Sun, 23 September 2018
Your Visitor Number :-   1486677
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ -ਕਰਨ ਬਰਾੜ ਹਰੀ ਕੇ ਕਲਾਂ

Posted on:- 30-09-2015

suhisaver

ਅਸੀਂ ਜਿੱਥੇ ਵੀ ਜਾਈਏ ਸਾਡਾ ਪਹਿਰਾਵਾ ਸਾਡੇ ਨਾਲ ਨਾਲ ਚੱਲਦਾ ਹੈ। ਪਹਿਰਾਵਾ ਸਾਨੂੰ ਵਿਰਸੇ ਵਿਚ ਮਿਲਦੈ, ਸਾਡੇ ਪਿਉ ਦਾਦਿਆਂ ਦੀ ਵਿਰਾਸਤ ਅੱਗੇ ਤੁਰਦੀ ਤੁਰਦੀ ਸਾਡੇ ਤੱਕ ਪਹੁੰਚੀ ਆ। ਹਰ ਕੌਮ ਹਰ ਸਭਿਆਚਾਰ ਹਰ ਬੋਲੀ ਦਾ ਆਪੋ ਆਪਣਾ ਪਹਿਰਾਵਾ ਹੁੰਦੈ ਜੀਵਨ ਜਾਂਚ ਹੁੰਦੀ ਆ। ਜਿਵੇਂ ਆਪਣੀ ਬੋਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਉਵੇਂ ਆਪਣਾ ਪਹਿਰਾਵਾ ਵੀ ਆਪਣੇ ਆਪ ਸਾਡੇ ਵਿਚ ਸਮਾਇਆ ਹੁੰਦਾ ਹੈ। ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਉਵੇਂ ਉਵੇਂ ਸਾਡਾ ਪਹਿਰਾਵਾ ਵੀ ਬਦਲ ਰਿਹਾ ਹੈ। ਅੱਜ ਦੇ ਤੇਜ਼ ਅਤੇ ਭੱਜ-ਨੱਸ ਵਾਲੇ ਜ਼ਮਾਨੇ ਵਿਚ ਅਸੀਂ ਚੁਸਤ ਤੇ ਭੀੜੇ ਕੱਪੜੇ ਪਾ ਕੇ ਰੱਖਦੇ ਹਾਂ ਤਾਂ ਕਿ ਸਮੇਂ ਦੇ ਹਾਣ ਦੇ ਬਣੇ ਰਹੀਏ। ਤੁਸੀਂ ਪਿੱਛੇ ਝਾਤੀ ਮਾਰੋ ਜਦੋਂ ਜ਼ਮਾਨਾ ਐਨਾ ਤੇਜ਼ ਨਹੀਂ ਸੀ ਸਾਡੇ ਸਭਿਆਚਾਰ ਵਿਚ ਖੁੱਲ੍ਹੇ ਕੁੜਤੇ ਅਤੇ ਖੁੱਲ੍ਹੇ ਚਾਦਰਿਆਂ ਦਾ ਆਮ ਰਿਵਾਜ਼ ਰਿਹਾ, ਲੋਕਾਂ ਦੇ ਦਿਲ ਖੁੱਲ੍ਹੇ ਅਤੇ ਪਹਿਰਾਵੇ ਵੀ ਖੁੱਲ੍ਹੇ ਸੀ। ਭਾਵੇਂ ਬਦਲਦੇ ਮਿਜਾਜ਼ ਨਾਲ ਤੁਹਾਨੂੰ ਵੀ ਬਦਲਣਾ ਪੈਂਦਾ ਪਰ ਤੁਸੀਂ ਭਾਵੇਂ ਲੱਖ ਪੱਛਮੀਂ ਪਹਿਰਾਵੇ ਪਹਿਣ ਲਵੋ ਪਰ ਤੁਹਾਡੇ ਫੱਬੂ ਤੁਹਾਡੇ ਆਪਣੇ ਸਭਿਆਚਾਰ ਦਾ ਪਹਿਰਾਵਾ ਹੀ। ਤੁਸੀਂ ਜ਼ਿਆਦਾ ਸਹਿਜ ਆਪਣੇ ਪਹਿਰਾਵੇ ਵਿਚ ਹੀ ਮਹਿਸੂਸ ਕਰੋਗੇ।

ਪਹਿਲੇ ਜ਼ਮਾਨਿਆਂ ਵਿੱਚ ਕੱਪੜਾ ਸਿਰਫ਼ ਤਨ ਢੱਕਣ ਲਈ ਪਾਇਆ ਜਾਂਦਾ ਸੀ ਪਰ ਅੱਜਕੱਲ੍ਹ ਕੱਪੜਾ ਤਨ ਘੱਟ ਢੱਕਦਾ ਵਿਖਾਵਾ ਜ਼ਿਆਦਾ ਕਰਦਾ। ਪਹਿਲੋ ਪਹਿਲ ਸਾਡੇ ਸਭਿਆਚਾਰ ਵਿਚ ਕਹਿੰਦੇ ਨੇ ਕਿ ਲੋਕ ਘਰੇ ਹੀ ਕੱਪੜਾ ਬੁਣ ਲੈਂਦੇ ਸੀ । ਜ਼ਿਆਦਾਤਰ ਲੋਕ ਘਰੇ ਬਣਿਆ ਖੱਦਰ ਦਾ ਕੱਪੜਾ ਹੀ ਪਾ ਲੈਂਦੇ ਜਿਸ ਨੂੰ ਬੁੜੀਆਂ ਘਰੇ ਹੀ ਸੂਈ ਨਾਲ ਤੋਪੇ ਮਾਰ ਕੇ ਸਿਓਂ ਦਿੰਦੀਆਂ ਤੇ ਲੋਕ ਕਈ ਕਈ ਦਿਨ ਉਹੀ ਕੱਪੜੇ ਪਾਈ ਰੱਖਦੇ ਕੋਈ ਨਿੰਦ ਵਿਚਾਰ ਨਾ ਹੁੰਦੀ।

ਫਿਰ ਥੋੜ੍ਹਾ ਜਿਹਾ ਜ਼ਮਾਨਾ ਬਦਲਿਆ ਤਾਂ ਦਾਦੀ ਜਾਂ ਦਾਦੇ ਨੇ ਮੰਡੀ ਜਾਣਾ ਤੇ ਇਕੋ ਥਾਨ ਨਾਲੋਂ ਬੰਦਿਆਂ ਦੇ ਕੁੜਤੇ ਇਕੋ ਥਾਨ ਨਾਲੋਂ ਚਾਦਰੇ ਇਕੋ ਥਾਨ ਨਾਲੋਂ ਕੁੜੀਆਂ ਬੁੜ੍ਹੀਆਂ ਦੇ ਸੂਟਾਂ ਦਾ ਕੱਪੜੇ ਪੜ੍ਹਾ ਲੈਂਦੇ । ਜਿਸ ਨੂੰ ਪਿੰਡ ਦੇ ਦਰਜੀ ਨੇ ਘਰੋਂ ਮੇਚਾ ਲੈ ਕੇ ਸਿਓਂ ਦੇਣੇ ਤੇ ਸਭ ਚਾਈਂ ਚਾਈਂ ਪਾ ਲੈਦੇ ਨਾ ਕੋਈ ਰੰਗਾਂ ਦੀ ਚਿੰਤਾ ਨਾ ਕੋਈ ਉੱਚੇ ਨੀਵੇਂ ਦਾ ਰੌਲਾ। ਹਾਂ ਜੇ ਵਿਆਹ ਸ਼ਾਦੀ ਹੋਣਾ ਤਾਂ ਦਰਜੀ ਘਰੇ ਬੈਠ ਜਾਣਾ ਤਾਂ ਜ਼ਰੂਰ ਕਿਸੇ ਨੇ ਮਨ ਮਰਜ਼ੀ ਦਾ ਰੰਗ ਬਣਾ ਲੈਣਾ ਹੱਦ ਤੋਂ ਹੱਦ ਦਰਜੀ ਨੇ ਰੰਗਦਾਰ ਬਟਨ ਜ਼ਰੂਰ ਲਗਾ ਦੇਣੇ।

ਜਦੋਂ ਬਾਪੂ ਹੋਰੀਂ ਤਿਆਰ ਹੋ ਕੇ ਸਹੁਰੇ ਵਿਆਹ ਸ਼ਾਦੀ ਤੇ ਸ਼ਾਮਿਲ ਹੁੰਦੇ ਤਾਂ ਇਹਨਾਂ ਦੀ ਟੌਹਰ ਵੱਖਰੀ ਹੀ ਹੁੰਦੀ। ਗਲ ਵਿਚ ਕੈਂਠਾ ਲੜ ਛੱਡ ਕੇ ਬੰਨ੍ਹੀ ਪੱਗ ਤੇ ਧੂਹਵਾਂ ਚਾਦਰਾ ਧਰਤੀ ਸੁੰਭਰਦਾ ਜਾਂਦਾ ਤਾਂ ਲੋਕੀਂ ਖੜ੍ਹ  ਖੜ੍ਹ ਵੇਖਦੇ ਤੇ ਬੀਬੀ ਹੋਰਾਂ ਦੇ ਬੂਟੀਆਂ ਵਾਲੇ ਸੂਟ ਉੱਤੇ ਸੋਨੇ ਦੇ ਰਾਣੀਹਾਰ ਪਾਏ ਹੁੰਦੇ ਨਵੇਂ ਸੂਟਾਂ ਵਿੱਚ ਫੱਬੀਆਂ ਮਾਮੀਆਂ ਮਾਸੀਆਂ ਜਦੋਂ ਚਾਅ ਵਿਚ ਨੱਚਦੀਆਂ ਦਾ ਵਿਹੜਾ ਪੱਟ ਦਿੰਦੀਆਂ। ਸਭ ਨੂੰ ਆਪਣੇ ਪਹਿਰਾਵੇ ਦਾ ਮਾਣ ਤੇ ਚਾਅ ਹੁੰਦਾ।  

ਫੇਰ ਸਾਡੇ ਦੇਖਦਿਆਂ ਦੇਖਦਿਆਂ ਪਿੰਡਾਂ ਵਿਚ ਕੱਪੜੇ ਸਿਉਣ ਦੇ ਸਿਖਲਾਈ ਸੈਂਟਰ ਖੁੱਲ੍ਹੇ ਜਿੱਥੇ ਸ਼ਹਿਰੋਂ ਆਈਆਂ ਭੈਣਜੀਆਂ ਪਿੰਡਾਂ ਦੀਆਂ ਕੁੜੀਆਂ ਨੂੰ ਨਵੇਂ ਨਵੇਂ ਡਿਜ਼ਾਈਨ ਦੇ ਕੱਪੜੇ ਸਿਉਣੇ ਸਿਖਾਉਂਦੀਆਂ। ਪਤਾ ਨੀ ਇਹਨਾਂ ਦਾ ਨਾਂ ਹੀ ਭੈਣਜੀਆਂ ਹੁੰਦਾ ਸੀ ਪਤਾ ਨੀ ਉਵੇਂ ਹੀ ਇਹਨਾਂ ਨੂੰ ਸਾਰਾ ਪਿੰਡ ਭੈਣਜੀ ਭੈਣਜੀ ਕਹਿੰਦਾ ਸੀ ਭਾਵੇਂ ਕੋਈ ਛੋਟਾ ਹੁੰਦਾ ਭਾਵੇਂ ਕੋਈ ਵੱਡਾ। ਉਦੋਂ ਟੀਵੀ ਵੀ ਨਵੇਂ ਨਵੇਂ ਚੱਲੇ ਸੀ ਉਨ੍ਹਾਂ ਤੋਂ ਦੇਖ ਕੇ ਕੁੜੀਆਂ ਕੱਤਰੀਆਂ ਨਵੇਂ ਨਵੇਂ ਡਿਜ਼ਾਈਨ ਦੇ ਕੱਪੜੇ ਸਿਉਣੇ ਸਿੱਖਦੀਆਂ ਭੂਆ ਹੁਰੀਂ ਤੇ ਉਸਦੀਆਂ ਸਹੇਲੀਆਂ ਚਾਈਂ ਚਾਈਂ ਸਿਖਲਾਈ ਸੈਂਟਰ ਜਾਂਦੀਆਂ। ਉਦੋਂ ਖੁੱਲ੍ਹੇ ਪਹੁੰਚਿਆਂ ਵਾਲੇ ਸੂਟ ਚੱਲੇ ਕਢਾਈ ਆਲੇ ਸੂਟ ਚੱਲੇ, ਘਰਦਿਆਂ ਦੇ ਕੱਪੜੇ ਬੱਚਿਆਂ ਦੇ ਕੱਪੜੇ ਨਵੇਂ ਨਵੇਂ ਡਿਜ਼ਾਈਨ ਦੀਆਂ ਪੈਂਟਾਂ ਬੁਰਸ਼ਟਾਂ ਮਿਲਦੀਆਂ, ਮੋਢੇ ਤੇ ਬੈਂਡਾਂ ਵਾਲੇ ਕੁੜਤਿਆਂ ਦਾ ਵੀ ਰਿਵਾਜ਼ ਵੀ ਚੱਲਿਆ ਤੇ ਫਿਰ ਏਦਾਂ ਦਾ ਬਹੁਤ ਕੁਝ। ਬਾਅਦ ਵਿਚ ਸਮੇਂ ਸਮੇਂ ਨਾਲ ਪਹਿਰਾਵਿਆਂ ਵਿਚ ਫ਼ੈਸ਼ਨ ਦੇ ਹਿਸਾਬ ਨਾਲ ਤਬਦੀਲੀ ਆਉਂਦੀ ਰਹੀ ਨਵੀਆਂ ਗੱਡੀਆਂ ਨਵੇਂ ਪਟੋਲੇ। ਹੁਣ ਤਾਂ ਖ਼ੈਰ ਜ਼ਮਾਨਾ ਬਾਹਲ਼ਾ ਹੀ ਬਦਲ ਗਿਆ ਨਾ ਕੋਈ ਕੱਪੜਿਆਂ ਦਾ ਥੋਹ ਪਤਾ ਰਿਹਾ ਨਾ ਹੁਣ ਕੋਈ ਦਰਜੀਆਂ ਦਾ ਮੂੰਹ ਆ। ਨਿੱਤ ਨਵੇਂ ਰਿਵਾਜ਼ ਜਿਸ ਵਿਚ ਸਾਡਾ ਪੁਰਾਣਾ ਪਹਿਰਾਵਾ ਰੁਲ ਕੇ ਰਹਿ ਗਿਆ। ਹੋਰ ਤਾਂ ਹੋਰ ਬਾਹਲ਼ੇ ਮੁੰਡਿਆਂ ਨੂੰ ਤਾਂ ਹੁਣ ਚਾਦਰਾ ਵੀ ਬੰਨ੍ਹਣਾ ਨਹੀਂ ਆਉਂਦਾ। ਪਿੰਡੋਂ ਕੱਪੜਾ ਸਵਾਉਣ ਦਾ ਤਾਂ ਹੁਣ ਰਿਵਾਜ਼ ਹੀ ਮੁੱਕ ਗਿਆ ਤੇ ਸ਼ਹਿਰ ਵਾਲੇ ਦਰਜੀਆਂ ਦੇ ਨਵੇਂ ਨਵੇਂ ਫ਼ੈਸ਼ਨਾਂ ਦਾ ਐਨਾ ਮੁੱਲ ਆ ਕਿ ਪੁੱਛੋਂ ਨਾ ਕਪੜਾ ਸਸਤਾ ਸਵਾਈ ਮਹਿੰਗੀ ਪਰ ਆਮ ਬੰਦਾ ਫਿਰ ਵੀ ਪਾ ਰਿਹਾ। ਹੁਣ ਨਵੇਂ ਫ਼ੈਸ਼ਨ ਦਾ ਕੋਈ ਅੰਤ ਮੇਚ ਹੈ ਨੀ ਭਾਵੇਂ ਇੱਕ ਪੇਂਟ ਪੰਜ ਸੌ ਦੀ ਲੈ ਲਓ ਭਾਵੇਂ ਪੰਜ ਹਜ਼ਾਰ ਦੀ ਭਾਵੇਂ ਪੰਜਾਹ ਹਜ਼ਾਰ ਦੀ।

ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇੱਕ ਕੁੜੀ ਨੂੰ ਸੂਟ ਉਸਦੀ ਮਾਂ ਦੀ ਵਿਰਾਸਤ ਵਿਚੋਂ ਮਿਲਿਆ ਤੇ ਸਾਨੂੰ ਕੁੜਤਾ ਚਾਦਰਾ ਅਤੇ ਪੱਗ ਆਪਣੇ ਪਿਉ ਦੇ ਸਭਿਆਚਾਰ ’ਚੋਂ। ਫਿਰ ਆਪਣਾ ਆਵਦਾ ਪਹਿਰਾਵਾ ਪਾਉਣ ਵਿਚ ਸ਼ਰਮ ਕਾਹਦੀ। ਉਹ ਕੌਮਾਂ ਜ਼ਿਆਦਾ ਤੇ ਦੇਰ ਤੱਕ ਜਿਉਂਦੀਆਂ ਰਹਿੰਦੀਆਂ ਜੋ ਆਪਣਾ ਸਭਿਆਚਾਰ ਤੇ ਪਹਿਰਾਵਾ ਨਹੀਂ ਭੁੱਲਦੀਆਂ। ਪਹਿਰਾਵਾ ਸਾਡੇ ਸਭਿਆਚਾਰ ਦਾ ਅੰਗ ਆ ਅਸੀਂ ਜਿੱਥੇ ਵੀ ਜਾਈਏ ਇਹ ਸਾਡੇ ਨਾਲ ਨਾਲ ਰਹਿੰਦਾ ਭਾਵੇਂ ਜ਼ਮਾਨਾ ਤੇਜ਼ੀ ਨਾਲ ਬਦਲ ਰਿਹਾ ਪਰ ਸਾਡਾ ਵੀ ਫ਼ਰਜ਼ ਬਣਦਾ ਕਿ ਅਸੀਂ ਆਪਣਾ ਪਹਿਰਾਵਾ ਜਿਉਂਦਾ ਰੱਖੀਏ ਤੇ ਆਪਣੇ ਪਿਉ ਦਾਦਿਆਂ ਦੀ ਵਿਰਾਸਤ ਨੂੰ ਆਪਣੇ ਬੱਚਿਆਂ ਹੱਥ ਫੜਾਈਏ।

ਸੰਪਰਕ: +61 430 850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ