤਾ ਸੀ। ਤਿੰਨ ਤਰਫੋਂ ਵਗਲੀ ਸ਼ਾਮਲਾਤ ਵਿਚਲੇ ਵਰਾਂਡੇ ਹੇਠ ਚਾਰ-ਪੰਜ ਮੰਜੇ ਡਾਹ ਕੇ ਦਸ-ਬਾਰਾਂ ਬੰਦੇ ਬੈਠੇ ਸਨ। ਨਾਥ ਮਹਿਰਾ ਮਸਾਲਾ ਭੁੰਨ ਰਿਹਾ ਸੀ। ਜੈਬੇ ਨਾਲ ਸ਼ੌਕੀਆ ਆਵਾਜਾਂ ਲਾਉਣ ਵਾਲਾ ਸਰਵਣ ਪਾਤਸ਼ਾਹ ਟੋਭੇ ਵੱਲ ਦੀ ਖ਼ਾਲੀ ਗੁੱਠ ਵਿੱਚ ਅੱਕਾਂ ਦੇ ਉਹਲੇ ਮੁਰਗਾ ਛਿਲਦਾ ਨਜ਼ਰ ਪਿਆ। ਜੈਬਾ ਖਾਣ-ਪੀਣ ਦਾ ਆਦੀ ਤਾਂ ਨਹੀਂ ਸੀ, ਪਰ ਵਿਆਹ ਸ਼ਾਦੀ ਨੂੰ ਨੇਮ ਵੀ ਨਹੀਂ ਸੀ ਉਹਦਾ। ਗੁਰਮੇਲੋ ਜ਼ਰੂਰ ਮਹਾਂ-ਪਰਸ਼ਾਦ ਨੂੰ ਚੁੱਲ੍ਹੇ ਨਾ ਚੜ੍ਹਨ ਦਿੰਦੀ।

‘‘ਬਈ ਫਰੌਟੀਆ! ਜੱਟਾਂ ਜ਼ਿਮੀਂਦਾਰਾਂ ਦਾ ਘਰ ਤਾਂ ਇਹ ਲੱਗਦਾ ਏਹ ਲੱਗਦਾ ਹੀ ਨਹੀਂ।'' ਵਾਗਲੇ ਵਿੱਚ ਵੜਦੇ ਰੁਲਦੇ ਨੂੰ ਉਹਦੇ ਧੁਰ ਅੰਦਰੋਂ ਆਵਾਜ਼ ਆਈ।

‘ਹਾਅ-ਹੂਤ' ਕਰਨ ਜਾਂ ਬੋਕ ਬੋਲਦੇ ਸੁਣਨ ਦੀ ਤਾਂ ਉਹਨੂੰ ਪਹਿਲਾਂ ਵੀ ਉਮੀਦ ਨਹੀਂ ਸੀ, ਪਰ ਫੇਰ ਵੀ ਉਸਨੇ ਚੰਗਾ ਰੰਗ-ਤਮਾਸ਼ਾ ਚਿਤਵਿਆ ਸੀ।

‘‘ਆ ਜਾ ਅਫ਼ਸਰਾ! ਆ ਜਾ! ਗ਼ੈਰ-ਹਾਜ਼ਰੀ ਲਾਉਣ ਲੱਗੇ ਤੇ ਅਸੀਂ ਤੇਰੀ।''
ਅਮਰੇ ਭੇੜੂ ਨੇ ਸੁਭਾਅ ਦੇ ਉਲਟ ਹਲੀਮੀ ਨਾਲ ਆਖਿਆ।

‘‘ਨਾ ਬਈ ਨਾ! ਮਰਾਤਬੇ ਵਾਲਾ ਬੰਦਾ ਹੋ ਕੇ ਘਰੋੜੇ ਬਹਿੰਦਾ ਚੰਗਾ ਲੱਗੇਂਗਾ ਯਾਰ? ਔਹ ਕੁਰਸੀ ਖਿੱਚ ਲੈ ਉਰੇ।'' ਸਰੂਪਾ ਸੁਨਿਆਰ ਸੱਚਮੁੱਚ ਕੁਰਸੀ ਚੁੱਕ ਲਿਆਇਆ। ‘‘ਅਸਲੀ ਪ੍ਰਾਹੁਣਾ ਹੀ ਤੂੰ ਹੈਂ ਭਾਈ। ਸਾਡਾ ਕੀ ਐ ਲਗੌੜ ਦਾ? ਕਦੋਂ ਦਾ ਤੈਨੂੰ ਵਰਾਗਿਆ ਪਿਆ, ਜੈਬਾ ਬਾਈ।''

ਰੁਲਦੇ ਨੂੰ ਸਾਰੇ ਟਿੱਚਰਾਂ ਕਰਦੇ ਜਾਪੇ। ਰੰਗਾਂ ਵਿੱਚ ਤਾਂ ਉਹ ਤਿੰਨੇ ਪਹਿਲਾਂ ਹੀ ਹੋਏ ਬੈਠੇ ਸਨ। ਕੋਈ ਸਮਾਂ ਸੀ ਜਦੋਂ ਉਸ ਦੇ ਵਡਾਰੂਆਂ ਨੂੰ ਇਹਨਾਂ ਘਰਾਂ ਵਿੱਚ ਕੋਈ ਪੁੱਛਦਾ ਨਹੀਂ ਸੀ। ਅੱਧ ਕੁ ਦੇ ਹੋ ਕੇ ਕਾਉਲੇ ਕੋਲ ਭੁੰਜੇ ਬੈਠਣਾ ਪੈਂਦਾ। ਆਪਣਾ ਭਾਂਡਾ ਨਾਲ ਲਿਆਉਣਾ ਜ਼ਰੂਰੀ ਹੁੰਦਾ। ਜੇ ਅੜਦੇ-ਧੁੜਦੇ ਕੌਲੀ ਜਾਂ ਗਲਾਸ ਜੱਟ ਦੇ ਘਰੋਂ ਮਿਲ ਜਾਂਦਾ ਤਾਂ ਰੋਟੀ-ਚਾਹ ਮੁਕਾਉਣ ਮਗਰੋਂ ਧਰ ਦੀ ਸੁਆਣੀ ਸਾਂਝੀ-ਸੀਰੀ ਦੇ ਸਾਹਮਣੇ ਹੀ ਜੂਠੇ ਬਰਤਨ ਵਿੱਚ ਅੱਗ ਪਾ ਦਿੰਦੀ।

...ਉਸਦੀ ਨਜ਼ਰ ਸਾਹਮਣੇ ਡਾਹੇ ਮੰਜੇ ਹੇਠ ਗਈ, ਜਿੱਥੇ ਅੱਧੀ ਕੁ ਭਰੀ ਹੋਈ ਦਾਰੂ ਦੀ ਬੋਤਲ ਪਈ ਸੀ।

‘‘ਮੈਂ ਤਾਂ ਥੋਡੇ ਚਰਨਾਂ ਦੀ ਧੂੜ ਆਂ।'' ਉਹ ਬੇਹੱਦ ਨਿਰਮਾਣਤਾ ਨਾਲ ਸੳਭ ਨੂੰ ਮੁਖ਼ਾਤਬ ਹੋਇਆ, ‘‘ਮੈਂ ਤਾਂ ਪੈਂਤੀ ਸਾਲ ਸੇਵਾਦਾਰੀ ਓ ਕੀਤੀ ਐ।''

ਹੱਥ ਜੋੜਦਾ ਉਹ ਨਵੇਕਲੇ ਬੈਠੇ ਹਰੀ ਸਿਹੁੰ ਦੀ ਪੈਂਦ ਵੱਲ ਬੈਠਣ ਲੱਗਿਆ।

‘‘ਨਾ ਬਈ ਨਾ! ਐਕਣ ਕੁਰਸੀ ਨੂੰ ਲੱਤ ਨ੍ਹੀਂ ਮਾਰੀਦੀ।'' ਸਰੂਪਾ ਭੱਜ ਕੇ ਨਜ਼ਦੀਕ ਆਇਆ।

‘‘ਸਾਡੀ ਖ਼ਾਤਰ ਤੂੰ ਅਜੇ ਵੀ ਮੁਲਾਜ਼ਮ ਲੋਕ ਐਂ, ਭਾਈ! ਤੇਰੇ ਤਿੰਨੇ ਫਰਜ਼ੰਦ ਅਫ਼ਸਰ ਲੱਗੇ ਨੇ।'' ਹੱਥ ਧੋਂਦਾ ਸਰਵਣ ਪਾਤਸ਼ਾਹ ਹੱਸਿਆ। ‘‘ਔਲਾਦ ਦਾ ਮਾਣ ਮਰਾਤਬਾ ਮਾਪਆਂ ਨੂੰ ਸਭ ਤੋਂ ਵੱਧ ਮਿਲਦੈ।'' ਗੱਟੂ ਛੋਟੀ ਜਿਹੀ ਗਲਾਸੀ ਦਾਰੂ ਦੀ ਭਰ ਲਿਆਇਆ। ਉਹ ਗਲਾਸੀ ਨੂੰ ਜਿਵੇਂ ਵਾ ਵਿੱਚ ਲਹਿਰਾਉਂਦਾ ਨੱਚ ਰਿਹਾ ਸੀ।

ਰਾਹ ਤੋਂ ਪਾਰਲੇ ਵਾਸੂ ਮਕਾਨ ਵੱਲੋਂ ਜੈਬਾ ਬਦਾਣਾ ਅਤੇ ਨਮਕੀਨ ਚੁੱਕੀ ਆਉਂਦਾ ਦਿੱਸਿਆ।

‘‘ਲੈ ਬਈ, ਹਰੀ ਓਮ ਬੋਲ ਦੇ ਕੇਰਾਂ। ਤੇਰਾ ਜੋਟੀਦਾਰ ਵੀ ਆ ਗਿਐ।''

ਗੱਟੂ ਦੀਆਂ ਕੱਤਰੀਆਂ ਹੋਈਆਂ ਧੌਲੀਆਂ ਮੁੱਛਾਂ ਫਰਕੀਆਂ। ਸ਼ਰਾਬ ਉੱਤੇ ਮਾਇਲ ਹੋਇਆ ਗੱਟੂ ਹਰੇਕ ਆਏ-ਗਏ ਨੂੰ ਨਾਪ ਕੇ ਹਾੜਾ ਪਾਉਂਦਾ। ਉਂਝ ਜ਼ਿਆਦਾ ਬੇਸਬਰੇ ਅਤੇ ਕੱਚ ਤੱਕ ਚੱਬ ਜਾਣ ਵਾਲੇ ਕਿਸੇ ਸ਼ਰਾਬੀ ਨੂੰ ਤਾਂ ਜੈਬੇ ਨੇ ਸੱਦਿਆ ਨਹੀਂ ਸੀ। ਫਿੱਡੂ ਵਰਗਾ ਹੁੰਦਾ ਤਾਂ ਹੁਣ ਨੂੰ ਧੂਤਕੜਾ ਪਿਆ ਹੋਣਾ ਸੀ।

ਰੁਲਦੇ ਨੇ ਚਾਹੁੰਦੇ ਹੋਏ ਵੀ ਪੈੱਗ ਨਹੀਂ ਫੜਿਆ। ਕਦੇ ਕਦਾਈਂ ਉਹ ਅਤੇ ਜੈਬਾ ਜਦੋਂ ਖੁਸ਼ੀ ਵਿੱਚ ਹੁੰਦੇ ਤਾਂ ਸਾਂਝਾ ਪਊਆ ਲਿਆ ਕੇ ਗ਼ਮ ਗ਼ਲਤ ਕਰ ਲੈਂਦੇ, ਪਰ ਕਿਸੇ ਘਰ ਦੇ ਜਾਂ ਬਾਹਰਲੇ ਨੂੰ ਮੁਸ਼ਕ ਨਾ ਆਉਣ ਦਿੰਦੇ।

‘‘ਲੁਕਿਆ ਹੋਇਆ ਸਾਤੋਂ ਕੁਸ਼ ਵੀ ਹੈ ਨ੍ਹੀ ਬੀਰ।'' ਗੱਟੂ ਮੁੜ ਚਹਿਕਿਆ।

ਘੰਟਾ ਕੁ ਪਹਿਲਾਂ ਏਹੀ ਟੋਲੀ ਅਜੈਬ ਨੂੰ ਵੀ ਇੱਕ ਹਾੜਾ ਲੁਆ ਕੇ ਹਟੀ ਸੀ। ਗੱਟੂ ਤਾਂ ਜੈਬੇ ਵਾਲੇ ਜੂਠੇ ਗਿਲਾਸ ਵਿੱਚ ਛਟਾਂਕ ਕੁ ਦਾਰੂ ਪਾਕੇ ਗੁਰਮੇਲੋ ਕੋਲ ਵੀ ਜਾ ਪਹੁੰਚਿਆ ਸੀ, ‘‘ਜਿੰਨਾਂ ਚਿਰ ਮੁੰਡੇ ਦੀ ਬੇਬੋ ਭੋਗ ਨਾ ਲਾਵੇ, ਛਟੀ ਵਰਵਾਨ ਨਹੀਂ ਹੁੰਦੀ, ਭਾਬੋ ਮੇਰੀਏ।''

‘‘ਵੇ ਲੈ ਜਾਹ ਓਧਰੇ, ਹੜ੍ਹ ਜਾਣਿਆ! ਮੈਨੂੰ ਤਾਂ ਊਈਂਓ ਬਥੇਰਾ ਨਸ਼ਐ!''

ਔਰਤਾਂ ਵਿਚਕਾਰ ਘਿਰੀ ਹੋਈ ਗੁਰਮੇਲ ਕੌਰ ਨੇ ਦੂਰੋਂ ਹੀ ਰੌਲਾ ਪਾ ਦਿੱਤਾ। ਜਦੋਂ ਗੱਟੂ ਮੁੜਿਆ ਚਾਂ ਜੈਬਾ ਪਰੇ ਖਿਸਕ ਗਿਆ ਸੀ। ਉਹੀ ਗਲਾਸ ਉਹਦੇ ਵੱਡੇ ਭਰਾ ਬਖ਼ਤੌਰੇ ਮੀਸਣੇ ਨੂੰ ਪੀਣਾ ਪਿਆ।

ਗੱਟੂ ਦੀ ਇਹ ਮਸ਼ਕਰੀ ਸੁਣ ਕੇ ਰੁਵਦਾ ਵੀ ਸ਼ਗਨ ਕਰਨਾ ਮੰਨ ਗਿਆ। ਜੇ ਮਹਿਫ਼ਲ ਵਿੱਚ ਆਇਆ ਸੀ ਤਾਂ ਸ਼ੁਗਲ ਕਰਨ ਵਿੱਚ ਕੀ ਹਰਜ਼ ਸੀ। ਉਸਨੇ ਗਟਾਗਟ ਹਾੜਾ ਮੁੱਕਾ ਕੇ ਗਲਾਸ ਹੇਠਾਂ ਰੱਖ ਦਿੱਤਾ। ਧੁੜਧੁੜੀ ਆਈ ਤਾਂ ਪਕੌੜੀਆਂ ਦਾ ਫ਼ੱਕਾ ਮਾਰ ਲਿਆ। ‘‘ਕਿਤੇ ਸ਼ਰਾਬ ਪੀਣ ਨਾਲ ਖੁਸ਼ੀ ਥੋੜ੍ਹੋ ਖਿੜਦੀ ਐ?'' ਉਸਦੇ ਮਨ ਵਿੱਚ ਇੱਕ ਹੋਰ ਖ਼ਿਆਲ ਉਮਡਿਆ। ਸਾਹਮਣੇ ਭਾਈ ਜੀ ਹਰੀ ਸਿਹੁੰ ਵੀ ਤਾਂ ਖੀਵਾ ਹੋਇਆ ਬੈਠਾ ਸੀ। ਸੰਗਤਾਂ ਦਾ ਦਾਸ! ਬਾਈ ਜੀ!

‘‘ਮਖਿਆ, ਪੂਰਾ ਖੁਲ੍ਹਿਆ ਨਹੀਂ ਫਰੌਟੀਆ?'' ਗੱਟੂ ਨੇ ਸ਼ੇਰੇ ਸੈਂਸੀ ਹੱਥ ਇੱਕ ਪਿਆਲਾ ਹੋਰ ਘੱਲ ਦਿੱਤਾ। ਪਰ ਰੁਲਦਾ ਸਾਹਮਣੇ ਬੈਠੇ ਭਾਈ ਜੀ ਤੋਂ ਝਿਜਕ ਗਿਆ। ਸਰਵਣ ਪਾਤਸ਼ਾਹ ਨੇ ਗੱਟੂ ਤੋਂ ਬੇਵਾਹਰਾ ਹੋ ਕੇ ਸਟੀਲ ਦਾ ਪੌਣਾ ਗਿਲਾਸ ਬਗ਼ੈਰ ਪਾਣੀ ਤੋਂ ਅੰਦਰ ਡੋਲ੍ਹ ਲਿਆ।

‘‘ਅਸੀਂ ਤਾਂ ਅੱਜ ਪੂਰਾ ਖਰੂਦ ਕਰਨੈਂ, ਬੀਰ। ਨਹੀਂ ਤਾਂ ਸਾਡਾ ਪੋਤਾ ਵੀ ਐਕਣੇ ਮੂੰਹ-ਮੀਚੂ ਜਿਹਾ ਰਹਿ ਜੂਗਾ।''

ਉਸ ਨੇ ਸਾਹਮਣੇ ਰੱਖੀਆਂ, ਮੁੜਕ-ਮੁੜਕ ਰੁੱਖੀਆਂ ਪਕੌੜੀਆਂ ਚੱਬਦੇ ਹਰੀ ਸਿਹੁੰ ਵੱਲ ਟੀਰੀ ਅੱਖ ਨਾਲ ਇਸ਼ਾਰਾ ਕੀਤਾ।

‘‘ਜੀਹਨੇ ਕੁਸ਼ ਖਾਣਾ-ਪੀਣਾ ਹੀ ਨਹੀਂ, ਉਹ ਤਾਂ ਜੱਗ 'ਤੇ ਜਿਹਾ ਆਇਆਜੇਹਾ ਨਾ ਆਇਆ।'' ਅਮਰਾ ਭੇੜੂ ਸਿੱਧੇ ਸਿੰਗ ਹਿਲਾ ਰਿਹਾ ਸੀ।

%ਪਰ ਹਰੀ ਸਿਹੁੰ ਅੱਖਾਂ ਵਿੱਚ ਹੀ ਹੱਸਦਾ ਰਿਹਾ।

‘‘ਜੇ ਸਾਡਾ ਪੋਤਾ ਐਹ ਭਾਈ ਜੀ ਵਰਗਾ ਬੀਬਾ ਬੰਦਾ ਬਣ ਜਾਵੇ ਫੇਰ ਤਾਂ ਸਮਝ ਲਓ ਸਾਡੀਆਂ ਸੱਤੇ ਕੁਲਾਂ ਤਰ ਗਈਆਂ, ਬਾਈ।'' ਜੈਬਾ ਵੀ ਉਲਝਿਆ ਜਿਹਾ ਕਿਧਰੋਂ ਫੇਰ ਆ ਗਿਆ ਸੀ। ਉਸ ਨੂੰ ਹਰੀ ਸਿਹੁੰ ਦੀ ਬਦਖੋਈ ਜ਼ਰਾ ਵੀ ਨਹੀਂ ਸੀ ਸੋਭਦੀ।

ਰੁਲਦੇ ਦੇ ਮਨ ਵਿੱਚ ਆਈ, ਹੁਣੇ ਚੁੱਪ ਕਰਕੇ ਖਿਸਕ ਜਾਵੇ। ਹਾਜ਼ਰੀ ਲੱਗ ਗਈ ਸੀ। ਭੇੜੂ ਅਤੇ ਪਾਤਸ਼ਾਹ ਦਾ ਕੋਈ ਭਰੋਸਾ ਨਹੀਂ ਸੀ। ਚੰਗੇ ਭਲੇ ਮਿੱਠਾ ਬੋਲਦੇ ਕਦੋਂ ਮਗਜ਼ਾਉਲੀ ਮਾਰਨ ਲੱਗ ਪੈਣ।

‘‘ਏਧਰ ਦਾਸ ਵੱਲ ਧਿਆਨ ਦਿਓ ਜੀ! ਖੁਸ਼-ਲੱਬਤੀ ਗੱਲਾਂ ਕਰਨ 'ਚੋਂ ਜਿਹੜਾ ਅਨੰਦ ਆਉਂਦੈ, ਉਹ ਟੀਕਾ ਟਿੱਪਣੀ 'ਚੋਂ ਕਦੇ ਨ੍ਹੀਂ ਲੱਭਦਾ, ''ਭਾਈ ਜੀ ਨੇ ਆਪਣਾ ਛੋਟਾ ਜਿਹਾ ਮੂੰਹ ਮੋਢੇ ਉੱਪਰ ਰੱਖੇ ਚਿੱਟੇ ਦੁਪੱਟੇ ਨਾਲ ਪੂੰਝਿਆ।

ਉਹ ਹਰ ਐਤਵਾਰ ਅਮ੍ਰਿਤ ਵੇਲੇ ਘਰ ਵਿੱਚ ਹੀ ਢੋਲਕੀ ਛੈਣੇ ਖੜਕਾਉਂਦਾ, ਆਸਾ ਦੀ ਵਾਰ ਪੜ੍ਹਦਾ। ਉਹਦਾ ਸਾਥੀ ਮਾਸਟਰ ਲਛਮਣ ਸਿਹੁੰ ਮੁਨਾਖੇ ਨਛੱਤਰ ਨੂੰ ਨਾਲ ਲੈ ਕੇ ਤੜਕੇ ਪੰਜ ਵਜੇ ਆ ਪਹੁੰਚਦਾ।

‘‘ਦਾਰੂ ਗੱਲਾਂ ਨੂੰ, ਘਿਓ ਮੱਲਾਂ ਨੂੰ! ਤਾਂ ਹੀ ਤੇਰੇ ਵਰਗੇ ਕਿਸੇ ਗੁਣੀ ਪੁਰਸ਼ ਨੇ ਕਿਹੈ, ਭਾਈ ਜੀ।'' ਭੇੜੂ ਗੁਝਾ ਜਿਹਾ ਮੁਸਕਰਾਇਆ।

‘‘ਜਿਹੜਾ ਦਾਰੂ ਨਹੀਂ ਪੀਂਦਾ, ਉਹ ਬੰਦਾ ਤਾਂ ਜੇਹਾ ਜੱਗ 'ਤੇ ਆਇਆ ਜੇਹਾ ਨਾ ਆਇਆ। ਉਹਨੂੰ ਉਪਰ ਜਾਂਦੇ ਨੂੰ ਸਭ ਤੋਂ ਪਹਿਲਾਂ ਰੱਬ ਨੇ ‘ਦੁਰ ਫਿੱਟੇ-ਮੂੰਹ' ਆਖਣੈਂ। ਫੇਰ ਕਿਤੇ ਜਾ ਕੇ ਹਿਸਾਬ ਕਿਤਾਬ ਵਾਲੇ ਪੱਤਰੇ ਖੋਲ੍ਹਣੇ ਨੇ।''

ਸਰਵਣ ਪਾਤਸ਼ਾਹ ਕੁੜਤਣ ਕਾਰਨ ਅੱਖਾਂ ਮੀਚਦਾ ਖੋਹਲਦਾ ਹੋਰ ਨੇੜੇ ਆ ਬੈਠਿਆ। ਇੱਕ ਹੀ ਮੰਜੇ ਉੱਪਰ ਹੁਣ ਉਹ ਤਿੰਨ ਜਣੇ ਹੋ ਗਏ ਸਨ। ਇੱਕ ਲੇਖੇ ਨਾਲ ਭੇੜੂ, ਪਾਤਸ਼ਾਹ ਅਤੇ ਗੱਟੂ ਨੇ ਭਾਈ ਜੀ ਹਰੀ ਸਿਹੁੰ ਨੂੰ ਅੱਗੇ ਲਾ ਲਿਆ ਸੀ। ‘‘ਦਾਰੂ ਪੀਣ 'ਚ ਕੋਈ ਹਰਜ ਨਹੀਂ, ਸਰਦਾਰ ਅਮਰ ਸਿਆਂ। ਦਾਸ ਨੂੰ ਕੋਈ ਇਤਰਾਜ਼ ਨਹੀਂ। ਪਰ ਸ਼ਰਾਬ ਪੀਣੀ ਜ਼ਰੂਰ ਮਾੜੀ ਐ।'' ਭਾਈ ਜੀ ਨੇ ਹਲੀਮੀ ਨਾਲ ਗੱਲ ਸ਼ੁਰੂ ਕੀਤੀ।... ਬਾਦਸ਼ਾਹ ਅਕਬਰ ਦਾ ਬੁੱਧੀਮਾਨ ਵਜ਼ੀਰ ਬੀਰਬਲ ਦਾਰੂ ਪੀਂਦਾ ਸੀ। ਕਿਸੇ ਨੇ ਉਸ ਵਿਰੁੱਧ ਰਾਜੇ ਕੋਲ ਚੁਗਲੀ ਖਾਧੀ ਅਤੇ ਸਗੋਂ ਮੌਕਾ ਵੀ ਦਿਖਾ ਦਿੱਤਾ। ਬੀਰਬਲ ਨੇ ਇੱਕ ਹਾੜਾ ਲਾਇਆ। ਦੂਜੀ ਵਾਰ ਸੋਨ ਪਿਆਲਾ ਭਰਨ ਲੱਗਿਆ ਤਾਂ ਸੁਰਾਹੀ ਹੱਸ ਪਈ:

ਦੋ ਘੁੱਟ ਪੀਓ ਚਮਤਕਾਰ ਦਿਖਾਵਾਂ
ਮੱਠਾ ਮੱਠਾ ਸਰੂਰ ਚੜ੍ਹਾਵਾਂ।


...ਅੱਖਾਂ ਮੀਚੀ ਝੂਮਦਾ ਬੀਰਬਲ ਲੋਰ ਵਿੱਚ ਸਿਰ ਹਿਲਾਉਂਦਾ ਰਿਹਾ। ਇੱਕ ਲੱਪ ਭਰ ਕੇ ਸੁੱਕੇ ਮੇਵਿਆਂ ਦੀ ਖਾਧੀ। ਦਾਰੂ ਦਾ ਉਸ ਉੱਪਰ ਅਜਿਹਾ ਅਸਰ ਹੋਇਆ ਜਿਵੇਂ ਉਹ ਉਡਣ-ਖਟੋਲੇ ਵਿੱਚ ਬੈਠਾ ਉੱਪਰ ਹੀ ਉੱਪਰ ਜਾ ਰਿਹਾ ਹੋਵੇ।

ਐ ਆਬਿ-ਆਹਾਤ! ਸਾਨੂੰ ਦੱਸ ਔਕਾਤ!

ਅਚਾਨਕ ਬੀਰਬਲ ਗਰਜਿਆ। ਸੁਰਾਹੀ ਨੇ ਟੁਣਕਵਾਂ ਹਾਸਾ ਹੱਸਿਆ:

ਆਬਿ-ਆਹਾਤ ਨਹੀਂ, ਹੁਣ ਮੈਂ ਸ਼ਰਾਬ
ਕਰ ਦੇਵਾਂਗੀ ਖ਼ਾਨਾ ਖ਼ਰਾਬ!


ਬੀਰਬਲ ਨੇ ਪੂਰੀ ਗੱਲ ਨਹੀਂ ਸੁਣੀ। ਭਾਈ ਜੀ ਦੇ ਕਹਿਣ ਅਨੁਸਾਰ ਉਸ ਨੇ ਭਰਿਆ ਭਰਾਇਆ ਪਿਆਲਾ ਖਿੜਕੀ ਵੱਲ ਵਗਾਹ ਮਾਰਿਆ। ਟੁੱਟੇ ਹੋਏ ਪਿਆਲੇ ਦੀਆਂ ਇੱਕ ਦੋ ਕੀਚਰਾਂ ਟਾਕੀ ਨੇੜੇ ਖੜ੍ਹੇ ਬਾਦਸ਼ਾਹ ਦੇ ਵੀ ਵੱਜੀਆਂ ਤਾਂ ਅਕਬਰ ਨੇ ਹੁੱਬ ਕੇ ਆਖਿਆ:

‘‘ਮੇਰਾ ਬੀਰਬਲ ਸ਼ਰਾਬ ਬਿਲਕੁਲ ਨਹੀਂ ਪੀਂਦਾ।''

ਭਾਈ ਜੀ ਹਰੀ ਸਿਹੁੰ ਨੇ ਜਿਵੇਂ ਕੋਈ ਮੁਹਿੰਮ ਸਰ ਕਰ ਲਈ ਸੀ। ਏਨੀ ਸੰਤੁਸ਼ਟੀ ਅਤੇ ਖੇੜਾ ਉਸਦੇ ਚਿਹਰੇ ਉਪਰ ਖੇਡ ਰਿਹਾ ਸੀ। ਪਰ ਬਾਹਰੋਂ ਬਾਗ਼ੋ-ਬਾਗ਼ ਦਿਸਦੇ ਅਮਰੇ ਭੇੜੂ ਨੇ ਗਲਗਸੀ ਬੋਤਲ ਚੁੱਕੀ ਅਤੇ ਆਪਣੀ ਡੱਬ ਵਿੱਚ ਅੜੰਗ ਲਈ, ‘‘ਆ ਬਈ ਪਾਤਸ਼ਾਹ! ਆ ਬਈ ਪਰਮਾਤਮਾ ਸਰੂਪ! ਆਪਾਂ ਵੀ ਬੀਰਬਲ ਬਣ ਕੇ ਦੇਖੀਏ। ਦਾਸ ਨੂੰ ਐਕਣੇਂ ਸਜਿਆ ਰਹਿਣ ਦਿਓ।'

‘‘ਬਈ ਇੱਕ ਗੱਲ ਕਿਸੇ ਕਰਥਲ ਨਹੀਂ ਬੈਠੀ ਮੇਰੇ।'' ਗੱਟੂ ਗੁਣਗੁਣੀ ਹਾਸੀ ਹੱਸਿਆ, ‘‘ਸੋਨ-ਪਿਆਲੀ ਦੀਆਂ ਸ਼ਰਾਬ ਪਾਉਣ ਨਾਲ ਕੀਚਰਾਂ ਕੀਚਰਾਂ ਹੋ ਗਈਆਂ? ਜਾਂ ਫੇਰ ਦੂਈ ਵਾਰ ਬੀਰਬਲ ਨੇ ਦਾਰੂ ਹੀ ਚੀਨੀ ਦੀ ਪਿਆਲੀ 'ਚ ਪਾਈ ਤੀ?'' ਸਾਰੇ ਖਿੜਖਿੜਾ ਕੇ ਹੱਸ ਪਏ।

‘‘ਸ਼ਾਬਾਸ਼ੇ! ਸ਼ਾਬਾਸ਼ੇ!'' ਅਜੈਬ ਦੇ ਮੂੰਹੋਂ ਭੋਲੇ-ਭਾਅ ਨਿਕਲਿਆ।

ਫ਼ਰੌਟੀਆ ਵੀ ਮੱਠੇ ਸਰੂਰ ਵਿੱਚੋਂ ਮੁਸਕਰਾਇਆ।

‘‘ਦਾਰੂ ਚੀਜ਼ ਹੀ ਐਸੀ ਐ ਪਰਮਾਤਮਾ ਸਰੂਪ! ਸੋਨੇ ਨੂੰ ਪਿਘਲਾ ਦਿੰਦੀ ਐ! ਅਰ ਮਕਾਨ ਨੂੰ ਖ਼ੋਲਾ ਬਣਾ ਦਿੰਦੀ ਐ।'' ਭਾਈ ਜੀ ਵੀ ਗੱਲ ਨੂੰ ਬੋਚਦਾ, ਖਸਿਆਣੀ ਹਾਸੀ ਹੱਸਿਆ। ਫੇਰ ਉਸ ਨੇ ਅਜੈਬ ਵੱਲ ਦੇਖਿਆ ਜਿਸਦੀਆਂ ਅੱਖਾਂ ਅੱਜ ਲਿਸ਼ਕੀਆਂ ਨਹੀਂ ਸਨ, ਜਿਵੇਂ ਉਹ ਮਿੱਤਰਾਂ ਨੂੰ ਦਾਅਵਤ ਦੇ ਕੇ ਪਛਤਾ ਰਿਹਾ ਹੋਵੇ।

ਅਮਰਾ ਮੁੜ ਮੰਜੇ ਉੱਪਰ ਬੈਠ ਗਿਆ। ਬੋਤਲ ਕੱਢੀ ਅਤੇ ਹੇਠਾਂ ਰੱਖ ਦਿੱਤੀ।‘‘ਯਾਰ ਫਰੌਟੀਆ! ਕੀ ਸੱਪ ਸੁੰਘ ਗਿਐ ਤੈਨੂੰ ਚੰਗੇ ਭਲੇ ਨੂੰ?'' ਭੇੜੂ ਉੱਠਿਆ ਅਤੇ ਧੱਕੇ ਜਿਹੇ ਖਾਂਦਾ ਰੁਲਦੇ ਦੀ ਕੁਰਸੀ ਬਰਾਬਰ ਜਾ ਪਹੁੰਚਿਆ।

‘‘ਉੱਚਾ ਮਰਤਬਾ ਸਹੀ ਤੇਰਾ। ਹੈਗਾ ਤਾਂ ਤੂੰ ਸਾਡਾ ਯਾਰ ਹੀ ਨਾ! ਘੱਨਈਏ ਬੁੜ੍ਹੇ ਦਾ ਰੁਲਦਾ!''

ਅਮਰਾ ਭੇੜੂ ਕੀ ਟਿੱਚਰਾਂ ਨਹੀਂ ਸੀ ਕਰ ਰਿਹਾ? ਜਾਂ ਕੀ ਉਹ ਅਪਣੱਤ ਪਾਲ਼ ਰਿਹਾ ਸੀ? ਰੁਲਦਾ ਫੈਸਲਾ ਨਹੀਂ ਕਰ ਸਕਿਆ। ‘‘ਘੱਨਈਏ ਨੂੰ ਗੁਜ਼ਰਿਆਂ ਮੁੱਦਤਾਂ ਹੋਗੀਆਂ , ਸਰਦਾਰ ਅਮਰ ਸਿਆਂ। ਪਿਉ ਦੇ ਤੁਰ ਜਾਣ ਨਾਲ ਪੁਰਾਣਾ ਸੰਸਕਾਰ ਵੀ ਮੁੱਕ ਗਿਐ।'' ਭਾਈ ਜੀ ਨੇ ਸਾਲਸੀ ਕੀਤੀ।

ਸੰਸਕਾਰ ਕੀ ਹੁੰਦੇ ਹਨ? ਨਵੇਂ ਸੰਸਕਾਰ ਕਿਵੇਂ ਬਣਦੇ ਨੇ? ਸੰਸਕਾਰਾਂ ਦਾ ਜੀਵਨ ਨਾਲ ਕੋਈ ਸੰਬੰਧ ਵੀ ਹੈ? ਪਰਾਲੱਭਤ ਜਾਂ ਪਰਾਰਬੱਧ ਕੀ ਹੁੰਦੀ ਹੈ?

ਭਾਈ ਜੀ ਵਖਿਆਨ ਸੁਣਾਉਂਦਾ ਰਿਹਾ।

‘‘ਉਹ ਤਾਂ ਅਸੀਂ ਵੀ ਮੰਨਦੇ ਹਾਂ, ਭਾਈ ਜੀ। ਬਈ ਘੱਨਈਏ ਨਾਲ ਹੁਣ ਇਹਦਾ ਕੋਈ ਲਾਕਾ ਦੇਕਾ ਨਹੀਂ। ਏਸ ਸਰਕਾਰੀ ਬੰਦੇ ਦੀ ਆਪਣੀ ਮਾਇਆ ਹੈ।'' ਬੁੱਲ੍ਹਾਂ ਨਾਲ ਪਿੱਚ-ਪਿੱਚ ਕਰਦਾ ਭੇੜੂ ਅਮਰਾ ਮੁੜ ਮੰਜੇ ਉੱਪਰ ਜਾ ਬੈਠਿਆ। ਉਸ ਨੂੰ ਨਵੇਂ ਲਗਾਏ ਬਣਾਉਟੀ ਜਬਾੜੇ ਦੇ ਡਿੱਗ ਜਾਣ ਦਾ ਸਦਾ ਹੀ ਡਰ ਲੱਗਿਆ ਰਹਿੰਦਾ। ਕਈ ਵਾਰ ਮੂੰਹ ਦੀ ਹਵਾ ਨਾਲ ਸਮੁੱਚੀ ਦੰਦਰਾਲ ‘ਭੜਕ' ਦੇ ਕੇ ਬਾਹਰ ਆ ਜਾਂਦੀ।

‘‘ਸਰਕਾਰ ਹੀ ਏਹਦੀ ਐ, ਅਮਰ ਸਿਆਂ।'' ਵਿਹਲਾ ਹੋਇਆ ਗੱਟੂ  ਬਾਹਮਣ ਹੁਣ ਵਿਤੋਂ ਬਾਹਰੀ ਪੀ ਗਿਆ ਸੀ, ਆਪਣੇ ਕੋਲ ਰਿਹਾ ਕੀ ਐ?'' ਆਦਤ ਅਨੁਸਾਰ ਉਸ ਨੇ ਤਿੱਖੀਆਂ ਮੁੱਛਾਂ ਨਾਲ ਫੁਰ-ਫੁਰ ਜਿਹੀ ਵੀ ਕੀਤੀ, ‘‘ਮਲਕਪੁਰੀਆ ਕਵੀਸ਼ਰ ਜਰਨੈਲ ਸਿਹੁੰ ਸੱਚੀਆਂ ਸੁਣਾਉਂਦਾ ਤਾਂ ਰਿਹੈ; ਅਖੇ :

ਰਾਜ ਲੈ ਗੇ ਸਿੱਖਾਂ ਦੇ ਕੋਲੋਂ ਭੋਡੇ
ਸਿੱਖ ਰਹਿ ਗੇ ਕਛਹਿਰਿਆਂ ਜੋਗੇ।''


‘‘ਸੋ ਸੀਗੈ ਆਪਣਾ ਤਾਂ! ਸਾਰੀਆਂ ਮੁਲਾਜ਼ਮਤਾਂ ਲੈਗੇ ਫਰੌਟੀਏ ਹੋਰੀਂ। ਹੁਣ ਆਪਾਂ ਨੇ ਤਾਂ ਘਾਹ ਹੀ ਖੋਤਣਾ'', ਸਰੂਪਾ ਸੁਨਿਆਰ ਵੀ ਮੀਟ ਵਾਲਾ ਖ਼ਾਲੀ ਕੌਲਾ ਭੁੱਚੀ ਮਹਿਰੀ ਕੋਲ ਰੱਖ ਕੇ ਆ ਪਹੁੰਚਿਆ।

‘ਨੂੰਔਹੋ ਜਿਹੇ ਮੌਕੇ ਤਾਂ ਸਿਉਨਾ ਤੋਲਣ ਦੀ ਗੱਲ ਕਰਿਆ ਕਰੋ, ਯਾਰੋ। ਵਾਧੂ ਦੀ ਮਗਜ਼ਾਉਲੀ ਮਾਰ ਕੇ ਕਿਉਂ ਪੀਤੀ ਲਾਹੁਣ ਲੱਗੇ ਓਂ?'' ਸ਼ੇਰੇ ਸੈਂਸੀ ਨੇ ਪਰਮਾਤਮਾ ਸਰੂਪ ਨੂੰ ਉਸ ਦਾ ਸ਼ਾਨਦਾਰ ਪਿਛੋਕੜ ਚੇਤੇ ਕਰਾਉਣ ਦੀ ਨੀਤ ਨਾਲ ਆਖਿਆ।

‘‘ਚੰਗਾ! ਇਹ ਵੀ ਭਾਈ ਜੀ ਤੋਂ ਹੀ ਪੁੱਛ ਲੈ। ਜੇ ਹਾਂਅ ਕਹਿ ਦੇਵੇ ਸੰਗਤਾਂ ਦਾ ਦਾਸ, ਤਾਂ ਆਪਾਂ ਵੀ ਸਤਿਗੁਰੂ ਦੇ ਖੁਸ਼ੇ 'ਚ ਗਹੋ ਜਾਵਾਂਗੇ।'' ਸਰੂਪੇ ਨੇ ਗੱਲਾਂ ਫੁਲਾਈਆਂ ਅਤੇ ਦੋਵੇਂ ਮੁੱਕੀਆਂ ਵੱਟ ਕੇ ਜਵਾਕਾਂ ਾਂਗ ਹੀ ਬੁੱਘੀਆਂ ਭੰਨ ਦਿੱਤੀਆਂ। ‘ਪੂੰਅ' ਦੀ ਆਵਾਜ਼ ਆਈ।

‘‘ਨਹੀਂ ਬਈ ਨਹੀਂ। ਸਰੂਪੇ ਦੇ ਵਡਾਰੂ ਚਾਹੇ ਦੰਦੀਂ ਸਿਉਨਾ ਦਲ਼ਦੇ ਸੀ, ਪਰ ਜਿਧਰ ਗਏ ਬਾਣੀਏਂ ਓਧਰੇ ਗਿਆ ਬਾਜ਼ਾਰ!'' ਹਰੀ ਸਿਹੁੰ ਨੇ ਰੱਬ ਲੱਗਦੀ ਆਖੀ।

‘‘ਕਿਉਂ ਵੀਰ? ਤੈਨੂੰ ਕਿਹੈ, ਬਈ, ਆਪਾਂ ਘਾਹੀਆਂ ਨੇ ਤਾਂ ਘਾਹ ਹੀ ਖੋਤਣੈ। ਮੇਰਾ ਬੀ.ਏ., ਐੱਮ.ਏ. ਪਾਸ ਓਮ ਪ੍ਰਕਾਸ਼ ਵੀ ਤਾਂ ਲਾਲਿਆਂ ਦਾ ਘਸਿਆਰਾ ਲੱਗਿਆ ਹੋਇਐ। ਮੁਨੀਮੀ ਕੋਈ ਨੌਕਰੀ ਹੁੰਦ ਐ?''

ਕਿੰਨੀਂ ਦੇਰ ਕੌੜੀਆਂ ਕੁਸੈਲੀਆਂ ਗੱਲਾਂ ਚੱਲਦੀਆਂ ਰਹੀਆਂ। ਭਾਈ ਜੀ ਮੋੜਾ ਦਿੰਦੇ, ਗੱਲ ਰੁਖ਼ ਅਖ਼ਤਿਆਰ ਕਰ ਲੈਂਦੀ। ਹਰੀ ਸਿਹੁੰ ਅਤੇ ਰੁਲਦਾ ਤੁਰਨ ਲਈ ਉੱਠਦੇ ਤਾਂ ਭੇੜੂ ਭੱਜ ਕੇ ਮੂਹਰੇ ਹੋ ਜਾਂਦਾ।

ਅਜੈਬ ਦੀ ਸਮਝ ਵਿੱਚ ਨਹੀਂ ਸੀ ਆਉਂਦਾ ਕਿ ਉਹ ਕਿਵੇਂ ਦਖ਼ਲ ਦੇਵੇ! ਸ਼ਰਾਬੀ ਭੂਸਰੇ ਬੈਠੇ ਸਨ। ਉਹ ਮੂੰਹ ਖੋਹਲਣੋਂ ਡਰਦਾ ਸੀ। ਬਣੀ ਬਣਾਈ ਖੇਡ ਵਿਗੜ ਾਣੀ ਸੀ। ਅਖ਼ੀਰ ਉਸਨੇ ਮਲਕ ਦੇ ਕੇ ਫਰੌਟੀਏ ਨੂੰ ਹੱਥ ਲਾਇਆ ਤਾਂ ਭਾਈ ਜੀ ਵੀ ਇਸ਼ਾਰਾ ਸਮਝ ਗਿਆ।

‘‘ਓਏ ਬਾਈ! ਤੂੰ ਫੇਰ ਤੁਰ ਚੱਲਿਆ? ਾੇਰਾ ਮਿਜਾਜ਼ ਨਹੀਂ ਝੱਲਿਆ ਜਾਂਦਾ ਯਾਰ, ਫਰੌਟੀਮਾਰ!''  ਸਰਵਣ ਪਾਤਸ਼ਾਹ ਝੋਟੇ ਵਾਂਗ ਮੂਹਰੇ ਆ ਗਿਆ।

‘‘ਤੂੰ ਹੀ ਮੁਲਾਜ਼ਮ ਲੋਕ ਸਹੀ! ਸਾਡੀ ਪੁੱਛ ਦਾ ਜਵਾਬ ਤਾਂ ਦੇ ਜਾ ਯਾਰ।'' ਹਵਾੜ ਰਲ਼ਿਆ ਫ਼ਰਾਟਾ ਉਸ ਨੇ ਰੁਲਦੇ ਵੱਲ ਮਾਰਿਆ।

‘‘ਪੁੱਛ ਕੀ ਪੁੱਛਦੈਂ? ਕਿਹੜੀ ਪੁੱਛਿਆ ਲੈਣੀ ਐ ਤੈਂ?''

ਇੱਕ ਵਾਰੀ ਤਾਂ ਰੁਲਦੇ ਦੇ ਮਨ ਵਿੱਚ ਆਇਆ ਕਿ ਗਲ਼-ਹੱਥਾ ਮਾਰ ਕੇ ਪਾਤਸ਼ਾਹ ਨੂੰ ਵਗਾਹ ਕੇ ਮਾਰੇ। ਉਹ ਹੁਣ ਪਹਿਲਣ ਵਾਲਾ ਵਗਾਰੀ ਥੋੜੋ ਰਹਿ ਗਿਆ ਸੀ।

‘‘ਮਖਿਆ, ਬਾਹਲਾ ਤੱਤਾ ਨਾ ਹੋ ਫਰੌਟੀਆ! ਤੂੰ ਐਨੀ ਗੱਲ ਦੱਸ ਦੇ ਬਈ ਸਾਡੇ ਪੜ੍ਹੇ-ਲਿਖੇ ਪੁੱਤਾਂ-ਧੀਆਂ ਨੂੰ ਰੁਜ਼ਗਾਰ ਕੌਣ ਦਊਗਾ? ਚੱਲ, ਅਸੀਂ ਤਾਂ ਭਲਾਂ ਘਾਹ ਵੀ ਖੋਤੀ ਜਾਵਾਂਗੇ।'' ਸ਼ਰਾਬੀ ਪਾਤਸ਼ਾਹ ਅੰਦਰ ਅਜੀਬ ਵਿਵੇਕ ਜਾਗ ਪਿਆ ਸੀ।
‘‘ਓਏ ਸਰਦਾਰ ਸਰਵਣ ਸਿਆਂ! ਬਈ ਮਾੜੀ ਧਾੜ ਵਾਲਾ ਪਖਾਣਾ ਸੱਚਾ ਨਾ ਕਰ ਦਿਖਾਇਓ! ਭਲੇਮਾਣਸਾ! ਰੁਜ਼ਗਾਰ ਸਰਕਾਰ ਨੇ ਦੇਣੈਂ। ਇਹ ਰੁਲਦਾ ਕੌਣ ਐ ਵਿਚਾਰਾ?''਼ਹਰੀ ਸਿਹੁੰ ਤੋਂ ਅਖ਼ੀਰ ਆਖਿਆ ਗਿਆ।

‘‘ਕਿਹੜੀ ਸਰਕਾਰ?''਼ਸਰੂਪਾ ਉੱਖੜੀ ਕੁਹਾੜੀ ਵਾਂਗ ਭਾਈ ਜੀ ਵੱਲ ਧਾਇਆ। ‘‘ਕਿਸੇ ਸਰਕਾਰ ਨੇ ਰੁਜ਼ਗਾਰ ਦਿੱਤਾ ਕੋ ਨ੍ਹੀਂ। ਵੋਟਾਂ ਲੈਣ ਖ਼ਾਤਰ ਵੰਡੀਆਂ ਜ਼ਰੂਰ ਪਾ 'ਤੀਆਂ।''

ਪਰਮਾਤਮਾ ਸਰੂਪ ਤਾਂ ਸੋਫ਼ੀ ਨਹੀਂ ਸੀ ਮਾਣ! ਹੁਣ ਤਾਂ ਉਹ ਘੋੜੇ ਚੜ੍ਹਿਆ ਹੋਇਆ ਸੀ।

‘‘ਫੇਰ ਬਦਲੋ ਪਰੇ ਏਹੋ ਜਿਹੀ ਸਰਕਾਰ ਨੂੰ! ਕਿਉਂ ਮੂੰਹ ਲਾਉਨੇ ਓਂ, ਟੁੱਚੇ ਲੀਡਰਾਂ ਨੂੰ? ਸੜੇ ਸਿਆਸਤੀਆਂ ਦੇ ਅੱਗੇ-ਪਿੱਛੇ ਕਿਉਂ ਪੂਛਾਂ ਮਾਰਦੇ ਫਿਰਦੇ ਓਂ? ਚੰਗਿਆਂ ਨੂੰ ਕਿਉਂ ਨ੍ਹੀਂ ਲੱਭਦੇ-ਭਾਲ਼ਦੇ?''

ਭਾਈ ਜੀ ਦਾ ਬਲੱਡ ਪ੍ਰੈਸ਼ਰ ਅਚਾਨਕ ਉਬਾਲਾ ਖਾ ਗਿਆ। ਉਂਝ ਉਹ ਕੀਰਤਨ ਕਰਦਾ ਹੋਇਆ ‘ਰਾਜੇ ਸ਼ੀਂਹ ਮੁਕੱਦਮ ਕੁੱਤੇ' ਵਾਲਾ ਸ਼ਬਦ ਵੀ ਬੜੇ ਜੋਸ਼ ਨਾਲ ਪੜ੍ਹਦਾ।

‘‘ਕਿਹੜਾ ਬਦਲ ਲਊ? ਪਿਛਲੇ ਪਚਪੰਜਾ ਛਿਪੰਜਾ ਸਾਲਾਂ ਤੋਂ ਏਹੀ ਡਰਾਮਾ ਦੇਖਦੇ ਆਏ ਹਾਂ।'' ਸਰੂਪਾ ਅਜੇ ਵੀ ਨਿਰਾਸ਼ਾ ਵਿੱਚੋਂ ਬੋਲ ਰਿਹਾ ਸੀ, ‘‘ਸਰਕਾਰ ਨਹੀਂ ਬਦਲਦੀ ਵੀਰਨੋਂ! {ੰਗ ਬਦਲਦੇ ਨੇ। ਅਰ ਰੰਗ ਬਦਲਿਆਂ ਸਾਨੂੰ ਰੁਜ਼ਗਾਰ ਨਹੀਂ ਮਿਲਣਾ! ਲਾਇਕੀ ਦਾ ਮੁੱਲ ਏਹਨਾਂ ਬਹੁਰੂਪੀਆਂ ਨੇ ਕਦੇ ਨਹੀਂ ਪਾਉਣਾ!''

 ਸਭ ਨੂੰ ਜਾਪਿਆ ਜਿਵੇਂ ਸਰੂਪੇ ਦੇ ਪੈਰ ਉੱਖੜ ਗਏ ਸਨ। ਉਸਦਾ ਸਰੀਰ ਉੱਪਰ ਕਾਬੂ ਨਹੀਂ ਸੀ ਰਿਹਾ, ਨਾ ਹੀ ਜ਼ੁਬਾਨ 'ਤੇ। ਜਦੋਂ ਤੋਂ ਉਸਦਾ ਪੁੱਤਰ ਓਮਾ ਬਿਮਾਰ ੋਇਆ ਸੀ ਤਾਂ ਉਹ ਸੋਫ਼ੀ ਵੀ ਅਜਿਹੀਆਂ ਤਿੱਖੀਆਂ ਚੋਭਾਂ ਮਾਰਦਾ।

‘‘ਚਲੋ ਚੱਲੀਏ ਯਾਰੋ! ਸਰੂਪੇ ਨੇ ਤਾਂ ਫੇਰ ਨਸ਼ਾ ਲਾਹੁਣ ਵਾਲੀਆਂ ਗੱਲਾਂ ਛੇੜਲੀਆਂ।'' ਭੇੜੂ ਨੇ ਬੋਤਲ ਚੁੱਕੀ ਅਤੇ ਤੁਰ ਪਿਆ।

‘‘ਓਏ ਬਾਈ ਫਰੌਟੀਆ! ਤੂੰ ਇੱਕ ਬੜ੍ਹਕ ਮਾਰ ਦੇ ਵੀਰ!'' ਉਸ ਨੇ ਬੋਤਲ ਵਾਲਾ ਹੱਥ ਉੱਪਰ ਉਠਾਇਆ, ‘‘ਓਹੀ ਬੋਲ ਸੁਣਾ ਦੇ, ਜਿਹੜੇ ਤੂੰ ਚੱਕੀ 'ਤੇ ਬਹਿ ਕੇ ਸੁਣਾਉਂਦਾ ਹੁੰਦੈਂ।''

ਜਦੋਂ ਰੁਲਦਾ ਨਾ ਸਮਝਿਆ ਤਾਂ ਅਮਰਾ ਭੇੜੂ ਆਪੇ ਗਾਉਣ ਲੱਗ ਪਿਆ:

ਬੇਨਿਆਈਂ ਰਾਜਾ ਮਰੇ, ਨੀਂਦ ਧੜਾ-ਧੜ ਸੌਂਈਏ।

ਆਵਾਜ਼ ਲਾਉਂਦਾ ਭੇੜੂ ਇਕੱਲਾ ਹੀ ਬਾਹਰਲੀ ਫਿਰਨੀ 'ਤੇ ਪਹੁੰਚ ਗਿਆ। ਰਸਤਾ ਤਾਂ ਸਾਰਿਆਂ ਦਾ ਇੱਕੋ ਸੀ। ਉਹ ਸਭ ਚੱਕੀ ਵੱਲ ਨੂੰ ਨਿਕਲੇ ਤਾਂ ਅੱਗਿਓਂ ਬਾਲਾ ਲੜਖੜਾਉਂਦਾ ਦਿਸਿਆ। ਅੱਜ ਦਾ ਸਾਰਾ ਦਿਨ ਉਸ ਨੇ ਬਰਵਾਲੀ ਦੇ ਠੇਕੇ ਉੱਤੇ ਗੁਜ਼ਾਰਿਆ ਸੀ। ਜੈਬੇ ਨੇ ਦੋ ਤਿੰਨ ਸੁਨੇਹੇ ਵੀ ਘਲੇ। ਗੁਰਮੇਲ ਕੌਰ ਨੇ ਕਿਸੇ ਰਿਸ਼ਤੇਦਾਰ ਨੂੰ ਵੀ ਲੈਣ ਭੇਜਿਆ। ਪਰ ਬਲਰਾਜ ਆਉਣਾ ਨਹੀਂ ਮੰਨਿਆ। ਥੋੜੇ-ਥੋੜੇ ਵਕਫ਼ੇ ਬਾਅਦ ਪਊਆ ਖ਼ਰੀਦਦਾ। ਉਹ ਮੁੱਕ ਜਾਂਦਾ ਤਾਂ ਪੁਲ ਉੱਤੇ ਬੈਠਾ, ਸਾਹਨ ਨੂੰ ਸੱਦਣ ਵਾਂਗ ‘ਡਰ...ਰ..ਰ...ਰੀਅ' ਆਖਦਾ;

‘‘ਅੱਜ ਏਸ ਜੱਟ ਦੇ ਮੁੰਡੇ ਦੀ ਲੋਹੜੀ ਐ ਬਾਈ। ਸਾਡਾ ਬੁੜ੍ਹਾ ਏਹਨੂੰ ਛਟੀ ਕਹਿੰਦੈ। ਘਰੇ ਸ਼ਰਾਬ ਦਾ ਲੰਗਰ ਲਾਇਆ ਹੋਇਐ ਉਹਨੇ! ਜਿਹੜਾ ਮਰਜ਼ੀ ਪੀਵੇ ਅਰ ਜਿੰਨੀ ਮਰਜ਼ੀ।''

ਦੱਸਣ ਵਾਲਾ ਦੱਸ ਗਿਆ ਕਿ ਠੇਕੇ ਤੋਂ ਉਂਝ ਉਹ ਖਾਸਾ ਦਿਨ ਖੜ੍ਹੇ ਤੁਰ ਪਿਆ ਸੀ। ਰਾਹ ਵਿੱਚ ਝੋਲੇ ਖਾਂਦਾ ਕਈ ਥਾਂ ਡਿੱਗਿਆ। ਗੁੱਟ ਹੋਇਆ ਤਾਂ ਹੀ ਚੱਕੀ ਵੱਲ ਨਿਕਲ ਆਇਆ। ਰਾਹ ਤਾਂ ਉਹਦੇ ਘਰ ਨੂੰ ਵੀ ਕਾਫ਼ੀ ਪਿੱਛੇ ਮੁੜਦਾ ਸੀ।
‘‘ਆਹ ਤਾਂ ਭੇੜੂ ਚਾਚੇ ਦੀ ਆਵਾਜ਼ ਆਉਂਦੀ ਐ ਬਈ!''

ਧੱਕੇ ਜਿਹੇ ਖਾਂਦੇ ਬਾਲੇ ਨੇ ਆਪਣੇ ਆਪ ਤੋਂ ਪੁੱਛਿਆ ਅਤੇ ਉਹ ਏਧਰੋਂ ਜਾਂਦੇ ਰੁਲਦੇ ਵਿੱਚ ਵੱਜਿਆ, ‘‘ਏਹ ਕੀ! 'ਵਾਜ ਭੇੜੂ ਦੀ! ਮੂਹਰੇ ਆ ਗਿਆ ਸਾਡਾ ਚਾਚਾ!'' ਉਸ ਨੇ ਛਰੌਟੀਮਾਰ ਨੂੰ ਜੱਫ਼ੀ ਵਿੱਚ ਜਕੜਲਿਆ, ‘‘ਸਾਡੇ ਪਿਓ ਦਾ ਪੱਗ ਵੱਟ ਭਾਈ! {ੁਲਦਾ ਚਾਚਾ! ਓਏ ਵਡਾਰੂਆ! ਤੇਰਾ ਬੇਨਿਆਈਂ ਰਾਜਾ ਕਿੱਦਣ ਮਰੂਗਾ? ਨਾ ਉਹ ਮਰੇ, ਨਾ ਹੀ ਸਾਨੂੰ ਨੀਂਦ...'' ਉਸਨੇ ਮੂੰਹ ਨਾਲ ਬੁਲ...ਲ਼...ਬੁਲ...ਲ਼... ਜਿਹੀ ਕੀਤੀ, ਜਿਵੇਂ ਊਠ ਨੇ ਮੱਘਾ ਕੱਢਿਆ ਹੋਵੇ।

‘‘ਬਥੇਰੀ ਨੀਂਦ ਆਊਗੀ ਪੁੱਤਰਾ ਅੱਜ!ਬੇਜੈਂਅ! ਹਰੀ ਸਿਹੁੰ ਦੇ ਕਹਿਣ ਵਾਂਗੂੰ ਅੱਜ ਤਾਂ ਸਤਿਗੁਰ ਦੇ ਖੁਸ਼ੇ 'ਚ ਨੇ ਸਾਰੀਆਂ ਫੌਜਾਂ।'' ਗੱਟੂ ਬਾਹਮਣ ਵੀ ਚੁਟਕੀਆਂ ਮਾਰਦਾ ਮਗਰੋਂ ਆ ਰਲ਼ਿਆ ਸੀ।

‘‘ਨਹੀਂ!'' ਬਲਰਾਜ ਬੁੜ੍ਹਕਿਆ। ਉਸ ਨੇ ਉਂਗਲੀ ਖੜ੍ਹੀ ਕਰਨੀ ਚਾਹੀ, ਪਰ ਹੋਈ ਨਹੀਂ। ਸੱਜਾ ਹੱਥ ਕਮਲਿਆਂ ਵਾਂਗ ਹਵਾ ਵਿੱਚ ਮਾਰਿਆ, ‘‘ਓਏ ਤਾਇਆ ਗੱਟੂ! ਤੂੰ ਪੂਰਾ ਪੱਟੂ! ਆਪਣੇ ਹਰੀ ਰਾਮ ਨੂੰ ਆਖੀਂ ਬਈ ਡਾਕਾ ਮਾਰੇ, ਓਸ ਰਾਜੇ ਦੇ ਘਰੇ!'' ਉਹ ਬੱਕੜ ਵਾਹ ਬੋਲਦਾ ਗਿਆ। ਉਸ ਨੇ ਆਪਣੇ ਜਮਾਤੀ ਓਮੇ ਨੂੰ ਵੀ ਯਾਦ ਕੀਤਾ, ਜਿਸ ਦਾ ਲੋਕਾਂ ਦੇ ਕਹਿਣ ਅਨੁਸਾਰ ਜ਼ਿਆਦਾ ਪੜ੍ਹਨ ਕਰਕੇ ਦਿਮਾਗ਼ ਹਿੱਲ ਗਿਆ ਸੀ। ਬਿਜਲੀਆਂ ਲਵਾਉਣ ਮਗਰੋਂ ਕੁਝ ਆਰਾਮ ਹੋਇਆ ਤਾਂ ਕਿਤੇ ਜਾ ਕੇ ਉਸ ਨੇ ਮੁਨੀਮਪੁਣਾ ਕਰਨਾ ਸਵੀਕਾਰ ਕੀਤਾ। ਨਹੀਂ ਤਾਂ ਉਹ ਆਪਣੇ ਆਪ ਨੂੰ ਪੂਰਾ ਖ਼ੁਦਾ ਖ਼ਿਆਲ ਕਰਦਾ।

ਬਾਲੇ ਨੇ ਅੱਖਾਂ ਖੋਹਲੀਆਂ ਤਾਂ ਅੱਗੇ ਹੋਰ ਵੀ ਕਈ ਜਣੇ ਖੜ੍ਹੇ ਸਨ, ‘‘ਤਾਇਆ ਪਰਮਾਤਮਾ ਸਰੂਪ! ਅਸੀਂ ਭਲਾ ਕਿਧਰਲੇ ਧਜਾਧਾਰੀ ਹੋਗੇ? ਇੱਕ ਇੱਕ ਕੀਲੀ ਆਉਂਦੀ ਐ ਸਾਨੂੰ! ਜੇ ਸਾਡਾ ਬੁੜ੍ਹਾ-ਬੁੜ੍ਹੀ ਅਰ ਛੜਾ ਮਰ ਜਾਣ ਫੇਰ ਜਾਣੀ ਦੀ ਡੇਢ ਡੇਢ ਆਜੂ। ਡੇਢ ਕੀਲੇ ਵਾਲਾ ਕਿਤੇ ਅਮੀਰ ਹੁੰਦੈ?'' ਬਾਲਾ ਬੋਲਦਾ ਗਿਆ, ‘‘ਬੋਲਦਾ ਨਹੀਂ, ਸਰੂਪ ਤਾਇਆ? ਸਰੂਪਾ ਸੁਨਿਆਰਾ! ਸੋਨੇ ਦੀ ਕਣੀ ਹੈ ਨਹੀਂ ਕੋਲ!'' ਉੱਚੀ ਹੱਸਦਾ ਬਾਲਾ ਲੰਘ ਗਿਆ। ਫੇਰ ਬਿੰਨਾਂ ਕਿਸੇ ਨੂੰ ਸੰਬੋਧਨ ਕੀਤੇ ਗੰਭੀਰ ਹੋ ਕੇ ਬੋਲਦਾ ਰਿਹਾ।

‘‘ਅਸੀਂ ਓਸੇ ਰਾਜੇ ਦੇ ਘਰ ਪਾੜ ਲਾਉਣੈਂ! ਬੇਨਿਆਈਂ ਰਾਜਾ ਮਰੇ! ਕਿਧਰ ਮਰ ਗਿਆ, ਭੇੜੂ ਚਾਚਾ? ਆਵਾਜ਼ ਤਾਂ ਪਹਿਲਾਂ ਅਮਰੇ ਭੇੜੂ ਦੀ ਆਈ ਤੀ?''

ਥੋੜੀ ਦੂਰ ਜਾ ਕੇ ਉਹ ਲੜਖੜਾਇਆ ਅਤੇ ਅੰਦਰਲੀ ਫਿਰਨੀ ਮੁੜਦੇ ਸਾਰ ਮੂਧੇ ਮੂੰਹ ਡਿੱਗ ਪਿਆ।
 

Comments

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ