Fri, 09 June 2023
Your Visitor Number :-   6399577
SuhisaverSuhisaver Suhisaver

ਵਾਹਿਗੁਰੂ ਦੀ ਸਿਫ਼ਾਰਸ਼ -ਵਿਕਰਮ ਸਿੰਘ ਸੰਗਰੂਰ

Posted on:- 11-06-2015

suhisaver

ਮੇਰੀਆਂ ਅੱਖਾਂ ਸਾਹਮਣੇ ਉਹਦੀਆਂ ਅੱਖਾਂ ’ਚੋਂ ਜਿਵੇਂ ਹੰਝੂ ਨਹੀਂ ਸਗੋਂ ਉਹਦੇ ਮਾਂ-ਬਾਪ ਅਤੇ ਭੈਣ ਦੇ ਸੁਫ਼ਨੇ ਬੂੰਦ-ਬੂੰਦ ਕਰਕੇ ਚੋਂ ਰਹੇ ਸਨ।ਕੀ ਇਹ ਉਹੀ ਸੁਫ਼ਨੇ ਸਨ? ਜਿਨ੍ਹਾਂ ਨੂੰ ਉਹਨੇ ਸਾਲਾਂ ਦੇ ਪਾਣੀਆਂ ਨਾਲ ਸਿੰਚਿਆ ਸੀ, ਕੀ ਇਹ ਉਹੀ ਸੁਫ਼ਨੇ ਸਨ? ਜਿਨ੍ਹਾਂ ਨੂੰ ਉਹਦੇ ਹੌਂਸਲੇ ਦੀਆਂ ਵਾੜਾਂ ਨੇ ਘਰ ’ਚ ਆਉਂਦੀਆਂ ਨਿੱਤ ਪਤਝੜ ਦੀਆਂ ਖ਼ੁਸ਼ਕ ਹਵਾਵਾਂ ਤੋਂ ਬਚਾਈ ਰੱਖਿਆ ਸੀ।ਧੀਆਂ-ਪੁੱਤਾਂ ਵਾਂਗਰ ਆਪਣੇ ਦਿਲ ’ਚ ਪਾਲ਼ੇ ਸੁਫ਼ਨੇ ਜਦ ਇੱਕ ਦਮ ਅੱਖਾਂ ਸਾਹਮਣੇ ਟੁੱਟਦੇ ਮਹਿਸੂਸ ਹੋਣ ਓਦੋਂ ਪੀੜ ਤਾਂ ਹੁੰਦੀ ਹੀ ਹੈ।

ਅਜੇ ਤਾਂ ਬਹੁਤੇ ਵ੍ਹਰੇ ਲੰਘੇ ਵੀ ਨਹੀਂ ਪਿੰਡ ਦਾ ਸਕੂਲ ਛੱਡਿਆਂ।ਕਿੰਨਾ ਕੁਝ ਬਦਲ ਗਿਆ ਹੈ।ਸਕੂਲ ਦੇ ਹਾਣੀ ਜਿਵੇਂ ਪਲਕ ਚਪਕਦਿਆਂ ਵਿਛੜੇ ਹੀ ਨਹੀਂ ਸਗੋਂ ਅਮਿੱਟ ਯਾਦਾਂ ਦੀ ਸੌਗ਼ਾਤ ਦੇ ਕੇ ਕਿੱਧਰੇ ਗੁਆਚ ਹੀ ਗਏ।ਆ ਸਾਡਾ ‘ਚੁੰਡੀਆਂ ਵਾਲ਼ਾ’ ਪੰਜਾਬੀ ਮਾਸਟਰ ਮੇਲਾ ਰਾਮ, ਕਿੰਨੀਆਂ ਚੁੰਡੀਆਂ ਵੱਢਦੇ ਸਨ ਜਦ ਕੋਈ ਵਿਦਿਆਰਥੀ ਸ਼ਰਾਰਤ ਕਰਦਾ ਜਾਂ ਫਿਰ ਕੰਮ ਪੂਰਾ ਕਰੇ ਬਗ਼ੈਰ ਕਲਾਸ ’ਚ ਤਸ਼ਰੀਫ ਲੈ ਆਉਂਦਾ।ਮਾਸਟਰ ਜੀ ਦੇ ਲਾਗੇ ਹੀ ਖੜਾ ਮੁਸਕੁਰਾ ਰਿਹਾ ਸੀ ਮੇਰਾ ਸਾਥੀ ਦੀਪਕ।ਅੱਜ ਮਾਸਟਰ ਜੀ ਦੇ ਇੰਨੇ ਲਾਗੇ ਖਲੋਤੇ ਦੀਪਕ ਦੇ ਜਗਦੇ ਚਿਹਰੇ ਨੂੰ ਦੇਖ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਓਹੀ ਦੀਪਕ ਹੈ ਜਿਹਨੂੰ ਮਾਸਟਰ ਜੀ ਦੀਆਂ ਚੁੰਡੀਆਂ ਦਾ ਪ੍ਰਸ਼ਾਦ ਨਿੱਤ ਮਿਲਦਾ ਸੀ? ਓ ਮੈਡਮ ਕੋਹਲੀ ਜੀ ਵੀ ਇੱਥੇ ਨੇ?

ਪਤਾ ਨਹੀਂ ਹਿਸਾਬ ਦੀ ਕਲਾਸ ਲਗਾਉਂਦਿਆਂ ਦੋ ਸਲਾਈਆਂ ਨੂੰ ਘਸਾ-ਘਸਾ ਕਿ ਕਿੰਨੇ ਕੁ ਔਖੇ ਤੋਂ ਔਖੇ ਸਵੈਟਰਾਂ ਦੇ ਨਮੂਨਿਆਂ ਨੂੰ ਮੈਡਮ ਜੀ ਨੇ ਹੱਲ ਕੀਤਾ ਹੋਣਾ ।ਮੈਡਮ ਜੀ ਦੇ ਪਿੱਛੇ ਹੀ ਖਲੋਤਾ ਸੀ ਹਰੀਸ਼, ਜੋ ਹਮੇਸ਼ਾਂ ਹਿਸਾਬ ਦੀ ਘੰਟੀ ਵੱਜਦਿਆਂ ਹੀ ਆਪਣਾ ਬੋਰੀ ਦਾ ਬਣਿਆ ਝੋਲਾ ਚੁੱਕ ਕੇ ਸਕੂਲ ਦੀ ਪਿਛਲੀ ਕੰਧ ਟੱਪ ਜਾਇਆ ਕਰਦਾ ਸੀ।ਅਲਮਾਰੀ ਵਿਚਲੀਆਂ ਕਿਤਾਬਾਂ ਨੂੰ ਫਰੋਲਦਿਆਂ-ਫਰੋਲਦਿਆਂ ਦਸਵੀਂ ਜਮਾਤ ਦੀ ਗਰੁੱਪ ਫੋਟੋ ਕੀ ਹੱਥ ਲੱਗੀ ਕਿ ਸਾਰਿਆਂ ਦਾ ਪਾਤਰ-ਚਿੱਤਰਨ ਮਨ ਦੀ ਖੱਡੀ ’ਤੇ ਉਲੀਕਣ ਲੱਗ ਪਿਆ।ਹੋਰ ਫੋਟੋਆਂ ਲੱਭਣ ਦੀ ਤਾਂਘ ਨੇ ਜਦ ਕਿਤਾਬਾਂ ਦੀਆਂ ਕਤਾਰਾਂ ਨਾਲ ਛੇੜ ਖਾਣੀ ਕਰਨੀ ਲੋਚੀ ਤਾਂ ਕਿਤਾਬਾਂ ਦੀ ਲੰਮੀ ਕਤਾਰ ਖਿਸਕ ਕੇ ਸਿਰ ’ਤੇ ਆਣ ਵੱਜੀ ।ਪੰਜਵੀਂ, ਛੇਵੀਂ, ਅੱਠਵੀਂ, ਨੌਵੀਂ ਅਤੇ ਦਸਵੀਂ ਦੀਆਂ ਕਿਤਾਬਾਂ ਮੇਰੀਆਂ ਅੱਖਾਂ ਸਾਹਮਣੇ ਭੁੰਜੇ ਖਿਲਰੀਆਂ ਪਈਆਂ ਸਨ।ਜਦ ਇੱਕ-ਇੱਕ ਕਰਕੇ ਕਿਤਾਬਾਂ ਚੁੱਕਣ ਲੱਗਿਆ ਤਾਂ ਦਸਵੀਂ ਦੀ ਕਿਤਾਬ ’ਚੋਂ ਅੱਧਾ ਬਾਹਰ ਵੱਲ ਨੂੰ ਖਿਸਕਿਆ ਵਰਕਾ ਨਜ਼ਰੀਂ ਪਿਆ ਜਿਸ ’ਤੇ ਲਿਖਿਆ ਸੀ ‘ਬਾਕੀ ਸਭ ਸੁੱਖ ਸਾਂਦ ਹੈ’ ।ਕਿਤਾਬ ਦਾ ਖਿਸਕਿਆ ਵਰਕਾ ਕਿਤਾਬ ਦੇ ਅੰਦਰ ਕਰਕੇ ਅੱਖਾਂ ਕਹਾਣੀ ਵਿਚਲੀਆਂ ਉਨ੍ਹਾਂ ਸਤਰਾਂ ਨੂੰ ਟਟੋਲਣ ਲੱਗੀਆਂ ਜਿਨ੍ਹਾਂ ’ਚ ਹਰ ਕੌਰ ਘਰ ਅੰਦਰ ਪਹਾੜ ਜਿੱਡੇ ਦੁੱਖ ਹੋਣ ਦੇ ਬਾਵਜੂਦ ਵੀ ਮੋਹਨ ਸਿੰਘ ਨੂੰ ਆਖਦੀ ਹੈ ਕਿ ਖ਼ਤ ਦੇ ਆਖ਼ਿਰ ’ਚ ਲਿਖ ਦੇਵੇ ‘ਬਾਕੀ ਸਭ ਸੁੱਖ ਸਾਂਦ ਹੈ’।ਕੋਈ ਵਿਰਲਾ ਹੀ ਹੋਣਾ ਹਰ ਕੌਰ ਦੀ ਉਪਮਾ ਮੇਚ ਅੱਜ! ਖ਼ੁਦ ਨਾਲ ਗੱਲਾਂ ਕਰਦਿਆਂ ਜਦ ਕਿਤਾਬ ਬੰਦ ਕੀਤੀ ਤਾਂ ਕਿਤਾਬ ਦੀ ਪਿਛਲੀ ਜਿਦਲ ’ਤੇ ਦੋ ਸਕੂਲੀ ਬੱਚਿਆਂ ਦਾ ਪੈਂਸਿਲ ਨਾਲ ਵਿੰਗ-ਤੜਿੰਗਾ ਚਿੱਤਰ ਬਣਿਆ ਦਿਖਿਆ ਜਿਹਦੇ ਹੇਠ ਲਿਖਿਆ ਸੀ ਵਿਰਕਮ ਅਤੇ ਜਸਪ੍ਰੀਤ।ਕਿੰਨਾ ਮੁਸਕੁਰਾ ਰਿਹਾ ਸੀ ਚਿੱਤਰ ’ਚ ਮੇਰਾ ਯਾਰ ਜਸਪ੍ਰੀਤ।ਚਿੱਤਰ ’ਤੇ ਹੱਥ ਫੇਰਦਿਆਂ ਜਦ ਮੇਰੀਆਂ ਉਂਗਲਾਂ ਨੇ ਜਸਪ੍ਰੀਤ ਦੀਆਂ ਅੱਖਾਂ ਨੂੰ ਛੂਹਿਆ ਤਾਂ ਉਂਗਲਾਂ ਹੇਠ ਖੋਰੇ ਕਿਉਂ ਸਿੱਲ੍ਹ ਜਿਹੀ ਮਹਿਸੂਸ ਹੋਣ ਲੱਗੀ।

ਪਿੰਡ ਦੇ ਗੁਰਦੁਆਰੇ ਵਾਲੇ ਸਪੀਕਰ ’ਚੋਂ ਅਜੇ ਬਾਬਾ ਵੀ ਨਾ ਬੋਲਦਾ ਕਿ ਜਸਪ੍ਰੀਤ ਮੈਨੂੰ ਬਿਸਤਰੇ ’ਚੋਂ ਆਣ ਉਠਾਉਂਦਾ।ਨਹਾਉਣ ਪਿੱਛੋਂ ਅਸੀਂ ਕੁਝ ਘੰਟੇ ਪੜ੍ਹਨਾ ਤੇ ਇੰਨੇ ਨੂੰ ਜਸਪ੍ਰੀਤ ਦਾ ਬਾਪੂ ਸ਼ੇਰ ਸਿੰਘ ਸਾਨੂੰ ਸਕੂਲ ਛੱਡਣ ਲਈ ਸਾਈਕਲ ’ਤੇ ਲੈਣ ਆ ਜਾਂਦਾ।ਉਹਦੇ ਸਾਈਕਲ ਦੇ ਡੰਡੇ ਨਾਲ ਹਮੇਸ਼ਾਂ ਹੀ ਰੋਟੀਆਂ ਵਾਲਾ ਡੱਬਾ ਬੰਨਿਆਂ ਹੁੰਦਾ ਸੀ।ਟਾਕੀਆਂ ਲੱਗੇ ਪਜਾਮੇ ਅਤੇ ਘਸੇ ਜਿਹੇ ਕੁੜਤੇ ’ਚੋਂ ਸ਼ੇਰ ਸਿੰਘ ਦਾ ਹੱਡੀਆਂ ਦੀ ਮੁੱਠ ਹੋਇਆ ਸਰੀਰ ਸਾਫ਼ ਝਲਕਦਾ ਸੀ।ਸਾਨੂੰ ਦੋਹਾਂ ਨੂੰ ਸਕੂਲ ਉਤਾਰ ਕੇ ਉਹ ਸਕੂਲ ਦੇ ਸਾਹਮਣੇ ਬਰੋਟੇ ਹੇਠ ਬਣੇ ਥੜ੍ਹੇ ’ਤੇ ਬਹਿ ਜਾਂਦਾ ਅਤੇ ਸਭ ਮਜ਼ਦੂਰਾਂ ਵਾਂਗ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪੈਂਦਾ।ਸਕੂਲੋਂ ਜਦ ਛੁੱਟੀ ਹੁੰਦੀ ਤਾਂ ਕਈ ਵਾਰ ਸ਼ੇਰ ਸਿੰਘ ਉੱਥੇ ਨਾ ਹੁੰਦਾ ਅਤੇ ਕਈ ਵਾਰ ਉੱਥੇ ਹੀ ਖੜਾ ਸਵੇਰ ਵਾਂਗ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੁੰਦਾ।ਉਹਨਾਂ ਨੂੰ ਉੱਥੇ ਖੜਾ ਦੇਖ ਅਸੀਂ ਸਮਝ ਤਾਂ ਜਾਂਦੇ ਹੀ ਸੀ ਕਿ ਅੱਜ ਕਿਸੇ ਨੇ ਉਨ੍ਹਾਂ ਦੀ ਕੰਮ ਲਈ ਚੋਣ ਨਹੀਂ ਕੀਤੀ, ਪਰ ਪੁੱਛਣ ’ਤੇ ਉਹ ਆਪਣੀ ਗੱਲ ਨੂੰ ਗੋਲਮੋਲ ਜਿਹੀ ਕਰ ਦਿੰਦਾ ।ਅਗਲੇ ਦਿਨ ਜਦ ਜਸਪ੍ਰੀਤ ਘਰ ਆਉਂਦਾ ਤਾਂ ਉਹ ਬੜੇ ਯਕੀਨ ਨਾਲ ਆਖਦਾ ਕਿ ਮੈ ਨੌਕਰੀ ਲੱਗ ਕੇ ਬਾਪੂ ਨੂੰ ਇੱਕ ਦਿਨ ਵੀ ਇਸ ਬੰਦਿਆਂ ਦੀ ਮੰਡੀ ’ਚ ਨਹੀਂ ਜਾਣ ਦੇਣਾ, ਜਿੱਥੇ ਬੰਦੇ ਨੂੰ ਕੰਮ ਲਈ ਡੰਗਰਾਂ ਵਾਂਗ ਚੁਣਿਆ ਜਾਂਦਾ ਹੈ।ਚੁੱਲ੍ਹੇ ’ਤੇ ਮਾਂ ਦੇ ਹੱਥ ਨਿੱਤ ਸੜਦੇ ਨੇ, ਮੈਂ ਗੈਸ ਲੈਕੇ ਦਵਾਂਗਾ।ਭੈਣ ਨੂੰ ਮੈਂ ਚੰਗੇ ਸਕੂਲੇ ਪੜ੍ਹਾਕੇ ਡਾਕਟਰ ਬਣਾਵਾਗਾ ।ਮੈਨੂੰ ਯਕੀਨ ਸੀ ਕਿ ਜਸਪ੍ਰੀਤ ਦੀ ਮਿਹਨਤ ਉਹਦੇ ਇਨ੍ਹਾਂ ਸਭ ਸੁਫਨਿਆਂ ਨੂੰ ਹਕੀਕਤ ਦਿਆਂ ਰੰਗਾਂ ਨਾਲ ਰੰਗ ਦੇਵੇਗੀ।ਜਸਪ੍ਰੀਤ ਕਲਾਸ ਦਾ ਇੰਨਾ ਹੋਣਹਾਰ ਵਿਦਿਆਰਥੀ ਸੀ ਜਿਸ ਨੂੰ ਪੰਜਾਬੀ ਮਾਸਟਰ ਮੇਲਾ ਰਾਮ ਦੀਆਂ ‘ਚੁੰਡੀਆਂ’ ਦਾ ਪ੍ਰਸ਼ਾਦ ਇੱਕ ਦਿਨ ਵੀ ਖਾਣ ਨੂੰ ਨਸੀਬ ਨਾ ਹੋਇਆ ।ਉਹਨੇ ਹਮੇਸ਼ਾਂ ਕਲਾਸ ’ਚ ਪਹਿਲੇ ਨੰਬਰ ਤੇ ਆਉਣਾ।ਉਹਦੇ ਕੋਲ ਇੰਨੇ ਸਰਟੀਫਿਕੇਟ, ਸਨਮਾਨ-ਚਿੰਨ੍ਹ ਅਤੇ ਮੈਡਲ ਸਨ ਜਿਨ੍ਹਾਂ ਨੂੰ ਦੇਖ ਉਹਦੇ ਘਰ ਦੀ ਥਾਂ ਸੌੜੀ ਮਹਿਸੂਸ ਹੁੰਦੀ ਸੀ।

ਕੁਝ ਮਹੀਨੇ ਪਹਿਲਾਂ ਲੁਧਿਆਣਾ ਵਿਖੇ ਕਿਸੇ ਯੂਨੀਵਰਸਿਟੀ ’ਚ ਕੋਈ ਅਫ਼ਸਰ ਦੀ ਅਸਾਮੀ ਬਾਬਤ ਜਸਪ੍ਰੀਤ ਨੂੰ ਇੰਟਰਵਿਊ-ਪੱਤਰ ਆਇਆ।ਕਿੰਨਾ ਖ਼ੁਸ਼ ਸੀ ਜਸਪ੍ਰੀਤ ਜਿਵੇਂ ਉਹਦੇ ਹੱਥ ਸੁਫ਼ਨਿਆਂ ਦੇ ਦਰਵਾਜ਼ੇ ਦੀ ਕੋਈ ਚਾਬੀ ਲੱਗ ਗਈ ਹੋਵੇ।ਇਤਫ਼ਾਕ ਨਾਲ ਅਸਾਮੀ ਦੀ ਯੋਗਤਾ ’ਚ ਜਸਪ੍ਰੀਤ ਦੇ ਉਹਨਾਂ ਸਰਟੀਫਿਕੇਟਾਂ, ਮੈਡਲਾਂ ਅਤੇ ਸਨਮਾਨ-ਚਿੰਨ੍ਹਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਸੀ ਜਿਨ੍ਹਾਂ ਨੂੰ ਤੱਕ ਕੇ ਉਹਦੇ ਘਰ ਦੀ ਥਾਂ ਸੌੜੀ ਪ੍ਰਤੀਤ ਹੁੰਦੀ ਸੀ।ਅਗਲੇ ਦਿਨ ਅਸੀਂ ਸਰਟੀਫਿਕੇਟਾਂ ਅਤੇ ਮੈਡਲਾਂ ਸਮੇਤ ਇੰਟਰਵਿਊ ਲਈ ਲੁਧਿਆਣਾ ਵੱਲ ਨੂੰ ਰਵਾਨਾ ਹੋ ਗਏ।ਸਾਰੇ ਰਾਹ ਜਸਪ੍ਰੀਤ ਆਪਣੇ ਮਾਂ-ਬਾਪ ਅਤੇ ਭੈਣ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਕਰਦਾ ਰਿਹਾ।ਸਵੇਰੇ ਨੌਂ ਵਜੇ ਦੇ ਕਰੀਬ ਅਸੀਂ ਯੂਨੀਵਰਸਿਟੀ ਜਾ ਪਹੁੰਚੇ।ਹੌਲ਼ੀ-ਹੌਲ਼ੀ ਉਮੀਦਵਾਰਾਂ ਦੀ ਭੀੜ ਵੱਧ ਗਈ।ਕੋਈ ਪੀ|ਐਚਡੀ| ਡਾਕਟਰ, ਵਕੀਲ, ਰਿਟਾਇਰ ਫੌਜੀ, ਗਾਇਕ ਅਤੇ ਖਿਡਾਰੀ ਗੱਲ ਕੀ ਹਰ ਤਰ੍ਹਾਂ ਦਾ ਉਮੀਦਵਾਰ ਬੀ|ਏ| ਆਧਾਰਿਤ ਵਿੱਦਿਅਕ ਯੋਗਤਾ ਵਾਲੀ ਇਸ ਅਸਾਮੀ ਨੂੰ ਪਾਉਣ ਲਈ ਪੁੱਜਿਆ ਸੀ।ਕਿਸੇ ਅਦਾਲਤ ਦੇ ਸੰਤਰੀ ਵਾਂਗੂੰ ਇੱਕ ਬੰਦਾ ਕਾਗ਼ਜ਼ ਉਤੋਂ ਨਾਮ ਪੜ੍ਹ ਕੇ ਘੰਟੇ ਪਿੱਛੋਂ ਬਾਹਰ ਬੈਠੇ ਕੁਝ ਉਮੀਦਵਾਰਾਂ ਨੂੰ ਉੱਚੀ ਆਵਾਜ਼ ਦੇਕੇ ਬੁਲਾਉਂਦਾ ਅਤੇ ਫਿਰ ਘੰਟੇ ਲਈ ਅੰਦਰ ਚਲਿਆ ਜਾਂਦਾ।ਜਿਹੜੇ ਉਮੀਦ ਨਾਲ ਖਿੜੇ ਹੋਏ ਚਿਹਰੇ ਸਵੇਰੇ ਇੰਟਰਵਿਊ ਦੇਣ ਲਈ ਆਏ ਸਨ, ਉਹ ਭੁੱਖ ਨਾਲ ਹੌਲ਼ੀ-ਹੌਲ਼ੀ ਕੁਮਲਾਉਂਦੇ ਜਾ ਰਹੇ ਸਨ ।‘ਕਿੱਧਰੇ ਸੰਤਰੀ ਦਾ ਬੁਲਾਵਾ ਹੀ ਨਾ ਆ ਜਾਵੇ’ ਇਹ ਖ਼ਿਆਲ ਕੁਰਸੀ ਵੀ ਨਹੀਂ ਸੀ ਛੱਡਣ ਦੇ ਰਿਹਾ।ਭੁੱਖ ਨਾਲ ਕੁਮਲਾਏ ਚਿਹਰਿਆਂ ਦੇ ਦਿਮਾਗ਼ ਇੱਕ ਦਮ ਸੁੰਨ ਹੋ ਗਏ ਜਦ ਗ਼ੁੱਸੇ ’ਚ ਲਾਲ ਪੀਲ਼ਾ ਹੋਇਆ ਇੱਕ ਉਮੀਦਵਾਰ ਇਹ ਰੌਲ਼ਾ ਪਾਉਂਦਾ ਅੰਦਰੋਂ ਬਾਹਰ ਨਿਕਲਿਆ ਕਿ ਇਨ੍ਹਾਂ ਨੇ ਇਸ ਅਸਾਮੀ ਲਈ ਕਿਸੇ ਮੰਤਰੀ ਦੇ ਖ਼ਾਸ ਬੰਦੇ ਦੀ ਚੋਣ ਪਹਿਲੋਂ ਹੀ ਕੀਤੀ ਹੋਈ ਹੈ, ਇਹ ਆਪਾਂ ਨੂੰ ਮੂਰਖ ਬਣਾ ਰਹੇ ਨੇ, ਜੇਕਰ ਤੁਸੀਂ ਮੂਰਖ ਬਣਨਾ ਹੈ ਤਾਂ ਇੱਥੇ ਹੀ ਬੈਠੇ ਰਹੋ ਤੇ ਜੇ ਨੌਕਰੀ ਲੈਣੀ ਹੈ ਤਾਂ ਕੋਈ ਵੱਡੀ ਸਿਫ਼ਾਰਸ਼ ਲੱਭੋ।ਜਸਪ੍ਰੀਤ ਦਾ ਉਤਰਦਾ ਹੋਇਆ ਚਿਹਰਾ ਦੇਖ ਮੈਂ ਉਹਨੂੰ ਹੌਂਸਲਾ ਦੇਣ ਲਈ ਇਹ ਆਖ ਦਿੱਤਾ ਕਿ ਕੋਈ ਨਾ ਆਪਣੀ ਸਿਫ਼ਾਰਸ਼ ਵਾਹਿਗੁਰੂ ਕਰੇਗਾ।ਘੜੀ ਦੀਆਂ ਸੂਈਆਂ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਸਨ ‘ਸੰਤਰੀ’ ਦੇ ਆਉਣ ਦੀ ਰਫ਼ਤਾਰ ਓਨੀ ਹੀ ਹੌਲ਼ੀ ਹੁੰਦੀ ਜਾ ਰਹੀ ਸੀ।ਤਕਰੀਬਨ ਰਾਤ ਦੇ ਸਾਢੇ ਸੱਤ ਵਜੇ ਸੌਂਫ ਦੇ ਫੱਕੇ ਮਾਰਦਾ ਹੋਇਆ ਕਮੇਟੀ ਦਾ ਇੱਕ ਮੈਂਬਰ ਬੋਰਡ ’ਤੇ ਕਾਗ਼ਜ਼ ਜਿਹਾ ਚਿਪਕਾ ਗਿਆ, ਜਿਹਦੇ ’ਤੇ ਵੱਡੇ ਵੱਡੇ ਅੱਖਰਾਂ ’ਚ ਲਿਖਿਆ ਹੋਇਆ ਸੀ ‘ਅਯੋਗ ਉਮੀਦਵਾਰਾਂ ਦੇ ਨਾਮ’।ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦ ਪਹਿਲੇ ਨੰਬਰ ’ਤੇ ਮੈਂ ‘ਜਸਪ੍ਰੀਤ ਸਿੰਘ’ ਲਿਖਿਆ ਪੜਿ੍ਹਆ।ਉਮੀਦਵਾਰਾਂ ਦੇ ਰੌਲ਼ੇ ’ਚੋਂ ਲੰਘਦਿਆਂ ਜਦ ਅਸੀਂ ਕਮੇਟੀ ਦੇ ਮੈਂਬਰਾਂ ਕੋਲ ਬੇਨਤੀ ਕਰਨ ਲੱਗੇ ਤਾਂ ਉਨ੍ਹਾਂ ਜਸਪ੍ਰੀਤ ਦੇ ਸਰਟੀਫਿਕੇਟਾਂ ਅਤੇ ਮੈਡਲਾਂ ’ਤੇ ਸਵਾਲੀਆਂ ਨਿਸ਼ਾਨ ਲਗਾਉਂਦਿਆਂ ਸਾਨੂੰ ਯੂਨੀਵਰਸਿਟੀ ਦੇ ਬਾਹਰਲੇ ਗੇਟ ਦਾ ਰਾਹ ਦਿਖਾ ਦਿੱਤਾ।

ਦੋ ਮਾਯੂਸ ਸੂਰਤਾਂ ਲੈਕੇ ਜਦ ਅੰਦਰਲੀ ਰੌਸ਼ਨੀ ’ਚੋਂ ਅਸੀਂ ਬਾਹਰ ਵੱਲ ਨੂੰ ਨਿਕਲੇ ਤਾਂ ਬਾਹਰ ਹਨੇਰਾ ਹੀ ਹਨੇਰਾ ਸੀ।ਚੰਨ ਦੀ ਤੇਜ਼ ਰੌਸ਼ਨੀ ਨੂੰ ਜਿਵੇਂ ਅੱਜ ਬੱਦਲਾਂ ਨੇ ਖਾ ਲਿਆ ਸੀ।ਆਟੋ ਰਿਕਸ਼ਾ ’ਚ ਅਸੀਂ ਦੋਵੇਂ ਬੈਠੇ ਲੁਧਿਆਣਾ ਦੇ ਬੱਸ-ਅੱਡੇ ਵੱਲ ਨੂੰ ਵੱਧੇ ਜਾ ਰਹੇ ਸਾਂ।ਜਸਪ੍ਰੀਤ ਦੀ ਖ਼ਾਮੋਸ਼ੀ ਮੋਬਾਈਲ ਦੀ ਘੰਟੀ ਵਜਦਿਆਂ ਇੱਕ ਦਮ ਟੁੱਟੀ ।‘ਕੀ ਬਣਿਆ ਵੀਰਾ?” ਭੈਣ, ਅੱਜ ‘ਵਾਹਿਗੁਰੂ ਦੀ ਸਿਫ਼ਾਰਸ਼’ ਵੀ ਨਹੀਂ ਚੱਲੀ।’ ਇੰਨਾ ਆਖ ਕੇ ਜਸਪ੍ਰੀਤ ਨੇ ਫੋਨ ਕੱਟ ਦਿੱਤਾ।ਮੇਰੀਆਂ ਅੱਖਾਂ ਸਾਹਮਣੇ ਉਹਦੀਆਂ ਅੱਖਾਂ ’ਚੋਂ ਬੂੰਦ-ਬੂੰਦ ਕਰਕੇ ਹੰਝੂ ਕਿਰੀ ਜਾ ਰਹੇ ਸਨ।

ਆਟੋ ਰਿਕਸ਼ਾ ’ਚ ਲੱਗੀ ਬਾਬਾ ਨਾਨਕ ਜੀ ਦੀ ਫੋਟੋ ਅਜੇ ਵੀ ਮੁਸਕੁਰਾ ਰਹੀ ਸੀ !

ਸੰਪਰਕ: +91 98884 13836

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ