Fri, 19 April 2024
Your Visitor Number :-   6983261
SuhisaverSuhisaver Suhisaver

…ਤੇ ਉਸ ਨੇ ਚਿੰਤਾ ਕਰਨੀ ਛੱਡ ਦਿੱਤੀ -ਅਵਤਾਰ ਸਿੰਘ ਬਿਲਿੰਗ

Posted on:- 07-06-2015

suhisaver

ਮੈਂ ਉਦੋਂ ਆਪਣੇ ਪਿੰਡ ਤੋਂ ਪੱਚੀ-ਤੀਹ ਕਿਲੋਮੀਟਰ ਦੂਰ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਵਾਂ ਨਵਾਂ ਲੈਕਚਰਾਰ ਬਣ ਕੇ ਗਿਆ ਸਾਂ। ਪੜ੍ਹਾਉਣ ਦੇ ਨਾਲ ਹੀ ਮੈਨੂੰ ਕਾਰਜਕਾਰੀ ਪ੍ਰਿੰਸੀਪਲ ਵਜੋਂ ਵੀ ਡਿਊਟੀ ਨਿਭਾਉਣੀ ਪੈਂਦੀ। ਉੱਥੇ ਉਮਰ ਵਿੱਚ ਮੇਰੇ ਨਾਲੋਂ ਸੀਨੀਅਰ ਇੱਕ ਅਧਿਆਪਕ, ਜਿਹੜਾ ਕਿਸੇ ਸਮੇਂ ਬਹੁਤ ਮਿਹਨਤੀ ਗਿਣਿਆ ਜਾਂਦਾ, ਕਿਰਦਾਰ ਵਿੱਚ ਹੁਣ ਵੀ ਬੜਾ ਗਿਆਨੀ-ਧਿਆਨੀ ਸੀ। ਹਰ ਕਿਸੇ ਨਾਲ ਮਿਲਾਪੜਾ ਅਤੇ ਮਿੱਠ ਬੋਲੜਾ। ਪੀਰੀਅਡ ਵੀ ਕੋਈ ਨਾ ਛੱਡਦਾ। ਪਰ ਹੁਣ ਉਹ ਸਦਾ ਚਿੰਤਾਗ੍ਰਸਤ ਰਹਿੰਦਾ। ਹਰ ਸਮੇਂ ਆਪਣੇ ਇੱਕੋ ਇੱਕ ਪੁੱਤਰ ਦੀ ਚਿੰਤਾ ਉਸ ਦਾ ਪਿੱਛਾ ਨਾ ਛੱਡਦੀ ਜਿਹੜਾ ਕਿਸੇ ਸਹਿਕਾਰੀ ਸੁਸਾਇਟੀ ਵਿੱਚ ਬਤੌਰ ਮੁਲਾਜ਼ਮ ਘਾਟਾ ਖਾ ਕੇ ਮਸਾਂ ਮਿਲੀ ਨੌਕਰੀ ਗੁਆ ਚੁੱਕਿਆ ਸੀ। ਆਧਿਆਪਕ ਦਾ ਇਕਲੌਤਾ ਮੁੰਡਾ ਹਰ ਰੋਜ਼ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋ ਕੇ ਪੂਰਾ ਦਿਨ ਠੇਕੇ ਉੱਤੇ ਗੁਜ਼ਾਰਦਾ। ਆਥਣ ਨੂੰ ਘਰ ਆ ਕੇ ਘਰਵਾਲੀ ਨਾਲ ਲੜਦਾ, ਕੁੱਟ-ਮਾਰ ਕਰਦਾ ਜਿਹੜੀ ਉਸ ਦੇ ਨਿੱਤ ਦੇ ਕਲੇਸ਼ ਦੀ ਸਤਾਈ ਹੋਈ, ਸੁੱਕ ਕੇ ਫੱਟੀ ਬਣ ਗਈ ਸੀ। ਆਪਣੇ ਪੁੱਤਰ ਦੀ ਹਾਲਤ ਨੂੰ ਦੇਖ ਕੇ ਉਹ ਸਾਊ, ਸ਼ਰੀਫ਼, ਵੈਸ਼ਨੂੰ ਅਧਿਆਪਕ ਮਨ ਹੀ ਮਨ ਖਿੱਝਦਾ-ਖਪਦਾ, ਰਿੱਝਦਾ ਰਹਿੰਦਾ।


ਸਵੇਰ ਵੇਲੇ ਹੋਸ਼ ਵਿੱਚ ਆਏ ਪੁੱਤਰ ਨੂੰ ਨਸੀਹਤਾਂ ਦਿੰਦਾ। ਲੜਕੇ ਦੇ ਸੁਹਿਰਦ ਦੋਸਤਾਂ ਅਤੇ ਕੁਝ ਸੂਝਵਾਨ ਰਿਸ਼ਤੇਦਾਰਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਕੋਲ ਜਾਣ ਲਈ ਉਹ ਮੰਨਿਆ ਨਹੀਂ। ਕਿਸੇ ਨੀਮ ਹਕੀਮ ਪਾਸੋਂ ਪੁੜੀਆਂ ਖੁਆ ਕੇ ਦੇਖ ਲਈਆਂ, ਪਰ ਗੱਲ ਨਾ ਬਣੀ। ਜਜ਼ਬਾਤੀ ਕਿਸਮ ਦਾ ਪਿਤਾ ਆਖ਼ਰ ਆਪ ਡਿਪਰੈਸ਼ਨ ਦਾ ਮਰੀਜ਼ ਹੋ ਗਿਆ। ਲੜਕੇ ਦੇ ਮਨ ਉੱਪਰ ਇਸ ਦਾ ਵੀ ਕੋਈ ਅਸਰ ਨਾ ਹੋਇਆ। ਆਰਥਿਕ ਪੱਖੋਂ ਵੀ ਪਰਿਵਾਰ ਨੂੰ ਖੋਰਾ ਲੱਗ ਰਿਹਾ ਸੀ।
ਉਹ ਅਧਿਆਪਕ ਸਕੂਲ ਜਾ ਕੇ ਸਭ ਤੋਂ ਅਲੱਗ ਬੈਠਾ ਰਹਿੰਦਾ। ਬੱਚਿਆਂ ਨੂੰ ਪੜ੍ਹਾਉਣ ਵਿੱਚ ਵੀ ਉਸ ਦੀ ਪਹਿਲਾਂ ਵਾਲੀ ਰੁਚੀ ਨਾ ਰਹੀ। ਸਟਾਫ਼ ਨੂੰ ਉਸ ਨਾਲ ਹਮਦਰਦੀ ਸੀ। ਉਸ ਨੂੰ ਮਨੋਵਿਗਿਆਨੀ ਕੋਲੋਂ ਨਸੀਹਤ ਦਿਵਾਈ ਗਈ। ਉਸ ਨੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਪਾਸੋਂ ਦਵਾਈ ਸ਼ੁਰੂ ਕਰ ਦਿੱਤੀ, ਪਰ ਚਿੰਤਾ ਰੋਗ ਦਿਨੋ ਦਿਨ ਘਾਤਕ ਹੁੰਦਾ ਗਿਆ। ਹਮਦਰਦੀ ਵਜੋਂ ਸਾਰੇ ਸਟਾਫ਼ ਦੇ ਸਹਿਯੋਗ ਨਾਲ ਅਸੀਂ ਉਸ ਨੂੰ ਛੋਟੀਆਂ ਕਲਾਸਾਂ ਦੇ ਦਿੰਦੇ ਜਿੱਥੇ ਜ਼ਿਆਦਾ ਜ਼ੋਰ ਨਾ ਲਾਉਣਾ ਪੈਂਦਾ। ਉਹ ਆਪਣੇ ਨੇੜਲੇ ਪਿੰਡੋਂ ਤੁਰ ਕੇ ਹੀ ਆਉਂਦਾ। ਮੁੜਦੇ ਵਕਤ ਉਸ ਪਿੰਡ ਵਿੱਚੋਂ ਲੰਘਦਾ, ਮੈਂ ਉਸ ਨੂੰ ਉਹਦੇ ਘਰ ਕੋਲ ਛੱਡ ਦਿੰਦਾ। ਜੀਵਨ ਤੋਂ ਨਿਰਾਸ਼-ਪ੍ਰੇਸ਼ਾਨ, ਉਹ ਅਧਿਆਪਕ ਹਰ ਸਮੇਂ ਆਪਣੇ ਪੁੱਤਰ ਦੇ ਰੋਣੇ ਰੋਂਦਾ। ਉਸ ਦਾ ਆਪ ਮਰਨ ਨੂੰ ਦਿਲ ਕਰਦਾ। ਇਕੱਲਾ ਗੱਲਾਂ ਕਰਦਾ, ਬੁੱਸ-ਬੁੱਸ ਕਰਨ ਲੱਗ ਪੈਂਦਾ? ”ਮੇਰੇ ਪੋਤੇ-ਪੋਤੀਆਂ ਦਾ ਕੀ ਬਣੂੰ? ਜਿਹੜੀ ਸਾਊ ਸ਼ਰੀਫ਼ ਧੀ ਅਗਲਿਆਂ ਸਾਡੇ ਖਾਨਦਾਨ ਦੇ ਮੂੰਹ ਨੂੰ ਇਸ ਮੂਰਖ ਦੇ ਲੜ ਲਾਈ ਐ, ਉਹ ਕੀ ਕਰੂ?” ਪਰ ਹਾਲਾਤ ਅਜਿਹੇ ਸਨ, ਜਿਨ੍ਹਾਂ ਵਿੱਚੋਂ ਨਿਕਲਣ ਦਾ ਕੋਈ ਰਾਹ ਦਿਖਾਈ ਨਾ ਦਿੰਦਾ। ਮੈਂ ਉਸ ਨੂੰ ਡੇਲ ਕਾਰਨੇਗੀ ਦੀ ਪ੍ਰਸਿੱਧ ਪੁਸਤਕ ‘ਹਾਓ ਟੂ ਸਟੌਪ ਵਰੀਇੰਗ ਐਂਡ ਸਟਾਰਟ ਲਿਵਿੰਗ’ ਪੜ੍ਹਨ ਵਾਸਤੇ ਦਿੱਤੀ, ਪਰ ਪੜ੍ਹਨ ਵਿੱਚ ਉਸ ਦਾ ਮਨ ਨਾ ਲੱਗਦਾ।


”ਗਿਆਨੀ ਪੁਰਸ਼ ਹੋ। ਨਾਮ ਸਿਮਰਨ ‘ਚ ਮਨ ਲਾਓ।” ਉਸ ਦੇ ਮਿੱਤਰ-ਦੋਸਤ ਸਮਝਾਉਂਦੇ, ਪਰ ਨਿੱਤ ਨੇਮ ਵੀ ਮਾਨਸਿਕ ਪੱਖੋਂ ਤੰਦਰੁਸਤ ਬੰਦਾ ਹੀ ਕਰ ਸਕਦਾ ਹੈ।

ਇੱਕ ਸਵੇਰ ਅਜੀਬ ਘਟਨਾ ਵਾਪਰੀ। ਐਤਵਾਰ ਦੀ ਸਵੇਰ ਡਿਪਰੈਸ਼ਨ ਦੀ ਗ੍ਰਿਫ਼ਤ ਵਿੱਚ ਆਏ, ਰੋਣਹਾਕੇ ਹੋਏ ਉਸ ਅਧਿਆਪਕ ਨੇ ਪੁੱਤਰ ਨੂੰ ਸੋਫ਼ੀ ਦੇਖ ਕੇ ਨਸ਼ਾ ਛੱਡਣ ਦਾ ਵਾਸਤਾ ਪਾਇਆ, ”ਕਿਉਂ ਨਿੱਤ ਹੀ ਦਾਰੂ ਡੱਫ ਕੇ ਮਾਇਆ ਬਰਬਾਦ ਕਰੀ ਜਾ ਰਿਹੈਂ? ਕਿਉਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਗਾਲੀ ਜਾ ਰਿਹੈਂ? ਤੇਰੇ ਪਿੱਛੇ ਮੈਂ ਰੋਗੀ ਹੋ ਗਿਆ। ਲੱਪ ਦਵਾਈਆਂ ਦੀ ਨਿੱਤ ਹੀ ਖਾਣੀ ਪੈਂਦੀ ਐ।”
”ਕਿਉਂ ਖਾਂਦੇ ਹੋ ਦਵਾਈ? ਮੇਰੇ ਨਾਲ ਬੈਠ ਕੇ ਦੋ ਘੁੱਟਾਂ ਦਾਰੂ ਨਹੀਂ ਪੀ ਹੁੰਦੀ?” ਖਰੂਦੀ ਮੁੰਡਾ ਬੇਸ਼ਰਮ ਹਾਸਾ ਹੱਸਿਆ।

”ਬੇਅਕਲ ਪੁੱਤਰਾ, ਤੇਰੇ ਪਿੱਛੇ ਮੈਂ ਕਿਸੇ ਦਿਨ ਮਰ ਜਾਣੈਂ ਓਏ…।” ਪਿਓ ਨੇ ਭੁੱਬ ਮਾਰਦਿਆਂ ਆਖਿਆ।
”ਤੂੰ ਨਹੀਂ ਮਰਨਾ। ਤੇਰੇ ਤਾਂ ਕਿਸੇ ਦਿਨ ਮੈਂ ਡੱਕਰੇ ਕਰ ਕੇ ਨਹਿਰ ‘ਚ ਸੁੱਟਾਂਗਾ। ਜੇ ਤੂੰ ਚੰਗਾ ਹੁੰਦਾ, ਕਿੱਦਣ ਦਾ ਮੈਨੂੰ ਵਿਦੇਸ਼ ਨਾ ਭੇਜ ਦਿੰਦਾ? ਤੇਰੇ ਵਰਗੇ ਪਿਓ ਤੋਂ ਕਰਵਾਉਣਾ ਕੀ ਹੈ? ਦੱਸ, ਫੋੜੇ ਉੱਤੇ ਰਗੜ ਕੇ ਲਾਉਣਾ ਐ ਤੇਰੇ ਵਰਗੇ ਮਾਪੇ ਨੂੰ?” ਮੁੰਡਾ ਗਰਜਿਆ।

”ਅੱਛਾ, ਇਹ ਗੱਲ ਹੈ! ਲੈ ਬਈ, ਤੂੰ ਮੇਰੇ ਡੱਕਰੇ ਹੀ ਕਰ ਲਵੀਂ,” ਮਾਸਟਰ ਪਿਤਾ ਨੇ ਆਪਣੇ ਅੱਥਰੂ ਪੂੰਝੇ। ਆਪਣੀ ਦਵਾਈ ਵਾਲਾ ਲਿਫ਼ਾਫ਼ਾ ਵਗਾਹ ਕੇ ਬਾਹਰ ਮਾਰਿਆ। ਅਜਿਹੇ ਨਾਲਾਇਕ ਪੁੱਤਰ ਲਈ ਉਹ ਆਪਣੇ ਅੰਦਰ ਹੀ ਅੰਦਰ ਘੁਲ ਕੇ ਕਿਉਂ ਮਰਦਾ ਰਿਹਾ ਸੀ? ਉਸ ਨੇ ਮਨ ਹੀ ਮਨ ਆਪਣੇ ਆਪ ਨੂੰ ਫਿਟਕਾਰ ਪਾਈ। …ਤੇ ਉਸ ਨੇ ਚਿੰਤਾ ਹਮੇਸ਼ਾ ਲਈ ਛੱਡ ਦਿੱਤੀ। ਉਸ ਨੇ ਇੱਕ ਡਾਕਟਰ ਦੀ ਰਾਇ ਲਈ।

”ਕਿਸੇ ਬਿਮਾਰ ਬੰਦੇ ਨੂੰ ਤੁਸੀਂ ਆਪ ਬਿਮਾਰ ਹੋ ਕੇ ਰਾਜ਼ੀ ਕਿੰਜ ਕਰ ਸਕਦੇ ਹੋ? ਡਾਕਟਰੀ ਮਸ਼ਵਰਾ ਜ਼ਰੂਰੀ ਹੈ।” ਡਾਕਟਰ ਨੇ ਆਖਿਆ।

ਉਸ ਦੀ ਬਦਲੀ ਅਸੀਂ ਬਿਲਕੁਲ ਘਰ ਨੇੜਲੇ ਸਕੂਲ ਦੀ ਕਰਵਾ ਦਿੱਤੀ। ਇਸ ਮਗਰੋਂ ਕਈ ਮਹੀਨਿਆਂ ਬਾਅਦ ਜਦੋਂ ਉਹ ਮੈਨੂੰ ਮਿਲਿਆ ਤਾਂ ਨੌਂ-ਬਰ-ਨੌਂ ਸੀ।

”ਮੁੰਡੇ ਦਾ ਕੀ ਹਾਲ ਐ?” ਮੈਂ ਪੁੱਛਿਆ। ਰਿਸ਼ਤੇਦਾਰਾਂ ਦੀ ਮਦਦ ਨਾਲ ਉਹਨੂੰ ਡਾਕਟਰ ਕੋਲੋਂ ਮਿਲੀ ਦਵਾਈ ਦੇ ਕੇ ਹਸਪਤਾਲ ਲੈ ਗਏ ਸੀ। ਹੁਣ ਟਰੈਕਟਰ ਨਾਲ ਚੰਗੀ ਖੇਤੀ ਕਰਦੈ। ਨਸ਼ੇ ਨੂੰ ਹੱਥ ਨਹੀਂ ਲਾਉਂਦਾ।” ਉਸ ਨੇ ਮਾਣ ਨਾਲ ਦੱਸਿਆ। ਕਿੰਨੇ ਅਰਸੇ ਬਾਅਦ ਮੈਂ ਇੱਕ ਪਿਤਾ ਦੇ ਚਿਹਰੇ ਉਪਰ ਖੇੜਾ ਦੇਖਿਆ ਸੀ।

ਸੰਪਰਕ: +91 92175 82015

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ