Mon, 23 October 2017
Your Visitor Number :-   1097983
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਅਲੋਪ ਹੋ ਰਹੀ ਟੋਕਰੀਆਂ ਬਣਾਉਣ ਦੀ ਕਲਾ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 11-10-2017

suhisaver

ਹਰ ਮਨੁੱਖ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਕੋਈ ਨਾ ਕੋਈ ਖਾਸ ਹੁਨਰ ਜ਼ਰੂਰ ਹੁੰਦਾ ਹੈ । ਉਸੇ ਖਾਸ ਹੁਨਰ ਸਦਕਾ ਹੀ ਮਨੁੱਖ ਜੱਗ ਵਿੱਚ ਆਪਣੀ  ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ । ਪਰ ਜਦੋਂ ਵੱਖਰੀ ਪਹਿਚਾਣ ਬਣਾਉਣ ਦੇ ਨਾਲ-ਨਾਲ ਮਨੁੱਖ ਉਸੇ ਖਾਸ ਹੁਨਰ ਨੂੰ ਕਿੱਤਾ ਬਣਾ ਕੇ ਆਪਣੀ ਜੀਵਿਕਾ ਦਾ ਹਿੱਸਾ ਬਣਾ ਲੈਂਦਾ ਹੈ ਤਾਂ 'ਸੋਨੇ 'ਤੇ ਸੁਹਾਗੇ' ਵਾਲੀ ਗੱਲ ਬਣ ਜਾਂਦੀ ਹੈ । ਅਜਿਹਾ ਹੀ ਵਿਅਕਤੀ ਹੈ ਪਿੰਡ ਸਰੂਪਵਾਲੀ ਦਾ ਹਰਬੰਸ ਸਿੰਘ ਜਿਸਨੇ ਮਹਿੰਗਾਈ ਦੇ ਯੁੱਗ ਵਿੱਚ ਟੋਕਰੀਆਂ ਬਣਾਉਣ ਦਾ ਕਿੱਤਾ ਅਪਣਾ ਕੇ ਜਿੱਥੇ ਆਪਣਾ 9 ਮੈਂਬਰੀ ਪਰਿਵਾਰ ਪਾਲਿਆ ਉੱਥੇ ਮਜ਼ਬੂਤ ਅਤੇ ਟਿਕਾਊ ਟੋਕਰੀਆਂ ਬਣਾਉਣ ਕਰਕੇ ਆਪਣਾ ਤੇ ਆਪਣੇ ਪਿੰਡ ਦਾ ਨਾਮ ਵੀ ਰੌਸ਼ਨ ਕੌਤਾ । ਮਜ਼ਬੂਤ ਤੇ ਟਿਕਾਊ ਟੋਕਰੀਆਂ ਬਣਾਉਣਾ ਕੋਈ ਖਾਲ੍ਹਾ ਜੀ ਦਾ ਵਾੜ੍ਹਾ ਨਹੀਂ ਹੈ ।ਬਹੁਤ ਸਮਾਂ ਲਾ ਕੇ ਸੋਹਣੀ ਦਿੱਖ ਵਾਲੀ ਤੇ ਮਜ਼ਬੂਤ ਟੋਕਰੀ ਬਣਦੀ ਹੈ ।  ਇਸ ਲਈ ਅੱਜ ਬੇਰੁਜ਼ਗਾਰੀ ਦੇ ਯੁੱਗ ਵਿੱਚ ਟੋਕਰੀਆਂ ਬਣਾਉਣ ਦੇ ਵਿਰਾਸਤੀ ਹੁਨਰ ਨੂੰ ਕਿੱਤੇ ਵਜੋਂ ਵਿਕਸਤ ਕਰਨ ਦੀ ਲੋੜ ਹੈ ।
  
ਟੋਕਰੀ ਬਣਾਉਣ ਲਈ ਸਿਰਫ ਤੂਤ ਦੀਆਂ ਛਮਕਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ । ਟੋਕਰੀ ਦਾ ਥੱਲਾ, ਵਿਚਲਾ ਹਿੱਸਾ ਤੇ ਮੁੱਠਾ ਤਿੰਨੇ ਹਿੱਸੇ ਹੀ  ਦਿੱਖ ਵਿੱਚ ਸੋਹਣੇ ਅਤੇ ਮਜ਼ਬੂਤ ਹੁੰਦੇ ਹਨ ।  ਇੱਕ ਸੁੰਦਰ ਤੇ ਮਜ਼ਬੂਤ ਟੋਕਰੀ ਨੂੰ ਬਣਾਉਣ ਲੱਗਿਆਂ ਢਾਈ-ਤਿੰਨ ਘੰਟੇ ਲੱਗ ਜਾਂਦੇ ਹਨ ।

ਇੱਕ ਟੋਕਰੀ ਦੀ ਬਣਵਾਈ ਦੀ ਕੀਮਤ ਅੱਜ ਮਹਿੰਗਾਈ ਦੇ ਯੁੱਗ ਵਿੱਚ ਵੀ ਸਿਰਫ 50 ਰੁਪਏ ਹੈ ਪਰ ਜੇ ਤੂਤ ਦੀਆਂ ਛਮਕਾਂ ਵੀ ਟੋਕਰੀ ਬਣਾਉਣ ਵਾਲੇ ਦੀਆਂ ਹੋਣ ਤਾਂ  ਇੱਕ ਟੋਕਰੀ 100 ਰੁਪਏ ਵਿੱਚ ਪੈਂਦੀ ਹੈ । ਠੀਕ-ਠਾਕ ਸਿਹਤਯਾਬ ਜਵਾਨ ਵਿਅਕਤੀ ਕੋਲੋਂ ਇੱਕ ਦਿਨ ਵਿੱਚ ਸਿਰਫ ਚਾਰ ਜਾਂ ਪੰਜ ਟੋਕਰੀਆਂ ਹੀ ਬਣਦੀਆਂ ਹਨ । ਇੱਕ ਚੰਗੀ, ਠੀਕ-ਠਾਕ ਟੋਕਰੀ ਅੱਠ-ਨੋਂ ਮਹੀਨੇ ਮੁਸ਼ਕਿਲ ਨਾਲ ਕੱਢਦੀ ਹੈ ।

           
ਸੁੰਦਰ ਦਿੱਖ ਵਾਲੀ ਤੇ ਮਜ਼ਬੂਤ ਟੋਕਰੀ ਬਣਾਉਣ ਦੇ ਹੁਨਰ ਨੂੰ ਕਿੱਤੇ ਵਜੋਂ ਭਾਂਵੇ ਬਹੁਤ ਘੱਟ ਲੋਕਾਂ ਨੇ ਅਪਣਾਇਆ ਹੈ ਪਰ ਫਿਰ ਵੀ ਇਸ ਵਿਰਾਸਤੀ ਹੁਨਰ ਵਾਲੇ ਇੱਕ-ਦੋ ਵਿਅਕਤੀ ਅਸੀਂ ਅੱਜ ਵੀ ਆਪਣੇ ਇਲਾਕੇ ਵਿੱਚ ਵੇਖ ਸਕਦੇ ਹਾਂ । ਇਸ ਵਿਰਾਸਤੀ ਹੁਨਰ ਨੇ ਕਈ ਗੁਰਬਤ ਕੱਟਦੇ ਕਿਰਤੀਆਂ ਨੂੰ ਜੋ ਪੜ੍ਹੇ-ਲਿਖੇ ਵੀ ਨਹੀਂ ਸਨ ੳਹਨਾਂ ਨੂੰ ਸੁੱਖ ਦਾ ਸਾਹ ਦਿਵਾਇਆ ਹੈ । ਉਹਨਾਂ ਕਿਰਤੀਆਂ ਦੇ ਅਤੇ ਉਹਨਾਂ ਦੇ ਟੱਬਰ ਦੇ ਭੁੱਖੇ  ਢਿੱਡ ਭਰੇ ਹਨ । ਕੁਝ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਹੈ । ਉਹਨਾਂ ਕੁਝ ਵਿਰਲੇ- ਟਾਂਵੇ ਕਿਰਤੀਆਂ ਵਿੱਚੋਂ ਹਰਬੰਸ ਸਿੰਘ ਆਪਣਾ ਨੋਂ ਮੈਂਬਰੀ ਪਰਿਵਾਰ ਪਾਲਣ ਵਾਲਾ ਤੇ ਨਾਮਣਾ ਖੱਟਣ ਵਾਲਾ ਕਿਰਤੀ ਹੈ ।

          
ਹਰਬੰਸ ਸਿੰਘ  ਦਾ ਜਨਮ 15 ਸਤੰਬਰ 1926 ਵਿੱਚ ਪਿਤਾ ਮਹਿੰਗਾ ਸਿੰਘ ਤੇ ਮਾਤਾ ਸੇਮੀ ਦੇ ਘਰ ਪਿੰਡ ਤੇ ਡਾਕਖਾਨਾ ਸਰੂਪਵਾਲੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ । ਪੜ੍ਹੇ-ਲਿਖੇ ਨਾ ਹੋਣ ਕਰਕੇ ਹਰਬੰਸ ਸਿੰਘ ਨੇ ਗੁਰਬਤ ਦਾ ਜੀਵਨ ਬਤੀਤ ਕਰਦਿਆਂ ਵੀ ਮਿਹਨਤ-ਮੁਸ਼ੱਕਤ ਨਾਲ ਆਪਣੇ ਆਪ ਨੂੰ ਤੇ ਆਪਣੇ ਨੋਂ ਮੈਂਬਰੀ ਪਰਿਵਾਰ ਨੂੰ ਇਸ ਲੱਕ ਤੋੜਵੀਂ ਮਹਿੰਗਾਈ ਦੇ ਯੁੱਗ ਵਿੱਚ ਪਾਲਿਆ ।

           
ਹਰਬੰਸ ਸਿੰਘ ਦੇ ਪੰਜ ਬੇਟੇ ਭੋਲਾ ਸਿੰਘ, ਰਤਨ ਸਿੰਘ, ਅਰਜਨ ਸਿੰਘ, ਤਰਲੋਕ ਸਿੰਘ ਤੇ ਸੰਤੌਖ ਸਿੰਘ ਅਤੇ ਦੋ ਬੇਟੀਆਂ ਬਿੰਦਰ ਤੇ ਨਿੰਮੋ ਹਨ । ਹਰਬੰਸ ਸਿੰਘ ਮੰਡੀ ਦੇ ਸੀਜਨ ਵਿੱਚ ਮੰਡੀ ਵਿੱਚ ਹੱਡਤੋੜਵੀਂ ਮਜ਼ਦੂਰੀ ਕਰਦਾ ਰਿਹਾ ਹੈ । ਸੀਜਨ ਆਫ ਹੋਣ ਦੇ ਬਾਦ ਉਸਨੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਭਾਵ ਸ਼ੇਵ ਵੀ ਕੀਤੀ  ਹੈ । ਪਰ ਟੋਕਰੀਆਂ ਬਣਾਉਣ ਦੇ ਉਸਦੇ ਹੁਨਰ ਨੂੰ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ ਜਿਸ ਕਰਕੇ ਉਸਨੇ ਇਸ ਟੋਕਰੀਆਂ ਬਣਾਉਣ ਦੇ ਹੁਨਰ ਨੂੰ ਆਪਣੇ ਕਿੱਤੇ ਵਜੋਂ ਅਪਣਾ ਲਿਆ । ਅੱਜ ਉਸਦੇ ਹੁਨਰ ਕਰਕੇ ਉਸਦੀ ਦੂਰ-ਦੁਰਾਡੇ ਦੇ ਲੋਕਾਂ ਵਿੱਚ ਵੀ ਚੰਗੀ ਜਾਣ-ਪਛਾਣ ਹੈ ।

ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਉਹ 90 ਸਾਲਾਂ ਤੋਂ ਵੀ ਉੱਪਰ ਦੀ ਉਮਰ ਦੇ ਹਨ ਪਰ ਫਿਰ ਵੀ ਪਿੰਡ ਅਤੇ ਆਲੇ-ਦੁਆਲੇ ਦੇ  ਲੋਕ ਉਹਨਾਂ ਕੋਲ ਟੋਕਰੀਆਂ ਬਣਾਉਣ ਲਈ ਆ ਜਾਂਦੇ ਹਨ । ਉਹਨਾਂ ਦੱਸਿਆ ਕਿ ਹੁਣ ਸਿਰਫ ਇੱਕ ਜਾਂ ਦੋ ਟੋਕਰੀਆਂ ਹੀ ਮੁਸ਼ਕਿਲ ਨਾਲ ਬਣਦੀਆਂ ਹਨ ਪਰ ਜਵਾਨੀ ਵਾਲੇ ਦਿਨਾਂ ਵਿੱਚ ਉਹਨਾਂ ਨੇ ਅੱਠ-ਅੱਠ, ਨੋਂ-ਨੋਂ ਟੋਕਰੀਆਂ ਬਣਾਈਆਂ ਹਨ । ਉਹਨਾਂ ਦੀ ਬਣਾਈ ਟੋਕਰੀ ਡੇਢ-ਡੇਢ, ਦੋ-ਦੋ ਸਾਲ ਕੱਢ ਜਾਂਦੀ ਰਹੀ ਹੈ ।

         
ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਭਾਰਤ ਦੇਸ਼ ਦੇ ਲੋਕਾਂ ਲਈ ਇਸ ਵਿਰਾਸਤੀ ਹੁਨਰ ਨੂੰ ਕਿੱਤੇ ਵਜੋਂ ਵਿਕਸਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ । ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਵਿਰਾਸਤੀ ਹੁਨਰ ਨੂੰ ਸਾਂਭਣ ਲਈ ਯਤਨ ਆਰੰਭ ਕਰਨ । ਇਸ ਵਿਰਾਸਤੀ ਕਿੱਤੇ ਨੂੰ ਅਪਣਾਉਣ ਲਈ ਲੋਕਾਂ ਨੂੰ ਪ੍ਰੇਰਣ ਦੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ । ਇਸ ਕਿੱਤੇ ਨੂੰ ਅਪਣਾਉਣ ਵਾਲੇ ਕਿਰਤੀ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਮੁੱਢਲੀ ਮਦਦ ਅਤੇ ਵਿਆਜ ਮੁਕਤ ਕਰਜ਼ਾ ਦੇਣਾ ਚਾਹੀਦਾ ਹੈ । ਟੋਕਰੀਆਂ ਬਣਾਉਣ ਦੇ ਵਿਰਾਸਤੀ ਹੁਨਰ ਨੂੰ ਕਿੱਤੇ ਵਜੋਂ ਅਪਣਾਉਣ ਵਾਲੇ ਕਿਰਤੀਆਂ ਨੂੰ ਹੁਨਰਮੰਦ ਕਿਰਤੀਆਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਕੇ ਘੱਟੋ-ਘੱਟ ਜੀਵਨਯੋਗ ਉਜਰਤ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ । ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਬਢਾਪੇ ਸਮੇਂ ਹਰਬੰਸ ਸਿੰਘ ਵਰਗੇ ਵਿਰਾਸਤੀ ਹੁਨਰ ਵਾਲੇ ਕਿਰਤੀਆਂ ਨੂੰ ਵਿਸ਼ੇਸ਼ ਪੈਨਸ਼ਨ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ । ਸਾਨੂੰ ਵੀ ਹਰਬੰਸ ਸਿੰਘ ਵਰਗੇ ਵਿਰਾਸਤੀ ਹੁਨਰ ਨੂੰ ਕਿੱਤੇ ਵਜੋਂ ਅਪਣਾਉਣ ਵਾਲੇ ਕਿਰਤੀਆਂ ਨੂੰ ਸਮਾਜ ਵਿੱਚ ਵਿਸ਼ੇਸ਼ ਮਾਣ-ਸਨਮਾਨ ਦੇਣਾ ਚਾਹੀਦਾ ਹੈ । ਸਰਕਾਰਾਂ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਸਾਨੂੰ ਰੰਗ, ਨਸਲ, ਜਾਤ-ਪਾਤ, ਧਾਰਮਿਕ ਭੇਦ-ਭਾਵ ਤੋਂ ਰਹਿਤ ਇਹਨਾਂ ਵਿਰਾਸਤੀ ਕਿਰਤੀਆਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਅਤੇ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇੱਕਜੁੱਟ ਹੋ ਕੇ ਸੰਗ੍ਰਾਮ ਕਰਨਾ ਚਾਹੀਦਾ ਹੈ ।  ਸੰਗ੍ਰਾਮ ਕਰਕੇ ਹੀ ਇਹਨਾਂ ਵਿਰਾਸਤੀ ਹੁਨਰ ਵਾਲੇ ਕਿਰਤੀਆਂ ਲਈ ਕੁਝ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ ।

ਕੈਪਸ਼ਨ- ਨਾਮਵਰ ਟੋਕਰੀ ਬਣਾਉਣ ਵਾਲੇ ਵਿਰਾਸਤੀ ਹੁਨਰਮੰਦ ਕਿਰਤੀ ਹਰਬੰਸ ਸਿੰਘ ਕੋਲੋਂ ਕਿਸਾਨ ਸ੍ਰ. ਸਰਬਜੀਤ ਸਿੰਘ ਤੇ ਸ੍ਰ. ਗੁਰਨਾਮ ਸਿੰਘ ਟੋਕਰੀ ਬਣਵਾਉਂਦੇ ਹੋਏ ।

ਸੰਪਰਕ: +91 98552 07071

Comments

Name (required)

Leave a comment... (required)

Security Code (required)ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ