Fri, 19 April 2024
Your Visitor Number :-   6985332
SuhisaverSuhisaver Suhisaver

ਇਨਸਾਨੀ ਗੰਦ ਹੂੰਝਣ ਦੇ ਇਵਜ਼ ਵਿੱਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ

Posted on:- 08-03-2019

suhisaver

ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼


(ਅਨੁਵਾਦ-ਅਮਨਦੀਪ ਹਾਂਸ)

ਆਪਣੀ ਰਾਮ ਕਹਾਣੀ ਦੱਸੀ, ਦਿਲ ਪਰਚਾਏ ਲੋਕਾਂ ਦੇ
ਮੇਰੇ ਨਾਲੋਂ ਰਾਤ ਏ ਚੰਗੀ,  ਨਸੀਬ ਲੁਕਾਏ ਲੋਕਾਂ ਦੇ।
ਇੰਜ ਲਗਦਾ ਏ ਮੇਰੇ ਕੋਲੋਂ, ਗੱਲ ਕੋਈ ਸੱਚੀ ਹੋ ਗਈ ਏ,
ਤਾਹੀਓਂ  ਕਰਨ ਸਵਾਗਤ ਮੇਰਾ, ਪੱਥਰ ਆਏ ਲੋਕਾਂ ਦੇ..


ਬਾਬਾ ਨਜ਼ਮੀ ਸਾਹਿਬ ਨੇ ਸੱਚ ਕਿਹਾ ਹੈ ਕਿ ਸੱਚ ਕਹਿਣ ਵਾਲਿਆਂ ਨੂੰ ਪੱਥਰ ਖਾਣੇ ਪੈਂਦੇ ਨੇ.. ਸਾਨੂੰ ਮਨਜ਼ੂਰ ਨੇ...

ਸਵੱਛ ਭਾਰਤ ਦੀ ਅਸਲ ਤਸਵੀਰ ਦੇਖਣ ਲਈ ਆਓ ਮੁਲਕ ਦੀ ਰਾਜਧਾਨੀ ਤੋਂ ਮਹਿਜ 70 ਕਿਲੋਮੀਟਰ ਦੂਰ ਚੱਲੀਏ, ਨੱਕ ਮੂੰਹ ਵਲੇਟ ਲਿਓ.. ਪਰ ਦਿਲ ਦੀਆਂ ਅੱਖਾਂ ਖੁੱਲੀਆਂ ਰੱਖਿਓ ਤਾਂ ਜੋ ਪਤਾ ਲੱਗੇ ਕਿ ਵਿਸ਼ਵ ਦੀ ਸ਼ਕਤੀ ਬਣਨ ਵੱਲ ਵਧ ਰਹੇ ਭਾਰਤ ਚ ਅੱਜ ਵੀ ਇਨਸਾਨੀ ਗੰਦ ਸਿਰਾਂ ਤੇ ਚੁਕਣ ਵਾਲਿਆਂ ਨੂ ਮਿਹਨਤਾਨੇ ਵਜੋਂ ਮਹਿਜ ਦੋ ਬੇਹੀਆਂ ਰੋਟੀਆਂ ਮਿਲਦੀਆਂ ਨੇ..

ਮੁਲਕ ਦੇ ਮੌਜੂਦਾ ਹਾਕਮ ਨਰੇਂਦਰ ਮੋਦੀ ਨੇ ਹਾਲ ਹੀ ਚ ਯੂ ਪੀ ਦੇ ਪਰਯਾਗਰਾਜ ਚ ਸਫਾਈ ਕਾਮਿਆਂ ਦੇ ਪੈਰ ਧੋਤੇ ਸੀ, ਮੀਡੀਆ ਦਾ ਵੱਡਾ ਹਿਸਾ ਮੋਦੀ ਦੇ ਗੁਣਗਾਣ ਕਰਦਾ ਰਿਹਾ, ਤੇ ਕੁਝ ਲੋਕ ਇਸ ਨੂੰ ਮੋਦੀ ਦਾ ਸਿਆਸੀ ਡਰਾਮਾ ਕਰਾਰ ਦਿੰਦੇ ਰਹੇ, ਜਦੋਂ ਮੋਦੀ ਸਫਾਈ ਮੁਲਾਜ਼ਮਾਂ ਦੇ ਪੈਰ ਧੋ ਰਹੇ ਸਨ ਤਾਂ ਇਕ ਅਜਾ਼ਦ ਮੀਡੀਆ ਸੰਗਠਨ ਦੇ ਪੱਤਰਕਾਰਾਂ ਨੇ ਦਿੱਲੀ ਤੋਂ ਮਹਿਜ 70-80 ਕਿਲੋਮੀਟਰ ਦੂਰ ਅਜਿਹਾ ਇਲਾਕਾ ਲੱਭ ਲਿਆ, ਜੋ ਉਸ ਭਾਰਤ ਦਾ ਹਿੱਸਾ ਤਾਂ ਬਿਲਕੁਲ ਨਹੀਂ ਲਗਦਾ ਜੋ ਮੀਡੀਆ ਚ ਸਰਕਾਰੀ ਇਸ਼ਤਿਹਾਰਬਾਜ਼ੀ ਚ ਦਿਖਾਇਆ ਜਾਂਦਾ ਹੈ।

ਦਿੱਲੀ ਦੇ ਨਾਲ ਲੱਗਦੇ ਮੇਰਠ ਜ਼ਿਲੇ ਦੇ ਸ਼ਾਹਜਹਾਂਪੁਰ ਪਿੰਡ ਚ ਦੁਪਹਿਰ ਦੇ ਵਕਤ ਜਦੋਂ ਪਤਰਕਾਰ ਪੁੱਜੇ ਤਾਂ ਬਹੁਤੇ ਘਰਾਂ ਦੀਆਂ ਔਰਤਾਂ ਨੱਕ ਮੂੰਹ ਸੂਤੀ ਕੱਪੜੇ ਨਾਲ ਲਿਪੇਟੀ, ਇਕ ਹੱਥ ਚ ਬਹੁਕਰ, ਤੇ  ਗੰਦਾ ਜਿਹਾ ਤਸਲਾ ਤੇ ਦੂਜੇ ਹੱਥ ਚ ਰੋਟੀਆਂ, ਵਾਲਾ ਲਿਫਾਫਾ ਫੜੀ ਘਰਾਂ ਨੂੰ ਪਰਤਦੀਆਂ ਦਿਸੀਆਂ, ਘਰਾਂ ਚ ਕੁਝ ਬਜ਼ੁਰਗ ਤੇ ਬੱਚੇ ਇਸ ਲਿਫਾਫੇ ਦੀ ਉਡੀਕ ਚ ਸਨ।

ਰਮਾਇਣ ਦੇ ਰਚੇਤਾ ਵਾਲਮੀਕ ਦੇ ਨਾਮ ਵਾਲੇ ਭਾਈਚਾਰੇ ਦੀ ਪੰਜਾਹ ਸਾਲਾ ਮਿਥਲੇਸ਼ ਨਾਮ ਦੀ ਔਰਤ ਨੇ ਲਿਫਾਫਾ ਖੋਲਿਆ ਤੇ ਖਿਲਾਰ ਲਿਆ, ਉਹ ਬੇਹੀਆਂ ਰੋਟੀਆਂ ਵਿਚੋਂ  ਸਬਜ਼ੀ, ਚੌਲ ਤੇ ਪਾਸਤਾ ਵਖ ਵਖ ਕਰਨ ਲਗੀ ਤੇ ਕੋਲ ਬੱਚੇ ਲਲਚਾਈਆਂ ਨਜ਼ਰਾਂ ਨਾਲ ਬੇਹੇ ਪਾਸਤੇ  ਵੱਲ ਤੱਕਣ ਲੱਗੇ।

ਇਸ ਲਿਫਾਫੇ ਨੂੰ ਪਾਉਣ ਲਈ ਮਿਥਲੇਸ਼ ਨੇ ਦੱਸਿਆ ਕਿ ਉਸ ਨੂੰ ਸਵਰਨਾਂ ਦੇ ਭਾਵ ਉਚ ਜਾਤੀਆਂ ਦੇ ਘਰਾਂ ਚ ਬਣੀਆਂ ਬਿਨਾਂ ਖੂਹੀ ਵਾਲੀਆਂ ਟਾਇਲਟਸ ਦੀ ਸਫਾਈ ਕਰਨੀ ਪੈਂਦੀ ਹੈ, ਝਾਡ਼ੂ ਨਾਲ ਇਨਸਾਨੀ ਗੰਦ ਹੂੰਝ ਕੇ , ਘਰੋਂ ਲਿਜਾਏ ਗਏ ਤਸਲੇ, ਤਬਾਕਡ਼ੇ ਆਦਿ ਵਿਚ ਪਾ ਕੇ ਸਿਰ ਤੇ ਚੁਕ ਕੇ ਕਚਰਾ ਸੁਟਣ ਵਾਲੀ ਥਾਂ ਲਿਜਾ ਕੇ ਸੁਟਣਾ ਪੈਂਦਾ ਹੈ, ਬਦਲੇ ਚ ਸਵਰਨ ਪਰਿਵਾਰ ਉਹਨਾਂ ਨੂੰ ਦੋ ਰੋਟੀਆਂ ਦਿੰਦੇ ਹਨ, ਜੋ ਬੇਹੀਆਂ ਹੁਂਦੀਆਂ ਹਨ, ਕੁਝ ਪਰਿਵਾਰ ਵੱਡੇ ਦਾਨੀ ਨੇ ਜੋ ਦਿਨ ਰਾਤ ਦੀ ਬਚੀ ਜੂਠੀ ਸਬਜ਼ੀ ਦਾਲ ਆਦਿ ਵੀ ਵਿਚੇ ਹੀ ਪਾ ਦਿੰਦੇ ਨੇ, ਜੋ ਘਰ ਆ ਕੇ ਇਹਨਾਂ ਕਿਰਤੀ ਔਰਤਾਂ ਨੂ ਵਖਰੀ ਕਰਨੀ ਪੈਂਦੀ ਹੈ, ਤਾਂ ਜੋ ਬੱਚੇ ਤੇ ਘਰ ਦੇ ਜੀਅ ਆਪੋ ਆਪਣੀ ਪਸੰਦ ਦੀ ਚੀਜ਼ ਖਾ ਸਕਣ।

ਮਿਥਲੇਸ਼ ਦੀ ਉਮਰ ਵਧ ਰਹੀ ਹੈ, ਹੁਣ ਉਹ ਬਹੁਤਾ ਕੰਮ ਨਹੀਂ ਕਰ ਸਕਦੀ ਤਾਂ, ਉਸ ਦੀ ਨੂੰਹ ਪੂਨਮ ਇਹ ਕੰਮ ਨਾਲ ਕਰਨ ਲੱਗੀ ਹੈ, ੧੨ ਜਮਾਤਾਂ ਪਾਸ ਪੂਨਮ ਪੱਤਰਕਾਰਾਂ ਕੋਲ ਦਿਲ ਖੋਲ ਕੇ ਰੋਈ, ਉਹ ਪਡ਼ਨਾ ਚਾਹੁੰਦੀ ਸੀ, ਇਜ਼ੱਤਦਾਰ ਕੰਮ ਕਰਨਾ ਚਾਹੁੰਦੀ ਸੀ, ਉਸ ਨੇ ਕਿਹਾ -ਮੇਰੇ ਮਾਪੇ ਬੇਹੱਦ ਗਰੀਬ ਨੇ, ਹੋਰ ਨਹੀਂ ਸੀ ਪਡ਼ਾਅ ਸਕਦੇ, ਮੇਰਾ ਵਿਆਹ ਕਰ ਦਿੱਤਾ, ਸਹੁਰੇ ਘਰ ਆ ਕੇ ਹੋਰ ਕੋਈ ਕੰਮ ਦਾ ਰਾਹ ਹੀ ਨਹੀਂ, ਇਹੀ ਗੰਦਾ ਕੰਮ ਕਰਨਾ ਪੈ ਰਿਹਾ ਹੈ,  ਉਹ ਆਖਦੀ ਹੈ ਕਿ ਮੈਂ ਜਦੋਂ ਗੰਦ ਸਾਫ ਕਰਕੇ ਘਰੇ ਆਉਂਦੀ ਹਾਂ ਤਾਂ ਮੇਰਾ ਮਨ ਪੂਰੀ ਤਰਾਂ ਕਚਿਆਣ ਨਾਲ ਭਰਿਆ ਹੁੰਦਾ ਹੈ, ਦੋ ਤਿੰਨ ਘੰਟੇ ਤਾਂ ਮੈਂ ਆਪਣੇ ਅੰਦਰ ਤੱਕ ਭਰ ਗਈ ਗੰਦ ਦੀ ਬੋਅ ਨੂੰ ਭੁਲਣ ਦੀ ਕੋਸ਼ਿਸ਼ ਚ ਪਈ ਰਹਿੰਦੀ ਹਾਂ, ਬਿਨਾ ਦਸਤਾਨਿਆਂ ਤੋਂ ਸਫਾਈ ਕਰਿਦਆਂ ਕਈ ਵਾਰ ਗੰਦ ਹੱਥਾਂ ਨੂੰ ਲੱਗ ਜਾਂਦਾ ਹੈ, ਮੀਂਹ ਕਣੀ ਚ ਛਿੱਟੇ ਮੂੰਹ ਸਿਰ ਤੇ ਪੈ ਜਾਂਦੇ ਨੇ, ਫੇਰ   ਉਲਟੀਆਂ ਆਉਂਦੀਆਂ ਨੇ, ਕੁਝ ਖਾਣ ਪੀਣ ਨੂੰ ਜੀਅ ਨਹੀਂ ਕਰਦਾ। ੩੦ ਸਾਲ ਦੀ ਪੂਨਮ ਪਿਛਲੇ ੧੦ ਸਾਲਾਂ ਤੋਂ ਸੱਸ ਦੇ ਨਾਲ ਇਹ ਕੰਮ ਕਰਨ ਜਾਂਦੀ ਹੈ,

 ਪੂਨਮ ਆਖਦੀ ਹੈ ਕਿ ਹਰ ਦਿਨ ਜਦ ਸੂਰਜ ਚਡ਼ਦਾ ਹੈ, ਬਾਕੀ ਲੋਕਾਂ ਲਈ ਰੌਸ਼ਨੀ ਲੈ ਕੇ ਆਉਂਦਾ ਹੈ, ਪਰ ਸਾਡੇ ਲਈ ਜ਼ਲਾਲਤ ਦਾ ਵਕਤ ਸ਼ੁਰੂ ਹੋ ਜਾਂਦਾ ਹੈ। ਪਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਵੀ ਇਹ ਕਚਿਆਣ ਭਰਿਆ ਕੰਮ ਕਰਨ।

ਅਸੀਂ ਸਿਰਫ ਦੋ ਰੋਟੀਆਂ ਲਈ ਗੰਦ ਚੁਕਦੇ ਹਾਂ, ਤੇ ਜੇ ਕਿਤੇ ਰੋਟੀ ਫਡ਼ਨ ਲਗਿਆਂ ਸਾਡਾ ਹੱਥ ਸਵਰਨ ਮਹਿਲਾ ਦੇ ਹੱਥ ਨੂ ਜਾਂ ਭਾਂਡੇ ਨੂੰ ਗਲਤੀ ਨਾਲ ਲੱਗ ਜਾਏ ਤਾਂ ਸਾਡਾ ਖਹਿਡ਼ਾ ਛੁਡਵਾਉਣਾ ਔਖਾ ਹੋ ਜਾਂਦਾ ਹੈ, ਜਿਵੇਂ ਅਸੀਂ ਇਨਸਾਨ ਹੀ ਨਾ ਹੋਈਏ,,  ਉਹ ਗੰਦੀਆਂ ਗਾਲਾਂ ਕੱਢਦੀਆਂ ਨੇ, ਪਰ ਸਾਨੂੰ ਚੁਪ ਕਰਕੇ ਬੇਇਜ਼ਤੀ ਕਰਾਉਣੀ ਪੈਂਦੀ ਹੈ, ਨਹੀਂ ਤਾਂ ਉਹ ਸਾਡਾ ਕੰਮ ਖੋਹ ਕੇ ਕਿਸੇ ਹੋਰ ਨੂੰ ਦੇ ਦੇਣਗੀਆਂ, ਸਾਡੀ ਰੋਟੀ ਦਾ ਮਸਲਾ ਹੈ।  ਪੂਨਮ ਤੇ ਉਹਦੀ ਸੱਸ ਕੋਲ ੨੦ ਠਿਕਾਣੇ ਹਨ, ਜਿਹਨਾਂ ਘਰਾਂ ਚ  ਉਹ ਗੰਦ ਚੁਕਦੀਆਂ ਨੇ, ਇਹਨਾਂ ਨੂੰ ਠਿਕਾਣਾ ਕਿਹਾ ਜਾਂਦਾ ਹੈ।

ਸੱਠ ਸਾਲਾ ਕਰਾਂਤੀ ਨਾਮ ਦੀ ਮਹਿਲਾ ਨੇ ਦਸਿਆ ਕਿ ਉਹ ਚਾਲੀ ਸਾਲਾਂ ਤੋਂ ਮੈਲਾ ਚੁਕਦੀ ਆ ਰਹੀ ਹੈ, ਚਾਲੀ ਸਾਲਾਂ ਤੋਂ ਰੋਜ਼ਾਨਾ ਇਕ ਰੋਟੀ ਹੀ ਮਿਲਦੀ ਰਹੀ ਹੈ, ਪਰ ਹੁਣ ਕੁਝ ਚਿਰ ਤੋਂ ਸਾਲ ਵਿਚ ੧੫-੨੦ ਕਿਲੋ ਕਣਕ ਜਾਂ ਚੌਲ ਮਿਲਦੇ ਨੇ। ਪਿੰਡ ਦੇ ਆਲੇ ਦੁਆਲੇ ਦੇ ਹੋਰ ਵੀ ਕਈ ਪਿੰਡਾਂ ਚ ਔਰਤਾਂ ਇਹ ਗੰਦਾ ਮੈਲਾ ਕੰਮ ਕਰਦੀਆਂ ਨੇ।

ਯੂ ਪੀ ਵਾਂਗ ਹਰਿਆਣਾ ਵਿਚ ਵੀ ਹਜ਼ਾਰਾਂ ਔਰਤਾਂ ਸਿਰਾਂ ਤੇ ਇਨਸਾਨੀ ਗੰਦ ਚੁਕਦੀਆਂ ਨੇ, ਇਥੇ ਵੀ ਕੁਝ ਪਰਿਵਾਰ ਮੈਲਾ ਚੁਕਣ ਵਾਲੀਆਂ ਨੂੰ ਦੋ ਰੋਟੀਆਂ ਤੇ ਕੁਝ ਲੋਕ ਰੋਟੀ ਦੀ ਥਾਂ ੩੦ ਰੁਪਏ ਮਹੀਨੇ ਦੇ ਦਿੰਦੇ ਨੇ। ਕਈ ਵੱਡੇ ਪਰਿਵਾਰ ਨੇ ਜੋ ਪੰਜਾਹ ਰੁਪਏ ਵੀ ਦੇ ਦਿੰਦੇ ਨੇ।

ਦੇਸ਼ ਚ ਵਾਲਮੀਕ ਭਾਈਚਾਰਾ ਦੀ ਸਫਾਈ ਦਾ ਕੰਮ ਕਰਦਾ ਹੈ,  ਸਫਾਈ ਕਾਮਿਆਂ ਦੀ ਹਾਲਤ ਸੁਧਾਰਨ ਲਈ ਕਈ ਅੰਦੋਲਨ ਹੋਏ, ਸਾਡੇ ਤਾਂ ਪਰਧਾਨ ਮਂਤਰੀ ਜੀ ਨੇ ਪੈਰ ਵੀ ਧੋਤੇ ਪਰ ਫੇਰ ਵੀ ਇਹਨਾਂ ਦੀ ਹਾਲਤ ਚ ਕੋਈ ਬਦਲਾਅ ਨਹੀਂ ਆਇਆ। ਦੇਸ਼ ਚ ਸਿਰਾਂ ਤੇ ਇਨਸਾਨੀ ਗੰਦਗੀ ਢੋਹਣਾ ਕਨੂਨਨ ਬੰਦ ਹੋ ਚੁਕਿਆ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਦੋ ਰੋਟੀਆਂ ਬਦਲੇ ਸਿਰਾਂ ਤੇ ਇਨਸਾਨੀ ਗੰਦ ਚੁਕਣ ਵਾਲੇ ਲੋਕਾਂ ਨੂੰ ਹੋਰ ਕਿੱਤੇ ਚ ਲਾਉਣ ਲਈ , ਭਾਵ ਮੁਡ਼ ਵਸੇਬੇ ਲਈ

2013 ਚ ਐਕਟ ਪਾਸ ਕੀਤਾ ਗਿਆ ਸੀ, ਪਰ ਬਾਤੇਂ ਹੈਂ ਬਾਤੋ ਕਾ ਕਯਾ.. ਕੁਝ ਵੀ ਨਹੀਂ ਹੋਇਆ, ਸਗੋਂ ਹਰ ਸਾਲ ਸਿਰਾਂ ਤੇ ਮੈਲਾ ਢੋਣ ਵਾਲਿਆਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ।  ਜੂਨ 2018 ਵਿਚ ਇੰਟਰ ਮਿਨਿਸਟਰੀਅਲ ਟਾਸਕ ਫੋਰਸ ਨੇ ਸਿਰਾਂ ਤੇ ਇਨਸਾਨੀ ਗੰਦ ਚੁਕਣ ਵਾਲਿਆਂ ਦੀ ਗਿਣਤੀ ਕਰਕੇ ਰਿਪੋਰਟ ਦਿੱਤੀ ਸੀ ਕਿ ਦੇਸ਼ ਦੇ ੧੨ ਸੂਬਿਆਂ ਚ 53,236 ਲੋਕ ਮੈਲਾ ਢੋਂਹਦੇ ਨੇ।  ਯੂ ਪੀ ਜਿਥੇ ਰਾਮ ਲੱਲਾ ਦਾ ਮੰਦਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਓਸ  ਨਗਰੀ ਚ 28000 ਔਰਤਾਂ ਦੋ ਰੋਟੀਆਂ ਜਾਂ ਮਹੀਨੇ ਦੇ ਤੀਹ ਰੁਪਏ ਬਦਲੇ ਇਨਸਾਨੀ ਗੰਦ ਸਿਰਾਂ ਤੇ ਢੋਂਹਦੀਆਂ ਨੇ, ਮੈਲਾ ਢੋਣ ਵਾਲੀਆਂ ਔਰਤਾਂ ਦੇ ਪਤੀ, ਪੁੱਤ ਤੇ ਭਰਾ ਹੀ ਸੀਵਰੇਜ ਸਾਫ ਕਰਦੇ ਨੇ, ਬਿਨਾ ਕਿਸੇ ਸੁਰਖਿਆ ਯੰਤਰ ਦੇ, ਇਕੱਲਾ ਕੱਛਾ ਬੁਨੈਣ ਪਾ ਕੇ ਹੀ ਸੀਵਰੇਜ ਚ ਜਾ ਉਤਰਦੇ ਨੇ।

ਸ਼ਾਇਦ ਅੱਜ ਦਾ ਰਾਮ ਰਾਜ ਇਹੀ ਹੈ...

ਇਕ ਆਰ ਟੀ ਆਈ ਚ ਪਤਾ ਲੱਗਿਆ  ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 22 ਸਤੰਬਰ 2017 ਤੱਕ ਮੈਲਾ ਢੋਣ ਵਾਲਿਆਂ ਦੇ ਮੁ਼ਡ਼ ਵਸੇਬੇ ਲਈ ਕੋਈ ਗਰਾਂਟ ਜਾਰੀ ਨਹੀਂ ਕੀਤੀ, ਆਖਰੀ ਵਾਰ ਸਾਲ ੨੦੧੩-੧੪ ਵਿਚ ਡਾ ਮਨਮੋਹਨ ਸਰਕਾਰ ਵੇਲੇ 55 ਕਰੋਡ਼ ਰੁਪਏ ਜਾਰੀ ਹੋਏ ਸਨ ਜਿਹਨਾਂ ਵਿਚੋਂ 24 ਕਰੋਡ਼ ਰੁਪਏ ਹਾਲੇ ਤੱਕ ਖਰਚ ਨਹੀਂ ਕੀਤੇ ਗਏ। ਤੇ ਸਰਕਾਰਾਂ ਦੀ ਨੀਅਤ ਤਾਂ ਇਸੇ ਤੋਂ ਸਾਫ ਹੋ ਜਾਂਦੀ ਹੈ।

ਆਖਰ ਕੀ ਮਜਬੂਰੀ ਹੈ ਕਿ ਵਾਲਮੀਕ ਭਾਈਚਾਰੇ ਦੇ ਗਰੀਬ ਲੋਕ ਇਹ ਕਿੱਤਾ ਆਪ ਹੀ ਕਿਉਂ ਨਹੀਂ ਛੱਡਦੇ? ਇਹ ਸਵਾਲ ਵੀ ਜਾਗਦੇ ਸਿਰਾਂ ਚ ਉਸਲਵੱਟੇ ਲੈਂਦਾ ਹੈ, ਤਾਂ ਜੁਆਬ ਹੈ ਕਿ ਉਹ ਗਰੀਬ ਲੋਕ ਨੇ, ਉਚ ਜਾਤੀਆਂ ਵਾਲੇ ਉਹਨਾਂ ਦਾ ਬਾਈਕਾਟ ਕਰ ਦੇਣਗੇ, ਨਾਲ ਦੇ ਲੋਕ ਵੀ ਦਬਾਅ ਚ ਆ ਕੇ ਸਾਥ ਛੱਡ ਦੇਣਗੇ, ਜੇ ਕਿਸੇ ਨੇ ਅਜਿਹਾ ਕਰਨ ਦੀ ਹਿਮਾਕਤ ਕੀਤੀ ਵੀ ਹੈ ਤਾਂ ਉਸ ਨਾਲ ਕੁਟਮਾਰ ਵੀ ਹੋਈ ਹੈ। ਜਾਤੀਸੂਚਕ ਗਾਲਾਂ ਕਢਣੀਆਂ ਤਾਂ ਆਮ ਗੱਲ ਹੈ।

ਜੇ ਉਹ ਉਹਨਾਂ ਦੇ ਘਰੋਂ ਗੰਦ ਸਾਫ ਕਰਨਾ ਬੰਦ ਕਰ ਦੇਣ, ਫੇਰ ਉਹਨਾਂ ਗਰੀਬਾਂ ਦੇ ਪਸ਼ੂਆਂ ਲਈ ਚਾਰਾ ਕੀਹਦੀਆਂ ਵੱਟਾਂ ਤੋਂ ਆਊ.. ਜੇ ਕੋਈ ਬਿਮਾਰ ਪੈ ਜਾਊ ਤਾਂ ਕੀਹਦੀ ਗੱਡੀ ਚ ਸ਼ਹਿਰ ਲੈ ਕੇ ਜਾਣਗੇ। ਲੋਡ਼ ਪੈਣ ਤੇ ਕਰਜ਼ ਕੌਣ ਦੇਊ

ਸਿਰਾਂ ਤੇ ਮੈਲਾ ਢੋਣ ਵਾਲੇ ਆਖਦੇ ਨੇ ਕਿ ਸਾਡੀ ਵਸੋਂ ਵਧ ਗਈ, ਸਾਡਾ ਤਾਂ ਕੰਮ ਪਹਿਲਾਂ ਹੀ ਵੰਡੇ ਜਾਣ ਕਰਕੇ ਘਟ ਗਿਆ, ਸਾਡੀ ਤਾਂ ਰੋਟੀ ਇਸ ਗੰਦ ਚੋਂ ਨਿਕਲਦੀ ਹੈ। ਸਾਡੇ ਲੋਕ ਜੋ ਪਡ਼ ਲਿਖ ਗਏ, ਸਰਕਾਰੀ ਨੌਕਰੀ ਤਾਂ ਕਿਸੇ ਨੂੰ ਮਿਲਦੀ ਨਹੀਂ, ਪਰਾਈਵੇਟ ਵਾਲੇ ਸਾਡੀ ਜਾਤੀ ਦੇ ਲੋਕਾਂ ਨੂੰ ਨੌਕਰੀ ਤੇ ਰੱਖਦੇ ਨਹੀਂ। ਜੇ ਕੋਈ ਰੱਖ ਲਵੇ ਤਾਂ ਬਾਕੀ ਮੁਲਾਜਮ਼ ਵਿਰੋਧ ਕਰਕੇ , ਜ਼ਲੀਲ ਕਰਕੇ ਨੌਕਰੀ ਛੱਡਣ ਲਈ ਮਜਬੂਰ ਕਰ ਦਿੰਦੇ ਨੇ। ਇਹ ਦਾਸਤਾਨ ਮੁਲਕ ਦੇ ਵਾਲਮੀਕ ਭਾਈਚਾਰੇ ਦੇ ਗਰੀਬ ਲੋਕਾਂ ਦੀ ਹੈ, ਇਹ ਲੋਕ ਮੋਦੀ ਸਰਕਾਰ ਦੇ ਸਵੱਛ ਭਾਰਤ ਅਭਿਆਨ ਤੋਂ ਦੁਖੀ ਹੋਏ, ਕਿਉਂਕਿ ਕੁਝ ਲੋਕਾਂ ਨੇ ਸਰਕਾਰੀ ਮਦਦ ਨਾਲ ਫਲੱਸ਼ ਆਊਟ ਵਾਲੀਆਂ ਟਾਇਲਟਸ ਬਣਵਾ ਲਈਆਂ  ਤਾਂ ਇਹਨਾਂ ਮੈਲਾ ਢੋਣ ਵਾਲਿਆਂ ਦਾ ਰੁਜ਼ਗਾਰ ਖੁੱਸ ਗਿਆ। ਬੇਸ਼ੱਕ ਉਹ ਚਾਹੁੰਦੇ ਨੇ ਕਿ ਗੰਦੇ ਕੰਮ ਤੋਂ ਅਜ਼ਾਦੀ ਮਿਲੇ, ਪਰ ਕੋਈ ਹੋਰ ਕੰਮ ਮਿਲੇ ਤਾਂ ਸਹੀ। ਚੰਗਾ ਹੁੰਦਾ ਜੇ ਸਰਕਾਰ ਇਹਨਾਂ ਲਈ ਕੋਈ ਹੋਰ ਕੰਮ ਦਾ ਇੰਤਜ਼ਾਮ ਕਰਕੇ ਦਿੰਦੀ।

ਮੈਲਾ ਢੋਣ ਤੇ ਸੀਵਰੇਜ ਸਾਫ ਕਰਨ ਵਾਲਿਆਂ ਦੇ ਮੁਡ਼ ਵਸੇਬੇ ਲਈ ਸੰਘਰਸ਼ ਕਰ ਰਹੇ ਬੇਜਵਾਡ਼ਾ ਵਿਲਸਨ ਨੇ ਕਟਾਖਸ਼ ਕੀਤਾ ਹੈ ਕਿ ਸਾਡੇ ਪਰਧਾਨ ਮੰਤਰੀ ਜੀ  ਸਫਾਈ ਮੁਲਾਜ਼ਮਾਂ ਦੇ ਪੈਰ ਧੋ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਤੁਸੀਂ ਮਹਾਨ ਹੋ ਤੇ ਮੈਂ ਤੁਛ ਜਿਹਾ ਬੰਦਾ, ਚੰਗਾ ਹੋਵੇ ਜੇ ਪਰਧਾਨ ਮੰਤਰੀ ਜੀ ਸਾਡੇ ਪੈਰ ਧੋਣ ਦੀ ਥਾਂ ਆਪਣਾ ਮਨ ਧੋਂਦੇ, ਆਪਣਾ ਮਨ ਸਾਫ ਕਰਕੇ ਸਾਨੂੰ ਵੀ ਇਸ ਮੁਲਕ ਦੇ ਇਨਸਾਨ ਸਮਝਦੇ ਤੇ ਕੁਝ ਅਜਿਹਾ ਕਰਦੇ ਕਿ ਸਾਡੀ ਰੋਟੀ ਇਸ ਗੰਦਗੀ ਦੀ ਬਜਾਏ ਕਿਸੇ ਹੋਰ ਕਿੱਤੇ ਚੋਂ ਨਿਕਲਦੀ। ਇਸ ਕਾਮੇ ਨੇ ਕਿਹਾ ਕਿ ਅਸੀਂ ਕਿਸੇ ਵੀ ਕਿੱਤੇ ਨੂੰ ਨਫਰਤ ਨਹੀਂ ਕਰਦੇ. ਜੇ ਨਫਰਤ ਕਰਦੇ ਤਾਂ ਪੀਡ਼ੀਆਂ ਤੋਂ ਇਹ ਕੰਮ ਨਾ ਕਰਦੇ, ਪਰ ਕੰਮ ਕਰਨ ਦੇ ਤਰੀਕੇ ਅਪਮਾਨਤ ਕਰਨ ਵਾਲੇ ਹਨ, ਤੇ ਇਸ ਦੇ ਇਵਜ਼ ਚ ਮਿਲਦਾ ਮਿਹਨਤਾਨਾ ਉਸ ਤੋਂ ਵੀ ਵਧ ਅਪਮਾਨ ਕਰਦਾ ਹੈ, ਇਸੇ ਕਰਕੇ ਕਈ ਵਾਰ ਲਗਦਾ ਹੈ ਕਿ ਇਹ ਮੁਲਕ ਸ਼ਾਇਦ ਸਾਡਾ ਹੈ ਹੀ ਨਹੀਂ।

ਆਪਣੀ ਹੋਣੀ ਬਦਲਣ ਲਈ ਅੰਦੋਲਨ ਕਰਨ ਵਾਲੇ ਆਖਦੇ ਨੇ ਕਿ  ਨਾ ਅੱਜ ਦੀ ਸਰਕਾਰ ਨੇ, ਨਾ ਪਿਛਲੀ ਕਿਸੇ ਵੀ ਸਰਕਾਰ ਨੇ ਸਿਰਾਂ ਤੇ ਮੈਲਾ ਚੁਕਣ ਦੀ ਪ੍ਰਥਾ ਖਤਮ ਕਰਨ ਦੀ ਇਛਾ ਸ਼ਕਤੀ ਦਿਖਾਈ। ਜਦ ਕੋਈ ਸੁਣਵਾਈ ਨਹੀਂ ਤਾਂ ਮੈਲਾ ਢੋਣ ਵਾਲੇ ਵੀ ਹੁਣ ਤਾਂ ਅੰਦੋਲਨ ਕਰ ਕਰ ਕੇ ਥੱਕ ਗਏ ਹਨ।

ਸਪੱਸ਼ਟ ਹੈ ਕਿ ਅਜਿਹੀ ਹਾਲਤ ਚ ਜਿਉਣ ਵਾਲੇ ਲੋਕਾਂ ਲਈ ਵਿਕਾਸ ਇਥੇ ਤੱਕ ਸੀਮਤ ਹੈ ਕਿ ਅੱਜ ਠਿਕਾਣੇ ਵਾਲੀ ਮਾਲਕਣ ਨੇ ਰੋਟੀਆਂ ਦੇ ਨਾਲ ਬੇਹਾ ਤੇ ਜੂਠਾ ਪਾਸਤਾ ਵੀ ਦੇ ਦਿੱਤਾ.. ਤੇ ਪਾਸਤਾ ਪਾ ਕੇ ਖੁਸ਼ ਹੋ ਰਹੇ ਬੱਚਿਆਂ ਨੂ ਵੇਖ ਕੇ ਮਾਂ ਨੂੰ ਮੂੰਹ ਸਿਰ ’ਤੇ ਪਏ ਗੰਦ ਦੇ ਛਿੱਟੇ ਵਿਸਰ ਗਏ, ਪਰ ਕੀ ਇਹ ਵੀ ਕੋਈ ਜਿਉਣਾ ਹੈ ?

(ਨਿਊਜ਼ ਲੌਂਡਰੀ ਦੇ ਸਹਿਯੋਗ ਨਾਲ ਧੰਨਵਾਦ ਸਹਿਤ)
 

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ