Thu, 18 April 2024
Your Visitor Number :-   6981053
SuhisaverSuhisaver Suhisaver

ਆਜ਼ਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ - ਗੁਰਚਰਨ ਸਿੰਘ ਪੱਖੋਕਲਾਂ

Posted on:- 30-09-2015

suhisaver

ਹੱਲਿਆਂ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ਼ ਦੀ ਆਜ਼ਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜ਼ੁਰਗ ਹੋ ਚੁੱਕੇ ਹਨ, ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿੱਚ ਜਿਹਨਾਂ ਘਰਾਂ ਦੇ ਬਜ਼ੁਰਗਾਂ ਨੇ ਕਹਿਰ ਢਾਏ ਸਨ, ਉਹਨਾਂ ਦੇ ਵਾਰਸ ਅੱਜ ਵੀ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਏ ਬੇਸਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ। ਜਿਹਨਾਂ ਪਰਿਵਾਰਾਂ ਦੇ ਬਜ਼ੁਰਗਾਂ ਨੇ ਉਸ ਕਾਲੇ ਸਮੇਂ ਵਿੱਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ ਉਹਨਾਂ ਪਰਿਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰਕੇ ਮਾਣ ਨਾਲ ਆਪਣੇ ਬਜ਼ੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾਕੇ ਮਾਣ ਮਹਿਸੂਸ ਕਰਦੇ ਹਨ।

ਮੇਰੇ ਪਿੰਡ ਦੇ ਜਿਹਨਾਂ ਪਰਿਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਕੱਲ ਉਹ ਬਹੁਤ ਵਧੀਆ ਹਾਲਤਾਂ ਵਿੱਚ ਇੱਜ਼ਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰਿਵਾਰ ਜਿਹਨਾਂ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ, ਅੱਜ ਕਲ ਤਰਸ ਯੋਗ ਦੁੱਖਾਂ ਵਿੱਚ ਘਿਰੇ ਹੋਏ ਦੇਖਦਾ ਹਾਂ। ਇਸ ਤਰ੍ਹਾਂ ਦੀਆਂ ਕੁਝ ਕਹਾਣੀਆਂ ਸੁਣਾਉਣ ਨੂੰ ਦਿਲ ਭਰ ਆਉਂਦਾ ਹੈ।

ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗਰੀਬ ਮਜ੍ਹਬੀ ਪਰਿਵਾਰ ਬੰਤਾ ਸਿੰਘ ਦੇ ਬਜ਼ੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪਨਾਹਗੀਰਾਂ ਵਿੱਚੋਂ ਇੱਕ ਬਜ਼ੁਰਗ ਨੇ ਉਸ ਘਰ ਦੇ ਮੱਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿੱਚ ਆਪਣੇ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਲਿਆਉਣਾ ਸੰਭਵ ਨਾ ਹੋ ਸਕੇ। ਕੁਝ ਦਿਨ ਛਿਪਣ ਗਾਹ ਛੱਡਣ ਸਮੇਂ ਮੱਦਦਗਾਰਾਂ ਦੇ ਪਰਿਵਾਰ ਨੂੰ ਛੱਡਣ ਸਮੇਂ ਉਹਨਾਂ ਉਹ ਧਨ ਉਸ ਗਰੀਬ ਪਰਿਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ, ਜਿਸ ਨੂੰ ਗਰੀਬ ਪਰਿਵਾਰ ਨੇ ਮੁਫਤ ਵਿੱਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਪਨਾਹਗੀਰ ਪਰਿਵਾਰ ਨੇ ਉਹ ਪੈਸਾ ਕੱਢਕੇ ਉਹਨਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ, ਜੋ ਉਸ ਪਰਿਵਾਰ ਨੇ ਮਨਜ਼ੂਰ ਕਰ ਲਈ। ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰਿਵਾਰ ਵਾਪਸ ਵੀ ਨਾ ਆਏ ਤਦ ਉਹਨਾਂ ਦੇ ਘਰੋਂ ਮਿਲਿਆ ਉਹ ਧਨ ਇਸ ਗਰੀਬ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇਕੇ ਉਸਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ। ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾ ਉੱਜੜੇ ਹੋਏ ਮੁਸਲਮਾਨ ਪਰਿਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦੁਵਾਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ, ਜਿਸ ਨੂੰ ਅੱਜ ਕੱਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ। ਮੱਦਦਗਾਰ ਗਰੀਬ ਪਰਿਵਾਰ ਕਿਰਤ ਅਤੇ ਮਿਹਨਤੀ ਹੋਣ ਕਾਰਨ ਅੱਜ ਕੱਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਿਕ ਬਣਿਆ ਹੋਇਆ ਹੈ।
                         
ਇਸ ਤਰ੍ਹਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜੀ ਦੇ ਨਾਂ ਨਾਲ ਮਸਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ, ਜਿਸਨੇ ਵੀ ਕਈ ਮੁਸਲਮਾਨ ਪਰਿਵਾਰਾਂ ਦੇ  ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ। ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗਰੀਬੀ ਵਾਲੀ ਹਾਲਤ ਵਿੱਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜ਼ੁਰੱਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜ਼ਰੂਰ ਹੀ ਕੋਈ ਰੱਬੀ ਰੂਹ ਸੀ। ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸਨੂੰ ਡਰਾਇਆ ਵੀ ਗਿਆ ਕਿ ਤੂੰ ਤੀਂਵੀਂ ਜਾਤ ਆਪਦਾ ਘਰ ਨਾ ਬਰਬਾਦ ਕਰਵਾ ਲਵੀਂ ਪਰ ਉਸਨੇ ਦਲੇਰੀ ਨਾਲ ਸਭ ਨੂੰ ਜਵਾਬ ਦੇਕੇ ਚੁੱਪ ਕਰਵਾ ਦਿੱਤਾ।

ਜਦ ਕੁਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸ਼ਕਸ਼ ਕੀਤੀ । ਉਹਨਾਂ ਵਕਤਾਂ ਵਿੱਚ ਬਹੁਤ ਸਾਰੇ ਵਿਆਹ ਇਸ ਤਰ੍ਹਾਂ ਹੀ ਕਰ ਲਏ ਜਾਂਦੇ ਸਨ ਕਿਉਂਕਿ ਗਰੀਬੀ ਦੀਆਂ ਹਾਲਤਾਂ ਵਿੱਚ ਰਹਿੰਦੇ ਲੋਕ ਆਪਣੀ ਨਿਉਂ ਜੜ ਰੱਖਣ ਲਈ ਇਸ ਤਰ੍ਹਾਂ ਦੇ ਵਿਆਹ ਕਰਵਾ ਲੈਂਦੇ ਸਨ, ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾ ਮੰਨਿਆਂ ਅਤੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਾਂਗੀ। ਮੇਰੇ ਪਰਿਵਾਰ ਦੇ ਵਿੱਚ ਅੱਜਕੱਲ ਉਹਾਂ ਸਮਿਆ ਤੋਂ ਬਾਅਦ ਗਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿੱਚ ਆਉਣ ਦਾ ਸਫਰ ਤੈਅ ਕੀਤਾ ਹੈ। ਸ਼ਾਇਦ ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ਤੇ ਪਹਿਰਾ ਦਿੰਦਾ ਹੈ ਇੱਕ ਨਾ ਇੱਕ ਦਿਨ ਜ਼ਰੂਰ ਹੀ ਖੁਸ਼ੀਆਂ ਉਸਦੇ ਦਰ ’ਤੇ ਖੜੀਆਂ ਹੋ ਜਾਂਦੀਆਂ ਹਨ।
                          
ਦੂਸਰੇ ਪਾਸੇ ਉਹ ਲੋਕ ਵੀ ਸਨ, ਜਿਹਨਾਂ ਅਮੀਰੀ ਹੰਢਾਉਦਿਆਂ ਅਤੇ ਤਾਕਤ ਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿੱਚ ਹਿੱਸਾ ਲੈਕੇ ਪਾਪ ਕਰਮ ਕੀਤੇ ਸਨ, ਉਹਨਾਂ ਵਿੱਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖਕੇ ਉਹਨਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ। ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰਿਵਾਰ ਦੇ ਬਜ਼ੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿੱਚ ਇਹ ਪਰਿਵਾਰ ਅਤੇ ਕਾਤਲ ਟੋਲਾਂ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆ ਤਦ ਮੇਰੀ ਮਾਂ ਨੇ ਉਹਨਾਂ ਦੇ ਆਗੂ ਨੂੰ ਅੰਦਰ ਬੁਲਾਇਆ ਜੋ ਘੋੜੇ ਤੇ ਅਸਵਾਰ ਹੋਕੇ ਅਗਵਾਈ ਕਰ ਰਿਹਾ ਸੀ। ਮੇਰੀ ਮਾਂ ਨੇ ਆਪਣੇ ਘਰ ਵਿੱਚ ਜ਼ਮੀਨ ਥੱਲੇ ਦਬਾਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸ਼ਵਤ ਦਿੱਤੀ, ਮੁਸਲਮਾਨਾਂ ਨੂੰ ਨਾ ਮਾਰਨ ਦੀ ਸ਼ਰਤ ’ਤੇ। ਉਹ ਜਥੇਦਾਰ ਉਹ ਚਾਂਦੀ ਦੇ ਰੁਪਈਏ ਬੋਝੇ ਪਾਕੇ ਆਪਣੇ ਜਥੇ ਨੂੰ ਇਹ ਕਹਿਕੇ ਲੈ ਗਿਆ ਕਿ ਇਸ ਘਰ ਵਿੱਚ ਤਾਂ ਕੋਈ ਮੁਸਲਮਾਨ ਨਹੀਂ ਹੈ।

ਬਾਅਦ ਵਿੱਚ ਭਾਵੇਂ ਇਹੀ ਜਥੇਦਾਰ ਸਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆ ਸੀ ਅਤੇ ਇਸਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰਿਵਾਰ ਦੇ ਵਰਤਮਾਨ ਬਜ਼ੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਸ ਤਰ੍ਹਾਂ ਹੀ ਇੱਕ ਪਰਿਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੇ ਦੁੱਖ ਭਰੇ ਤਰਸਯੋਗ ਹਾਲਤਾਂ ਦੀ ਗੱਲ ਇੱਕ ਬਜ਼ੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਤਦ ਉਸਨੇ ਦੱਸਿਆ ਕਿ ਹੱਲਿਆਂ ਵਾਲੇ ਸਾਲ ਇਸਦੇ ਬਾਪ ਨੇ ਖੇਤਾਂ ਵਿੱਚੋਂ ਨਿਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ ਵੇ ਨਾ ਮਾਰ, ਵੇ  ਨਾ ਮਾਰ , ਉਸ ਬੱਚੇ ਦੇ ਸਿਰ ਵਿੱਚ ਕੁਹਾੜੀ ਮਾਰਕੇ ਸਿਰ ਦੋਫਾੜ ਕਰ ਦਿੱਤਾ ਸੀ ਅਤੇ ਸ਼ਾਇਦ ਇਹ ਉਸਦੇ ਬਾਪ ਦਾ ਪਾਪ ਹੈੲ, ਜੋ ਉਸਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿੱਚ ਮੌਤ ਹੋ ਰਹੀ ਹੈ।

ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ਼ ਦੀ ਆਜ਼ਾਦੀ ਦਾ ਜਸ਼ਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿਬੜਦਾ ਹੈ। ਮਾਨਵਤਾ ਦਾ ਝੰਡਾ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾ ਛੱਡੇ।

ਸੰਪਰਕ: +91 94177 27245 

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ