Wed, 26 September 2018
Your Visitor Number :-   1488380
SuhisaverSuhisaver Suhisaver
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ               ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ              

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਅਤੇ ਪੂਣੀ - ਅਵਤਾਰ ਸਿੰਘ ਭੁੱਲਰ

Posted on:- 08-11-2014

suhisaver

ਅਸੀਂ ਜਦੋਂ ਕਿਸੇ ਦੂਜੇ ਇਨਸਾਨ, ਜਗ੍ਹਾ, ਚੀਜ਼, ਜਾਂ ਦੇਸ਼ ਸੰਬੰਧੀ ਜਿੰਨਾ ਚਿਰ ਆਪ ਖੁਦ ਵੇਖ ਪਰਖ ਜਾਂ ਵਰਤ-ਵਰਤਾ ਨਹੀਂ ਲੈਂਦੇ, ਉਦੋਂ ਅਸੀਂ ਬਹੁਤ ਸਾਰੀਆਂ ਅਸਲੀਅਤਾਂ ਤੋਂ ਕਿਨਾਰਾ ਕਰ ਰਹੇ ਹੁੰਦੇ ਆਂ । ਦੂਰ ਦੇ ਢੋਲ ਹੋਰ ਹੁੰਦੇ ਨੇ ਪਰ ਨੇੜੇ ਪਹੁੰਚਿਆਂ ਕੰਨੀਂ ਪੈਂਦਾ ਸੰਗੀਤ ਆਪਣਾ ਵਜੂਦ ਬਦਲ ਲੈਂਦਾ ਹੈ, ਭਾਵੇਂ ਥੋੜਾ ਮਾੜਾ ਹੋ ਜਾਵੇ ਜਾਂ ਚੰਗਾ । ਨੇੜਿਓਂ ਵਿਚਰਿਆਂ-ਵਰਤਿਆਂ ਤੇ ਖੁਦ ਹੰਢਾਇਆ ਤਜੁਰਬਾ ਸਾਰਥਿਕ ਹੁੰਦਾ ਹੈ।


ਗੱਲ ਕਰਦੇ ਆਂ ਪੁਲੀਸ ਦੀ।( ਇਕ ਵਾਰ ਤਾਂ ਪੁਲੀਸ ਦਾ ਨਾਮ ਪੜਨ ਸੁਨਣ ਸਾਰ ਪਟੇ ਤੇ ਗਾਲਾਂ ਚੇਤੇ ਆ ਜਾਂਦੀਆਂ ) ਅਕਸਰ ਈ ਸੁਣਦੇ ਸੀ ਕਿ ਵਿਦੇਸ਼ੀ ਪੁਲੀਸ ਬੜੀ ਨਰਮ ਤੇ ਲੋਕਾਈ ਦੀ ਮਦਦਗਾਰ ਹੁੰਦੀ ਏ । ਡਾਂਗ, ਸੋਟਾ ਤੇ ਗਾਲਾਂ ਦੀ ਥਾਵੇਂ ਕਾਨੂਨੀ ਵਿਵਸਥਾ ਅਨੁਸਾਰ ਬਣਦੀ ਕਾਰਵਾਈ ਤੇ ਇਨਸਾਫ਼ ਦੀ ਗੱਲ ਕੀਤੀ ਜਾਂਦੀ ਹੈ । ਵਿਦੇਸ਼ 'ਚ ਪੁਲੀਸ ਤੋਂ ਆਮ ਲੋਕ ਤ੍ਰਾਹ-ਤ੍ਰਾਹ ਨਹੀਂ ਕਰਦੇ, ਪਰ ਅਪਰਾਧੀਆਂ ਤੇ ਮਾੜੇ ਅਨਸਰਾਂ ਨੂੰ ਮੁੜਕਾ ਜ਼ਰੂਰ ਆਉਂਦਾ ਹੈ ।

ਆਪਣੀ ਟੈਕਸੀ ਜੋਬ ਦੋਰਾਨ ਪੁਲੀਸ ਨਾਲ ਕਈ ਵਾਰ ਵਿਚਰਣ ਦਾ ਮੌਕਾ ਬਣਿਆ । ਚਾਰ-ਪੰਜ ਵਾਰ ਸ਼ਰਾਬੀ ਤੇ ਲੜਾਕੂ ਸਵਾਰੀਆਂ ਨੂੰ ਥਾਣੇ ਦਾ ਮੂੰਹ ਦਿਖਾਉਣਾ ਪਿਆ । ਕਈ ਵਾਰ ਖੁਦ ਵੀ ਪੁਲੀਸ ਨੇ ਦਾਰੂ ਤੇ ਡ੍ਰਗ ਟੇਸਟ ਦੋਰਾਨ ਲੱਗੇ ਨਾਕੇ ਤੇ ਰੋਕਿਆ । ਕਦੇ ਵੀ ਕਿਸੇ ਮੁਲਾਜਮ ਦੇ ਸਲੂਕ 'ਚ ਕਰੂਰਤਾ, ਸਲੀਕੇ 'ਚ ਅਸਭਿਅਕਤਾ, ਡਿਓਟੀ 'ਚ ਕੁਤਾਹੀ ਤੇ ਬੋਲਚਾਲ 'ਚ ਅਖੜਤਾ ਨਹੀ ਮਹਿਸੂਸ ਹੋਈ । ਲੋਕ ਪੁਲੀਸ ਨੂੰ ਆਪਣਾ ਦੋਸਤ ਸਮਝਦੇ ਨੇ, ਤੇ ਪੁਲੀਸ ਵਾਲੇ ਲੋਕਾਂ  ਦੀ ਸੁਰੱਖਿਆ ਨੂੰ ਬਨਾਏ ਰਖਣਾ ਆਪਣਾ ਧਰਮ ਜਾਣਦੇ ਨੇ ।

ਯਾਦ ਹੈ ਜਦ ਅਸੀਂ ਆਪਣੀ ਪੜਾਈ ਦੇ ਆਖਿਰੀ ਦਿਨ ਟ੍ਰੇਨ ਫੜਨ ਲੱਗੇ ਤਾਂ ਮੇਰੇ ਇਕ ਬਠਿੰਡੇ ਵਾਲੇ ਦੋਸਤ ਕੋਲ ਫੁੱਲ ਸਨ ਜੋ ਕਿ ਅਸੀਂ ਪ੍ਰੈਜੇਂਟੇਸ਼ਨ ਤੇ ਬਣਾਏ ਖਾਣਿਆਂ ਮੌਕੇ ਡੇਕੋਰੇਸ਼ਨ ਲਈ ਵਰਤੇ ਸਨ । ਜਦ ਓਹ ਘਰ ਮੁੜਨ ਵੇਲੇ ਓਹਨਾ ਫੁੱਲਾਂ ਨੂੰ ਹਥ 'ਚ ਫੜ ਟ੍ਰੇਨ ਚੜਿਆ ਤਾਂ ਅੱਗੇ ਲੰਬੀ ਖੂਬਸੂਰਤ ਪੁਲੀਸ ਮੁਲਾਜ਼ਮ ਖੜੀ ਸੀ । ਫੁੱਲ ਵੇਂਹਦਿਆਂ ਈ ਉਸਨੂੰ ਮਜ਼ਾਕ ਜਿਹਾ ਸੁੱਝਿਆ ਤੇ ਬੁੱਲੀਂ ਮੁਸਕੁਰਾਹਟ ਲਿਆਉਂਦਿਆਂ ਆਖਣ ਲੱਗੀ, ' ਲਗਦਾ ਤੂੰ ਮੇਰੇ ਲਈ ਲਿਆਇਆ ਏਂ...!

ਸ਼ੁਕਰੀਆ ਇੰਨੇ ਸੋਹਣੇ ਫੁੱਲਾਂ ਲਈ "  ਮੁੰਡੇ ਨੇ ਫਟਾਫਟ ਬੁੱਕੇ ਉਹਦੇ ਮੂਹਰੇ ਕਰ ਦਿੱਤਾ ਤੇ ਉਹਨੇ ਨਿਮਰਤਾ ਸਹਿਤ ਧੰਨਵਾਦ ਕਰਦਿਆਂ ਕਿਹਾ ਕਿ ਓਹ ਮਜ਼ਾਕ ਕਰਦੀ ਸੀ । ਉਸਦੀ ਨੌਕਰੀ ਉਸ ਨੂੰ ਕਿਸੇ ਤੋਂ ਕੋਈ ਚੀਜ਼ ਲੈਣ ਦੀ ਆਗਿਆ ਨਹੀਂ ਦਿੰਦੀ । ਫਿਰ ਓਹ ਕਾਫੀ ਸਮਾਂ ਖ਼ੁਸ਼ਨੁਮਾ ਮਾਹੋਲ 'ਚ ਗੱਲਾਂ ਕਰਦੀ ਰਹੀ । ਉਸਦੀ  ਮੁਸਕਾਨ ਤੇ ਮਜ਼ਾਕੀਆ ਲਹਿਜ਼ੇ ਨੇ ਕੋਲ ਖੜੋਤੇ ਯਾਤਰੂਆਂ ਦੇ ਚਿਹਰਿਆਂ ਤੇ ਕੁਝ ਕੁ ਪਲਾਂ ਦੀ ਅਚਨਚੇਤ ਖੁਸ਼ੀ ਦਿੱਤੀ । ਅਗਲੇ ਸਟੇਸ਼ਨ ਤੇ ਭਾਵੇਂ ਉਹ ਆਪਣੇ ਸਾਥੀ ਮੁਲਾਜ਼ਮ ਨਾਲ ਓਹ ਉੱਤਰ ਗਈ, ਪਰ ਸਾਰੇ ਸਫਰ ਦੌਰਾਨ ਉਸਦੇ ਮਿਠੜੇ ਬੋਲਾਂ ਤੇ ਰੋਣਕੀ ਸੁਭਾਅ ਦੀ ਗਾਥਾ ਚਲਦੀ ਰਹੀ ।


ਇਕ ਵਾਰ ਮੈਂ ਘਰ ਬੈਠਾ ਤੇ ਬੂਹਾ ਖੜਕਿਆ । ਜਦ ਮੈਂ ਬਾਹਰ ਨਿਕਲਿਆ ਤਾਂ ਬਾਹਰ ਪੁਲੀਸ ਵਾਲਾ ਖੜਾ, ਮੈਂ ਹੈਰਾਨ ਹੁੰਦੇ ਤੇ ਡਰਦੇ ਜਿਹੇ ਨੇ ਉਹਦੀ ਹੈਲੋ ਦਾ ਜੁਆਬ ਦਿੱਤਾ । ਉਹਨੇ ਘਰ ਦੇ ਨੇੜੇ ਵਾਪਰੀ ਬੀਤੀ ਰਾਤ ਦੀ ਕਿਸੇ ਘਟਨਾ ਬਾਰੇ ਮੈਥੋਂ ਪੁਛਿਆ । ਮੈਂ ਸੋਰੀ ਕਹਿੰਦਿਆਂ ਆਪਣੀ ਅਗਿਆਨਤਾ ਪ੍ਰਗਟਾਈ ਤੇ ਓਹ 'ਇਟਸ ਆਲ ਰਾਇਟ ਐਂਡ ਸੋਰੀ ਟੂ ਡਿਸਟਰਬ ਯੂ ' ਕਹਿੰਦਿਆਂ ਗਵਾਂਢੀਆਂ ਦੇ ਦਰਵਾਜ਼ੇ ਬੈੱਲ ਵਜਾਉਣ ਜਾ ਖਲੋਤਾ । ਕੋਈ ਬੋਲ-ਕਬੋਲ, ਧੱਕਾ-ਮੁੱਕੀ ਜਾਂ ਧਮਕੀ ਨਹੀਂ...ਸਿਰਫ ਮੇਰੇ ਮੂੰਹੋਂ ਨਿਕਲੇ ਚਾਰ ਸ਼ਬਦਾਂ ਦੇ ਯਕੀਨ ਸਹਾਰੇ ਓਸਨੇ ਰਵਾਨਗੀ ਲਈ । ਬੜੀ ਯਾਦ ਆਈ ਉਦੋਂ ਮੇਰੀ ਜਨਮ ਭੂਮੀ ਦੀ ਪੁਲੀਸ..ਤੇ ਪੁੱਛਗਿੱਛ ਦੇ ਢੰਗ ..!!


ਇਕ ਵਾਰ ਅਜੇ ਮਹੀਨਾ ਕੁ ਈ ਹੋਇਆ ਸੀ ਮੇਲਬਰਨ ਆਇਆਂ ਨੂੰ। ਮੈਂ ਅਮਰਦੀਪ ਵੀਰਾ ਤੇ ਮਿੰਟੂ ਇਕ ਪੁਲੀਸ ਸਟੇਸ਼ਨ ਗਏ । ਸ਼ਾਇਦ ਕੋਈ ਫਾਰਮ ਤੇ ਦਸਤਕ ਕਰਵਾਉਣੇ ਸਨ । ਇਹ ਦੋਵੇਂ ਮੇਰੇ ਪਿਛੇ, ਤੇ ਮੈਂ ਬਾਹਰਲੇ ਮੁਲਕ ਦੇ ਥਾਣੇ ਦੇ ਚਾਆਂ 'ਚ ਮੂਹਰੇ । ਮੈਂ ਅੰਦਰ ਵੜ ਗਿਆ ਸ਼ੀਸ਼ੇ ਦੇ ਦਰਵਾਜ਼ੇ ਰਾਹੀਂ ਤੇ ਕਾਊਂਟਰ ਤੇ ਖੜੇ ਅਫਸਰ ਨੇ ਦੂਰੋਂ ਆਉਂਦੇ ਨੂੰ ਈ ਬੜੇ ਆਦਰ ਨਾਲ ਪੁੱਛਿਆ, ' ਹੈਲੋ ਸਰ, ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ...? ਮੈਂ ਦਬਦਬ ਪਿੱਛੇ ਮੁੜ ਕੇ ਵੇਖਿਆ ਸ਼ਾਇਦ ਇਹਦਾ ਵੱਡਾ ਸਰ ਮੇਰੇ ਮਗਰ ਆ ਰਿਹਾ ਜਾਂ ਖੜਾ ਹੈ । ਉਹ ਤਾਂ ਮੇਰੇ ਨਾਲਦਿਆਂ ਨੂੰ ਮਗਰ ਖਲੋਤੇ ਵੇਖ ਮੇਰੇ ਖਾਨੇ ਗੱਲ ਪਈ ਕਿ ' ਭੁੱਲਰਾ ਆਪਾਂ ਈ ਸਰ ਹੁੰਨੇ ਆਂ ' । ਥਾਣੇ 'ਚ ਇੰਨੀ ਇੱਜ਼ਤ ਹਜ਼ਮ ਨਹੀਂ ਹੋ ਰਹੀ ਸੀ, ਕਿਉਂਕਿ ਇੱਕ ਮਹੀਨਾ ਪਹਿਲਾਂ ਈ ਪੰਜਾਬ ਤੋਂ ਆਇਆ ਸੀ ਤੇ ਤਿੰਨ ਕੁ ਮਹੀਨੇ ਪਹਿਲਾਂ ਥਾਣੇ ਚੋਂ 'ਸਨਮਾਨ' ਕਰਵਾ ਕੇ ਆਇਆ ਸੀ... ਲਓ ਪੜ ਲਵੋ ਓਹ 'ਸਨਮਾਨਜਨਕ' ਘਟਨਾ ਵੀ...

ਗੱਲ ਇਓਂ ਹੋਈ ਕਿ ਸਾਡੇ ਕਿਸੇ ਰਿਸ਼ਤੇਦਾਰਾਂ ਦੇ ਜ਼ਮੀਨ ਦੇ ਝਗੜੇ ਦੀ ਗੱਲ  ਥਾਣੇ ਤੱਕ ਜਾ ਪਹੁੰਚੀ । ਜਦ ਰਿਸ਼ਤੇਦਾਰਾਂ ਨਾਲ ਥਾਣੇ ਜਾਣ ਲਈ ਮੇਰੇ ਡੈਡੀ ਤੇ ਤਾਏ ਨੇ ਤਿਆਰੀ ਖਿੱਚੀ ਤਾਂ ਮੈਂ ਵੀ ਕਦੇ ਥਾਣਾ ਨਾ ਦੇਖਿਆ ਹੋਣ ਕਾਰਨ ਆਪਣੀ ਇਛਾ ਪ੍ਰਗਟ ਕਰ ਦਿੱਤੀ । ਡੈਡੀ ਨੇ ਵੀ ਸੋਚਿਆ ਚਲੋ ਲੈ ਚਲਦੇ ਆਂ, ਮੁੰਡੇ ਦੀ ਜਾਣਕਾਰੀ ਈ ਵਧਦੀ ਆ, ਜਿੰਨਾ ਕਿਤੇ ਜਾਊ-ਆਊ । ਲਓ ਜੀ ਆਪਾਂ ਜਾ ਅਲਖ ਜਗਾਈ ਤਿੰਨਾਂ ਨੇ, ਉਥੇ ਦੋਵੇਂ ਝਗੜੇ ਵਾਲੀਆਂ ਧਿਰਾਂ ਵੀ ਪਹੁੰਚੀਆਂ ਹੋਈਆਂ ਸੀ । ਸਾਬ ਅਜੇ ਥਾਨਿਓਂ ਬਾਹਰ ਈ ਸੀ । ਹੋਰ ਲੋਕ ਵੀ ਆਪੋ ਆਪਣੇ ਕੰਮਾਂ ਧੰਦਿਆਂ ਤੇ ਝਗੜਿਆਂ ਕਰਕੇ ਉਥੇ ਪਹੁੰਚੇ ਹੋਏ ਸੀ । ਕੋਈ ਪਾਰਕ ਕੀਤੇ ਸਕੂਟਰ, ਮੋਟਰ ਸਾਇਕਲ ਤੇ ਸੀਟ ਤੇ ਬੈਠਾ ਸੀ ਤੇ ਕੋਈ ਮਚੇ ਜਿਹੇ ਘਾਹ ਤੇ ਪਰਨਾ ਵਿਛਾ ਉਡੀਕ ਕਰ ਰਿਹਾ ਸੀ ਸਾਬ ਦੀ । ਮੈਨੂੰ ਪਿਆਸ ਲੱਗੀ ਤੇ ਤਾਏ ਨੂੰ ਨਲਕੇ, ਟੂਟੀ ਬਾਰੇ ਪੁੱਛਿਆ । 'ਐਥੋਂ ਸੱਜੇ, ਕੁਆਟਰਾਂ ਮੂਹਰ ਦੀ ਲੰਘ ਕੇ ਖੱਬੇ ਹੋ ਜੀਂ, ਨਾਲ ਈ ਆ ਨਲਕਾ ਡੇਕਾਂ ਜੀਆਂ ਕੋਲ', ਤਾਏ ਨੇ ਡੱਕੇ ਨਾਲ ਭੁੰਜੇ ਨਕਸ਼ਾ ਜਿਹਾ ਵਾਹੁੰਦਿਆਂ ਗੱਲ ਖਾਨੇ ਪਾਉਣ ਦੀ ਕੋਸ਼ਿਸ ਕੀਤੀ । ਮੈਂ ਕੁੜਤਾ ਪਜਾਮਾ ਪਾਇਆ ਤੇ ਸਿਰ ਤੇ ਪਰਨਾ ਬੰਨਿਆਂ ਹੋਇਆ ਸੀ । ਉਤਸੁਕਤਾ ਨਾਲ ਥਾਣਾ ਦਰਸ਼ਨ ਕਰਦਾ, ਜਦ ਸ਼ਾਇਦ ਕੁਆਟਰਾਂ ਕੋਲ ਦੀ ਲੰਘਣ ਲੱਗਾ ਤਾਂ ਦਰਖਤ ਹੇਠ, ਨੰਗੇ ਸਿਰ ਇੱਕਲੀ ਲਾਲ ਫਿਫਟੀ ਮਥੇ ਤੇ ਬੰਨੀ, ਹਥ 'ਚ ਪੱਗ ਫੜੀ ਖੜਾ ਵਰਦੀਧਾਰੀ ਮੁਲਾਜ਼ਮ ਨਜਰੀਂ ਪਿਆ ।

ਮੈਨੂੰ ਵੇਖਣ ਸਾਰ ਕਹਿੰਦਾ, ' ਕਿਧਰ ਮੂੰਹ ਚੱਕਿਆ, ਉਰੇ ਆ ਓਏ ਭੈਂ.....  ਪੂਣੀ ਕਰਾ ਪੱਗ ਦੀ ' । ਯਾਰ ਹੁਰੀਂ ਪੱਗ ਦੀ ਪੂਣੀ ਕਰਵਾ ਉਹਨੀਂ ਪੈਰੀਂ ਵਾਪਿਸ ਮੁੜ ਆਏ ਕਿਉਂਕਿ ਮੇਰੀ ਪਾਣੀ ਦੀ ਪਿਆਸ ਤਾਂ ਉਹਦੀ ਪੈਪਸੀ ਵਰਗੀ ਗਾਲ ਨਾਲ ਈ ਉੱਡ ਗਈ ਸੀ ।

ਜਦ ਵੀ ਕਿਧਰੇ ਆਸਟ੍ਰੇਲੀਆ ਦੀ ਪੁਲੀਸ ਪਿਆਰ ਨਾਲ ਪੇਸ਼ ਆਉਂਦੀ ਨਜ਼ਰੀਂ ਪੈਂਦੀ ਹੈ ਤਾਂ ਮੈਨੂੰ ਬਿਨਾਂ ਕਸੂਰੋਂ ਗਾਲਾਂ ਖਾ ਬਿਨਾਂ 'ਥੈਂਕ ਯੂ' ਸੁਣੇ, ਪੱਗ ਦੀ ਕਰਵਾਈ ਪੂਣੀ ਵੀ ਨਾਲੋ ਨਾਲ ਚੇਤੇ ਆ ਜਾਂਦੀ ਹੈ...!

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ