Tue, 16 April 2024
Your Visitor Number :-   6976980
SuhisaverSuhisaver Suhisaver

ਸਹਿਣਸ਼ੀਲ ਬਣਨਾ ਪਵੇਗਾ - ਸੰਤੋਖ ਸਿੰਘ ਭਾਣਾ

Posted on:- 28-10-2015

suhisaver

ਤੁਸੀ ਵੇਖਿਆ ਹੋਵੇਗਾ ਕਿ ਜਦੋਂ ਕਿਧਰੇ ਕੋਈ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਹੈ ਜਾਂ ਕੋਈ ਹੋਰ ਸਮਾਜਿਕ ਇਕੱਠ ਤਾਂ ਲੋਕੀਂ ਅੱਡੋ-ਅੱਡ ਢਾਣੀਆਂ `ਚ ਖੜ੍ਹੇ ਹੋ ਕੇ, ਰਾਜਨੀਤਕ ਜਾਂ ਸਮਾਜਿਕ ਸਮੱਸਿਆ ਉੱਤੇ ਗਰਮਾ-ਗਰਮ ਬਹਿਸ ਕਰ ਰਹੇ ਹੁੰਦੇ ਹਨ। ਹਰ ਕੋਈ ਆਪਣੇ ਤਰਕ ਦੇ ਹਿਸਾਬ ਨਾਲ ਆਪਣੀ ਗੱਲ ਮਨਵਾਉਣ ਲਈ ਅੜ੍ਹਿਆ ਹੁੰਦਾ ਹੈ, ਭਾਵੇਂ ਉਹਦੀ ਗੱਲ ਪੂਰੀ ਤਰ੍ਹਾਂ ਗਲਤ ਹੀ ਕਿਉਂ ਨਾ ਹੋਵੇ।

ਦੋ ਸ਼ਬਦ ਹੁੰਦੇ ਹਨ- `ਮੈਂ ` ਅਤੇ ` ਸਨਮਾਨ`।ਹਰਿਕ ਆਦਮੀ `ਚ ਘੁਮੰਡ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਹਰ ਗੱਲੋਂ ਮਹੱਤਵਪੂਰਨ ਸਮਝਦਾ ਹੈ।ਉਹ ਇਸ `ਮੈਂ` ਪ੍ਰਤੀ ਬਹੁਤ ਸਾਵਧਾਨ ਹੁੰਦਾ ਹੈ ਕਿ ਸਾਮਾਜ ਵਿੱਚ ਦੂਸਰਿਆਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਉਹਦੀ `ਮੈਂ` ਨੂੰ ਸੱਟ ਨਾ ਲੱਗੇ।

ਉਹ ਆਪਣੀ ਰਾਇ ਅਤੇ ਆਪਣੇ ਵਿਚਾਰਾਂ ਨੂੰ ਆਖਰੀ ਸੱਚ ਮੰਨ ਲੈਂਦਾ ਹੈ ਅਤੇ ਉਸਨੂੰ ਮਨਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਕਦੇ ਕਦੇ ਇਹ ਛੋਟੀ-ਮੋਟੀ ਗੱਲ ਨਾ ਰਹਿਕੇ ਇੱਜ਼ਤ ਦਾ ਸੁਆਲ ਬਣ ਜਾਂਦੀ ਹੈ। ਹੁਣ ਇਹ ਤੁਹਾਡੇ `ਤੇ ਨਿਰਭਰ ਕਰਦਾ ਹੈ , ਇਹ ਸਮਝਦਿਆਂ ਹੋਇਆਂ ਵੀ ਕਿ ਇਹ ਗਲਤ ਹੈ ਤਾਂ ਤੁਸੀ ਕੀ ਕਰਦੇ ਹੋ।

ਤੁਸੀਂ ਸਾਬਤ ਵੀ ਕਰ ਸਕਦੇ ਹੋ, ਜਿੱਤ ਵੀ ਸਕਦੇ ਹੋ ਪਰ ਇਹ ਗੱਲ ਯਾਦ ਰੱਖੋ ਕਿ ਉਸ ਆਦਮੀ ਨੂੰ ਦੁਸ਼ਮਣ ਨਹੀਂ ਤਾਂ ਆਪਣਾ ਕੱਟੜ ਵਿਰੋਧੀ ਜ਼ਰੁਰ ਬਣਾ ਲਉਗੇ। ਕੀ ਮਿਲਿਆ ਇਸ ਬਹਿਸ `ਚੋਂ? ਕਿਸੇ ਤਰ੍ਹਾਂ ਦਾ ਕੋਈ ਲਾਭ? ਨਹੀਂ ਨਾ। ਤੁਸੀਂ ਬਹਿਸ ਤਾਂ ਜਿੱਤ ਲਈ ਪਰ ਇੱਕ ਦੋਸਤ ਗੁਆ ਲਿਆ, ਜਾਂ ਜੇ ਨਹੀਂ ਵੀ ਸੀ ਤਾਂ, ਤੁਹਾਡੇ ਚੁੱਪ ਰਹਿ ਜਾਣ ਨਾਲ, ਟਾਲਾ ਵੱਟ ਜਾਣ ਨਾਲ ਜਾਂ ਹਾਂ `ਚ ਹਾਂ ਮਿਲਾ ਦੇਣ ਨਾਲ ਬਣ ਵੀ ਸਕਦਾ ਸੀ।

ਇਸ ਤਰ੍ਹਾਂ ਅਸੀ ਪੈਰ-ਪੈਰ `ਤੇ ਆਪਣੇ ਵਿਰੋਧੀ ਬਣਾਉਂਦੇ ਜਾਂਦੇ ਹਾਂ।

ਕਈ ਵੇਰ ਅਸੀਂ ਅਜਿਹੀਆਂ ਗੱਲਾਂ ਉੱਤੇ ਵੀ ਬਹਿਸ ਕਰਨ ਲੱਗ ਪੈਂਦੇ ਹਾਂ, ਜਿਸਦੇ ਵਿਸ਼ੇ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ, ਸਿਰਫ ਸੁਣੀ-ਸੁਣਾਈ ਹੁੰਦੀ ਹੈ।ਪਰ ਅਸੀਂ ਉਸਨੂੰ ਇਸ ਤਰ੍ਹਾਂ ਪੇਸ਼ ਕਰਦੇ ਹਾਂ, ਜਿਵੇਂ ਉਸ ਵਿਸ਼ੇ ਬਾਰੇ ਸਾਨੂੰ ਪੂਰਾ ਗਿਆਨ ਹੋਵੇ। ਇਹਦੇ ਪਿੱਛੇ ਸਾਡੇ ਘੁਮੰਡ ਦੇ ਨਾਲ ਨਾਲ ਸਮਾਜ `ਚ ਸਾਡੇ ਵਡੱਪਣ , ਵਿਦਵਤਾ ਅਤੇ ਮਾਨਤਾ ਦੀ ਇੱਛਾ ਲੁਕੀ ਹੁੰਦੀ ਹੈ। ਜਦਕਿ ਇਸ ਨਾਲ ਅਸੀਂ ਮਾਨਤਾ ਅਤੇ ਪ੍ਰਸਿੱਧੀ ਨਹੀਂ ਬਲਕਿ ਵਿਰੋਧੀ ਵਧਾਉਂਦੇ ਹਾਂ।
    
ਦੂਸਰੇ ਨੂੰ ਤਾਂ ਤੁਸੀ ਚੁੱਪ ਕਰਾ ਦਿੱਤਾ, ਤੁਹਾਨੂੰ ਬਹੁਤ ਚੰਗਾ ਲੱਗਿਆ, ਪਰ ਤੁਸੀਂ ਆਪਣੇ ਸਾਹਮਣੇ ਵਾਲੇ ਦੇ ਸਤਿਕਾਰ ਨੂੰ ਠੇਸ ਪਹੁਚਾਈ ਹੈ, ਉਹਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ ਅਤੇ ਸਾਰਿਆਂ ਦੇ ਸਾਹਮਣੇ ਉਹਨੂੰ ਨੀਵਾਂ ਸਿੱਧ ਕਰ ਦਿੱਤਾ ਹੈ। ਉਹ ਇਹ ਕਦੇ ਨਹੀਂ ਭੁੱਲ ਸਕੇਗਾ।ਕੀ ਇਸ ਤਰ੍ਹਾਂ ਦੀ ਫਿਜੂਲ ਜਿਹੀ ਤਕਰਾਰ ਕਰਕੇ ਸਮਾਜ`ਚ ਤੁਹਾਨੂੰ ਆਦਰ ਮਿਲ ਸਕਦਾ ਹੈ? ਇਸ ਤਰ੍ਹਾਂ ਤਾਂ ਉਲਟਾਂ ਲੋਕੀ ਤੁਹਾਨੂੰ `ਫੁਕਰਾ` ਅਤੇ `ਬੜਬੋਲਾ ` ਕਹਿਕੇ ਤੁਹਾਡੇ ਤੋ ਬਚਣ ਦੀ ਕੋਸ਼ਿਸ਼ ਕਰਨਗੇ।

ਇਹ ਵਾਕ-ਯੁੱਧ ਕਦੇ ਵੀ ਇਨਸਾਨ ਨੂੰ ਸਫਲ ਨਹੀਂ ਹੋਣ ਦਿੰਦਾ ਦੂਸਰਿਆਂ ਨੂੰ ਜਿੱਤ ਜਾਣ ਦਿਓ। ਉਨਾਂ ਦੀ ਪ੍ਰਸੰਸ਼ਾ ਕਰਕੇ, ਚੁੱਪ ਰਹਿਕੇ ਉਨ੍ਹਾਂ ਦੀ `ਮੈਂ` ਨੂੰ ਸੰਤੁਸ਼ਟ ਹੋ ਜਾਣ ਜਿਓ, ਯਕੀਨ ਕਰੋ ਤੁਸੀ ਆਪਣੇ ਮਨੋਰਥ ਨੂੰ ਪ੍ਰਾਪਤ ਕਰ ਲਉਗੇ।

ਜੇਕਰ ਤੁਸੀਂ ਸਮਾਜ `ਚ ਰਹਿੰਦਿਆਂ ਮਿਲ-ਜੁਲ ਕੇ ਚੱਲਣਾ ਚਾਹੁੰਦੇ ਹੋ ਤਾਂ ਸਹਿਣਸ਼ੀਲ ਬਣਨਾ ਪਵੇਗਾ। ਦੂਸਰਿਆਂ ਦੀਆਂ ਕਮੀਆਂ ਜਾਣਦਿਆਂ ਹੋਇਆਂ ਵੀ ਚੁੱਪ ਰਹਿਣਾ ਸਿੱਖੋ। ਕਿਉਂਕਿ ਤੁਸੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਜ਼ੋਰ-ਜ਼ਬਰਦਸਤੀ ਨਾਲ ਨਹੀਂ ਸਮਝਾ ਸਕਦੇ। ਹਾਂ ਜੇ, ਤੁਹਾਡੀ ਸ਼ਰਾਫਤ, ਤੁਹਾਡਾ ਉਨ੍ਹਾਂ ਪ੍ਰਤੀ ਮਿੱਤਰਤਾ ਭਰਿਆ ਰਵੱਈਆ, ਸ਼ਾਇਦ ਉਨ੍ਹਾਂ ਨੂੰ ਬਦਲ ਦੇਵੇ।

ਪਹਿਲਾਂ ਉਨ੍ਹਾਂ ਦੇ ਦਿਲਾਂ `ਚ ਜਗ੍ਹਾ ਬਣਾਉ, ਫਿਰ ਇਹ ਆਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਤੁਹਾਡੀ ਗੱਲ ਉੱਤੇ ਕਦੇ ਵਿਚਾਰ ਕਰ ਲੈਣ।

ਯਕੀਨ ਕਰੋ ਕਿ ਮੂਰਖ ਆਦਮੀ ਹੀ ਆਪਣੀ ਪ੍ਰਸੰਸ਼ਾ ਕਰਦਾ ਹੈ, ਬੁੱਧੀਮਾਨ ਨਹੀਂ। ਡੀਂਗਾਂ ਮਾਰਨ, ਆਪਣੀਆਂ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਦੇ ਗੀਤ ਗਾਉਂਦੇ ਰਹਿਣ, ਹਰ ਵੇਲੇ ਦੂਸਰਿਆਂ ਦੀਆਂ ਕਮੀਆਂ ਗਿਣਦੇ ਰਹਿਣ ਅਤੇ ਆਪਣਿਆਂ ਤੋ ਉੱਚੇ ਲੋਕਾਂ ਦੀ ਚੜ੍ਹਤ ਤੋਂ ਹਰ ਵੇਲੇ ਸੜਦੇ ਰਹਿਣ ਨਾਲ, ਸਿਵਾਏ ਮਾਨਸਿਕ ਤਣਾਅ, ਸਰੀਰਕ ਦੁੱਖ ਅਤੇ ਸਮਾਜਕ ਘ੍ਰਿਣਾ ਦੇ ਕੁਝ ਵੀ ਪੱਲੇ ਨਹੀਂ ਪੈਂਦਾ।

ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ