Sat, 20 April 2024
Your Visitor Number :-   6987037
SuhisaverSuhisaver Suhisaver

ਵਿਸ਼ਵ ਅੰਗਹੀਣ ਦਿਵਸ ’ਤੇ ਤਿਆਗੋ ਤਰਸ ਦੀ ਭਾਵਨਾ -ਗੁਰਪ੍ਰੀਤ ਰੰਗੀਲਪੁਰ

Posted on:- 03-12-2015

suhisaver

ਅੰਗਹੀਣ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ । ਯੂ. ਐੱਨ. ੳ. ਨੇ ਇੱਕ ਰਿਪੋਰਟ ਵਿੱਚ ਦੱਸਿਆ ਕਿ ਦੁਨੀਆਂ ਦਾ 10 ਫੀਸਦ ਹਿੱਸਾ ਅੰਗਹੀਣ ਹਨ । ਉਦੋਂ ਉਹਨਾਂ ਵੱਲੋਂ 1981 ਵਿੱਚ ਅੰਗਹੀਣ ਵਰਗ ਨੂੰ ਐਲਾਨਿਆ ਗਿਆ । ਇਹ ਵਰ੍ਹਾਂ ਅੰਗਹੀਣਾਂ ਦੇ ਬੁਲੰਦ ਹੌਂਸਲੇ ਨੂੰ ਸਮਰਪਤਿ ਸੀ । ਅਪੰਗ ਵਿਅਕਤੀ ਵੀ ਸਮਾਜ ਵਿੱਚ ਉਵੇਂ ਵਿਚਰਨਾ ਲੋਚਦੇ ਹਨ, ਜਿਵੇਂ ਕਿ ਸਧਾਰਨ ਵਿਅਕਤੀ ਚਾਹੁੰਦਾ ਹੈ । ਇਸ ਲਈ ਅੰਗਹੀਣ ਵਿਅਕਤੀਆਂ ਨੂੰ ਸਮਾਜ ਵਿੱਚ ਸੁਰੱਖਿਆ ਦੇਣ ਅਤੇ ਉਹਨਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨ ਲਈ ਪੀ.ਡੀ.ਯੂ.ਡੀ. ਐਕਟ 1995 ਬਣਾਇਆ ਗਿਆ । ਜਿਸ ਅਨੁਸਾਰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਕਾਨੂੰਨ ਦੇ ਅਧਾਰ ’ਤੇ ਹੱਲ ਕੀਤਾ ਜਾਂਦਾ ਹੈ । ਫਿਰ ਉਸ ਐਕਟ ਵਿੱਚ ਸੋਧ ਕਰਕੇ ਸਮਾਨਤਾ ਐਕਟ 2010 ਬਣਾਇਆ ਗਿਆ । ਇਸ ਲਈ 4 ਦਸੰਬਰ ਦਾ ਦਿਨ ਵਿਸ਼ਵ ਅੰਗਹੀਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਅਪਾਹਜਪੁਣਾ ਇੱਕ ਵਿਆਪਕ ਸ਼ਬਦ ਹੈ, ਜੋ ਕਿਸੇ ਵਿਅਕਤੀ ਦੇ ਸਰੀਰਿਕ, ਮਾਨਸਿਕ, ਐਦਰਿਕ ਅਤੇ ਬੌਧਿਕ ਵਿਕਾਸ ਵਿੱਚ ਕਿਸੇ ਪ੍ਰਕਾਰ ਦੀ ਕਮੀ ਦਾ ਲਖਾਇਕ ਹੈ । ਅਪੰਗਤਾ ਕਈ ਕਿਸਮ ਦੀ ਹੋ ਸਕਦੀ ਹੈ । ਸਰੀਰਿਕ ਅਪੰਗਤਾ, ਐਦਰਿਕ ਅਤੇ ਕਾਏ-ਐਦਰਿਕ ਅਪੰਗਤਾ, ਨਿਗਾਹ ਦੀ ਅਪੰਗਤਾ, ਘਰਾਣ ਅਤੇ ਰਸਸੰਵੇਦੀ ਅਪੰਗਤਾ, ਮਾਨਸਿਕ ਅਤੇ ਭਾਵਾਨਾਤਮਿਕ ਅਪੰਗਤਾ ਅਤੇ ਵਿਕਾਸਾਤਮਿਕ ਅਪੰਗਤਾ ।

 ਅਪੰਗਤਾ ਕੋਈ ਵੀ ਹੋਵੇ, ਉਹ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਸਦਾ ਰੁਕਾਵਟ ਪਾਉਂਦੀ ਹੈ । ਉਤੋਂ ਸਥਿਤੀ ਇਹ ਹੈ ਕਿ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚੇ ਹੀ 46% ਕੁਪੋਸ਼ਿਤ ਹਨ ਅਤੇ 49.7% ਅਵਿਕਸਿਤ ਹਨ । ਇਸ ਲਈ ਹਰ ਤਰ੍ਹਾਂ ਦੀ ਅਪੰਗਤਾ ਸਾਡੇ ਲਈ ਬਹੁਤ ਨੁਕਸਾਨਦੇਹ ਹੈ । ਸਾਨੂੰ ਸਭ ਤਰ੍ਹਾਂ ਦੀ ਅਪੰਗਤਾ ਨੂੰ ਖਤਮ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ ।

ਅਪੰਗਤਾ ਦੇ ਕਈ ਕਾਰਨ ਹੋ ਸਕਦੇ ਹਨ । ਜ਼ੱਦੀ, ਵਾਤਾਵਰਨ ਨਾਲ ਸਬੰਧਿਤ, ਮਨੋਵਿਗਿਆਨਿਕ ਜਾਂ ਹਾਦਸੇ । ਅੱਜ ਦਾ ਯੁੱਗ ਵਿਗਿਆਨਿਕ ਯੁੱਗ ਹੈ । ਬਹੁਤ ਸਾਰੀਆਂ ਅਪੰਗਤਾਵਾਂ ਦਾ ਨਵੀਂ ਤਕਨਾਲੌਜ਼ੀ ਕਰਕੇ ਇਲਾਜ਼ ਸੰਭਵ ਹੋ ਗਿਆ ਹੈ । ਨਕਲੀ ਅੰਗ, ਟਰਾਈ ਸਾਈਕਲ, ਵਿਸ਼ੇਸ਼ ਲੋੜਾਂ ਵਾਲੇ ਸਕੂਲ ਆਦਿ ਬਹੁਤ ਕੁਝ ਅਪੰਗਤਾਵਾਂ ਨੂੰ ਕਾਫੀ ਹੱਦ ਤੱਕ ਨਿੰਮੋਝੂਣਾ ਕਰਦੇ ਹਨ । ਦੂਜਾ ਅੰਗਹੀਣਾਂ ਲਈ ਪੈਨਸ਼ਨ, ਬੱਸ ਤੇ ਰੇਲਵੇ ਪਾਸ ਸਹੂਲਤ, ਨੌਕਰੀਆਂ ਵਿੱਚ ਰਾਖਵਾਂਕਰਨ ਆਦਿ ਨੇ ਵੀ ਅਪੰਗ ਵਿਅਕਤੀਆਂ ਦਾ ਮਨੋਬਲ ਉੱਚਾ ਚੁੱਕਣ ਵਿੱਚ ਮਦਦ ਕੀਤੀ ਹੈ । ਇਹ ਸਭ ਗੱਲਾਂ ਕਰਕੇ ਅੰਗਹੀਣਾਂ ਵਿੱਚ ਸਵੈ-ਨਿਰਭਰਤਾ ਵਧੀ ਹੈ ।

ਪਰ ਜਦੋਂ ਵੀ ਅੰਗਹੀਣਾਂ ਨੂੰ ਤਰਸ ਦੀ ਭਾਵਨਾ ਨਾਲ ਵੇਖਿਆ ਜਾਂਦਾ ਹੈ ਤਾਂ ਉਹਨਾਂ ਵਿੱਚ ਮੱਲੋ-ਮੱਲੀ ਹੀਣਭਾਵਨਾ ਆ ਜਾਂਦੀ ਹੈ । ਉਹਨਾਂ ਦਾ ਮਨੋਬਲ ਹੇਠਾਂ ਡਿੱਗ ਜਾਂਦਾ ਹੈ । ਇਸ ਲਈ ਅਪੰਗ ਵਿਅਕਤੀਆਂ ਪ੍ਰਤੀ ਸਾਨੂੰ ਕਦੇ ਵੀ ਤਰਸ ਦੀ ਨਜ਼ਰ ਨਹੀਂ ਰੱਖਣੀ ਚਾਹੀਦੀ । ਬਲਕਿ ਉਹਨਾਂ ਵਿੱਚ ਪ੍ਰਤਿਭਾ ਦੀ ਖੋਜ਼ ਕਰਕੇ ਉਸ ਵਿੱਚ ਹੋਰ ਨਿਖਾਰ ਲਿਆਉਣਾ ਚਾਹੀਦਾ ਹੈ । ਸਾਨੂੰ ਉਹਨਾਂ ਨਾਲ ਸਧਾਰਨ ਵਿਅਕਤੀ ਵਾਲਾ ਵਿਹਾਰ ਹੀ ਕਰਨਾ ਚਾਹੀਦਾ ਹੈ । ਜਦ ਉਹ ਆਪਣੇ-ਆਪ ਨੂੰ ਸਧਾਰਨ ਸਮਝਣਗੇ ਤਾਂ ਉਹਨਾਂ ਨੂੰ ਸਰਵਪੱਖੀ ਵਿਕਾਸ ਕਰਨ ਵਿੱਚ ਸਹਾਇਤਾ ਮਿਲੇਗੀ । ਜੇਕਰ ਅਸੀਂ ਤਰਸ ਦੀ ਭਾਵਨਾ ਦਾ ਤਿਆਗ ਕਰਾਂਗੇ ਅਤੇ ਸਧਾਰਨ ਵਿਅਕਤੀ ਵਾਂਗ ਅਪੰਗ ਵਿਅਕਤੀਆਂ ਨਾਲ ਵਿਹਾਰ ਕਰਾਂਗੇ ਤਾਂ ਇਸ ਵਾਰ ਵਿਸ਼ਵ ਅੰਗਹੀਣ ਦਿਵਸ ਮਨਾਉਣਾ ਸਾਰਥਿਕ ਹੋਵੇਗਾ।

ਅੰਤ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਅਪੰਗਤਾ ਵਿਅਕਤੀ ਦੀ ਕੋਈ ਸਰੀਰਿਕ, ਮਾਨਸਿਕ, ਭਾਵਾਨਾਤਮਿਕ, ਜਾਂ ਵਿਕਾਸਾਤਮਿਕ ਕਮੀ ਹੈ । ਇਹ ਕਿਸੇ ਤਰ੍ਹਾਂ ਦੀ ਵੀ ਹੋਵੇ, ਸਾਡੇ ਲਈ ਇਸਦਾ ਇਲਾਜ਼ ਕਰਨਾ ਬਹੁਤ ਜ਼ਰੂਰੀ ਹੈ । ਭਾਵੇਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾ ਕੇ ਅੰਗਹੀਣਾਂ ਨੂੰ ਆਪਣੇ-ਆਪ ਨੂੰ ਵਿਕਸਿਤ ਕਰਨ ਦਾ ਮੋਕਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੰਗਹੀਣਾਂ ਨੂੰ ਤਰਸ ਦੇ ਅਧਾਰ ਤੇ ਵੇਖਣ ਦੀ ਥਾਂ, ਉਹਨਾਂ ਦੀਆਂ ਪ੍ਰਤਿਭਾਵਾਂ ਦੀ ਖੋਜ਼ ਕਰਕੇ ਉਹਨਾਂ ਨੂੰ ਹੋਰ ਨਿਖਾਰਨ ਦਾ ਯਤਨ ਕਰੀਏ । ਸਾਨੂੰ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ । ਉਹਨਾਂ ਨੂੰ ਸਧਾਰਨ ਵਿਅਕਤੀਆਂ ਵਾਂਗ ਹੀ ਮਿਲਣਾ ਚਾਹੀਦਾ ਹੈ । ਇਸ ਤਰ੍ਹਾਂ ਹੀ ਉਹ ਆਪਣਾ ਸਰਵ-ਪੱਖੀ ਵਿਕਾਸ ਕਰਨ ਵਿੱਚ ਸਹਾਈ ਹੋਣਗੇ ।

ਸੰਪਰਕ: +91 9855 207071

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ