Thu, 18 April 2024
Your Visitor Number :-   6980146
SuhisaverSuhisaver Suhisaver

ਜਨਤਾ ਲਈ ਗਲਫ਼ਾਹੀ -ਡਾ. ਅਮਰਜੀਤ ਸਿੰਘ

Posted on:- 11-10-2014

ਦੁਨੀਆ ਵਿੱਚ ਹਰ ਕਿਸੇ ਨੇ ਆਪਣੇ-ਆਪਣੇ ਰੁਝੇਵੇਂ ਸਹੇੜੇ ਹੋਏ ਨੇ। ਕੋਈ ਰੁਝੇਵਾਂ ਸ਼ੌਕ ਵਾਲਾ ਹੋਂਦੈ ਤੇ ਕੋਈ ਮਜਬੂਰੀ ਵਸ। ਜਾਂ ਲੋੜ ਵੱਸ। ਜਿਹੜਾ ਰੁਝੇਵਾਂ ਤੇ ਹੋਵੇ ਸ਼ੌਕ ਵਾਲਾ ਤਾਂ ਉਸ ਰੁਝੇਵੇਂ ਵਿੱਚ ਖੁਸ਼ੀ ਮਿਲਦੀ ਏ, ਕੀਤੇ ਕੰਮ ਦੀ ਤਸੱਲੀ ਹੋਂਦੀ ਏ। ਕੀਤਾ ਕੰਮ ਸਕਾਰਥ ਲਗਦੈ। ਇੰਜ ਲਗਦੈ ਕਿ ਮੇਰੀ ਜ਼ਿੰਦਗੀ ਕਿਸੇ ਮਕਸਦ ਨਾਲ ਜੁੜੀ ਹੋਈ ਏ। ਆਮ ਬੰਦਿਆਂ ਹਾਰ ਖਾ ਪੀ ਛੱਡਿਆ, ਹੱਗ ਛੱਡਿਆ ਤੇ ਫਿਰ ਤੁਰਦੇ ਬਣੇ। ਇਹਦੇ ਉਲਟ ਸ਼ੌਕ ਵਿੱਚ ਰੁਝਿਆ ਬੰਦਾ ਆਪਣੇ ਪਿੱਛੇ ਕੁਝ ਨਾ ਕੁਝ ਸਦੀਵੀ ਨਿਸ਼ਾਨੀ ਛੱਡ ਜਾਂਦੈ। ਕਾਰਬੂਜ਼ੇ ਚੰਡੀਗੜ੍ਹ ਦੇ ਗਿਐ। ਨੇਕ ਚੰਦ ਰਾਕ ਗਾਰਡਨ ਛੱਡ ਜਾਏਗਾ। ਵੱਡੇ ਚਿੱਤਰਕਾਰ, ਫਿਲਾਸਫਰ, ਲੇਖਕ ਸਾਰੇ ਸ਼ੌਕ ਦੇ ਬੱਝੇ ਹੋਏ ਕਾਰਜ ਕਰਦੇ ਨੇ। ਭਾਵੇਂ ਕਈਆਂ ਦੀ ਇਹਦੇ ਨਾਲ ਰੋਜ਼ੀ ਰੋਟੀ ਵੀ ਜੁੜੀ ਹੋਈ ਏ ਪਰ ਫਿਰ ਵੀ ਆਪਣੇ ਕਾਰਜ ਦਾ ਬੋਝ ਨਹੀਂ ਲੱਗਦਾ। ਆਪਣਾ ਸ਼ੌਕ ਇਹਨਾਂ ਨੂੰ ਉਡਾਈ ਫ਼ਿਰਦੈ।

ਦੂਜੇ ਵਰਗ ਦੇ ਲੋਕ ਜਿਹੜਾ ਰੁਝੇਵਾਂ ਸਹੇੜਦੇ ਨੇ ਇਹ ਰੁਝੇਵਾਂ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਹੋ ਸਕਦੇ। ਧੰਦੇ ਕਾਰੇ ਲੱਗੇ ਇਹ ਲੋਕ ਸਵੇਰੇ ਤੋਂ ਲੈ ਕੇ ਸ਼ਾਮ, ਰਾਤ ਤਾਈਂ ਧੰਦਾ ਕਰਦੇ ਨੇ ਤੇ ਫਿਰ ਪੇਟ ਭਰ ਕੇ ਸੌਂ ਰਹਿੰਦੇ ਨੇ। ਪੈਸੇ ਕਮਾਂਦੇ ਨੇ, ਜਾਇਦਾਦ ਬਣਾਉਂਦੇ ਨੇ, ਬੱਚੇ ਪੈਦਾ ਕਰਦੇ ਨੇ ਤੇ ਫਿਰ ਬੁੱਢੇ ਵੇਲੇ ਸਭ ਕੁਝ ਵਾਰਸਾਂ ਲਈ ਛੱਡ ਕੇ ਟੁਰਦੇ ਬਣਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਪੈਸਾ ਕਮਾਉਣਾ ਇਹਨਾਂ ਦਾ ਸ਼ੌਕ ਨਹੀਂ ਹੋ ਸਕਦਾ। ਕਈਆਂ ਦਾਂ ਤਾਂ ਪੈਸਾ ਕਮਾਣਾ ਇਕ ਖਬਤ ਹੋਂਦੈ। ਦਿਨ ਰਾਤ ਹੋਰ ਕੁਝ ਨਹੀਂ ਸੋਚਦੇ। ਗਿਣਤੀਆਂ ਮਿਣਤੀਆਂ ਵਿੱਚ ਪਏ ਰਹਿੰਦੇ ਨੇ। ਇਹ ਨਹੀਂ ਕਿ ਇਹੋ ਜਹੇ ਲੋਕ ਆਪਣੇ ਪਿੱਛੇ ਕੋਈ ਨਿਸ਼ਾਨੀ ਨਹੀਂ ਛੱਡ ਜਾਂਦੇ। ਪੈਸਾ ਛੱਡ ਜਾਂਦੇ ਨੇ, ਜਾਇਦਾਦ ਵੀ ਛੱਡ ਜਾਂਦੇ ਨੇ। ਵਾਰਸ ਭਾਵੇਂ ਐਸ਼ ਕਰਨ ਤੇ ਭਾਵੇਂ ਵਿਰਸੇ ਵਿੱਚ ਮਿਲੇ ਧੰਦੇ ਨੂੰ ਹੋਰ ਵਧਾਉਣ। ਪਰ ਇਹਨਾਂ ਦੀਆਂ ਛੱਡੀਆਂ ਹੋਈਆਂ ਚੀਜ਼ਾਂ ਟੱਬਰ ਵਿੱਚ ਤੇ ਜ਼ਿਕਰਯੋਗ ਹੋ ਸਕਦੀਆਂ ਨੇ ਪਰ ਸੰਸਾਰ ਵਿੱਚ ਜ਼ਿਕਰਯੋਗ ਨਹੀਂ ਹੁੰਦੀਆਂ।

ਜਿਹੜਾ ਮਨੁੱਖ ਨੌਕਰੀ ਕਰਦੈ ਉਹਦੀ ਜ਼ਿੰਦਗੀ ਵਪਾਰੀ ਨਾਲੋਂ ਵੱਖਰੀ ਹੁੰਦੀ ਏ। ਸਾਰੀ ਜ਼ਿੰਦਗੀ ਜਗਤ ਨਾਲ ਰਹਿਣਾ ਪੈਂਦੈ। ਆਪਣੀ ਆਮਦਨ ਦੇ ਅੰਦਰ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਪਰ ਜੇ ਉਹਦੀ ਨੌਕਰੀ ਇਹੋ ਜਿਹੀ ਏ, ਜਿਥੇ ਉਪਰਲੀ ਆਮਦਨ ਹੋਵੇ ਤਾਂ ਉਹ ਮਨੁੱਖ ਵਿੱਤੋਂ ਬਾਹਰਾ ਖ਼ਰਚ ਕਰ ਸਕਦੈ। ਸਾਡੇ ਨਾਲ ਇਕ ਜਮਾਤੀ ਹੌਂਦਾ ਸੀ ਜਿਸ ਨੂੰ 1951-52 ਵਿੱਚ ਸੌ ਰੁਪਈਆ ਮਹੀਨਾ ਜੇਬ ਖ਼ਰਚ ਮਿਲਦਾ ਸੀ ਜਦ ਕਿ ਸਾਨੂੰ ਸਿਰਫ਼ ਦਸ ਰੁਪਏ ਮਹੀਨਾ ਮਿਲਦਾ ਸੀ, ਜਿਹੜਾ ਪਹਿਲੇ 10-12 ਦਿਨ ਵਿੱਚ ਮੁਕ-ਮੁਕਾ ਜਾਂਦਾ ਸੀ। ਅਸੀਂ ਉਹਦੇ ਜੇਬ-ਖ਼ਰਚ ’ਤੇ ਹੈਰਾਨ ਹੋਂਦੇ ਸਾਂ। ਓਦੋਂ ਸਾਨੂੰ ਪਤਾ ਨਹੀਂ ਸੀ ਕਿ ਉਹਦਾ ਬਾਪ ਰਿਸ਼ਵਤ ਵਾਲੇ ਮਹਿਕਮੇ ਵਿੱਚ ਸੀ। ਹੁਣ ਸਮਝ ਆਉਂਦੀ ਏ। ਪਰ ਜਿਹੜਾ ਇਮਾਨਦਾਰ ਏ ਜਾਂ ਜਿਸ ਨੂੰ ਰਿਸ਼ਵਤ ਲੈਣ ਦਾ ਮੌਕਾ ਨਹੀਂ ਮਿਲਦਾ ਉਹਦੇ ਲਈ ਸਰਫ਼ੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਏ। ਕੀ ਇਹੋ ਮਨੁੱਖ ਦੀ ਜ਼ਿੰਦਗੀ ਗਲਫਾਹੀ ਵਰਗੀ ਨਹੀਂ?

ਜਿਹੜਾ ਮਜ਼ਦੂਰੀ ਕਰਦੈ ਉਹਨੂੰ ਤੇ ਅਵੱਸ਼ ਹੀ ਜਿਊਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦੈ। ਮਸਾਂ ਹੀ ਗੁਜ਼ਾਰਾ ਹੋਂਦੈ। ਬਾਲ ਬੱਚੇ ਪਾਲਣੇ ਵੀ ਮੁਸ਼ਕਲ ਹੌਂਦੇ ਨੇ। ਸਾਰੀ ਜ਼ਿੰਦਗੀ ਥੁੜ੍ਹ ਹੰਢਾਂਦਿਆਂ ਈ ਲੰਘ ਜਾਂਦੀ ਏ। ਗਲਫਾਹੀ ਨਹੀਂ ਤਾਂ ਹੋਰ ਕੀ ਏ? ਹੈ ਇਹ ਮਜ਼ਬੂਰੀ ਈ।

ਸਿਆਸਤਦਾਨ ਸਾਡੇ ਦੇਸ਼ ਵਿੱਚ ਇਮਾਨਦਾਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਜਦੋਂ ਉਹਦੇ ਹੱਥ ਤਾਕਤ ਆਉਂਦੀ ਏ ਤਾਂ ਉਹ ਰਿਸ਼ਵਤ ਖ਼ਤਮ ਕਰਨ ਦੇ ਦਾਅਵੇ ਕਰੇਗਾ ਪਰ ਸਭ ਤੋਂ ਵਧੇਰੇ ਰਿਸ਼ਵਤਖੋਰ ਹੋਵੇਗਾ। ਲੋਕੀਂ ਉਹਦੇ ਦਾਅਵਿਆਂ ’ਤੇ ਹੱਸਦੇ ਨੇ, ਉਹਦੀ ਨਿੰਦਾ ਕਰਦੇ ਨੇ ਪਰ ਉਹ ਦੋਹੀਂ ਹੱਥੀਂ ਜਾਂ ਪਤਨੀ ਸਮੇਤ ਚੌਹੀ ਹੱਥੀ ਤੇ ਜੇ ਪੁੱਤਰ ਨਾਲ ਰਲ ਜਾਏ ਤਾਂ ਛੇਈਂ ਹੱਥੀਂ ਮਾਇਆ ਇਕੱਠੀ ਕਰਨ ’ਤੇ ਲੱਗਾ ਰਹਿੰਦੈ। ਇਹਦੀ ਜ਼ਿੰਦਗੀ ਗਲਫਾਹੀ ਤਾਂ ਹੀ ਕਹਿ ਸਕਦੇ ਆਂ ਜੇ ਉਹਨੂੰ ਰਿਸ਼ਵਤ ਲੈਣ ਤੋਂ ਵਿਹਲ ਈ ਨਾ ਮਿਲੇ। ਪਰ ਆਮ ਕਰਕੇ ਇਹ ਲੋਕ ਜਨਤਾ ਲਈ ਗਲਫਾਹੀ ਬਣੇ ਰਹਿੰਦੇ ਨੇ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ