Fri, 23 February 2024
Your Visitor Number :-   6866149
SuhisaverSuhisaver Suhisaver

ਸੱਚ ਆਖਦਾ ਸੀ ਨਰੈਣਾ -ਵਿਕਰਮ ਸਿੰਘ ਸੰਗਰੂਰ

Posted on:- 13-10-2014

suhisaver

ਮੈਂ ਹਸਪਤਾਲ ਤਾਂ ਗਿਆ ਸੀ ਆਪਣੇ ਮੋਢੇ ਵਿਚਲੇ ਹੋ ਰਹੇ ਦਰਦ ਦਾ ਸੱਚ ਜਾਣਨ ਲਈ, ਪਰ ਉੱਥੋਂ ਪਰਤਿਆ ਚਾਚੇ ਨਰੈਣੇ ਦੀ ਗੱਲ ਵਿਚਲਾ ਸੱਚ ਲੈ ਕੇ!

ਹਾਲ਼ੇ ਹਸਪਤਾਲ ਅੰਦਰ ਵੜਿਆ ਹੀ ਸੀ ਕਿ ਲੋਕਾਂ ਦੀ ਇੱਕ ਲੰਮੀ ਕਤਾਰ ਨਜ਼ਰੀਂ ਪਈ।ਸੋਚਾਂ ਵਿੱਚ ਸੀ ਕਿ ਅੱਜ ਪਰਚੀ ਲੈਣ ਵਾਲ਼ੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਜਾਂ ਫਿਰ ਕੋਈ ਮੈਡੀਕਲ ਕੈਂਪ ਹੋਣੈ।ਸੋਚਾਂ ਵਿੱਚ ਉੱਠੀਆਂ ਇਹ ਸਭ ਕਿਆਸ-ਅਰਾਈਆਂ ਓਦੋਂ ਝੂਠੀਆਂ ਪੈ ਗਈਆਂ, ਜਦੋਂ ਇਸ ਕਤਾਰ ਦੇ ਇੱਕ ਪਾਸੇ ‘ਨਸ਼ਾ ਛੁਡਾਓ ਮੁਹਿੰਮ’ ਵਾਲ਼ੀ ਤਖ਼ਤੀ ਨੂੰ ਮੇਰੀਆਂ ਨਿਗ਼ਾਹਾਂ ਨੇ ਤੱਕਿਆ।ਕਤਾਰ ਵਿੱਚ ਖਲੋਤਾ ਕਰੀਬ ਵੀਹਾਂ-ਬਾਈਆਂ ਵਰ੍ਹਿਆਂ ਦਾ ਲੰਮ-ਸਲੰਮਾ ਇੱਕ ਨੌਜਵਾਨ ਲੋਹਾ ਲਾਖਾ ਹੋਇਆ ਉੱਚੀ ਉੱਚੀ ਬੋਲ ਰਿਹਾ ਸੀ, ਓ ਬਾਈ ਸਵੇਰ ਦੇ ਲੋਕਾਂ ਨੇ ਪੁੱਛ-ਪੁੱਛ ਕੰਨ ਚੱਟ ਲਏ, ਕਿ ਆ ਲੈਨ ਕੀਹਦੀ ਆ? ਉਸ ਨਾਲ ਖਲੋਤੇ ਲੋਕਾਂ ਨੇ ਉਸ ਨੌਜਵਾਨ ਦੇ ਗ਼ੁੱਸੇ ਨੂੰ ਜਦੋਂ ਮੱਠਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਉਹ ਫਿਰ ਬੋਲ ਪਿਆ, ‘ਬਾਈ ਖਿਝੀ ਚੜ੍ਹੀ ਹੋਈ ਆ।ਇੱਕ ਤਾਂ ਲੋਕਾਂ ਨੂੰ ਆ ਲੈਨ ਦਾ ਦਸ-ਦਸ ਮੇਰਾ ਸੰਘ ਸੁੱਕ ਗਿਐ, ਦੂਜਾ ਲੋਕਾਂ ਦੀਆਂ ਟਿੱਚਰਾਂ ਸੁਣ-ਸੁਣ ਮੇਰੇ ਕੰਨ ਪੱਕ ਗਏ ਆ।

ਉਸ ਨੌਜਵਾਨ ਦੀ ਲੋਕਾਂ ਵੱਲੋਂ ਇਸ ਕਤਾਰ ਬਾਰੇ ਪੁੱਛਣ ਦੀ ਗੱਲ ਤਾਂ ਸਮਝ ਆ ਗਈ ਸੀ ਪਰ ਲੋਕਾਂ ਦੀਆਂ ਟਿੱਚਰਾਂ ਦੀ ਗੱਲ ਨੇ ਮੇਰੇ ਮਨ ਵਿੱਚ ਅੱਚਬੀ ਜੇਹੀ ਲਾ ਦਿੱਤੀ।ਇਹ ਨੌਜਵਾਨ ਲੋਕਾਂ ਦੀਆਂ ਕਿਹੜੀਆਂ ਟਿੱਚਰਾਂ ਦੀ ਗੱਲ ਕਰਦੈ, ਇਸ ਸਵਾਲ ਦਾ ਜਵਾਬ ਜਾਣਨ ਲਈ ਮੈਨੂੰ ਬਹੁਤਾ ਸਮਾਂ ਨਾ ਲੱਗਾ।

ਉਸ ਕਤਾਰ ਲਾਗੇ ਮੈਨੂੰ ਖਲੋਤਿਆਂ ਹਾਲ਼ੇ ਕੁਝ ਹੀ ਪਲ ਹੋਏ ਸਨ ਕਿ ਕਤਾਰ ਲਾਗੋਂ ਮੁੰਡਿਆਂ ਦੀ ਇੱਕ ਟੋਲੀ ਲੰਘੀ।ਉਸ ਵਿੱਚੋਂ ਇੱਕ ਆਖ ਰਿਹਾ ਸੀ, ‘ਹਾ ਹਾ ਨਸ਼ੱਈਆਂ ਦੀ ਰੇਲ ਦੇਖੋ ਓਏ’ ਦੂਜਾ ਆਖ ਰਿਹਾ ਸੀ, ‘ਰੇਲ ਆਪਣੇ ਪੈਟਰੋਲ ਪੰਪ ’ਤੇ ਖੜੀ ਏ’।ਇੰਨੇ ਨੂੰ ਇਸ ਕਤਾਰ ਲਾਗੋਂ ਲੰਘਦੀ ਬੱਚੀ ਨੇ ਜਦੋਂ ਆਪਣੇ ਪਿਤਾ ਤੋਂ ਇਨ੍ਹਾਂ ਲੋਕਾਂ ਬਾਰੇ ਪੁੱਛਿਆ ਤਾਂ ਉਸ ਨੇ ਬੱਚੀ ਦੀਆਂ ਅੱਖਾਂ ਉੱਤੇ ਹੱਥ ਰੱਖ ਕੇ ਕਿਹਾ ਕਿ ਇਨ੍ਹਾਂ ਵੱਲ਼ ਨਾ ਦੇਖ, ਇਹ ਗੰਦੀ ਚੀਜ਼ ਖਾਂਦੇ ਨੇ, ਇਹ ਲੋਕ ਠੀਕ ਨਹੀਂ।

ਇਹ ਗੱਲ ਉਸ ਕਤਾਰ ਵਿੱਚ ਖਲੋਤੇ ਇੱਕ ਬਜ਼ੁਰਗ ਦੇ ਕੰਨੀਂ ਜਦੋਂ ਪਈ ਤਾਂ ਉਹ ਮੂੰਹ ਵਿੱਚ ਬੁੜਬੜਾਉਣ ਲੱਗਾ, ‘ਜਦੋਂ ਅਸੀਂ ਖਾਈਏ-ਪੀਵੀਏ ਓਦੋਂ ਗੰਦੀ ਚੀਜ਼ ਤੇ ਜਿਹਨਾਂ ਅਮੀਰਾਂ ਨੇ ਘਰਾਂ ਵਿੱਚ ਬਾਰ ਬਣਾ ਕੇ ਬੋਤਲਾਂ ਜੜੀਆਂ ਨੇ ਉਹ ਕੀ?’ ਉਸ ਨਾਲ ਖਲੋਤਾ ਇੱਕ ਹੋਰ ਬਜ਼ੁਰਗ ਬੋਲ ਪਿਆ, ‘ਕੈਲਿਆ ਕੋਈ ਫੈਦਾ ਨੀਂ ਗੱਲ ਕਰਨ ਇੱਥੇ।ਏ ਟਿੱਚਰਾਂ ਤਾਂ ਸਾਨੂੰ ਕਈ ਵਾਰ ਆ ਚਿੱਟੀ ਕੁੜਤੀਆਂ ਆਲ਼ੇ ਡੈਕਟਰ ਤੇ ਨਰਸਾਂ ਵੀ ਕਰ ਜਾਂਦੀਆਂ ਨੇ!’ ਏਨਾ ਆਖ ਉਨ੍ਹਾਂ ਦੋਹਾਂ ਬਜ਼ੁਰਗਾਂ ਦੀਆਂ ਅੱਖਾਂ ਜਿੱਦਾਂ ਸਿਮ ਗਈਆਂ ਤੇ ਬੁੱਲ੍ਹ ਸੀਤੇ ਗਏ।

ਉਨ੍ਹਾਂ ਬਜ਼ੁਰਗਾਂ ਦੀ ਗੱਲ ਸੁਣ, ਮੈਂ ਆਪਣੇ ਕਦਮ ਪਿਛਾਂਹ ਪਿੰਡ ਵੱਲ ਨੂੰ ਮੋੜ ਲਏ।ਜਿਉਂ-ਜਿਉਂ ਮੈਂ ਅਗਾਂਹ ਵੱਧ ਰਿਹਾ ਸਾਂ, ਤਿਉਂ-ਤਿਉਂ ਮੇਰੇ ਚੇਤਿਆਂ ਵਿੱਚ ਸਮੋਈਆਂ ਚਾਚੇ ਨਰੈਣੇ ਦੀਆਂ ਗੱਲਾਂ ਮੈਨੂੰ ਪਿਛਾਂਹ ਵੱਲ ਖਿੱਚ ਰਹੀਆਂ ਸਨ।

ਜਦੋਂ ਕਦੀ ਅਮਲੀਆਂ ਦੀ ਗੱਲ ਤੁਰਦੀ ਤਾਂ ਪਿੰਡ ਦੀ ਸੱਥ ਵਿੱਚ ਬੈਠਾ ਚਾਚਾ ਨਰੈਣਾ ਆਖਦਾ, ਕਾਕਾ ਕੀ ਦੱਸੀਏ ਜਿੱਦਾਂ ਕੋਈ ਵੀ ਬੰਦਾ ਜੰਮਦਾ ਅੱਤਵਾਦੀ ਨਹੀਂ ਹੁੰਦਾ, ਓਦਾਂ ਹੀ ਅਮਲੀ ਵੀ ਨਹੀਂ ਹੁੰਦਾ! ਜੇ ਕਦੀ ਕੋਈ ਅੱਤਵਾਦੀ ਆਪਣੀ ਬੰਦੂਕ ਅਤੇ ਅਮਲੀ ਨਸ਼ਾ ਛੱਡਣ ਦਾ ਹੌਂਸਲਾ ਵੀ ਕਰੇ ਤਾਂ ਆਲ਼ੇ-ਦੁਆਲ਼ਿਓਂ ਉਹਨੂੰ ਸ਼ਾਬਾਸ਼ ਘੱਟ ਤੇ ਟਿੱਚਰਾਂ ਬਹੁਤੀਆਂ ਮਿਲਦੀਆਂ ਨੇ!ਮੇਰੀ ਹੀ ਸੁਣ ਲਾ।ਮੈਨੂੰ ਨਸ਼ਾ ਛੱਡਿਆ ਪੂਰੇ ਪੰਦਰਾ ਵਰ੍ਹੇ ਹੋਣ ਆਲ਼ੇ ਆ, ਪਰ ਪਿੰਡ ਵਿੱਚ ਮੈਂ ਨਰੈਣ ਸਿੰਘ ਦੇ ਨਾਮ ਨਾਲ ਘੱਟ ਤੇ ਨਰੈਣੇ ਅਮਲੀ ਨਾਲ ਵਧੇਰੇ ਜਾਣਿਆ ਜਾਂਦਾ।ਇਹ ਤਾਂ ਮੇਰਾ ਹੀ ਦਿਲ ਜਾਣਦੈ ਕਿ ਜੋ ਮੇਰੇ ਨਾਮ ਨਾਲ ਆ ਜੋ ਅਮਲੀ ਦੀ ਫੀਤੀ ਲੱਗੀ ਆ, ਏ ਦਿਲ ਮੇਰੇ ਨੂੰ ਕਿੱਦਾਂ ਵੱਢਦੀ ਏ।ਸਾਡੇ ਜੇਹੇ ਗ਼ਰੀਬ ਅਮਲੀਆਂ ਨੂੰ ਤਾਂ ਕਾਕਾ ਸ਼ਾਇਦ ਇਸ ਦੁਨੀਆਂ ਵਿੱਚ ਜਿਊਣ ਦਾ ਈ ਹੱਕ ਨਹੀਂ।ਸਾਡੀ ਦੁਨੀਆਂ ਆ ‘ਬੰਦਿਆਂ’ ਦੀ ਦੁਨੀਆਂ ਤੋਂ ਵੱਖਰੀ ਬਣਾਈ ਚਾਹੀਦੀ ਸੀ ਰੱਬ ਨੂੰ।

ਚਾਚਾ ਜਦੋਂ ਕਦੀ ਵੀ ੲੈਦਾਂ ਦੀ ਗੱਲ ਕਰਦਾ ਸੀ ਤਾਂ ਮੈਂ ਉਹਨੂੰ ਝੂਠਾ ਸਾਬਤ ਕਰਦਿਆਂ ਆਖ ਦਿੰਦਾ, ‘ਕਿਉਂ ਝੂਠ ਬੋਲਦੈਂ ਚਾਚਾ, ੲੈਦਾ ਵੀ ਕਦੀ ਹੁੰਦੈ ਕਿ ਕੋਈ ਚਿੱਕੜ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇ ਤੇ ਆਲ਼ਾ-ਦੁਆਲਾ ਉਸ ਦੀ ਉਂਗਲ ਫੜਨ ਦੀ ਬਜਾਏ ਉਸ ਨੂੰ ਮੁੜ ਚਿੱਕੜ ਵੱਲ ਧੱਕੇ।

ਨਰੈਣੇ ਦੀਆਂ ਇਨ੍ਹਾਂ ਗੱਲਾਂ ਦਾ ਪਰਦਾ ਇੱਕ ਦਮ ਓਦੋਂ ਮੇਰੀਆਂ ਅੱਖਾਂ ਅੱਗੋਂ ਚੁੱਕਿਆ ਗਿਆ, ਜਦੋਂ ਮੈਂ ਪਿੰਡ ਦੀ ਉਸ ਸੱਥ ਕੋਲ ਅੱਪੜਿਆ, ਜਿੱਥੇ ਕਦੀ ਨਰੈਣੇ ਦੇ ਮੂੰਹੋਂ ਮੈਂ ਇਹ ਗੱਲਾਂ ਸੁਣੀਆਂ ਸਨ।ਨਰੈਣਾ ਆਪ ਤਾਂ ਨਹੀਂ ਸੀ ਰਿਹਾ, ਪਰ ਇਸ ਸੱਥ ਨੂੰ ‘ਨਰੈਣੇ ਅਮਲੀ ਦੀ ਸੱਥ’ ਦੇ ਨਾਮ ਨਾਲ ਮਕਬੂਲ ਕਰ ਗਿਆ।ਮੇਰੇ ਲਾਗੋਂ ਲੰਘਦਾ ਛਿੰਦੋ ਮਾਸੀ ਦਾ ਮੁੰਡਾ ਜਗਰੂਪ ਆਖ ਰਿਹਾ ਸੀ, ‘ਕਿਉਂ ਬਾਈ ਨਰੈਣੇ ਅਮਲੀ ਨਾਲ ਗੱਲਾਂ ਕਰਨ ਆਇਆਂ ਇੱਥੇ?’ ਨਰੈਣੇ ਦੇ ਨਾਮ ਪਿੱਛੇ ‘ਅਮਲੀ’ ਸੁਣ ਕੇ ਅੱਜ ਮੇਰੇ ਸੀਨੇ ਵਿੱਚੋਂ ਚੀਸ ਉੱਠ ਰਹੀ ਸੀ।ਸੁੰਨੀ ਪਈ ਸੱਥ ਕੋਲ ਖਲੋਤਾ ਮੈਂ ਸੋਚ ਰਿਹਾ ਸਾਂ, ਜੇ ਅੱਜ ਨਰੈਣਾ ਇੱਥੇ ਹੁੰਦਾ ਤਾਂ ਮੈਂ ਉਸ ਨੂੰ ਆਖਦਾ ਕਿ ਚਾਚਾ ਤੂੰ ਤਾਂ ਸੱਚੀਓਂ ਸੱਚ ਆਖਦਾ ਸੀ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ