Fri, 19 April 2024
Your Visitor Number :-   6983477
SuhisaverSuhisaver Suhisaver

ਉਹ ਪਾਗਲ ਨਹੀਂ ਸੀ. . . - ਰਮੇਸ਼ ਸੇਠੀ ਬਾਦਲ

Posted on:- 08-05-2015

suhisaver

ਜਦੋਂ ਵੀ ਉਸ ਨੂੰ ਥੋੜੀ ਜਿਹੀ ਸੁਰਤ ਆਉਂਦੀ ਉਹ ਇੱਕੋ ਹੀ ਫਿਕਰਾ ਬੋਲਦਾ । ਡਾਕ ਸਹਿਬ ਮੈਂ ਪਾਗਲ ਨਹੀਂ ਹਾਂ।ਮੈਂ ਪਾਗਲ ਨਹੀਂ ਹਾਂ। ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀ ਝੱਟ ਉਸ ਦੇ ਨਸੇ਼ ਦਾ ਟੀਕਾ ਲਾ ਦਿੰਦੇ। ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸ਼ਿਸ਼ ਕਰਦਾ। ਪਰ ਅਸੀ ਆਪਣੀ ਸਹੂਲੀਅਤ ਲਈ ਉਸਦੇ ਜਬਰੀ ਟੀਕਾ ਲਾ ਹੀ ਦਿੰਦੇ।ਤੇ ਉਹ ਪੰਜ ਮਿੰਟਾ ਵਿੱਚ ਹੀ ਸੋਂ ਜਾਂਦਾ। ਹਸਪਤਾਲ ਦਾ ਸਾਰਾ ਸਟਾਫ ਉਸ ਕੋਲੋਂ ਬਹੁਤ ਪ੍ਰਸ਼ਾਨ ਸੀ। ਕਿਉਂਕਿ ਉਹ ਹਰ ਨਰਸ ਡਾਕਟਰ ਕੰਪਾਊਡਰ ਤੇ ਸਫਾਈ ਵਾਲਾ ਜੋ ਵੀ ਉਸ ਦੇ ਨੇੜੇ ਜਾਂਦਾ ਇਹ ਉਸ ਨੂੰ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ।ਬਹੁਤ ਲੰਮੀਆਂ ਲੰਮੀਆਂ ਗੱਲਾਂ ਕਰਦਾ। ਕਿਸੇ ਗੱਲ ਦਾ ਕੋਈ ਸਿਰਾ ਨਹੀਂ ਸੀ ਹੁੰਦਾ। ਪਰ ਇਹ ਜ਼ਰੂਰ ਆਖਦਾ ਡਾਕ ਸਾਹਿਬ ਮੈਂ ਪਾਗਲ ਨਹੀਂ ਹਾਂ। ਡਾਕ ਸਾਹਿਬ ਮੈਂ ਪਾਗਲ ਨਹੀਂ ਹਾਂ।

ਭਾਰਤ ਦਿਮਾਗੀ ਹਸਪਤਾਲ ਵਿੱਚ ਅਕਸਰ ਅਜਿਹੇ ਮਰੀਜ ਆਉਂਦੇ ਹੀ ਰਹਿੰਦੇ ਹਨ। ਸਾਨੂੰ ਇੱਕੋ ਗੱਲ ਸਿਖਾਈ ਜਾਂਦੀ ਹੈ ਕਿ ਕੋਈ ਵੀ ਪਾਗਲ ਆਪਣੇ ਆਪ ਨੂੰ ਪਾਗਲ ਮੰਨਣ ਲਈ ਤਿਆਰ ਨਹੀਂ ਹੁੰਦਾ। ਤੇ ਨਸ਼ੇ ਦਾ ਟੀਕਾ ਹੀ ਉਸ ਦਾ ਹੱਲ ਹੁੰਦਾ ਹੈ।ਇਸਦਾ ਪਤਾ ਲੈਣ ਬਹੁਤ ਸਾਰੇ ਲੋਕ ਆਉਂਦੇ ਹਨ । ਜਿਵੇਂ ਇਹ ਪੜ੍ਹਿਆ ਲਿਖਿਆ ਹੈ ਇਸਦੇ ਰਿਸ਼ਤੇਦਾਰ ਵੀ ਪੜ੍ਹੇ ਲਿਖੇ ਤੇ ਚੰਗੀਆਂ ਪੋਸਟਾ ਤੇ ਲੱਗੇ ਹੋਏ ਲਗਦੇ ਹਨ। ਉਹ ਅਕਸਰ ਸਵੇਰੇ ਸ਼ਾਮ ਹਸਪਤਾਲ ਵਿੱਚ ਗੇੜਾ ਮਾਰਦੇ ਹਨ ।ਪਰ ਇਹ ਉਹਨਾਂ ਨੂੰ ਵੇਖ ਕੇ ਜ਼ਿਆਦਾ  ਚੀਕਦਾ ਤੇ ਕਦੇ ਕਦੇ ਉਹਨਾਂ ਨੂੰ ਆਪਣੇ ਕਮਰੇ ਵਿੱਚੋ ਹੀ ਬਾਹਰ ਕੱਢ ਦਿੰਦਾ ਤੇ ਉਹ ਵੀ ਭਾਰੀ ਮਨ ਨਾਲ ਬਾਹਰ ਨਿੱਕਲ ਜਾਂਦੇ। ਇਹ ਉਹਨਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢਦਾ।

ਮੈਨੂੰ ਇਸ ਹਸਪਤਾਲ ਚ ਕੰਮ ਕਰਦੀ ਨੂੰ ਚਾਹੇ ਪੰਜ ਛੇ ਸਾਲ ਹੋ ਗਏ ਹਨ। ਹਜ਼ਾਰਾਂ ਮਰੀਜ ਆਏ ਤੇ ਹਜ਼ਾਰਾਂ ਦਾ ਇਲਾਜ ਕੀਤਾ, ਪਰ ਕਦੇ ਕਿਸੇ ਮਰੀਜ ਦਾ ਪਿਛੋਕੜ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ।ਇਸ ਮਰੀਜ ਦੀਆਂ ਗੱਲਾਂ ਮੈਨੂੰ ਕੁਝ ਸੱਚ ਜਿਹੀਆਂ ਲੱਗਦੀਆਂ। ਮੇਰਾ ਬਥੇਰਾ ਦਿਲ ਕਰਦਾ ਕਿ ਇਸ ਦੀ ਵਿਥਿਆ ਸੁਣਾ। ਪਰ ਹਸਪਤਾਲ ਦੇ ਨਿਯਮ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦੇ। ਬਾਕੀ ਡਾਕਟਰ ਸਾਹਿਬ ਵੀ ਕਿਸੇ ਹਸਪਤਾਲ ਦੇ ਮੁਲਾਜ਼ਮ ਦੀ ਕਿਸੇ ਮਰੀਜ ਨਾਲ ਨੇੜਤਾ ਬਰਦਾਸਤ ਨਹੀਂ ਸੀ ਕਰਦੇ। ਕਿਉਂਕਿ ਜਦੋਂ ਕੋਈ ਹਸਪਤਾਲ ਦਾ ਵਰਕਰ ਮਰੀਜ ਨਾਲ ਨੇੜਤਾ ਵਧਾਏਗਾ ਤਾਂ ਉਹ ਹਸਪਤਾਲ ਦਾ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ। ਪਰ ਇਹ ਹਰ ਇੱਕ ਨੂੰ ਡਾਕ ਸਹਿਬ ਆਖਕੇ ਹੀ ਬਲਾਉਂਦਾ ਜੋ ਵੀ ਇਸ ਦੇ ਬੈਡ ਦੇ ਨੇੜੇ ਆਉਂਦਾ ।ਬਾਕੀ ਦੇ ਕਰਮਚਾਰੀ ਇਸ ਦੀਆਂ ਗੱਲਾਂ ਤੇ ਹੱਸਦੇ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਮਰੀਜ ਚ ਅਪਨੱਤ ਜਿਹੀ ਦਿਸਦੀ ਤੇ ਮੈਨੂੰ ਆਪਣੇ ਪਾਪਾ ਦੀ ਝਲਕ ਜਿਹੀ ਨਜਰ ਆਉਂਦੀ। ਪਰ ਫਿਰ ਵੀ ਮੈਂ ਆਪਣੇ ਕੰਮ ਵੱਲ ਹੀ ਧਿਆਨ ਦਿੰਦੀ।

ਉਸ ਦਿਨ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਇਸ ਨੇ ਟੀਕਾ ਲਾਉਂਦੀ ਦੀ ਮੇਰੀ ਬਾਂਹ ਫੜ੍ਹ ਲਈ। ਤੇ ਕਹਿੰਦਾ ਪਹਿਲਾ ਮੇਰੀ ਗੱਲ ਸੁਣੋਂ ਫਿਰ ਟੀਕੇ ਚਾਹੇ ਇੱਕ ਦੀ ਬਜਾਏ ਦੋ ਲਾ ਦਿਉ। ਮੈਂ ਕਿਹਾ ਚੰਗਾ ਦੱਸੋ ਤੇ ਮੈਂ ਇਸ ਦੇ ਬੈਡ ਦੇ ਕਿਨਾਰੇ ਤੇ ਹੀ ਬੈਠ ਗਈ।ਇਸਨੇ ਅਜੇ ਬੋਲਣਾ ਹੀ ਸ਼ੁਰੂ ਕੀਤਾ ਸੀ ਤੇ ਇਹ ਹੁਭਕੀਆਂ ਭਰਕੇ ਰੋਣ ਲੱਗ ਪਿਆ। ਕਾਫੀ ਦੇਰ ਰੋਣ ਤੋਂ ਬਾਅਦ ਜਦੋਂ ਇਹ ਚੁੱਪ ਹੋਇਆ ਤਾਂ ਕਹਿੰਦਾ ਡਾਕ ਸਾਹਿਬ ਮੈਂ ਪਾਗਲ ਨਹੀਂ ਹਾਂ। ਮੈਂ ਕਿਹਾ ਇਹ ਤਾਂ ਮੈਨੂੰ ਪਤਾ ਹੈ ਅੱਗੇ ਦੱਸੋ ਗੱਲ ਕੀ ਹੈ ਤੁਸੀ ਇਸ ਤਰ੍ਹਾਂ ਕਿਉ ਕਰਦੇ ਹੋ। ਕਿਉਂ ਤੁਸੀ ਸਾਰਿਆਂ ਨੂੰ ਪ੍ਰੇਸ਼ਾਨ ਕਰਦੇ ਹੋ। ਆਂਟੀ ਜੀ ਕਿੰਨਾ ਰੋਂਦੇ ਹਨ। ਬਾਕੀ ਰਿਸ਼ਤੇਦਾਰ ਕਿੰਨਾ ਪ੍ਰੇਸ਼ਾਨ ਹਨ ਤੁਹਾਡੇ ਕਰਕੇ। ਮੈਂ ਉਸ ਨੂੰ ਵਲਚਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ।ਮੇਰੇ ਉਸ ਨੂੰ ਆਦਰ ਨਾਲ ਬਲਾਉਣ ਦਾ ਹੀ ਅਸਰ ਸੀ ਕਿ ਉਹ ਆਰਾਮ ਨਾਲ ਬੈਠ ਗਿਆ ਤੇ ਉਸ ਨੇ ਫਿਰ ਤੋਂ ਬੋਲਣਾ ਸ਼ੁਰੂ ਕੀਤਾ।

ਡਾਕ ਸਾਹਿਬ ਦਰ ਅਸਲ ਗੱਲ ਇਹ ਹੈ ਕਿ ਮੈਨੂੰ ਇਹਨਾਂ ਨੇ ਹੀ ਦੁਖੀ ਕੀਤਾ ਹੈ, ਜਿਹੜੇ ਅੱਜ ਮੇਰੇ ਹਮਦਰਦ ਬਣਦੇ ਹਨ। ਆਹ ਜੋ ਤਿੰਨ ਚਾਰ ਫਿਰਦੇ ਹਨ ਲੋਕਾਂ ਦੀ ਹਮਦਰਦੀ ਬਟੋਰਦੇ ਇਹ ਹੀ ਮੇਰੀ ਇਸ ਹਾਲਤ ਦੇ ਜ਼ਿੰਮੇਵਾਰ ਹਨ। ਮੇਰੀ ਖੁਸਹਾਲ ਜ਼ਿੰਦਗੀ ਨੂੰ ਖਤਮ ਕਰਨ ਵਾਲੇ ਇਹੀ ਹਨ। ਮੈਂ ਕੀ ਕੀ ਦੱਸਾਂ। ਮੈਂ ਇਹਨਾਂ ਹੀ ਹਾਂ ਵਿਚ ਹਾਂ ਨਹੀਂ ਮਿਲਾਈ। ਇਹ ਚਾਰੇ ਮੇਰੇ ਹੀ ਖਿਲਾਫ ਹੋ ਗਏ। ਮੇਰੇ ਖਿਲਾਫ ਹੀ ਸਾਜ਼ਿਸ਼ਾਂ ਘੜ੍ਹਣ ਲੱਗ ਪਏ। ਇਹਨਾਂ ਦੀਆਂ ਕਰਤੂਤਾਂ ਤੇ ਨਲਾਇਕੀਆਂ ਨੇ ਮੈਨੂੰ ਹੀ ਪਾਗਲ ਕਰ ਦਿੱਤਾ।

ਆਹ ਜਿਹੜਾ ਸਭ ਤੋਂ ਵੱਡਾ ਹੈ, ਨਿਮਰਤਾ ਦੀ ਮੂਰਤ ਨਜ਼ਰ ਆਉਂਦਾ ਹੈ, ਇਹ ਮਾਂ ਪਿਉ ਨੂੰ ਪੈਨਸ਼ਨ ਬਦਲੇ ਰੋਟੀ ਦਿੰਦਾ ਹੈ । ਮਾਂ ਪਿਉ ਦੇ ਬੋਲਣ ਤੇ ਸਮਾਜ ਵਿੱਚ ਵਰਤਣ ਤੇ ਪੂਰੀ ਪਾਬੰਦੀ ਲਾਈ ਬੈਠਾ ਹੈ।ਇਹ ਮਾਂ ਦੇ ਫੋਨ ਤੇ ਵੀ ਕੰਟਰੋਲ ਰੱਖਦਾ ਹੈ। ਇਸ ਨੂੰ ਭੈਣਾਂ ਦੇ ਬਾਰ ਬਾਰ ਪੇਕੇ ਆਉਣ ਤੇ ਵੀ ਇਤਰਾਜ ਹੈ।ਇਸੇ ਕਰਕੇ ਹੀ ਇਸਨੇ ਆਪਣੀ ਸਕੀ ਭੈਣ ਨੂੰ ਆਪਣੇ ਘਰੇ ਆਉਣ ਤੋ ਰੋਕ ਦਿੱਤਾ।ਮਾਂਵਾਂ ਧੀਆਂ ਨੂੰ ਦੁੱਖ ਸੁਖ ਸਾਂਝਾ ਨਹੀਂ ਕਰਨ ਦਿੰਦਾ। ਹਾਂ ਜੀ ਜੀ ਕਰਨ ਨੂੰ ਬਹੁਤ ਹੁਸਿ਼ਆਰ ਹੈ। ਮਾਮਾ ਮਾਸੀ ਭੂਆ ਗੱਲ ਕੀ ਹਰ ਇੱਕ ਨੂੰ ਪੈਰੀ ਪੈਣਾ ਇਸ ਦੀ ਆਦਤ ਹੈ । ਪਰ ਦਿਲ ਦਾ ਖੋਟਾ ਹੈ ਤੇ ਕਿਸੇ ਦਾ ਵੀ ਸਕਾ ਨਹੀਂ। ਇਹ ਆਦਤਣ ਭਾਨੀ ਮਾਰ ਹੈ। ਇਹੀ ਬਾਕੀ ਦੇ ਤਿੰਨੇ ਭਰਾਞਾਂ ਨੂੰ ਆਪਣੇ ਮਗਰ ਲਾਈ ਫਿਰਦਾ ਹੈ।ਪੈਸੇ ਦਾ ਪੀਰ ਤੇ ਚੀਪੜ ਹੈ । ਹੁਣ ਤੂੰ ਹੀ ਦੱਸ ਮੈਂ ਇਸ ਦੇ ਗੁਣ ਕਿਵੇ ਗਾਂਵਾਂ ਤੇ ਕਿਸ ਮੂੰਹ ਨਾਲ ਇਸ ਨੂੰ ਜੀ ਜੀ ਆਖਾਂ ? ਕੀ ਮੈਂ ਵੀ ਇਸ ਦੀਆਂ ਗੱਲ ਨਾਲ ਸਹਿਮਤ ਹੋ ਜਾਵਾਂ? ਜੇ ਨਹੀਂ ਤਾਂ ਫਿਰ ਮੈਂ ਪਾਗਲ ਹਾਂ।

ਤੇ ਹੁਣ ਗੱਲ ਇਸ ਦੂਜੇ ਦੀ ਕਰਦੇ ਹਾਂ। ਪੜ੍ਹਿਆ ਲਿਖਿਆ ਅਫਸਰ ਹੈ, ਪਰ ਦਿਮਾਗ ਦਾ ਕੋਰਾ ਹੈ। ਬਸ ਇਸ ਨੂੰ ਆਪਣੇ ਸਹੁਰੇ ਤੇ ਬੱਚੇ ਹੀ ਦਿਸਦੇ ਹਨ। ਕਿਸੇ ਭੈਣ ਭਰਾ ਭੂਆ ਮਾਸੀ ਨਾਲ ਕੋਈ ਮਤਲਬ ਨਹੀਂ ।ਹਾਂ ਵੱਡੇ ਨਾਲ ਇਸ ਦੀ ਸ਼ੁਰੂ ਤੋਂ ਹੀ ਨਹੀਂ ਬਣੀ ਕਿਉਂਕਿ ਇਹ ਵੱਡੇ ਦਾ ਸਾਂਢੂ ਨਹੀਂ ਬਣਿਆ ਤੇ ਇਸ ਦਾ ਖੋਰ ਵੱਡੇ ਤੇ ਉਸ ਦੇ ਘਰਆਲੀ ਨੇ ਦਿਲੋ ਨਹੀਂ ਗਵਾਇਆ। ਪਰ ਹੁਣ ਇਹ ਭਰਾਵਾਂ ਦੀ ਯੂਨੀਅਨ ਦਾ ਸਰਗਰਮ ਮੈਂਬਰ ਹੈ। ਪੁਰਾਣੇ ਮਿਹਣੇ ਦੇਣ ਦੇ ਮਾਮਲੇ ਵਿੱਚ ਜਨਾਨੀਆਂ ਵੀ ਇਸ ਤੋ ਕਾਫੀ ਪਿੱਛੇ ਹਨ।ਇਸ ਦੇ ਆਧਾਰ ਹੀਣ ਤਰਕ ਜੱਗ ਤੋ ਨਿਰਾਲੇ ਹੁੰਦੇ ਹਨ।ਤੇ ਇਸ ਦਾ ਗੁੱਸਾ ਵੀ ਕੀ ਕਰਨਾ।ਬੱਚੇ ਵੀ ਇਸ ਤੇ ਹਸਦੇ ਹਨ।ਬਹੁਤਾ ਸਿਆਣਾ ਬਣਦਾ ਹੈ ਤੇ ਇਹੀ ਮੈਨੂੰ ਪਾਗਲ ਦਸਦਾ ਹੈ।ਪਰ ਮੈਂਨੂੰ ਤਾਂ ਇਹ ਪਾਗਲ ਲੱਗਦਾ ਹੈ। ਜਦੋਂ ਕਿ ਮੈਂ ਪਾਗਲ ਨਹੀਂ ਹਾਂ । ਪਾਗਲ ਤਾਂ ਇਹ ਹੈ।

ਆਹ ਨਿੱਕਾ, ਪਤਾ ਨਹੀਂ ਇਸ ਨੇ ਆਪਣੀ ਅਕਲ ਕਿੱਥੇ ਗਹਿਣੇ ਰੱਖੀ ਹੋਈ ਹੈ ਠੀਕ ਹੈ ਵੱਡੇ ਦਾ ਕਹਿਣਾ ਮੰਨਕੇ ਉਸ ਦਾ ਸਾਢੂ ਬਣ ਗਿਆ । ਪਰ ਇਸ ਦਾ ਇਹ ਮਤਲਬ ਵੀ ਤਾਂ ਨਹੀਂ ਕਿ ਇਸ ਦੀ ਆਪਣੀ ਜਮੀਰ ਮਰ ਗਈ।ਵੱਡੇ ਨੂੰ ਤੇ ਉਸਦੀ ਘਰਵਾਲੀ ਯਾਨੀ ਆਪਣੀ ਸਾਲੀ ਨੂੰ ਖੁਸ ਕਰਨ ਦਾ ਮਾਰਾ ਸਾਰੇ ਰਿਸ਼ਤੇ ਨਾਤਿਆਂ ਨੂੰ ਤਾਕ ਵਿੱਚ ਰੱਖਕੇ ਹਰ ਇੱਕ ਨੂੰ ਅਵਾ ਤਵਾ ਬੋਲਦਾ ਹੈ। ਤੇ ਵੱਡੇ ਦੀਆਂ ਉ਼ਗਲਾਂ ਤੇ ਚੜ੍ਹਿਆ ਹਰ ਕਿਸੇ ਦੀ ਬੇਇਜ਼ਤੀ ਕਰਨ ਲੱਗਿਆ ਪਲ ਨਹੀਂ ਲਾਉਂਦਾ। ਮਾਂ ਪਿਉ ਦਾ ਹਮਦਰਦ ਬਨਣ ਦਾ ਢੋਂਗ ਕਰਨ ਵਾਲਾ ਇਹ ਅੱਸੀ ਸਾਲਾ ਮਾਂ ਪਿਉ ਨੂੰ ਇੱਕਲਿਆਂ ਛੱਡ ਕੇ ਸ਼ਹਿਰ ਆ ਗਿਆ ਸੀ।ਇਸ ਨੇ ਇਹ ਨਹੀਂ ਸੋਚਿਆ ਸੱਤਰ ਸਾਲਾ ਬਜ਼ੁਰਗ ਮਾਂ ਰੋਟੀ ਕਿਵੇ ਪਕਾਵੇਗੀ? ਇਹਨੇ ਕਦੇ ਨਹੀਂ ਸੋਚਿਆ ਕਿ ਮਾਂ ਪਿਉ ਨੇ ਇਸ ਨੂੰ ਕਿਵੇ ਪੜਾਇਆ ਹੈ। ਤੇ ਉਸੇ ਮਾਂ ਨੂੰ ਭੱਜ ਭੱਜ ਪੈਂਦਾ ਹੈ। ਭੈਣ ਦਾ ਦੁਸ਼ਮਨ ਬਣਿਆ ਬੈਠਾ ਹੈ ਤੇ ਇਹ ਭੁੱਲ ਗਿਆ ਇਸ ਦੀ ਧੀ ਵੀ ਕਿਸੇ ਦੀ ਭੈਣ ਹੈ। ਜਿਵੇਂ ਤੂੰ ਆਪਣੇ ਮਾਂ ਪਿਉ ਤੇ ਭੇਣ ਨਾਲ ਕੀਤੀ ਹੈ ਜੇ ਕੱਲ੍ਹ ਨੂੰ ਤੇਰੇ ਪੁੱਤ ਨੇ ਵੀ ਇਹੀ ਕੀਤੀ ਤਾਂ ਫਿਰ ਕੀ ਕਰੇਗਾ। ਇਹੀ ਸੱਚ ਮੈਂ ਇਸ ਨੂੰ ਕਿਹਾ ਤਾਂ ਇਹ ਮੈਨੂੰ ਪਾਗਲ ਦੱਸਦਾ ਹੈ।

ਹੁਣ ਤੂੰ ਹੀ ਦੱਸ ਬੇਟਾ, ਮੈਂ ਪਾਗਲ ਹਾਂ ਜਾ ਇਹ ਪਾਗਲ ਹਨ, ਜਿਨ੍ਹਾਂ ਨੇ ਮਾਂ ਪਿਉ ਦੀ ਸੰਘੀ ਘੁੱਟ ਰੱਖੀ ਹੈ। ਵੈਸੇ ਹਾਂ ਤਾਂ ਮੈਂ ਪਾਗਲ ਹੀ ਜੋ ਇੰਨੇ ਸਾਲ ਇਹਨਾਂ ਦੇ ਜ਼ੁਲਮ ਦੇਖਦਾ ਆਇਆ ਤੇ ਚੁੱਪ ਰਿਹਾ।ਜੇ ਸੱਚ ਬੋਲਣਾ ਪਾਗਲਪਣ ਹੈ ਤਾਂ ਤੂੰ ਮੇਰੇ ਇੱਕ ਟੀਕਾ ਹੋਰ ਲਾ ਦੇ। ਨਹੀਂ ਅੰਕਲ ਤੁਸੀ ਬਿਲਕੁਲ ਠੀਕ ਹੋ।ਤੁਸੀ ਸੱਚੇ ਹੋ। ਅੰਕਲ ਮੈਨੂੰ ਮੇਰੇ ਤੇ ਸ਼ਰਮ ਆਉਂਦੀ ਹੈ ਕਿ ਮੈਂ ਵੀ ਤੁਹਾਨੂੰ ਪਾਗਲ ਸਮਝਦੀ ਰਹੀ। ਮੇਰੀਆਂ ਅੱਖਾਂ ਤੋਂ ਪਰਲ ਪਰਲ ਹੰਝੂ ਡਿਗਣ ਲੱਗੇ। ਮੈਨੂੰ ਲੱਗਿਆ ਅੰਕਲ ਤਾਂ ਪਾਗਲ ਨਹੀਂ ਹਨ ਪਰ ਮੈਂ ਜ਼ਰੂਰ ਪਾਗਲ ਸੀ, ਜੋ ਇਹਨਾਂ ਨੂੰ ਪਾਗਲ ਸਮਝ ਕੇ ਰੋਜ਼ ਨਸ਼ੇ ਦਾ ਟੀਕਾ ਲਾਉਂਦੀ ਰਹੀ।

ਮੈਂ ਬਿਨਾ ਟੀਕਾ ਲਾਏ ਹੀ ਅਣਖਾਧੀ ਰੋਟੀ ਵਾਲਾ ਆਪਣਾ ਟਿਫਨ ਚੁੱਕ ਕੇ ਸਦਾ ਲਈ ਉਸ ਹਸਪਤਾਲ ਚੋਂ ਬਾਹਰ ਆ ਗਈ ਜਿੱਥੇ ਇੰਨੇ ਸਮਝਦਾਰ ਲੋਕ ਪਾਗਲਾਂ ਦੇ ਬੈਡ ਤੇ ਪਾਗਲ ਬਣੇ ਪਏ ਹਨ ਤੇ ਅਸਲ ਪਾਗਲ ਮੀਜਾਜ਼ਪੁਰਸ਼ੀ ਕਰਦੇ ਨਜ਼ਰ ਆਉਂਦੇ ਹਨ ਅਤੇ ਲੋਕਾਂ ਚ ਸਿਆਣੇ ਸਮਝਦਾਰ ਹੋਣ ਦਾ ਦਾਅਵਾ ਕਰਦੇ ਹਨ।

ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ