Fri, 19 April 2024
Your Visitor Number :-   6982981
SuhisaverSuhisaver Suhisaver

ਨਹੀਂ ਰਹੇ ਮਿਜ਼ਾਇਲ ਮੈਨ ਡਾਕਟਰ ਕਲਾਮ - ਸੁਨੀਲ ਕੁਮਾਰ 'ਨੀਲ'

Posted on:- 27-07-2015

suhisaver

27 ਜੁਲਾਈ, 2015 ਦੀ ਦੇਰ ਸ਼ਾਮ ਵੇਲੇ ਭਾਰਤ-ਪਾਕਿਸਤਾਨ ਬਾਰਡਰ ਤੋਂ ਲਗਭਗ 17 ਕਿਲੋਮੀਟਰ ਸਥਿਤ ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ, ਪੰਜਾਬ) ਵਿਖੇ ਆਤਮਘਾਤੀ ਉਗਰਵਾਦੀਆਂ ਨਾਲ ਦਿਨ ਭਰ ਤਕਰੀਬਨ 11 ਘੰਟੇ ਚੱਲੀ ਪੰਜਾਬ ਪੁਲਿਸ ਅਤੇ ਭਾਰਤੀ ਫੌਜ ਦੀ ਜੱਦੋ ਜਹਿਦ ਹਾਲੇ ਰੁਕੀ ਹੀ ਸੀ ਕਿ ਅਚਾਨਕ ਇਹ ਹੋਰ ਮੰਦਭਾਗੀ ਖ਼ਬਰ ਆ ਗਈ ਕਿ ਭਾਰਤ ਦੇ 11ਵੇਂ ਰਾਸ਼ਟਰਪਤੀ, ਮਿਜ਼ਾਇਲ ਮੈਨ, ਭਾਰਤ ਰਤਨ, ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਨਹੀਂ ਰਹੇ।

ਅਵੁਲ ਪਕਿਰ ਜਇਨੁਲਾਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ, 1931 ਨੂੰ ਭਾਰਤ ਦੇ ਤਾਮਿਲਨਾਡੂ ਰਾਜ ਦੇ ਰਾਮੇਸ਼ਵਰਮ ਵਿਖੇ 19ਵੀਂ ਸਦੀ 'ਚ ਬਣੇ ਜੱਦੀ ਮਕਾਨ ਵਿੱਚ ਹੋਇਆ। ਆਪ ਦੇ ਪਿਤਾ ਇਕ ਮਿਹਨਤੀ ਅਤੇ ਉਚੇਰੀ ਸੋਚ ਰੱਖਣ ਵਾਲੇ ਸੂਝਵਾਨ ਵਿਅਕਤੀ ਸਨ ਅਤੇ ਮਾਂ ਸੱਚਾਈ ਅਤੇ ਆਧਿਆਤਮ ਵਿੱਚ ਯਕੀਨ ਰੱਖਣ ਵਾਲੀ ਔਰਤ ਸੀ। ਇਨ੍ਹਾਂ ਦੋਹਾਂ ਦੀ ਸੋਚ ਦਾ ਆਪ ਜੀ ਦੇ ਸੰਪੂਰਣ ਜੀਵਨ ਵਿੱਚ ਗਹਿਰਾ ਅਤੇ ਉਚੇਚ ਭਰਿਆ ਪ੍ਰਭਾਵ ਰਿਹਾ। ਪਰਿਵਾਰਕ ਆਦਿ ਹਾਲਾਤ ਕਾਰਨ ਆਪ ਦਾ ਵਿਆਹ ਨਹੀਂ ਸੀ ਹੋਇਆ ਅਤੇ ਆਪ ਨੇ ਇਕੱਲਿਆਂ ਜੀ ਜੀਵਨ ਦਾ ਸਾਦਗ਼ੀ ਭਰਿਆ ਸਫਰ ਸਰ ਕੀਤਾ। ਆਪ ਸਾਦੇ ਰਹਿਣ ਸਹਿਣ ਅਤੇ ਉੱਚੀ ਸੋਚ ਦੇ ਮਾਲਕ ਸੀ ਜਿਸਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਲਗਭਗ ਵੀਹ ਵਰ੍ਹਿਆਂ ਤੀਕ ਆਪ ਤਿਰੂਵਨੰਤਪੁਰਮ ਦੇ ਇਕ ਸਾਦੇ ਜਿਹੇ ਢਾਬੇ 'ਤੇ ਹੀ ਖਾਣਾ ਖਾਉਂਦੇ ਰਹੇ।

ਜ਼ਿਕਰਯੋਗ ਹੈ ਆਪ ਦੇ ਜਨਮ ਸਥਾਨ ਰਾਮੇਸ਼ਵਰਮ ਦਾ ਪ੍ਰਾਚੀਨ ਸ਼ਿਵ ਮੰਦਿਰ ਆਪ ਦੇ ਘਰ ਤੋਂ ਕੁਝ ਹੀ ਦੂਰੀ ’ਤੇ ਸਥਿਤ ਸੀ। ਉਸ ਮੰਦਿਰ ਦੇ ਪੁਜਾਰੀ ਆਪ ਦੇ ਪਿਤਾ ਦੇ ਬੜੇ ਗੂੜ੍ਹੇ ਮਿੱਤਰ ਸਨ ਅਤੇ ਇਸ ਮੰਦਰ ਦੀ ਮੂਰਤੀ ਨੂੰ ਕਿਸ਼ਤੀ ਰਾਹੀਂ ਲਿਆਉਣ, ਲਿਜਾਉਣ ਦਾ ਕੰਮ ਪੁਸ਼ਤੈਨੀ ਤੌਰ ’ਤੇ ਆਪ ਦੇ ਪਰਿਵਾਰ ਵੱਲੋਂ ਹੀ ਨੇਪਰੇ ਚਾੜ੍ਹਿਆ ਜਾਂਦਾ ਸੀ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਕੁਝ ਕਾਰਨਾਂ ਕਰਕੇ ਇਹ ਹੱਕ ਆਪ ਦੇ ਪਰਿਵਾਰ ਕੋਲੋਂ ਵਪਿਸ ਲੈ ਲਿਆ ਗਿਆ।

ਕਿਉਂ ਜੋ ਆਪ ਇਕ ਮਿਹਨਤਕਸ਼ ਅਤੇ ਸਾਦੇ ਪਰਿਵਾਰ ਨਾਲ ਸਬੰਧ ਰੱਖਦੇ ਸੀ, ਸੋ ਰਾਮਨਾਥਪੁਰਮ ਸ਼ਵਾਰਟਜ਼ ਮੈਟ੍ਰਿਕ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਕੇ ਰੋਜ਼ੀ ਕਮਾਉਣਾ ਆਪ ਜੀ ਦੇ ਖ਼ੂਨ ਵਿੱਚ ਹੀ ਸ਼ੁਮਾਰ ਸੀ। ਆਪ ਜਦੋਂ 8-9 ਸਾਲ ਦੇ ਹੀ ਸੀ ਤਾਂ ਸ਼ਮਸੂਦੀਨ ਨਾਮ ਦੇ ਸ਼ਖ਼ਸ, ਜੋ ਕਿ ਅਖ਼ਬਾਰਾਂ ਲਿਆਉਣ ਅਤੇ ਪਹੁੰਚਾਉਣ ਦਾ ਕੰਮ ਕਰਦਾ ਸੀ, ਦੇ ਨਾਲ ਰਲ੍ਹ ਕੇ ਚਲਦੀ ਰੇਲ-ਗੱਡੀ 'ਤੋਂ ਸੜਕ 'ਤੇ ਸੁੱਟੇ ਗਏ ਤਾਜ਼ਾ ਅਖ਼ਬਾਰਾਂ ਦੇ ਗੁੱਛਿਆਂ ਨੂੰ ਚੁੱਕਣ ਦਾ ਅਤੇ ਅਖ਼ਬਾਰਾਂ ਵੰਡਣ ਦਾ ਕੰਮ ਕੀਤਾ, ਜਿਸ ਤੋਂ ਆਪ ਨੇ ਆਪਣੇ ਜੀਵਨ ਕਾਲ ਦੀ ਪਹਿਲੀ ਕਮਾਈ ਹਾਸਲ ਕੀਤੀ ਅਤੇ ਆਪਣੇ ਪਿਤਾ ਦੀ ਕਮਾਈ ਵਿੱਚ ਯੋਗਦਾਨ ਵੀ ਪਾਇਆ। ਇਸ ਤੋਂ ਮਗਰੋਂ ਆਪ ਨੇ ਸੈਂਟ ਜੋਜ਼ਫ ਕਾਲਿਜ, ਤ੍ਰਿਚੁਰਾਪੱਲੀ ਵਿੱਚ ਦਾਖ਼ਲਾ ਲਿਆ ਅਤੇ ਉਸ ਤੋਂ ਮਗਰੋਂ ਸੰਨ ੧੯੫੪ ਵਿੱਚ ਮਦਰਾਸ ਯੂਨੀਵਰਸਿਟੀ ਵਿਚੋਂ ਫਿਜਿਕਸ ਵਿਸ਼ਿਆਂ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਿਲ ਕੀਤੀ। ੧੯੫੫ ਵਿੱਚ ਆਪ ਏਅਰੋਸਪੇਸ ਇੰਜੀਨੀਰਿੰਗ ਦੀ ਪੜ੍ਹਾਈ ਕਰਨ ਲਈ ਮਦਰਾਸ ਚਲੇ ਗਏ। ਲੜਾਕੂ ਵਿਮਾਨਾਂ ਦਾ ਪਾਇਲਟ ਬਣਨ ਦਾ ਆਪ ਦਾ ਸੁਫਨਾ ਉਸ ਵੇਲੇ ਪੂਰਾ ਨਾ ਹੋ ਸਕਿਆ ਜਦੋਂ ਆਪ ਨੇ ਇਸ ਲਈ ਇਲਮੀ ਦੌੜ ਵਿੱਚ ਨੋਵਾਂ ਸਥਾਨ ਹਾਸਿਲ ਕੀਤਾ ਜਦੋਂ ਕਿ ਚੋਣ ਕੇਵਲ ਅੱਠਵੇਂ ਸਥਾਨ ਤੱਕ ਵਾਲੇ ਮੁਕਾਬਲਚੀਆਂ ਦੀ ਹੀ ਹੋਈ ਸੀ।

1960 ਵਿੱਚ ਆਪ ਨੇ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੀ ਇਕਾਈ ਏਅਰੋਨੋਟਿਕਲ ਡਿਵੈਲਪਮੈਂਟ ਏਸਟੇਬਲਿਸ਼ਮੈਂਟ ਵਿਖੇ ਇਕ ਵਿਗਿਆਨਿਕ ਵਜੋਂ ਕਾਰਜਭਾਰ ਸੰਭਾਲਿਆ। ਆਪ ਨੇ ਡਾਕਟਰ ਵਿਕਰਮ ਸਾਰਾਭਾਈ ਜੋ ਕਿ ਇਕ ਉੱਘੇ ਪੁਲਾੜ ਵਿਗਿਆਨੀ ਸਨ ਦੀ ਰਹਿਨੁਮਾਈ ਵਿੱਚ ਕੰਮ ਕੀਤਾ ਅਤੇ ਆਪ ਜੀ ਦੀ ਵਿਲੱਖਣ ਕਾਰਜਪ੍ਰਣਾਲੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਉਨ੍ਹਾਂ ਦੀ ਸਿਫਾਰਿਸ਼ ਸਦਕਾ ਆਪ ਜੀ ਨੂੰ ਸਪੇਸ ਲਾਂਚ ਵਹੀਕਲ (ਐਸ. ਐਲ. ਵੀ.) ਪ੍ਰੋਜੈਕਟ ਦਾ ਪ੍ਰੋਜੈਕਟ ਮੈਨੇਜਰ ਬਣਾਇਆ ਗਿਆ। ਆਪ ਜੀ ਨੇ ਭਾਰਤ ਦੇਸ਼ ਦੀ ਮਿਨਿਸਟਰੀ ਆਫ ਡਿਫੈਂਸ ਵਿੱਚ ਇਕ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ।

1998 ਵਿੱਚ ਵੇਲੇ ਦੇ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਮਿਜ਼ਾਇਲ ਪ੍ਰੀਖ਼ਣ ਦਾ ਸੁਫਨਾ aਲੀਕਿਆ ਸੀ ਜਿਸਨੂੰ ਆਪ ਦੀ ਅਣਥੱਕ ਮਿਹਨਤ ਅਤੇ ਲਗਨ ਨੇ ਪੋਖਰਨ ਪ੍ਰਮਾਣੂ ਮਿਜ਼ਾਇਲ ਟੈਸਟ ਨੂੰ ਸਫਲ ਬਣਾ ਕੇ ਮਿਤੀ 11 ਮਈ, 1999 ਨੂੰ ਸਾਕਾਰ ਕੀਤਾ ਅਤੇ ਭਾਰਤ ਦਾ ਨਾਮ ਇਕ ਤਾਕਤ ਵਜੋਂ ਪੂਰੀ ਦੁਨੀਆਂ ਵਿੱਚ ਗੂੰਜ ਗਿਆ।

ਆਪ ਜੀ ਦੀ ਰਹਿਨੁਮਾਈ ਵਿੱਚ ਵਿਗਿਆਨਿਕਾਂ ਦੀ ਟੀਮ ਨੇ ਨਾ ਸਿਰਫ ਬੈਲਿਸਟਿਕ ਮਿਜ਼ਾਇਲ ਅਗਨੀ ਆਦਿ ਨੂੰ ਈਜ਼ਾਦ ਕੀਤਾ ਬਲਕਿ ਆਪ ਜੀ ਦੀ ਡੂੰਘੀ ਅਤੇ ਉਸਾਰੂ ਸੋਚ ਨੇ ਅਗਨੀ ਮਿਜ਼ਾਇਲ ਵਿੱਚ ਉਪਯੋਗ ਹੋਣ ਵਾਲੇ ਕਾਰਬਨ-ਕਾਰਬਨ ਪਦਾਰਥ ਤੋਂ ਅੰਗਹੀਣਾ ਦੇ ਨਕਲੀ ਅੰਗ ਵੀ ਤਿਆਰ ਕੀਤੇ ਜੋ ਕਿ ਬੇਹਦ ਹਲਕੇ ਅਤੇ ਉਪਯੋਗ ਵਿੱਚ ਕਾਫੀ ਆਰਾਮਦਾਇਕ ਸਾਬਿਤ ਹੋਇ। ਇੱਥੇ ਹੀ ਬਸ ਨਹੀਂ, ਬਲਕਿ ਮਰੀਜ਼ਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਦਵਾਉਣ ਲਈ ਪਨਡੁੱਬੀਆਂ ਵਿੱਚ ਇਸਤੇਮਾਲ ਹੋਣ ਵਾਲੇ ਪਦਾਰਥਾਂ 'ਤੋਂ ਦਿਲ ਦੀਆਂ ਨਾੜੀਆਂ ਸੁੰਗਣਨ ਦੀ ਹਾਲਤ ਤੋਂ ਬਚਾਉਣ ਲਈ ਸਟੰਟ (ਛੱਲਿਆਂ) ਦਾ ਨਿਰਮਾਣ ਕੀਤਾ ਜਿਸ ਨਾਲ ਦਿਲ ਦੇ ਰੋਗੀਆਂ ਦੇ ਆਪਰੇਸ਼ਨ ਦਾ ਖ਼ਰਚਾ ਉਸ ਵੇਲੇ ਦੇ ਲਗਭਗ 75000 ਰੁਪਏ ਤੋਂ ਘਟ ਕੇ ਸਿਰਫ 5000 ਰੁਪਏ ਹੀ  ਰਹਿ ਗਿਆ।

ਜਵਾਨੀ ਵੇਲੇ ਆਪ ਬੇ-ਸ਼ਕ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਪਰ ਇਹ ਇਕ ਵਿਡੰਬਨਾ ਹੀ ਰਹੀ ਕਿ ਭਾਰਤ ਨੂੰ ਬੁਲੰਦੀਆਂ ਦੀ ਰਾਹ ਤੇ ਅਗਾਂਹ ਵਧਾਉਣ ਸਦਕਾ ਹੀ ਸਨ ੨੦੦੨ ਵਿੱਚ ਵੇਲੇ ਦੇ ਪ੍ਰਧਾਨ ਮੰਤਰੀ ਦੀ ਰਾਜਨੀਤਿਕ ਪਾਰਟੀ ਨੇ ਹੀ ਆਪ ਦਾ ਨਾਮ ਭਾਰਤ ਦੇ ਰਾਸ਼ਟਰਪਤੀ ਵਜੋਂ ਸੁਝਾਇਆ। ਕਮਾਲ ਦੀ ਗੱਲ ਇਹ ਰਹੀ ਕਿ ਵੇਲੇ ਦੀ ਵਿਰੋਧੀ ਧਿਰ ਦੀ ਰਾਜਨੀਤਿਕ ਪਾਰਟੀ ਨੇ ਵੀ ਆਪ ਦੇ ਨਾਂ ਦਾ ਹੀ ਨਿਰਵਿਰੋਧ ਸਮਰਥਨ ਕੀਤਾ ਅਤੇ ਸਿੱਟੇ ਵਜੋਂ ਆਪ ਭਾਰਤ ਰਾਸ਼ਟਰ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। ਆਪ ਨੇ ਸਨ 2002 ਤੋਂ 2007 ਤੱਕ ਭਾਰਤ ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਭਾਰਤ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਉਪਰੰਤ ਆਪ ਨੇ ਰਾਜਨੀਤੀ ਤੋਂ ਦੂਰ ਰਹਿ ਕੇ ਭਾਰਤ ਦੀ ਸੇਵਾ ਕਰਨ ਦਾ ਮਨ ਬਣਾਇਆ ਅਤੇ ਅਨੇਕਾਂ ਹੀ ਕਾਲਜਾਂ, ਵਿਸ਼ਵ-ਵਿਦਿਆਲਿਆਂ ਵਿੱਚ ਇਕ ਪ੍ਰੋਫੈਸਰ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਲੈਕਚਰ ਕੀਤੇ ਜੋ ਕਿ ਨੌਜਵਾਨਾਂ ਵਿੱਚ ਉਤਸ਼ਾਹ, ਲਗਨ ਅਤੇ ਆਤਮ ਵਿਸ਼ਵਾਸ ਭਰਨ ਲਈ ਬਹੁਤ ਕਾਰਗਰ ਉਪਰਾਲਾ ਬਣੇ।

ਆਪ ਦੇ ਜੀਵਨ ਕਾਲ ਵਿੱਚ ਵੱਖ ਵੱਖ ਪੜਾਵਾਂ ’ਤੇ ਆਪ ਦੀਆਂ ਸੇਵਾਵਾਂ ਨੂੰ ਸਰਾਹੁੰਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਆਪ ਨੂੰ ਸਨ 1981 ਵਿੱਚ ਪਦਮ ਭੂਸ਼ਣ, ਸਨ 1990 ਵਿੱਚ ਪਦਮ ਵਿਭੂਸ਼ਣ, ਸਨ 1997 ਵਿੱਚ ਭਾਰਤ ਰਤਨ, ਆਦਿ ਸਨਮਾਨਾ ਨਾਲ ਸਰਾਹਿਆ ਗਿਆ। ਇਸ ਤੋਂ ਇਲਾਵਾ ਵਿਦੇਸ਼ਾਂ ਦੀਆਂ ਸੰਸਥਾਵਾਂ ਨੇ ਵੀ ਆਪ ਜੀ ਨੂੰ ਅਨੇਕ ਸਨਮਾਨ ਸੌਂਪੇ ਜਿਨ੍ਹਾਂ ਵਿਚੋਂ ਸਨ 2009 ਵਿੱਚ ਕੈਲੀਫੋਰਨੀਆਂ ਇੰਸਟੀਚਿਊਟ ਆਫ ਟੈਕਨੋਲਾਜੀ, ਅਮਰੀਕਾ ਵਲੋਂ ਇੰਟਰਨੈਸ਼ਨਲ ਵੋਨਕਰਮਾ ਵਿੰਗਸ ਸਨਮਾਨ ਅਤੇ ਸਨ 2014 ਵਿੱਚ ਏਡਿਨਬਰਗ ਵਿਸ਼ਵਵਿਦਿਆਲਾ, ਯੂਨਾਇਟੇਡ ਕਿੰਗਡਮ ਵੱਲੋਂ ਡਾਕਟਰ ਆਫ ਸਾਇੰਸ ਸਨਮਾਨ ਪ੍ਰਮੁੱਖ ਹਨ।

ਆਪ ਨਾ ਸਿਰਫ ਇਕ ਵਿਗਿਆਨਿਕ ਸੀ, ਸਗੋਂ ਇਕ ਉੱਘੈ ਲਿਖਾਰੀ ਵਜੋਂ ਵੀ ਜਗਤ ਪ੍ਰਸਿੱਧ ਸੀ। ਆਪ ਜੀ ਨੇ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚੋਂ "ਵਿੰਗਜ਼ ਆਫ ਫਾਇਰ" ਕਾਫੀ ਮਸ਼ਹੂਰ ਪੁਸਤਕ ਹੈ ਜੋ ਕਿ ਆਪ ਦੀ ਆਤਮਕਥਾ ਉਪਰ ਆਧਾਰਿਤ ਪੁਸਤਕ ਹੈ।

ਆਪ ਦੀਆਂ ਅਨੇਕ ਸਿੱਖਿਆਵਾਂ ਆਉਣ ਵਾਲੀਆਂ ਅਨੇਕਾਂ ਹੀ ਪੀੜ੍ਹੀਆਂ ਨੂੰ ਤਾਰਦੀਆਂ ਰਹਿਣਗੀਆਂ। ਆਪ ਦੀ ਉਸਾਰੂ, ਜੁਝਾਰੂ ਅਤੇ ਸਟੀਕ ਸੋਚ ਨੂੰ ਦਰਸਾਉਣ ਵਾਲੀ ਆਪ ਦੀ ਇਕ ਵਿਚਾਰਧਾਰਾ ਜਗਤ ਪ੍ਰਸਿੱਧ ਹੈ ਜੋ ਕਿ ਇਸ ਤਰ੍ਹਾਂ ਹੈ:
    "ਸੁਫਨਾ ਉਹ ਨਹੀਂ ਹੁੰਦਾ ਜੋ ਤੁਸੀਂ ਨੀਂਦ ਵਿੱਚ ਤੱਕਦੇ ਹੋ, ਅਸਲ ਸੁਫਨਾ ਤਾਂ ਉਹ ਹੁੰਦਾ ਹੈ ਜਿਸ ਨੂੰ ਵੇਖ ਲਈਏ ਤਾਂ ਉਹ ਨੀਂਦ ਹੀ ਨਹੀਂ ਆਉਣ ਦਿੰਦਾ"

ਆਪ ਇਕ ਅਣਥੱਕ ਦੇਸ਼-ਸੇਵਕ ਸੀ ਤਾਹੀਓਂ ਹੀ 83 ਤੋਂ ਵੀ ਵੱਧ ਵਰ੍ਹਿਆਂ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਵੀ, ਆਪਣੇ ਜੀਵਨ ਦੇ ਅੰਤਿਮ ਦਿਨ 27 ਜੁਲਾਈ, 2015, ਦਿਨ ਸੋਮਵਾਰ ਨੂੰ ਵੀ ਆਪ ਇਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.), ਸ਼ਿਲਾਂਗ ਵਿਖੇ ਵਿਦਿਆਰਥੀਆਂ ਸਾਹਵੇਂ ਇਕ ਪ੍ਰੌਫੈਸਰ ਵਜੋਂ ਖੜੇ ਹੋ ਕੇ ਲੈਕਚਰ ਹੀ ਦੇ ਰਹੇ ਸੀ ਜਦੋਂ ਆਪ ਨੂੰ ਦਿਲ ਦੇ ਦੌਰੇ ਦੀ ਤਕਲੀਫ਼ ਮਹਿਸੂਸ ਹੋਈ ਅਤੇ ਆਪ ਲੈਕਚਰ ਦਿੰਦਿਆਂ ਹੋਇਆਂ ਹੀ ਅਚਾਨਕ ਮੰਚ ਉੱਤੇ ਹੀ ਗਿਰ ਗਏ। ਆਪ ਜੀ ਨੂੰ ਸ਼ਿਲਾਂਗ ਦੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਜ਼ੇਰੇ ਇਲਾਜ ਹੋਇਆਂ ਆਪ ਨੇ ਆਪਣੇ ਆਖਿਰੀ ਸਾਹ ਲਏ।

ਆਪ ਦੀ ਵਿਲੱਖਣ ਕਾਰਜ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਭਾਰਤ ਸਰਕਾਰ ਵੱਲੋਂ ਸੱਤ ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ।

ਆਪ ਦਾ ਇਕ ਮਹੱਤਵਪੂਰਣ ਸੁਫ਼ਨਾ ਸੀ ਕਿ ਭਾਰਤ ਦੇਸ਼ ਸਨ 2020 ਤੱਕ ਇਕ ਵਿਸ਼ਾਲ ਤਾਕਤ ਅਤੇ ਆਤਮ ਨਿਰਭਰਤਾ ਨਾਲ ਭਰਪੂਰ, ਸਮਰੱਥ ਅਤੇ ਸੰਪੂਰਣ ਦੇਸ਼ ਵਜੋਂ ਜਾਣਿਆ ਜਾਵੇ। ਆਪ ਇਸ ਟੀਚੇ ਦੇ ਪੂਰਾ ਹੋਣ ਤੋਂ ਪੰਜ ਕੂ ਵਰ੍ਹੇ ਪਹਿਲਾਂ ਹੀ ਸ਼ਰੀਰ ਤਿਆਗ ਚੁੱਕੇ ਹੋਂ। ਸੋ ਹੁਣ ਸਾਡੀ ਸਾਰੇ ਭਾਰਤਵਾਸੀਆਂ ਦੀ ਆਪ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸਾਰੇ ਆਪ ਦੇ ਇਸ ਸੁਫ਼ਨੇ ਨੂੰ ਆਪਣੇ ਸੁਫ਼ਨੇ ਵਜੋਂ ਇਸ ਸ਼ਿੱਦਤ ਨਾਲ ਤੱਕੀਏ ਕਿ ਇਸਦੇ ਪੂਰਾ ਹੋਣ ਤੀਕ ਸਾਨੂੰ, ਸਾਰੇ ਭਾਰਤਵਾਸੀਆਂ ਨੂੰ ਨੀਂਦ ਹੀ ਨਾ ਆਵੇ, ਤਾਂ ਜੋ ਆਪ ਦਾ ਇਹ ਸੁਫ਼ਨਾ ਜ਼ਰੂਰ ਪੂਰਾ ਹੋਵੇ। ਆਮੀਨ!

ਸੰਪਰਕ: +91 94184 70707

Comments

Neel

Thanks a lot to SuhiSaver.Org Almighty bless. 'Neel'

EhzDA

Medicine information sheet. What side effects can this medication cause? <a href="https://viagra4u.top">can i get viagra price</a> in the USA. Everything trends of drug. Read now. <a href=https://dpmediskin.com.au/rejuvenate-restore-skin-inmode-fractora/rejuvenate-3/#comment-18959>All information about pills.</a> <a href=https://akarui-mirai.blog.ss-blog.jp/TOYOTA-AQUA-TD3-X-URBAN-02?comment_success=2021-01-10T07:02:55&time=1610229775>Some what you want to know about medication.</a> <a href=http://shop.khunjib.com/webboard-detail.php?id=9209>Everything what you want to know about drug.</a> fb21d5c

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ